ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਤੁਹਾਡਾ ਭਾਰ ਕਿਤੇ ਬੇਵਜ੍ਹਾ ਤਾਂ ਨਹੀਂ ਘਟ ਰਿਹਾ


''ਚਾਚੀ ਜੀ ਤੁਸੀਂ ਤਾਂ ਬੜੇ ਪਤਲੇ ਹੋ ਗਏ ਓ…? ਡਾਇਟਿੰਗ ਕਰ ਰਹੇ ਓ…?'' ''ਨਹੀਂ ਰਵਨੀਤ ਮੈਂ ਤਾਂ ਕੁਝ ਵੀ ਨਹੀਂ ਕੀਤਾ… ਕੱਲ੍ਹ ਤੇਰੇ ਕੁਲਵੰਤ ਮਾਮਾ ਜੀ ਆਏ ਸੀ। ਉਹ ਵੀ ਕਹਿ ਰਹੇ ਸਨ ਕਿ ਤੇਰਾ ਭਾਰ ਘਟ ਗਿਐ… ਤੂੰ ਪਤਲੀ ਹੋ ਗਈ ਐਂ… ਪਰ ਮੈਂ ਤਾਂ ਭਾਰ ਘਟਾਉਣ ਲਈ ਕੁਝ ਨਹੀਂ ਕੀਤਾ, ਸਗੋਂ ਕੁਝ ਕਮਜ਼ੋਰੀ ਜਿਹੀ ਰਹਿੰਦੀ ਆ…।'' ''ਚਾਚੀ ਜੀ ਫੇਰ ਤਾਂ ਚੈਕ-ਅਪ ਕਰਵਾਓ ਕਿਸੇ ਡਾਕਟਰ ਕੋਲੋਂ।'' ਜੀ ਹਾਂ।
ਜੇ ਕੋਈ ਸ਼ਖ਼ਸ ਡਾਇਟਿੰਗ ਕਰ ਰਿਹਾ ਹੋਵੇ, ਭੁੱਖ-ਹੜਤਾਲ 'ਤੇ ਹੋਵੇ ਜਾਂ ਕਿਸੇ ਭੂਗੋਲਿਕ ਖੇਤਰ ਵਿੱਚ ਭੋਜਨ ਦੀ ਘਾਟ ਹੋਵੇ ਤਾਂ ਭਾਰ ਘਟਣ ਦਾ ਕਾਰਨ ਸਾਹਮਣੇ ਹੁੰਦਾ ਹੈ ਪਰ ਜੇ ਕੋਈ ਜ਼ਾਹਰਾ ਕਾਰਨ ਨਾ ਦਿਸੇ ਤੇ ਭਾਰ ਘੱਟ ਹੋ ਰਿਹਾ ਹੋਵੇ ਤਾਂ ਜ਼ਰੂਰ ਸੋਚਣਾ ਚਾਹੀਦਾ ਹੈ, ਜਾਂਚ ਤੇ ਟੈਸਟ ਕਰਵਾਉਣੇ ਜ਼ਰੂਰੀ ਹਨ।
ਇਸ ਤਰ੍ਹਾਂ ਭਾਰ ਦਾ ਘਟਣਾ  ਭਾਵੇਂ ਸਾਨੂੰ  ਬੇਵਜ੍ਹਾ ਲੱਗਦਾ ਹੈ ਪਰ ਇਸ ਦੇ ਕਾਰਨ ਤਾਂ ਹਨ ਜੋ ਇਕਦਮ ਜਾਂ ਬਿਨਾਂ ਜਾਂਚ ਤੋਂ ਪਤਾ ਨਹੀਂ ਲਗਦੇ।  ਇਹ ਕਾਰਨ ਹਨ – ਪਾਚਣ ਪ੍ਰਣਾਲੀ ਜਾਂ ਅੰਤੜੀ ਰੋਗ, ਟੀ.ਬੀ., ਸ਼ੂਗਰ ਰੋਗ, ਲੰਮੇ ਸਮੇਂ ਦਾ (ਕਰੌਨਿਕ) ਰੋਗ, ਥਾਇਰਾਇਡ ਰੋਗ, ਪੈਰਾਸਾਇਟਸ, ਗੁਰਦਾ-ਰੋਗ, ਦਿਲ ਦੀ ਬੀਮਾਰੀ, ਭੁੱਖਮਰੀ, ਭੁੱਖ-ਹੜਤਾਲ, ਕੈਂਸਰ, ਏਡਜ਼।
ਪਾਚਣ-ਪ੍ਰਣਾਲੀ ਤੇ ਅੰਤੜੀ ਰੋਗ : ਪਾਚਣ ਪ੍ਰਣਾਲੀ ਵਿਚ ਬੀਮਾਰੀ ਕਾਰਨ ਰੁਕਾਵਟ-ਜੋ  ਫੂਡ-ਪਾਈਪ, ਮਿਹਦੇ ਜਾਂ ਵੱਡੀ  ਅੰਤੜੀ ਦਾ ਕੈਂਸਰ ਕਰਕੇ ਹੁੰਦੀ ਹੈ।  ਇੱਕ ਮਨੋਰੋਗ ਜੋ ਆਮ ਕਰਕੇ ਕੁੜੀਆਂ ਜਾਂ ਔਰਤਾਂ ਵਿੱਚ ਹੁੰਦਾ ਹੈ, ਜਿਸ ਵਿੱਚ ਮਰੀਜ਼ ਆਪਣੇ ਹੀ ਵਾਲ ਖਾਈ ਜਾਂਦੀ ਹੈ ਤੇ ਕੁਝ ਮਹੀਨਿਆਂ ਜਾਂ ਸਾਲ ਵਿੱਚ ਢਿੱਡ ਵਿੱਚ ਇੱਕ ਗੋਲਾ ਜੇਹਾ ਬਣ ਜਾਂਦਾ ਹੈ। ਭਾਰ ਘਟ ਜਾਂਦਾ ਹੈ ਕਿਉਂਕਿ ਮਿਹਦੇ ਵਿੱਚ ਤਾਂ ਵਾਲਾਂ ਦਾ ਗੁੱਛਾ ਹੁੰਦਾ ਹੈ, ਭੋਜਨ ਕਿਵੇਂ ਜਾਏਗਾ ਜਾਂ ਪਚੇਗਾ…? ਇਸ ਨੂੰ ਟਰਾਇਕੋ- ਬੇਜ਼ੋਆਰ ਕਿਹਾ ਜਾਂਦਾ ਹੈ। ਵੱਡੇ ਅਪਰੇਸ਼ਨ ਨਾਲ ਵਾਲਾਂ ਦਾ ਇਹ ਗੁੱਛਾ ਕੱਢਿਆ ਜਾਂਦਾ ਹੈ ਜੋ ਮਿਹਦੇ ਦੇ ਸੈਂਚੇ ਵਿੱਚ ਢਲ ਕੇ ਉਸੇ ਸ਼ਕਲ ਦਾ ਬਣ ਜਾਂਦਾ ਹੈ। ਅਪਰੇਸ਼ਨ ਤੋਂ ਬਾਅਦ ਰੋਗੀ ਦੀ ਭੁੱਖ ਤੇ ਭਾਰ ਠੀਕ ਹੋ ਜਾਂਦੇ ਹਨ। ਅਜਿਹੇ ਕਾਫੀ ਕੇਸ ਵੇਖਣ ਵਿਚ ਆਉਂਦੇ ਹਨ।  ਪਾਚਣ-ਰਸਾਂ ਦੀ ਕਮੀ, ਅਪਰੇਸ਼ਨ ਦੁਆਰਾ ਪਾਚਣ-ਪ੍ਰਣਾਲੀ ਦਾ ਕਾਫ਼ੀ ਹਿੱਸਾ ਕੱਢਿਆ ਜਾਣਾ, ਤੇਜ਼ਾਬੀ-ਪਣ, ਮਿਹਦੇ ਜਾਂ ਅੰਤੜੀਆਂ ਦੇ ਕੈਂਸਰ, ਅੰਤੜੀਆਂ ਵਿਚ ਪੌਲੀਪੋਸਿਸ, ਅੰਤੜੀਆਂ ਦੇ ਪੈਰਾਸਾਇਟਸ, ਕੁਝ ਵਿਅਕਤੀਆਂ ਵਿੱਚ ਕਿਸੇ ਖਾਸ ਭੋਜਨ ਪ੍ਰਤੀ ਅਲਰਜੀ ਆਦਿ ਕਰਕੇ ਸਰੀਰ ਨੂੰ ਭੋਜਨ ਤੋਂ ਤਾਕਤ ਨਹੀਂ ਮਿਲਦੀ ਜਿਸ ਨਾਲ ਭਾਰ ਘਟ ਸਕਦਾ ਹੈ ਜਾਂ ਘਟ ਜਾਂਦਾ ਹੈ। ਅੰਤੜੀ ਦੇ ਹੋਰ ਜਿਵੇਂ ਰੋਗ-ਸੀਲੀਅਕ ਡਿਸਈਜ਼, ਪੈਪਟਿਕ ਅਲਸਰ, ਕਰੋਹਨ ਡਿਸਈਜ਼, ਅਲਸਰੇਟਿਵ ਕੋਲਾਇਟਿਸ, ਪੈਨਕਰੀਏਟਾਇਟਿਸ ਆਦਿ ਭਾਰ ਘਟਾਉਂਦੇ ਹਨ।
ਟੀ.ਬੀ. ਦੇ ਮਰੀਜ਼ ਦਾ ਭਾਰ ਇਸ ਲਈ ਘਟਦਾ ਹੈ ਕਿ ਇਸ ਰੋਗ ਦਾ ਕਾਰਨ ਬਣਨ ਵਾਲੇ ਬੈਕਟੀਰੀਆ-ਮਾਇਕੋਬੈਕਟੀਰੀਅਮ ਟਿਊਬਰਕੂਲੋਸਿਸ ਅਜਿਹੇ ਢੀਠ ਕਿਸਮ ਦੇ ਰੋਗਾਣੂ ਹਨ ਜੋ ਸਰੀਰ ਦੇ ਸੁਰੱਖਿਆ ਸਿਸਟਮ ਜਾਂ ਇਮਿਊਨ ਸਿਸਟਮ ਦੇ ਕਾਬੂ ਨਹੀਂ ਆਉਂਦੇ ਭਾਵ ਇਹ ਸਿਸਟਮ ਉਸ ਨੂੰ ਖ਼ਤਮ ਨਹੀਂ ਕਰ ਸਕਦਾ ਜਿਸ ਕਰਕੇ ਬੀਮਾਰੀ ਲੰਮੀ (ਕਰੌਨਿਕ) ਹੋ ਜਾਂਦੀ ਹੈ। ਸਾਰੀ ਤਾਕਤ ਇਹ ਬੈਕਟੀਰੀਆ ਖਿੱਚ ਲੈਂਦੇ ਹਨ ਤੇ ਸਰੀਰ ਨਿਰਬਲ ਤੇ ਕਮਜ਼ੋਰ ਹੋ ਜਾਂਦਾ ਹੈ। ਇਸ ਰੋਗ ਵਿੱਚ ਵੀ ਵਿਅਕਤੀ ਨੂੰ ਪਤਾ ਨਹੀਂ ਲਗਦਾ ਕਿ ਉਸ ਨੂੰ ਟੀ. ਬੀ. ਹੈ। ਕਮਜ਼ੋਰੀ ਵਧਦੀ ਜਾਂਦੀ ਹੈ ਤੇ ਭਾਰ ਘਟਦਾ ਜਾਂਦਾ ਹੈ।
ਸ਼ੂਗਰ ਰੋਗ : ਜੇ ਕਿਸੇ ਵਿਅਕਤੀ ਦੇ ਸਰੀਰ ਦਾ ਭਾਰ ਪਹਿਲਾਂ ਨਾਰਮਲ ਸੀ ਜਾਂ ਥੋੜਾ ਮੋਟਾਪਾ ਸੀ ਪਰ ਕੁਝ ਮਹੀਨਿਆਂ ਵਿੱਚ ਹੀ ਬਿਨਾਂ ਕਿਸੇ ਗਿਆਤ ਕਾਰਨ ਦੇ ਇਹ ਭਾਰ 6 ਕਿਲੋ ਘਟ ਗਿਆ ਤਾਂ ਸਮਝੋ ਕਿ ਕੋਈ ਸਮੱਸਿਆ ਹੈ। ਪਿਸ਼ਾਬ ਟੈਸਟ ਕਰਵਾਉਣ 'ਤੇ ਪਤਾ ਲੱਗਦਾ ਹੈ ਕਿ ਸ਼ੂਗਰ ਹੋ ਗਈ ਹੈ। ਜਦ ਇਨਸੂਲਿਨ (ਜੋ ਲਬਲਬੇ ਜਾਂ ਪੈਂਕਰੀਆਜ਼ ਵਿੱਚ ਬਣਦੀ ਹੈ) ਦੀ ਮਾਤਰਾ ਘਟ ਜਾਵੇ ਜਾਂ ਇਸ ਦਾ ਅਸਰ ਘਟ ਜਾਵੇ ਤਾਂ ਬੰਦੇ ਨੂੰ ਸ਼ੂਗਰ ਰੋਗ ਹੋ ਜਾਂਦਾ ਹੈ। ਦੂਜੀ ਕਿਸਮ ਦਾ ਸ਼ੂਗਰ ਰੋਗ ਹੌਲੀ-ਹੌਲੀ ਸ਼ੁਰੂ ਹੁੰਦਾ ਹੈ। ਕਈਆਂ ਲੋਕਾਂ ਨੂੰ ਬੜੇ ਸਾਲਾਂ ਤੋਂ ਮਾੜੇ-ਮੋਟੇ ਲੱਛਣ ਹੁੰਦੇ ਹਨ ਜੋ ਅਣਗੌਲੇ ਹੋ ਜਾਂਦੇ ਹਨ ਤੇ ਕਈ-ਕਈ ਸਾਲ ਪਤਾ ਹੀ ਨਹੀਂ ਚਲਦਾ ਪਰ  ਕਈਆਂ ਵਿੱਚ ਵਧੇਰੇ ਭੁੱਖ, ਵਧੇਰੇ ਤੇਹ ਤੇ ਵਧੇਰੇ ਪਿਸ਼ਾਬ ਵਾਲੇ ਤਿੰਨੇ ਲੱਛਣਾਂ ਦੇ ਨਾਲ-ਨਾਲ ਥਕਾਵਟ, ਕਮਜ਼ੋਰੀ, ਭਾਰ ਦਾ ਘਟਣਾ, ਸੈਕਸ ਪ੍ਰਤੀ ਕਮਜ਼ੋਰੀ, ਨਜ਼ਰ ਘਟਣੀ, ਹੱਥਾਂ-ਪੈਰਾਂ ਵਿੱਚ ਕੀੜੀਆਂ ਤੁਰਨੀਆਂ ਆਦਿ ਲਛੱਣ ਨਾਲੋ-ਨਾਲ ਆ ਜਾਂਦੇ ਹਨ। ਭਾਰ ਘਟਣਾ ਅਤੇ ਬਾਕੀ ਲੱਛਣ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਪਿਸ਼ਾਬ ਅਤੇ ਖ਼ੂਨ ਵਿੱਚ ਗਲੂਕੋਜ਼ ਦਾ ਲੈਵਲ ਕਿੰਨਾ ਕੁ ਹੈ? ਅਗਰ ਇਹ ਲੈਵਲ ਕਾਫ਼ੀ ਸਮੇਂ ਤੋਂ ਵੱਧ ਹੈ ਤਾਂ ਇਹ ਲੱਛਣ ਵਧੇਰੇ ਹੋਣਗੇ। ਸੋ ਸ਼ੂਗਰ ਦੇ ਰੋਗੀਆਂ ਨੂੰ ਚਾਹੀਦਾ ਹੈ ਕਿ ਦਵਾਈਆਂ, ਪਰਹੇਜ਼ ਤੇ ਕਸਰਤ ਨਾਲ ਆਪਣੇ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਵਿੱਚ ਰੱਖਣ।
ਬਾਕੀ ਕੰਮਾਂ ਦੇ ਨਾਲ-ਨਾਲ ਥਾਇਰਾਇਡ ਹਾਰਮੋਨ, ਬੇਸਲ ਮੈਟਾਬੌਲਿਕ ਰੇਟ (ਬੀ. ਐਮ.ਆਰ.) ਨੂੰ ਕੰਟਰੋਲ ਕਰਕੇ,  ਸਰੀਰ ਦੇ ਭਾਰ ਨੂੰ ਰੈਗੂਲੇਟ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿਚ ਇਸ ਹਾਰਮੋਨ ਦੀ ਕਮੀ (ਹਾਇਪੋ-ਥਾਇਰਾਇਡਜ਼ਮ) ਹੋ ਜਾਂਦੀ ਹੈ ਉਨ੍ਹਾਂ ਦੀ ਭੁੱਖ ਘਟਣ ਦੇ ਬਾਵਜੂਦ ਭਾਰ ਵਧ ਜਾਂਦਾ ਹੈ, ਚਮੜੀ ਤੇ ਹਥੇਲੀਆਂ ਸਖ਼ਤ ਤੇ ਖੁਸ਼ਕ ਹੋ ਜਾਂਦੀਆਂ  ਹਨ, ਨਬਜ਼ ਦੀ ਦਰ ਘਟ ਜਾਂਦੀ ਹੈ, ਮੁੜ੍ਹਕਾ ਘੱਟ ਆਉਂਦਾ ਹੈ, ਗਰਮੀ ਘੱਟ ਤੇ ਠੰਢ ਵਧੇਰੇ ਲਗਦੀ ਹੈ। ਜਦ ਇਹ ਹਾਰਮੋਨ ਜ਼ਿਆਦਾ ਬਣਨ ਲੱਗੇ (ਹਾਇਪਰ-ਥਾਇਰਾਇਡਿਜ਼ਮ) ਤਾਂ ਨਬਜ਼ ਤੇਜ਼, ਜ਼ਿਆਦਾ ਭੁੱਖ, ਭਾਰ ਦਾ ਘਟਣਾ, ਚਮੜੀ ਤੇ ਹਥੇਲੀਆਂ ਗਰਮ ਤੇ ਸਿਲ਼ੀ੍ਹਆਂ, ਬਲੱਡ-ਪ੍ਰੈਸ਼ਰ ਜ਼ਿਆਦਾ, ਵਧੇਰੇ ਗਰਮੀ ਲੱਗਣੀ, ਦਿਲ ਧੱਕ-ਧੱਕ ਵੱਜਣਾ, ਭੁੱਖ ਜ਼ਿਆਦਾ ਤੇ ਭਾਰ ਘਟ    ਜਾਂਦਾ ਹੈ।
ਕੈਂਸਰ : ਭਾਰ ਘਟਣ ਦਾ ਇਕ ਆਮ ਹੀ ਕਾਰਨ ਹੈ ਕੈਂਸਰ, ਜੋ ਘਾਤਕ ਸਿੱਧ ਹੁੰਦਾ ਹੈ। ਬਿਨਾਂ ਕਿਸੇ ਜ਼ਾਹਰਾ ਕਾਰਨ ਤੋਂ ਸਰੀਰ ਦਾ ਭਾਰ ਘਟ ਰਿਹਾ ਹੋਵੇ ਤਾਂ ਇਸ ਦੇ ਕੁੱਲ ਕਾਰਨਾਂ ਦਾ ਤੀਜਾ ਹਿੱਸਾ ਕੈਂਸਰ ਹੁੰਦੇ ਹਨ। ਇਹ ਹਨ: ਮਿਹਦੇ ਤੇ ਅੰਤੜੀਆਂ, ਗਦੂਦਾਂ (ਪ੍ਰੌਸਰੇਟ), ਜਿਗਰ, ਲਬਲਬੇ (ਪੈਂਕਰੀਆਜ਼), ਔਰਤਾਂ ਵਿਚ ਅੰਡਕੋਸ਼ (ਓਵਰੀ) ਤੇ ਫੇਫੜਿਆਂ ਜਾਂ ਖ਼ੂਨ ਦਾ ਕੈਂਸਰ। ਕੈਂਸਰ ਵਿਸ਼ੇ ਅੰਦਰ ਇੱਕ ਲਫ਼ਜ਼ ਆਉਂਦਾ ਹੈ ''ਕੈਂਸਰ ਕੇਕੈਕਸੀਆ।'' ਕੇਕੈਕਸੀਆ ਇੱਕ ਯੂਨਾਨੀ ਸ਼ਬਦ ਹੈ  ਜਿਸ ਦਾ ਮਤਲਬ ਹੈ ''ਖੁਰ ਜਾਣਾ'' ਜਾਂ ਹੌਲੀ-ਹੌਲੀ ਕਰਕੇ, ਘਟਦੇ-ਘਟਦੇ ਖ਼ਤਮ ਹੋ ਜਾਣਾ। ਸੋ, ਸਰੀਰ ਖੁਰਦਾ ਜਾ ਰਿਹਾ ਹੋਵੇ, ਭਾਰ ਘਟ ਰਿਹਾ ਹੋਵੇ ਤਾਂ ਪੂਰੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਕਿਤੇ ਕੈਂਸਰ ਹੀ ਨਾ ਹੋਵੇ। ਕੈਂਸਰ ਦੇ ਰੋਗੀਆਂ ਵਿੱਚ ਸਰੀਰ ਦਾ ਭਾਰ ਨਿਮਨ ਅਨੁਸਾਰ ਘਟਦਾ ਹੈ ਕਿਉਂਕਿ ਭੁੱਖ ਵੀ ਘਟਦੀ ਹੈ। ਇਸ ਲਈ ਘੱਟ ਆਹਾਰ ਕਰਕੇ ਭਾਰ ਵਿੱਚ ਕਮੀ ਆਉਂਦੀ ਹੈ ਜਿਸ ਬਾਰੇ, ਕੈਂਸਰ ਡਾਇਗਨੋਜ਼ ਹੋਣ ਤੋਂ ਪਹਿਲਾਂ ਵਿਅਕਤੀ ਨੂੰ ਪਤਾ ਹੀ ਨਹੀਂ ਲੱਗਦਾ। ਕਈ ਵਾਰ ਕੈਂਸਰ ਦੀ ਗਿਲ੍ਹਟੀ ਜਾਂ ਜੜ੍ਹਾਂ ਜਾਂ ਮੈਟਾ-ਸਟੇਸਿਸ (ਜੇ ਫੈਲ ਚੁੱਕਿਆ ਹੋਵੇ ਤਾਂ) ਸਰੀਰ ਦੇ ਅਜਿਹੇ ਅੰਗ ਜਾਂ ਥਾਂ 'ਤੇ ਹੁੰਦੀ ਹੈ ਜੋ ਭੋਜਨ ਦੇ ਰਸਤੇ ਵਿੱਚ ਰੁਕਾਵਟ ਬਣ ਰਿਹਾ ਹੋਵੇ ਜਿਵੇਂ ਮਿਹਦੇ ਜਾਂ ਅੰਤੜੀਆਂ ਦਾ, ਤਾਂ ਇਸ ਨਾਲ ਪੂਰਾ ਭੋਜਨ ਪਹੁੰਚਦਾ ਹੀ ਨਹੀਂ। ਏਡਜ਼: ਇਸ ਰੋਗ ਦੇ ਮਰੀਜ਼ਾਂ ਵਿੱਚ ਭਾਰ ਘਟਣ ਦੇ ਲੱਛਣ ਹੁੰਦੇ ਹਨ ਤੇ ਆਖ਼ਰੀ ਸਟੇਜ 'ਤੇ ਉਹ ਸਿਰਫ਼ ਹੱਡੀਆਂ ਦੀ ਮੁੱਠ ਰਹਿ ਜਾਂਦਾ ਹੈ। ਮੌਤ ਤੋਂ ਪਹਿਲਾਂ ਉਹ ਜ਼ਰੂਰ ਸੋਚਦਾ ਹੈ ''ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈਂ ਖੇਤ।''
ਗੁਰਦਾ ਰੋਗ : ਗੁਰਦੇ ਫੇਲ੍ਹ ਹੋ ਜਾਣ ਤਾਂ ਭੁੱਖ ਘਟਣ ਅਤੇ ਉਲਟੀਆਂ ਆਉਣ ਕਰਕੇ ਸਰੀਰ ਦਾ ਭਾਰ ਘਟ ਜਾਂਦਾ ਹੈ। ਸੋ ਇਸ ਬਾਰੇ ਵੀ ਚੇਤੰਨ ਰਹੋ ਕਿ ਗੁਰਦਾ ਰੋਗ ਵੀ ਭਾਰ ਘਟਾਉਂਦਾ ਹੈ।
ਦਿਲ ਦੇ ਕੁਝ ਰੋਗ ਜਿਵੇਂ ਕੌਂਜੈਸਟਿਵ-ਹਾਰਟ-ਫੇਲਿਓਰ, ਫੇਫੜਿਆਂ ਦੀਆਂ ਕੁਝ ਬੀਮਾਰੀਆਂ ਜਿਵੇਂ ਟੀ.ਬੀ. ਤੇ ਹੋਰ ਸਾਹ ਦੀ ਰੁਕਾਵਟ ਪੈਦਾ ਕਰਨ ਵਾਲੇ ਰੋਗ, ਕੁਝ ਨਿਊਰੌਲੋਜੀਕਲ ਬੀਮਾਰੀਆਂ ਜਿਵੇਂ ਡਿਮੈਂਸ਼ੀਆ ਆਦਿ ਨਾਲ ਵੀ ਸਰੀਰ ਦਾ ਭਾਰ ਘਟ ਜਾਂਦਾ ਹੈ।
