ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਸੂਰ ਬਾਦਲ ਸਾਹਿਬ ਨਾਲੋਂ ਵੱਧ ਸਿੱਖਾਂ ਦਾ ਵੀ ਹੈ


ਸਿੱਖਾਂ ਨੂੰ ਚੜ੍ਹਦੇ ਦਿਨ ਕੋਈ ਨਾ ਕੋਈ ਅਜਿਹੀ ਖ਼ਬਰ ਪੜ੍ਹਨ-ਸੁਣਨ ਨੂੰ ਮਿਲਦੀ ਹੈ ਜਿਸ ਵਿਚ ਸਿੱਖ ਧਰਮ ਦੇ ਮੂਲ ਸਿਧਾਂਤਾਂ ਨੂੰ ਅਣਡਿੱਠ ਕੀਤਾ ਗਿਆ ਹੋਵੇ। ਨੱਬੇ ਫੀਸਦੀ ਇਹਨਾਂ ਖ਼ਬਰਾਂ ਦਾ ਸਬੰਧ ਸਿੱਖਾਂ ਦੀ ਨੁਮਾਇੰਦਾ ਆਖੀ ਜਾਂਦੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਹੀ ਹੁੰਦਾ ਹੈ। ਸਿੱਖ ਸਮਝਦੇ ਹਨ ਕਿ ਇਹ ਪਾਰਟੀ ਦਾ ਗਠਨ ਸਿੱਖ ਹਿੱਤਾਂ ਦੀ ਰਾਖੀ ਕਰਨ ਵਜੋਂ ਕੀਤਾ ਗਿਆ ਸੀ ਇਸ ਲਈ ਉਹ ਇਸ ਵੱਲੋਂ ਸਿੱਖ ਸਿਧਾਂਤਾਂ ਦੀ ਕੀਤੀ ਗਈ ਉਲੰਘਣਾ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਵਿਰੋਧੀ ਪਾਰਟੀਆਂ ਸਮੇਤ ਸਿੱਖ ਜਥੇਬੰਦੀਆਂ ਵੀ ਲਗਾਤਾਰ ਅਜਿਹੇ ਮਸਲੇ ਚੁੱਕਦੀਆਂ ਰਹਿੰਦੀਆ ਹਨ। ਕੁਝ ਦਿਨ ਇਸ ਦਾ ਤਿੱਖਾ ਪ੍ਰਤੀਕਰਮ ਜ਼ਰੂਰ ਹੁੰਦਾ ਹੈ ਪਰ ਉਸ ਵੇਲੇ ਤੱਕ ਕੋਈ ਅਜਿਹਾ ਮਸਲਾ ਉਠ ਖੜ੍ਹਾ ਹੁੰਦਾ ਹੈ ਜਦਕਿ ਪਹਿਲੇ ਮਸਲੇ ਦਾ ਕੋਈ ਸਾਰਥਿਕ ਹੱਲ ਵੀ ਨਹੀਂ ਨਿਕਲਿਆ ਹੁੰਦਾ। 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਪੰਜਾਬ ਦੇ ਆਰਥਿਕ ਮਾਮਲੇ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਜੇਲ੍ਹਾਂ 'ਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ, ਸਿੱਖ ਪੀੜਤਾਂ ਦੇ ਮੁੜ ਵਸੇਵੇ, ਨਾਨਕਸ਼ਾਹੀ ਕੈਲੰਡਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਭ੍ਰਿਸ਼ਟਾਚਾਰ, ਡੇਰਾਵਾਦ ਦਾ ਫੈਲਾਅ, ਪਤਿਤਪੁਣੇ ਦੀ ਲਹਿਰ ਜਿਹੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ। ਇਹਨਾਂ ਸਾਰੀਆਂ ਸਿੱਖ ਸਮੱਸਿਆਵਾਂ ਵਿਚ ਸ਼੍ਰੋਮਣੀ ਅਕਾਲੀ ਦਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਜ਼ਰੂਰ ਸ਼ਾਮਲ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜਾਂ ਤਾਂ ਇਹ ਮਾਮਲੇ ਖੁਦ ਪੈਦਾ ਕੀਤੇ ਹਨ ਜਾਂ ਫਿਰ ਕੁਝ ਵਿਚ ਉਸ ਨੇ ਸਿੱਖ ਪਾਰਟੀ ਹੋਣ ਦੇ ਨਾਤੇ ਰੁਚੀ ਹੀ ਨਹੀਂ ਦਿਖਾਈ, ਤਾਜ਼ੀਆਂ ਵਾਪਰੀਆਂ ਦੋ ਪ੍ਰਮੁੱਖ ਘਟਨਾਵਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪੰਜਾਬ ਵਿਚ ਹੋਏ ਵਿਸ਼ਵ ਕਬੱਡੀ ਕੱਪ ਦੀ ਸ਼ੁਰੂਆਤ ਅਤੇ ਸਮਾਪਤੀ ਸਮਾਰੋਹਾਂ ਵਿਚ ਅਸ਼ਲੀਲ ਮੁਜਰੇ ਕਰਵਾਉਣ ਦੀ ਗੱਲ ਤੇ ਖਾਲਸਾ ਵਿਰਾਸੀ ਕੰਪਲੈਕਸ ਵਿਚੋਂ ਖੰਡੇ ਦੀ ਸ਼ਕਲ ਦਾ ਤਿੰਨ ਸੌ ਫੁੱਟ ਉੱਚਾ ਭਵਨ ਉਸਾਰਨਾ ਬੰਦ ਕਰਨ ਅਤੇ ਇਸ ਦੇ ਉਦਘਾਟਨੀ ਸਮਾਰੋਹਾਂ ਵਿਚ ਉਹਨਾਂ ਲੋਕਾਂ ਨੂੰ ਸ਼ਾਮਲ ਕਰਨਾ ਹੈ ਜੋ ਕਿਸੇ ਵੀ ਤਰ੍ਹਾਂ ਸਿੱਖ ਸਮਾਗਮਾਂ ਵਿਚ ਮਹਿਮਾਨਾਂ ਵਜੋਂ ਪੁੱਜੇ ਹੋਏ ਚੰਗੇ ਨਹੀਂ ਲੱਗਦੇ। ਇਸ ਮੌਕੇ ਭਾਵੇਂ ਸਿੱਖਾਂ ਨੇ ਵੱਡੀ ਪੱਧਰ 'ਤੇ ਇਸ ਦਾ ਵਿਰੋਧ ਕਰਕੇ ਸ੍ਰੀ ਆਨੰਦਪੁਰ ਸਾਹਿਬ ਵਿਚ ਹੋਣ ਵਾਲੇ ਸਮਾਗਮਾਂ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਰਹੀਆਂ ਫਿਲਮੀ ਹਸਤੀਆਂ ਨੂੰ ਰੋਕ ਲਿਆ ਹੈ ਪਰ ਇਸ ਦੇ ਨਾਲ ਹੀ ਇਹੋ ਜਿਹੀਆਂ ਹੋਰ ਹੋਣ ਵਾਲੀਆਂ ਗੱਲਾਂ ਤੋਂ ਪੱਕੇ ਤੌਰ 'ਤੇ ਰੋਕ ਹਟ ਨਹੀਂ ਗਈ। ਸੰਭਵ ਹੈ ਕਿ ਜੇ ਬਠਿੰਡੇ ਵਾਲੇ ਕਬੱਡੀ ਮੈਚਾਂ ਦੀ ਸ਼ੁਰੂਆਤ ਸਮੇਂ ਅਕਾਲੀ ਦਲ ਦੀ ਸਟੇਜ ਤੋਂ ਅਧ-ਨੰਗੀਆਂ ਕੁੜੀਆਂ ਦੇ ਨੱਚਣ ਦੀ ਘਟਨਾ ਦੀ ਵੱਡੀ ਚਰਚਾ ਨਾ ਹੁੰਦੀ ਤਾਂ ਸ੍ਰੀ ਆਨੰਦਪੁਰ ਸਾਹਿਬ ਵਾਲੇ ਨਿਸ਼ਾਨ-ਏ-ਖਾਲਸਾ ਦੇ ਸਮਾਗਮਾਂ ਵਿਚ ਪੁੱਜਣ ਵਾਲੇ ਸਿੱਖ ਵਿਰੋਧੀ ਲੋਕਾਂ ਨੂੰ ਸ਼ਾਮਲ ਹੋਣ ਤੋਂ ਨਾ ਰੋਕਿਆ ਜਾ ਸਕਦਾ।
