ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਪ੍ਰਧਾਨ ਮੰਤਰੀ ਹੁੰਦਿਆਂ ਵੀ ਸਿੱਖਾਂ ਨੂੰ ਇਨਸਾਫ ਦੀ ਉਮੀਦ ਨਹੀਂ!


ਇਕ ਵਾਰ ਫਿਰ ਨਵੰਬਰ ਆ ਗਿਆ। ਓਹੀ ਨਵੰਬਰ ਜਿਸ ਨੇ ਅੱਜ ਤੋਂ ਪੂਰੇ 27 ਸਾਲ ਪਹਿਲਾਂ 1984 'ਚ ਸਿੱਖਾਂ ਨੂੰ ਆਪਣੀ ਹੀ ਧਰਤੀ 'ਤੇ ਬੇਗਾਨੇ ਬਣਾ ਦਿੱਤਾ ਸੀ ਅਤੇ ਸਿੱਖ ਇਤਿਹਾਸ ਦੀ ਕਿਤਾਬ ਵਿਚ ਇਕ ਅਜਿਹਾ ਕਾਲਾ ਪੰਨਾ ਜੋੜ ਦਿੱਤਾ ਸੀ, ਜਿਸ ਨੂੰ ਇਕ ਸੱਚਾ-ਸੁੱਚਾ ਸਿੱਖ ਰਹਿੰਦੀ ਉਮਰੇ ਕਦੇ ਭੁਲਾ ਨਹੀਂ ਸਕਦਾ ਅਤੇ ਇਸ ਕਾਲੇ ਪੰਨੇ ਦੀ ਦਾਸਤਾਂ ਲਿਖ-ਲਿਖ ਪਤਾ ਨੀਂ ਕਿੰਨੇ ਕਾਗਜ਼ੀ ਪੰਨੇ ਕਾਲੇ ਹੋ ਗਏ ਪਰ ਸਿੱਖ ਕੌਮ ਲਈ ਇਨਸਾਫ ਦੇ ਦਰਵਾਜ਼ੇ ਨਹੀਂ ਖੁੱਲ੍ਹੇ। ਉਤੋਂ  ਆਲਮ ਇਹ ਹੈ ਕਿ 'ਜਾਪਾਨ ਦੀ ਸੁਨਾਮੀ' ਦੀ ਤਰ੍ਹਾਂ ਹਰ ਸਮੇਂ ਡਰ ਲੱਗਿਆ ਰਹਿੰਦੈ ਕਿ ਦੇਸ਼ 'ਚ ਅਜਿਹਾ ਭਾਣਾ ਮੁੜ ਨਾ ਵਾਪਰ ਜਾਵੇ, ਬਾਵਜੂਦ ਇਸਦੇ ਕਿ ਸਮਾਂ ਉਦੋਂ ਨਾਲੋਂ ਬਹੁਤ ਜ਼ਿਆਦਾ ਬਦਲ ਗਿਐ, ਕਿਉਂਕਿ ਭਾਰਤ ਵਿਚ ਚਾਹੇ ਘੱਟ ਪਰ ਵਿਦੇਸ਼ਾਂ ਵਿਚ ਸਿੱਖ ਨਿੱਤ ਨਵੀਆਂ ਮੱਲਾਂ ਮਾਰ ਰਹੇ ਹਨ। ਬਰਤਾਨੀਆ ਵਿਚ ਸਿੱਖ (ਇੰਦਰਜੀਤ ਸਿੰਘ) ਹਾਊਸ ਆਫ ਲਾਰਡ ਦੇ ਮੈਂਬਰ ਬਣ ਰਹੇ ਹਨ, ਕੈਨੇਡਾ ਵਿਚ ਸਿੱਖ (ਟਿਮ ਉਪਲ) ਕੈਬਨਿਟ ਮੰਤਰੀ ਬਣ ਰਹੇ ਹਨ, ਅਮਰੀਕਾ ਵਿਚ ਸਿੱਖ (ਸੰਤ ਸਿੰਘ ਛੱਤਵਾਲ) ਵੱਡੇ ਉਦਯੋਗਪਤੀ ਵਜੋਂ ਜਾਣੇ ਜਾਂਦੇ ਹਨ। ਸਮਾਂ ਭਾਵੇਂ ਬਦਲ ਗਿਆ, ਪਰ ਇਹ ਗੱਲ ਹਰ ਇਕ ਕੌਮ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਸ ਦੇਸ਼ ਦੀ ਸਿਆਸਤ ਨਹੀਂ ਬਦਲੀ, ਕਿਉਂਕਿ 'ਫੁੱਟ ਪਾਓ ਤੇ ਰਾਜ ਕਰੋ' ਦਾ ਫਾਰਮੂਲਾ ਕਈ ਸਿਆਸਦਾਨਾਂ ਅਤੇ ਸਿਆਸੀ ਪਾਰਟੀਆਂ ਲਈ ਸਦਾ ਲਾਹੇਵੰਦ ਰਿਹੈ, ਇਸ ਲਈ ਉਹ ਇਸ ਫਾਰਮੂਲੇ ਨੂੰ ਆਪਣੇ ਲਾਭ ਲਈ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਇਹ ਉਹੀ ਫਾਰਮੂਲਾ ਹੈ ਜਿਸ ਨੂੰ ਅੰਗਰੇਜ਼ਾਂ ਨੇ ਅਪਣਾ ਕੇ ਭਾਰਤੀਆਂ ਨੂੰ ਕਈ ਦਹਾਕਿਆਂ ਤੱਕ ਗੁਲਾਮ ਬਣਾਈ ਰੱਖਿਆ ਅਤੇ ਦੇਸ਼ ਦੇ ਕੁਝ ਲਾਲਚੀ ਸਿਆਸਤਦਾਨ ਸ਼ਾਇਦ ਇਹੀ ਫਾਰਮੂਲਾ ਵਰਤ ਕੇ ਹੁਣ ਵੀ 'ਪਾਵਰ' ਵਿਚ ਹਨ ਅਤੇ ਅੱਗੋਂ ਵੀ ਜੇਕਰ ਉਨ੍ਹਾਂ ਨੂੰ ਇਸ ਫਾਰਮੂਲੇ ਦਾ ਫਾਇਦਾ ਹੋਵੇ ਤਾਂ ਉਹ ਸਿੱਖਾਂ ਨੂੰ ਹਿੰਦੂਆਂ ਨਾਲ, ਹਿੰਦੂਆਂ ਨੂੰ ਮੁਸਲਮਾਨਾਂ ਨਾਲ ਅਤੇ ਮੁਸਲਮਾਨਾਂ ਨੂੰ ਈਸਾਈਆਂ ਨਾਲ ਲੜਾਉਣ ਲਈ ਹਰ ਹੀਲਾ ਹਰਬਾ ਵਰਤਣਗੇ, ਬਸ਼ਰਤੇ ਉਨ੍ਹਾਂ ਨੂੰ ਇਸ ਦਾ ਸਿਆਸੀ ਤੇ ਵੋਟ ਲਾਭ ਹੁੰਦਾ ਹੋਵੇ। ਸੰਨ 1984 ਵਿਚ ਜੋ ਵਾਪਰਿਆ ਉਹ ਸਿੱਖਾਂ ਦੇ ਦਿਲਾਂ ਵਿਚ ਅੱਜ ਵੀ ਤਾਜ਼ਾ ਹੈ ਅਤੇ ਸਿੱਖਾਂ ਨੂੰ ਉਦੋਂ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਦਾ ਨਾ ਤਾਂ ਅੱਜ ਤੱਕ ਇਨਸਾਫ ਮਿਲਿਆ ਅਤੇ ਨਾ ਹੀ ਭਾਰਤੀ ਨਿਆਂ ਪ੍ਰਣਾਲੀ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦੇ ਸਕੀ ਹੈ ਉਲਟਾ ਸਿੱਖ ਦੰਗਿਆਂ ਦਾ ਲਾਹਾ ਵੱਡੇ-ਵੱਡੇ ਸਿਆਸਤਦਾਨ ਲੈ ਗਏ, ਵੱਡੀਆਂ ਵੱਡੀਆਂ ਸਿਆਸੀ ਪਾਰਟੀਆਂ ਲੈ ਗਈਆਂ ਅਤੇ ਹੁਣ ਤੱਕ ਲੈ ਰਹੀਆਂ ਹਨ ਅਤੇ ਇਸ ਤੀਜੇ ਘੱਲੂਘਾਰੇ 'ਤੇ ਸਿਆਸੀ ਰੋਟੀਆਂ ਸੇਕ ਰਹੀਆਂ ਹਨ, ਪਰ ਸਿੱਖਾਂ ਨੂੰ ਇਨਸਾਫ ਦੀ ਗੱਲ ਸ਼ਾਇਦ ਹੀ ਕਿਸੇ ਦੇ ਮਨ ਵਿਚ ਹੋਵੇ, ਜੇਕਰ ਕਿਸੇ ਦੇ ਮਨ 'ਚ ਹੈ ਵੀ ਤਾਂ ਉਹ ਸਿਆਸੀ ਆਕਾ ਜਾਂ ਹਾਈ ਕਮਾਂਡ ਦੇ ਡਰੋਂ ਆਪਣੀ ਭੜਾਸ ਨਹੀਂ ਕੱਢ ਸਕਦਾ। ਮਾੜੀ ਕਿਸਮਤ ਸਿੱਖਾਂ ਦੀ ਵੀ ਦੇਖੋ ਕਿ ਇਕ 'ਸਿੱਖ' ਨੂੰ ਪ੍ਰਧਾਨ ਮੰਤਰੀ ਬਣਿਆ ਲਗਭਗ 9 ਸਾਲ ਬੀਤ ਚੁੱਕੇ ਹਨ, ਪਰ ਇਨਸਾਫ ਮਿਲਣਾ ਤਾਂ ਦੂਰ ਦੀ ਗੱਲ ਸਗੋਂ ਕਤਲੇਆਮ ਦੇ ਅੰਕੜੇ ਵੀ ਸਰਕਾਰ ਸਹੀ ਨਹੀਂ ਕਰ ਸਕੀ। ਪ੍ਰਧਾਨ ਮੰਤਰੀ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਇਸ ਲਈ ਸਿਰਫ ਸ਼ਰਮਿੰਦਗੀ ਜ਼ਾਹਰ ਕੀਤੀ ਸੀ, ਪਰ ਕੀ ਸ਼ਰਮਿੰਦਗੀ ਜ਼ਾਹਰ ਕਰਨ ਨਾਲ ਕਿਸੇ ਦਾ ਜ਼ੁਰਮ ਮੁਆਫ ਹੋ ਸਕਦਾ ਹੈ?  ਜਾਂ ਕਿਸੇ ਦਾ ਦਰਦ ਮਿਟ ਸਕਦਾ ਹੈ?  ਜੇਕਰ ਇਕ ਸਿੱਖ ਪ੍ਰਧਾਨ ਮੰਤਰੀ ਹੁੰਦੇ ਹੋਏ ਵੀ ਸਿੱਖਾਂ ਨੂੰ ਇਨਸਾਫ ਨਾ ਮਿਲਿਆ ਤਾਂ ਸ਼ਾਇਦ ਹੀ ਕਦੇ ਭਾਰਤ ਵਿਚ ਸਿੱਖਾਂ ਨੂੰ ਇਨਸਾਫ ਮਿਲੇ। ਇਹ ਗੱਲ ਤਾਂ ਸਹੀ ਹੈ ਕਿ ਐਡਾ ਵੱਡਾ ਕਤਲੇਆਮ ਕੋਈ ਰੱਬ ਸਬੱਵੀ ਤਾਂ ਵਾਪਰ ਨਹੀਂ ਗਿਆ, ਜੇਕਰ ਦੇਸ਼ ਭਰ ਵਿਚ ਹਜ਼ਾਰਾਂ ਤੋਂ ਵੱਧ ਸਿੱਖਾਂ ਦਾ ਕਤਲ ਹੋਇਆ ਤਾਂ ਇਸ ਵਿਚ ਇਕ ਕੁਝ ਕੁ ਦਾ ਤਾਂ ਹੱਥ ਲਾਜ਼ਮੀ ਹੈ, ਪਰ ਸਮੇਂ ਸਮੇਂ ਦੇ ਹਾਕਮ ਅਤੇ ਸਰਕਾਰਾਂ ਇਸ ਮੁੱਦੇ 'ਤੇ ਚੁੱਪ ਹਨ ਅਤੇ ਬਜਾਇ ਇਸਦੇ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਸਗੋਂ ਸਿੱਖਾਂ ਨੂੰ ਚੁੱਪ ਕਰਵਾਇਆ ਜਾ ਰਿਹਾ ਹੈ ਤੇ ਪ੍ਰੋ. ਦਵਿੰਦਰ ਸਿੰਘ ਭੁੱਲਰ, ਸਹਿਜ਼ਧਾਰੀ ਸਿੱਖ ਆਦਿ ਵਰਗੇ ਹੋਰ ਮੁੱਦਿਆਂ ਵਿਚ ਉਲਝਾਇਆ ਜਾ ਰਿਹਾ ਹੈ। ਪਤੈ ਨਹੀਂ ਸਾਡੇ ਵਜ਼ੀਰਾਂ, ਮੰਤਰੀਆਂ ਦਾ ਖੂਨ ਸਫੈਦ ਹੋ ਗਿਆ। ਹਾਲਾਂਕਿ ਇਕ ਗੱਲ ਸਭ ਨੂੰ ਪਤੈ ਕਿ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਮਿਲਣਾ ਤਾਂ ਦੂਰ ਦੀ ਗੱਲ ਸਗੋਂ ਉਨ੍ਹਾਂ ਨੂੰ ਬਚਾਉਣ ਲਈ ਵੀ ਸਿੱਖਾਂ ਨਾਲ ਹੁਣ ਆਢ੍ਹਾ ਲਿਆ ਜਾ ਰਿਹਾ ਹੈ। ਸਦਕੇ ਜਾਈਏ ਵਿਦੇਸ਼ੀ ਵਸਦੇ ਸਿੱਖਾਂ (ਐਨ. ਆਰ. ਆਈ.) ਦੇ ਜਿਨ੍ਹਾਂ ਨੇ ਬੇਗਾਨੀ ਧਰਤੀ 'ਤੇ ਹੁੰਦੇ ਹੋਏ ਵੀ ਆਪਣੇ 'ਤੇ, ਆਪਣੀ ਕੌਮ 'ਤੇ ਹੋਏ ਜ਼ੁਲਮ ਦੀ ਯਾਦ ਨੂੰ ਤਾਜ਼ਾ ਕਰ ਰੱਖਿਐ ਤੇ ਇਨਸਾਫ ਲਈ ਹਾਲੇ ਤੱਕ ਯਤਨ ਕਰ ਰਹੇ ਹਨ। ਦੂਜੇ ਪਾਸੇ ਭਾਰਤ ਵਸਦੇ 