ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸੌ ਬੀਮਾਰੀਆਂ ਦੀ ਮਾਂ-'ਕਬਜ਼' ਤੇ ਇਸ ਤੋਂ ਦੂਰ ਰਹਿਣ ਦੇ ਉਪਾਅ


ਕਬਜ਼ ਆਪਣੇ-ਆਪ ਵਿਚ ਕੋਈ ਬੀਮਾਰੀ ਨਹੀਂ ਹੈ ਪਰ ਇਹ ਬਹੁਤ ਸਾਰੀਆਂ ਬੀਮਾਰੀਆਂ ਨੂੰ ਜਨਮ ਦੇਂਦੀ ਹੈ। ਏਸੇ ਲਈ ਇਸ ਨੂੰ 'ਕਈ ਬੀਮਾਰੀਆਂ ਦੀ ਜੜ੍ਹ' ਜਾਂ 'ਸੌ ਬੀਮਾਰੀਆਂ ਦੀ ਮਾਂ' ਵੀ ਕਿਹਾ ਜਾਂਦਾ ਹੈ। ਡਾਕਟਰ ਇਸ ਨੂੰ ਬੀਮਾਰੀ ਨਹੀਂ ਗਿਣਦੇ, ਪ੍ਰੰਤੂ ਆਉਣ ਵਾਲੀਆਂ ਸੰਭਾਵੀ-ਬੀਮਾਰੀਆਂ ਦਾ ਲੱਛਣ ਜ਼ਰੂਰ ਕਰਾਰ ਦਿੰਦੇ ਹਨ। ਇਸ ਦੀਆਂ ਕਈ ਨਿਸ਼ਾਨੀਆਂ (Symptoms) ਤੇ ਪੜਾਅ (Stages) ਹਨ। ਮੁੱਢਲੇ ਤੌਰ 'ਤੇ ਇਹ ਸਰੀਰ ਵਿਚ 'ਮਲ' (Stools) ਦਾ ਸਖ਼ਤ ਹੋਣਾ ਤੇ ਇਹ ਜ਼ੋਰ ਲਗਾਉਣ ਨਾਲ ਆਉਣਾ ਅਤੇ ਨਿਯਮਤ ਤੌਰ 'ਤੇ ਸਰੀਰ ਵਿਚੋਂ ਖਾਰਜ ਨਾ ਹੋਣਾ ਹੈ। ਇਸ ਤੋਂ ਅਗਲੇ ਪੜਾਅ ਵਿਚ ਪੇਟ ਵਿਚ ਗੈਸ ਹੋਣਾ, ਪੇਟ ਦਰਦ, ਸਿਰ ਦਰਦ, ਲੱਕ ਦਰਦ, ਪਖਾਨੇ ਵਾਲੀ ਥਾਂ (ਗੁਦਾ) ਵਿਚ ਦਰਦ, ਪੇਟ ਵਿਚ ਤਿਜ਼ਾਬੀ ਮਾਦੇ ਦਾ  ਵੱਧਣ (Acidity) ਤੇ ਅਲਸਰ (Alcer) ਆਦਿ ਨੂੰ ਜਨਮ ਦੇ ਸਕਦੀ ਹੈ। ਤੀਸਰੇ ਪੜਾਅ ਵਿਚ ਇਹ ਬਹੁਤ ਜ਼ਿਆਦਾ ਹੋ ਜਾਣ ਦੀ ਹਾਲਤ ਵਿਚ ਵੱਡੀ-ਅੰਤੜੀ ਦੇ ਕੁੱਝ ਹਿੱਸੇ ਦਾ ਗੁਦਾ ਤੋਂ ਬਾਹਰ ਆਉਣਾ ਅਤੇ ਗੁਦਾ ਦੀ ਨਰਮ ਚਮੜੀ ਦਾ ਫਟਣਾ ਤੇ ਇਸ ਨਾਲ ਖੂਨ ਆਉਣਾ ਵੀ ਹੋ ਸਕਦਾ ਹੈ। ਇਨ੍ਹਾਂ ਹਾਲਤਾਂ ਵਿਚ ਤਾਂ ਅਪਰੇਸ਼ਨ ਦੀ ਵੀ ਜ਼ਰੂਰਤ ਪੈ ਸਕਦੀ ਹੈ। ਫੇਰ ਓਹੜ-ਪੋਹੜ ਕੰਮ ਨਹੀਂ ਕਰਦੇ। ਦਰਅਸਲ, ਕਬਜ਼ ਹੋ ਜਾਣ 'ਤੇ ਵੱਡੀ-ਅੰਤੜੀ ਵਿਚ ਫੋਕਟ-ਪਦਾਰਥ (Waste Material) ਬਹੁਤ ਹੀ ਹੌਲੀ-ਹੌਲੀ ਅੱਗੇ ਨੂੰ ਸਰਕਦਾ ਹੈ। ਸਰੀਰ ਇਸ ਵਿਚੋਂ ਪਾਣੀ ਨੂੰ ਜਜ਼ਬ ਕਰੀ ਜਾਂਦਾ ਹੈ ਤੇ ਇਹ ਹੋਰ ਵੀ ਸਖ਼ਤ ਹੋਈ ਜਾਂਦਾ ਹੈ। ਨਤੀਜੇ ਵਜੋਂ ਇਸ ਨੂੰ ਸਰੀਰ ਵਿਚੋਂ ਬਾਹਰ ਕੱਢਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ ਤੇ ਪਿੱਠ ਵਿਚ ਦਰਦ ਮਹਿਸੂਸ ਹੁੰਦੀ ਹੈ। ਆਮ ਤੋਰ 'ਤੇ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਨੂੰ ਕਬਜ਼ ਜਲਦੀ ਤੇ ਵਧੇਰੇ ਹੁੰਦੀ ਹੈ। ਇਸ ਦੇ ਕਾਰਨਾਂ ਬਾਰੇ ਅੱਗੇ ਜਾ ਕੇ ਕੁਝ ਵਿਸਥਾਰ ਵਿਚ ਵੀ ਜਾਵਾਂਗੇ।
ਕਈ ਲੋਕਾਂ ਨੂੰ ਜੇ ਇਕ ਜਾਂ ਦੋ ਦਿਨ ਹਾਜਤ ਮਹਿਸੂਸ ਨਾ ਹੋਵੇ ਤਾਂ ਉਹ ਇਹ ਸਮਝਦੇ ਹਨ ਕਿ ਉਨ੍ਹਾਂ ਨੂੰ ਕਬਜ਼ ਹੋ ਗਈ ਹੈ, ਜਦ ਕਿ ਡਾਕਟਰ ਇਸ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਅਨੁਸਾਰ ਜੇ ਹਫ਼ਤੇ ਵਿਚ ਦੋ ਵਾਰੀ ਵੀ ਇਹ ਹਾਜਤ ਹੋ ਜਾਂਦੀ ਹੈ ਤਾਂ ਫ਼ਿਕਰ ਵਾਰੀ ਕੋਈ ਗੱਲ ਨਹੀਂ ਹੈ। ਇਸ ਨੂੰ ਕਬਜ਼ ਵਾਲੀ ਹਾਲਤ ਨਹੀਂ ਸਮਝਣਾ ਚਾਹੀਦਾ। ਇਨ੍ਹਾਂ ਦੇਸ਼ਾਂ ਵਿਚ ਉਂਜ ਵੀ ਡਾਕਟਰ ਥੋੜ੍ਹੇ ਕੀਤਿਆਂ ਕੋਈ ਵੀ ਇਲਾਜ ਛੇਤੀ ਸ਼ੁਰੂ ਨਹੀਂ ਕਰਦੇ। ਉਹ ਮਰਜ਼ ਦੇ ਆਪਣੇ ਆਪ ਠੀਕ ਹੋਣ ਜਾਂ ਇਸ ਦੇ ਹੋਰ ਵੱਧਣ ਦੀ ਇੰਤਜ਼ਾਰ ਕਰਦੇ ਹਨ। ਬੱਚਿਆਂ ਵਿਚ ਜਿੰਨਾਂ ਚਿਰ ਉਹ ਆਪਣੀ ਮਾਂ ਦਾ ਦੁੱਧ ਲੈਂਦੇ ਹਨ, ਪਖਾਨੇ ਦੀ ਇਹ ਹਾਜਤ ਦਿਨ ਵਿਚ ਪੰਜ ਵਾਰੀ, ਪੰਜੀਂ-ਦਿਨੀਂ ਜਾਂ ਇਸ ਤੋਂ ਵੱਧ ਵੀ ਹੋ ਸਕਦੀ ਹੈ । ਉਨ੍ਹਾਂ ਦੀ ਹਾਜਤ ਦੀ ਵਾਧ-ਘਾਟ ਹੋਰ ਕਈ ਕਾਰਨਾਂ ਦੇ ਨਾਲ ਨਾਲ ਮਾਂ ਦੀ ਖੁਰਾਕ 'ਤੇ ਵੀ ਬਹੁਤ ਨਿਰਭਰ ਕਰਦੀ ਹੈ। ਜੇ ਉਹ ਸਖ਼ਤ ਭਾਵ ਛੇਤੀ ਨਾ ਪਚਣ ਵਾਲਾ ਭੋਜਨ ਖਾਏਗੀ ਤਾਂ ਬੱਚੇ ਨੂੰ ਕਬਜ਼ ਜਲਦੀ ਹੋ ਜਾਏਗੀ। ਇਸ ਲਈ ਉਸ ਨੂੰ ਇਸ ਨਾਜ਼ੁਕ ਸਮੇਂ ਆਪਣੀ ਖੁਰਾਕ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਬੱਚੇ ਨੂੰ ਜ਼ਿਆਦਾ ਮੁਸ਼ਕਲ ਪੇਸ਼ ਨਾ ਆਏ।
ਸਾਡਾ ਖਾਧਾ ਹੋਇਆ ਭੋਜਨ ਜਦੋਂ ਪੇਟ 'ਚ ਦੋ ਕੁ ਘੰਟੇ ਰਹਿਣ ਤੋਂ ਬਾਅਦ ਅੱਗੇ ਜਾਂਦਾ ਹੈ ਤਾਂ ਇਹ ਅੱਧ-ਪਚੱਧਾ ਹੀ ਪਚਿਆ ਹੁੰਦਾ ਹੈ। ਸਾਡਾ ਸਰੀਰ ਇਸ ਵਿਚੋਂ ਬਹੁਤ ਸਾਰੇ ਲੋੜੀਂਦੇ ਤੱਤ ਜੋ ਤਰਲ ਹਾਲਤ ਵਿਚ ਹੁੰਦੇ ਹਨ, ਨੂੰ ਜਜ਼ਬ ਕਰੀ ਜਾਂਦਾ ਹੈ। ਜਿਵੇਂ ਜਿਵੇਂ ਇਹ ਭੋਜਨ ਵੱਡੀ-ਅੰਤੜੀ ਰਾਹੀਂ ਹੇਠਾਂ ਨੂੰ ਤੁਰਦਾ ਜਾਂਦਾ ਹੈ, ਇਸ ਵਿਚੋਂ ਪਾਣੀ ਦੀ ਮਾਤਰਾ ਘਟਦੀ ਜਾਂਦੀ ਹੈ ਤੇ ਇਹ ਸਖ਼ਤ ਹੋਈ ਜਾਂਦਾ ਹੈ। ਵੱਡੀ-ਅੰਤੜੀ ਵਿਚ ਇਹ ਜਿੰਨਾ ਚਿਰ ਵਧੀਕ ਰਹੇਗਾ, ਓਨਾ ਹੀ ਵਧੇਰੇ ਸਖ਼ਤ ਹੁੰਦਾ ਜਾਏਗਾ। ਅੰਤ ਵਿਚ ਇਹ ਸਖ਼ਤ ਫੋਕਟ-ਪਦਾਰਥ ਹਾਜਤ ਹੋਣ 'ਤੇ ਗੁਦਾ ਰਾਹੀਂ ਬਾਹਰ ਚਲਾ ਜਾਂਦਾ ਹੈ। ਕੁਦਰਤ ਨੇ ਇਹ ਸਿਲਸਿਲਾ ਅਜਿਹਾ ਬਣਾ ਛੱਡਿਆ ਹੈ ਕਿ ਆਮ ਤੌਰ 'ਤੇ  ਤੰਦਰੁਸਤ ਮਨੁੱਖ ਨੂੰ ਆਮ ਹਾਲਤਾਂ ਵਿਚ ਦਿਨ ਵਿਚ ਇਕ ਜਾਂ ਦੋ ਵਾਰ ਪਖਾਨੇ ਜਾਣ ਦੀ  ਜ਼ਰੂਰਤ ਪੈ ਹੀ ਜਾਂਦੀ ਹੈ।
ਕਬਜ਼ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਵਿਚੋਂ ਮੁੱਖ ਕਾਰਨ ਪਾਣੀ ਦਾ ਘੱਟ ਸੇਵਨ ਕਰਨਾ ਹੈ। ਡਾਕਟਰਾਂ ਅਨੁਸਾਰ ਮਨੁੱਖ ਨੂੰ ਦਿਨ ਵਿਚ ਘੱਟੋ-ਘੱਟ 8-10 ਵੱਡੇ ਗਲਾਸ ਭਾਵ 4 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਤੇ ਅਸੀਂ ਇਸ ਤੋਂ ਅੱਧਾ ਹੀ ਮਸੀਂ ਪੀਦੇ ਹਾਂ। ਸਰਦੀਆਂ ਵਿਚ ਇਹ ਮਾਤਰਾ ਹੋਰ ਵੀ ਘਟ ਜਾਂਦੀ ਹੈ। ਕਈ ਵਾਰੀ ਅਸੀਂ ਚਾਹ ਨਾਲ ਹੀ ਰੋਟੀ ਖਾ ਲੈਂਦੇ ਹਾਂ ਜਾਂ ਸਵੇਰੇ ਬਰੇਕ-ਫਾਸਟ ਨਾਲ ਦੁੱਧ ਜਾਂ ਜੂਸ ਲੈ ਲੈਂਦੇ ਹਾਂ ਤੇ ਪਾਣੀ ਪੀਣ ਦੀ ਘਸਾਈ ਮਾਰ ਜਾਂਦੇ ਹਾਂ। ਸਾਰੇ ਦਿਨ 'ਚ ਵੀ ਲੋੜ ਅਨੁਸਾਰ ਪਾਣੀ ਨਹੀਂ ਪੀਂਦੇ। ਇਹੀ ਕਬਜ਼ ਦਾ ਮੁੱਖ ਕਾਰਨ ਹੋ ਨਿਬੜਦਾ ਹੈ। ਹੋਰ ਕਾਰਨਾਂ ਵਿਚ ਖੁਰਾਕ ਵਿਚ ਰੇਸ਼ੇਦਾਰ-ਪਦਾਰਥਾਂ ਦੀ ਕਮੀ, ਲੋਹ-ਕਣਾਂ, ਤਾਂਬਾ, ਸਿੱਕਾ ਤੇ ਹੋਰ ਭਾਰੀ ਧਾਤਾਂ ਨਾਲ ਭਰਪੂਰ ਖੁਰਾਕ ਦਾ ਸੇਵਨ ਕਰਨਾ ਜੋ ਛੇਤੀ ਨਹੀਂ ਪਚਦੀ, ਰੋਜ਼ਾਨਾ ਸੈਰ ਤੇ ਲੋੜੀਂਦੀ ਵਰਜਿਸ਼ ਦੀ ਘਾਟ, ਹਾਜਤ ਹੋਣ 'ਤੇ ਵੀ ਪਖਾਨੇ ਨਾ ਜਾਣਾ ਭਾਵ ਇਸ ਨੂੰ ਜਾਣ-ਬੁੱਝ ਕੇ ਅੱਗੇ ਪਾਉਣਾ, ਕਈ ਕਿਸਮ ਦੀਆਂ ਦਵਾਈਆਂ ਖਾਸ ਤੌਰ 'ਤੇ ਡਿਪਰੈੱਸ਼ਨ ਦੂਰ ਕਰਨ ਵਾਲੀਆਂ ਦੀ ਵਰਤੋਂ, ਆਦਿ ਸ਼ਾਮਲ ਹਨ। ਇਹ ਅਕਸਰ ਹੀ ਵੇਖਣ ਵਿਚ ਆਉਂਂਦਾ ਹੈ ਕਿ ਮਰੀਜ਼ ਜਿਸ ਦੀ ਕਿਸੇ ਤਰ੍ਹਾਂ ਦੀ ਸਰਜਰੀ ਹੋਈ ਹੋਵੇ, ਨੂੰ ਆਮ ਤੌਰ 'ਤੇ  ਹੀ ਕਬਜ਼ ਹੋ ਜਾਂਦੀ ਹੈ ਤੇ ਡਾਕਟਰ ਉਸ ਨੂੰ ਕਬਜ਼ ਹਟਾਉਣ ਵਾਲੀ ਦਵਾਈ ਦਿੰਦੇ ਹਨ। ਇਸ ਦਾ ਕਾਰਨ ਅਪਰੇਸ਼ਨ ਕਰਨ ਤੋਂ ਪਹਿਲਾਂ ਮਰੀਜ਼ ਨੂੰ ਬੇਹੋਸ਼ ਕਰਨ ਲਈ ਦਿੱਤੀ ਗਈ ਦਵਾਈ 'ਐਨਸਥੀਸ਼ੀਆ' (1nesthesia) ਹੁੰਦਾ ਹੈ। ਇੰਜ ਹੀ ਗਰਭਵਤੀ ਔਰਤਾਂ ਨੂੰ ਅਕਸਰ ਹੀ ਕਬਜ਼ ਹੋ ਜਾਂਦੀ ਹੈ ਜਿਸ ਦਾ ਕਾਰਨ ਬੱਚੇਦਾਨੀ ਦਾ ਵੱਡੀ-ਅੰਤੜੀ 'ਤੇ ਭਾਰ ਪੈਣਾ ਮੰਨਿਆ ਜਾਂਦਾ ਹੈ। ਲੇਡੀ-ਡਾਕਟਰਾਂ ਇਸ ਹਾਲਤ ਵਿਚ ਕਬਜ਼ ਹਟਾਉਣ ਵਾਲੀਆਂ ਦਵਾਈਆਂ ਵਰਤਣ ਦੀ ਸਲਾਹ ਦੇਂਦੀਆਂ ਹਨ। ਬੱਚੇ ਜਦੋਂ ਮਾਂ ਦੇ ਦੁੱਧ ਦੇ ਨਾਲ ਨਾਲ ਅੱਜਕਲ੍ਹ ਵੱਖ-ਵੱਖ ਫਾਰਮੂਲਿਆਂ ਵਾਲਾ ਦੁੱਧ ਪੀਣਾ ਸ਼ੁਰੂ ਕਰਦੇ ਹਨ ਜਾਂ ਠੋਸ ਭੋਜਨ ਲੈਣਾ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਨੂੰ ਆਮ ਤੌਰ 'ਤੇ ਹੀ ਕਬਜ਼ ਦੀ ਸ਼ਿਕਾਇਤ ਹੋ ਜਾਂਦੀ ਹੈ ਤੇ ਕਈ ਵਾਰੀ ਇਹ ਏਨੀ ਜ਼ਿਆਦਾ ਹੋ ਜਾਂਦੀ ਹੈ ਕਿ ਉਨ੍ਹਾਂ ਨੂੰ ਡਾਕਟਰਾਂ ਕੋਲ ਲੈ ਕੇ ਜਾਣਾ ਪੈਂਦਾ ਹੈ। ਕਬਜ਼ ਦੂਰ ਕਰਨ ਲਈ 'ਮੈਗਨੀਸ਼ੀਆ-ਮਿਲਕ' ਸਮੇਤ ਹੋਰ ਡਾਕਟਰੀ ਦਵਾਈਆਂ ਦੇਣ ਦੇ ਨਾਲ ਨਾਲ ਕਈ ਵਾਰੀ ਸਿਆਣੀਆਂ ਔਰਤਾਂ ਰੂੰ ਦਾ ਤੂੰਬਾ ਸਰੋਂ ਜਾਂ ਤੋਰੀਏ ਦੇ ਤੇਲ ਵਿਚ ਭਿਉਂ ਕੇ ਬੱਚਿਆਂ ਦੀ ਗੁਦਾ ਵਿਚ ਰੱਖਦੀਆਂ ਹਨ ਤਾਂ ਜੋ ਉਨ੍ਹਾਂ ਦੀ ਪੌਟੀ ਤਿਲਕ ਕੇ ਆਸਾਨੀ ਨਾਲ ਬਾਹਰ ਆ ਜਾਵੇ ਤੇ ਉਨ੍ਹਾਂ ਦਾ ਇਹ 'ਦੇਸੀ ਫਾਰਮੂਲਾ' ਬੱੱਚਿਆਂ ਲਈ ਬੜਾਂ ਲਾਭਦਾਇਕ ਸਿੱਧ ਹੁੰਦਾ ਹੈ।
ਕਬਜ਼ ਤੋਂ ਦੂਰ ਰਹਿਣ ਲਈ 'ਇਲਾਜ ਨਾਲੋਂ ਪ੍ਰਹੇਜ਼ ਚੰਗਾ' ਵਾਲੀ ਕਹਾਵਤ ਬੜੀ ਲਾਭਦਾਇਕ ਸਿੱਧ ਹੁੰਦੀ ਹੈ। ਕਿਉਂਕਿ ਮੁੱਢਲੇ ਰੂਪ ਵਿਚ ਇਹ ਕੋਈ ਬੀਮਾਰੀ ਨਹੀਂ ਹੈ। ਇਸ ਲਈ ਕੁਝ ਕੁ ਪ੍ਰਹੇਜ਼ ਕਰਨ ਨਾਲ ਜੇ ਇਸ ਤੋਂ ਦੂਰ ਰਿਹਾ ਜਾ ਸਕੇ ਤਾਂ ਬੜੀ ਵਧੀਆ ਗੱਲ ਹੈ। ਇਨ੍ਹਾਂ ਵਿਚ ਸੱਭ ਤੋਂ ਵੱਡਾ ਪ੍ਰਹੇਜ਼ ਵੱਧ ਤੋਂ ਵੱਧ ਪਾਣੀ ਪੀਣਾ ਹੀ ਹੈ। ਜਿਵੇਂ ਉੱਪਰ ਦੱਸਿਆ ਗਿਆ ਹੈ ਕਿ ਘੱਟੋ ਘੱਟ 8-10 ਵੱਡੇ ਗਲਾਸ ਜਾਂ ਜੇ ਹੋ ਸਕੇ ਤਾਂ ਇਸ ਤੋਂ ਵੀ ਵੱਧ ਪਾਣੀ ਪੀਤਾ ਜਾਵੇ। ਇਸ ਨਾਲ ਸਾਡੇ ਸਰੀਰ ਦੀ ਇਕ ਤਰ੍ਹਾਂ ਫਲੱਸ਼-ਕਿਰਿਆ (6lushing) ਹੁੰਦੀ ਰਹਿੰਦੀ ਹੈ। ਵਾਧੂ ਮਲ-ਮੂਤਰ ਸਰੀਰ ਵਿਚੋਂ ਖਾਰਜ ਹੋ ਜਾਂਦਾ ਹੈ। ਪੇਟ ਅਤੇ ਕਿਡਨੀਆਂ ਦੀ ਸਫ਼ਾਈ ਹੁੰਦੀ ਹੈ। ਸਰੀਰ ਹਲਕਾ-ਫੁਲਕਾ ਮਹਿਸੂਸ ਹੁੰਦਾ ਹੈ। ਪੇਟ ਦਰਦ, ਸਿਰ ਦਰਦ, ਆਦਿ ਤੋਂ ਛੁਟਕਾਰਾ ਮਿਲਦਾ ਹੈ। ਆਪਣੇ ਭੋਜਨ ਵਿਚ ਰੇਸ਼ੇਦਾਰ ਪਦਾਰਥ ਵੱਧ ਤੋਂ ਵੱਧ ਮਾਤਰਾ ਵਿਚ ਸ਼ਾਮਲ ਕਰਨੇ ਚਾਹੀਦੇ ਹਨ, ਜਿਨ੍ਹਾਂ ਵਿਚ ਫਲ ਤੇ ਹਰੀਆਂ ਸਬਜ਼ੀਆਂ ਜਿਵੇ ਸੇਬ ਛਿਲਕੇ ਸਮੇਤ, ਨਾਸ਼ਪਾਤੀ, ਕੇਲਾ, ਗਾਜਰ, ਮੂਲੀ, ਲੈਟਿਸ, ਬਰੌਕਲੀ, ਬੰਦ-ਗੋਭੀ, ਆਦਿ ਜ਼ਰੂਰ ਹੋਣ। ਵਰਜਿਸ਼ ਤੇ ਸੈਰ ਨਿੱਤਨੇਮ ਨਾਲ ਕਰਨੀ ਚਾਹੀਦੀ ਹੈ। ਹਰ ਸਮੇਂ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਚੰਗੇ-ਵਿਚਾਰ ਮਨ ਵਿਚ ਲਿਆÀੇਣੇ ਚਾਹੀਦੇ ਹਨ। ਇਨ੍ਹਾਂ ਪ੍ਰਹੇਜਾਂ ਤੇ ਰੇਸ਼ੇਦਾਰ ਖੁਰਾਕ ਦੇ ਸੇਵਨ ਨਾਲ ਨਾਲ ਹੋ ਸਕਦਾ ਕਿ ਸਾਡਾ ਸਰੀਰ ਕਬਜ਼ ਤੋਂ ਦੂਰ ਹੀ ਰਹੇ। ਪਰ ਫਿਰ ਵੀ ਜੇ ਇਹ ਹੋ ਜਾਂਦੀ ਹੈ ਅਤੇ ਇਹ ਦੂਸਰੇ ਜਾਂ ਤੀਸਰੇ ਪੜਾਅ ਤੀਕ ਪਹੁੰਚ ਜਾਂਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਤੇ ਇਸ ਦਾ ਯੋਗ ਇਲਾਜ ਕਰਾਉਣਾ ਚਾਹੀਦਾ ਹੈ।
ਡਾ. ਸੁਖਦੇਵ ਸਿੰਘ ਝੰਡ
647-864-9128