ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਗਸੀਰ ਸਿੰਘ ਸੰਧੂ ਨੂੰ ''ਪਹਿਰੇਦਾਰ ਐਵਾਰਡ'' ਮਿਲਣ 'ਤੇ ਵਿਸ਼ੇਸ਼


 ਪੰਥਕ ਪੱਤਰਕਾਰ ਵਜੋਂ ਸਥਾਪਿਤ ਹੋਇਆ ਜਗਸੀਰ ਸਿੰਘ ਸੰਧੂ
  ਪੰਜਾਬੀ ਪੱਤਰਕਾਰੀ ਦੇ ਵਿਹੜੇ ਵਿਚ ਸੱਚ ਦਾ ਸੂਰਜ ਬਣਕੇ ਪੰਜਾਬੀਅਤ ਦਾ ਚਾਨਣ ਵੰਡਦਾ ਹੱਕ ਸੱਚ ਦਾ ''ਪਹਿਰੇਦਾਰ'' ਛੇਵੇਂ ਵਰ੍ਹੇ ਵਿਚ ਪ੍ਰਵੇਸ ਕਰ ਗਿਆ ਹੈ। ''ਪਹਿਰੇਦਾਰ'' ਦੀ ਕਾਮਯਾਬੀ ਪਿੱਛੇ ਸ੍ਰ: ਜਸਪਾਲ ਸਿੰਘ ਹੇਰਾਂ ਦੀ ਜਿੰਦਗੀ ਦੀ ਵੱਡੀ ਤਪੱਸਿਆ ਹੈ, ਜਿਹਨਾਂ ਨੇ ਜਗਰਾਉਂ ਜਿਹੇ ਛੋਟੇ ਜਿਹੇ ਸ਼ਹਿਰ ਤੋਂ ਇਕ ਤੰਗ ਜਿਹੇ ਦਫ਼ਤਰ ਵਿਚ ਤੰਗੀਆਂ ਤੁਰਸੀਆਂ ਕੱਟਦੇ ਹੋਏ, ਅੱਜ ''ਪਹਿਰੇਦਾਰ'' ਨੂੰ ਪੰਜਾਬੀ ਪੱਤਰਕਾਰੀ ਵਿਚ ਉਸ ਮੁਕਾਮ 'ਤੇ ਲੈ ਆਂਦਾ ਹੈ, ਜਿਥੇ ਪੂਰੇ ਸੰਸਾਰ ਭਰ ਵਿਚ ਵਸਦੇ ਪੰਜਾਬੀਆਂ ਨੂੰ ਅੱਜ ''ਪਹਿਰੇਦਾਰ'' ਨੂੰ ਦੇਖੇ ਬਿਨਾਂ ਸਵੇਰ ਦੀ ਚਾਹ ਵੀ ਸੁਆਦ ਨਹੀਂ ਲੱਗਦੀ। ਸ੍ਰ: ਜਸਪਾਲ ਸਿੰਘ ਹੇਰਾਂ ਨੇ ਪੰਜਾਬੀ ਪੱਤਰਕਾਰੀ ਵਿਚੋਂ ਕਈ ਹੀਰੇ ਲੱਭ ਕੇ ਪਹਿਰੇਦਾਰ ਦੀ ਟੀਮ ਨੂੰ ਸਿੰਗਾਰਿਆ ਹੈ, ਇਹਨਾਂ ਵਿਚੋਂ ਇਕ ਕੋਹਿਨੂਰ ਹੀਰਾ ਹੈ 'ਜਗਸੀਰ ਸਿੰਘ ਸੰਧੂ' ਜੋ ਪਿਛਲੇ ਢਾਈ ਸਾਲ ਤੋਂ ਬਰਨਾਲਾ ਜ਼ਿਲੇ ਦੇ ਇੰਚਾਰਜ ਵਜੋਂ ਪਹਿਰੇਦਾਰੀ ਕਰ ਰਹੇ ਹਨ। ਉਹਨਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਅਦਾਰਾ ''ਪਹਿਰੇਦਾਰ'' ਵੱਲੋਂ ਆਪਣੀ ਛੇਵੀਂ ਵਰ੍ਹੇਗੰਢ ਸਮੇਂ ਜਗਸੀਰ ਸਿੰਘ ਸੰਧੂ ਨੂੰ ''ਪਹਿਰੇਦਾਰ ਅਵਾਰਡ'' ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਪਿੰਡ ਕਿਰਪਾਲ ਸਿੰਘ ਵਾਲਾ ਵਿਖੇ 25 ਦਸੰਬਰ 1965 ਨੂੰ ਸ੍ਰ: ਨਿਧਾਨ ਸਿੰਘ ਦੇ ਗ੍ਰਹਿ ਵਿਖੇ ਜਨਮ ਲੈਣ ਵਾਲੇ ਜਗਸੀਰ ਸਿੰਘ ਸੰਧੂ ਨੇ ਆਪਣੇ ਪਿੰਡ ਤੋਂ ਇਲਾਵਾ ਕਲਾਲ ਮਾਜਰਾ ਅਤੇ ਦੱਧਾਹੂਰ ਦੇ ਸਕੂਲਾਂ ਤੋਂ ਵਿੱਦਿਆ ਪ੍ਰਾਪਤ ਕੀਤੀ। ਇਸ ਉਪਰੰਤ ਪ੍ਰਵਾਰਿਕ ਰੁਝੇਵੇਂ ਸੰਧੂ ਨੂੰ ਪਿੰਡ ਬਦਿਆਲਾ (ਬਠਿੰਡਾ) ਵਿਖੇ ਲੈ ਗਏ, ਜਿਥੇ ਖੇਤੀਬਾੜੀ ਦਾ ਧੰਦਾ ਕਰਦਾ-ਕਰਦਾ ਉਹ ਸਿੱਖ ਸੰਘਰਸ਼ ਦੌਰਾਨ ਚੱਲੇ ਵਾ-ਵਰੋਲਿਆਂ ਦੀ ਲਪੇਟ ਵਿਚ ਆਇਆ ਬਰਨਾਲਾ  ਦੀ ਧਰਤੀ 'ਤੇ ਆ ਵਸਿਆ ਅਤੇ ਹਾਲਾਤਾਂ ਦੀ ਮਾਰ ਝੱਲਦਾ-ਝੱਲਦਾ ਪੱਤਰਕਾਰੀ ਦੇ ਰਾਹ ਪੈ ਗਿਆ। ਨਵਾਂ ਜ਼ਮਾਨਾ ਅਖ਼ਬਾਰ ਤੋਂ ਪੱਤਰਕਾਰੀ ਦੇ ਖੇਤਰ ਵਿਚ ਕੁੱਦਿਆ ਸੰਧੂ ਬਹੁਤ ਜਲਦੀ ਮੋਹਾਲੀ ਤੋਂ ਛਪਦੇ ਇਕ ਅਖ਼ਬਾਰ ਵਿਚ ਜ਼ਿਲਾ ਇੰਚਾਰਜ ਬਣ ਗਿਆ। ਉਥੇ ਤਿੰਨ ਸਾਲ ਕੰਮ ਕਰਨ ਬਾਅਦ ਸੰਧੂ ਨੇ ਕੁਝ ਚਿਰ ਦੇਸ਼-ਵਿਦੇਸ਼ ਟਾਇਮਜ ਵਿਚ ਕੰਮ ਕੀਤਾ। ਇਸ ਦੌਰਾਨ ਸੰਧੂ ਪ੍ਰੋਗਰੈਸਿਵ ਪ੍ਰੈਸ ਕਲੱਬ ਬਰਨਾਲਾ ਦਾ ਜਨਰਲ ਸਕੱਤਰ ਵੀ ਰਿਹਾ ਅਤੇ ਪੰਜਾਬ ਸਰਕਾਰ ਵੱਲੋਂ ਉਸ ਨੂੰ ਜ਼ਿਲਾ ਭਾਸ਼ਾ ਕਮੇਟੀ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ ਹੈ। ਸ੍ਰ: ਜਸਪਾਲ ਸਿੰਘ ਸਿੰਘ ਹੇਰਾਂ ਦੀ ਪਾਰਖੂ ਅੱਖ ਨੇ ਪੰਥਕ ਪੱਤਰਕਾਰ ਵਜੋਂ ਸਥਾਪਿਤ ਹੋਰ ਰਹੇ ਸੰਧੂ ਨੂੰ ਪਛਾਣ ਲਿਆ ਅਤੇ ਹੁਣ ਪਿਛਲੇ ਢਾਈ ਸਾਲ ਤੋਂ ਸੰਧੂ ਜਿਥੇ ''ਪਹਿਰੇਦਾਰ''  ਦਾ ਬਰਨਾਲਾ ਸਬ ਆਫ਼ਿਸ ਦਾ ਇੰਚਾਰਜ ਹੈ, ਉਥੇ ਉਹਨਾਂ ਦਾ ਕਾਲਮ ''ਘੁਣਤਰਾਂ'' ਹਰ ਰੋਜ 'ਪਹਿਰੇਦਾਰ' ਅਖ਼ਬਾਰ ਦਾ ਸਿੰਗਾਰ ਬਣ ਰਿਹਾ ਹੈ।  ਜਗਸੀਰ ਸਿੰਘ ਸੰਧੂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ 'ਅਦਾਰਾ ਪਹਿਰੇਦਾਰ' ਵੱਲੋ 2011 ਸਾਲਾਨਾ ਸਮਾਗਮ ਦੌਰਾਨ ''ਪਹਿਰੇਦਾਰ ਅਵਾਰਡ'' ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਦੀਆਂ ਵਧਾਈਆਂ ਦਿੰਦੇ ਹੋਏ ਅਸੀਂ ਆਸ ਕਰਦੇ ਹਾਂ ਕਿ ਸੰਧੂ ਦੀ ਕਲਮ ਇਸੇ ਤਰ੍ਹਾਂ ਬੇਖੌਫ ਹੋ ਕੇ ਚਲਦੀ ਰਹੇਗੀ ਅਤੇ ਦੱਬੇ ਕੁਚਲੇ ਲੋਕਾਂ ਲਈ ਆਵਾਜ਼ ਬੁਲੰਦ ਕਰਦੀ ਰਹੇਗੀ।   

   ਗੁਰਸੇਵਕ ਸਿੰਘ ਧੌਲਾ