ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬਕਾਰੋ ਦਾ ਸਿੱਖ ਕਤਲੇਆਮ ਦੰਗੇ ਨਹੀਂ ਸਨ!


ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਰਕਾਰੀ ਅਤੇ ਗੈਰ ਸਰਕਾਰੀ ਮੀਡੀਏ ਜਿਵੇਂ ਕਿ ਦੂਰਦਰਸ਼ਨ, ਅਕਾਸ਼ਬਾਣੀ ਅਤੇ ਹੋਰ ਅਖ਼ਬਾਰਾਂ ਨੇ ਇਸ ਸਿੱਖ ਕਤਲੇਆਮ ਨੂੰ ਦੰਗੇ ਸਾਬਤ ਕਰਨ ਦਾ ਅਸਫ਼ਲ ਯਤਨ ਕੀਤਾ ਸੀ।
ਕੀ ਇਹ ਦੰਗੇ ਸੀ? ਦੰਗੇ ਤਾਂ ਦੋ ਧਰਮਾਂ ਦੇ ਲੋਕਾਂ ਵਿਚਕਾਰ ਮਾਰ ਕੁਟਾਈ, ਇਕ ਦੂਜੇ ਦੇ ਕਤਲ, ਦੁਕਾਨਾਂ, ਘਰਾਂ ਦੀ ਲੁੱਟਮਾਰ ਅਤੇ ਸਾੜ ਫੂਕ ਆਦਿ ਹੁੰਦੇ ਹਨ। ਮਰਨ ਵਾਲਿਆਂ ਵਿਚ ਜਾਂ ਹੋਰ ਤਬਾਹੀ ਵਿਚ ਦੰਗਿਆਂ ਵਿਚ ਆਮ ਤੌਰ ਉਤੇ ਦੋਹਾਂ ਧਰਮਾਂ ਦਾ ਉਨੀ-ਇੱਕੀ ਦਾ ਫਰਕ ਹੁੰਦਾ ਹੈ। ਪਾਠਕ ਇਹ ਭਲੀਭਾਂਤ ਸਮਝ ਗਏ ਹੋਣਗੇ ਕਿ ਨਵੰਬਰ 1984 ਦੀ ਸਿੱਖਾਂ ਵਿਰੁੱਧ ਫੈਲੀ ਹਿੰਸਾ ਦੰਗੇ ਨਹੀਂ ਸਨ।
ਪਰ ਨਵੰਬਰ 1984 ਵਿਚ ਤਾਂ ਇਸ ਤਰ੍ਹਾਂ ਬਿਲਕੁਲ ਹੀ ਦੇਖਣ ਨੂੰ ਨਹੀਂ ਮਿਲਿਆ। ਕਿਸੇ ਵੀ ਸਿੱਖ ਨੇ ਕਿਸੇ ਉਪਰ ਹਮਲਾ ਨਹੀਂ ਕੀਤਾ, ਕਿਸੇ ਸਿੱਖ ਨੇ ਕਿਸੇ ਦਾ ਕਤਲ ਨਹੀਂ ਕੀਤਾ, ਸਿੱਖਾਂ ਨੇ ਕਿਸੇ ਦੀ ਦੁਕਾਨ, ਘਰ ਜਾਂ ਫੈਕਟਰੀ ਨਾ ਲੁੱਟੀ ਸੀ ਅਤੇ ਨਾ ਹੀ ਸਾੜੀ ਸੀ।
ਸਿੱਖਾਂ ਨੇ ਕਿਸੇ ਦੂਸਰੇ ਧਰਮ ਦੇ ਧਰਮ ਸਥਾਨ ਮੰਦਰ, ਮਸਜਿਦ ਨੂੰ ਲੁੱਟ ਕੇ ਅੱਗ ਨਹੀਂ ਲਾਈ। ਸਿੱਖਾਂ ਨੇ ਹਿੰਦੂਆਂ ਜਾਂ ਮੁਸਲਮਾਨਾਂ ਨੂੰ ਜਿਉਂਦੇ ਨਹੀਂ ਸਾੜਿਆ। ਸਿੱਖਾਂ ਨੇ ਹਿੰਦੂ ਜਾਂ ਮੁਸਲਮ ਔਰਤਾਂ ਨਾਲ ਬਲਾਤਕਾਰ ਨਹੀਂ ਕੀਤੇ। ਨਾ ਹੀ ਹਿੰਦੂ ਮੁਸਲਮ ਪੀੜਤਾਂ ਦੇ ਕਿਤੇ ਕੈਂਪ ਲੱਗੇ ਸੀ।
