ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਨਾਨਕ ਮਹਾਨ ਚਿੰਤਕ ਜਾਂ ਕਰਾਮਾਤੀ ਪੁਰਸ਼


ਗੁਰੂ ਨਾਨਕ ਦੁਨੀਆਂ ਦੇ ਮਹਾਨ ਚਿੰਤਕਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਆਪਣੇ ਵਿਸ਼ਾਲ ਤਜ਼ਰਬੇ, ਅਨੁਭਵ ਅਤੇ ਚਿੰਤਨ ਕਰਕੇ ਜਗਤ ਗੁਰੂ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਜਦੋਂ ਕੋਈ ਮਹਾਂਪੁਰਖ ਅਦਭੁੱਤ ਕੰਮ ਕਰਦਾ ਹੈ ਤਾਂ ਉਸ ਸਬੰਧੀ ਰਵਾਇਤਾਂ ਲੋਕ ਪ੍ਰਚੱਲਿਤ ਹੋ ਜਾਂਦੀਆਂ ਹਨ। ਉਸ ਦੇ ਸਮਕਾਲੀ ਹੈਰਾਨੀ ਅਤੇ ਵਾਹ-ਵਾਹ ਦੇ ਵਾਯੂ ਮੰਡਲ ਵਿਚ ਇਨ੍ਹਾਂ ਰਵਾਇਤਾਂ ਨੂੰ ਅਸਚਰਜਤਾ ਅਤੇ ਕਰਾਮਾਤਾਂ ਦੇ ਰੂਪ ਵਿਚ ਵੇਖਦੇ ਹਨ। ਇਹ ਅਸਪੱਸ਼ਟ, ਅਸਚਰਜ ਅਤੇ ਕਰਾਮਾਤੀ ਵਾਤਾਵਰਣ ਹਰ ਕੌਮ ਅਤੇ ਹਰ ਧਰਮ ਦੇ ਇਤਿਹਾਸ ਦਾ ਮੁੱਢਲਾ ਪੜਾਅ ਹੁੰਦਾ ਹੈ। (ਐਲਫਰੈਡ)
ਅਜਿਹੀਆਂ ਕਰਾਮਾਤਾਂ ਹੀ ਗੁਰੂ ਨਾਨਕ ਜੀ ਦੇ ਜੀਵਲ ਨਾਲ ਜੋੜੀਆਂ ਗਈਆਂ ਹਨ। ਬੇਸ਼ੱਕ ਹੋਰਨਾਂ ਧਰਮਾਂ ਵਿਚ ਵੀ ਕਰਾਮਾਤਾਂ ਦਾ ਜ਼ਿਕਰ ਪੜ੍ਹਨ ਸੁਣਨ ਨੂੰ ਮਿਲਦਾ ਹੈ ਪਰ 'ਗੁਰੂ ਨਾਨਕ' ਜਿਨ੍ਹਾਂ ਨੇ ਖੁਦ ਆਪਣੀ ਬਾਣੀ ਵਿਚ ਅਜਿਹੀਆਂ ਕਰਾਮਾਤਾਂ ਦਾ ਖੰਡਨ ਕੀਤਾ ਹੋਵੇ ਅਤੇ ਉਨ੍ਹਾਂ ਨਾਲ ਹੀ ਕਰਾਮਾਤਾਂ ਦਾ ਜੁੜ ਜਾਣਾ ਸਿਰਫ਼ ਸ਼ਰਧਾ ਵੱਸ ਜਾਂ ਗੁਰੂ ਨਾਨਕ ਵਿਚਾਰਧਾਰਾ ਦਾ ਵਿਰੋਧ ਕਰਨਾ ਹੈ। ਇਹ ਕਰਾਮਾਤਾਂ ਗੁਰੂ ਜੀ ਦੇ ਜੀਵਨ ਨਾਲ ਕਿਵੇਂ ਜੁੜੀਆਂ ਅਤੇ ਲੋਕ ਮਨਾਂ ਵਿਚ ਇਹ ਕਿਵੇਂ ਘਰ ਕਰ ਗਈਆਂ ਵੀ ਆਪਣੇ ਆਪ ਵਿਚ ਇਕ ਸਵਾਲ ਹੈ ਪਰ ਜਿਸਦਾ ਹੱਲ ਹੇਠ ਲਿਖੀਆਂ ਲਾਇਨਾਂ ਤੋਂ ਸਪੱਸ਼ਟ ਹੁੰਦਾ ਹੈ।
ਸਿੱਖ ਕੌਮ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਇਨ੍ਹਾਂ ਨੇ ਇਤਿਹਾਸ ਸਿਰਜਿਆ ਤਾਂ ਹੈ ਪਰ ਨਾ ਲਿਖਿਆ ਗਿਆ ਅਤੇ ਨਾ ਹੀ ਸਾਂਭਿਆ ਗਿਆ। ਇਤਿਹਾਸ ਦੀ ਅਣਹੋਂਦ ਵਿਚ ਜਨਮ ਸਾਖੀਆਂ ਹੋਂਦ ਵਿਚ ਆਈਆਂ। ਇਹ ਜਨਮ ਸਾਖੀਆਂ ਸੰਗਤ ਵਿਚ ਐਨੀ ਵਾਰ ਦੁਹਰਾਈਆਂ ਗਈਆਂ ਕਿ ਇਨ੍ਹਾਂ ਜਨਮ ਸਾਖੀਆਂ ਨੂੰ ਹੀ ਇਤਿਹਾਸ ਮੰਨ ਲਿਆ ਗਿਆ। ਜਿਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਉਹ ਸੰਤ-ਮਹੰਤ ਜਿਨ੍ਹਾਂ ਵਿਰੁੱਧ ਗੁਰੂ ਨਾਨਕ ਜੀ ਲਿਖਦੇ ਰਹੇ ਉਨ੍ਹਾਂ ਨੇ ਆਪਣੇ ਡੇਰੇ ਚਲਾਉਣ ਲਈ ਇਨ੍ਹਾਂ ਸਾਖੀਆਂ ਦਾ ਸਹਾਰਾ ਲਿਆ, ਨਾ ਕਿ ਗੁਰਬਾਣੀ ਨੂੰ ਪ੍ਰਚਾਰਿਆ ਅਤੇ ਪ੍ਰਸਾਰਿਆ ਗਿਆ, ਜੇਕਰ ਉਹ ਸਾਧ-ਸੰਤ ਗੁਰਬਾਣੀ ਦੀ ਉਪਮਾ ਕਰਦੇ ਤਾਂ ਉਹਨਾਂ ਦਾ ਤੋਰੀ ਫੁਲਕਾ ਬੰਦ ਹੁੰਦਾ ਸੀ ਇਸੇ ਕਰਕੇ ਜਨਮ ਸਾਖੀਆਂ ਵਿੱਚ ਗੁਰੂ ਨਾਨਕ ਜੀ ਦੇ ਜੀਵਨ ਸਬੰਧੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਜੋ ਗੁਰਬਾਣੀ ਦੀ ਕਸਵੱਟੀ 'ਤੇ ਖਰੀਆਂ ਨਹੀਂ ਉਤਰਦੀਆਂ ਦਾ ਜ਼ਿਕਰ ਹੈ, ਜਿਨ੍ਹਾਂ ਬਾਰੇ ਆਮ ਪਾਠਕ ਜਾਂ ਸਾਧ ਸੰਗਤ ਅੱਖਾਂ ਬੰਦ ਕਰਕੇ ਮੰਤਰ ਮੁਗਧ ਹੋ ਕੇ ਵਾਹ-ਵਾਹ ਜਾਂ ਧੰਨ ਨਾਨਕ ਤੂੰ ਹੀ ਨਿਰੰਕਾਰ ਆਖੀ ਜਾ ਰਹੀ ਹੈ ਪਰ ਗੁਰੂ ਨਾਨਕ ਦੀ ਵਿਸ਼ਾਲ ਸੋਚ ਅਤੇ ਉਨ੍ਹਾਂ ਦੀ ਵਿਚਾਰਧਾਰਾ ਤੋਂ ਅਸੀਂ ਕਿਨਾਰਾ ਕਰੀਂ ਬੈਠੇ ਹਾਂ। ਬੇਸ਼ੱਕ ਜਨਮ ਸਾਖੀਆਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹਨ ਜੋ ਵਿਗਿਆਨਕ ਨਜ਼ਰੀਏ ਤੋਂ ਪੜਚੋਲਣ ਲਗਿਆਂ ਇਉਂ ਲੱਗਦਾ ਹੈ ਕਿ ਜਿਵੇਂ ਕੋਈ ਕਾਲਪਨਿਕ ਕਹਾਣੀ ਹੋਵੇ। ਉਨ੍ਹਾਂ ਸਾਰੀਆਂ ਘਟਨਾਵਾਂ ਦਾ ਜ਼ਿਕਰ ਤਾਂ ਨਹੀਂ ਹੋ ਸਕਦਾ ਪਰ ਕੁਝ ਮੁੱਖ ਘਟਨਾਵਾਂ ਜੋ ਸਾਡੇ ਮਨਾਂ ਵਿੱਚ ਉਤਾਰੀਆਂ ਗਈਆਂ ਦਾ ਜ਼ਿਕਰ ਕਰਨਾ ਜਰੂਰੀ ਬਣਦਾ ਹੈ ਤਾਂ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਸਾਂਝ ਪੈ ਸਕੇ।
ਗੁਰੂ ਨਾਨਕ ਜੀ ਦੇ ਜੀਵਨ ਸਬੰਧੀ ਪਹਿਲੀ ਲਿਖਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਹਨ। ਇਸ ਤੋਂ ਇਲਾਵਾ ਚਾਰ ਜਨਮ ਸਾਖੀਆਂ ਵਿਲਾਇਤ ਵਾਲੀ ਜਨਮ ਸਾਖੀ (ਪੁਰਾਤਨ ਜਨਮ ਸਾਖੀ), ਮਿਹਰਬਾਨ ਵਾਲੀ ਜਨਮ ਸਾਖੀ, ਭਾÂਂੀ ਬਾਲੇ ਵਾਲੀ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ। ਇਨ੍ਹਾਂ ਚਾਰਾਂ ਜਨਮ ਸਾਖੀਆਂ ਵਿਚੋਂ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਅਜਿਹੀਆਂ ਕਰਾਮਾਤਾਂ ਜੋੜੀਆਂ ਗਈਆਂ ਹਨ ਜੋ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਬਾਲਾ ਨਾਂਅ ਦਾ ਪਾਤਰ ਇੱਕ ਨਾਟਕੀ ਰੂਪ ਵਿਚ ਪੇਸ਼ ਹੁੰਦਾ ਹੈ। ਬਾਲੇ ਦਾ ਦਾਅਵਾ ਬਚਪਨ ਤੋਂ ਗੁਰੂ ਨਾਨਕ ਦਾ ਸਾਥੀ ਹੋਣ ਦਾ ਹੈ। ਜਿਸ ਬਾਲੇ ਨੇ ਗੁਰੂ ਨਾਨਕ ਦਾ ਉਦਾਸੀਆਂ ਸਮੇਂ ਹਰ ਔਕੜ ਵਿੱਚ ਸੰਗ ਕੀਤਾ ਉਹ ਬਾਲਾ ਗੁਰੂ ਨਾਨਕ ਦੇ ਅੰਤਲੇ ਸਾਲਾਂ ਵਿਚ ਸ਼ਰਧਾਲੂ ਹੁੰਦਾ ਹੋਇਆ ਵੀ ਉਹਨਾਂ ਦਾ ਸਾਥ ਛੱਡ ਗਿਆ। ਗੁਰੂ ਅੰਗਦ ਨੇ ਕਈ ਸਾਲ ਦਿਲ ਲਾ ਕੇ ਗੁਰੂ ਨਾਨਕ ਦੀ ਸੇਵਾ, ਉਸਦੇ ਮਿਸ਼ਨ ਦੀ ਮਾਨਤਾ ਅਤੇ ਸਤਿਕਾਰ ਕੀਤਾ। ਉਹਨਾਂ ਦਾ ਆਤਮ ਸਮਰਪਣ ਇਸ ਹੱਦ ਤੱਕ ਪਹੁੰਚ ਗਿਆ ਕਿ ਗੁਰੂ ਨਾਨਕ ਨੇ ਆਪਣਿਆਂ ਬੱਚਿਆਂ ਅਤੇ ਹੋਰ ਸ਼ਰਧਾਲੂਆਂ ਨੂੰ ਛੱਡ ਕੇ ਗੁਰੂ ਅੰਗਦ ਨੂੰ ਆਪਣਾ ਗੱਦੀ-ਨਸ਼ੀਨ ਬਣਾਇਆ। ਸਾਧਾਰਣ ਸਿੱਖ ਗੁਰੂ ਨਾਨਕ ਦੇ ਜੀਵਨ ਸੰਗੀ ਬਾਲੇ ਬਾਰੇ ਜਾਣਕਾਰੀ ਰੱਖਦੇ ਸਨ ਪਰ ਗੁਰੂ ਅੰਗਦ ਇਸ ਨਾਂ ਤੋਂ ਅਣਜਾਣ ਰਹੇ? ਗੁਰੂ ਅੰਗਦ ਦਾ ਬਾਲੇ ਨੂੰ ਕੀਤਾ ਇਹ ਸਵਾਲ 'ਕੀ ਉਸ ਨਾਨਕ ਨੂੰ ਦੇਖਿਆ ਹੈ?' ਸਪੱਸ਼ਟ ਕਰਦਾ ਹੈ ਕਿ ਇਹ ਵਾਰਤਾਲਾਪ ਗੁਰੂ ਅੰਗਦ ਤੇ ਅਸਲੀ ਬਾਲੇ ਵਿੱਚ ਨਹੀਂ ਹੋ ਸਕਦੀ ਕਿਉਂਕਿ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇ ਜੀਵਨ ਸੰਗੀ ਬਾਲੇ ਦੇ ਨਾਂ ਤੋਂ ਅਤੇ ਉਸਦੇ ਗੁਰੂ ਨਾਨਕ ਨਾਲ ਸੰਬੰਧਾਂ ਤੋਂ ਅਣਜਾਣ ਨਹੀਂ ਹੋ ਸਕਦੇ।
 ਡੇਰੇ ਦੇ ਸਾਧਾਂ ਦੀ ਰੋਜ਼ੀ ਖ਼ਤਰੇ ਵਿੱਚ ਪੈਂਦੀ ਜਾ ਰਹੀ ਸੀ। ਨਾਨਕ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਂਭੀ ਜਾ ਚੁੱਕੀ ਸੀ। ਉਸਨੂੰ ਵਿਗਾੜਨ ਤੱਕ ਡੇਰੇ ਦੇ ਸਾਧਾਂ ਦੀ ਪਹੁੰਚ ਨਹੀਂ ਸੀ ਪਰ ਉਸ ਦੇ ਚੇਤੰਨ ਅਸਰ ਤੋਂ ਬਚਾਣ ਲਈ ਕਈ ਪ੍ਰਕਾਰ ਦੀਆਂ ਕਥਾਵਾਂ ਘੜੀਆਂ ਗਈਆਂ। ਇਹ ਕਥਾਵਾਂ ਗੁਰੂ ਨਾਨਕ ਦੇ ਜੀਵਨ ਨਾਲ ਸਬੰਧਤ ਕਰ ਦਿੱਤੀਆਂ ਗਈਆਂ। ਗੁਰੂ ਨਾਨਕ ਤਾਂ ਘਰੋਂ ਲੋਟੇ ਚੁਰਾ ਕੇ ਸਾਧਾਂ ਨੂੰ ਦੇ ਆਉਂਦਾ ਸੀ। ਗੁਰੂ ਨਾਨਕ ਸੋਨੇ ਦੇ ਕੜੇ ਸਾਧਾਂ ਨੂੰ ਦੇ ਦਿੰਦਾ ਸੀ ਅਤੇ ਵਪਾਰ ਲਈ ਪ੍ਰਾਪਤ ਕੀਤੇ ਪੈਸੇ ਵੀ ਸਾਧੂਆਂ ਦੀ ਸੇਵਾ ਵਿੱਚ ਲਾ ਕੇ ਸੰਤੁਸ਼ਟ ਹੋ ਜਾਂਦਾ ਸੀ ਸਾਧਾਂ ਫ਼ਕੀਰਾਂ ਦੀ ਸੇਵਾ ਕਰਨ ਨਾਲੋਂ ਹੋਰ ਚੰਗਾ ਕੰਮ ਕੋਈ ਹੋ ਹੀ ਨਹੀਂ ਸਕਦਾ। ਇਹ ਨਾਨਕ ਡੇਰੇ ਵਾਲੇ ਸਾਧਾਂ ਦਾ ਹੈ ਜਿਸ ਦੀ ਆੜ ਵਿੱਚ ਉਹ ਆਪਣੀ ਰੋਜ਼ੀ ਤੋਰਨਾ ਚਾਹੁੰਦੇ ਹਨ।
ਸੈਦਪੁਰ ਵਾਲੀ ਸਾਖੀ :- ਇਹ ਸਾਖੀ ਬਾਬਰ ਦੀ ਸੈਦਪੁਰ ਵਿੱਚ ਕੀਤੀ ਕਤਲਿਆਮ ਨਾਲ ਸੰਬੰਧ ਰੱਖਦੀ ਹੈ। ਗੁਰੂ ਬਾਣੀ ਦਾ ਨਾਨਕ ਇਸ ਜ਼ੁਲਮ ਨੂੰ ਵੇਖ ਕੇ ਬਾਬਰ ਨੂੰ ਜਮਰੂਪ ਕਹਿੰਦਾ ਹੈ ਅਤੇ ਉਸ ਦੀ ਫ਼ੌਜ ਨੂੰ ਪਾਪ ਦੀ ਜੰਞ ਆਖਦਾ ਹੈ। ਇਸ ਸਾਕੇ ਨੂੰ ਵੇਖ ਕੇ ਰੱਬ ਨੂੰ ਵੀ ਇਹਨਾਂ ਸ਼ਬਦਾਂ ਵਿੱਚ ਸੰਬੋਧਨ ਕਰਦਾ ਹੈ :
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ£
ਪਰ ਡੇਰੇ ਵਾਲੇ ਸਾਧਾਂ ਦਾ ਨਾਨਕ ਸੈਦਪੁਰ ਦੇ ਲੋਕਾਂ ਨੂੰ ਕ੍ਰੋਧ ਵਿੱਚ ਆ ਕੇ ਸਰਾਪ ਦਿੰਦਾ ਹੈ। ਜਿਸ ਤੋਂ ਡੇਰੇ ਵਾਲੇ ਸਾਧਾਂ ਨੇ ਇਹ ਸਪੱਸ਼ਟ ਕੀਤਾ ਕਿ ਫ਼ਕੀਰ ਨੂੰ ਕਦੇ ਦਰ ਤੋਂ ਖ਼ਾਲੀ ਨਹੀਂ ਮੋੜਨਾ ਚਾਹੀਦਾ। ਸੈਦਪੁਰ ਦੇ ਪਠਾਣਾਂ ਨਾਨਕ ਨੂੰ ਰੋਟੀ ਦਾ ਸਵਾਲ ਕਰਨ 'ਤੇ ਵੀ ਖ਼ਾਲੀ ਮੋੜ ਦਿੱਤਾ। ਜਦੋਂ ਨਾਨਕ ਨੂੰ ਮੰਗਣ 'ਤੇ ਵੀ ਭੋਜਨ ਨਾ ਪ੍ਰਾਪਤ ਹੋਇਆ ਤਾਂ ਸੈਦਪੁਰ ਦੇ ਸਾਰੇ ਪਿੰਡ ਨੂੰ ਹੀ ਸਰਾਪ ਦਿੱਤਾ। ਏਥੇ ਮੈਂ ਇਸ ਗੱਲ ਨੂੰ ਵਧੇਰੇ ਸਪੱਸ਼ਟ ਕਰਨ ਲਈ ਪੁਰਾਤਨ ਜਨਮ ਸਾਖੀ ਦੀ ਇਸ ਸਾਖੀ ਵਿਚੋਂ ਕੁਝ ਸੱਤਰਾਂ ਦਿੰਦਾ ਹਾਂ।
''ਆਸ ਪਾਸਿ ਗਿਰਾਉ ਸਭ ਮਾਰੇ। ਹਿੰਦੂ ਮੁਸਲਮਾਨਿ ਸਭਿ ਕਤਲਾਮ ਕੀਤੇ। ਘਰ ਲੁਟੇ, ਢਾਹੇ। ਇਜੇਹੀ ਮਾਰੁ ਬਾਰੈ ਕੇ ਸਬਦਿ ਕੀਤੀ ਪਠਾਨਾਂ ਜੋਗੁ। ਮਹਾਂਪੁਰਖਾਂ ਦਾ ਗਜਬ ਹੋਆ, ਖੁਦਾਇ ਮੰਨੇ ਫ਼ਕੀਰਾਂ ਨੂੰ। ਫ਼ਕੀਰਾਂ ਮੰਨਿਆ ਖ਼ੁਦਾਇ। ਫ਼ਕੀਰਾਂ ਦਾ ਅਰਾਧਿਆ ਖੁਦਾਇ ਬਣਦਾ ਹੈ।....ਇਸ ਗ੍ਰਿਹੀ ਬੰਦੇ ਨੂੰ ਭੀ ਲੋੜੀਂਦੀ ਹੈ : ਜੋ ਕੋ ਚਹੁ ਵਰਨਾ ਵਿਚਿ ਫ਼ਕੀਰੀ ਦਾ ਭੇਖੁ ਕਰੈ ਹਿੰਦੂ ਮੁਸਲਮਾਨ ਚੋਰ ਜਾਰੁ ਵਟਵਾੜਾ ਤਿਸਕੀ ਸੇਵਾ ਕਰਣੀ, ਕਰਮ ਨਹੀਂ ਬੀਚਾਰਣਾ।''
ਉਪਰੋਕਤ ਸ਼ਬਦਾਂ ਤੋਂ ਸਪੱਸ਼ਟ ਹੈ ਕਿ ਅਜਿਹੀਆਂ ਸਾਖੀਆਂ ਕਿਉਂ ਘੜੀਆਂ ਜਾਂਦੀਆਂ ਰਹੀਆਂ ਹਨ ਅਤੇ ਕੁਝ ਇਤਿਹਾਸਕ ਘਟਨਾਵਾਂ ਨੂੰ ਮੋੜ ਤੋੜ ਕੇ ਕਿਵੇਂ ਸਾਖੀਆਂ ਵਿਚ ਡੇਰੇ ਦੇ ਸਾਧਾਂ ਆਪਣੇ ਹਿੱਤ ਲਈ ਵਰਤਿਆ ਹੈ। ਅਜਿਹੀਆਂ ਸਾਖੀਆਂ ਹੀ ਸਨ ਜਿਨ੍ਹਾਂ ਆਸਰੇ ਮਹੰਤਾਂ ਨੇ ਗੁਰਦੁਆਰਿਆਂ ਨੂੰ ਅੱਯਾਸ਼ੀ ਦੇ ਅੱਡੇ ਬਣਾ ਲਿਆ ਸੀ।
ਭਾਈ ਮਰਦਾਨੇ ਦੀ ਸਾਖੀਆਂ ਵਿੱਚ ਪੇਸ਼ਕਾਰੀ :- ਜਨਮ ਸਾਖੀਆਂ ਵਿਚ ਪੜ੍ਹਿਆ ਸੁਣਿਆ ਸੀ ਕਿ ਮਰਦਾਨਾ ਹਰ ਵਾਰ ਭੁੱਖ ਤੋਂ ਆਤੁਰ ਹੋ ਜਾਂਦਾ ਸੀ ਅਤੇ ਉਜਾੜਾਂ ਬੀਆਬਾਨਾਂ ਵਿਚੋਂ ਨਾਨਕ ਨੂੰ ਬਸਤੀਆਂ ਵੱਲ ਲੈ ਜਾਂਦਾ ਸੀ। ਜਦੋਂ ਵੀ ਮਰਦਾਨੇ ਭੁੱਖ ਦੇ ਦੁੱਖੋਂ ਬਾਬੇ ਦਾ ਸਾਥ ਛੱਡ ਜਾਣ ਦੀ ਗੱਲ ਕੀਤੀ, ਉਸੇ ਸਮੇਂ ਬਾਬੇ ਨੂੰ ਮਰਦਾਨੇ ਦੀ ਗੱਲ ਮੰਨਣੀ ਪਈ। ਜਾਂ ਬਸਤੀਆਂ ਵੱਲ ਮੁੜ ਪੈਂਦਾ ਸੀ ਜਾਂ ਫੇਰ ਆਪਣੀ ਆਤਮਕ ਸ਼ਕਤੀ ਨਾਂਲ ਹੀ ਅੱਕ-ਅੰਬੀਆਂ ਨੂੰ ਮਿੱਠੀਆਂ ਕਰ ਦਿੰਦਾ ਪਰ ਨਾਨਕ ਨੂੰ ਮਰਦਾਨੇ ਦਾ ਸਾਥ ਛੱਡ ਜਾਣ ਵਾਲੀ ਗੱਲ ਕਦੇ ਨਾ ਚੰਗੀ ਲੱਗਦੀ। ਮਰਦਾਨਾ ਤਾਂ ਸਾਥੀ ਸੀ ਜਿਸ ਨਾਨਕ ਨੂੰ ਸਮਝਿਆ, ਜਿਸ ਨਾਨਕ ਦੀ ਬਾਣੀ ਨੂੰ ਸੰਗੀਤ ਦਿੱਤਾ, ਭਲਾ ਆਪਣੇ ਇਕੋ ਇਕ ਸਾਥੀ ਨੂੰ ਕੌਣ ਗੁਆ ਸਕਦਾ ਹੈ। ਸੁੱਖਾਂ ਦੇ ਸਾਥੀ ਤਾਂ ਅਨੇਕਾਂ ਲੱਭਦੇ ਹਨ, ਬਿਖੜੇ ਰਾਹਾਂ ਦਾ ਸਾਥੀ ਤਾਂ ਹੋਈ ਹੀ ਹੁੰਦਾ ਹੈ। ਤੇ ਫੇਰ ਨਿਗੂਣੀ ਰੋਟੀ ਬਦਲੇ ਤੇ ਹਰ ਵਾਰ ਨਾਨਕ ਮਰਦਾਨੇ ਦੀ ਭੁੱਖ ਮਿਟਾਂਦਾ ਰਿਹਾ। ਗੁਰੂ ਨਾਨਕ ਜਿਹੜਾ ਕਹਿੰਦਾ ਸੀ ਭੁੱਖੇ ਰਹਿ ਕੇ ਰੱਬ ਨਹੀਂ ਮਿਲਦਾ, ਜਿਹੜਾ ਕਹਿੰਦਾ ਸੀ 'ਅਨ ਨਾ ਖਾਇਆ ਸਾਦੁ ਗਵਾਇਆ' ਉਹ ਨਾਨਕ ਜਨਮ ਸਾਖੀਆਂ ਵਿੱਚ ਹਵਾ ਖ਼ੋਰੀ ਕਰਦਾ ਹੈ। ਜਿਹੜਾ ਨਾਨਕ ਮੜ੍ਹੀਆਂ ਮਸਾਣਾਂ ਅਤੇ ਬੀਆਬਾਨਾਂ ਵਿੱਚ ਰਹਿਣ ਵਾਲਿਆਂ ਨੂੰ ਟੁੰਬ ਕੇ ਜ਼ਿੰਦਗੀ ਵੱਲ ਲਿਆਉਂਦਾ ਸੀ, ਉਹ ਜਨਮ ਸਾਖੀਆਂ ਵਿੱਚ ਬੀਆਬਾਨਾਂ ਦਾ ਵਾਸੀ ਹੋ ਜਾਂਦਾ ਹੈ। ਜਿਹੜਾ ਨਾਨਕ ਭੁੱਲਿਆਂ ਨੂੰ ਰਸਤੇ ਪਾਉਣ ਚੱਲਿਆ ਸੀ, ਜਿਹੜਾ ਸੱਚ ਦੀ ਭਾਲ ਕਰਨ ਘਰੋਂ ਚੱਲਿਆ ਸੀ, ਉਹ ਨਾਨਕ ਜਨਮ ਸਾਖੀਆਂ ਵਿਚ ਬਸਤੀਆਂ ਤੋਂ ਦੂਰ ਰਹਿੰਦਾ ਹੈ ਤਾਂ ਕਿ ਜਨਮ ਸਾਖੀਆਂ ਵਾਲੇ ਮਰਦਾਨੇ ਦੀ ਭੁੱਖ ਨੂੰ ਚਮਕਾ ਕੇ ਉਸ ਨੂੰ ਮੰਗ ਖਾਣੀ ਜ਼ਾਤ ਦਾ ਮਰਾਸੀ ਸਿੱਧ ਕਰ ਸਕਣ ਅਤੇ ਨਾਨਕ ਦੀ ਵਡਿੱਤਣ ਦਸ ਸਕਣ। ਪਰ ਸਦਕੇ ਮਰਦਾਨੇ ਦੇ ਜਿਹੜਾ ਨਾਨਕ ਨੂੰ ਬਸਤੀਆਂ ਵਿੱਚ ਲੈ ਆਉਂਦਾ ਸੀ, ਜਿਹੜਾ ਨਾਨਕ ਦੇ ਵਿਚਾਰਾਂ 'ਤੇ ਫੁੱਲ ਚੜ੍ਹਾਉਂਦਾ ਹੋਇਆ ਇਸ ਸਰੀਰ ਨੂੰ ਰੋਟੀ ਦਾ ਝੁਲਕਾ ਦਿੰਦਾ ਸੀ। ਨਾਨਕ ਤਾਂ ਗੁਰੂ ਸੀ ਲੋਕਾਂ ਦਾ ਪੂਜ ਪਰ ਅਸ਼ਕੇ ਮਰਦਾਨੇ ਦੇ ਜਿਸ ਸਾਥੀ ਹੋ ਕੇ ਈਰਖਾ ਨਾ ਕੀਤੀ, ਸਦਾ ਹੀ ਉਸ ਨੂੰ ਰਹਿਬਰ ਮੰਨਿਆ ਅਤੇ ਆਪਣੀ ਉਮਰ ਦਾ ਵਡੱਪਣ ਵੀ ਕਦੇ ਨਾ ਜਤਾਇਆ। ਇਹ ਇਸ ਕਰਕੇ ਨਹੀਂ ਕਿ ਜਾਤ ਦਾ ਉਹ ਮਰਾਸੀ ਸੀ ਅਤੇ ਖੱਤਰੀ ਜਾਤ ਅੱਗੇ ਝੁਕਦਾ ਸੀ ਸਗੋਂ ''ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ'' ਅਨੁਸਾਰ ਉਹ ਗੁਣਾਂ ਅਤੇ ਚੰਗਿਆਈਆਂ ਦਾ ਭੰਡਾਰ ਸੀ।
