ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਘੁਰਾੜੇ ਮਾਰਨ ਦੀ ਬਿਮਾਰੀ ਮੌਤ ਦਾ ਕਾਰਨ ਬਣ ਸਕਦੀ ਹੈ


ਸਲੀਪ ਐਪਨੀਆ ਕੀ ਹੈ? ਘੁਰਾੜੇ ਮਾਰਦੇ ਹੋਏ ਆਦਮੀ ਨੂੰ ਤੁਸੀਂ ਦੇਖਿਆ ਹੋਵੇਗਾ ਕਿ ਉਹ ਕਈ ਵਾਰ ਘੁਰਾੜੇ ਮਾਰਨੇ ਬੰਦ ਕਰ ਦਿੰਦਾ ਹੈ ਅਤੇ ਫਿਰ ਕੁਝ ਸੈਕਿੰਡਾਂ ਬਾਅਦ ਹਿਲਦਾ ਜਾਂ ਕਰਵਟ ਬਦਲਦਾ ਹੈ ਅਤੇ ਫਿਰ ਘੁਰਾੜੇ ਮਾਰਨ ਲੱਗ ਜਾਂਦਾ ਹੈ। ਇਸ ਸਬੰਧੀ ਡਾ: ਐਚ. ਜੇ. ਸਿੰਘ ਦਾ ਕਹਿਣਾ ਹੈ ਕਿ ਜਦੋਂ ਘੁਰਾੜੇ ਮਾਰਦਾ ਹੋਇਆ ਕੋਈ ਵਿਅਕਤੀ ਸੌਂ ਰਿਹਾ ਹੁੰਦਾ ਹੈ ਤਾਂ ਉਸ ਦੀ ਸਾਹ ਨਲੀ ਦੇ ਆਲੇ-ਦੁਆਲੇ ਦੇ ਸਾਰੇ ਪੱਠੇ ਢਿੱਲੇ ਪਏ ਹੁੰਦੇ ਹਨ ਅਤੇ ਕਈ ਵਾਰ ਇਹ ਐਨੇ ਢਿੱਲੇ ਪੈ ਜਾਂਦੇ ਹਨ ਕਿ ਸਾਹ ਨਲੀ ਨੂੰ ਬੰਦ ਹੀ ਕਰ ਦਿੰਦੇ ਹਨ ਅਤੇ ਹਵਾ ਦੀ ਆਵਾਜਾਈ ਬੰਦ ਹੋਣ ਨਾਲ ਘੁਰਾੜੇ ਰੁਕ ਜਾਂਦੇ ਹਨ ਅਤੇ ਫਿਰ ਦਿਮਾਗ ਤੋਂ ਸੰਦੇਸ਼ਾ ਨਿਕਲਦਾ ਹੈ ਕਿ ਸਾਹ ਬੰਦ ਹੈ, ਸੋ ਸਰੀਰ ਪਾਸਾ ਬਦਲਦਾ ਹੈ ਅਤੇ ਪੱਠੇ ਹਰਕਤ ਵਿਚ ਆ ਜਾਂਦੇ ਹਨ ਅਤੇ ਸਾਹ ਫਿਰ ਚੱਲ ਪੈਂਦਾ ਹੈ ਅਤੇ ਪੱਠਿਆਂ ਦੇ ਨਰਮ ਹੁੰਦਿਆਂ ਫਿਰ ਘੁਰਾੜੇ ਸ਼ੁਰੂ ਹੋ ਜਾਂਦੇ ਹਨ, ਇਸ ਤਰ੍ਹਾਂ ਸਾਰੀ ਰਾਤ ਮਨੁੱਖ ਦਾ ਸਾਹ ਰੁਕਦਾ ਰਹਿੰਦਾ ਹੈ। ਇਸ ਰੁਕਾਵਟ ਨੂੰ ਹੀ 'ਸਲੀਪ ਐਪਨੀਆ' ਜਾਂ (Obstruchive Sleep apneu (oas) ਦਾ ਨਾਂਅ ਦਿੱਤਾ ਗਿਆ ਹੈ। ਸਾਹ ਰੁਕਣ ਵੇਲੇ ਸਾਡੇ ਸਰੀਰ ਅੰਦਰ ਆਕਸੀਜ਼ਨ ਦੀ ਮਾਤਰਾ ਬਹੁਤ ਘਟ ਜਾਂਦੀ ਹੈ ਜੋ ਕਿ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਸ ਬਿਮਾਰੀ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਸਰੀਰ ਵਿਚ ਚਰਬੀ ਦਾ ਜ਼ਿਆਦਾ ਵਧਿਆ ਹੋਣਾ, ਜ਼ਿਆਦਾ ਸ਼ਰਾਬ ਪੀਣਾ, ਨੱਕ ਅਤੇ ਗਲੇ ਦੀ ਕੋਈ ਬਿਮਾਰੀ ਹੋਣਾ ਅਤੇ ਨੀਂਦ ਦੀਆਂ ਗੋਲੀਆਂ ਖਾਣੀਆਂ ਆਦਿ। ਇਹ ਬਿਮਾਰੀ 40 ਸਾਲ ਦੀ ਉਮਰ ਤੋਂ ਵੱਧ ਲੋਕਾਂ ਨੂੰ ਜ਼ਿਆਦਾ ਪੇਸ਼ ਆਉਂਦੀ ਹੈ।
ਬਿਮਾਰੀ ਦੇ ਲੱਛਣ : ਦਿਨ ਵੇਲੇ ਕੰਮ ਕਰਦੇ-ਕਰਦੇ ਸੌਣਾ, ਯਾਦਾਸ਼ਤ ਦਾ ਬਹੁਤ ਘਟ ਜਾਣਾ, ਸਰੀਰ ਵਿਚ ਚੁਸਤੀ-ਫੁਰਤੀ ਨਾ ਰਹਿਣਾ, ਵਾਹਨ ਚਲਾਉਂਦੇ-ਚਲਾਉਂਦੇ ਝੋਕ ਲੱਗਣੀ ਆਦਿ।
ਨੀਂਦ ਸਾਡੇ ਸਰੀਰ ਲਈ ਜ਼ਰੂਰੀ ਕਿਉਂ? : ਹਰ ਆਦਮੀ ਦੇ ਸਰੀਰ ਵਿਚ ਕੰਮ ਕਰਨ ਦੀ ਇਕ ਸ਼ਕਤੀ ਹੁੰਦੀ ਹੈ ਅਤੇ ਇਹ ਸ਼ਕਤੀ ਕੰਮ ਦੇ ਨਾਲ-ਨਾਲ ਘਟਦੀ ਜਾਂਦੀ ਹੈ ਅਤੇ ਆਦਮੀ ਥਕਾਵਟ ਮਹਿਸੂਸ ਕਰਨ ਲੱਗ ਜਾਂਦਾ ਹੈ। ਇਸ ਸ਼ਕਤੀ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਕੁਦਰਤ ਨੇ ਇਕ ਆਸਾਨ ਤਰੀਕਾ ਬਣਾਇਆ ਹੈ, ਉਸ ਦਾ ਨਾਂਅ ਨੀਂਦ ਹੈ। ਸੋ, ਅਸੀਂ ਥਕਾਵਟ ਹੋਣ ਤੋਂ ਬਾਅਦ ਆਮ ਤੌਰ 'ਤੇ ਸੌਂ ਜਾਂਦੇ ਹਾਂ ਅਤੇ ਜਦੋਂ ਉਠਦੇ ਹਾਂ ਤਾਂ ਸਾਡੇ ਸਰੀਰ ਵਿਚ ਮੁੜ ਤੋਂ ਨਵੀਂ ਸ਼ਕਤੀ ਆ ਗਈ ਹੁੰਦੀ ਹੈ ਅਤੇ ਅਸੀਂ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ। ਆਮ ਕੰਮ ਕਰਨ ਵਾਲੇ ਵਿਅਕਤੀ ਨੂੰ ਘੱਟੋ-ਘੱਟ 6 ਘੰਟੇ ਦੀ ਗੂੜ੍ਹੀ ਨੀਂਦ ਬਹੁਤ ਜ਼ਰੂਰੀ ਹੈ, ਉਂਜ ਇਹ ਉਮਰ ਦੇ ਹਿਸਾਬ ਨਾਲ ਵੱਧ ਘੱਟ ਵੀ ਜਾਂਦੀ ਹੈ।
ਰੋਗ ਦਾ ਕਿਵੇਂ ਪਤਾ ਲੱਗੇ? : ਨੀਂਦ ਵਿਚ ਸਾਹ ਬੰਦ ਹੋਣ ਦੀ ਬਿਮਾਰੀ ਦਾ ਲਗਭਗ 18 ਸਾਲ ਪਹਿਲਾਂ ਪਤਾ ਲੱਗਾ ਸੀ ਅਤੇ ਪੱਛਮੀ ਮੁਲਕਾਂ ਵਿਚ ਕਾਫੀ ਖੋਜ ਤੋਂ ਬਾਅਦ ਇਸ ਬਿਮਾਰੀ ਨੂੰ 'ਸਲੀਪ ਐਪਨੀਆ' ਦਾ ਨਾਂਅ ਦਿੱਤਾ ਗਿਆ। ਇਸ ਖਤਰਨਾਕ ਬਿਮਾਰੀ 'ਸਲੀਪ ਐਪਨੀਆ' ਨੂੰ ਪਛਾਣਨ ਲਈ ਇਕ 'ਸਲੀਪ ਲੈਬ' ਨੂੰ ਵਿਕਸਤ ਕੀਤਾ ਗਿਆ ਹੈ। ਇਸ ਵਿਚ ਮਰੀਜ਼ ਨੂੰ ਹਸਪਤਾਲ ਬੁਲਾ ਕੇ ਸੌਣ ਲਈ ਕਿਹਾ ਜਾਂਦਾ ਹੈ। ਸੌਣ ਵੇਲੇ ਉਸ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਦੀ ਜਿਵੇਂ ਕਿ ਬਲੱਡ ਪ੍ਰੈਸ਼ਰ, ਸਾਹ ਵਿਚ ਆਕਸੀਜ਼ਨ, ਘੁਰਾੜੇ ਮਾਰਨ ਦੀ ਆਵਾਜ਼, ਪੱਠਿਆਂ ਦੀ ਹਰਕਤ, ਦਿਲ ਅਤੇ ਹੱਥਾਂ ਪੈਰਾਂ ਦੀ ਹਰਕਤ ਨੂੰ ਇਕ ਵਿਸ਼ੇਸ਼ ਯੰਤਰ ਅਤੇ ਕੰਪਿਊਟਰ ਦੀ ਮਦਦ ਨਾਲ ਰਿਕਾਰਡ ਕੀਤਾ ਜਾਂਦਾ ਹੈ। ਉਸ ਦੇ ਪੂਰੇ ਰਿਕਾਰਡ ਦਾ ਡਾਕਟਰਾਂ ਦੀ ਟੀਮ ਵੱਲੋਂ ਪੂਰਾ ਅਧਿਐਨ ਕੀਤਾ ਜਾਂਦਾ ਹੈ ਅਤੇ ਬਿਮਾਰੀ ਦੇ ਨਤੀਜੇ ਤੱਕ ਪਹੁੰਚਿਆ ਜਾਂਦਾ ਹੈ।
ਇਲਾਜ : ਇਸ ਬਿਮਾਰੀ ਦੇ ਬਚਾਅ ਲਈ ਭਾਵੇਂ ਕਈ ਡਾਕਟਰ ਆਪ੍ਰੇਸ਼ਨ ਕਰਕੇ ਸਾਹ ਨਾਲੀ ਨੂੰ ਖੁੱਲ੍ਹਾ ਰੱਖਣ ਦਾ ਯਤਨ ਕਰਦੇ ਹਨ ਪਰ ਇਹ ਬਹੁਤਾ ਸਫਲ ਨਹੀਂ ਹੈ, ਸਗੋਂ ਕਈ ਪ੍ਰਕਾਰ ਦੀਆਂ ਹੋਰ ਮੁਸ਼ਕਿਲਾਂ ਵੀ ਪੈਦਾ ਕਰ ਦਿੰਦਾ ਹੈ। ਇਸ ਦੇ ਵਧੀਆ ਅਤੇ ਬਿਨਾਂ ਆਪ੍ਰੇਸ਼ਨ ਇਲਾਜ ਲਈ ਇਕ ਅਮਰੀਕੀ ਕੰਪਨੀ ਵੱਲੋਂ ਪੋਰਟੇਬਲ ਮਸ਼ੀਨ ਜਿਸ ਨੂੰ ਸੀ ਪੈਪ (3P1P) (3ontiune Postivie 1irways Pressure) ਦਾ ਨਾਂਅ ਦਿੱਤਾ ਗਿਆ ਹੈ।
