ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ਼੍ਰੋਮਣੀ ਅਕਾਲੀ ਦਲ ਕਿਧਰ ਨੂੰ?


ਆਪਣੇ ਹੱਡ-ਗੋਡੇ ਤੁੜਵਾ ਕੇ ਅਤੇ ਅਨੇਕਾਂ ਕੁਰਬਾਨੀਆਂ ਦੇਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਥਾਪਕਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇਕ ਦਿਨ ਅਜਿਹਾ ਵੀ ਆਵੇਗਾ ਜਦੋਂ ਸਿੱਖਾਂ ਦੀ ਇਹ ਸਿਆਸੀ ਪਾਰਟੀ ਸਿਰਫ਼ ਇਕ ਪਰਿਵਾਰ ਦੇ ਹੱਥ ਵਿਚ ਆ ਜਾਣ ਤੋਂ ਬਾਅਦ ਸਿੱਖ ਸਿਧਾਂਤਾਂ ਦੀ ਅਣਦੇਖੀ ਕਰਕੇ ਅਜਿਹੇ ਕਰਮ ਕਰਨ ਲੱਗ ਜਾਵੇਗੀ ਜਿਸ ਦਾ ਸਿੱਖ ਧਰਮ ਵਿਚ ਪੂਰਨ ਰੂਪ ਵਿਚ ਖੰਡਨ ਕੀਤਾ ਗਿਆ ਹੈ। ਇਸ ਤੋਂ ਅੱਗੇ ਇਸ ਪਾਰਟੀ ਦੇ ਆਗੂਆਂ ਵੱਲੋਂ ਆਪਣੇ ਭਾਈਚਾਰੇ ਦੇ ਸਿਧਾਂਤਕ ਵਿਰੋਧੀਆਂ ਨੂੰ ਸਿੱਖਾਂ ਦੇ ਸਿਰ 'ਤੇ ਬਿਠਾ ਕੇ ਕਲੋਲਾਂ ਕਰਨ ਲਗਾ ਦਿੱਤਾ ਜਾਵੇਗਾ? ਕੀ ਇਹ ਉਹ ਹੀ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਦੀ ਸਥਾਪਨਾ ਲਈ ਕਿਸੇ ਇਕ ਪਰਿਵਾਰ ਨੇ ਨਹੀਂ ਸਗੋਂ ਸਮੁੱਚੇ ਸਿੱਖ ਜਗਤ ਦੇ ਅਨੇਕਾਂ ਸਿੱਖਾਂ ਨੇ ਆਪਣੀਆਂ ਜ਼ਿੰਦਗੀਆਂ ਦਾ ਬਹੁਮੁੱਲਾ ਸਮਾਂ ਜੇਲ੍ਹਾਂ ਵਿਚ ਲੰਘਾ ਦਿੱਤਾ ਤਾਂ ਕਿ ਉਹ ਇਕ ਅਜਿਹੀ ਸਿਆਸੀ ਤਾਕਤ ਵਾਲੀ ਪਾਰਟੀ ਦਾ ਵਜੂਦ ਕਾਇਮ ਕਰ ਸਕਣ ਜੋ 'ਆਪਣੀ ਕੌਮ ਦੀਆਂ' ਰਾਜਸੀ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਦਾ ਤਤਪਰ ਰਹੇ। ਸਾਡੇ ਸਿੱਖ ਪੁਰਖਿਆਂ ਦਾ ਇਹ ਸੁਪਨਾ ਇਸ ਸਮੇਂ ਖਤਮ ਹੀ ਨਈਂ ਹੋਇਆ ਸਗੋਂ ਇਸ ਕੁਰਬਾਨੀਆਂ ਤੋਂ ਬਾਅਦ ਕੌਮ ਦੇ ਵਿਹੜੇ ਵਿਚ ਕੰਡਿਆਲੀ ਥੋਹਰ ਰੂਪੀ ਨਦੀਨ ਉਗ ਪਿਆ ਹੈ। ਜੋ ਕੌਮੀ ਫਸਲ ਉਜਾੜਨ ਤੋਂ ਬਾਅਦ ਆਪਣੇ ਅਜਿਹੇ ਬੀਜ਼ ਵਿਖੇਰਨ ਲੱਗ ਪਿਆ ਹੈ ਜੋ ਕੌਮ ਦੇ ਕਿਰਤੀਆਂ ਲਈ ਘਾਤਕ ਸਿੱਧ ਹੋਣਗੇ।
