ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪ੍ਰਸਿੱਧ ਵਿਦਵਾਨ ਤੇ ਖੋਜੀ ਲੇਖਕ ਭਾਈ ਕਾਨ੍ਹ ਸਿੰਘ ਨਾਭਾ


ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ 27 ਅਗਸਤ 1861 ਨੂੰ ਨਾਭਾ ਨੇੜੇ ਪਿੰਡ ਸਬਜ਼ ਬਨੇਰਾ, ਰਿਆਸਤ ਪਟਿਆਲਾ ਵਿਚ ਪਿਤਾ ਭਾਈ ਨਰਾਇਣ ਸਿੰਘ ਦੇ ਗ੍ਰਹਿ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ। ਭਾਈ ਕਾਨ੍ਹ ਸਿੰਘ ਦੇ ਦੋ ਛੋਟੇ ਭਰਾ ਭਾਈ ਮੀਹਾਂ ਸਿੰਘ ਅਤੇ ਭਾਈ ਬਿਸ਼ਨ ਸਿੰਘ ਅਤੇ ਇਕ ਭੈਣ ਬੀਬੀ ਕਾਨ੍ਹ ਕੌਰ ਸੀ, ਜੋ ਛੋਟੀ ਉਮਰ ਵਿਚ ਹੀ ਗੁਜ਼ਰ ਗਈ ਸੀ। ਭਾਈ ਕਾਨ੍ਹ ਸਿੰਘ ਨੇ ਛੋਟੀ ਉਮਰ 'ਚ ਡੇਰੇ ਵਿਚ ਪਿਤਾ ਪਾਸੋਂ ਪੰਜਾਬੀ, ਹਿੰਦੀ ਤੇ ਸਿੱਖ ਸਾਹਿਤ ਦਾ ਅਧਿਐਨ ਕੀਤਾ। ਪੰਜ ਸਾਲ ਦੀ ਉਮਰ ਵਿਚ ਪਿਤਾ ਜੀ ਨੇ ਉਨ੍ਹਾਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣਾ ਸ਼ੁਰੂ ਕੀਤਾ, ਸੱਤ ਸਾਲ ਦੀ ਉਮਰ ਵਿਚ ਉਹ ਪਾਠ ਕਰਨ ਲੱਗ ਪਏ ਸਨ।
ਭਾਈ ਕਾਨ੍ਹ ਸਿੰਘ ਦੇ ਪਹਿਲੇ ਉਸਤਾਦ ਭਾਈ ਭੂਪ ਸਿੰਘ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਗੁਰਮੁਖੀ ਪੜ੍ਹਾਈ। ਉਨ੍ਹਾਂ ਦੇ ਭਾਈ ਭੂਪ ਸਿੰਘ ਤੋਂ ਇਲਾਵਾ ਹੋਰ ਵੀ ਉਸਤਾਦ ਸਨ। ਇਨ੍ਹਾਂ ਵਿਚ ਬਾਵਾ ਕਲਿਆਨ ਦਾਸ, ਪੰਡਿਤ ਸ੍ਰੀ ਧਰ, ਭਾਈ ਰਾਮ ਸਿੰਘ, ਭਾਈ ਭਗਵਾਨ ਸਿੰਘ ਦੁੱਗ ਤੇ ਭਾਈ ਸੰਤ ਸਿੰਘ ਸ਼ਾਮਿਲ ਸਨ, ਜਿਨ੍ਹਾਂ ਪਾਸੋਂ ਉਨ੍ਹਾਂ ਨੇ ਸੰਗੀਤ, ਫਾਰਸੀ, ਸੰਸਕ੍ਰਿਤ, ਅੰਗਰੇਜ਼ੀ ਆਦਿ ਦਾ ਗਿਆਨ ਹਾਸਲ ਕੀਤਾ। ਸੰਨ 1883 ਵਿਚ ਲਾਹੌਰ ਵਿਚ ਉਨ੍ਹਾਂ ਨੇ ਗੁਰਮਤਿ ਸਬੰਧੀ ਪੰਜ ਗ੍ਰੰਥਾਂ ਦਾ ਸੰਪਾਦਨ ਸ਼ੁਰੂ ਕੀਤਾ ਅਤੇ ਅਨੇਕਾਂ ਹੀ ਪੁਸਤਕਾਂ ਪੜ੍ਹੀਆਂ। ਲਾਹੌਰ ਵਿਚ ਉਹ ਦੋ ਸਾਲ ਰਹੇ ਤੇ ਫਿਰ ਨਾਭੇ ਵਾਪਸ ਆ ਗਏ। ਭਾਈ ਕਾਨ੍ਹ ਸਿੰਘ ਦਾ ਪਹਿਲਾ ਵਿਆਹ ਪਿੰਡ ਧੂਰੇ, ਰਿਆਸਤ ਪਟਿਆਲਾ ਤੇ ਦੂਜਾ ਵਿਆਹ ਮੁਕਤਸਰ ਵਿਚ ਹੋਇਆ। ਦੋਵਾਂ ਪਤਨੀਆਂ ਦੇ ਗੁਜ਼ਰਨ ਪਿੱਛੋਂ ਉਨ੍ਹਾਂ ਦਾ ਤੀਜਾ ਵਿਆਹ ਪਿੰਡ ਰਾਮਗੜ੍ਹ, ਜ਼ਿਲ੍ਹਾ ਪਟਿਆਲਾ ਵਿਖੇ ਬਸੰਤ ਕੌਰ ਨਾਲ ਹੋਇਆ।
ਵਿਆਹ ਤੋਂ ਬਾਅਦ ਉਹ ਮਹਾਰਾਜਾ ਹੀਰਾ ਸਿੰਘ ਨਾਭਾ ਕੋਲ ਆ ਕੇ ਮੁਨਸ਼ੀ ਲੱਗ ਗਏ। ਉਨ੍ਹਾਂ 1892 ਵਿਚ ਭਾਈ ਕਾਨ੍ਹ ਸਿੰਘ ਨੂੰ ਪ੍ਰਾਈਵੇਟ ਸਕੱਤਰ ਮੁਕੱਰਰ ਕੀਤਾ। ਇਸ ਤੋਂ ਥੋੜ੍ਹੇ ਚਿਰ ਪਿੱਛੋਂ ਹੀ ਭਾਈ ਸਾਹਿਬ ਸਿਟੀ ਮੈਜਿਸਟ੍ਰੇਟ, ਡਿਪਟੀ ਕਮਿਸ਼ਨਰ ਅਤੇ ਬਾਵਲ (ਮੰਤਰੀ) ਪਦ 'ਤੇ ਵੀ ਰਹੇ। ਰਾਜਨੀਤਕ ਖੇਤਰ ਵਿਚ ਉਨ੍ਹਾਂ ਦਾ ਬੜਾ ਪ੍ਰਭਾਵ ਸੀ। ਉਹ ਜਿਸ ਵੀ ਕੰਮ 'ਤੇ ਲੱਗੇ, ਉਸ ਨੂੰ ਬੜੀ ਤਨਦੇਹੀ ਨਾਲ ਨਿਭਾਇਆ। ਉਨ੍ਹਾਂ ਨੇ 1903 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦਾ ਪੱਕਾ ਪ੍ਰਬੰਧ ਕਰਨ ਲਈ 21 ਲੱਖ ਰੁਪਏ ਫੰਡ ਇਕੱਤਰ ਕੀਤਾ। ਮਿਸਟਰ ਮੈਕਾਲਿਫ ਵਰਗੇ ਅੰਗਰੇਜ਼ ਨੂੰ ਉਨ੍ਹਾਂ ਨੇ ਕਾਫੀ ਮਿਹਨਤ ਨਾਲ ਸਿੱਖ ਧਰਮ ਤੇ ਸਿੱਖ ਇਤਿਹਾਸ ਪੜ੍ਹਾਇਆ।
