ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬੱਚੇ ਦਾ ਰੋਣ ਤੋਂ ਬਾਅਦ ਸਾਹ ਰੋਕਣਾ


ਜਿਨ੍ਹਾਂ ਨੇ ਬਹੁਤ ਲਾਡ ਪਿਆਰ ਨਾਲ ਆਪਣੇ ਬੱਚੇ ਪਾਲੇ ਹੋਣ, ਉਨ੍ਹਾਂ ਲਈ ਇਹ ਬਹੁਤ ਹੀ ਭਿਆਨਕ ਨਜ਼ਾਰਾ ਹੁੰਦਾ ਹੈ ਜਦੋਂ ਉਨ੍ਹਾਂ ਦੀਆਂ ਅੱਖਾਂ ਦਾ ਤਾਰਾ ਇਕ ਚੀਕ ਮਾਰ ਕੇ ਬੇਸੁਰਤ ਹੋ ਜਾਏ ਜਾਂ ਨੀਲਾ ਪੈ ਜਾਏ ਅਤੇ ਸਰੀਰ ਢਿੱਲਾ ਛੱਡ ਦੇਵੇ।
ਅਜਿਹਾ ਹੀ ਇਕ ਟੱਬਰ ਆਪਣੇ ਬੱਚੇ ਨੂੰ ਚੁੱਕ ਕੇ ਮੇਰੇ ਕੋਲ ਹਸਪਤਾਲ ਪਹੁੰਚਿਆ। ਬਦਹਵਾਸੀ ਦੀ ਹਾਲਤ ਵਿਚ ਮਾਂ ਨੇ ਚੁੰਨੀ ਵੀ ਨਹੀਂ ਸੀ ਲਈ ਹੋਈ ਤੇ ਬੱਚੇ ਦਾ ਪਿਤਾ ਵੀ ਬਿਨਾਂ ਪੱਗ ਜਾਂ ਪਰਨੇ ਦੇ ਨੰਗੇ ਸਿਰ ਤੇ ਨੰਗੇ ਪੈਰ ਹੀ ਬੱਚੇ ਨੂੰ ਚੁੱਕ ਕੇ ਘਰੋਂ ਭੱਜ ਪਿਆ ਸੀ।
ਮੇਰੇ ਕੋਲ ਪਹੁੰਚਣ ਤਕ ਬੱਚਾ ਕੁਝ ਸੁਸਤ ਸੀ ਪਰ ਹੋਸ਼ ਵਿਚ ਆ ਚੁੱਕਿਆ ਸੀ। ਕਿਸੇ ਨੇ ਉਨ੍ਹਾਂ ਨੂੰ ਦੌਰੇ ਪੈਣ ਦਾ ਵਹਿਮ ਵੀ ਪਾ ਦਿੱਤਾ ਸੀ। ਇਸੇ ਕਰਕੇ ਉਹ ਬਹੁਤ ਘਬਰਾਏ ਹੋਏ ਸਨ। ਬਹੁਤ ਮੁਸ਼ਕਲ ਨਾਲ ਉਨ੍ਹਾਂ ਨੂੰ ਸ਼ਾਂਤ ਕਰ ਕੇ ਬੱਚੇ ਦਾ ਚੈਕਅੱਪ ਕੀਤਾ ਜਾ ਸਕਿਆ।
ਲਗਪਗ ਪੰਜ ਪ੍ਰਤੀਸ਼ਤ ਪੰਜ ਸਾਲ ਤੋਂ ਛੋਟੇ ਬੱਚੇ ਅਜਿਹੇ ਹੁੰਦੇ ਹਨ ਜਿਹੜੇ ਪੂਰੇ ਜ਼ੋਰ ਦੀ ਰੋ ਕੇ ਫੇਫੜਿਆਂ ਵਿਚੋਂ ਸਾਹ ਬਾਹਰ ਕੱਢ ਦਿੰਦੇ ਹਨ ਤੇ ਫੇਰ ਵਾਪਸ ਖਿੱਚਦੇ ਨਹੀਂ। ਇਸ ਤਰ੍ਹਾਂ ਕੁਝ ਦੇਰ ਲਈ ਉਹ ਸਾਹ ਰੋਕ ਲੈਂਦੇ ਹਨ ਜਿਸ ਕਰਕੇ ਸਰੀਰ ਨੀਲਾ ਵੀ ਪੈ ਸਕਦਾ ਹੈ ਅਤੇ ਬੇਹੋਸ਼ੀ ਵੀ ਹੋ ਸਕਦੀ ਹੈ। ਲਗਪਗ ਇਕ ਮਿੰਟ ਲਈ ਸਰੀਰ ਢਿੱਲਾ ਛੱਡ ਕੇ, ਬੱਚੇ ਵਾਪਸ ਹੋਸ਼ ਵਿਚ ਆ ਜਾਂਦੇ ਹਨ। ਕੁਝ ਕੁ ਬੱਚੇ ਇਸ ਤੋਂ ਬਾਅਦ ਵੀ ਇਕ ਘੰਟੇ ਤਕ ਬੇਹੋਸ਼ੀ ਜਾਂ ਡੂੰਘੀ ਨੀਂਦਰ ਵਿਚ ਰਹਿ ਸਕਦੇ ਹਨ।
ਸਾਹ ਰੋਕਣ ਨਾਲ ਬੱਚਾ ਕੁਝ ਦੇਰ ਫੇਫੜਿਆਂ ਅੰਦਰ ਆਕਸੀਜਨ ਨਹੀਂ ਖਿੱਚਦਾ। ਛਾਤੀ ਅੰਦਰ ਦਬਾਓ ਵਧਣ ਕਾਰਨ ਕੁਝ ਦੇਰ ਲਈ ਦਿਲ ਵੀ ਪੂਰਾ ਲਹੂ ਬਾਹਰ ਨਹੀਂ ਧੱਕ ਸਕਦਾ। ਇਸ ਤਰ੍ਹਾਂ ਸਿਰ ਅੰਦਰ ਜਾਂਦਾ ਲਹੂ ਘੱਟ ਜਾਂਦਾ ਹੈ ਤੇ ਬੱਚਾ ਬੇਹੋਸ਼ੀ ਦੀ ਹਾਲਤ ਵਿਚ ਪਹੁੰਚ ਜਾਂਦਾ ਹੈ।
ਕਿਉਂਕਿ ਇਹ ਸਭ ਬੱਚਾ ਜਾਣ-ਬੁੱਝ ਕੇ ਕਰ ਰਿਹਾ ਹੁੰਦਾ ਹੈ, ਇਸ ਲਈ ਦੌਰੇ ਦੌਰਾਨ ਟੱਟੀ-ਪਿਸ਼ਾਬ ਪਜਾਮੀ ਵਿਚ ਨਹੀਂ ਨਿਕਲਦਾ। ਇਹ ਸਾਹ ਰੋਕਣ ਵਾਲੇ ਪਲਾਂ ਤੋਂ ਅੱਗੇ-ਪਿੱਛੇ ਬੱਚਾ ਪੂਰੀ ਤਰ੍ਹਾਂ ਨਾਰਮਲ ਹੁੰਦਾ ਹੈ।
ਬਹੁਤੀ ਵਾਰ ਤਾਂ ਛੇ ਮਹੀਨੇ ਤੋਂ ਡੇਢ ਸਾਲ ਦੇ ਬੱਚੇ ਹੀ ਅਜਿਹਾ ਕਰਦੇ ਹਨ ਪਰ ਨਵਜੰਮੇ ਬੱਚੇ ਵੀ ਅਜਿਹਾ ਕਰਦੇ ਵੇਖੇ ਗਏ ਹਨ ਤੇ ਪੰਜ ਸਾਲ ਦੀ ਉਮਰ ਤਕ ਵੀ ਬੱਚੇ ਇਹ ਚਾਲੂ ਰੱਖ ਸਕਦੇ ਹਨ।