ਨਵੰਬਰ 1984 ਤੋਂ ਅੱਜ ਤੱਕ ਸਾਰੇ ਭਾਰਤ ਵਿਚੋਂ ਕਿਸੇ ਵੀ ਹੋਰ ਧਰਮ ਦਾ ਇਕ ਵੀ ਬੰਦਾ ਸਾਹਮਣੇ ਨਹੀਂ ਆਇਆ ਜਿਸ ਨੇ ਕਿਹਾ ਹੋਵੇ ਕਿ ਸਿੱਖਾਂ ਨੇ ਉਸ ਦੇ ਪਰਿਵਾਰ ਦੇ ਮੈਂਬਰ ਜਾਂ ਮੈਂਬਰਾਂ ਦਾ ਕਤਲ ਕੀਤਾ ਹੈ ਜਾਂ ਉਸਦਾ ਘਰ ਫੈਕਟਰੀ ਜਾਂ ਦੁਕਾਨ ਲੁੱਟ ਕੇ ਸਾੜੀ ਹੋਵੇ। ਇਸ ਲਈ ਅਸੀਂ ਇਹ ਗੱਲ ਬੜੇ ਡੰਕੇ ਦੀ ਚੋਟ ਉਤੇ ਕਹਿੰਦੇ ਹਾਂ ਕਿ ਇਹ ਦੰਗੇ ਨਹੀਂ ਸਿੱਖਾਂ ਦਾ ਕਤਲੇਆਮ ਸੀ ਜਿਹੜਾ ਰਾਜ ਕਰਦੀ ਪਾਰਟੀ (ਕਾਂਗਰਸ ਆਈ) ਨੇ ਬੜੇ ਯੋਜਨਾਬਧ ਢੰਗ ਨਾਲ ਕਰਾਇਆ ਸੀ।
ਸਧਾਰਨ ਹਿੰਦੂਆਂ ਅਤੇ ਮੁਸਲਮਾਨਾਂ ਨੇ ਤਾਂ ਆਪਣੀਆਂ ਜਾਨਾਂ ਉਤੇ ਖੇਡ ਕੇ ਆਪਣੀਆਂ ਜਾਇਦਾਦਾਂ, ਘਰ ਖਤਰੇ ਵਿਚ ਪਾ ਕੇ ਸਿੱਖਾਂ ਦੀ ਸਹਾਇਤਾ ਕੀਤੀ ਸੀ। ਗੈਰ ਸਿੱਖ ਲੋਕਾਂ ਨੇ ਪੀਸ ਮਾਰਚਾਂ ਕੱਢੀਆਂ ਜਿਨ੍ਹਾਂ ਵਿਚ ਜਨਤਾ ਪਾਰਟੀ ਦਾ ਆਗੂ ਚੰਦਰ ਸ਼ੇਖਰ ਅਤੇ ਕਿਸ਼ਨ ਕਾਂਤ ਮੋਹਰੀ ਸਨ। ਜਿਨ੍ਹਾਂ ਵਿਚ ਸਵਾਮੀ ਅਗਨੀਵੇਸ਼ ਨੇ ਮੁਖ ਭੂਮਿਕਾ ਨਿਭਾਈ ਸੀ। ਭਾਵੇਂ ਕਿ ਕਈ ਥਾਈਂ ਕਾਂਗਰਸੀ ਗੁੰਡਿਆਂ ਨੇ ਇਨ੍ਹਾਂ ਦਾ ਨਿਰਾਦਰ ਵੀ ਕੀਤਾ ਸੀ।
ਬਹੁਤ ਸਾਰੇ ਸਹਾਇਤਾ ਕੈਂਪਾਂ ਵਿਚ ਹਿੰਦੂ-ਮੁਸਲਮਾਨ ਰਲ ਕੇ ਸਿੱਖ ਪੀੜਤਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ। ਜਦੋਂ ਕਿ ਕਾਂਗਰਸ ਸਰਕਾਰ ਨੇ ਪੀੜਤਾਂ ਦੀ ਸਹਾਇਤਾ ਕਰਨ ਦੀ ਥਾਂ ਸਰਕਾਰ ਵੱਲੋਂ ਚਲਾਏ ਗਏ ਥੋੜ੍ਹੇ ਬਹੁਤ ਸਹਾਇਤਾ ਕੈਂਪ ਜਬਰੀ ਬੰਦ ਕਰ ਦਿੱਤੇ ਸੀ। ਜਿਨ੍ਹਾਂ ਨੂੰ ਮਗਰੋਂ ਗੁਰਦੁਆਰਿਆਂ ਜਾਂ ਖਾਲਸਾ ਸਕੂਲਾਂ ਵਿਚ ਸਹਾਇਤਾ ਦਿੱਤੀ ਗਈ।