ਵਧਦੀ ਉਮਰ ਭਾਵ ਬੁਢਾਪੇ ਵਾਲੀ ਉਮਰੇ, ਉਂਜ ਭਾਵੇਂ ਕੋਈ ਵੀ ਤਕਲੀਫ਼ ਨਾ ਹੋਵੇ, ਉਮਰ ਦੇ ਹਿਸਾਬ ਨਾਲ ਵੀ ਭਾਰ ਘਟਦਾ ਹੈ। ਇਸ ਉਮਰ ਵਿੱਚ ਖ਼ੂਨ ਦੀਆਂ ਨਸਾਂ ਵਿੱਚ ਵਹਾਅ ਦੀ ਗਤੀ ਘਟ ਜਾਂਦੀ ਹੈ, ਸਰੀਰ ਦੇ ਪੱਠਿਆਂ ਤੇ ਸੈੱਲਾਂ ਨੂੰ ਮਿਲਣ ਵਾਲੀ ਪੌਸ਼ਟਿਕਤਾ ਦੇ ਘਟਣ ਕਾਰਨ ਕਮਜ਼ੋਰੀ ਰਹਿੰਦੀ ਹੈ। ਸਰੀਰ ਕਈ ਵਾਰ ਕੰਬਣ ਲਗਦਾ ਹੈ ਤੇ ਭਾਰ ਘਟਦਾ ਹੈ।
''ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇਹ''
ਸਰੀਰ ਅਤੇ ਦਿਮਾਗ 'ਤੇ ਕੋਈ ਬੋਝ ਹੋਵੇ ਉਹ ਵੀ ਭਾਰ ਘਟਾਉਂਦਾ ਹੈ। ਬੰਦਾ ਮਾੜਾ ਹੋ ਜਾਂਦਾ ਹੈ, ਰੋਗੀ ਹੋ ਜਾਦਾ ਹੈ। ਅੱਜ-ਕੱਲ੍ਹ ਦੀ ਮਾਡਰਨ ਜੀਵਨ-ਵਿਧੀ ਤੇ ਖਾਣ-ਪੀਣ ਦੀਆਂ ਆਦਤਾਂ ਕਾਰਨ, ਮੋਟਾਪੇ ਜਾਂ ਵੱਧ ਭਾਰ ਤੋਂ ਚਿੰਤਤ ਕਈ ਲੋਕ ਭਾਰ ਘਟਾਉਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ। ਜੇ ਤੁਸੀਂ ਭਾਰ ਘਟਾਉਣ ਵਿੱਚ ਕਾਮਯਾਬ ਹੋ ਜਾਓ ਤਾਂ ਚੰਗੀ ਗੱਲ ਹੈ ਪਰ ਆਪਣੇ ਆਪ ਬਿਨਾਂ ਵਰਜ਼ਿਸ਼, ਜਿੰਮ, ਪਰਹੇਜ਼, ਡਾਇਟਿੰਗ ਦੇ, ਜੇ ਤੁਹਾਡਾ ਭਾਰ ਘਟਦਾ ਹੈ ਤਾਂ ਸੋਚੋ ਤੇ ਜਾਂਚ ਕਰਵਾਓ। ਉਪਰ ਦੱਸੀਆਂ ਬੀਮਾਰੀਆਂ 'ਚੋਂ ਵੀ ਕੋਈ ਹੋ ਸਕਦੀ ਹੈ। ਵੇਲੇ ਸਿਰ ਸਮੱਸਿਆ ਦਾ ਪਤਾ ਲੱਗ ਜਾਵੇ ਤਾਂ ਰੋਗ 'ਤੇ ਕਾਬੂ ਪਾਉਣਾ ਸੌਖਾ ਹੁੰਦਾ ਹੈ।
ਡਾ. ਮਨਜੀਤ ਸਿੰਘ ਬੱਲ