ਲਹੂ ਦੀ ਕਮੀ ਕਾਰਨ ਇਹ ਸਾਹ ਰੋਕਣ ਦੀ ਕਿਰਿਆ ਕਾਫੀ ਵਧ ਜਾਂਦੀ ਹੈ। ਬੱਚਾ ਆਪਣੀ ਜ਼ਿੱਦ ਮਨਵਾਉਣ ਲਈ ਹੀ ਇਹ ਸਭ ਕਰਦਾ ਹੈ। ਜਦੋਂ ਬੱਚਾ ਵੇਖਦਾ ਹੈ ਕਿ ਸਾਹ ਰੋਕਦੇ ਸਾਰ ਮਾਪਿਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਤੇ ਉਹ ਬਦਹਵਾਸ ਹੋਏ ਡਾਕਟਰ ਕੋਲ ਭੱਜਦੇ ਹਨ ਤਾਂ ਉਹ ਇਸ ਵਿਚੋਂ ਸੁਆਦ ਲੈਣ ਲੱਗ ਪੈਂਦਾ ਹੈ। ਮਾਪੇ ਵੀ ਅਗਲੀ ਵਾਰ ਬੱਚੇ ਨੂੰ ਰੋਣ ਹੀ ਨਹੀਂ ਦਿੰਦੇ ਤੇ ਉਸ ਦੀ ਹਰ ਗੱਲ ਮੰਨਣੀ ਸ਼ੁਰੂ ਕਰ ਦਿੰਦੇ ਹਨ। ਬੱਚਾ ਇਹੀ ਕੁਝ ਚਾਹੁੰਦਾ ਹੁੰਦਾ ਹੈ ਤੇ ਇਸੇ ਲਈ ਨਾਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦਾ ਹੈ।
ਜ਼ਿਆਦਾਤਰ ਉਹ ਬੱਚੇ ਅਜਿਹਾ ਕਰਦੇ ਹਨ ਜਿਹੜੇ ਲਾਡਲੇ ਰੱਖੇ ਗਏ ਹੋਣ, ਬਹੁਤ ਗੁੱਸੇ ਦੇ ਭਰੇ ਪੀਤੇ ਰਹਿੰਦੇ ਹੋਣ ਤੇ ਨਿੱਕੀ-ਨਿੱਕੀ ਗੱਲ 'ਤੇ ਭੜਕ ਪੈਂਦੇ ਹੋਣ।
 ਬੱਚਾ ਇਕ ਹੋਰ ਕਿਸਮ ਦਾ ਸਾਹ ਵੀ ਰੋਕ ਲੈਂਦਾ ਹੈ ਜਿਸ ਵਿਚ ਬੱਚੇ ਨੂੰ ਸੱਟ ਵੱਜ ਗਈ ਹੋਵੇ, ਚਪੇੜ ਪੈ ਗਈ ਹੋਵੇ ਜਾਂ ਝਿੜਕ ਦਿੱਤਾ ਗਿਆ ਹੋਵੇ। ਬਹੁਤ ਥੋੜ੍ਹਾ ਰੋਣ ਤੋਂ ਬਾਅਦ ਬੱਚਾ ਇਕਦਮ ਨੀਲਾ ਪੈ ਕੇ ਨਿਢਾਲ ਹੋ ਕੇ ਡਿੱਗ ਪੈਂਦਾ ਹੈ। ਇਸ ਵਿਚ ਦਿਲ ਦੀ ਧੜਕਣ ਵੀ ਕੁਝ ਸਕਿੰਟਾਂ ਲਈ ਰੁਕ ਜਾਂਦੀ ਹੈ। ਇਕ ਮਿੰਟ ਦੇ ਬਾਅਦ ਬੱਚਾ ਪੂਰੀ ਤਰ੍ਹਾਂ ਨਾਰਮਲ ਹੋ ਜਾਂਦਾ ਹੈ ਤੇ ਅੱਖਾਂ ਖੋਲ੍ਹ ਲੈਂਦਾ ਹੈ।
