ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਇਤਿਹਾਸਕ ਯਾਦਗਾਰਾਂ ਦੇ ਵਰਤਮਾਨ ਸਰੋਕਾਰ


ਸਾਡੀ ਕੌਮ ਵੱਲੋਂ ਆਪਣੇ ਗੁਰੂਆਂ, ਪੀਰਾਂ ਤੇ ਸ਼ਹੀਦਾਂ-ਮੁਰੀਦਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੀ ਪਾਵਨ ਯਾਦ ਵਿੱਚ ਦਿਨ-ਤਿਉਹਾਰ ਮਨਾਉਣਾ ਬੜਾ ਸ਼ਲਾਘਾਯੋਗ ਉਪਰਾਲਾ ਹੈ। ਫਿਰ ਇਤਿਹਾਸਕ ਸ਼ਖ਼ਸੀਅਤਾਂ ਤੇ ਘਟਨਾਵਾਂ ਦੀਆਂ ਸ਼ਤਾਬਦੀਆਂ ਮਨਾਉਣ ਦਾ ਮਨੋਰਥ ਦਾ ਹੋਰ ਵੀ ਬੜੀ ਅਹਿਮੀਅਤ ਰੱਖਦਾ ਹੈ। ਖ਼ਾਲਸਾ ਸਿਰਜਣਾ ਤ੍ਰੈਸ਼ਤਾਬਦੀ ਸਮੇਂ 22 ਨਵੰਬਰ 1998 ਨੂੰ ਪੰਜ ਪਿਆਰਿਆਂ ਵੱਲੋਂ ਦੁਨੀਆਂ ਦੇ ਅੱਠਵੇਂ ਅਜੂਬੇ ਵਜੋਂ ਖ਼ਾਲਸਾ ਹੈਰੀਟੇਜ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਸ਼ੁਕਰ ਹੈ ਕਿ ਹੁਣ ਇਹ ਆਪਣੀ ਸੰਪੂਰਨਤਾ ਦੇ ਮਿਥੇ 2 ਜਾਂ 3 ਸਾਲ ਦੇ ਟੀਚੇ ਤੋਂ ਕਿਤੇ ਅੱਗੇ ਲੰਘ ਕੇ 13 ਸਾਲ ਬਾਅਦ ਮੁਕੰਮਲ ਹੋ ਕੇ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਖੁਸ਼ੀ ਦੇ ਮੌਕੇ ਜਿਹੜੀ ਮਾੜੀ ਗੱਲ ਹੋ ਰਹੀ ਹੈ ਉਹ ਇਹ ਹੈ ਕਿ ਹੁਣ ਇਸ ਦੇ ਉਦਘਾਟਨ ਸਬੰਧੀ ਦੁਵੱਲਿਓਂ ਹੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਦਰਮਿਆਨ ਇਸ 'ਤੇ ਰਾਜਨੀਤੀ ਕਰਨ ਦਾ ਰੇੜਕਾ ਪੈ ਗਿਆ ਹੈ। ਇਸ ਦੇ ਨਾਂ ਤੋਂ ਲੈ ਕੇ ਮੁੱਖ ਮਹਿਮਾਨ ਤਕ ਰਾਜਨੀਤੀ ਸ਼ੁਰੂ ਹੋ ਗਈ ਹੈ।  