ਹਿੰਦੂ-ਮੁਸਲਮ ਲੋਕਾਂ ਨੇ ਰਲ ਕੇ ਸਿੱਖ ਕਤਲੇਆਮ ਦੀਆਂ ਨਿਰਪੱਖ ਪੜਤਾਲਾਂ ਕਰਨ ਲਈ ਪੜਤਾਲ ਕਮੇਟੀਆਂ ਬਣਾ ਕੇ ਪੜਤਾਲਾਂ ਕੀਤੀਆਂ ਜਿਨ੍ਹਾਂ ਪੜਤਾਲਾਂ ਤੋਂ ਸਾਬਤ ਹੋ ਗਿਆ ਸੀ ਕਿ ਇਹ ਸਾਰਾ ਸਿੱਖ ਕਤਲੇਆਮ ਕਾਂਗਰਸ (ਆਈ) ਨੇ ਆਪਣੇ ਨੇਤਾ ਰਾਜੀਵ ਗਾਂਧੀ ਦੇ ਹੁਕਮ ਨਾਲ ਸਰਕਾਰ ਦੀ ਸਹਾਇਤਾ ਨਾਲ ਬੜੇ ਯੋਜਨਾਬੱਧ ਢੰਗ ਨਾਲ ਸਿੱਖਾਂ ਨੂੰ ਸਬਕ ਸਿਖਾਉਣ ਲਈ ਕੀਤਾ ਸੀ।
ਜਦੋਂ ਪੂਰੀ ਸਿੱਖ ਕੌਮ ਕਤਲੇਆਮ ਤੋਂ ਮਗਰੋਂ ਅਲਗ ਥਲੱਗ ਹੋ ਗਈ ਤਾਂ ਅਖ਼ਬਾਰਾਂ ਦੇ ਰਿਪੋਰਟਰਾਂ, ਹਿੰਦੂਆਂ, ਮੁਸਲਮਾਨਾਂ ਤੇ ਇਸਾਈਆਂ ਨੇ ਸਿੱਖਾਂ ਦੀ ਤਬਾਹੀ ਦੀਆਂ ਖ਼ਬਰਾਂ ਬੜੀ ਦਲੇਰੀ ਨਾਲ ਇਕੱਤਰ ਕਰਕੇ ਛਪਵਾਈਆਂ। ਸਿੱਖ ਕਤਲੇਆਮ ਬਾਰੇ ਰਿਪੋਰਟਾਂ, ਸੰਪਾਦਕੀਆਂ ਲਿਖਣ ਵਾਲੇ ਹਿੰਦੂ, ਮੁਸਲਮ ਹੀ ਸਨ। ਹਤਿਆਰਿਆਂ ਦੇ ਨਾਂ ਨਸ਼ਰ ਕਰਕੇ ਉਹਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਮੰਗ ਕਰਨ ਵਾਲੇ ਵੀ ਏਹੀ ਪੱਤਰਕਾਰ ਸਨ।
ਜਦੋਂ ਬੀ. ਜੇ. ਪੀ. ਦੇ ਨੇਤਾਵਾਂ ਨੇ ਕਤਲੇਆਮ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਕਤਲ ਹੋਏ ਸਿੱਖਾਂ ਦੀ ਗਿਣਤੀ ਛਾਪ ਦਿੱਤੀ ਤਾਂ ਕਾਂਗਰਸੀ ਨੇਤਾ ਉਹਨਾਂ ਨੂੰ ਕਹਿਣ ਲੱਗੇ ਕਿ ਤੁਸੀਂ ਇਹ ਕੰਮ ਕਰਕੇ ਕੌਮ ਵਿਰੋਧੀ ਕਾਰਵਾਈ ਕਰ ਰਹੇ ਹੋ। ਇਥੇ ਇਹ ਲਿਖ ਦੇਣਾ ਅਤੇ ਸਪੱਸ਼ਟ ਕਰ ਦੇਣਾ ਜ਼ਰੂਰ ਹੈ ਕਿ ਬੀ. ਜੇ. ਪੀ. ਦੇ ਨੇਤਾ ਨਾ ਹੀ ਕਿਸੇ ਪੀਸ ਮਾਰਚ ਵਿਚ ਗਏ ਅਤੇ ਨਾ ਹੀ ਖੁੱਲ੍ਹ ਕੇ ਸਿੱਖ ਕਤਲੇਆਮ ਦੇ ਵਿਰੁੱਧ ਅਤੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਅੱਗੇ ਆਏ। ਕਿਉਂਕਿ ਉਹਨਾਂ ਦੇ ਇਸ ਤਰ੍ਹਾਂ ਕਰਨ ਨਾਲ ਹਿੰਦੂ ਵੋਟ ਉਹਨਾਂ ਦੇ ਵਿਰੁੱਧ ਹੋ ਜਾਣੀ ਸੀ।