ਜਿਸ ਬਾਣੀ ਨੂੰ ਅੱਜ ਲੋਕੀਂ ਪੜ੍ਹ ਕੇ ਸੁੱਚੇ ਹੋ ਜਾਂਦੇ ਹਨ ਉਸ ਬਾਣੀ ਨੂੰ ਸਭ ਤੋਂ ਪਹਿਲਾਂ ਗਾਉਣ ਦਾ ਮਾਣ ਮਰਦਾਨੇ ਨੂੰ ਮਿਲਿਆ। ਸਭ ਤੋਂ ਪਹਿਲਾਂ ਉਸ ਬਾਣੀ ਨੂੰ ਗੁਰੂ ਦੇ ਮੁਖੋਂ ਸੁਣਨ ਦਾ ਅਵਸਰ ਮਰਦਾਨੇ ਨੂੰ ਮਿਲਿਆ। ਨਾਨਕ ਨੇ ਸਕਦਾ ਭਾਈ ਮਰਦਾਨਾ ਹੀ ਆਖਿਆ। ਜਿਸ ਅਕਾਲ ਨੂੰ ਨਾਨਕ ਨੇ ਗੁਰੂ ਧਾਰਿਆ ਉਹੋ ਮਰਦਾਨੇ ਦਾ ਗੁਰੂ ਵੀ ਹੋਣਾ ਹੈ ਤਾਂ ਹੀ ਤਾਂ ਮਰਦਾਨੇ ਜਾਤ-ਪਾਤ ਦੇ ਬੰਧਨ ਤਿਆਗ ਨਾਨਕ ਦਾ ਸਾਥੀ ਬਣ ਗਿਆ। ਨਾਨਕ ਦਾ ਮਰਦਾਨੇ ਨੂੰ ਭਾਈ ਮਰਦਾਨਾ ਕਹਿਣਾ ਹੀ ਦੱਸਦਾ ਹੈ ਕਿ ਨਾਨਕ ਜ਼ਾਤ-ਪਾਤ ਨੂੰ ਪਾਖੰਡ ਕਹਿੰਦਾ ਹੀ ਨਹੀਂ ਸਗੋਂ ਸਮਝਦਾ ਵੀ ਸੀ ਅਤੇ ਜਿਨ੍ਹਾਂ ਕੀਮਤਾਂ ਦਾ ਨਾਨਕ ਪ੍ਰਚਾਰ ਕਰਦਾ ਸੀ ਉਹ ਮਰਦਾਨੇ ਨੂੰ ਪਿਆਰੀਆਂ ਸਨ। ਨਾਨਕ ਦਾ ਕਰਤਾਰ ਵੀ ਸਤ ਸੀ ਅਤੇ ਮਰਦਾਨੇ ਦਾ ਕਰਤਾਰ ਵੀ ਸਤ ਸੀ, ਦੋਵੇਂ ਹੀ ਸਤ ਕਰਤਾਰ ਦੀ ਸਦਾਅ ਲਾਉਂਦੇ ਸਨ। ਇਕੋ ਕੀਮਤਾਂ ਦੇ ਧਾਰਨੀ, ਇਕੋ ਕਰਤਾਰ ਦੇ ਬੰਦੇ, ਇਕੋ ਰਾਹ ਦੇ ਰਾਹੀ, ਜੀਵਨ ਸਾਥੀ ਤੇ ਫੇਰ ਅਜਿਹੇ ਸਾਥੀ ਨੂੰ ਮੰਗ ਖਾਣੀ ਜਾਤ ਦਾ ਮਰਾਸੀ ਕਹਿਣ ਲੱਗਿਆਂ ਦਿਲ ਨਹੀਂ ਕੰਬਦਾ? ਮਰਾਸੀ ਕਹਿ ਕੇ ਮਰਦਾਨੇ ਨੂੰ ਨਾਨਕ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਆਪਣੇ ਆਪ ਨੂੰ ਨਾਨਕ ਦਾ ਸਿੱਖ ਕਹਿ ਕੇ ਨਾਨਕ ਦੇ ਨੇੜੇ ਹੋਇਆ ਜਾ ਸਕਦਾ ਹੈ।
ਇਸੇ ਤਰ੍ਹਾਂ ਬੀਬੀ ਮੰਝੋਤ ਅਤੇ ਸਹਿਜ ਕੁਸਹਿਜ ਵਾਲੀ ਜਨਮ ਸਾਖੀ ਨੂੰ ਵੀ ਗੁਰੂ ਨਾਨਕ ਨਾਲ ਜੋੜਦੇ ਹਨ।
ਮੱਕਾ ਫੇਰਨ ਵਾਲੀ ਸਾਖੀ :- ਮੱਕੇ ਰਹਿੰਦਿਆਂ ਗੁਰੂ ਨਾਨਕ ਸਾਹਿਬ ਇਕ ਦਿਨ ਕਾਬੇ ਵੱਲ ਪੈਰ ਕਰ ਕੇ ਸੌਂ ਗਏ। ਸਵੇਰੇ ਜਦੋਂ ਸਭ ਹਾਜੀ ਉੱਠੇ ਤਾਂ ਉਨ੍ਹਾਂ ਨੇ ਇਹ ਵੇਖਿਆ ਕਿ ਗੁਰੂ ਜੀ ਦੇ ਪੈਰ ਕਾਬੇ ਵੱਲ ਹਨ। ਉਨ੍ਹਾਂ ਵਿਚੋਂ ਜੀਵਨ ਨਾਮ ਦੇ ਹਾਜੀ ਨੇ ਗੁਰੂ ਸਾਹਿਬ ਕੋਲ ਜਾ ਕੇ ਪੈਰ ਹਿਲਾਇਆ ਤੇ ਕਿਹਾ ਕਿ ਤੂੰ ਖ਼ੁਦਾ ਦੇ ਘਰ ਵੱਲ ਪੈਰ ਕੀਤੇ ਹਨ। ਅੱਗੋਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਮੇਰੇ ਪੈਰ ਉਸ ਪਾਸੇ ਵੱਲ ਕਰ ਦੇ ਜਿਸ ਪਾਸੇ ਖ਼ੁਦਾ ਦਾ ਘਰ ਨਹੀਂ, ਭਾਵ ਇਹ ਸੀ ਕਿ ਜੇਕਰ ਮੁਸਲਮਾਨੀ ਅਕੀਦੇ ਅਨੁਸਾਰ ਖ਼ੁਦਾ ਰੱਬ ਉਲ-ਆਲਮੀਨ ਹੈ ਤਾਂ ਉਹ ਸਭ ਪਾਸੇ ਮੌਜੂਦ ਹੈ। ਇੱਥੇ ਇਹ ਕਹਿਣਾ ਹਰਗਿੱਜ ਵਾਜਿਬ ਨਹੀਂ ਕਿ ਗੁਰੂ ਸਾਹਿਬ ਜਿਧਰ ਪੈਰ ਕਰਦੇ ਗਏ ਮੱਕਾ ਉਧਰ ਘੁੰਮਦਾ ਗਿਆ। ਮੱਕੇ ਦਾ ਘੁੰਮਣਾ ਸਿਰਫ਼ ਪ੍ਰਤੀਕਾਤਮਿਕ ਚਿੰਨ੍ਹ ਹੈ ਜਿਸ ਦਾ ਮਤਲਬ ਹੈ ਕਿ ਖ਼ੁਦਾ ਹਰ ਪਾਸੇ ਮੌਜੂਦ ਹੈ ਪਰ ਸਾਖੀਕਾਰਾਂ ਨੇ ਗੁਰੂ ਨਾਨਕ ਨਾਲ ਇਸ ਤਰ੍ਹਾਂ ਜੋੜ ਕੇ ਗੁਰੂ ਨਾਨਕ ਨੂੰ ਕਰਾਮਾਤੀ ਸਿੱਧ ਕਰਨ ਦਾ ਯਤਨ ਕੀਤਾ ਹੈ।
ਜਨਮ ਸਾਖੀਆਂ ਬਾਰੇ ਹਰ ਲੇਖਕ ਦੀਆਂ ਵੱਖੋ-ਵੱਖਰੀਆਂ ਰਾਅਵਾਂ ਹਨ। ਕੋਈ ਜਨਮ ਸਾਖੀਆਂ ਨੂੰ ਸਿਰਫ਼ ਕਾਲਪਨਿਕ ਕਹਿਕੇ ਨਕਾਰਦਾ ਹੈ, ਕੋਈ ਜਨਮ ਸਾਖੀਆਂ ਨੂੰ ਦ੍ਰਿਸ਼ਾਂਟਤਕ ਜਾਂ ਪ੍ਰਤੀਕਾਤਮਿਕ ਚਿੰਨ੍ਹਾਂ ਵਜੋਂ ਸਮਝਦਾ ਹੈ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਅਤੇ ਪ੍ਰਿਥੀਪਲ ਸਿੰਘ ਕਪੂਰ ਦੁਆਰਾ ਸੰਪਾਦਿਤ ਪੁਸਤਕ 'ਗੁਰੂ ਨਾਨਕ ਅਤੇ ਸਿੱਖ ਧਰਮ ਦੀ ਉਤਪਤੀ' ਵਿੱਚ ਇਸ ਤਰ੍ਹਾਂ ਲਿਖਿਆ ਹੈ :-
ਸਾਖੀਆਂ ਕੁਝ ਕੁਦਰਤ ਦੀਆਂ ਕਰਾਮਾਤਾਂ ਦਾ ਬਿਆਨ ਵੀ ਕਰਦੀਆਂ ਹਨ, ਜਿਵੇਂ ਆਮ ਤੌਰ 'ਤੇ ਵਿਨਾਸ਼ਕਾਰੀ ਤੱਤਾਂ ਦੁਆਰਾ ਗੁਰੂ ਨਾਨਕ ਦੇਵ ਦੀ ਸੁਰੱਖਿਆ - ਜਿਵੇਂ ਸੱਪ ਦਾ ਛਾਂ ਕਰਨਾ - ਜਾਂ ਉਹਨਾਂ ਦੀ ਕੁਦਰਤੀ ਸ਼ਕਤੀਆਂ ਉੱਤੇ ਕਾਬੂ ਪਾਉਣ ਦੀ ਸਮਰੱਥਾ - ਜਿਵੇਂ ਤਪਦਾ ਤੇਲ ਕੜਾਹਾ ਠੰਢਾ ਕਰਨਾ। ਇਸ ਤਰ੍ਹਾਂ ਦੀਆਂ ਕਹਾਣੀਆਂ ਸਾਰੀਆਂ ਕੌਮਾਂ ਦੇ ਧਾਰਮਿਕ ਰਹਿਬਰਾਂ ਬਾਰੇ ਮਿਲਦੀਆਂ ਹਨ। ਇਨ੍ਹਾਂ ਨੂੰ ਸ਼ਰਧਾਮਈ, ਪਰੰਤੂ ਤੀਬਰ, ਕਲਪਨਾ ਦੀ ਪੈਦਾਵਾਰ ਸਮਝ ਕੇ ਨਕਾਰ ਦੇਣਾ ਆਸਾਨ ਹੈ, ਪਰੰਤੂ ਇਨ੍ਹਾਂ ਨੂੰ ਇਹ ਕਹਿ ਕੇ ਛੱਡ ਦੇਣਾ ਕਿ ਇਨ੍ਹਾਂ ਦਾ ਕੋਈ ਮਹੱਤਵ ਹੈ ਹੀ ਨਹੀਂ, ਇਨ੍ਹਾਂ ਦੇ ਵਾਸਤਵਿਕ ਅਰਥਾਂ ਤੋਂ ਮੂੰਹ ਮੋੜਨਾ ਹੋਵੇਗਾ। ਉੱਜੜੇ ਖੇਤ ਲਹਿਲਹਾਉਂਦੇ ਹੋਣ ਵਰਗੀਆਂ ਸਾਖੀਆਂ ਦੇ ਅਰਥ ਗੁਰੂ ਨਾਨਕ ਦੇਵ ਦੁਆਰਾ ਪ੍ਰਚਾਰੇ ਧਾਰਮਿਕ ਵਿਚਾਰਾਂ ਦੀ ਰੋਸ਼ਨੀ ਵਿਚ ਪ੍ਰਗਟ ਹੁੰਦੇ ਹਨ। ਇਹ ਉਨ੍ਹਾਂ ਦੇ ਇਸ ਵਿਸ਼ਵਾਸ਼ ਦਾ ਚਿੱਤਰਪਈ ਪ੍ਰਗਟਾਵਾ ਹੈ ਕਿ ਭੌਤਿਕ ਪ੍ਰਕਿਰਤੀ ਆਤਮਾ ਦੇ ਅਧੀਨ ਹੈ ਅਤੇ ਰੱਬੀ ਮਿਹਰ ਦਾ ਪੁਨਰ ਸੁਰਜੀਤ ਕਰਨ ਵਾਲਾ ਗੁਣ ਪਰਲੋ ਦੇ ਸੁੱਖ ਦੀ ਆਸ ਲਈ ਹੀ ਨਹੀਂ, ਇਸ ਜੀਵਨ ਦੇ ਕਾਰ-ਵਿਹਾਰ ਵਿਚ ਵੀ ਕਾਰਜਸ਼ੀਲ ਰਹਿੰਦਾ ਹੈ। ਗੁਰੂ ਨਾਨਕ ਦੇਵ ਲਈ ਤਾਂ ਧਰਮ ਦਾ ਰਹੱਸ 'ਵਿਚੇ ਗ੍ਰਹਿ ਸਦਾ ਰਹੈ ਉਦਾਸੀ' (ਮਾਰੂ ਮ: ੪) ਵਿਚ ਹੈ। ਗੁਰੂ ਸਾਹਿਬ ਦੁਆਰਾ ਪੰਜੇ ਨਾਲ ਭਾਰੀ ਚਟਾਨ ਰੋਕ ਲੈਣ ਵਾਲੀ ਸਾਖੀ ਉਨ੍ਹਾਂ ਦੇ ਆਤਮ-ਵਿਸ਼ਵਾਸ਼ ਅਤੇ ਨਿਰਭੈ ਹੋ ਕੇ ਬਦੀ ਦਾ ਸਾਹਮਣਾ ਕਰਨ ਦਾ ਪ੍ਰਤੀਕ ਹੈ। ਧਰਮ ਲੋਕ-ਭਲਾਈ ਖ਼ਾਤਰ ਆਪਣੇ ਆਪ 'ਤੇ ਕਾਬੂ ਪਾ ਕੇ ਦੁਨੀਆਂ ਉੱਤੇ ਕਾਬੂ ਪਾਉਣ 'ਮਨਿ ਜੀਤੈ ਜਗੁ ਜੀਤੁ' (ਜਪੁ ਜੀ) ਵਿਚ ਹੈ, ਇਨ੍ਹਾਂ ਤੋਂ ਭੱਜ ਜਾਣ ਵਿਚ ਨਹੀਂ। ਕੁਦਰਤ ਦੇ ਕ੍ਰਿਸ਼ਮੇ ਵੀ ਇਸੇ ਵਿਸ਼ਵਾਸ਼ ਦਾ ਪ੍ਰਤੀਕਾਤਮਿਕ ਪ੍ਰਗਟਾਵਾ ਹਨ। ਅਕਾਲ ਪੁਰਖ ਦੀ ਨਦਰ ਅਮਰ ਜੀਵਨ ਦੀ ਆਸ ਵੀ ਬਨ੍ਹਾਉਂਦੀ ਹੈ ਅਤੇ ਇਸ ਜੀਵਨ ਦੇ ਕਾਰਜ ਵੀ ਸਿੱਧ ਕਰਦੀ ਹੈ।
ਜਨਮ ਸਾਖੀਆਂ ਵਿਚ ਅੰਕਤ ਕੁਝ ਕਰਾਮਾਤ ਵਾਲੀਆਂ ਕਹਾਣੀਆਂ ਨੀਤੀ-ਕਥਾ ਜਾਂ ਦ੍ਰਿਸ਼ਟਾਂਤ ਦੇ ਰੂਪ ਵਿਚ ਹਨ। ਮਲਿਕ ਭਾਗੋ ਦੇ ਪਕਵਾਨ ਵਿਚੋਂ ਲਹੂ ਅਤੇ ਭਾਈ ਲਾਲੋ ਦੀ ਰੋਟੀ ਵਿਚੋਂ ਦੁੱਧ ਚੋਣ ਦੀ ਸਾਖੀ ਗੁਰੂ ਸਾਹਿਬ ਦੇ ਘਾਲ-ਕਮਾਈ ਅਤੇ ਲੁੱਟ-ਖਸੁੱਟ ਦੀ ਕਮਾਈ ਦੇ ਅੰਤਰ ਦੀ ਨੈਤਿਕ ਸਿੱਖਿਆ ਨੂੰ ਉਜਾਗਰ ਕਰਦੀ ਹੈ। ਜਦੋਂ ਗ਼ਰੀਬ ਦੀ ਰੋਟੀ ਦੀ ਬੁਰਕੀ ਨਾਲ ਅਮੀਰ ਦੇ ਪੁੱਤਰ ਨੂੰ ਸਿਹਤਯਾਬ ਕਰਦੇ ਦੱਸੇ ਜਾਂਦੇ ਹਨ ਤਾਂ ਉਹ ਚਿੰਨ੍ਹਾਤਮਿਕ ਢੰਗ ਨਾਲ ਸਾਧ ਮੰਡਲੀ ਰਾਹੀਂ ਅਮੀਰ ਦੀ ਪ੍ਰਮਾਤਮਾ ਨੂੰ ਮਜ਼ਬੂਰ ਕਰਨ ਦੀ ਕੋਸ਼ਿਸ਼ ਨੂੰ ਨਕਾਰਦੇ ਵਿਖਾਏ ਜਾਂਦੇ ਹਨ।
ਕੁਝ ਵੀ ਹੋਵੇ ਜਿੰਨਾ ਚਿਰ ਇਹ ਸਾਖੀਆਂ ਗੁਰਬਾਣੀ ਦੀ ਕਸਵੱਟੀ 'ਤੇ ਅਤੇ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਨਹੀਂ ਕਰਦੀਆਂ ਉਨ੍ਹਾਂ ਚਿਰ ਇਹ ਸਾਖੀਆਂ ਮਹਿਜ ਕਾਲਪਿਨਕ, ਦ੍ਰਿਸ਼ਟਾਂਤਿਕ ਜਾਂ ਪ੍ਰਤੀਕਾਤਮਿਕ ਹੀ ਹਨ। ਇਸ ਲਈ ਸਾਖੀਆਂ ਨੂੰ ਸੱਚ ਮੰਨ ਲੈਣਾ ਹੀ ਕਾਫ਼ੀ ਨਹੀਂ। ਇਹ ਸਾਖੀਆਂ ਤਾਂ ਗੁਰੂ ਨਾਨਕ ਨੂੰ ਸਿਰਫ਼ ਕਰਾਮਾਤੀ ਹੀ ਸਿੱਧ ਕਰਦੀਆਂ ਜਦੋਂਕਿ ਗੁਰੂ ਨਾਨਕ ਸਾਹਿਬ ਮਹਾਨ ਚਿੰਤਕ ਸਨ ਜਿਨ੍ਹਾਂ ਨੇ ਗੁਰਬਾਣੀ ਰਾਹੀਂ ਲੋਕਾਈ ਨੂੰ ਜੀਵਨ ਜਾਂਚ ਸਿਖਾਈ ਅਤੇ ਕਰਾਮਾਤਾਂ, ਵਹਿਮਾਂ-ਭਰਮਾਂ, ਪਾਖੰਡਾਂ ਦਾ ਖੰਡਨ ਕੀਤਾ ਹੈ। ਸੋ ਆਓ, ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਜੁੜਦੇ ਹੋਏ ਗੁਰੂ ਨਾਨਕ ਦੇ ਦਰ 'ਤੇ ਖਰੇ ਉਤਰੀਏ।
ਡਾ. ਅਮਨਦੀਪ ਸਿੰਘ ਟੱਲੇਵਾਲੀਆ
98146-99446