'ਸਿੱਖ' ਆਪਣਾ ਕਰਤੱਵ ਹੀ ਨਹੀਂ ਭੁੱਲੇ, ਸਗੋਂ ਇਹ ਵੀ ਭੁੱਲ ਗਏ, ਕਿ ਸਿੱਖਾਂ ਨੂੰ ਕਿਸ ਨੇ ਨਿਸ਼ਾਨਾ ਬਣਾਇਆ ਸੀ, ਜਿਸ ਦੀ ਜਿਉਂਦੀ ਜਾਦਗੀ ਮਿਸਾਲ ਉਹ ਮੰਤਰੀ, ਨੇਤਾ ਹਨ, ਜੋ ਦੰਗਿਆਂ ਦੇ ਦੋਸ਼ੀਆਂ ਨਾਲ ਗਲਵੱਕੜੀਆਂ ਪਾਉਂਦੇ ਫਿਰਦੇ ਹਨ। ਇਕ ਆਮ ਕਹਾਵਤ ਹੈ ਕਿ ''ਜਿਸਦੀ ਉਂਗਲੀ ਕੱਟਦੀ ਹੈ, ਦੁਖ ਵੀ ਉਸਨੂੰ ਹੀ ਹੁੰਦੈ''। ਸ਼ਾਇਦ ਇਨ੍ਹਾਂ ਦੰਗਿਆਂ ਵਿਚ ਦੇਸ਼ ਦੇ ਪ੍ਰਧਾਨ ਮੰਤਰੀ, ਕੈਬਨਿਟ ਮੰਤਰੀ, ਹੋਰ ਤਾਂ ਹੋਰ ਸੂਬੇ ਦੇ ਕਿਸੇ ਵੀ ਵਜ਼ੀਰ ਦੀ ਉਂਗਲ ਨੂੰ ਝਰੀਟ ਤੱਕ ਨਹੀਂ ਆਈ, ਇਸ ਲਈ ਉਹ ਇੱਡੇ ਵੱਡੇ ਕਤਲੇਆਮ ਲਈ ਕੋਈ ਸਟੈਂਡ ਨਹੀਂ ਲੈ ਸਕੇ, ਨਹੀਂ ਤਾਂ ਇਸ ਦੁਨੀਆਂ 'ਚ ਹੀ ਇਕ 'ਜ਼ਾਲਮ ਤਾਨਾਸ਼ਾਹ' ਨੂੰ ਮਾਰ ਮੁਕਾਉਣ ਦਾ ਮਾਮਲਾ ਵੀ ਅੰਤਰਰਾਸ਼ਟਰੀ ਅਦਾਲਤ ਕੋਲ ਚਲਾ ਜਾਂਦੈ। ਫਿਰ ਵੀ ਵਿਦੇਸ਼ ਵਸਦੇ ਸਿੱਖ ਇਸ ਇੱਡੇ ਵੱਡੇ ਸਿੱਖ ਕਤਲੇਆਮ ਨੂੰ ਸੰਯੁਕਤ ਰਾਸ਼ਟਰ ਦੀ ਕਚਹਿਰੀ ਵਿਚ ਲਿਜਾਉਣ ਲਈ ਯਤਨਸ਼ੀਲ ਹਨ। ਜੇਕਰ ਦੇਸ਼ ਵਿਚ ਕੋਈ ਪਾਰਟੀ ਇਸ ਕਰਕੇ ਚੁੱਪ ਹੈ ਕਿ ਉਨ੍ਹਾਂ ਦੀ ਲੀਡਰ (ਇੰਦਰਾ ਗਾਂਧੀ) ਨੂੰ ਇਸ ਕੌਮ ਦੇ ਕੁਝ ਬੰਦਿਆਂ ਨੇ ਮਾਰ ਮੁਕਾਇਆ ਸੀ, ਜਿਨ੍ਹਾਂ ਦਾ ਸਾਥ ਦੇਣ ਨਾਲ ਉਨ੍ਹਾਂ ਦਾ ਹਿੰਦੂ ਵੋਟ ਬੈਂਕ ਵਿਗੜ ਸਕਦੈ ਤਾਂ ਇਹ ਅੰਗਰੇਜ਼ਾਂ ਦੀ ਫੁੱਟ ਪਾਓ ਤੇ ਰਾਜ਼ ਕਰੋ ਦੀ ਨੀਤੀ ਤੋਂ ਵੀ ਭੈੜੀ ਨੀਤੀ ਹੈ। ਕਿਉਂਕਿ  ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਲਈ ਸਾਰੀ ਸਿੱਖ ਕੌਮ ਨੂੰ ਸਜ਼ਾ ਦੇਣ ਦੀ ਗੱਲ ਕਿਸੇ ਵੀ ਤਰ੍ਹਾਂ ਗਲੇ ਨਹੀਂ ਉਤਰਦੀ। ਮਹਾਤਮਾ ਗਾਂਧੀ ਦਾ ਹਤਿਆਰਾ ਨੱਥੂ ਰਾਮ ਗੋਡਸੇ ਇਕ ਹਿੰਦੂ ਸੀ। ਰਾਜੀਵ ਗਾਂਧੀ ਦੀ ਹੱਤਿਆ ਤਾਮਿਲ ਮੂਲ ਦੇ ਹਿੰਦੂਆਂ ਵੱਲੋਂ ਕੀਤੀ ਗਈ ਸੀ। ਫਿਰ ਦੇਸ਼ ਅੰਦਰ ਸਿੱਖਾਂ ਨਾਲ ਹੀ ਅਜਿਹਾ ਵਿਤਕਰਾ ਕਿਉਂ?  ਹਾਲਾਂਕਿ ਸਿੱਖਾਂ ਦੇ ਮਨਾਂ ਅੰਦਰ ਇੰਦਰਾ ਗਾਂਧੀ ਵਲੋਂ ਕਰਵਾਏ 'ਸਾਕਾ ਨੀਲਾ ਤਾਰਾ' ਦੀ ਯਾਦ ਤਾਜ਼ਾ ਸੀ।  ਯਾਦ ਰਹੇ ਕਿ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਪੂਰੇ ਦੇਸ਼ ਵਿਚ ਸਿੱਖਾਂ 'ਤੇ ਜੋ ਕਹਿਰ ਵਰਤਾਇਆ ਗਿਆ ਉਹ ਮੰਨੋ ਜ਼ਿੰਦਾ ਸਿੱਖਾਂ (ਇਨਸਾਨਾਂ) ਦਾ ਸਸਕਾਰ ਕਰਨ ਦੇ ਤੁਲ ਸੀ। ਇੰਦਰਾ ਗਾਂਧੀ ਦੀ ਹੱਤਿਆ ਉਨ੍ਹਾਂ ਦੇ ਸਿੱਖ ਬਾਡੀਗਾਰਡਾਂ ਵਲੋਂ ਇਸ ਕਰਕੇ ਕਰ ਦਿੱਤੀ ਗਈ ਸੀ, ਕਿਉਂਕਿ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ 'ਤੇ ਬਲਿਊ ਸਟਾਰ ਓਪਰੇਸ਼ਨ ਕਰਵਾਇਆ ਸੀ, ਜਿਸ ਦੇ ਜ਼ਖਮ ਸਿੱਖਾਂ ਦੇ ਮਨ੍ਹਾਂ ਵਿਚ ਹਰੇ ਸਨ। ਉਨ੍ਹਾਂ ਦੀ ਹੱਤਿਆ ਤੋਂ ਬਾਅਦ ਸਿੱਖਾਂ 'ਤੇ ਜੋ ਕਹਿਰ ਵਰਤਾਇਆ ਗਿਆ, ਉਹ ਸਿਆਸੀ ਆਕਾ ਨੂੰ ਛੱਡ ਕੇ ਹਰ ਇਕ ਸਿੱਖ ਮਹਿਸੂਸ ਹੀ ਨਹੀਂ ਕਰਦਾ ਸਗੋਂ ਇਸ ਸੁਣ ਕੇ ਕੰਬ ਜਾਂਦਾ ਹੈ। ਉਦੋਂ ਦੇ ਝੰਬੇ ਕੁਝ ਸਿੱਖ ਕਿਵੇਂ ਨਾ ਕਿਵੇਂ ਆਪਣਾ ਬਚਿਆ ਖੁਚਿਆ ਪਰਿਵਾਰ ਲੈ ਕੇ ਭਾਵੇਂ ਵਿਦੇਸ਼ ਨਿੱਕਲ ਗਏ ਤੇ ਭਾਰਤ ਵੱਲ ਮੁੜ ਕੇ ਨਹੀਂ ਤੱਕਿਆ ਅਤੇ ਉਹ ਹੁਣ ਵੀ ਦਿੱਲੀ ਆਉਣੋਂ ਘਬਰਾਉਂਦੇ ਨੇ। ਜੇਕਰ ਉਨ੍ਹਾਂ ਨੂੰ ਕੁਝ ਚੇਤੇ ਹੈ ਤਾਂ ਉਸ '84 ਦੇ ਕਹਿਰ ਦਾ ਇਕ ਇਕ ਪਲ ਅਤੇ ਉਸ ਪੱਲ ਲਈ ਜ਼ਿੰਮੇਵਾਰ ਆਗੂ, ਜੋ ਅੱਜ ਵੀ ਆਜ਼ਾਦ ਤੇ ਸਰਕਾਰੀ ਠਾਠਸ਼ਾਹੀ ਵਿਚ ਰਹਿ ਰਹੇ ਹਨ, ਜਿਸ ਨੂੰ ਦੇਖ ਕੇ ਵਿਦੇਸ਼ੀ ਬੈਠੇ ਸਿੱਖਾਂ ਨੂੰ ਹਮੇਸ਼ਾ ਇਹੀ ਲੱਗਦੈ ਕਿ ਜੇਕਰ ਇੰਨਾ ਵੱਡਾ ਮਨੁੱਖਤਾ ਦਾ ਘਾਣ ਕਰਨ ਵਾਲੇ ਜ਼ਾਲਮ 27 ਸਾਲ ਬਾਅਦ ਵੀ ਅੱਜ ਕੁਰਸੀਆਂ ਦੇ ਦਾਅਵੇਦਾਰ ਹੋਈ ਫਿਰਦੇ ਨੇ ਤਾਂ ਸਿੱਖਾਂ ਕਿਸ ਹਾਲ ਵਿਚ ਹੋਣਗੇ ਅਤੇ ਇਨਸਾਫ ਕਿਵੇਂ ਮਿਲੇਗਾ?
ਪਰ ਫਿਰ ਵੀ ਕੁਝ ਸਿੱਖ ਇਨਸਾਫ ਲਈ ਦੇਸ਼ ਦੀ ਕਾਨੂੰਨ ਵਿਵਸਥਾ ਤੇ ਸਰਕਾਰਾਂ ਤੋਂ ਨਾਉਮੀਦੇ ਹੋਏ, ਸ਼ਾਇਦ ਰੱਬ 'ਤੇ ਟੇਕ ਲਾਈ ਬੈਠੇ ਹਨ ਅਤੇ ਇਹੀ ਅਰਦਾਸ ਕਰਦੇ ਹਨ ਕਿ ਮਾਸੂਮਾਂ, ਬਜ਼ੁਰਗਾਂ ਤੇ ਔਰਤਾਂ ਦੇ ਕਾਤਲਾਂ ਨੂੰ ਨਾ ਹੀ ਸੰਯੁਕਤ ਰਾਸ਼ਟਰ, ਨਾ ਹੀ ਸੁਪਰ ਪਾਵਰ ਤੇ ਨਾ ਹੀ ਇਕ ਸਿੱਖ ਪ੍ਰਧਾਨ ਮੰਤਰੀ ਇਨਸਾਫ ਦੇ ਸਕਦੈ, ਇਨ੍ਹਾਂ ਦਾ ਨਿਬੇੜਾ ਰੱਬ ਦੀ ਕਚਹਿਰੀ ਵਿਚ ਹੋਵੇਗਾ।
ਜਤਿਨ ਕੰਬੋਜ