     ਸੀਪੈਪ ਕੀ ਹੈ? : ਸੀ ਪੈਪ ਮਸ਼ੀਨ ਇਕ ਵੈਕਸ ਮਸ਼ੀਨ ਦੀ ਤਰ੍ਹਾਂ ਦੀ ਮਸ਼ੀਨ ਹੈ ਜੋ ਬਿਜਲੀ ਅਤੇ ਬੈਟਰੀ ਨਾਲ ਚੱਲ ਸਕਦੀ ਹੈ। ਇਸ ਮਸ਼ੀਨ ਵਿਚ ਇਕ ਪਾਈਪ ਨਿਕਲਦਾ ਹੈ ਅਤੇ ਇਸ ਦੇ ਬਾਹਰਲੇ ਸਿਰੇ 'ਤੇ ਆਕਸੀਜਨ ਲਗਾਉਣ ਦੀ ਤਰ੍ਹਾਂ ਦਾ ਮਾਸਕ ਲੱਗਾ ਹੁੰਦਾ ਹੈ। ਰਾਤ ਨੂੰ ਸੌਣ ਵੇਲੇ ਮਸ਼ੀਨ ਨੂੰ ਚਲਾ ਕੇ ਇਹ ਮਾਸਕ ਆਪਣੇ ਮੂੰਹ 'ਤੇ ਲਗਾਉਣਾ ਹੁੰਦਾ ਹੈ ਅਤੇ ਇਸ ਮਸ਼ੀਨ ਵਿਚੋਂ ਤਾਜ਼ੀ-ਤਾਜ਼ੀ ਹਵਾ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਾਰੀ ਰਾਤ ਸਾਡੇ ਸਰੀਰ ਨੂੰ ਨਿਰੰਤਰ ਸਾਹ ਪ੍ਰਦਾਨ ਕਰਦੀ ਹੈ। ਸਾਹ ਵਿਚ ਰੁਕਾਵਟ ਨਾ ਆਉਣ ਕਰਕੇ ਅਸੀਂ ਨੀਂਦ ਦੀ ਦੂਜੀ ਅਵਸਥਾ ਵਿਚ ਪਹੁੰਚ ਜਾਂਦੇ ਹਾਂ ਅਤੇ ਸਾਡੀਆਂ ਮਾਸ-ਪੇਸ਼ੀਆਂ ਆਰਾਮ ਮਹਿਸੂਸ ਕਰਦੀਆਂ ਹਨ। ਸਾਡੇ ਸਰੀਰ ਵਿਚ ਦੁਬਾਰਾ ਤੋਂ ਸ਼ਕਤੀ (5nergy) ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਵੇਰੇ ਉਠਦਿਆਂ ਹੀ ਸਾਡੇ ਸਰੀਰ ਵਿਚ ਚੁਸਤੀ-ਫੁਰਤੀ ਕਾਇਮ ਹੋ ਜਾਂਦੀ ਹੈ। ਡਾ: ਐਚ. ਜੇ. ਸਿੰਘ ਅਨੁਸਾਰ ਇਹ ਬਿਮਾਰੀ ਬਹੁਤ ਹੀ ਭਿਆਨਕ ਬਿਮਾਰੀ ਹੈ। ਇਸ ਬਿਮਾਰੀ ਸਦਕਾ ਕਈ ਮਰੀਜ਼ ਰਾਤ ਨੂੰ ਸੁੱਤੇ ਪਏ ਹੀ ਰਹਿ ਜਾਂਦੇ ਹਨ, ਬਹੁਤ ਮਰੀਜ਼ ਐਕਸੀਡੈਂਟ ਕਰਕੇ ਆਪ ਤਾਂ ਮਰਦੇ ਹੀ ਹਨ, ਦੂਜਿਆਂ ਲਈ ਵੀ ਮੌਤ ਦਾ ਕਾਰਨ ਬਣਦੇ ਹਨ।
ਡਾ. ਐਚ. ਜੇ. ਸਿੰਘ