ਪਰ ਮੈਂ ਇਥੇ ਇਕ ਗੱਲ ਸਾਫ਼ ਕਰ ਦੇਣੀ ਚਾਹੁੰਦਾ ਹਾਂ ਕਿ ਜਿਹੜੇ ਗੈਰ ਸਿੱਖ ਲੋਕਾਂ ਨੇ ਸਿੱਖਾਂ ਦੀ ਸਹਾਇਤਾ ਕੀਤੀ ਸੀ ਉਨ੍ਹਾਂ ਦੀ ਗਿਣਤੀ ਦਸ ਹਜ਼ਾਰ ਪਿਛੇ ਇਕ ਦੇ ਬਰਾਬਰ ਮਸੀਂ ਸੀ। ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਮਨੁੱਖਤਾ ਹਾਲੀ ਜਿਉਂਦੀ ਸੀ।
ਖੱਬੀਆਂ ਪਾਰਟੀਆਂ ਨੇ ਸਿੱਖਾਂ ਦੇ ਕਤਲੇਆਮ ਦੇ ਵਿਰੁੱਧ ਪ੍ਰਸੰਸਾਯੋਗ ਕਦਮ ਚੁੱਕੇ ਸੀ। ਭਾਵੇਂ ਕਿ ਕਾਂਗਰਸ ਆਈ ਦੇ ਲੀਡਰ ਅਤੇ ਗੁੰਡੇ ਉਨ੍ਹਾਂ ਦੇ ਵੀ ਵਿਰੁੱਧ ਹੋ ਗਏ ਸੀ ਜਿਵੇਂ ਕਿ ਕਾ. ਹਰਕਿਸ਼ਨ ਸਿੰਘ ਸੁਰਜੀਤ ਨੂੰ ਇਕ ਨਵੰਬਰ 1984 ਨੂੰ ਇੰਦਰਾ ਗਾਂਧੀ ਦਾ ਅਫਸੋਸ ਕਰਨ ਗਏ ਨੂੰ ਦੌੜ ਕੇ ਜਾਨ ਬਚਾਉਣੀ ਪਈ ਸੀ। ਕਾ. ਨਮੋਦਰੀ ਪਾਦ ਅਤੇ ਸੁਰਜੀਤ ਨਾਲ ਗਏ ਹੋਰ ਪਾਰਟੀ ਲੀਡਰ ਪਤਾ ਨਹੀਂ ਕਿਵੇਂ ਜਾਨ ਬਚਾ ਕੇ ਆਏ ਸੀ। ਕਾਂਗਰਸੀ ਗੁੰਡਿਆਂ ਨੇ ਬੀ.ਜੇ.ਪੀ. ਦੇ ਨੇਤਾ ਵਾਜਪਾਈ ਦੇ ਘਰ ਉਪਰ ਵੀ ਹਮਲਾ ਕਰ ਦਿੱਤਾ ਸੀ। ਕਾਂਗਰਸ ਪਾਰਟੀ ਵਲੋਂ ਰਾਜ ਸਭਾ ਦੇ ਮੈਂਬਰ ਅਤੇ ਇੰਦਰਾ ਗਾਂਧੀ ਦੇ ਭਗਤ ਖੁਸ਼ਵੰਤ ਸਿੰਘ ਨੂੰ ਸਵੀਡਨ ਦੀ ਅੰਬੈਂਸੀ ਵਿਚ ਲੁਕ ਕੇ ਤਿੰਨ ਦਿਨ ਕੱਟਣੇ ਪਏ ਸੀ।
ਬੰਗਲਾ ਦੇਸ਼ ਦੇ 1971 ਦੀ ਪਾਕਿਸਤਾਨ ਦੀ ਜੰਗ ਦੇ ਨਾਇਕ ਜਗਜੀਤ ਸਿੰਘ ਅਰੋੜਾ ਨੂੰ ਜਿਸ ਨੇ 92000 ਪਾਕਿਸਤਾਨੀ ਸੈਨਿਕਾਂ ਪਾਸੋਂ ਹਥਿਆਰ ਸੁਟਾਏ ਸੀ, ਜਿਹੜਾ ਕਿ ਦੁਨੀਆਂ ਦਾ ਇਕ ਰਿਕਾਰਡ ਹੈ। ਉਸ ਨੂੰ ਤਿੰਨ ਦਿਨ ਆਪਣੀ ਜਾਨ ਬਚਾਉਣ ਲਈ ਇੰਦਰ ਕੁਮਾਰ ਗੁਜਰਾਲ ਦੇ ਘਰ ਸ਼ਰਨ ਲੈਣੀ ਪਈ ਸੀ।
ਜੇਕਰ ਏਨੇ ਉੱਚ ਪੱਧਰ ਦੇ ਸਿੱਖਾਂ ਦੀ ਇਹ ਹਾਲਤ ਸੀ ਤਾਂ ਫਿਰ ਗਰੀਬ ਸਿੱਖਾਂ ਦਾ ਕੀ ਹਸ਼ਰ ਹੋਇਆ ਹੋਵੇਗਾ ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਜਮਨਾ ਪਾਰ ਦੀ ਤਾਂ ਹੋਰ ਵੀ ਸਭ ਤੋਂ ਵਧ ਭੈੜੀ ਹਾਲਤ ਸੀ ਜਿਥੇ ਪੂਰੀਆਂ ਦੀਆਂ ਪੂਰੀਆਂ ਕਲੋਨੀਆਂ ਦਾ ਕੋਈ ਸਿੱਖ ਮਰਦ ਜਿਉਂਦਾ ਨਹੀਂ ਸੀ ਛੱਡਿਆ।
27 ਸਾਲ ਬੀਤ ਗਏ ਹਨ। ਦੇਸ਼ ਵਿਚ ਕਤਲ ਹੋਏ ਤੀਹ ਹਜ਼ਾਰ ਸਿੱਖਾਂ ਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਮਿਲੀ, ਸਜ਼ਾ ਤਾਂ ਇਕ ਪਾਸੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸਭ ਕਾਤਲ ਅਜ਼ਾਦ ਘੁੰਮ ਰਹੇ ਹਨ। ਜਦੋਂ ਕਿ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ ਵਿਚ ਬੇਅੰਤ ਸਿੰਘ ਨੂੰ ਤਾਂ ਉਥੇ ਹੀ ਦਸ ਮਿੰਟ ਮਗਰੋਂ ਕਤਲ ਕਰ ਦਿੱਤਾ ਗਿਆ ਸੀ ਉਸਦੇ ਦੂਸਰੇ ਸਾਥੀ ਸਤਵੰਤ ਸਿੰਘ ਨੂੰ ਜਿਹੜਾ ਬਚ ਗਿਆ ਸੀ ਜਨਵਰੀ 1986 ਵਿਚ ਫਾਂਸੀ ਲਾ ਦਿੱਤਾ ਸੀ। ਜਿਸ ਵਿਚ ਕੇਹਰ ਸਿੰਘ ਇਕ ਬੇਕਸੂਰ ਫਾਹੇ ਲਾ ਦਿੱਤਾ ਸੀ ਜਦੋਂ ਕਿ ਹਜ਼ਾਰਾਂ ਸਿੱਖਾਂ ਦੇ ਕਾਤਲ ਕਾਂਗਰਸ ਆਈ ਦੇ ਲੀਡਰ ਅਤੇ ਗੁੰਡੇ ਅਜ਼ਾਦ ਘੁੰਮ ਰਹੇ ਹਨ।
ਕਾਨਪੁਰ ਵਿਚ ਕਾਂਗਰਸੀ ਗੁੰਡੇ ਜਦੋਂ ਸਿੱਖਾਂ ਦਾ ਸਮਾਨ ਲੁੱਟਦੇ ਸੀ ਤਾਂ ਇਹ ਨਾਹਰਾ ਬੜੇ ਬੇਸ਼ਰਮੀ ਨਾਲ ਲਾਉਂਦੇ ਸੀ :
ਯਬ ਤੱਕ ਯੇ ਸਮਾਨ ਰਹੇਗਾ ਇੰਦਰਾ ਤੇਰਾ ਨਾਮ ਰਹੇਗਾ।
ਇਹ ਕਾਂਗਰਸ ਪਾਰਟੀ ਜਿਹੜੀ ਆਪਣੇ ਆਪ ਨੂੰ ਧਰਮ ਨਿਰਪੱਖ ਦੱਸਦੀ ਹੈ, ਸਭ ਤੋਂ ਵੱਧ ਫਿਰਕੂ ਪਾਰਟੀ ਹੈ। ਇਸ ਦੇ ਮਖੌਟੇ ਤਾਂ 1947 ਤੋਂ ਪਹਿਲਾਂ ਵੀ ਅਤੇ ਮਗਰੋਂ ਤਾਂ ਪੂਰੀ ਤਰ੍ਹਾਂ ਲੱਥ ਗਏ ਸੀ ਜਦੋਂ ਕਾਂਗਰਸ ਸਰਕਾਰ ਦੇ ਹੋਮ ਮਨਿਸਟਰ ਪਟੇਲ ਨੇ ਪੰਜਾਬ ਦੇ ਡੀਸੀਆਂ ਦੇ ਨਾਂ ਇਕ ਗਸ਼ਤੀ ਚਿੱਠੀ ਕੱਢੀ ਸੀ ਜਿਸ ਵਿਚ ਲਿਖਿਆ ਸੀ ਕਿ ਸਿੱਖ ਇਕ ਜਰਾਇਮ ਪੇਸ਼ਾ ਕੌਮ ਹੈ। (ਅਪਰਾਧੀ ਬਿਰਤੀ ਵਾਲੇ) ਇਨ੍ਹਾਂ ਨਾਲ ਜਰਾਇਮ ਪੇਸ਼ਾ ਲੋਕਾਂ ਵਰਗਾ ਹੀ ਸਲੂਕ ਕੀਤਾ ਜਾਵੇ।
ਦੇਸ਼ ਦੀ ਵੰਡ ਅਤੇ ਅਖੌਤੀ ਅਜ਼ਾਦੀ ਤੋਂ ਮਗਰੋਂ ਕਾਂਗਰਸ ਪਾਰਟੀ ਨੇ ਪੂਰੇ 47 ਸਾਲ ਭਾਰਤ ਦੀ ਸਧਾਰਨ ਹਿੰਦੂ ਜਨਤਾ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਪ੍ਰਚਾਰ ਸਾਧਨਾ ਰਾਹੀਂ ਸਿੱਖਾਂ ਵਿਰੁੱਧ ਜ਼ਹਿਰ ਭਰਿਆ ਸੀ ਜਿਸ ਦੀ ਜੂਨ 1984 ਵਿਚ ਸਿੱਖਾਂ ਉਪਰ ਹਮਲੇ ਵੇਲੇ ਸਿਖਰ ਵੱਲ ਵਧਦੀ ਹੋਈ ਨਵੰਬਰ 1984 ਵਿਚ ਸਿਖਰ ਉਪਰ ਪਹੁੰਚ ਗਈ। ਹਜ਼ਾਰਾਂ ਸਿੱਖ ਜਿਉਂਦੇ ਸਾੜ ਦਿੱਤੇ ਗਏ। ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤੇ ਗਏ। ਗੁਰਦੁਆਰੇ ਲੁੱਟ ਕੇ ਸਾੜ ਦਿੱਤੇ ਗਏ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਗਿਆ।
ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭਰਜਾਈ ਕੁਲਵੰਤ ਸਿੰਘ ਦੀ ਪਤਨੀ ਦਵਿੰਦਰ ਕੌਰ ਨਾਲ ਕੁਲਵੰਤ ਸਿੰਘ ਨੂੰ ਕਤਲ ਕਰਨ ਤੋਂ ਮਗਰੋਂ ਸਮੂਹਿਕ ਬਲਾਤਕਾਰ ਕੀਤਾ ਗਿਆ।
ਬੁੱਧ ਸਿੰਘ ਜਨਕਪੁਰ ਵਾਸੀ ਜਿਸ ਦੇ ਘਰ ਦੇ ਉਸ ਸਣੇ 22 ਮਰਦ ਸਿਰਫ਼ ਚਾਰ ਘੰਟਿਆਂ ਵਿਚ ਪਹਿਲੀ ਨਵੰਬਰ ਸਵੇਰੇ 11 ਵਜੇ ਤੋਂ ਸ਼ਾਮੀ ਤਿੰਨ ਵਜੇ ਤੱਕ ਕਤਲ ਕਰ ਦਿੱਤੇ ਗਏ। ਬੁੱਧ ਸਿੰਘ ਦੀ ਬਚ ਗਈ ਵਿਧਵਾ ਨੂੰਹ ਬਲਵੰਤ ਕੌਰ ਨੇ ਦੱਸਿਆ ਕਿ ਉਸ ਦੇ ਤਿੰਨ ਪੁੱਤਰ, ਪਤੀ, ਜੇਠ, ਭਤੀਜੇ ਉਸ ਦੀਆਂ ਅੱਖਾਂ ਦੇ ਸਾਹਮਣੇ ਜਿਉਂਦੇ ਸਾੜ ਦਿੱਤੇ ਕਾਤਲਾਂ ਦਾ ਮੋਹਰੀ ਜਨਕਪੁਰੀ ਦਾ ਹੀ ਪ੍ਰਤਾਪ ਸੀ।
ਨਾਨਕੀ ਬਾਈ ਨੇ ਦੱਸਿਆ ਕਿ ਉਸ ਦੇ ਸਾਹਮਣੇ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਉਤਨੀ ਦੇਰ ਕਰਦੇ ਰਹੇ ਜਿਤਨੀ ਦੇਰ ਉਹ ਬੇਹੋਸ਼ ਨਹੀਂ ਹੋ ਗਈ। ਮਗਰੋਂ ਉਸ ਨੂੰ ਬੇਹੋਸ਼ ਨੂੰ ਹੀ ਲੋਕਾਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ ਜਿਥੇ ਉਹ ਹੋਸ਼ ਆਉਣ ਤੋਂ ਬਿਨਾਂ ਹੀ ਮਰ ਗਈ।
ਇਕ ਸੁਲਤਾਨਪੁਰੀ ਦੀ ਵਿਧਵਾ ਦੁਖਿਆਰੀ ਨੇ ਦੱਸਿਆ ਕਿ ਕਾਤਲਾਂ ਨੇ ਉਸ ਦੇ ਪਤੀ ਅਤੇ ਵੱਡੇ ਪੁੱਤਰ ਨੂੰ ਜਿਉਂਦੇ ਨੂੰ ਸਾੜ ਦਿੱਤਾ ਜਦੋਂ ਉਹ ਆਪਣੇ ਛੋਟੇ ਪੁੱਤਰ ਨੂੰ ਬਚਾਉਣ ਦਾ ਯਤਨ ਕਰਨ ਲੱਗੀ ਤਾਂ ਉਸ ਨੂੰ ਅਲਫ਼ ਨੰਗੀ ਕਰਕੇ ਮੇਰੇ ਪੁੱਤਰ ਦੇ ਸਾਹਮਣੇ ਮੇਰੇ ਨਾਲ ਸਮੂਹਿਕ ਬਲਾਤਕਾਰ ਕੀਤਾ ਮਗਰੋਂ ਮੇਰੇ ਉਸ ਪੁੱਤਰ ਨੂੰ ਵੀ ਜਿਉਂਦੇ ਨੂੰ ਸਾੜ ਦਿੱਤਾ।
ਤਿਲਕ ਨਗਰ ਦੀ ਕਲੋਨੀ ਦੀ ਰਹਿਣ ਵਾਲੀ ਕੁਲਦੀਪ ਕੌਰ ਨੇ ਦੱਸਿਆ ਕਿ ਇਕ ਦਸ ਬਾਰਾਂ ਸਾਲਾਂ ਦੀ ਲੜਕੀ ਜਿਹੜੀ ਜਦੋਂ ਉਸ ਦੇ ਬਾਪ ਨੂੰ ਕਤਲ ਕਰਨ ਲੱਗੇ ਤਾਂ ਉਹ ਧਾੜਾਂ ਦੀਆਂ ਮਿੰਨਤਾਂ ਕਰਨ ਲੱਗ ਪਈ ਕਿ ਮੇਰੇ ਪਾਪਾ ਨੂੰ ਨਾ ਮਾਰੋ ਧਾੜ ਦੇ ਨੇਤਾ ਕਾਂਗਰਸ ਆਈ ਦੇ ਆਗੂ ਨੇ ਕਿਹਾ ਸਰਦਾਰ ਦੀਏ ਕਤੂਰੀਏ ਠਹਿਰ ਜਾ ਤੈਨੂੰ ਵੀ ਠੀਕ ਕਰਦੇ ਹਾਂ ਉਸ ਤੋਂ ਮਗਰੋਂ ਉਸ ਬੱਚੀ ਨਾਲ ਉਤਨੀ ਦੇਰ ਬਲਾਤਕਾਰ ਕਰਦੇ ਰਹੇ ਜਿਤਨੀ ਦੇਰ ਉਹ ਬੇਹੋਸ਼ ਨਹੀਂ ਹੋ ਗਈ। ਹੁਣ ਉਹ ਪਾਗਲ ਹੋਈ ਘੁੰਮ ਰਹੀ ਹੈ।
ਕਾਨਪੁਰ ਦੀ ਅਮਰਜੀਤ ਕੌਰ ਦਾ ਪਤੀ, ਦੋ ਪੁੱਤਰ, ਇਕ ਪੋਤਰਾ ਜਿਉਂਦੇ ਸਾੜ ਦਿੱਤੇ ਗਏ। ਜਦੋਂ ਲਾਸ਼ਾਂ ਦੀ ਸ਼ਨਾਖਤ ਲਈ ਉਸ ਦੀਆਂ ਨੂੰਹਾਂ ਨੂੰ ਥਾਣੇ ਸੱਦਿਆ ਤਾਂ ਲਾਸ਼ਾਂ ਦੀ ਹਾਲਤ ਦੇਖ ਕੇ ਦੋਹਾਂ ਨੂੰਹਾਂ ਨੇ ਥਾਣੇ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਇਕ ਤਾਂ ਥਾਂ ਹੀ ਡਿਗਦੇ ਸਾਰ ਮਰ ਗਈ ਇਕ ਦੀ ਰੀੜ ਦੀ ਹੱਡੀ ਟੁੱਟ ਗਈ ਉਹ ਉਮਰ ਭਰ ਲਈ ਅਪਾਹਜ ਹੋ ਗਈ।
ਕਾਨਪੁਰ ਦੇ ਹੀ ਵਾਰ ਹੀਰੋ ਮਹਿੰਦਰ ਸਿੰਘ ਸਿੱਧੂ ਦਾ ਜਦੋਂ ਸਾਰਾ ਪਰਿਵਾਰ ਕਤਲ ਕਰ ਦਿੱਤਾ ਤਾਂ ਉਸ ਦੀ ਦਸ ਬਾਰਾਂ ਸਾਲਾਂ ਦੀ ਬੱਚੀ ਜਗਜੀਤ ਕੌਰ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਹੇਠਾਂ ਘਰ ਦੇ ਜੀਆਂ ਦੀਆਂ ਲਾਸ਼ਾਂ ਉਪਰ ਡਿੱਗਣ ਕਰਕੇ ਉਹ ਬਚ ਗਈ ਉਹ ਭੱਜ ਕੇ ਗੁਆਂਢੀ ਹਿੰਦੂ ਦੇ ਘਰ ਚਲੀ ਗਈ ਜਿਸਨੇ ਉਸ ਨੂੰ ਨੌਕਰਾਣੀ ਦਸ ਕੇ ਬਚਾ ਲਿਆ।
ਬਚ ਗਈਆਂ ਔਰਤਾਂ ਅੱਜ ਵੀ ਏਹੀ ਆਖ ਰਹੀਆਂ ਹਨ :
''ਅੰਬਰ ਕਾਲਾ ਇੱਤ ਬਿਧ ਹੋਇਆ,
ਅਸਾਂ ਦਰਦਮੰਦਾਂ ਦੀਆਂ ਆਹੀ''
ਵਿਦੇਸ਼ਾਂ ਵਿਚ ਬੈਠੇ ਸਮੂਹ ਸਿੱਖਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ-ਆਪਣੇ ਦੇਸ਼ ਦੀਆਂ ਸਰਕਾਰਾਂ ਅੱਗੇ ਚਿੱਟੇ ਖੱਦਰ ਦੀਆਂ ਕਾਲੀਆਂ ਕਰਤੂਤਾਂ ਨੰਗੀਆਂ ਕਰਕੇ ਨਵੰਬਰ 1984 ਦੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਭਾਰਤ ਸਰਕਾਰ ਉਪਰ ਦਬਾ ਪਾਓ।
- ਅਜੀਤ ਸਿੰਘ ਰਾਹੀ