ਬਹੁਤ ਜ਼ਿਆਦਾ ਜ਼ਿੱਦੀ ਜਾਂ ਗੁੱਸੇ ਵਾਲੇ ਬੱਚੇ ਇਹ ਦੋਨਾਂ ਤਰ੍ਹਾਂ ਦੇ ਹੀ ਸਾਹ ਰੋਕਣ ਤੋਂ ਬਾਅਦ ਕਈ ਵਾਰ ਦੌਰਾ ਵੀ ਪੁਆ ਲੈਂਦੇ ਹਨ ਪਰ ਇਹ ਮਿਰਗੀ ਦੇ ਦੌਰਿਆਂ ਤੋਂ ਵੱਖਰੀ ਕਿਸਮ ਹੁੰਦੀ ਹੈ ਤੇ ਇਸ ਵਿਚ ਦੌਰਾ ਰੋਕਣ ਦੀ ਦਵਾਈ ਨਹੀਂ ਦਿੱਤੀ ਜਾਂਦੀ।
ਲਗਭਗ 25 ਫੀਸਦੀ ਅਜਿਹੇ ਬੱਚਿਆਂ ਦੇ ਮਾਪੇ ਵੀ ਬਚਪਨ ਵਿਚ ਸਾਹ ਰੋਕਣ ਦੀ ਕੋਸ਼ਿਸ਼ ਕਰਦੇ ਵੇਖੇ ਗਏ ਹਨ।
ਹਾਲਾਂਕਿ ਹਰ ਸਿਆਣੇ ਡਾਕਟਰ ਨੂੰ ਪਤਾ ਹੈ ਕਿ ਅਜਿਹੇ ਬੱਚਿਆਂ ਦਾ ਇਲਾਜ ਕਰਨ ਦੀ ਲੋੜ ਨਹੀਂ ਸਿਵਾਏ ਖੂਨ ਵਧਾਉਣ ਦੀਆਂ ਦਵਾਈਆਂ ਦੇਣ ਤੋਂ। ਪਰ ਫੇਰ ਵੀ ਮਾਪਿਆਂ ਵੱਲੋਂ ਪੂਰਾ ਜ਼ੋਰ ਪਾਏ ਜਾਣ 'ਤੇ ਕਈ ਡਾਕਟਰਾਂ ਨੂੰ ਮਜ਼ਬੂਰੀ ਤਹਿਤ ਦਵਾਈਆਂ ਲਿਖ ਕੇ ਦੇਣੀਆਂ ਪੈਂਦੀਆਂ ਹਨ ਜਿਹੜੀਆਂ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਅਜਿਹੇ ਸਾਹ ਰੋਕਣ ਵਾਲੇ ਪਲਾਂ ਤੋਂ ਬਾਅਦ ਵੀ ਬੱਚੇ ਦੀ ਉਹ ਜ਼ਿੱਦ ਬਿਲਕੁਲ ਨਹੀਂ ਮੰਨਣੀ ਚਾਹੀਦੀ ਜਿਹੜੀ ਸਾਹ ਰੋਕਣ ਤੋਂ ਪਹਿਲਾਂ ਬੱਚਾ ਕਰ ਰਿਹਾ ਹੋਵੇ। ਠੀਕ ਹੋਣ 'ਤੇ ਸਿਰਫ ਇਕ ਪਿਆਰ ਭਰੀ ਜੱਫੀ ਜਾਂ ਮੱਥੇ 'ਤੇ ਪਿਆਰਾ ਜਿਹਾ ਚੁੰਮਣ ਹੀ ਬਥੇਰਾ ਹੁੰਦਾ ਹੈ ਤਾਂ ਜੋ ਬੱਚੇ ਨੂੰ ਚਾਨਣਾ ਹੋ ਜਾਵੇ ਕਿ ਕਿਸੇ ਵੀ ਹੱਦ ਤਕ ਜਾਣ ਤੋਂ ਬਾਅਦ ਵੀ ਉਸ ਦੀ ਫਜ਼ੂਲ ਦੀ ਜ਼ਿੱਦ ਨਹੀਂ ਮੰਨੀ ਜਾਵੇਗੀ। ਇਸ ਤਰ੍ਹਾਂ ਉਹ ਅੱਗੇ ਤੋਂ ਜ਼ਿੱਦ ਮੰਨਵਾਉਣੀ ਹਟ ਜਾਵੇਗਾ। ਕੁਝ ਮਾਪੇ ਬੱਚੇ ਦੇ ਸਾਹ ਰੋਕਦੇ ਸਾਰ ਹੀ ਉਸ ਦਾ ਨੱਕ ਬੰਦ ਕਰ ਦਿੰਦੇ ਹਨ ਤੇ ਕੁਝ ਮੂੰਹ ਅੰਦਰ ਪਾਣੀ ਸੁੱਟਣ ਦੀ ਕਰਦੇ ਹਨ। ਇਹ ਦੋਵੇਂ ਹੀ ਚੀਜ਼ਾਂ ਜਾਨਲੇਵਾ ਸਾਬਤ ਹੋ ਸਕਦੀਆਂ ਹਨ ਕਿਉਂਕਿ ਬੱਚੇ ਨੇ ਜਦੋਂ ਸਾਹ ਰੋਕਣ ਤੋਂ ਬਾਅਦ ਅੰਦਰ ਖਿੱਚਣਾ ਹੁੰਦਾ ਹੈ ਤਾਂ ਸਾਹ ਦਾ ਰਸਤਾ ਹੀ ਮਾਪਿਆਂ ਵੱਲੋਂ ਬੰਦ ਕਰ ਦਿੱਤਾ ਗਿਆ ਹੁੰਦਾ ਹੈ। ਕਈ ਮਾਪੇ ਇਸ ਨੂੰ ਦੌਰਾ ਸਮਝ ਕੇ ਮਹਿੰਗੇ ਟੈਸਟ ਕਰਵਾਉਂਦੇ ਫਿਰਦੇ ਹਨ ਪਰ ਬੱਚੇ ਨੂੰ ਬਿਨਾਂ ਕਿਸੇ ਵਜ੍ਹਾ ਦੇ ਤਿੰਨ ਸਾਲ ਤਕ ਦੌਰੇ ਦੀ ਦਵਾਈ ਖੁਆ ਦਿੰਦੇ ਹਨ।
ਬੁਖਾਰ ਦੇ ਵਿਚ ਪਿਆ ਦੌਰਾ ਬਿਲਕੁਲ ਹੀ ਵੱਖਰੀ ਕਿਸਮ ਦਾ ਹੁੰਦਾ ਹੈ ਤੇ ਉਸ ਵਿਚ ਤੇਜ਼ ਬੁਖਾਰ ਕਾਰਨ ਬੱਚੇ ਦੀਆਂ ਅੱਖਾਂ ਉਪਰ ਚੜ੍ਹ ਜਾਂਦੀਆਂ ਹਨ ਤੇ ਸਰੀਰ ਨੂੰ ਹਲਕੇ ਝਟਕੇ ਪੈਣ ਲੱਗ ਜਾਂਦੇ ਹਨ। ਇਸ ਵਿਚ ਦੌਰੇ ਤੋਂ ਬਾਅਦ ਬੱਚੇ ਦਾ ਸਰੀਰ ਨੀਲਾ ਪੈ ਸਕਦਾ ਹੈ ਤੇ ਦੌਰੇ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਬੱਚਾ ਜ਼ੋਰ ਦੀ ਸਾਹ ਖਿੱਚ ਕੇ ਰੋਂਦਾ ਵੀ ਨਹੀਂ। ਕਈ ਵਾਰ ਤਾਂ ਦੌਰਾ ਪੈਣ ਤੋਂ ਬਾਅਦ ਬੱਚਾ ਹਲਕੀ ਚੀਕ ਮਾਰਦਾ ਹੈ। ਚੇਤੇ ਰਹੇ ਕਿ ਸਾਹ ਰੋਕਣ ਵੇਲੇ ਬੱਚਾ ਰੋਂਦਾ ਪਹਿਲਾਂ ਹੈ ਤੇ ਫੇਰ ਸਾਹ ਰੋਕਦਾ ਹੈ।