ਜਦੋਂ ਸਿੱਖ ਕੌਮ ਦਾ ਬਹੁਤਾ ਹਿੱਸਾ ਇਹ ਗੱਲ ਸਰਬਸੰਮਤੀ ਨਾਲ ਮੰਨਦਾ ਹੈ ਕਿ ਮੌਜੂਦਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘਬਾਦਲ ਦੀ ਅਗਵਾਈ ਵਿਚ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਸਿੱਖ ਸਰੋਕਾਰਾਂ ਨਾਲ ਵਾਹ-ਬਾਸਤਾ ਹੀ ਨਹੀਂ ਰਹਿ ਗਿਆ ਸਗੋਂ ਇਸ ਵੱਲੋਂ ਕੀਤੇ ਜਾ ਰਹੇ ਬਹੁਤੇ ਕੰਮ ਸਿੱਖ ਸਿਧਾਂਤਾਂ ਨੂੰ ਮਲੀਆਮੇਟ ਕਰਨ ਵਾਲੇ ਹਨ ਤਾਂ ਫਿਰ ਕੀ ਕਾਰਨ ਹੈ ਕਿ ਅਜੇ ਵੀ ਇਸ ਪਰਿਵਾਰ ਦੀ ਸਿੱਖ ਕੌਮ 'ਤੇ ਪੂਰੀ ਦਵਸ਼ ਕਿਉਂ ਹੈ? ਖੁਦ ਮੁੱਖ ਮੰਤਰੀ ਸ੍ਰ. ਬਾਦਲ ਸਭ ਤੋਂ ਵੱਧ ਵਾਰੀ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿ ਚੁੱਕੇ ਇਸ ਤੋਂ ਇਲਾਵਾ ਉਸ ਦਾ ਆਪਣਾ ਪਰਿਵਾਰ ਅਤੇ ਤਕਰੀਬਨ ਸਾਰੇ ਰਿਸ਼ਤੇਦਾਰ ਵੀ ਪੰਜਾਬ ਦੀ ਸਿਆਸਤ ਵਿਚ ਪ੍ਰਮੁੱਖ ਅਹੁਦਿਆਂ 'ਤੇ ਕਬਜ਼ਾ ਕਰੀ ਬੈਠੇ ਹਨ। ਕਿਆਸਆਈਆਂ ਇਹ ਵੀ ਹਨ ਕਿ ਸ੍ਰ. ਬਾਦਲ ਤੋਂ ਬਾਅਦ ਉਸ ਦਾ ਪੁੱਤਰ ਸ੍ਰ. ਸੁਖਬੀਰ ਸਿੰਘ ਬਾਦਲ ਜਾਂ ਫਿਰ ਉਸ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਉਸ ਦੀ ਥਾਂ ਲੈਣ ਲਈ ਪੂਰੀ ਤਰ੍ਹਾਂ ਤਿਆਰ ਬੈਠੇ ਹਨ। ਭਾਵ ਕਿ ਸਿੱਖ ਸਿਆਸਤ ਵਿਚ ਅੱਜ ਵਰਗੀ ਸਿੱਖ ਵਿਰੋਧੀ ਨੀਤੀ ਦੇ ਖਤਮ ਹੋ ਜਾਣ ਦੀ ਉਮੀਦ ਭਵਿੱਖ ਵਿਚ ਵੀ ਦਿਖਾਈ ਨਹੀਂ ਦਿੰਦੀ।
ਹੁਣ ਜਦੋਂ ਸਿੱਖ ਕੌਮ ਦਾ ਬਹੁਤਾ ਹਿੱਸਾ ਇਹ ਮੰਨ ਰਿਹਾ ਹੈ ਕਿ ਬਾਦਲ ਪਰਿਵਾਰ ਦਾ ਕੌਮ ਨਾਲ ਦਿਲੋਂ ਮੋਹ ਹੋਣ ਦੀ ਥਾਂ ਸਿਰਫ਼ ਦਿਖਾਵੇ ਵਜੋਂ ਹੀ ਹੈ ਅਤੇ ਭਾਜਪਾ ਵਰਗੀਆਂ ਸਿੱਖ ਕੌਮ ਵਿਰੋਧੀ ਪਾਰਟੀਆਂ ਨਾਲ ਗੈਰ ਸਿਧਾਂਤਕ ਗੱਠਜੋੜ ਉਹਨਾਂ ਵੱਲੋਂ ਆਪਣੀ ਕੌਮ ਦੇ ਸਿਧਾਂਤਾਂ ਨੂੰ ਪਿੱਛੇ ਸੁੱਟ ਕੇ ਕੀਤਾ ਗਿਆ ਹੈ ਤਾਂ ਸਾਨੂੰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਕਿ ਬਾਦਲ ਪਰਿਵਾਰ ਦੀਆਂ ਸਾਰੀਆਂ ਸਰਗਰਮੀਆਂ ਸਿਰਫ਼ ਆਪਣੀ ਕੁਰਸੀ ਸਲਾਮਤ ਰੱਖਣ ਲਈ ਹੀ ਹਨ। ਇਸ ਗੱਲ ਨੂੰ ਅਸੀਂ ਸਾਰੇ ਚੰਗੀ ਤਰ੍ਹਾਂ ਮਹਿਸੂਸ ਵੀ ਕਰ ਰਹੇ ਹਾਂ। ਜਦੋਂ ਅਸੀਂ ਮੰਨਦੇ ਹਾਂ ਕਿ ਸ੍ਰ. ਬਾਦਲ ਦੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਕੰਮ ਆਪਣੇ ਪਰਿਵਾਰ ਦੀ ਭਲਾਈ ਲਈ ਹੀ ਹਨ ਤਾਂ ਸਾਨੂੰ ਇਹ ਮੰਨਣਾ ਪਵੇਗਾ ਕਿ ਇਸ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਸਿੱਖਾਂ ਦੇ ਕਸੂਰ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ ਸਗੋਂ ਸਿੱਖਾਂ ਦਾ ਕਸੂਰ ਇਸ ਵਿਚ ਵੱਧ ਮੰਨਿਆ ਜਾਣਾ ਚਾਹੀਦਾ ਹੈ ਜੋ ਕਿ ਇਹ ਜਾਣਦੇ ਹੋਏ ਵੀ ਕਿ ਬਾਦਲ ਪਰਿਵਾਰ ਸਿੱਖ ਹਿੱਤ ਵਿਚ ਕੰਮ ਨਹੀਂ ਕਰ ਰਿਹਾ ਤਾਂ ਵੀ ਉਸ ਨੂੰ ਮੁੜ-ਮੁੜ ਸੱਤਾ ਦੀ ਕੁਰਸੀ 'ਤੇ ਬਿਰਾਜਮਾਨ ਕਰ ਰਿਹਾ ਹੈ। ਜਿਸ ਦਾ ਸਿੱਖ ਕੌਮ ਨਾਲ ਕੋਈ ਸਰੋਕਾਰ ਹੀ ਨਹੀਂ ਰਿਹਾ ਉਸ ਵੱਲੋਂ ਆਪਣਾ ਰਾਜ-ਭਾਗ ਬਣਾਈ ਰੱਖਣ ਲਈ ਵੇਲ਼ੇ ਜਾ ਰਹੇ ਪਾਪੜ ਤਾਂ ਸਮਝ ਆਉਂਦੇ ਹਨ ਪਰ ਕੀ ਸਿੱਖਾਂ ਨੂੰ ਆਉਣ ਵਾਲਾ ਇਤਿਹਾਸ ਇਹ ਗੱਲ ਜ਼ਰੂਰ ਪੁੱਛੇਗਾ ਕਿ ਆਖਰ ਸਿੱਖਾਂ ਦੀ ਕੀ ਮਜ਼ਬੂਰੀ ਸੀ ਕਿ ਉਹ ਆਪਣੀ ਕੌਮ ਨੂੰ ਹਰ ਪੱਖੋਂ ਨੁਕਸਾਨ ਪਹੁੰਚਾ ਰਹੇ ਇਕ ਆਗੂ ਨੂੰ ਲਗਾਤਾਰ ਇੰਨੀ ਤਾਕਤ ਦਿੰਦੇ ਰਹੇ ਜਿਸ ਨਾਲ ਸਿਰਫ਼ ਉਹ ਹੀ ਨਹੀਂ ਸਗੋਂ ਉਸ ਦਾ ਪਰਿਵਾਰ ਅਤੇ ਰਿਸ਼ਤੇਦਾਰ ਵੀ ਸਾਰੇ ਪ੍ਰਮੁੱਖ ਅਹੁਦੇ ਸਾਂਭ ਕੇ ਤਾਕਤਵਾਰ ਬਣੇ ਰਹੇ। ਇਸ ਦਾ ਜਵਾਬ ਦੇਣ ਸਮੇਂ ਸਾਡੀਆਂ ਭਵਿੱਖਤ ਪੀੜ੍ਹੀਆਂ ਨੂੰ ਸ਼ਰਮਸਾਰ ਜ਼ਰੂਰ ਹੋਣਾ ਪਵੇਗਾ।