ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬੁਢਾਪੇ ਦੇ ਸੁਖਦ ਪਹਿਲੂ


ਸਿਰਲੇਖ ਵਿਚ ਸ਼ਬਦ 'ਸੁਖਦ' ਗਲਤੀ ਨਾਲ ਨਹੀਂ ਲਿਖਿਆ ਗਿਆ। ਬੁਢਾਪੇ ਦੀ ਸੁਖਮਈ ਤਸਵੀਰ ਸੰਭਵ ਹੈ। ਅਨੇਕ ਥਾਈਂ ਇਹ ਵੇਖਣ ਨੂੰ ਮਿਲਦੀ ਵੀ ਹੈ ਪਰ ਬਹੁਤੀਆਂ ਮਾੜੀਆਂ ਹਾਲਤਾਂ ਵਿਚ ਗੁਜ਼ਰਦੇ ਰਹਿਣ ਕਾਰਨ ਸਾਡੀ ਧਾਰਨਾ ਬਣੀ ਹੋਈ ਹੈ ਕਿ ਬੁਢਾਪਾ 'ਦੁੱਖਾਂ ਦੀ ਪੰਡ' ਹੈ। ਇਸ ਸੋਚ ਨੂੰ ਬਦਲਣ ਦੀ ਲੋੜ ਹੈ। ਸਾਡੀਆਂ ਹੋਰ ਅਨੇਕਾਂ ਧਾਰਨਾਵਾਂ ਸਮੇਂ ਨਾਲ ਬਦਲਦੀਆਂ ਹਨ। ਮਿਸਾਲ ਵਜੋਂ ਕਿਸੇ ਜ਼ਮਾਨੇ ਵਿੱਚ ਵਿਧਵਾ ਜਾਂ ਤਲਾਕਸ਼ੁਦਾ ਔਰਤ ਨੂੰ ਦੁੱਖ ਦੀ ਮੂਰਤੀ ਵਜੋਂ ਵੇਖਿਆ ਜਾਂਦਾ ਸੀ ਪਰ ਅੱਜ ਬਿਲਕੁਲ ਉਵੇਂ ਨਹੀਂ ਹੈ। ਬਹੁਤ ਸਾਰੀਆਂ ਔਰਤਾਂ ਨੇ ਸਾਹਸ ਅਤੇ ਹਿੰਮਤ ਵਿਖਾ ਕੇ ਜ਼ਿੰਦਗੀ ਦੇ ਅਜਿਹੇ ਹਾਦਸਿਆਂ ਦਾ ਸਾਹਮਣਾ ਕੀਤਾ ਹੈ। ਉਹ ਆਪਣੇ ਪੈਰਾਂ 'ਤੇ ਖਲੋ ਕੇ ਚੰਗਾ ਜੀਵਨ ਜਿਉਂਦੀਆਂ ਹਨ। ਇਸੇ ਤਰ੍ਹਾਂ, ਬੁਢਾਪੇ ਦੀ ਝਾਕੀ ਦੁੱਖ, ਦਰਦ ਅਤੇ ਦਲਿੱਦਰ ਤੋਂ ਭਿੰਨ ਹੋ ਸਕਦੀ ਹੈ।
ਬੁਢਾਪਾ ਘਟਦੀ ਇੰਦ੍ਰਿਆਵੀ ਸਮਰੱਥਾ ਅਤੇ ਵਧਦੀ ਪਰਨਿਰਭਰਤਾ ਕਾਰਨ ਪੈਦਾ ਹੁੰਦੀ ਬੇਵਸੀ ਕਾਰਨ ਦੁਖਦ ਹੁੰਦਾ ਹੈ। ਨੈਣੋਂ-ਪ੍ਰਾਣੋਂ ਨਿਤਾਣੇ ਹੋਣ ਕਰਕੇ ਕਈ ਤਰ੍ਹਾਂ ਦੇ ਰੋਗ ਵੀ ਸਿਰ ਚੁੱਕ ਲੈਂਦੇ ਹਨ। ਨੇੜੇ ਢੁੱਕ ਰਹੀ ਮੌਤ ਦਾ ਭੈਅ ਅੱਡ ਤ੍ਰਾਸ ਪੈਦਾ ਕਰਦਾ ਹੈ। ਪਰਿਵਾਰ ਦੇ ਜੀਆਂ ਦੀ ਬੇਪਰਵਾਹੀ ਅਤੇ ਨਾਕਾਫ਼ੀ ਸਮਾਜਿਕ ਸੁਰੱਖਿਆ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕਰਦੀ ਹੈ। ਵੈਸੇ, ਕੁਝ ਤਾਂ ਕੁਦਰਤੀ ਵਰਤਾਰੇ ਹਨ। ਜੀਵਨ-ਚੱਕਰ ਜਿਉਂ-ਜਿਉਂ ਪੂਰਾ ਹੋਣ ਨੂੰ ਹੁੰਦਾ ਹੈ ਜੀਵਨ-ਜੋਤ ਹਿੱਸਣ ਲੱਗਦੀ ਹੈ। ਆਪਣੇ ਅਰੰਭ ਤੋਂ ਲੈ ਕੇ ਵਿਭਿੰਨ ਹਾਲਤਾਂ ਵਿੱਚੋਂ ਗੁਜ਼ਰਦੀ ਆਈ ਨਦੀ ਵੀ ਸਮੁੰਦਰ ਵਿੱਚ ਮਿਲਣ ਵੇਲੇ ਬਹੁਤ ਸ਼ਾਂਤ ਤੇ ਸਹਿਜ ਹੋ ਜਾਂਦੀ ਹੈ ਪਰ ਬੁਢਾਪੇ ਦੀਆਂ ਪ੍ਰੇਸ਼ਾਨੀਆਂ ਦੇ ਬਹੁਤੇ ਕਾਰਨ ਸਮਾਜਿਕ ਹਨ ਅਤੇ ਕੁਝ ਹੱਦ ਤੀਕ ਵਿਅਕਤੀਗਤ ਵੀ। ਇਹ ਟਾਲੇ ਜਾ ਸਕਦੇ ਹਨ। ਉਮਰ ਦੇ ਇਸ ਪੜਾਅ ਤੱਕ ਇਕੱਠੀ ਕੀਤੀ ਸਿਆਣਪ ਵੀ ਸਹਾਈ ਹੋ ਸਕਦੀ ਹੈ। ਫਿਰ ਮਾਣ ਨਾਲ ਬੁੱਢੇ ਹੋਣਾ ਕਮਾਲ ਵੀ ਤਾਂ ਹੋ ਸਕਦਾ ਹੈ।
ਮਨੁੱਖੀ ਅਉਧ ਦਾ ਕੋਈ ਪੜਾਅ ਅਜਿਹਾ ਨਹੀਂ  ਜਿਸ ਵਿੱਚ ਜੇ ਦੁੱਖ ਹਨ ਤਾਂ ਨਾਲ ਸੁੱਖ ਨਾ ਹੋਣ। ਦੁੱਖਾਂ ਅਤੇ ਸੁੱਖਾਂ ਦੀ ਇਹ ਮਿੱਸ ਉਮਰ ਭਰ ਮਿਲਦੀ ਹੈ। ਹਾਂ, ਕਦੇ ਸੁੱਖਾਂ ਦਾ ਪਲੜਾ ਭਾਰੀ ਲੱਗਦਾ ਹੈ ਅਤੇ ਕਦੇ ਦੁੱਖਾਂ ਦਾ। ਵੈਸੇ, ਬਚਪਨ ਵੀ ਦੁਖੀ ਰਹਿ ਸਕਦਾ ਹੈ ਜੇ ਠੀਕ ਪਾਲਣ-ਪੋਸ਼ਣ ਨਾ ਮਿਲੇ ਅਤੇ ਕਮਜ਼ੋਰ ਕਾਇਆ ਬਿਮਾਰੀਆਂ ਦੇ ਮੁੜ ਮੁੜ ਹੁੰਦੇ ਹੱਲਿਆਂ ਨਾਲ ਝੰਬੀ ਜਾਵੇ, ਲਾਡ-ਪਿਆਰ ਅਤੇ ਸਾਂਭ-ਸੰਭਾਲ ਪੱਖੋਂ ਵਾਂਝੀ ਰਹਿ ਜਾਵੇ ਬਾਲ-ਆਤਮਾ। ਅਪਮਾਨ, ਫਿਟਕਾਰ ਅਤੇ ਭਾਂਤ ਭਾਂਤ ਦੇ ਵਿਤਕਰੇ, ਵਿੱਦਿਆ-ਪ੍ਰਾਪਤੀ ਦੇ ਮੌਕੇ ਨਾ ਮਿਲ ਸਕਣੇ, ਦੁੱਖ ਹੀ ਤਾਂ ਹਨ। ਮਾਪਿਆਂ ਦੀ ਗ਼ੈਰ-ਜ਼ਿੰਮੇਵਾਰੀ ਦੀ ਸਜ਼ਾ ਵੀ ਬੱਚੇ ਨੂੰ ਭੁਗਤਣੀ ਪੈਂਦੀ ਹੈ। ਇਵੇਂ ਹੀ ਜਵਾਨੀ ਵੀ ਖੁਆਰ ਹੋ ਸਕਦੀ ਹੈ। ਬੜੇ ਹੋਣਹਾਰ ਗੱਭਰੂ ਗੁੰਮਰਾਹ ਹੋ ਕੇ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦੇ ਹਨ। ਬੇਰੁਜ਼ਗਾਰੀ ਕਾਰਨ ਲਾਚਾਰੀ ਹੁੰਦੀ ਹੈ ਤੇ ਭਵਿੱਖ ਧੁੰਦਲਾ ਹੁੰਦਾ ਹੈ। ਗੱਲ ਕੀ ਸਮਾਜ ਦੇ ਪ੍ਰਬੰਧ ਠੀਕ ਨਾ ਹੋਣ ਤਾਂ ਬਚਪਨ ਅਤੇ ਜਵਾਨੀ ਵਾਂਗ ਬੁਢਾਪਾ ਵੀ ਰੁਲ ਸਕਦਾ ਹੈ। ਇਸ ਤੋਂ ਉਲਟ, ਜੇ ਸਭ ਕੁਝ ਠੀਕ ਰਹੇ, ਜਿਵੇਂ ਕਿ ਸੰਸਾਰ ਦੇ ਕਈ ਮੁਲਕਾਂ ਵਿਚ ਹੁੰਦਾ ਹੈ, ਤਾਂ ਜ਼ਿੰਦਗੀ ਦੀ ਸਵੇਰ ਵਾਂਗ ਇਸ ਦੀ ਦੁਪਹਿਰ ਤਪਹਿਰ ਅਤੇ ਸ਼ਾਮ ਵੀ ਘੱਟ ਲੁਭਾਉਣੀ ਨਹੀਂ ਹੁੰਦੀ।
ਘੁਮਿਆਰ ਦੇ ਆਵੇ ਵਿੱਚ ਮਿੱਟੀ ਦੇ ਭਾਂਡੇ ਪੱਕਣ ਵਾਂਗ ਜ਼ਿੰਦਗੀ ਦੀ ਸੋਹਣੀ ਸਮਝ ਸਿਆਣੇ ਹੋਣ 'ਤੇ ਹੀ ਮਿਲਦੀ ਹੈ। ਇੰਜ 'ਸਿਆਣਪ' ਸਹਿਜ-ਪੱਕਿਆ ਫਲ ਹੈ। ਇਸ ਮੇਵੇ ਨੂੰ ਵਧੀਆ ਮਾਣਨ ਦੀ ਅਵਸਥਾ ਵੀ ਇਹੋ ਹੁੰਦੀ ਹੈ। ਬਾਲਪੁਣੇ ਵਿੱਚ ਪਲ ਦੀ ਪਲ ਖੁਸ਼ ਅਤੇ ਫਿਰ ਅਗਲੇ ਪਲ ਰੋਣਹਾਕੇ, ਕਦੇ ਤੋਲਾ ਕਦੇ ਮਾਸਾ ਕੱਚੀ ਅਤੇ ਅੰਞਾਣੀ ਉਮਰ ਜੁ ਹੋਈ। ਨਿੱਕੀਆਂ ਨਿੱਕੀਆਂ ਉਤੇਜਨਾਵਾਂ ਦੇ ਨਚਾਏ ਭੰਬੀਰੀ ਵਾਂਗ ਘੁੰਮਣਾ। ਜਾਗਦੇ ਹਰ ਪਲ ਭੰਵੀਂ ਜਾਣਾ ਕਦੇ ਏਧਰ ਕਦੇ ਓਧਰ। ਸਾਵਣ ਦੇ ਮਹੀਨੇ ਦੀ ਹਰਿਆਵਲ ਵਾਂਗ ਚੁਫੇਰੇ ਹਰਾ ਹੀ ਹਰਾ। ਫਿਰ ਜਵਾਨੀ ਆਉਂਦੀ ਹੈ ਨਿੱਸਰਦੀ ਫ਼ਸਲ ਵਾਂਗ। ਹੁੱਲੇ-ਹੁਲਾਰੇ ਬਹੁਤੇ ਤੇ ਮਨ ਦਾ ਟਿਕਾਉ ਥੋੜ੍ਹਾ। ਹਉਮੈ ਇੰਨੀ ਭਰਮਾਊ ਕਿ ਲਗਦੈ ਇਹ ਧਰਤੀ ਸਾਡੇ ਬਲ ਨਾਲ ਹੀ ਘੁੰਮਦੀ ਹੈ। ਵੱਡੇ-ਵੱਡੇ ਦਾਅਵੇ, ਇਕਰਾਰ ਇੱਕ ਤੋਂ ਵਧ ਕੇ ਇੱਕ। ਸਿਕੰਦਰ ਇਸ ਉਮਰੇ ਹੀ ਦੁਨੀਆਂ ਨੂੰ ਜਿੱਤਣ ਤੁਰ ਪਿਆ ਸੀ। ਉਮਰ ਪੁੱਗ ਕੇ ਕੁਝ ਅਨੁਭਵੀ ਹੋਇਆ ਹੁੰਦਾ ਤਾਂ ਆਪਣੇ ਮਨ ਨੂੰ ਜਿੱਤਣ ਦੀ ਗੱਲ ਵੀ ਕਰਦਾ। ਅਜਿੱਤ ਕਾਮਨਾਵਾਂ ਤੇ ਲਾਲਸਾਵਾਂ ਹੜ੍ਹ ਦੀਆਂ ਸ਼ੂਕਦੀਆਂ ਛੱਲਾਂ ਵਾਂਗ ਹੁੰਦੀਆਂ ਹਨ। ਸਮਝੋ, ਬਰਸਾਤ ਵਿੱਚ ਬੱਦਲ ਵਰ੍ਹੀ ਜਾਂਦੇ ਹਨ ਅਤੇ ਕਾਲੀਆਂ ਘਟਾਵਾਂ ਚੜ੍ਹ-ਚੜ੍ਹ ਆਉਂਦੀਆਂ ਹਨ। ਚੁਫੇਰੇ ਖੁਮਾਰ ਹੀ ਖੁਮਾਰ ਪਸਰਿਆ ਜਾਪਦਾ ਹੈ। ਅਨੁਭਵ ਦੇ ਫਲ ਲੱਗਦੇ ਹਨ ਪਰ ਅਜੇ ਅਵਿਕਸਿਤ ਤੇ ਕੱਚੇ ਹੁੰਦੇ ਹਨ। ਇਨ੍ਹਾਂ ਦੇ ਪੱਕਣ ਲਈ ਉਮਰ ਦੀ ਪੀਤੀ ਪੂਰੀ ਪੁਗਾਉਣੀ ਪੈਂਦੀ ਹੈ।
ਨੌਕਰੀ-ਚਾਕਰੀ ਕਰਦੇ ਲੋਕ ਜਦੋਂ ਸੇਵਾ-ਨਵ੍ਰਿਤ ਹੁੰਦੇ ਹਨ ਤਾਂ ਸ਼ੁਕਰ ਕਰਦੇ ਹਨ ਕਿ ਇਹ ਦਿਨ ਸੁੱਖੀ-ਸਾਂਦੀ ਆਇਆ ਹੈ। ਸਿਆਣੀ ਉਮਰ ਵੀ ਸ਼ੁਕਰਾਨੇ ਨਾਲ ਭਰਨ ਦਾ ਸਮਾਂ ਹੁੰਦਾ ਹੈ ਕਿ ਜੀਵਨ-ਚੱਕਰ ਪੂਰਾ ਹੋਣ ਨੂੰ ਹੈ। ਜ਼ਿੰਦਗੀ ਦੇ ਸਾਰੇ ਰੰਗ ਵੇਖ-ਮਾਣ ਲਏ ਅਤੇ ਸੂਝ-ਸਿਆਣਪ ਦਾ ਚਿੰਨ੍ਹ ਸਫੈਦ ਰੰਗ, ਜਿਸ ਵਿੱਚ ਸਾਰੇ ਰੰਗ ਮਿਲੇ ਹੁੰਦੇ ਹਨ, ਲਈ ਚਾਹਤ ਬਣਦੀ ਹੈ। ਧੁੱਪਾਂ-ਛਾਵਾਂ ਬਹੁਤ ਦੇਖੀਆਂ, ਸੰਜੋਗ-ਵਿਜੋਗ ਦੇ ਖੇਲ੍ਹੇ ਵੀ ਦੇਖੇ, ਅਨੁਰਾਗ ਵੀ ਮਾਣਿਆ ਤੇ ਹੁਣ ਵੈਰਾਗ ਦਾ ਰੰਗ ਮਾਣਨਾ ਹੈ। ਮਾਲਕੀਆਂ ਅਤੇ ਦਾਅਵੇ ਛੱਡਣ ਲਈ ਸੁੱਤੇ ਪਏ ਬਾਲ ਵਾਂਗ ਆਪਣੇ ਹੱਥਾਂ ਦੀਆਂ ਮੀਚੀਆਂ ਮੁੱਠੀਆਂ ਨੂੰ ਨਿੱਸਲ ਕਰਨ ਦਾ ਸਮਾਂ ਆਇਆ ਹੈ। ਇਹ ਵੀ ਮਹਿਸੂਸ ਕੀਤਾ ਜਾਵੇ ਕਿ ਬੋਝ ਢੋਣ ਦਾ ਆਪਣਾ ਅਹਿਸਾਸ ਹੈ ਅਤੇ ਭਾਰ-ਮੁਕਤ ਹੋਣ ਦਾ ਆਪਣਾ।
ਬੁਢਾਪੇ ਵਿਚ ਕੋਈ ਹੁੰਗਾਰਾ ਭਰਨ ਵਾਲਾ ਮਿਲ ਜਾਵੇ ਤਾਂ ਬੀਤੀਆਂ ਤੇ ਵਾਪਰੀਆਂ ਦੇ ਨਵੇਂ ਤੋਂ ਨਵੇਂ ਅਰਥ ਕੱਢੇ ਜਾਂਦੇ ਹਨ। ਆਪਣੀ ਪਹਿਲੀ ਉਮਰ ਦੀਆਂ ਮੂਰਖਤਾਈਆਂ ਨੂੰ ਵੀ ਚੁਟਕਲਿਆਂ ਵਾਂਗ ਸੁਣਾਉਣ ਦਾ ਆਨੰਦ ਮਿਲਦਾ ਹੈ।  ਅਨੇਕਾਂ ਬਜ਼ੁਰਗ ਇਸਤਰੀਆਂ ਆਪਣੇ ਵਿਆਹ ਦੇ ਪਹਿਲੇ ਦਿਨਾਂ ਦਾ ਪੁਨਰ-ਕਥਨ ਆਪਣੀਆਂ ਪੋਤ ਜਾਂ ਦੋਹਤ ਨੂੰਹਾਂ ਕੋਲ ਇੰਜ ਕਰਦੀਆਂ ਹਨ ਜਿਵੇਂ ਕੋਈ ਕਾਮਲ ਫਿਲਮ ਡਾਇਰੈਕਟਰ ਜ਼ਿੰਦਗੀ ਦੇ ਰਹੱਸਾਂ ਨੂੰ ਉਜਾਗਰ ਕਰਦੀ ਹੋਈ ਪਿਆਰੀ ਫਿਲਮ ਆਪਣੇ ਚੋਣਵੇਂ ਦਰਸ਼ਕਾਂ ਨੂੰ ਵਿਖਾ ਰਿਹਾ ਹੁੰਦਾ ਹੈ।
ਸੋਝੀ ਅਤੇ ਸਪਸ਼ਟ ਦ੍ਰਿਸ਼ਟੀ ਤੋਂ ਬਿਨਾਂ ਨਾ ਦੁੱਖ ਚਿੰਤਨ ਦਾ ਰਾਹ ਵਿਖਾਉਂਦਾ ਹੈ ਅਤੇ ਨਾ ਸੁੱਖ ਦਾ ਸਹੀ ਬੋਧ ਹੁੰਦਾ ਹੈ। ਇਹ ਦ੍ਰਿਸ਼ਟੀ ਬੁਢਾਪੇ ਦਾ ਹਾਸਿਲ ਹੁੰਦੀ ਹੈ। ਇਸੇ ਕਾਰਨ, ਅਜਰ ਨੂੰ ਜਰਨ ਦੀ ਸ਼ਕਤੀ ਵਧ ਜਾਂਦੀ ਹੈ। ਕੁਦਰਤ ਹੰਝੂਆਂ ਨੂੰ ਪਹਿਲਾਂ ਹੀ ਸੁਕਾ ਦਿੰਦੀ ਹੈ। ਇਸ ਲਈ ਬਜ਼ੁਰਗ ਉੱਚੀ ਉੱਚੀ ਰੋਂਦੇ-ਕੁਰਲਾਉਂਦੇ ਨਹੀਂ, ਕਦੇ ਕੋਈ ਹਉਕਾ ਭਾਵੇਂ ਨਿਕਲ ਆਵੇ। ਦੁਨੀਆਂ ਪ੍ਰਤੀ ਨੁਕਤਾਚੀਨ ਹੋਣ ਦੀ ਰੁਚੀ ਦੀ ਥਾਂ ਸਰਾਹੁਣ ਦੀ ਬਿਰਤੀ ਬਲਵਾਨ ਹੋ ਜਾਂਦੀ ਹੈ। ਇਸ ਕਰਕੇ ਦੂਜਿਆਂ ਦੇ ਦੋਸ਼ਾਂ ਨੂੰ ਅਣਗੌਲੇ ਕੀਤਾ ਜਾਂਦਾ ਹੈ। ਇਹ ਖਿਆਲ ਵੀ ਆਉਂਦਾ ਹੈ ਕਿ ਚੰਗੇ-ਮਾੜੇ ਦੀ ਪਰਖ ਲਈ ਵਰਤੇ ਜਾਂਦੇ ਮਾਪ-ਦੰਡ ਸਮੇਂ ਨਾਲ ਬਦਲਦੇ ਰਹਿੰਦੇ ਹਨ।
ਕੁਦਰਤ ਦਾ ਕ੍ਰਿਸ਼ਮਾ ਦੇਖੋ, ਕਾਹਲ ਅਤੇ ਨੱਸ-ਭੱਜ ਤੋਂ ਆਪੇ ਮੁਕਤੀ ਮਿਲ ਜਾਂਦੀ ਹੈ। ਭਾਣਾ ਮੰਨਣ ਅਤੇ ਹੁਕਮ ਦੇ ਪਸਾਰੇ ਦਾ ਪੂਰਾ ਪਤਾ ਤਦ ਹੀ ਲੱਗਦਾ ਹੈ। ਸੁੱਖ-ਦੁੱਖ ਨੂੰ ਸਮ ਦ੍ਰਿਸ਼ਟੀ ਨਾਲ ਵੇਖਣ ਦੀ ਸੋਝੀ ਜਾਗ ਪੈਂਦੀ ਹੈ। ਬੰਦੇ ਨੂੰ ਸਾਰਾ ਜੀਵਨ ਕੁਝ ਨੁਕਤਿਆਂ ਦੇ ਸੂਤਰ ਵਿਚ ਬੱਝਿਆ ਜਾਪਦਾ ਹੈ। ਸੋਚਣ-ਵਿਚਾਰਨ ਦੀ ਇਸ ਉਮਰੇ ਦੂਜਿਆਂ ਲਈ ਅਸੀਸਾਂ ਆਪਣੇ ਆਪ ਅੰਦਰੋਂ ਨਿਕਲਦੀਆਂ ਹਨ। ਹਰ ਪਾਸਿਓਂ ਆਦਰ ਤੇ ਸਤਿਕਾਰ ਮਿਲਦਾ ਹੈ। ਮੰਜਾ, ਮੂਹੜਾ, ਕੁਰਸੀ ਆਦਿ ਉੱਤੇ ਪਹਿਲਾ ਹੱਕ ਉਸੇ ਦਾ ਮੰਨਿਆ ਜਾਂਦਾ ਹੈ।
ਕੋਈ ਸਮਾਂ ਹੁੰਦਾ ਹੈ ਕਿ ਜ਼ਿੰਦਗੀ ਦਾ ਹਰ ਰਸ ਭੋਗਣ ਦੀ ਸੋਚ ਪ੍ਰਧਾਨ ਹੁੰਦੀ ਹੈ ਪਰ ਇਸ ਉਮਰੇ ਆਖਦੇ ਹਨ, ”ਬਈ, ਬਥੇਰਾ ਖਾ ਪਹਿਨ ਲਿਆ। ਦੁਨੀਆਂ ਵੀ ਜਿੰਨੀ ਕੁ ਘੁੰਮ ਸਕੇ ਘੁੰਮ ਲਈ। ਕੋਈ ਲਾਲਸਾ ਬਾਕੀ ਨਹੀਂ ਰਹੀ। ਹੁਣ ਤਾਂ ਸਾਦਾ ਖਾਣ, ਸਾਦਾ ਪਹਿਨਣ ਅਤੇ ਘੱਟ ਬੋਲਣ ਵਿੱਚ ਜੋ ਅਨੰਦ ਮਿਲਦਾ ਹੈ, ਉਹ ਅਕੱਥ ਹੈ।” ਕੁਦਰਤ ਦੀ ਲੀਲ੍ਹਾ 'ਤੇ ਅਸ਼-ਅਸ਼ ਕਰ ਉੱਠਣ ਦੀ ਵਿਹਲ ਵੀ ਇਸ ਉਮਰੇ ਹੁੰਦੀ ਹੈ ਅਤੇ ਇਸ ਕਾਇਨਾਤ ਦੀਆਂ ਰਮਜ਼ਾਂ ਸਮਝ ਕੇ ਵਿਸਮਿਤ ਹੋਣ ਦੀ ਵੀ। ਆਪਣੇ ਅਨੁਭਵ ਤੋਂ ਦੂਜਿਆਂ ਨੂੰ ਵਧੀਆ ਜ਼ਿੰਦਗੀ ਜਿਉਣ ਦੇ ਨੁਸਖੇ ਸੁਝਾਏ ਜਾਂਦੇ ਹਨ ਤਾਂ ਜੁ ਕਿਸੇ ਦਾ ਕੁਝ ਭਲਾ ਹੋ ਸਕੇ। ਮੌਤ ਦਾ ਭੈਅ ਕਾਹਦਾ, ਸੋਨੇ-ਭਾਹ ਮਾਰਦੇ ਪੱਕੀ ਕਣਕ ਦੇ ਖੇਤਾਂ ਦੀ ਅਕੱਥ ਖ਼ੂਬਸੂਰਤੀ ਦਾ ਮੁਕਾਮ ਲੰਮੀ ਉਡੀਕ ਪਿੱਛੋਂ ਆਉਂਦਾ ਹੈ। ਬੁਢਾਪੇ ਦੀਆਂ ਕਈ ਤਕਲੀਫ਼ਾਂ ਤਾਂ ਕੁਦਰਤ ਦੇ ਨੇਮਾਂ ਨੂੰ ਨਾ ਸਮਝ ਸਕਣ ਕਾਰਨ ਹੁੰਦੀਆਂ ਹਨ। ਬੁਢਾਪੇ ਵਿੱਚ ਜੁਆਨੀ ਦੀ ਅਵਸਥਾ ਦੀ ਖੁਆਹਿਸ਼ ਰੱਖਣਾ ਤੇ ਭੋਗਾਂ ਦੀ ਭੁੱਖ ਹਿਰਸ ਦੇ ਰੂਪ ਵਿੱਚ ਹਿੱਕ ਨਾਲ ਲਾਈਂ ਰੱਖਣਾ ਵਕਤ ਦੇ ਵਹਾਉ ਤੋਂ ਉਲਟ ਚੱਲਣ ਦਾ ਯਤਨ ਹੈ। ਵਕਤ ਸਿਰ ਹਰ ਅਵਸਥਾ ਦਾ ਰੰਗ ਭਰਪੂਰ ਮਾਣਿਆ ਹੋਵੇ ਤਾਂ ਇੰਜ ਦੀ ਖੁਆਰੀ ਨਹੀਂ ਹੁੰਦੀ। ਜੀਵਨ ਦੇ ਨੇਮਾਂ ਨੂੰ ਸਮਝਿਆ ਜਾਵੇ ਤਾਂ ਉਮਰ ਦੇ ਪਹਿਲੇ ਪੜਾਵਾਂ ਵਾਂਗ ਬੁਢਾਪਾ ਵੀ ਸੁਹਾਵਣਾ ਹੁੰਦਾ ਹੈ। ਕਿਸੇ ਤਮਾਸ਼ੇ ਜਾਂ ਕਹਾਣੀ ਦਾ ਸੁਹਣਾ ਅੰਤ ਹੋ ਜਾਣਾ ਕੀ ਕਮਾਲ ਨਹੀਂ ਹੈ? ਜੀਵਨ ਨਾਟਕ ਵਿੱਚ ਆਪਣਾ ਰੋਲ ਨਿਭਾਅ ਦਿੱਤਾ ਹੈ। ਤਾਸ਼ ਦੇ ਪੱਤੇ ਜਿਵੇਂ ਵੰਡ ਵਿੱਚ ਆਏ ਆਪਣੀ ਸਮਝ ਅਨੁਸਾਰ ਖੇਡ ਲਏ। ਇਹ ਸਭ ਗੱਲਾਂ ਬੰਦੇ ਦੀ ਸਿਆਣਪ ਨਾਲ ਸਬੰਧ ਰੱਖਦੀਆਂ ਹਨ ਤੇ ਕੁਦਰਤ ਵੱਲੋਂ ਮਿਲੀ ਬਖਸ਼ਿਸ਼ ਹੈ, ਅਧਿਕਾਰ ਨਹੀਂ ਸਿਆਣੀ ਉਮਰੇ ਹੀ ਪ੍ਰਾਪਤ ਹੁੰਦਾ ਹੈ। ਪ੍ਰਾਪਤ-ਕਰਤਾ ਨੇ ਵਾਰੀ ਆਉਣ 'ਤੇ ਕੇਵਲ ਹੱਥ ਅੱਡਣੇ ਹਨ, ਕੁਝ ਮੰਗਣ ਲਈ ਨਹੀਂ, ਉਸ ਬਖਸ਼ਿਸ਼ ਨੂੰ ਸ਼ੁਕਰਾਨੇ ਦੇ ਭਾਵਾਂ ਨਾਲ ਬੋਚਣ ਲਈ।