ਮੇਰਾ ਇਹ ਸਭ ਦੱਸਣ ਦਾ ਮਕਸਦ ਸਿਰਫ ਇਹ ਹੈ ਕਿ ਕਿਸੇ ਹੋਰ ਮਾਂ ਦੀ ਗੋਦ ਵੀ ਉਸ ਤਰ੍ਹਾਂ ਸੁੰਨੀ ਨਾ ਹੋ ਜਾਵੇ ਜਿਵੇਂ ਗਲਤ ਇਲਾਜ ਨਾਲ ਹੇਠ ਲਿਖੇ ਕਿੱਸੇ ਵਾਲੀ ਮਾਂ ਦੀ ਹੋ ਗਈ ਸੀ। ਸਾਹ ਰੋਕ ਕੇ ਜਦੋਂ ਬੱਚੇ ਨੂੰ ਦੌਰਾ ਪਿਆ ਤਾਂ ਉਹ ਮਾਂ ਫੱਟ ਪਿੰਡ ਦੇ ਹਕੀਮ ਕੋਲ ਉਸ ਨੂੰ ਲੈ ਗਈ। ਹਕੀਮ ਨੇ ਮਿਰਗੀ ਦੀ ਬਿਮਾਰੀ ਸਮਝ ਕੇ ਦੌਰਿਆਂ ਦੀਆਂ ਗੋਲੀਆਂ ਖੁਆਣੀਆਂ ਸ਼ੁਰੂ ਕਰ ਦਿੱਤੀਆਂ।
ਬਿਨਾਂ ਵਜ੍ਹਾ ਗੋਲੀਆਂ ਖਾਈ ਜਾਣ ਕਾਰਨ ਉਸ ਬੱਚੇ ਦਾ ਜਿਗਰ ਖਰਾਬ ਹੋ ਗਿਆ ਤੇ ਉਸ ਦੇ ਨੱਕ, ਮੂੰਹ ਤੇ ਟੱਟੀ ਰਾਹੀਂ ਲਹੂ ਵਗਣਾ ਸ਼ੁਰੂ ਹੋ ਗਿਆ। ਲਹੂ ਦੀ ਕਮੀ ਉਸ ਬੱਚੇ ਨੂੰ ਅੱਗੇ ਹੀ ਸੀ। ਬਹੁਤ ਲਹੂ ਵਹਿ ਜਾਣ ਕਾਰਨ ਉਸ ਬੱਚੇ ਦੀ ਮੌਤ ਹੋ ਗਈ। ਜੇ ਇਸ ਸਭ ਦਾ ਹੁਣ ਕਾਰਨ ਪਤਾ ਲੱਗ ਹੀ ਚੁੱਕਿਆ ਹੈ ਤਾਂ ਸਿਵਾਏ ਲਹੂ ਵਧਾਉਣ ਦੀਆਂ ਦਵਾਈਆਂ ਜਾਂ ਟੀਕੇ ਤੋਂ ਹੋਰ ਕੁਝ ਨਹੀਂ ਦੇਣਾ ਚਾਹੀਦਾ। ਬੱਚੇ ਦੀ ਬੇਲੋੜੀ ਜ਼ਿੱਦ ਬਿਲਕੁਲ ਨਹੀਂ ਮੰਨਣੀ ਚਾਹੀਦੀ ਤੇ ਪਿਆਰ ਵਿਹੂਣਾ ਤਾਂ ਕਿਸੇ ਕੀਮਤ 'ਤੇ ਰੱਖਣਾ ਹੀ ਨਹੀਂ ਚਾਹੀਦਾ। ਦਿਮਾਗ ਨੂੰ ਲਹੂ ਵਧਾਉਣ ਵਾਲੀਆਂ ਦਵਾਈਆਂ ਵੀ ਕੁਝ ਬੱਚਿਆਂ ਵਿਚ ਕਾਰਗਰ ਸਾਬਤ ਹੋ ਚੁੱਕੀਆਂ ਹਨ ਪਰ ਇਹ ਸਿਰਫ ਡਾਕਟਰੀ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਹਨ।
ਡਾ. ਹਰਸ਼ਿੰਦਰ ਕੌਰ