ਬਾਦਲ ਪਰਿਵਾਰ ਵੱਲੋਂ ਸਿੱਖ ਕੌਮ ਦੀ ਰਾਜਸੀ ਪਾਰਟੀ ਨੂੰ ਆਪਣੇ ਕਬਜ਼ੇ 'ਚ ਕਰਨ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਉਸ ਨਾਲ ਚੇਤਨ ਸਿੱਖਾਂ ਵਿਚ ਇਸ ਪਰਿਵਾਰ ਪ੍ਰਤੀ ਗੁੱਸਾ ਫੈਲ ਰਿਹਾ ਹੈ। ਇਸ ਸਮੇਂ ਇਸ ਪਾਰਟੀ ਵੱਲੋਂ ਪੰਜਾਬ 'ਚ ਚੱਲ ਰਹੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਸਮੇਂ ਅਕਾਲੀ ਦਲ ਦੀ ਪ੍ਰੰਪਰਾ ਕੀਰਤਨ, ਢਾਡੀ ਜਾਂ ਕਵੀਸ਼ਰਾਂ ਦੀ ਥਾਂ ਅਧਨੰਗੀਆਂ ਡਾਂਸਰਾਂ ਨਚਾ ਕੇ ਸਭ ਹੱਦ ਬੰਨੇ ਖਤਮ ਕਰ ਦਿੱਤੇ। ਸ਼੍ਰੋਮਣੀ ਅਕਾਲੀ ਦਲ ਜਿਸ ਦਾ ਮਕਸਦ ਵਾਹਿਗੁਰੂ ਦੀ ਰਜ਼ਾ ਵਿਚ ਰਹਿ ਕੇ ਕੌਮ ਦੀ ਚੜ੍ਹਦੀ ਕਲਾ ਲਈ ਹਰ ਸਮੇਂ ਸੋਚਣਾ ਅਤੇ ਸਮਾਜ ਦਾ  ਭਲਾ ਕਰਨਾ ਹੈ। ਹੁਣ ਜੇ ਆਪਣੀਆਂ ਸਟੇਜਾਂ 'ਤੇ ਦੁਨੀਆਂ ਦੇ 'ਰੰਗ-ਤਮਾਸ਼ੇ' ਦੇਖਣਾ ਹੀ ਕੰਮ ਰਹਿ ਗਿਆ ਹੈ ਤਾਂ ਸਾਨੂੰ ਇਸ ਪਾਰਟੀ ਦੇ ਪ੍ਰਬੰਧਕਾਂ ਦਾ ਅੰਦਰਲਾ ਮਨ ਬੁੱਝ ਲੈਣਾ ਜ਼ਰੂਰੀ ਹੈ। ਇਸੇ ਪਾਰਟੀ ਵੱਲੋਂ ਇਸ ਤੋਂ ਪਹਿਲਾਂ ਸਿੱਖ ਕੌਮ ਦੀ ਇੱਜ਼ਤ ਦਾ ਮਾਮਲਾ ਬਣੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਕੇਸ ਵਿਚ ਵੀ ਸਾਰੇ ਸਿੱਖਾਂ ਦੇ ਮਨੋਭਾਵਾਂ ਨੂੰ ਦਰਕਿਨਾਰ ਕਰਕੇ ਪਿਛਲੇ ਵਿਧਾਨ ਸਭਾ ਸੈਸ਼ਨ ਵਿਚਉਸ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ਼ ਮਤਾ ਨਹੀਂ ਲਿਆ ਸਕਿਆ। ਇਸ ਪਾਰਟੀ ਦੇ 'ਘੜੇ ਦੀ ਮੱਛੀ' ਬਣੀ ਸ਼੍ਰੋਮਣੀ ਕਮੇਟੀ ਵਿਚ ਹਰ ਰੋਜ਼ ਘਪਲੇ ਅਤੇ ਘਾਟੇ ਦੀਆਂ ਖ਼ਬਰਾਂ ਚਰਚਾ ਵਿਚ ਆ ਰਹੀਆਂ ਹਨ। ਇਹਨਾਂ ਹੀ ਦਿਨਾਂ ਵਿਚ ਯੋਗ ਮੱਤ ਦਾ ਹਿੰਦੂ ਯੋਗੀ ਬਾਬਾ ਰਾਮਦੇਵ ਵੀ ਮੋਗਾ ਵਿਚ ਅਕਾਲੀ ਸਰਕਾਰ ਨੇ ਆਪਣੀ ਸਟੇਜ਼ ਦਾ ਮੁੱਖ ਮਹਿਮਾਨ ਬਣਾਇਆ ਹੈ। ਇਸ ਬਾਬੇ ਬਾਰੇ ਚਰਚਾ ਚੱਲ ਰਹੀ ਹੈ ਕਿ ਇਸ ਨੇ ਸੱਪ ਤੋਂ ਪਹਿਲਾਂ ਸਰਦਾਰ ਨੂੰ ਮਾਰਨ ਲਈ ਆਪਣੇ ਸੇਵਕਾਂ ਨੂੰ ਆਦੇਸ਼ ਕੀਤੇ ਸਨ। ਉਂਝ ਵੀ ਯੋਗਾ ਜਿਹੇ ਕਿਰਿਆ ਕਰਮਾਂ ਨੂੰ ਗੁਰੂ ਨਾਨਕ ਦਾ ਸਿਧਾਂਤ ਰੱਦ ਹੀ ਕਰਦਾ ਹੈ। ਸਿੱਖਾਂ ਵਿਚ ਸਹਿਜਧਾਰੀ ਵੋਟਰਾਂ ਦੇ ਨਾਮ ਹੇਠ ਗੁਰਦੁਆਰਾ ਪ੍ਰਬੰਧ ਵਿਚ ਦਖਲ ਕਰਨ ਲਈ ਤਰਲੋਮੱਛੀ ਹੋ ਰਹੇ ਪਰਮਜੀਤ ਸਿੰਘ ਰਾਣੂ ਵੀ ਇਸ ਸਮੇਂ ਬਾਬਾ ਰਾਮਦੇਵ ਨਾਲ ਸਟੇਜ਼ਾਂ ਸਾਂਝੀਆਂ ਕਰ ਰਹੇ ਹਨ। ਫਿਰ ਕੀ ਮਜ਼ਬੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਾਬਾ ਰਾਮਦੇਵ ਨੂੰ ਪੰਜਾਬ ਵਿਚ ਪ੍ਰਚੱਲਤ ਕਰਨ ਲਈ ਮਾਹੌਲ ਬਣਾ ਕੇ ਦਿੱਤਾ ਹੈ? ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਲਾਲ ਕ੍ਰਿਸ਼ਨ ਅਡਵਾਨੀ ਕੁਝ ਦਿਨਾਂ ਤੱਕ ਆਪਣੀ ਫਿਰਕੂ ਰੱਥ ਯਾਤਰਾ ਲੈ ਕੇ ਪੰਜਾਬ ਵਿਚ ਦਾਖਲ ਹੋ ਰਹੇ ਹਨ ਜਿਸ ਦੇ ਥਾਂ-ਥਾਂ ਸਵਾਗਤ ਕਰਨ ਦਾ ਪ੍ਰਬੰਧ ਅਕਾਲੀ ਦਲ ਨੇ ਪਹਿਲਾਂ ਹੀ ਕਰ ਦਿੱਤਾ ਹੋਇਆ ਹੈ। ਇਹ ਉਹ ਅਡਵਾਨੀ ਹਨ ਜੋ ਆਪਣੀ ਸਵੈ ਜੀਵਨੀ ਵਿਚ ਲਿਖਤੀ ਤੌਰ 'ਤੇ ਇਕਬਾਲ ਕਰ ਚੁੱਕੇ ਹਨ ਕਿ ਦਰਬਾਰ ਸਾਹਿਬ 'ਤੇ ਹਮਲੇ ਲਈ ਇੰਦਰਾ ਗਾਂਧੀ ਨੂੰ 1984 ਵਿਚ ਉਸ ਦੀ ਪਾਰਟੀ ਨੇ ਦਬਾਅ ਪਾਇਆ ਸੀ ਜਿਸ ਵਿਚ ਉਹ ਖੁਦ ਸ਼ਾਮਲ ਸਨ। ਜੋ ਵਿਅਕਤੀ ਸਿੱਖਾਂ ਦੇ ਮੁੱਖ ਧਾਰਮਿਕ ਸਥਾਨ 'ਤੇ ਹਮਲੇ ਲਈ ਜ਼ਿੰਮੇਵਾਰ ਹੋਵੇ ਉਸ ਦਾ ਅਕਾਲੀ ਪਾਰਟੀ ਵੱਲੋਂ ਸਵਾਗਤ ਕੀਤਾ ਜਾਣਾ ਕੀ ਸਿੱਧ ਕਰਦਾ ਹੈ? ਹੁਣੇ ਲੰਘੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਇਸ ਅਕਾਲੀ ਦਲ ਵੱਲੋਂ ਕਥਿਤ ਸੰਤ ਸਮਾਜ ਨੂੰ ਗੁਰਦੁਆਰਾ ਪ੍ਰਬੰਧ ਵਿਚ ਦਾਖਲ ਕਰਵਾ ਦਿੱਤਾ ਹੈ ਜਿਹੜਾ ਨਾ ਹੀ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਨੂੰ ਮੰਨਦਾ ਹੈ ਅਤੇ ਨਾ ਹੀ ਗੁਰੂ ਦੇ ਮੂਲ ਸਿਧਾਂਤ ਨੂੰ ਪੂਰੀ ਤਰ੍ਹਾਂ ਮੰਨਣ ਦਾ ਪਾਬੰਦ ਹੈ। ਸਗੋਂ ਇਸੇ ਸੰਤ ਸਮਾਜ ਨੇ ਸਿੱਖ ਕੈਲੰਡਰ ''ਨਾਨਕਸ਼ਾਹੀ ਕੈਲੰਡਰ'' ਨੂੰ ਰੱਦ ਕਰਵਾਉਣ ਤੱਕ ਸ਼ਾਹ ਹੀ ਨਹੀਂ ਸੀ ਲਿਆ। ਇਹਨਾਂ ਦੇ ਡੇਰਿਆਂ ਵਿਚ ਗੁਰੂ ਸਿਧਾਂਤ ਦੇ ਉਲਟ ਕੀਤੇ ਜਾਂਦੇ ਕਰਮਾਂ ਤੋਂ ਵੀ ਸ਼੍ਰੋਮਣੀ ਅਕਾਲੀ ਦਲ ਅਣਜਾਣ ਨਹੀਂ ਹੈ। ਪਿਛਲੇ ਦੋ ਮਹੀਨਿਆਂ ਤੋਂ ਦਲ ਦੇ ਪ੍ਰਮੁੱਖ ਸ੍ਰ. ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਸਾਰੇ ਵੱਡੇ ਡੇਰਿਆਂ 'ਚ ਜਾ ਕੇ ਗੁਪਤ ਮੀਟਿੰਗਾਂ ਕਰਨ ਦਾ ਸਿਲਸਿਲਾ ਜਾਰੀ ਹੈ। ਜਿਹਨਾਂ ਡੇਰਿਆਂ ਨੂੰ ਸਿੱਖ ਕੌਮ ਸਮਾਜ ਅਤੇ ਕੌਮ ਲਈ ਘਾਤਕ ਸਮਝਦੀ ਹੈ। ਬਾਬਾ ਭਨਿਆਰਾ ਵਾਲਾ, ਬਾਬਾ ਆਸ਼ੂਤੋਸ਼ ਅਤੇ ਸਰਸਾ ਡੇਰੇ ਨਾਲ ਬਾਦਲ ਪਰਿਵਾਰ ਦੇ ਘਰੇਲੂ ਸਬੰਧਾਂ ਬਾਰੇ ਵੀ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਇਹ ਤਿੰਨ ਉਹ ਡੇਰੇ ਹਨ ਜਿਹਨਾਂ ਦਾ ਸਿੱਖਾਂ ਨਾਲ ਵਿਚਾਰਧਾਰਕ ਤੌਰ 'ਤੇ ਟਕਰਾਅ ਹੋਣ ਤੋਂ ਬਾਅਦ ਹਥਿਆਰਬੰਦ ਟਾਕਰਾ ਵੀ ਹੋ ਚੁੱਕਿਆ ਹੈ। ਬਾਦਲ ਪਰਿਵਾਰ ਦੇ ਇਹਨਾਂ ਡੇਰਿਆਂ ਨਾਲ ਸਿੱਧੇ ਸਬੰਧ ਕਿਸੇ ਵੀ ਤਰ੍ਹਾਂ ਸਿੱਖਾਂ ਦਾ ਭਲਾ ਨਹੀਂ ਕਰ ਸਕਦੇ। ਭਾਰਤ ਦੀਆਂ ਘੱਟ ਗਿਣਤੀ ਕੌਮਾਂ ਲਈ ਖਤਰੇ ਦੀ ਘੰਟੀ ਬਣੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਰੱਖੇ ਵਰਤ 'ਚ ਪੁੱਜੇ ਸ੍ਰ. ਬਾਦਲ ਨੇ ਵੀ ਸਿੱਖ ਕੌਮ ਨੂੰ ਕੱਟੜਵਾਦੀ ਹਿੰਦੂ ਤਾਕਤਾਂ ਦੇ ਹੇਠ ਲਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਵੱਲੋਂ ਬ੍ਰਾਹਮਣ ਕੌਮ ਦੇ ਵਿਰੁੱਧ ਵਰਤੀ ਸ਼ਬਦਾਵਲੀ ਤੋਂ ਉਠੇ ਵਿਵਾਦ ਸਮੇਂ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਸਪੱਸ਼ਟ ਸ਼ਬਦਾਂ ਵਿਚ ਆਪਣੇ ਦਿਲੀ ਵਿਚਾਰਾਂ ਨੂੰ ਸ਼ਬਦੀ ਰੂਪ ਵਿਚ ਸਾਫ਼ ਆਖਿਆ ਸੀ ਕਿ ਹਿੰਦੂ ਸੰਸਕ੍ਰਿਤੀ ਸਾਡੀ ਪ੍ਰੇਰਨਾ ਸਰੋਤ ਰਹੀ ਹੈ।
ਹੁਣੇ ਹੀ ਅਕਾਲੀ ਸਰਕਾਰ ਵੱਲੋਂ ਪੰਜਾਬ ਦੀ ਧਰਤੀ 'ਤੇ ਆਰ. ਐਸ. ਐਸ. ਦੇ ਆਗੂ ਦਾ ਬੁੱਤ ਸਥਾਪਤ ਕਰਨ, ਪੰਜਾਬੀ ਨੂੰ ਪੂਰੀ ਤਰ੍ਹਾਂ ਲਾਗੂ ਨਾ ਕਰਨ, ਪੰਜਾਬ ਦੇ ਗੁਆਂਢੀ ਸੂਬਿਆਂ ਨਾਲ ਅਦਾਲਤੀ ਝਗੜਿਆਂ ਤੋਂ ਪਾਸਾ ਵੱਟਣ, ਸਿੱਖ ਨਸਲਕੁਸ਼ੀ ਵਾਲੇ ਮਾਮਲਿਆਂ ਨੂੰ ਅਣ-ਗੌਲਿਆਂ ਕਰਨ ਅਤੇ ਇਨਸਾਫ਼ ਪ੍ਰਾਪਤੀ ਨਾ ਕਰ ਸਕਣ, ਪੰਜਾਬ ਦੀਆਂ ਹੱਕੀ ਮੰਗਾਂ ਤੋਂ ਵੀ ਪਾਸਾ ਵੱਟ ਗਿਆ ਹੈ। ਪੰਜਾਬ ਵਿਚ ਪਤਿਤਪੁਣੇ ਦੀ ਲਹਿਰ ਨੂੰ ਠੱਲਣ ਲਈ ਸ਼੍ਰੋਮਣੀ ਕਮੇਟੀ ਸਮੇਤ ਅਕਾਲੀ ਦਲ ਦਰਸ਼ਕ ਬਣ ਕੇ ਦੇਖ ਰਹੇ ਹਨ। ਹੁਣ ