ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਡਵਾਨੀ ਦੀ ਪੰਜਾਬ ਯਾਤਰਾ ਅਤੇ ਸਿੱਖ ਆਗੂ


ਜਦੋਂ ਕੇਂਦਰੀ ਭਾਜਪਾ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਪੰਜਾਬ 'ਚ ਦਾਖਲ ਹੋਈ ਰਥ ਯਾਤਰਾ ਦਾ ਹਰ ਪਾਸੇ ਵਿਰੋਧ ਹੋ ਰਿਹਾ ਸੀ ਤਾਂ ਉਸੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜੱਦੀ ਹਲਕੇ ਲੰਮੀ ਵਿਚ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਅਡਵਾਨੀ ਦੀ ਰਥ ਯਾਤਰਾ ਨੂੰ ਪੂਰਨ ਹਮਾਇਤ ਹੈ। ਸ੍ਰ. ਬਾਦਲ ਦੇ ਇਸ ਬਿਆਨ ਨਾਲ ਭਾਰਤ ਦੀਆਂ ਉਹਨਾਂ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ ਤਕਲੀਫ਼ ਹੋਈ ਹੈ ਜੋ ਭਾਜਪਾ ਦੇ ਇਸ ਆਗੂ ਨੂੰ ਆਪਣੀ ਕੌਮ ਲਈ ਖਤਰਾ ਮੰਨਦੀਆਂ ਹਨ। ਜਿਥੇ ਸਿੱਖਾਂ ਦਾ ਮੰਨਣਾ ਹੈ ਕਿ ਇਸ ਰਾਜਨੀਤਕ ਆਗੂ ਨੇ ਸੰਨ 2000 ਵਿਚ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਸਮੇਂ ਜੰਮੂ ਕਸ਼ਮੀਰ ਵਿਚ 43 ਸਿੱਖਾਂ ਨੂੰ ਸਿਰਫ਼ ਇਸ ਕਰਕੇ ਕਤਲ ਕਰਵਾਇਆ ਸੀ ਕਿ ਉਹ ਦੁਨੀਆਂ ਦੀ ਵੱਡੀ ਤਾਕਤ ਅਮਰੀਕਾ ਅੱਗੇ ਮੁਸਲਮਾਨਾਂ ਨੂੰ ਬਦਨਾਮ ਕਰ ਸਕਣ ਉਥੇ ਮੁਸਲਮਾਨਾਂ ਵਿਚ ਵੀ ਉਹ ਧਾਰਨਾ ਹੈ ਕਿ 1992 ਵਿਚ ਬਾਬਰੀ ਮਸਜਿਦ ਨੂੰ ਢਾਹੁਣ ਅਤੇ ਮੁਸਲਮਾਨਾਂ ਦੇ ਗੁਜਰਾਤ ਵਿਚ ਹੋਏ ਸਮੂਹਿਕ ਕਤਲੇਆਮ ਲਈ ਨਰਿੰਦਰ ਮੋਦੀ ਪਿੱਛੇ ਸ੍ਰੀ ਅਡਵਾਨੀ ਦਾ ਹੱਥ ਸੀ। ਇਸੇ ਤਰ੍ਹਾਂ ਭਾਰਤ ਦਾ ਇਸਾਈ ਭਾਈਚਾਰਾ ਮੰਨਦਾ ਹੈ ਕਿ 2008 ਵਿਚ ਉੜੀਸਾ, ਕੇਰਲਾ, ਕਰਨਾਟਕ ਵਿਚ ਉਹਨਾਂ ਦੀ ਕੌਮ ਖਿਲਾਫ਼ ਹੋਏ ਕਤਲੇਆਮ ਪਿੱਛੇ ਸ੍ਰੀ ਅਡਵਾਨੀ ਸਮੇਤ, ਹੋਰ ਕੱਟੜ ਪੰਥੀਆਂ ਦਾ ਹੱਥ ਸੀ। ਸਿੱਖਾਂ ਖਿਲਾਫ਼ ਸ੍ਰੀ ਅਡਵਾਨੀ ਦੀ ਅੰਦਰੂਨੀ ਭਾਵਨਾ ਸਬੂਤ ਵਜੋਂ ਉਸ ਸਮੇਂ ਸਾਫ਼ ਹੋ ਗਈ ਸੀ ਜਦੋਂ ਉਸਨੇ ਆਪਣੀ ਸਵੈ-ਜੀਵਨੀ ਵਿਚ ਲਿਖਤੀ ਰੂਪ ਵਿਚ ਇਕਬਾਲ ਕਰ ਲਿਆ ਕਿ 1984 ਦੇ ਸ੍ਰੀ ਦਰਬਾਰ ਸਾਹਿਬ ਹਮਲੇ ਵਿਚ ਇੰਦਰਾ ਗਾਂਧੀ ਨੂੰ ਪ੍ਰੇਰਿਤ ਕਰਨ ਵਿਚ ਉਸ ਨੇ ਆਪਣਾ ਰੋਲ ਵੀ ਨਿਭਾਇਆ ਸੀ। ਇਸ ਭਾਜਪਾਈ ਆਗੂ ਦੇ ਮਨ ਅੰਦਰਲਾ ਸਿੱਖ ਵਿਰੋਧੀ ਸੱਚ ਉਸ ਦੀ ਦਰਬਾਰ ਸਾਹਿਬ ਫੇਰੀ ਸਮੇਂ ਵੀ ਸਾਹਮਣੇ ਆ ਗਿਆ ਜਦੋਂ ਉਸ ਨੇ ਸਿੱਖਾਂ ਦੇ ਪ੍ਰਮੁੱਖ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਦੀ ਥਾਂ ਸਿਰਫ਼ 'ਸਿਆਸੀ ਰਸਮ' ਵਜੋਂ ਪੰਜ ਸੌ ਦਾ ਨੋਟ ਦੂਰੋ ਹੀ ਵਗਾਹ ਕੇ ਸੁੱਟ ਦਿੱਤਾ ਜਿਥੇ ਉਸ ਨੂੰ ਸਿਰੋਪਾ ਦੇਣ ਵਾਲੇ ਇਕ ਗ੍ਰੰਥੀ ਸਿੰਘ ਨੇ ਵੀ ਬੁਰਾ ਮਨਾ ਕੇ ਇਸ ਘਿਨਾਉਣੀ ਕਾਰਵਾਈ 'ਤੇ ਇਤਰਾਜ ਪ੍ਰਗਟ ਕੀਤਾ ਹੈ।
ਇਸ ਗੱਲ ਤੋਂ ਸਾਰੇ ਭਲੀ ਭਾਂਤ ਜਾਣੂ ਹਨ ਕਿ ਅਡਵਾਨੀ ਦੀ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਤ ਦਰਸ਼ਨ ਲਈ ਨਹੀਂ ਸਗੋਂ ਇਸ ਦਾ ਅਸਲੀ ਮਕਸ਼ਦ ਰਾਜਸੀ ਤੌਰ-ਤਰੀਕੇ ਵਜੋਂ ਜ਼ਿਆਦਾ ਸੀ ਇਸੇ ਕਰਕੇ ਸਿੱਖਾਂ ਵੱਲੋਂ ਉਹਨਾਂ ਦੀ ਅੰਮ੍ਰਿਤਸਰ ਫੇਰੀ ਸਮੇਂ ਦਰਬਾਰ ਸਾਹਿਬ ਤੋਂ ਸਿਰੋਪਾ ਨਾ ਦਿੱਤੇ ਜਾਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਜਾ ਰਿਹਾ ਸੀ। ਪਰ ਇਹਨਾਂ ਸੰਸਥਾਵਾਂ ਵੱਲੋਂ ਆਪਣੀ ਕੌਮ ਦੇ ਸਿੱਖਾਂ ਸਮੇਤ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਨੂੰ ਨਜ਼ਰਅੰਦਾਜ਼ ਕਰਕੇ ਦਰਬਾਰ ਸਾਹਿਬ ਸਮੂਹ ਵਿਚ ਬਣੇ ਸੂਚਨਾ ਕੇਂਦਰ ਵਿਚ ਸਾਰੇ ਗੇਟ ਬੰਦ ਕਰਕੇ ਆਖੀਰ ਸਿਰੋਪਾ ਭੇਟ ਕਰ ਦਿੱਤਾ ਗਿਆ।
ਸਿੱਖ ਵਿਦਵਾਨ ਹਮੇਸ਼ਾ ਇਹ ਕਹਿੰਦੇ ਆਏ ਹਨ ਕਿ ਸਿੱਖ ਧਰਮ ਵਿਚ ਸਿਰੋਪੇ ਦੀ ਮਹਾਨਤਾ ਨੂੰ ਸਮਝਿਆਂ ਹਰ ਜਣੇ-ਖਣੇ ਨੂੰ ਇਸ ਦੀ ਬਖਸ਼ਿਸ਼ ਨਹੀਂ ਹੋ ਸਕਦੀ ਪਰ ਜਿਸ ਤਰ੍ਹਾਂ ਰਾਜਸੀ ਨੇਤਾਵਾਂ ਨੇ ਕੌਮ ਦੀਆਂ ਹੋਰਨਾਂ ਪ੍ਰੰਪਰਾਵਾਂ ਦਾ ਸਿਆਸੀਕਰਨ ਕਰ ਦਿੱਤਾ ਹੈ ਉਸੇ ਤਰ੍ਹਾਂ ਹੀ ਸਿਰੋਪੇ ਦਾ ਸਿਆਸੀਕਰਨ ਹੋ ਜਾਣ ਤੋਂ ਬਾਅਦ ਹੁਣ ਇਸ ਦੀ ਵਰਤੋਂ ਇੰਨੀ ਆਮ ਹੋ ਗਈ ਹੈ ਕਿ ਹਰ ਘੋਨੇ-ਮੋਨੇ ਨੂੰ ਮਰਿਯਾਦਾ ਦੇ ਉਲਟ ਵੀ ਸਿਰੋਪਾ ਦਿੱਤਾ ਜਾਣ ਲੱਗ ਪਿਆ ਹੈ। ਗੁਰੂ ਘਰਾਂ ਤੋਂ ਬਾਹਰ ਹੋਈ ਇਸ ਪ੍ਰੰਪਰਾ ਦੀ ਦੁਰਵਰਤੋਂ ਤੋਂ ਸ਼ੁਰੂ ਹੋ ਕੇ ਪਹਿਲਾਂ ਆਮ ਗੁਰਦੁਆਰਾ ਸਾਹਿਬਾਨਾਂ ਅਤੇ ਹੁਣ ਸਿੱਖਾਂ ਦੇ ਪ੍ਰਮੁੱਖ ਧਾਰਮਿਕ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਵੀ ਇਹ ਨਿਘਾਰ ਸ਼ੁਰੂ ਹੋ ਗਿਆ ਹੈ। ਜਿਸ ਸਿਰੋਪਾ ਬਾਰੇ ਮਰਿਯਾਦਾ ਹੈ ਕਿ ਇਸ ਦੀ ਬਖਸ਼ਿਸ਼ ਸਿਰਫ਼ ਉਸ ਸ਼ਖਸ ਨੂੰ ਹੀ ਹੋ ਸਕਦੀ ਹੈ ਜਿਸ ਨੇ ਸਿੱਖ ਕੌਮ ਲਈ ਕੋਈ ਕੁਰਬਾਨੀ ਭਰਿਆ ਕਾਰਨਾਮਾ ਕੀਤਾ ਹੋਵੇ, ਕੌਮ ਲਈ ਕੋਈ ਨਵੀਂ ਸੇਧ ਦਿੱਤੀ ਹੋਵੇ ਜਾਂ ਫਿਰ ਕੋਈ ਅਜਿਹਾ ਮਹਾਨ ਕੰਮ ਕੀਤਾ ਹੋਵੇ ਜੋ ਚੋਣੀਂਦਾ ਹਿੰਮਤ ਵਾਲੇ ਹੀ ਕਰ ਸਕਦੇ ਹਨ। ਸਿੱਖਾਂ ਤੋਂ ਬਾਹਰ ਗੈਰਸਿੱਖ ਸ਼ਖਸੀਅਤਾਂ ਵਿਚ ਸਿਰੋਪੇ ਦੀ ਬਖਸ਼ਿਸ਼ ਉਸ ਵਿਅਕਤੀ ਲਈ ਹੋ ਸਕਦੀ ਹੈ ਜਿਸ ਨੇ ਸਮਾਜ ਦੀ ਭਲਾਈ ਲਈ ਆਪਣਾ ਵੱਡਮੁਲਾ ਯੋਗਦਾਨ ਪਾਇਆ ਹੋਵੇ। ਕੇਂਦਰੀ ਭਾਜਪਾ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਇਹਨਾਂ ਸ਼ਰਤਾਂ ਵਿਚੋਂ ਕਿਸੇ ਵੀ ਤਰ੍ਹਾਂ ਸਿਰੋਪਾ ਦੇਣ ਦਾ ਅਧਿਕਾਰੀ ਨਹੀਂ ਸੀ ਸਗੋਂ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਨੂੰ ਖਤਮ ਕਰਨ ਦੀ ਸ਼ੱਕੀ ਮਨਸਾ ਅਤੇ ਸਿੱਖ ਕੌਮ ਦੇ ਸਰਬੋਤਮ ਸਥਾਨ 'ਤੇ ਮਨੁੱਖਤਾ ਦਾ ਘਾਣ ਕਰਨ ਲਈ ਦੋਸ਼ੀ ਵਜੋਂ ਉਹ ਪੰਜਾਬ ਵਿਚੋਂ ਦੁਰਕਾਰੇ ਜਾਣ ਦਾ ਹੱਕਦਾਰ ਸੀ। ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਵੀ ਉਸ ਨੂੰ ਕਿਸੇ ਵੀ ਅਧਾਰ 'ਤੇ ਸਿਰੋਪਾ ਨਹੀਂ ਸੀ ਦਿੱਤਾ ਜਾਣਾ ਚਾਹੀਦਾ। ਸ੍ਰੀ ਅਡਵਾਨੀ ਨੂੰ ਸਿਰੋਪਾ ਦਿੱਤੇ ਜਾਣ ਦੀ ਘਟਨਾ ਨੂੰ 1919 ਵਿਚ ਜਲ੍ਹਿਆਂਵਾਲੇ ਬਾਗ ਦੇ ਦੋਸ਼ੀ ਜਰਨਲ ਡਾਇਰ ਨੂੰ ਸਿਰੋਪੇ ਦਿੱਤੇ ਜਾਣ ਵਰਗੀ ਘਟਨਾ ਵਰਗਾ ਹੀ ਦੇਖਿਆ ਜਾਣਾ ਚਾਹੀਦਾ ਹੈ। ਇਸ ਘਟਨਾ ਤੋਂ ਸਿੱਖਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਫਿਰ ਗੁਰੂ ਘਰਾਂ ਨੂੰ ਨਵੇਂ ਮਹੰਤਾਂ ਤੋਂ ਅਜ਼ਾਦ ਕਰਵਾਉਣ ਲਈ ਮੌਕਾ ਆ ਗਿਆ ਹੈ ਜਿਹੜੇ ਮਹੰਤ ਪੁਜਾਰੀ ਵਰਗ ਨਾਲ ਰਲ ਕੇ ਸਿੱਖਾਂ ਦੀਆਂ ਮੂਲ ਪ੍ਰੰਪਰਾਵਾਂ ਦਾ ਘਾਣ ਕਰ ਰਹੇ ਹਨ। ਹੁਣ ਸਿੱਖਾਂ ਨੂੰ ਨਵੀਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਸਮੇਂ ਇਹ ਗੱਲ ਵੀ ਧਿਆਨ ਵਿਚ ਰੱਖਣੀ ਜ਼ਰੂਰੀ ਹੋ ਗਈ ਹੈ ਕਿ ਹੁਣ ਅੰਗਰੇਜ਼ਾਂ ਦੀ ਥਾਂ 'ਦੇਸ਼ੀ ਅੰਗਰੇਜ਼' ਪੁਜਾਰੀਆਂ ਅਤੇ ਨਵੇਂ ਮਹੰਤਾਂ ਦੀ ਪਿੱਠ 'ਤੇ ਖੜ੍ਹੇ ਹਨ ਜੋ ਸਿੱਖਾਂ ਦੇ ਦੋਸ਼ੀ ਅਡਵਾਨੀ ਵਰਗੇ ਲੋਕਾਂ ਦੀ ਪੂਰੀ ਸੁਰੱਖਿਆ ਲਈ ਅਤੇ ਹਮਾਇਤ ਲਈ ਹਰ ਸਮੇਂ ਤੱਤਪਰ ਹਨ। ਨਵੀਂ ਸਿੱਖ-ਜਾਗਰਤੀ ਸ਼ੁਰੂ ਕਰਨ ਤੋਂ ਪਹਿਲਾਂ 'ਚੋਰ ਨਹੀਂ ਪਹਿਲਾਂ ਚੋਰ ਦੀ ਮਾਂ ਨੂੰ ਮਾਰਨਾ' ਜ਼ਰੂਰੀ ਹੋ ਗਿਆ ਹੈ ਜਿਹੜੀ ਹਰ ਸਮੇਂ ਨਵੇਂ ਚੋਰਾਂ ਨੂੰ ਜਨਮ ਦੇ ਰਹੀ ਹੈ। ਸਾਰੇ ਸਿੱਖਾਂ ਅਤੇ ਆਗੂਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਨਿੱਜੀ-ਮੁਫਾਦ ਅਤੇ ਰਾਜਨੀਤਕ ਸਰੋਕਾਰਾਂ ਨੂੰ ਛੱਡ ਕੇ ਜਿੰਨਾ ਛੇਤੀ ਹੋ ਸਕੇ ਸਿੱਖ ਸੁਧਾਰ ਲਹਿਰ ਸ਼ੁਰੂ ਕਰਨ ਨੂੰ ਤਰਜੀਹ ਦੇਣ ਕਿਉਂਕਿ ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ। ਸਿੱਖ ਵਿਰੋਧੀ ਤਾਕਤਾਂ ਹੋਰ ਮਜ਼ਬੂਤ ਹੋ ਰਹੀਆਂ ਹਨ।