ਆਪਣੇ ਆਲੇ-ਦੁਆਲੇ ਹੀ ਵੇਖ ਲਈਏ, ਅੱਸੀਆਂ ਨੂੰ ਟੱਪੇ ਅਨੇਕਾਂ ਵਿਅਕਤੀ ਪੂਰੀ ਤੰਦਰੁਸਤੀ ਮਾਣਦੇ ਹਨ। ਸੰਜਮ ਵਾਲੀ ਜੀਵਨ-ਸ਼ੈਲੀ ਨੇ ਉਨ੍ਹਾਂ ਨੂੰ ਖੋਖਲਾ ਹੋਣ ਤੋਂ ਬਚਾਇਆ ਹੁੰਦਾ ਹੈ। ਜ਼ਿੰਮੇਵਾਰੀਆਂ ਨਿਭਾਈਆਂ ਹੋਣ, ਨਿੱਤ ਲੋੜਾਂ ਦੀ ਪੂਰਤੀ ਲਈ ਖੀਸੇ ਵਿੱਚ ਚਾਰ ਪੈਸੇ ਹੋਣ, ਆਪਣੀਆਂ ਕੀਤੀਆਂ ਤੋਂ ਤਸੱਲੀ ਹੋਵੇ ਤਾਂ ਬੁਢਾਪਾ ਢਲਦੀਆਂ ਛਾਵਾਂ ਅਤੇ ਉਤਰਦੀ ਸ਼ਾਮ ਵਾਂਗ ਕ੍ਰਿਸ਼ਮਾਮਈ ਪਰਤੀਤ ਹੁੰਦਾ ਹੈ। ਜਿੱਥੇ ਬਜ਼ੁਰਗਾਂ ਨੂੰ ਆਦਰ, ਪਿਆਰ, ਧਿਆਨ ਅਤੇ ਲੋੜੀਂਦੀਆਂ ਸਹੂਲਤਾਂ ਮਿਲਦੀਆਂ ਹਨ, ਉੱਥੇ ਆਪ ਹੀ ਇਹ ਕਹਿਣ ਨੂੰ ਹੁੰਦਾ ਹੈ ਕਿ ਹੁਣ ਜੋ ਨਿੱਤ ਜੀਵੀਦਾ ਹੈ ਉਹ ਸੁਰਗ ਹੀ ਸੁਰਗ ਹੈ। ਹਰ ਸਵੇਰ ਨਾਲ ਨਵਾਂ ਜੀਵਨ ਮਿਲਦਾ ਹੈ ਤੇ ਖਿੜ ਜਾਈਦਾ ਹੈ ਕਿ ਅਨੂਠੀ ਦਾਤ ਮਿਲ ਗਈ ਹੈ। ਅਜੋਕੀਆਂ ਸਿਹਤ ਸਹੂਲਤਾਂ ਜੇ ਸਾਰਿਆਂ ਲਈ ਸੁਲੱਭ ਹੋਣ ਤਾਂ ਬੁਢਾਪੇ ਦੀਆਂ ਬਹੁਤ ਸਾਰੀਆਂ ਸਰੀਰਕ ਅਤੇ ਮਾਨਸਿਕ ਤਕਲੀਫ਼ਾਂ ਤੋਂ ਬਚਾਉ ਹੋ ਸਕਦਾ ਹੈ। ਫਿਰ ਇਹੋ ਬੁਢਾਪਾ ਜਿਹੜਾ ਕਦੇ ਚਾਲੀ ਸਾਲ ਦੀ ਉਮਰ ਵਿੱਚ ਭਾਰੂ ਹੋਣ ਲੱਗਦਾ ਸੀ ਹੁਣ ਸੱਤਰਾਂ ਤੇ ਅੱਸੀਆਂ ਵਿਚ ਵੀ ਸੁਹਣਾ ਨਖਰੇ ਵਾਲਾ ਹੋ ਸਕਦਾ ਹੈ।
ਕਰਨੈਲ ਸਿੰਘ ਸੋਮਲ