ਹੁਣ ਇਸ ਦਾ ਨਾਂ ਖ਼ਾਲਸਾ ਵਿਰਾਸਤ ਭਵਨ ਦੀ ਥਾਂ 'ਵਿਰਾਸਤ-ਏ-ਖ਼ਾਲਸਾ ਸੈਂਟਰ' ਰੱਖਿਆ ਜਾ ਰਿਹਾ ਹੈ। ਦੂਜਾ ਵੱਡਾ ਮਸਲਾ ਬਣਿਆ ਹੋਇਆ ਹੈ ਕਿ ਸਾਡੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਸਿੱਖੀ ਦੇ ਮੁਜੱਸਮੇ ਦਾ ਉਦਘਾਟਨ ਕਰਨ ਲਈ ਅਨੰਦਪੁਰ ਸਾਹਿਬ ਵਿਖੇ ਆਉਣਗੇ ਵੀ ਕਿ ਨਹੀਂ ਜਦੋਂਕਿ ਚਾਹੀਦਾ ਤਾਂ ਇਹ ਹੈ ਕਿ ਸਿਆਸੀ ਰੰਜਿਸ਼ ਤੇ ਆਪਸੀ ਖਹਿਬਾਜ਼ੀ ਨੂੰ ਉਜਾਗਰ ਕਰਨ ਦੀ ਥਾਂ  ਇਸ ਅਜੂਬਾ ਨੁਮਾ ਸ਼ਾਨਦਾਰ ਖ਼ਾਲਸਾ ਵਿਰਾਸਤ ਭਵਨ ਨੂੰ ਅਸੀਂ ਸੰਸਾਰ ਭਰ ਵਿੱਚ ਨਸ਼ਰ ਕਰੀਏ।
ਖ਼ਾਲਸਾ ਸਿਰਜਣਾ ਦੀ ਤ੍ਰੈਸ਼ਤਾਬਦੀ ਦੀ ਧਰਾਤਲੀ ਪੱਧਰ 'ਤੇ ਯਾਦ ਤਾਂ ਸਾਡੀ ਚੇਤਨਾ ਦਾ ਮਾੜਾ-ਮੋਟਾ ਹਿੱਸਾ ਬਣ ਗਈ ਹੈ ਪਰ ਇਸ ਸ਼ਤਾਬਦੀ ਪਿੱਛੇ ਸਿੱਖ ਤੋਂ ਖ਼ਾਲਸਾ ਬਣਨ ਦਾ ਜੋ ਕੌਮੀ ਫ਼ਲਸਫ਼ਾ ਤੇ ਸੰਕਲਪ ਸੀ, ਉਸ ਤੋਂ ਅਸੀਂ ਸਾਰੇ ਹੀ ਕੋਹਾਂ ਦੂਰ ਜਾ ਰਹੇ ਹਾਂ। ਰਾਜਨੀਤੀ ਵਿੱਚ ਧਰਮ ਆ ਜਾਵੇ ਤਾਂ ਠੀਕ ਹੈ ਪਰ ਜਦੋਂ ਧਰਮ ਵਿੱਚ ਰਾਜਨੀਤੀ ਆ ਵੜਦੀ ਹੈ ਤਾਂ ਅਧਿਆਤਮਵਾਦ, ਸਦਾਚਾਰ ਤੇ ਇਥੋਂ ਤਕ ਸਾਡੇ ਇਤਿਹਾਸਕ ਪਿਛੋਕੜ ਦੀ ਗੱਲਬਾਤ ਸਾਨੂੰ ਭੁੱਲ-ਭੁਲਾ ਹੀ ਜਾਂਦੀ ਹੈ।
ਸੰਨ 2004 ਤੋਂ 2006 ਤਕ ਜਿਹੜੀਆਂ ਸ਼ਤਾਬਦੀਆਂ ਆਈਆਂ, ਉਨ੍ਹਾਂ ਵਿੱਚ ਬੇਸ਼ਕ ਧਰਮ ਦੀ ਰਾਜਨੀਤੀ ਦੀ ਝਲਕ ਪਈ ਪਰ ਮੁਖ ਤੌਰ 'ਤੇ ਇਨ੍ਹਾਂ ਇਤਿਹਾਸਕ ਸਮਾਗਮਾਂ ਨੂੰ ਮਨਾਉਂਦੇ ਸਮੇਂ ਰਾਜਨੀਤੀ ਹੀ ਹਾਵੀ ਰਹੀ। ਨਤੀਜਾ ਇਹ ਨਿਕਲਿਆ ਕਿ ਇਨ੍ਹਾਂ ਸ਼ਤਾਬਦੀਆਂ ਦੀਆਂ ਸੁੰਗਧੀਆਂ ਨੂੰ ਅਸੀਂ ਸਭ ਨੇ ਮਿਲ-ਮਿਲਾ ਹਥੋਂ-ਹਥੀਂ ਕਫੂਰ ਹੀ ਕਰ ਦਿੱਤਾ। ਵੱਡੇ ਸਾਹਿਬਜ਼ਾਦਿਆਂ ਤੇ ਸਿੱਖ ਯੋਧਿਆਂ ਦੀ ਯਾਦ ਵਿੱਚ ਉਸਾਰੀ ਜਾਣ ਵਾਲੀ ਯਾਦਗਾਰ ਥੀਮ ਪਾਰਕ ਚਮਕੌਰ ਸਾਹਿਬ ਇਸ ਦੀ ਮੂੰਹ ਬੋਲਦੀ ਮਿਸਾਲ ਹੈ, ਜੋ ਕਿ ਕਾਂਗਰਸ ਸਰਕਾਰ ਵੇਲੇ ਸ਼ੁਰੂ ਹੋਈ ਤੇ ਹੁਣ ਤਕ ਵੀ ਇਹ ਅਧੂਰੀ ਖੜ੍ਹੀ ਹੈ; ਸਗੋਂ ਸਾਰੇ ਸਿੱਖ ਸਮਾਜ ਵਾਸਤੇ ਇਹ ਸ਼ਰਮ ਦੀ ਗੱਲ ਬਣ ਚੁੱਕੀ ਹੈ ਅਤੇ ਇੱਥੋਂ ਰੇਤਾ, ਬਜਰੀ, ਇੱਟਾਂ ਤੇ ਸਰੀਆ ਯਾਨਿ ਉਸਾਰੀ ਦਾ ਸਮਾਨ ਖੁਰਦ-ਬੁਰਦ ਹੀ ਹੋ ਗਿਆ ਹੈ। ਅਸੀਂ ਸਾਹਿਬਜ਼ਾਦਿਆਂ ਤੇ ਸ਼ਹੀਦਾਂ ਨੂੰ ਵੀ ਅਕਾਲੀ ਦਲ ਤੇ ਕਾਂਗਰਸ ਦੀ ਸਿਆਸਤ ਦੀ ਐਨਕ ਵਿੱਚੋਂ ਹੀ ਵੇਖ ਰਹੇ ਹਾਂ।  ਇਹ ਸਾਡੀ ਕੌਮ ਵਾਸਤੇ ਡੁੱਬ ਮਰਨ ਵਰਗੀ ਗੱਲ ਹੈ।
'ਮਹਾਨ ਗੁਰੂ ਦੇ ਮਹਾਨ ਬੰਦੇ' ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 710 ਸਾਲ ਦੀ ਲਗਾਤਾਰ ਗੁਲਾਮੀ ਤੋਂ ਬਾਅਦ ਗੁਰੂ ਦੇ ਸਿੱਖਾਂ ਤੇ ਪੰਜਾਬੀਆਂ ਵੱਲੋਂ ਪ੍ਰਾਪਤ ਕੀਤੀ ਸਰਹਿੰਦ ਫ਼ਤਿਹ ਦੀ ਯਾਦ ਵਿੱਚ 300 ਸਾਲਾ ਸਰਹਿੰਦ ਫਤਿਹ ਦਿਵਸ 12 ਮਈ 2010 ਨੂੰ ਚੱਪਰਚਿੜੀ ਵਿਖੇ ਮਨਾਇਆ ਗਿਆ। ਸਰਹਿੰਦ ਫ਼ਤਿਹ ਦੀ ਯਾਦਗਾਰ ਵਜੋਂ ਹੁਣ 'ਮਿਨਾਰ-ਏ-ਫ਼ਤਿਹ' ਉਸਾਰਿਆ ਗਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਵੀ ਫ਼ਿਰਕਿਆਂ ਦੀ ਫ਼ਿਰਕਾਪ੍ਰਸਤੀ ਤੇ ਸਿਆਸਤ ਦੀ ਪਾਟੋ-ਧਾੜ ਦਾ ਸ਼ਿਕਾਰ ਹੋ ਗਏ। ਹਰ ਪਾਰਟੀ ਤੇ ਹਰ ਫ਼ਿਰਕਾ ਤਿੰਨ ਸਦੀਆਂ ਬਾਅਦ ਨਵੀਂ-ਨਵੀਂ ਜਾਗ੍ਰਿਤ ਹੋਈ ਇਤਿਹਾਸਕ ਲਾਲਸਾ ਦੇ ਤਹਿਤ 'ਮਹਾਨ ਗੁਰੂ ਦੇ ਮਹਾਨ ਬੰਦੇ' ਨੂੰ ਆਪਣਾ ਕਹਿਣ ਤੇ ਨਿੱਜੀ ਤੌਰ 'ਤੇ ਕਰੀਬੀ ਬਣਾਉਣ ਦੀ ਦੌੜ ਵਿੱਚ ਅੱਡੀਆਂ ਚੁੱਕ ਕੇ ਸ਼ਾਮਲ ਹੋ ਗਿਆ। ਹੁਣ ਤਕ ਇਹ ਸਾਰੀਆਂ 13 ਸ਼ਤਾਬਦੀਆਂ ਮਨਾਉਣ ਦਾ ਉਦਮ ਉਪਰਾਲਾ ਕੌਮ ਵੱਲੋਂ ਆਪਣੇ ਪੁਰਖਿਆਂ ਦੇ ਪ੍ਰਤੀ ਕ੍ਰਿਤਗਤਾ ਦੇ ਇਜ਼ਹਾਰ ਵਜੋਂ ਇੱਕ ਸੋਹਣੀ ਸ਼ੁਰੂਆਤ ਕਿਹਾ ਜਾ ਸਕਦਾ ਹੈ ਪਰ ਇਨ੍ਹਾਂ ਯਾਦਗਾਰਾਂ ਤੇ ਮਿਨਾਰਾਂ ਦੇ ਪਿੱਛੇ ਛਿਪੇ ਇਤਿਹਾਸ ਨੂੰ ਅਸੀਂ ਦੁਨੀਆਂ ਤਕ ਤਾਂ ਕੀ ਸਗੋਂ ਆਪਣੇ ਸਕੂਲਾਂ ਕਾਲਜਾਂ ਤਕ ਵੀ ਨਹੀਂ ਪਹੁੰਚਾ ਸਕੇ।
ਹੋਰ ਤਾਂ ਹੋਰ ਬਾਬਾ ਬੰਦਾ ਸਿੰਘ ਬਹਾਦਰ ਦੇ ਜੰਗੀ ਲਿਬਾਸ ਵਿੱਚ ਲੋਹ ਟੋਪ ਸ਼ਾਮਲ ਸੀ ਜਾਂ ਪੱਗ ਸੀ; ਇਸ ਮਸਲੇ ਬਾਰੇ ਵਿਦਵਾਨ ਗਲੋਗੀਰ ਹੁੰਦੇ ਵੇਖੇ ਗਏ। ਫਿਰ ਚੱਪੜਚਿੜੀ ਵਿਖੇ ਇਸ ਯਾਦਗਾਰੀ ਸਮਾਰਕ ਦੇ ਨਾਮਕਰਣ ਦੇ ਮਸਲੇ 'ਤੇ ਹੁਣ ਮੱਥਾਪੱਚੀ ਹੋ ਰਹੀ ਹੈ ਕਿ ਇਸ ਦਾ ਨਾਂਅ ਫ਼ਤਿਹ-ਮਿਨਾਰ ਜਾਂ ਖ਼ਾਲਸਾ ਫ਼ਤਿਹ ਬੁਰਜ ਰੱਖਿਆ ਜਾਵੇ।  ਇਤਿਹਾਸਕ ਘਟਨਾਵਾਂ ਦੀ ਯਾਦ ਨੂੰ ਸੁਰਜੀਤ ਕਰਨ ਵਾਸਤੇ 13 ਅਪਰੈਲ 1973 ਨੂੰ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤਲਵੰਡੀ ਸਾਬੋ ਤਕ 'ਗੁਰੂ ਗੋਬਿੰਦ ਸਿੰਘ ਮਾਰਗ' ਬਣਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਸੀ ਪਰ ਅਫਸੋਸ ਕਿ ਹੁਣ ਤਕ ਵਧ ਚੁੱਕੀ ਅਬਾਦੀ ਤੇ ਬੇਸ਼ੁਮਾਰ ਵਾਹਨਾਂ ਦੇ ਸਨਮੁੱਖ ਇਹ ਮਾਰਗ ਧਰਾਤਲੀ ਪੱਧਰ ਉਪਰ ਬੇਸ਼ੱਕ ਕਈ ਥਾਵਾਂ 'ਤੇ ਚੌੜਾ ਹੋਇਆ ਹੈ ਪਰ ਅਧਿਆਤਮਕ ਪੱਧਰ 'ਤੇ ਨਾ ਤਾਂ ਸਾਨੂੰ ਇਸ ਮਾਰਗ ਦੀ ਅਹਿਮੀਅਤ ਸਮਝ ਆਈ ਹੈ ਤੇ ਨਾ ਹੀ ਅਸੀਂ ਇਸ ਗੋਬਿੰਦ ਮਾਰਗ ਨੂੰ ਅਧਿਆਤਮਕ ਪੱਧਰ ਦੀ ਉਚਾਈ ਦੇ ਸਕੇ ਹਾਂ। ਇਸ ਵਾਸਤੇ ਇਹ ਮਾਰਗ ਸਾਡੇ ਆਪਣੇ ਜੀਵਨ ਦੇ ਰਾਹਾਂ ਵਾਂਗੂੰ ਹੀ ਚਿੱਕੜ ਤੇ ਦਲਦਲ ਵਿੱਚੋਂ ਲੰਘ ਰਿਹਾ ਹੈ।
ਇਸ ਲਈ ਬੇਸ਼ਕ ਕਹਿਣ ਨੂੰ ਤਾਂ ਅਸੀਂ ਕਹਿੰਦੇ ਹਾਂ ਕਿ ਜਿਹੜੀਆਂ ਕੌਮਾਂ ਆਪਣੇ ਗੁਰੂਆਂ, ਪੀਰਾਂ ਤੇ ਸ਼ਹੀਦਾਂ ਨੂੰ ਵਿਸਾਰ ਦਿੰਦੀਆਂ ਹਨ, ਉਹ ਵੀ ਮਨੁੱਖਤਾ ਦੀਆਂ ਸਫਾਂ ਹਸਤੀ ਤੋਂ ਮਿਟ ਜਾਂਦੀਆਂ ਹਨ ਪਰ ਅਸੀਂ ਇਤਿਹਾਸਿਕ ਸੱਚਾਈ ਨੂੰ ਮਾਨਸਿਕ ਤੇ ਅਮਲੀ ਤੌਰ 'ਤੇ ਕਦੇ ਵੀ ਨਹੀਂ ਸਮਝਿਆ। ਕੰਧ 'ਤੇ ਲਿਖੇ ਅੱਖਰਾਂ ਵਾਂਗ ਕੌਮ ਦੀ ਕਿਸਮਤ ਨੂੰ ਅਸੀਂ ਪੜ੍ਹਨ ਦੀ ਬਜਾਏ ਅੱਖ-ਪਰੋਖੇ ਹੀ ਕੀਤਾ ਹੈ, ਜਿਸ ਕਰਕੇ ਸਿੱਖ ਮੱਤ ਦਾ 'ਸਰਬੱਤ ਦੇ ਭਲੇ' ਵਾਲਾ ਮਹਾਨਤਮ ਫਲਸਫਾ ਸਾਡੀਆਂ ਝੂਠੀਆਂ ਕਸਮਾਂ-ਵਾਅਦਿਆਂ ਤੇ ਸਾਡੀ ਲੱਛੇਦਾਰ ਬਿਆਨਬਾਜ਼ੀ ਤਕ ਹੀ ਸਿਮਟ ਕੇ ਰਹਿ ਗਿਆ ਹੈ। ਇਸ ਪ੍ਰਸੰਗ ਵਿੱਚ ਸਾਨੂੰ ਆਪਣੇ ਇਤਿਹਾਸਕ ਤੇ ਸਾਹਿਤਕ ਵਿਰਸੇ ਨੂੰ ਸੰਭਾਲਣ ਦੀ ਗਰਜ਼ ਨਾਲ ਯੂਰਪੀਅਨ ਤੇ ਖ਼ਾਸ ਕਰਕੇ ਇੰਗਲੈਂਡ ਦੇ ਲੋਕਾਂ ਤੋਂ ਬਹੁਤ ਹੀ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਦੇ ਨਗਰਾਂ, ਪਾਰਕਾਂ ਤੇ ਸੜਕਾਂ ਵਿੱਚ ਥਾਂ-ਥਾਂ 'ਤੇ ਉਨ੍ਹਾਂ ਦੀਆਂ ਮਹਾਨ ਸ਼ਖ਼ਸੀਅਤਾਂ ਤੇ ਉਨ੍ਹਾਂ ਦੇ ਕਾਰਨਾਮਿਆਂ ਬਾਰੇ ਮੂੰਹੋਂ ਬੋਲਦੀ ਜਾਣਕਾਰੀ ਮਿਲਦੀ ਹੈ।
ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੀ ਹੋਂਦ ਤੇ ਹਸਤੀ ਨੂੰ ਕਾਇਮ-ਦਾਇਮ ਰੱਖਣ ਵਾਸਤੇ ਪਹਿਲਾਂ ਖ਼ੁਦ ਆਪਣੇ ਮਹਾਨ ਗੁਰੂ ਸਾਹਿਬਾਨ, ਉਨ੍ਹਾਂ ਦੇ ਸੰਗੀ-ਸਾਥੀ ਸ਼ਹੀਦਾਂ ਤੇ ਮੁਰੀਦਾਂ ਨੂੰ ਜਾਣੀਏ, ਫਿਰ ਉਸ ਤੋਂ ਵੀ ਵੱਧ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਪੁਰਖਿਆਂ ਤੇ ਆਪਣੇ ਭਵਿੱਖ ਦੀਆਂ ਵਾਰਿਸ ਨੌਜਵਾਨ ਪੀੜ੍ਹੀਆਂ ਦੇ ਵਿਚਕਾਰ 'ਇੱਕ ਕੜੀ' ਬਣ ਕੇ ਸਿੱਖ ਮੱਤ ਦੇ ਫਲਸਫੇ ਅਤੇ ਸਿੱਖ ਕੌਮ ਦੇ ਇਤਿਹਾਸ ਬਾਰੇ ਪਹਿਲਾਂ ਆਪਣੇ ਨੌਜਵਾਨਾਂ ਤੇ ਫਿਰ ਦੁਨੀਆਂ ਭਰ ਨੂੰ ਜਾਣਕਾਰੀ ਦੇ ਕੇ ਸੰਸਾਰ ਦੀਆਂ ਚਹੁੰ-ਕੂੰਟਾਂ ਵਿਚ ਨਸ਼ਰ ਕਰੀਏ। ਇਸ ਬਾਰੇ ਅਫ਼ਸੋਸ ਦੀ ਗੱਲ ਹੈ ਕਿ ਸਾਡੀ ਅਣਗਹਿਲੀ ਕਰਕੇ ਸਾਡੀਆਂ ਇਤਿਹਾਸਕ ਯਾਦਗਾਰਾਂ ਇਤਿਹਾਸ ਤੇ ਸਾਹਿਤ ਦੀ ਜਾਣਕਾਰੀ ਦੇਣ ਦੇ ਪੱਖੋਂ ਖਾਲਮ-ਖਾਲੀ ਪਈਆਂ ਹਨ ਅਤੇ ਫਿਰ ਸਾਡੇ ਵੱਲੋਂ ਪ੍ਰਚਾਰ ਤੇ ਪ੍ਰਸਾਰ ਨਾ ਹੋਣ ਕਰਕੇ ਸਾਡੇ ਮਾਨਸਿਕ ਖੋਖਲੇਪਣ ਦਾ ਪ੍ਰਤੀਕ ਬਣੀਆਂ ਹੋਇਆ ਹਨ। ਕਾਸ਼ ਕਿ ਅਸੀਂ ਆਪਣੀ ਇਤਿਹਾਸਕ ਧਰੋਹਰ ਨੂੰ ਇਨ੍ਹਾਂ ਸੁੱਹਪਣ ਤੇ ਸਲੀਕਾ ਦੇ ਸਕੀਏ ਕਿ ਸਾਡੇ ਇਤਿਹਾਸਕ ਸਮਾਰਕ 'ਆਪਣੀ ਕਹਾਣੀ ਆਪਣੀ ਹੀ ਜ਼ਬਾਨੀ' ਬਿਆਨ ਕਰ ਸਕਣ।
ਅੱਜ ਸਾਡਾ ਸ਼ਾਨਾਮੱਤਾ ਇਤਿਹਾਸ ਸਾਨੂੰ ਪੁੱਛਦਾ ਹੈ ਕਿ ਅਸੀਂ ਇਸ ਬਾਰੇ ਚੁੱਪ ਕਿਉਂ ਹਾਂ? ਕੀ ਸਾਡੇ ਵਿਚੋਂ ਕਿਸੇ ਕੋਲ ਵੀ ਇਸ ਇਤਿਹਾਸਕ ਵੰਗਾਰ ਦਾ ਜਵਾਬ ਹੈ?
ਕੁਲਬੀਰ ਸਿੰਘ ਸਿੱਧੂ