ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਨਾਨਕ ਸਾਹਿਬ ਦੀ ਅਸਲ ਜਨਮ ਤਾਰੀਖ


ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਸੰਮਤ 1526 (20 ਅਕਤੂਬਰ 1469) ਦੇ ਦਿਨ ਹੋਇਆ ਸੀ। ਗੁਰੂ ਨਾਨਕ ਸਾਹਿਬ ਦੇ ਜਨਮ ਬਾਰੇ ਇਕ ਹੋਰ ਤਾਰੀਖ ਵਿਸਾਖ ਸੁਦੀ ਤਿੰਨ (15 ਅਪਰੈਲ 1469) ਵੀ ਲਿਖੀ ਜਾਂਦੀ ਹੈ। ਵਿਸਾਖ (ਅਪਰੈਲ) ਵਾਲੀ ਗਲਤ ਤਾਰੀਖ਼ ਸਭ ਤੋਂ ਪਹਿਲਾਂ ਪ੍ਰਿਥੀ ਚੰਦ ਮੀਣਾ ਦੇ ਪੁਤਰ ਮਿਹਰਬਾਨ ਨੇ ਲਿਖੀ ਸੀ। ਉਹ ਸਿੱਖ ਹਿਸਟਰੀ ਵਿਗਾੜਨ ਵਾਲਾ ਪਹਿਲਾ ਸਿੱਖ-ਦੋਖੀ ਸੀ। ਦੂਜਾ, ਕੁਝ ਹਿੰਦੂਆਂ ਵਿਚ ਇਹ ਭਰਮ ਹੈ ਕਿ ਕਤਕ ਮਹੀਨੇ ਵਿਚ ਜੰਮਿਆ ਬੱਚਾ ਨਹਿਸ਼ ਹੁੰਦਾ ਹੈ। ਅਜਿਹਾ ਜਾਪਦਾ ਹੈ ਕਿ ਹਿੰਦੂ ਅਤੇ ਹਿੰਦੂ-ਨੁਮਾ ਲੇਖਕਾਂ ਨੇ ਸਿੱਖਾਂ ਨੂੰ ਇਸ ਵਹਿਮ (ਸੂਤਕ) ਦਾ ਡਰ ਪਾ ਕੇ ਵਿਸਾਖ ਦੇ ਜਨਮ ਦਾ ਪ੍ਰਚਾਰ ਕੀਤਾ ਸੀ, ਜੋ ਕੁਝ ਭੋਲੇ ਸਿੱਖਾਂ ਨੇ ਚੁਪਚਾਪ ਮੰਨ ਲਿਆ।
       ਕਰਮ ਸਿੰਘ ਹਿਸਟੋਰੀਅਨ ਨੇ ਗੁਰੂ ਨਾਨਕ ਸਾਹਿਬ ਦਾ ਜਨਮ ਕਤਕ ਦੀ ਬਜਾਇ ਵਿਸਾਖ ਮੰਨਿਆ ਸੀ। ਦਰਅਸਲ ਉਸ ਨੇ 'ਬਾਲੇ ਵਾਲੀ ਜਨਮਸਾਖੀ' ਨੂੰ ਰੱਦ ਕੀਤਾ ਸੀ ਤੇ ਸਿਰਫ਼ ਇਸੇ ਕਰਕੇ ਹੀ ਉਸ ਨੇ ਕੱਤਕ ਨੂੰ ਵੀ ਰੱਦ ਕਰ ਦਿੱਤਾ ਸੀ ਕਿਉਂਕਿ ਉਸ ਜਨਮਸਾਖੀ ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦਾ ਲਿਖਿਆ ਹੋਇਆ ਸੀ। (ਕਿਉਂਕਿ ਉਸ ਨੇ ਹੰਦਾਲੀਆਂ ਵੱਲੋਂ ਤਿਆਰ ਕੀਤੀ 'ਜਨਮ ਸਾਖੀ ਭਾਈ ਬਾਲਾ' ਹੀ ਵੇਖੀ ਸੀ ਤੇ ਅਸਲ ਜਨਮਸਾਖੀ ਭਾਈ ਬਾਲਾ ਨਹੀਂ)। ਕਰਮ ਸਿੰਘ ਜੀ ਇਹ ਨਾ ਸਮਝ ਸਕੇ ਕਿ ਵਿਸਾਖ ਵਿਚ ਗੁਰੂ ਸਾਹਿਬ ਦੇ ਜਨਮ ਦਾ ਪ੍ਰਚਾਰ ਮੀਣਿਆਂ ਦੇ ਆਗੂ ਮਿਹਰਬਾਨ ਨੇ ਕੀਤਾ ਸੀ। ਕਰਮ ਸਿੰਘ ਨੇ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਵਿਸਾਖ ਹੋਣ ਨੂੰ ਸਿਰਫ਼ ਮੀਣਿਆਂ ਦੀ ਲਿਖੀ ਜਨਮ ਸਾਖੀ ਦੇ ਅਧਾਰ 'ਤੇ ਮੰਨ ਲਿਆ ਸੀ। ਉਨ੍ਹਾਂ ਨੇ ਕੋਈ ਹੋਰ ਸੋਮਾ/ਸਬੂਤ ਨਹੀਂ ਦਿੱਤਾ ਸੀ। ਉਨ੍ਹਾਂ ਨੇ ਸੰਤੋਖ ਸਿੰਘ, ਭਾਈ ਗੁਰਦਾਸ. ਸਾਖੀ ਪੋਥੀਆਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਸੀ। ਫਿਰ ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਂਦੀ ਜਨਮਸਾਖੀ ਜਾਂ ਪੁਰਾਤਨ/ਵਿਲਾਇਤ ਵਾਲੀ ਜਨਮਸਾਖੀ ਦਾ ਆਧਾਰ ਮਿਹਰਬਾਨ ਦੀ ਜਨਮਸਾਖੀ ਹੈ। ਇਸ ਕਰ ਕੇ ਇਨ੍ਹਾਂ ਵਿਚ ਉਹੀ ਤਾਰੀਖ਼ (ਵਿਸਾਖ ਵਾਲੀ) ਆਉਣੀ ਹੀ ਸੀ।
ਇੱਥੇ 'ਭਾਈ ਬਾਲੇ ਵਾਲੀ ਜਨਮ ਸਾਖੀ' ਦੀ ਗੱਲ ਕਰਨੀ ਵੀ ਬਣਦੀ ਹੈ। ਜਾਪਦਾ ਹੈ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਤਵਾਰੀਖ਼ (ਜਨਮਸਾਖੀ) ਲਿਖਵਾਈ ਹੋਵੇਗੀ। ਇਹ ਵਖਰੀ ਗੱਲ ਹੈ ਕਿ ਜੰਗਾਂ ਤੇ ਜ਼ੁਲਮਾਂ ਦੀ ਹੰਗਾਮੀ ਹਾਲਤ ਕਾਰਨ ਸਿੱਖ ਕੌਮ ਉਸ ਤਵਾਰੀਖ਼ (ਉਸ ਜਨਮ ਸਾਖੀ) ਨੂੰ ਸੰਭਾਲ ਨਹਾ ਸਕੀ ਹੋਵੇ। ਜਿਹੜੀ “ਭਾਈ ਬਾਲੇ ਵਾਲੀ ਜਨਮ ਸਾਖੀ” ਅੱਜ ਮਿਲਦੀ ਹੈ ਉਹ ਅਸਲੀ ਜਨਮ ਸਾਖੀ ਵਿਚ ਜੰਡਿਆਲਾ ਕਸਬੇ ਦੇ ਹੰਦਾਲੀਆਂ (ਬਿਧੀਚੰਦੀਆਂ) ਵੱਲੋਂ ਮਿਲਾਏ ਗਏ ਖੋਟ ਨਾਲ ਭਰਪੂਰ ਹੈ, ਉਨ੍ਹਾਂ ਕੋਲ ਅਸਲ ਜਨਮ ਸਾਖੀ ਮੌਜੂਦ ਸੀ ਜਿਸ ਨੂੰ ਉਨ੍ਹਾਂ ਨੇ ਵਿਗਾੜ ਕੇ ਤੇ ਉਸ ਵਿਚ ਖੋਟ ਸ਼ਾਮਿਲ ਕਰ ਕੇ, ਅਸਲ ਜਨਮਸਾਖੀ ਕਹਿ ਕੇ ਪ੍ਰਚਾਰਿਆ। ਪਰ, ਅਜਿਹਾ ਜਾਪਦਾ ਹੈ ਕਿ ਜਦ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਲਿਖੀ ਤਾਂ ਉਨ੍ਹਾਂ ਕੋਲ ਉਹ ਜਨਮ ਸਾਖੀ ਅਜੇ ਮੌਜੂਦ ਸੀ ਕਿਉਂ ਕਿ ਉਸ ਤੋਂ ਬਿਨਾਂ ਭਾਈ ਗੁਰਦਾਸ ਉਸ ਵਾਰ ਵਿਚ ਏਨੀ ਤਫ਼ਸੀਲ ਨਹੀਂ ਸਨ ਦੇ ਸਕਦੇ। ਜੇ ਅਸੀਂ ਬਾਲੇ ਵਾਲੀ ਜਨਮਸਾਖੀ ਨੂੰ ਪੂਰੀ ਤਰ੍ਹਾਂ ਰੱਦ ਵੀ ਕਰਨਾ ਹੈ ਜਾਂ ਸਾਰੀ ਦੀ ਸਾਰੀ ਨੂੰ ਹੰਦਾਲੀਆਂ ਦੀ ਲਿਖਤ ਮੰਨਣਾ ਹੈ ਤਾਂ ਵੀ ਇਹ ਮੰਨਣਾ ਗਲਤ ਨਹੀਂ ਹੋਵੇਗਾ ਕਿ ਭਾਈ ਗੁਰਦਾਸ ਤੋਂ ਪਹਿਲਾਂ ਕੋਈ ਜਨਮਸਾਖੀ ਜ਼ਰੂਰ ਮੌਜੂਦ ਹੋਵੇਗੀ ਜਿਸ ਦੇ ਅਧਾਰ 'ਤੇ ਭਾਈ ਗੁਰਦਾਸ ਨੇ ਆਪਣੀ ਵਾਰ ਵਿਚ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਦਾ ਏਬਾ ਤਫ਼ਸੀਲ ਨਾਲ ਬਿਆਨ ਕੀਤਾ ਹੋਇਆ ਹੈ। ਪਰ ਇਹ ਖਿਆਲ ਰਹੇ ਕਿ ਬਾਲਾ ਗੁਰੂ ਨਾਨਕ ਸਾਹਿਬ ਦਾ ਸਾਥੀ ਨਹੀਂ ਸੀ; ਗੁਰੂ ਸਾਹਿਬ ਨਾਲ ਸਿਰਫ਼ ਮਰਦਾਨਾ ਹੀ ਸੀ; ਬਾਲੇ ਨੂੰ ਗੁਰੂ ਸਾਹਿਬ ਦੇ ਸਾਥੀ ਵਜੋਂ ਪੇਸ਼ ਕਰਨ ਦੀ ਹਰਕਤ ਹੰਦਾਲੀਆਂ ਨੇ ਕੀਤੀ ਸੀ ਤਾਂ ਜੋ ਉਹ ਨਵੀਂ ਘੜੀ ਜਨਮ ਸਾਖੀ ਨੂੰ ਅਸਲੀ ਸਾਬਿਤ ਕਰ ਸਕਣ ਅਤੇ ਇੰਜ ਆਪਣੇ ਵੱਡੇ-ਵਡੇਰੇ ਹੰਦਾਲ ਨੂੰ ਗੁਰੂ ਨਾਨਕ ਤੋਂ ਵੱਡਾ ਸਾਬਿਤ ਕਰ ਸਕਣ। ਅਜਿਹਾ ਜਾਪਦਾ ਹੈ ਕਿ ਬਾਲਾ ਖਡੂਰ ਵਾਸੀ ਬੰਦਾ ਸੀ; ਖਡੂਰ ਵਿਚ ਇਸ ਬਾਲੇ ਦੀ ਸਮਾਧ ਵੀ ਬਣੀ ਹੋਈ ਹੈ।
        ਜਿੱਥੋਂ ਤੱਕ ਦੂਜੀਆਂ ਤਿੰਨ ਜਨਮਸਾਖੀਆਂ ਦਾ ਸਬੰਧ ਹੈ (ਕਿਰਪਾਲ ਸਿੰਘ ਨੇ 'ਜਨਮਸਾਖੀ ਪਰੰਪਰਾ' ਵਿਚ 'ਅੰਤਕਾ' ਵਿਚ ਚਾਰੇ ਜਨਮਸਾਖੀਆਂ ਦਿੱਤੀਆਂ ਹਨ) ਮਿਹਰਬਾਨ ਵਾਲੀ ਜਨਮਸਾਖੀ ਸਭ ਤੋਂ ਵੱਡੀ ਹੈ – ਇਸ ਦੇ (ਪਹਿਲੀ ਤੇ ਦੂਜੀ ਜਿਲਦ ਦੇ) 112+64 ਸਫ਼ੇ ਹਨ; ਮਨੀ ਸਿੰਘ ਵਾਲੀ ਦੇ 78 ਅਤੇ ਵਿਲਾਇਤ ਵਾਲੀ ਦੇ ਸਿਰਫ਼ 60 ਸਫ਼ੇ ਹਨ। ਸਭ ਤੋਂ ਵਧ ਗੱਪਾਂ ਮਿਹਰਬਾਨ ਵਾਲੀ ਜਨਮਸਾਖੀ ਵਿਚ ਹਨ ਕਿਉਂ ਕਿ ਉਹ ਵੀ ਹੰਦਾਲੀਆਂ ਵਾਂਗ ਭਲਾ ਖਾਨਦਾਨ ਦੇ 'ਸਾਹਿਬਜ਼ਾਦਿਆਂ' ਦੀ ਕਿਸੇ ਸਾਜ਼ਿਸ਼ ਦਾ ਨਤੀਜਾ ਜਾਪਦੀ ਹੈ। ਇਸੇ ਤਰ੍ਹਾਂ ਦੂਜੀਆਂ ਦੋ ਜਨਮਸਾਖੀਆਂ (ਜਿਨ੍ਹਾਂ ਦਾ ਆਧਾਰ ਮਿਹਰਬਾਨ ਵਾਲੀ ਜਨਮਸਾਖੀ ਹੈ) ਨੂੰ ਵੀ ਸਿੱਕੇਬੰਦ ਨਹੀਂ ਮੰਨਿਆ ਜਾ ਸਕਦਾ। ਸੱਚ ਤਾਂ ਸਾਰੀਆਂ ਲਿਖਤਾਂ ਨੂੰ ਸਾਹਵੇਂ ਰੱਖ ਕੇ ਤੇ ਪਰਖ ਕੇ ਹੀ ਕੱਢਿਆ ਜਾ ਸਕਦਾ ਹੈ।
     ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਛਪਣ ਤੋਂ ਕੁਝ ਚਿਰ ਮਗਰੋਂ ਇਹ ਚਰਚਾ ਵੀ ਚਲਾਇਆ ਗਿਆ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਪਹਿਲਾਂ ਵਿਸਾਖ ਸੁਦੀ ਤੀਜ ਨੂੰ ਮਨਾਇਆ ਜਾਂਦਾ ਸੀ ਪਰ ਸਿੰਘ ਸਭਾ ਲਹਿਰ ਵੇਲੇ ਇਸ ਨੂੰ ਕੱਤਕ ਵਿਚ ਮਨਾਇਆ ਜਾਣ ਲਗ ਪਿਆ ਸੀ। ਇਸ ਦਾ ਜ਼ਰਾ ਮਾਸਾ ਵੀ ਸਬੂਤ ਨਹੀਂ ਹੈ।
      ਮੈਕਾਲਿਫ਼ ਨੇ ਤਾਂ ਇਹ ਵੀ ਲਿਖ ਦਿੱਤਾ ਕਿ ਰਣਜੀਤ ਸਿੰਘ (ਮਹਾਰਾਜਾ) ਵੇਲੇ ਤੱਕ ਗੁਰੂ ਨਾਨਕ ਸਾਹਿਬ ਦਾ ਦਾ ਜਨਮ ਦਿਨ ਵਿਸਾਖ ਵਿਚ ਮਨਾਇਆ ਜਾਂਦਾ ਸੀ। ਪਰ ਉਨ੍ਹੀਂ ਦਿਨੀ ਹੀ ਰਾਮ ਨੌਮੀ ਆਉਣ ਕਰ ਕੇ ਪੰਜਾਬ ਵਾਸੀ ਗੁਰੂ ਸਾਹਿਬ ਦਾ ਦਿਨ ਮਨਾਉਣ ਦੀ ਥਾਂ ਰਾਮ ਨੌਮੀ ਦਾ ਮੇਲਾ ਮਨਾਉਣ ਮਗਰੋਂ ਥੱਕੇ ਹੁੰਦੇ ਸੀ ਤੇ ਗੁਰਪੁਰਬ 'ਤੇ ਰੌਣਕ ਨਹੀਂ ਸੀ ਹੁੰਦੀ। ਇਸ ਕਰ ਕੇ ਰਣਜੀਤ ਸਿੰਘ (ਮਹਾਰਾਜਾ) ਨੇ ਕੱਤਕ ਵਿਚ ਮਨਾਉਣਾ ਸ਼ੁਰੂ ਕਰਵਾ ਦਿੱਤਾ। ਇਹ ਬਿਲਕੁਲ ਗਲਤ ਹੈ। ਇਸ ਨੁਕਤੇ ਵਿਚ ਤਿੰਨ ਵੱਡੀਆਂ ਗਲਤੀਆਂ ਹਨ : 1. ਕਿਸੇ ਵੀ ਸੋਮੇ ਵਿਚ, ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਵਿਸਾਖ ਵਿਚ ਮਨਾਏ ਜਾਣ ਦਾ ਇਕ ਵੀ ਸਬੂਤ ਨਹੀਂ ਹੈ (ਹਾਂ ਕੱਤਕ ਦੇ ਦਿਨ ਦੀਆਂ ਬਹੁਤ ਹੀ ਮਿਸਾਲਾਂ ਹਨ) 2. ਪਹਿਲੀ ਗੱਲ, ਪੰਜਾਬ ਦੇ ਹਿੰਦੂ ਰਾਮ ਨੌਮੀ ਦਾ ਦਿਨ ਨਹੀਂ ਸਨ ਮਨਾਉਂਦੇ, ਪਰ, ਜੇ ਕਰ ਮਨਾਉਂਦੇ ਵੀ ਹੋਣ ਤਾਂ ਵੀ ਸਿੱਖ ਤਾਂ ਇਹ ਦਿਨ (ਰਾਮ ਨੌਮੀ) ਜਾਂ ਕੋਈ ਹੋਰ ਹਿੰਦੂ ਤਿਉਹਾਰ ਹਰਗਿਜ਼ ਨਹੀਂ ਸਨ ਮਨਾਉਂਦੇ। ਸੋ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ ਕਿ ਕੋਈ ਹੋਰ ਧਰਮ ਕਿਸ ਦਿਨ ਆਪਣਾ ਤਿਉਹਾਰ ਮਨਾਉਂਦਾ ਹੈ। ਇੰਞ ਤਾਂ ਮੁਸਲਮਾਨਾਂ ਦੀ ਈਦ ਵੀ ਕਈ ਵਾਰ ਕੱਤਕ/ਵਿਸਾਖ ਵਿਚ ਆਉਂਦੀ ਹੋਵੇਗੀ। ਕੀ ਇਸ ਦਾ ਸਿੱਖਾਂ ਦੇ ਗੁਰਪੁਰਬ 'ਤੇ ਕੋਈ ਅਸਰ ਪੈ ਸਕਦਾ ਹੈ? ਹਰਗਿਜ਼ ਨਹੀਂ। 3. ਤੀਜਾ ਉਨ੍ਹੀਂ ਦਿਨੀਂ ਇਸ ਪੱਧਰ 'ਤੇ ਗੁਰਪੁਰਬ ਜਾਂ ਹਿੰਦੂ ਤਿਉਹਾਰ ਨਹੀਂ ਸਨ ਮਨਾਏ ਜਾਂਦੇ ਕਿ ਕਿਸੇ ਦੇ ਤਿਉਹਾਰ ਦਾ ਕਿਸੇ ਹੋਰ ਪੁਰਬ ਨਾਲ ਝਗੜਾ/ਮੁਕਾਬਲਾ ਹੁੰਦਾ ਹੋਵੇ। ਉਂਞ ਰਣਜੀਤ ਸਿੰਘ ਦੇ ਦਰਬਾਰ ਦੇ ਰੋਜ਼ਾਨਾ ਦੀ ਕਾਰਵਾਈ ਦੇ ਰਿਕਾਰਡ (ਉਮਦਾਤੁਤ ਤਵਾਰੀਖ਼) ਵਿਚ ਕਿਸੇ ਥਾਂ 'ਤੇ ਵੀ ਇਸ ਬਾਰੇ ਜ਼ਰਾ ਮਾਸਾ ਵੀ ਇਸ਼ਾਰਾ ਨਹੀਂ ਹੈ। ਉਂਞ ਮੈਕਾਲਿਫ਼ ਨੇ ਤਾਂ ਛੇਵੇਂ ਪਾਤਸ਼ਾਹ ਦੇ ਪੁੱਤਰ ਅਟਲ ਰਾਏ ਅਤੇ ਗੁਰਦਿੱਤਾ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ। ਉਹ ਤਾਂ ਇਕ ਥਾਂ ਇਹ ਵੀ ਲਿਖ ਬੈਠਾ ਸੀ : “ਸੰਮਤ 1670 ਬੁਧਵਾਰ ਕੱਤਕ ਦੀ ਪੂਰਨਮਾਸ਼ੀ ਦੀ ਰਾਤ ਨੂੰ ਮਾਤਾ ਜੀ ਦੇ ਇਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂ ਪਿੱਛੋਂ ਗੁਰਦਿੱਤਾ ਰਖਿਆ ਗਿਆ। ਉਸ ਦੀ ਸ਼ਕਲ ਗੁਰੂ ਨਾਨਕ ਨਾਲ ਹੂਬਹੂ ਮਿਲਦੀ ਸੀ।'' (ਦ ਸਿਖ ਰਿਲੀਜਨ, ਜਿਲਦ 4, ਸਫ਼ਾ 56)।
       ਵਿਸਾਖ ਸੁਦੀ ਤਿੰਨ ਦਾ ਪਹਿਲਾ ਪਰਚਾਰ ਕਰਮ ਸਿੰਘ ਨੇ ਨਹੀਂ ਬਲਕਿ ਪ੍ਰੋ: ਗੁਰਮੁਖ ਸਿੰਘ ਨੇ ਕੀਤਾ ਸੀ। ਉਸ ਸਿੰਘ ਸਭਾ ਲਹਿਰ ਦਾ ਮੁਖੀ ਆਗੂ ਸੀ ਪਰ ਅੰਗਰੇਜ਼-ਭਗਤ ਵੀ ਸੀ। ਜਦ ਅੰਗਰੇਜ਼ਾਂ ਨੇ ਗੁਰੂ ਨਾਨਕ ਪੁਰਬ ਦੀ ਛੁੱਟੀ ਮਨਜ਼ੂਰ ਕੀਤੀ ਤਾਂ ਉਨ੍ਹਾਂ ਨੇ ਸਾਰਿਆਂ ਦੇ ਵਿਚਾਰ ਲੈ ਕੇ ਇਹ ਤਾਰੀਖ਼ ਕੱਤਕ ਦੀ ਹੀ ਮੰਨੀ ਸੀ; ਹਾਲਾਂ ਕਿ ਪ੍ਰੋ: ਗੁਰਮੁਖ ਸਿੰਘ ਦੀ ਸਰਕਾਰੇ ਦਰਬਾਰੇ ਵਧੇਰੇ ਚਲਦੀ ਸੀ।
      ਕੱਤਕ ਦੀ ਪੂਰਨਮਾਸ਼ੀ ਦੇ ਦਿਨ ਗੁਰੂ ਸਾਹਿਬ ਦਾ ਪੁਰਬ ਮਨਾਉਣ ਬਾਰੇ ਪੁਰਾਣੀਆਂ ਲਿਖਤਾਂ ਵਿਚ ਬਹੁਤ ਸਬੂਤ ਮਿਲਦੇ ਹਨ, ਮਿਸਾਲ ਵਜੋਂ:
     ਗੁਰੂ ਕੀਆਂ ਸਾਖੀਆਂ, 1790 ਦੀ ਲਿਖਤ:
(ਸਾਖੀ 24) :
      ਸਤਿਗੁਰਾਂ ਧੰਮਤਾਨ ਨਗਰੀ ਸੇ ਤਿਆਰੀ ਕੀ। ਭਾਈ ਦਗੋ ਨੇ ਬੇਨਤੀ ਕਰ ਕੇ ਗੁਰੂ ਜੀ ਕੋ ਕਾਰਤਕ ਕੀ ਪੂਰਨਮਾਸ਼ੀ ਤੀਕ ਇਥੇ ਹੀ ਠਹਿਰਾਇ ਲਿਆ। ਬਚਨ ਹੋਆ ਮਹਾਰਾਜ! ਗੁਰੂ ਨਾਨਕ ਜੀ ਕੇ ਅਵਤਾਰ ਧਾਰਨ ਕਾ ਸ਼ੁਭ ਦਿਹਾੜਾ ਆਇ ਗਿਆ ਹੈ, ਯਹਾਂ ਹੀ ਮਨਾਨਾ ਚਾਹੀਏ। (ਸਾਖੀ 45) :
      ਕਾਰਤਕ ਸੁਦੀ ਤ੍ਰੋਸਦੀ ਸ਼ਨੀਵਾਰ ਕੋ ਦਿਹੁੰ ਸ਼ਨੀਵਾਰ ਕੇ ਦਿਹੁੰ ਪਾਂਵਟਾਂ ਯੁਧ ਸੇ ਏਕ ਮਹੀਨਾ ਦਸ ਦਿਵਸ ਬਾਦ ਪਾਂਵਟੇ ਠਹਿਰ ਕੇ ਕਪਾਲ ਮੋਚਨ ਤੀਰਥ ਆਇ ਬਿਰਾਜੇ। ਯਹਾਂ ਸਤਿਗੁਰਾਂ ਸ੍ਰੀ ਗੁਰੁ ਨਾਨਕ ਜੀ ਕਾ ਪਾਵਨ ਪੁਰਬ ਜਾਨ ਕੇ ਪੂਰਨਮਾ ਕੇ ਦਿਹੁੰ ਮੁਖੀ ਸਿੱਖਾਂ ਕੋ ਸਿਰੋਪਾਇ ਦੀਏ।
(ਸਾਖੀ 51) :
       ਪਾਤੀ ਮੇਂ ਲਿਖਾ ਥਾ-ਗਰੀਬਨਿਵਾਜ਼! ਤੋਕੀ ਕਾਰਤਕ ਕੀ ਪੂਰਨਮਾਂ ਕਾ ਗੁਰਪੁਰਬ ਖੁਰਵੱਧੀ ਨਗਰ ਮੇਂ ਆਇ ਕੇ ਮਨਾਈਏ…
(ਸਾਖੀ ਪੋਥੀ, 1745) :
   “…ਦੀਵਾਲੀ ਦਾ ਮੇਲਾ ਆਇਆ, ਸੰਗਤਾਂ ਆਈਆਂ। ਗੁਰੂ ਜੀ ਬਚਨ ਕੀਤਾ ਪੰਦਰਾਂ ਦਿਨ ਇਥੇ ਹੋਰ ਰਹਿਣਾ ਹੈ। ਗੁਰੂ ਨਾਨਕ ਜੀ ਕਾ ਪੂਰਣਿਮਾਂ ਕਾ ਪੁਰਬ ਕਰ ਕੇ ਚੜ੍ਹਾਂਗੇ…।”
       ਸਿਰਫ਼ ਏਨਾ ਹੀ ਨਹੀਂ ਹੋਰ ਬਹੁਤ ਸਾਰੀਆਂ ਪੁਰਾਣੀਆਂ ਲਿਖਤਾਂ ਵਿਚ ਵੀ ਗੁਰੂ ਨਾਨਕ ਜਨਮ ਦਿਨ ਕੱਤਕ ਦੀ ਪੂਰਨਮਾਸ਼ੀ ਹੋਣ ਦਾ ਜ਼ਿਕਰ ਮਿਲਦਾ ਹੈ :
ਭਾਈ ਗੁਰਦਾਸ (ਮੌਤ 1638) :
     ਕਾਰਤਕ ਮਾਸ ਰੁਤਿ ਸ਼ਰਤ ਪੂਰਨਮਾਸ਼ੀ, ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈ।
    ਅਉਸਰ ਅਭੀਚ ਬਹੁ ਨਾਇਕ ਕੀ ਨਾਇਕਾ ਹੈ, ਰੂਪ ਗੁਣ ਜੋਬਨ ਸ਼ਿੰਗਾਰ ਅਧਿਕਾਰੀ ਹੈ।
   ਚਾਤਰ ਚਤਰ ਪਾਠ, ਸੇਵਕ ਸਹੇਲੀ ਸਾਠ, ਸੰਪਦਾ ਸਮਗਰੀ ਸੁਖ ਸਜਿਹ ਸੰਚਾਰੀ ਹੈ।
     ਸੁੰਦਰ ਮੰਦਰ ਸਦਿਨ ਚਾਰ। ਸ਼ੁਭ ਲਗਨ ਸੰਜੋਗ ਭੋਗ, ਜੀਵਨ ਜਨਮ ਧੰਨ ਪ੍ਰੀਤਮ ਪਿਆਰੀ ਹੈ£ 345£       (ਕਬਿਤ 345)
1. ਸੰਤੋਖ ਸਿੰਘ ਵੀ “ਨਾਨਕ ਪ੍ਰਕਾਸ਼” (1832 ਦੀ ਲਿਖਤ) ਵਿਚ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਲਿਖਦਾ ਹੈ।
2. ਬਾਬਾ ਬਿਨੋਦ ਸਿੰਘ ਦਾ ਗ੍ਰੰਥ :