1912 ਵਿਚ ਭਾਈ ਕਾਨ੍ਹ ਸਿੰਘ ਨੇ ਕਸ਼ਮੀਰ ਜਾ ਕੇ ਸਿੱਖ ਸਾਹਿਤ ਦੇ ਆਧਾਰ 'ਤੇ 'ਮਹਾਨ ਕੋਸ਼' ਲਿਖਣਾ ਸ਼ੁਰੂ ਕੀਤਾ, ਜੋ 14 ਸਾਲ ਦੀ ਕਠਿਨ ਘਾਲਣਾ ਤੋਂ ਬਾਅਦ 1926 ਵਿਚ ਪੂਰਾ ਹੋਇਆ। ਸੰਨ 1930 ਵਿਚ ਦਰਬਾਰ ਪਟਿਆਲਾ ਵੱਲੋਂ ਛਪ ਕੇ ਪ੍ਰਕਾਸ਼ਿਤ ਹੋਇਆ। ਇਸ ਦੀ ਛਪਾਈ ਉੱਤੇ ਉਸ ਸਮੇਂ ਸਰਕਾਰ ਦੇ 51,000 ਰੁਪਏ ਖਰਚ ਆਏ ਸਨ। ਇਹ ਗ੍ਰੰਥ 3338 ਪੰਨਿਆਂ ਦੀਆਂ ਵੱਡੀਆਂ-ਵੱਡੀਆਂ ਚਾਰ ਜਿਲਦਾਂ ਵਿਚ ਛਪਿਆ। ਇਸ ਦਾ ਮੁੱਲ ਉਸ ਸਮੇਂ 110 ਰੁਪਏ ਸੀ, ਜਿਸ ਕਰਕੇ ਆਮ ਗਾਹਕਾਂ ਲਈ ਖਰੀਦਣਾ ਮੁਸ਼ਕਿਲ ਸੀ। ਭਾਈ ਕਾਨ੍ਹ ਸਿੰਘ ਨੇ ਧਾਰਮਿਕ, ਭਾਈਚਾਰਕ, ਸਾਹਿਤਕ ਅਤੇ ਵਿੱਦਿਅਕ ਖੇਤਰ ਵਿਚ ਜੋ ਸੇਵਾ ਕੀਤੀ ਸੀ, ਉਹ ਸ਼ਲਾਘਾਯੋਗ ਸੀ। ਉਹ ਉੱਘੇ ਖੋਜੀ, ਵਿਦਵਾਨ ਤੇ ਲਿਖਾਰੀ ਸਨ। 1930 ਤੋਂ 1938 ਤੱਕ ਲਗਾਤਾਰ ਅੱਠ ਸਾਲ ਉਨ੍ਹਾਂ ਨੇ ਪੁਸਤਕਾਂ ਦੀ ਸੋਧ-ਸ਼ੁਧਾਈ ਤੇ ਘਰੇਲੂ ਜੀਵਨ ਵੱਲ ਵਧੇਰੇ ਧਿਆਨ ਦਿੱਤਾ। ਪ੍ਰਸਿੱਧ ਵਿਦਵਾਨ ਤੇ ਖੋਜੀ ਲੇਖਕ ਭਾਈ ਕਾਨ੍ਹ ਸਿੰਘ 77 ਸਾਲ ਦੀ ਉਮਰ ਭੋਗ ਕੇ 23 ਨਵੰਬਰ, 1938 ਈ: ਨੂੰ ਬਿਨਾਂ ਕਿਸੇ ਬਿਮਾਰੀ ਦੇ ਨਾਭਾ ਵਿਖੇ ਸਦੀਵੀ ਵਿਛੋੜਾ ਦੇ ਗਏ।
ਕਰਨੈਲ ਸਿੰਘ ਐਮ.ਏ.