ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਵਾਹੁ ਵਾਹੁ ਬਾਣੀ ਨਿਰੰਕਾਰ ਹੈ


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖਤਾ ਨੂੰ ਸੁਚੱਜਾ ਜੀਵਨ ਜਿਊਣ ਲਈ ਸਹੀ ਅਤੇ ਪੂਰਨ ਅਗਵਾਈ ਬਖਸ਼ਦੀ ਹੈ। ਗੁਰਬਾਣੀ ਦਾ ਹਰ ਅੱਖਰ, ਹਰ ਸ਼ਬਦ, ਹਰ ਤੁਕ ਅਤੇ ਵਾਕ, ਸਾਡੇ ਜੀਵਨ ਲਈ ਪ੍ਰੇਰਣਾ-ਸਰੋਤ ਦਾ ਬਹੁਤ ਵੱਡਾ ਖਜ਼ਾਨਾ ਹੈ। ਅੱਖਰ-ਅੱਖਰ ਅਮੁੱਲ ਹੈ, ਇਸ ਲਈ ਸਾਨੂੰ ਇਸ ਦੀ ਆਪਣੇ ਜੀਵਨ ਵਿਚ ਕਮਾਈ ਕਰਨੀ ਚਾਹੀਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਬਦ (ਗੁਰਬਾਣੀ) ਨਿਰੰਕਾਰ ਦੇ ਬੋਲ ਹਨ, ਬਾਣੀ ਨਿਰੰਕਾਰ ਦਾ ਹੀ ਰੂਪ ਹੈ ਜਿਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ :
ਵਾਹੁ ਵਾਹੁ ਬਾਣੀ ਨਿਰੰਕਾਰ ਹੈ
ਤਿਸੁ ਜੇਵਡੁ ਅਵਰੁ ਨ ਕੋਇ£
(ਮ: 3, 515)
ਸਤਿਗੁਰੂ ਨਾਨਕ ਦੇਵ ਜੀ ਪਾਤਸ਼ਾਹ ਅਨੁਸਾਰ ਇਹ ਬਾਣੀ ਖਸਮ ਦੀ ਬਾਣੀ ਹੈ :
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ£
(ਤਿਲੰਗ, ਮਹਲਾ 1, 722)
ਧੰਨ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਪਾਵਨ ਬਚਨਾਂ ਵਿਚ ਗੁਰਬਾਣੀ ਨੂੰ, ਗੁਰੂ ਦੇ ਬਚਨਾਂ ਨੂੰ, ਗਿਆਨ ਦਾ ਚਾਨਣ ਦੱਸਦੇ ਹਨ, ਜੋ ਕਿ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਮਨ ਵਿਚ ਆ ਵੱਸਦੀ ਹੈ :
ਗੁਰਬਾਣੀ ਇਸੁ ਜਗ ਮਹਿ ਚਾਨਣੁ
ਕਰਮਿ ਵਸੈ ਮਨਿ ਆਏ£
(ਸਿਰੀ ਰਾਗੁ, ਮ: 3, 67)
ਸਤਿਗੁਰੂ ਅਰਜਨ ਦੇਵ ਜੀ ਦੇ ਅਨੁਸਾਰ ਇਹ ਧੁਰ ਕੀ ਬਾਣੀ ਹੈ, ਜਿਹੜੀ ਕਿ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਦੀ ਹੈ :
ਧੁਰ ਕੀ ਬਾਣੀ ਆਈ£
ਤਿਨਿ ਸਗਲੀ ਚਿੰਤ ਮਿਟਾਈ£
(ਮਹਲਾ 5, 628)
ਸ਼ਬਦ ਹੀ ਹੈ ਜੋ ਸਾਨੂੰ ਸੰਸਾਰ, ਭਵ-ਸਾਗਰ ਤੋਂ ਪਾਰ ਕਰ ਸਕਦਾ ਹੈ। ਸ਼ਬਦ ਦੁਆਰਾ ਹੀ ਮਨੁੱਖ ਪ੍ਰਭੂ ਨਾਲ ਜੁੜਦਾ ਹੈ ਤੇ ਆਪਣਾ ਜੀਵਨ ਸਫਲ ਕਰ ਲੈਂਦਾ ਹੈ। ਸ਼ਬਦ ਦੀ ਅਗਵਾਈ ਵਿਚ ਚੱਲ ਕੇ ਹੀ ਮਨੁੱਖ ਪ੍ਰਭੂ ਨਾਲ ਅਭੇਦ ਹੋ ਕੇ ਜਨਮ ਮਰਨ ਦਾ ਗੇੜ ਸਮਾਪਤ ਕਰ ਸਕਦ ਹੈ। ਸ਼ਬਦ ਵੀਚਾਰ ਦੁਆਰਾ ਹੀ ਸੱਚੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਅਤੇ ਵਹਿਮਾਂ-ਭਰਮਾਂ ਅਤੇ ਪਾਖੰਡਾਂ ਆਦਿ ਦਾ ਹਨੇਰਾ ਦੂਰ ਹੋ ਜਾਂਦਾ ਹੈ।
ਅੱਜ ਸਾਨੂੰ ''ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ£'' (646) 'ਤੇ ਵਿਸ਼ਵਾਸ ਨਹੀਂ ਰਿਹਾ ਤੇ ਸਾਨੂੰ ਗੁਰੂ ਦੇ ਨਾਲ-ਨਾਲ ਧੂਪ, ਅੱਗ ਦੀ ਲੋਅ, ਪਾਣੀ ਦਾ ਭਰਿਆ ਘੜਾ ਲਾਲ ਗਾਨਾ ਤੇ ਕੱਪੜੇ ਵਿਚ ਲਪੇਟਿਆ ਨਾਰੀਅਲ ਚਾਹੀਦਾ ਹੈ। ਇਸ ਤੋਂ ਬਿਨਾਂ ਸਾਨੂੰ ਗੁਰੂ ਵੀ ਅਧੂਰਾ ਹੀ ਨਜ਼ਰ ਆਉਂਦਾ ਹੈ। ਗੁਰਦੁਆਰਿਆਂ ਵਿਚ ਸੰਗਰਾਂਦ, ਮੱਸਿਆ ਤੇ ਪੂਰਨਮਾਸ਼ੀ ਨੂੰ ਪਵਿੱਤਰ ਦਿਹਾੜਿਆਂ ਦੀ ਮਾਨਤਾ ਦੇ ਕੇ ਗੁਰਬਾਣੀ ਦੀ ਨਿਰਾਦਰੀ ਕਰ ਰਹੇ ਹਾਂ। ਸੰਗਰਾਂਦ ਤੇ ਪੂਰਨਮਾਸੀ ਦਾ ਸਬੰਧ ਸੂਰਜ ਤੇ ਚੰਦਰਮਾ ਨਾਲ ਹੈ, ਪਰ ਸਿੱਖ ਸੂਰਜ ਅਤੇ ਚੰਦਰਮਾ ਦਾ ਪੁਜਾਰੀ ਨਹੀਂ ਸਗੋਂ ਇਕ ਅਕਾਲ ਪੁਰਖ ਦਾ ਪੁਜਾਰੀ ਹੈ। ਅੱਜ ਅਸੀਂ ਗੁਰਬਾਣੀ ਪੜ੍ਹਦੇ ਜ਼ਰੂਰ ਹਾਂ ਪਰ ਵਿਚਾਰ ਨਹੀਂ ਕਰਦੇ। ਗੁਰਬਾਣੀ ਅੰਦਰ ਅਤੇ ਸਿੱਖ ਰਹਿਤ ਮਰਿਯਾਦਾ ਅੰਦਰ, ਕੁੰਭ, ਜੋਤ, ਨਾਰੀਅਲ ਆਦਿ ਰੱਖਣ ਦੀ ਮਨਾਹੀ ਕੀਤੀ ਗਈ ਹੈ, ਪਰ ਅੱਜ ਅਸੀਂ ਅਖੰਡ ਪਾਠ ਦੇ ਸਮੇਂ ਇਹ ਸਭ ਕੁਝ ਗੁਰਮਤਿ ਦਾ ਲੇਬਲ ਲਾ ਕੇ ਕਰੀ ਜਾ ਰਹੇ ਹਾਂ। ਚਾਲੀਹੇ ਕੱਟਣੇ, ਚੁਪਹਿਰੇ ਭਰਨੇ, ਚੰਗੇ ਮਾੜੇ ਦਿਨਾਂ ਦੀ ਵਿਚਾਰ ਕਰਨੀ, ਮਹੂਰਤ ਕਢਵਾਉਣੇ ਆਦਿ ਅਨੇਕਾਂ ਹੀ ਅਨਮਤੀ ਕਰਮ ਹਨ, ਜਿਨ੍ਹਾਂ ਦੀ ਦਲਦਲ ਵਿਚ ਅਨੇਕਾਂ ਹੀ ਧਰਮ-ਭਾਵਨਾ ਵਾਲੇ ਸਿੱਖ ਫਸੇ ਪਏ ਹਨ। ਸ਼ਨਿਚਰ ਦੀ ਕਰੋਪੀ ਤੋਂ ਬਚਣ ਲਈ ਸ਼ਨਿਚਰਵਾਰ ਨੂੰ ਗੁਰਦੁਆਰਿਆਂ ਵਿਚ ਛੋਲਿਆਂ ਦਾ ਪ੍ਰਸ਼ਾਦ ਲਿਆ ਕੇ ਵੰਡਣ  ਨੂੰ ਅੱਜ ਗੁਰਮਤਿ ਹੀ ਮੰਨ ਲਿਆ ਗਿਆ ਹੈ। ਸਿੱਖ ਘਰਾਣਿਆਂ ਵਿਚ ਕਈ ਸਿੱਖ ਬੀਬੀਆਂ ਕਰਵਾ ਚੌਥ ਅਤੇ ਕਈ ਪੂਰਨਮਾਸ਼ੀ ਦਾ ਵਰਤ ਰੱਖਦੀਆਂ ਹਨ। ਅੱਜ ਸਾਨੂੰ ਸ਼ਾਇਦ ''ਅੰਨੁ ਨ ਖਾਇਆ ਸਾਦੁ ਗਵਾਇਆ£'' (467) ਬਚਨਾਂ ਦੀ ਸਮਝ ਹੀ ਨਹੀਂ ਆਈ। ਅੱਜ ਅਸੀਂ ਗੁਰੂ ਦੇ ਸਿਧਾਂਤਾਂ ਦਾ ਤਿਆਗ ਕਰਕੇ ਹੰਕਾਰ ਦੀ ਟੀਸੀ 'ਤੇ ਸਵਾਰ ਰਹਿੰਦੇ ਹਾਂ। ਜਿਸ ਕਰਕੇ ਸਾਡੇ ਜੀਵਨ ਵਿਚੋਂ ਬੇਮੁਖਤਾ ਤੇ ਖੁਦਗਰਜ਼ੀ ਦੀ ਬੂ ਆਉਂਦੀ ਹੈ।
ਸ਼ਬਦ ਤਾਂ ਜਗਦਾ ਹੋਇਆ ਪ੍ਰਭੂ-ਗਿਆਨ ਦਾ ਦੀਪਕ ਹੈ। ਜਿਸ ਮਨ ਮੰਦਰ ਵਿਚ ਗੁਰੂ ਸ਼ਬਦ ਦੇ ਦੀਪਕ ਰਾਹੀਂ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਉਸ ਮਨ-ਮੰਦਰ ਵਿਚ ਆਤਮਿਕ ਗੁਣ ਰਤਨਾਂ ਦੀ ਬੜੀ ਸੁੰਦਰ, ਕੋਠੜੀ ਖੁਲ੍ਹ ਜਾਂਦੀ ਹੈ ਅਤੇ ਹਨੇਰੇ ਦਾ ਨਾਸ਼ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ :
ਸਤਿਗੁਰੁ ਸਬਦਿ ਉਜਾਰੋ ਦੀਪਾ£
ਬਿਨਸਿਓ ਅੰਧਕਾਰ ਤਿਹ ਮੰਦਰਿ
ਰਤਨ ਕੋਠੜੀ ਖੁਲ੍ਰੀ ਅਨੂਪਾ£ ਰਹਾਉ£
(ਬਿਲਾਵਲ, ਮ: 5, 821)
ਸ਼ਬਦ ਤੋਂ ਰੋਸ਼ਨੀ ਲੈ ਕੇ ਕਰੋੜਾਂ ਹੀ ਲੋਕਾਂ ਨੇ ਲੋਕ-ਪਰਲੋਕ ਨੂੰ ਸਫਲ ਕੀਤਾ ਹੈ, ਪ੍ਰਭੂ ਨਾਲ ਸਾਂਝ ਪਾਈ ਹੈ। ਆਪਣੀ ਆਤਮਾ ਨੂੰ ਬਲਵਾਨ ਕਰ ਕੇ ਧਰਮ, ਨੇਕੀ, ਇਨਸਾਫ਼, ਸੱਚਾਈ ਦੀ ਖਾਤਰ ਅਤੇ ਜ਼ੁਲਮ ਨੂੰ ਖਤਮ ਕਰਨ ਲਈ ਅਸਹਿ ਅਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਘੋਰ-ਬਿਪਤਾਵਾਂ ਦੇ ਸਮੇਂ ਵੀ ਕਿਸੇ ਦੇਹਧਾਰੀ ਵੱਲ ਨਹੀਂ ਤੱਕਿਆ ਅਤੇ ਸੰਘਰਸ਼ ਕਰਦਿਆਂ ਆਪਣਾ ਰਾਜ ਤੱਕ ਕਾਇਮ ਕਰ ਲਿਆ। ਯਾਦ ਰੱਖੋ! ਸ਼ਬਦ ਸੁੰਦਰਤਾ ਹੈ, ਖੇੜਾ ਹੈ, ਆਤਮਿਕ ਅਨੰਦ ਹੈ, ਜੋ ਮਨੁੱਖੀ ਜੀਵਨ ਨੂੰ ਸ਼ਿੰਗਾਰਦਾ ਹੈ, ਸੰਵਾਰਦਾ ਹੈ। ਸੋ ਆਓ! ਅਸੀਂ ਮਾਇਆ ਦੀ ਨੀਂਦ ਤਿਆਗ ਕੇ ਸ਼ਬਦ ਨੂੰ ਜੀਵਨ ਦਾ ਆਧਾਰ ਬਣਾਈਏ ਅਤੇ ਮਨਮੁਖੀ ਕਰਮਾਂ ਤੋਂ ਬਚ ਕੇ ਗੁਰਮੁਖ ਬਣੀਏ।