“ਉਰਜ ਮਾਸ ਕੀ ਪੂਰਨਮਾਸ਼ੀ। ਹਰਿ ਕੀਰਤ ਸੀ ਜੌਨ ਪ੍ਰਕਾਸ਼ੀ। ਸੰਮਤ ਨੌ ਖਟ ਸਹਿਸ ਛਬੀਸਾ। ਭੈ ਅਵਤਾਰ ਪ੍ਰਗਟ ਜਗਦੀਸ਼ਾ।”
3. ਕੇਸਰ ਸਿੰਘ ਛਿਬਰ (ਬੰਸਾਵਲੀਨਮਾ ਦਸਾਂ ਪਾਤਸਾਹੀਆਂ ਦਾ, ਲਿਖਤ 1769 ਦੀ) : “ਸੰਮਤ ਪੰਦਰਾਂ ਸੈ ਛੱਬੀ ਭਏ। ਤਬ ਬਾਬਾ ਨਾਨਕ ਸਾਹਿਬ ਜਨਮ ਲਏ। ਮਹਾਂ ਕਾਰਤਕ ਪੁੰਨਿਆ ਰਾਤ ਗੁਰੂ ਨਾਨਕ ਲੀਨਾ ਅਵਤਾਰ।”
4. ਗੁਲਾਬ ਸਿੰਘ ਨਿਰਮਲਾ ਦੀ 1753 ਦੀ ਲਿਖਤ।
5. ਸੰਤ ਸਿੰਘ ਛਿਬਰ 'ਜਨਮ ਸਾਖੀ ਬਾਬਾ ਨਾਨਕ ਕੀ' (1810-15 ਦੀ ਲਿਖਤ)।
6. ਗੁਲਾਬ ਸਿੰਘ (ਦੂਜਾ) 'ਗੁਰ ਪ੍ਰਣਾਲੀ' (ਲਿਖਤ 1851 ਦੀ) ਵਿਚ ਸ਼ਰੇਆਮ ਲਿਖਦਾ ਹੈ : “ਪ੍ਰਮਾਣੀਕ ਜਨਮ ਸਾਖੀਆਂ ਅਤੇ ਗੁਰੂ ਨਾਨਕ ਚੰਦਰੋਦਯ ਤੇ ਗੁਰਪ੍ਰਣਾਲੀਆਂ ਵਿਚ ਕਤਕ ਪੂਰਨਮਾਸ਼ੀ ਜਨਮ ਦਿਨ ਲਿਖਿਆ ਹੈ। ਪਰ ਮਿਹਰਬਾਨ ਨੇ ਵਿਸਾਖ ਸੁਦੀ ਤੀਜ ਲਿਖਆ ਹੈ। ਸ਼ੁਧ ਦਿਨ ਕਤਕ ਪੂਰਨਮਾਸ਼ੀ ਹੈ।”
7. ਗਣੇਸ਼ਾ ਸਿੰਘ ਬੇਦੀ, 'ਗੁਰੂ ਬੰਸ ਬਿਨੋਦ', ਲਿਖਤ 1879 ਦੀ।
8. ਨਿਹਾਲ ਸਿੰਘ, ਗੁਰਮੁਖ ਸਿੰਘ 'ਖੁਰਸ਼ੀਦ ਖਾਲਸਾ', ਲਿਖਤ 1890 ਦੀ।
9. ਤਾਰਾ ਸਿੰਘ ਨਰੋਤਮ 'ਗੁਰ ਤੀਰਥ ਸੰਗ੍ਰਹਿ' 1884 ਦੀ ਲਿਖਤ।
ਇਨ੍ਹਾਂ ਤੋਂ ਇਲਾਵਾ ਕਈ ਹੋਰ ਲਿਖਤਾਂ ਵਿਚ ਵੀ ਕੱਤਕ ਦੀ ਪੂਰਨਮਾਸ਼ੀ ਤਾਰੀਖ ਹੀ ਮਿਲਦੀ ਹੈ (ਤੇ ਇਹ ਸਾਰੀਆਂ ਕਰਮ ਸਿੰਘ ਹਿਸਟੋਰੀਅਨ ਤੋਂ ਪਹਿਲਾਂ ਦੀਆਂ ਹਨ) :
10. 1892 ਵਿਚ ਛਪੀ ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ ਜਨਮਸਾਖੀ ਵਿਚ ਵੀ, ਸੁਧਾਈ ਕਰ ਕੇ, ਤਾਰੀਖ ਕੱਤਕ ਕਰ ਦਿੱਤੀ ਗਈ ਸੀ।
11. ਜੇ.ਡੀ. ਕਨਿੰਘਮ (1848 ਦੀ ਲਿਖਤ)।
12. ਗਿਆਨੀ ਗਿਆਨ ਸਿੰਘ 'ਗੁਰ ਤੀਰਥ ਸੰਗ੍ਰਹਿ' (1891), 'ਤਵਾਰੀਖ਼ ਗੁਰੂ ਖਾਲਸਾ' (1899), ਪੰਥ ਪ੍ਰਕਾਸ਼ (1909)।
13. ਸੇਵਾ ਦਾਸ 'ਪਰਚੀਆਂ'।
14. ਸੁਮੇਰ ਸਿੰਘ ਪਟਨਾ 'ਸ੍ਰੀ ਬੇਦੀ ਬੰਸੋਤਮ ਸਹੰਸ੍ਰ।
15. ਖਜ਼ਾਨ ਸਿੰਘ 'ਹਿਸਟਰੀ ਐਂਡ ਫਿਲਾਸਫ਼ੀ ਆਫ਼ ਦ ਸਿੱਖਜ਼'।
16. ਰਾਮ ਨਾਰਾਇਣ 'ਗੁਰੂ ਚੰਦ੍ਰੋਦਯ ਕਮਉਦੀ'।
17. ਗਿਆਨੀ ਕਰਤਾਰ ਸਿੰਘ ਕਲਾਸਵਾਲੀਆ (ਹੈੱਡ ਗ੍ਰੰਥੀ ਦਰਬਾਰ ਸਾਹਿਬ 1925-30)।
18. ਡਾ. ਬੀ. ਵੀ ਰਮਨ 'ਨੋਟੇਬਲ ਹੌਰੋ ਸਕੋਪਜ਼'।
ਇੰਞ ਹੀ ਮਿਹਰਬਾਨ ਪ੍ਰਣਾਲੀ ਵਾਲੇ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤਿ ਦਿਨ ਵੀ ਗਲਤ ਲਿਖਿਆ ਹੈ, ਜੋ ਅਸਲ ਵਿਚ ਅਸੂ ਵਦੀ 10 ਸੰਮਤ 1596 (7 ਸਤੰਬਰ 1539) ਹੈ, ਪਰ ਮਿਹਰਬਾਨ ਨੇ ਇਸ ਨੂੰ ਅੱਸੂ ਸੁਦੀ 10, ਯਾਨਿ  22 ਸਤੰਬਰ 1539) ਲਿਖ ਦਿੱਤਾ ਸੀ, ਜੋ ਦਰਅਸਲ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ ਹੈ।
         ਇਕ ਹੋਰ ਗੱਲ ਅਹਿਮ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਲਿਖਤ ਵਿਚ ਗੁਰੂ ਨਾਨਕ ਸਾਹਿਬ ਨੂੰ “ਦੇਵ” ਨਹੀਂ ਲਿਖਿਆ ਬਲਕਿ ਗੁਰੂ ਨਾਨਕ ਜਾਂ ਬਾਬਾ ਨਾਨਕ ਹੀ ਲਿਖਿਆ ਹੈ। ਹਾਂ ਗੁਰਪ੍ਰਣਾਲੀਆਂ ਵਿਚ ਕੇਸਰ ਸਿੰਘ ਦੀ ਲਿਖਤ ਵਿਚ 'ਦੇਵ' ਲਫਜ਼ ਆਇਆ ਹੈ ਪਰ ਇਹ ਵਾਰਤਕ ਲਿਖਤ ਕੇਸਰ ਸਿੰਘ ਛਿੱਬਰ ਦੀ (1769 ਵਾਲੀ) ਲਿਖਤ ਨਹੀਂ ਜੋ ਕਿ ਕਵਿਤਾ ਵਿਚ ਹੈ; ਇਸ ਵਾਸਤੇ ਯਕੀਨਨ ਇਹ ਬਾਅਦ ਦੀ ਲਿਖਤ ਹੈ ਜਦ 'ਦੇਵ' ਲਫ਼ਜ਼ ਨਾਜਾਇਜ਼ ਤੌਰ 'ਤੇ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਜੋੜ ਦਿੱਤਾ ਜਾ ਚੁੱਕਾ ਸੀ। ਕੇਸਰ ਸਿੰਘ ਛਿੱਬਰ ਦੇ ਲਫ਼ਜ਼ 'ਬਾਬਾ ਨਾਨਕ ਸਾਹਿਬ' ਜਾਂ 'ਗੁਰੂ ਨਾਨਕ' ਹਨ ਹਨ : “ਸੰਮਤ ਪੰਦਰਾਂ ਸੈ ਛੱਬੀ ਭਏ। ਤਬ ਬਾਬਾ ਨਾਨਕ ਸਾਹਿਬ ਜਨਮ ਲਏ। ਮਹਾਂ ਕਾਰਤਕ ਪੁੰਨਿਆ ਰਾਤ ਗੁਰੂ ਨਾਨਕ ਲੀਨਾ ਅਵਤਾਰ।”
ਆਲੂ-ਚਨਾ (ਆਲੋਚਣਾ) ਦਾ ਜਵਾਬ
         ਮੇਰੀ ਲਿਖਤ 'ਤੇ ਕਿਸੇ ਵਰਪਾਲ ਸਿੰਘ ਜੀ (ਨਿਊਜ਼ੀਲੈਂਡ ਵਾਸੀ) ਨੇ ਚੋਖੀ ਲੰਮੀ ਚੌੜੀ ਵਾਰਤਾਲਾਪ ਲਿਖ ਮਾਰੀ ਸੀ, ਜਿਸ ਵਿਚ ਉਨ੍ਹਾਂ ਨੇ ਗਲਤ ਬਿਆਨੀ ਕੀਤੀ ਹੋਈ ਸੀ ਕਿ ਮੈਂ ਬਾਲਾ ਨਾਂ ਦਾ ਸ਼ਖਸ ਗੁਰੂ ਨਾਨਕ ਸਾਹਿਬ ਦਾ ਸਾਥੀ ਲਿਖਿਆ ਹੈ ਜੋ ਕਿ ਗਲਤ ਹੈ, ਮੈਂ ਕਿਤੇ ਵੀ ਅਜਿਹਾ ਨਹੀਂ ਲਿਖਿਆ। ਉਂਞ ਵਰਪਾਲ ਸਿੰਘ ਜੀ ਐਨਾ ਜ਼ੋਰ ਲਾ ਕੇ ਲਫ਼ਜ਼ੀ ਸਿਰ-ਦਰਦੀ ਦਾ ਤਰੱਦਦ ਕਰਨ ਮਗਰੋਂ ਵੀ ਇਹ ਰੱਦ ਨਹੀਂ ਕਰ ਸਕੇ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦਾ ਸੀ ਤੇ ਨਾ ਸਾਬਿਤ ਕਰ ਸਕਿਆ ਹੈ ਕਿ ਉਨ੍ਹਾਂ ਕੋਲ ਵਿਸਾਖ ਦਾ ਜਨਮ ਹੋਣ ਦੇ ਕੋਈ ਸਬੂਤ ਹਨ ਸਿਵਾਏ ਜਨਮਸਾਖੀ ਮਿਹਰਬਾਨ ਦੇ (ਜਾਂ ਉਸ ਦੇ ਅਧਾਰ 'ਤੇ ਲਿਖੀਆਂ ਜਨਮਸਾਖੀਆਂ ਦੇ ਅਧਾਰ 'ਤੇ)। ਉਨ੍ਹਾਂ ਦੀ ਸਾਰੀ (ਬੇਮਾਅਨਾ) ਬਹਿਸ ਸਿਰਫ਼ ਇਸ ਨੁਕਤੇ ਬਾਰੇ ਹੈ ਕਿ ਬਾਲਾ ਗੁਰੂ ਨਾਨਕ ਸਾਹਿਬ ਦਾ ਸਾਥੀ ਸੀ ਜਾਂ ਨਹੀਂ ਤੇ ਦੂਜਾ ਮੇਰੇ ਸ਼ੰਕੇ ਕਿ 'ਜਾਪਦਾ ਹੈ ਕਿ ਕੋਈ ਅਸਲ ਬਾਲਾ ਜਨਮਸਾਖੀ ਹੋਵੇਗੀ'; ਮੈਂ ਤਾਂ ਕੱਤਕ ਦਾ ਜਨਮ ਸਿੱਧ ਕਰਨ ਵਾਸਤੇ ਹੋਰ ਵੀ ਦਰਜਨ ਸੋਮੇ ਤੇ ਮਿਸਾਲਾਂ ਦਿੱਤੀਆਂ ਹਨ ਕਿ ਕੱਤਕ ਵਿਚ ਦਿਨ ਮਨਾਉਣ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਪਰ ਉਨ੍ਹਾਂ ਨੇ ਕਿਸੇ ਨੁਕਤੇ ਨੂੰ ਵੀ ਨਹੀਂ ਛੇੜਿਆ ਸਿਰਫ਼ ਇਕ ਜਨਮਸਾਖੀ ਬਾਲਾ ਵਾਲਾ ਨੁਕਤਾ ਹੀ ਫੜਿਆ ਹੈ ਜਿਸ ਦੀ ਉਹ ਮਿੱਝ ਕੱਢਣ 'ਤੇ ਜ਼ੋਰ ਤਾਂ ਲਾ ਗਿਆ ਹੈ ਪਰ ਪਾਣੀ ਵਿਚ ਮਧਾਣੀ ਪਾ ਕੇ ਵੀ ਸਾਬਿਤ ਨਹੀਂ ਕਰ ਸਕੇ ਕਿ ਗੁਰੂ ਸਾਹਿਬ ਦਾ ਜਨਮ ਵਿਸਾਖ ਦਾ ਸੀ।
ਇਕ ਹੋਰ ਥੋਥੀ ਦਲੀਲ ਉਨ੍ਹਾਂ ਨੇ ਦਿੱਤੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਜਨਮਸਾਖੀ ਗੁਰੂ ਅੰਗਦ ਸਾਹਿਬ ਨੇ ਕਿਉਂ ਲਿਖਵਾਈ ਜਦ ਕਿ ਸ੍ਰੀਚੰਦ ਤੇ ਲਖਮੀ ਦਾ ਮੌਜੂਦ ਸਨ, ਉਨ੍ਹਾਂ ਕਿਉਂ ਨਾ ਲਿਖਵਾਈ? ਪਹਿਲੀ ਗੱਲ ਤਾਂ ਵਰਪਾਲ ਸਿੰਘ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਦੋਵੇਂ ਬਿੰਦੀ ਪੁੱਤਰ ਬਾਪ ਦਾ ਕਹਿਣਾ ਨਾ ਮੰਨਣ ਵਾਲੇ ਨਾ ਲਾਇਕ ਬੱਚੇ ਸਨ; ਅਤੇ ਫਿਰ ਉਸ ਦੀ ਦਲੀਲ ਵਾਲਾ ਫਾਰਮੂਲਾ ਮੰਨ ਲਾਈਏ ਤਾਂ ਸਵਾਲ ਹੈ ਕਿ ਕੀ ਉਹ ਦੋਵੇਂ ਗੁਰੂ ਜੀ ਦੇ ਨਾਲ ਸਨ ਜੋ ਉਹ ਗੁਰੂ ਜੀ ਦੀਆਂ ਸਾਰੀਆਂ ਉਦਾਸੀਆਂ ਤੇ ਜੀਵਨ ਜਾਣਦੇ ਸਨ।
ਫਿਰ, ਹੁਣ ਵੀ ਜੇ ਵਿਰਸੇ ਦੀ ਗੱਲ ਕਰਨੀ ਹੈ ਤਾਂ ਅਜ ਵੀ ਬੇਦੀ ਖਾਨਦਾਨ ਮੌਜੂਦ ਹੈ, ਉਹ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਹੀ ਮੰਨਦੇ ਹਨ। ਕਿਉਂ ਵਰਪਾਲ ਸਿੰਘ ਜੀ ਕੀ ਤੁਸੀਂ ਇਹ ਨਹੀਂ ਮੰਨਦੇ ਕਿ ਖਾਨਦਾਨ ਦੇ ਵਾਰਿਸਾਂ ਨੂੰ ਤਾਂ ਅਸਲ ਤਾਰੀਖ ਪਤਾ ਹੋਵੇਗੀ!
         ਮੈਂ ਪੁਰਾਣੀਆਂ ਲਿਖਤਾਂ ਵਿਚੋਂ ਹਵਾਲੇ ਦੇ ਕੇ ਸਾਬਿਤ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੁ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਨਾਨਕ ਸਾਹਿਬ ਦਾ ਦਿਨ ਕੱਤਕ ਵਿਚ ਮਨਾਇਆ ਸੀ; ਵਰਪਾਲ ਸਿੰਘ ਜੀ ਜਾਂ ਕੋਈ ਵਿਸਾਖ ਦਾ ਜਨਮ ਮੰਨਣ ਦਾ ਦਾਅਵੇਦਾਰ/ਹਮਾਇਤੀ ਕਿਸੇ ਪੁਰਾਣੀ ਲਿਖਤ ਵਿਚ ਵਿਸਾਖ ਵਿਚ ਗੁਰੂ ਨਾਨਕ ਪੁਰਬ ਮਨਾਏ ਜਾਣ ਦਾ ਸਬੂਤ ਪੇਸ਼ ਕਰੇਗਾ।
ਹਰਜਿੰਦਰ ਸਿੰਘ ਦਿਲਗੀਰ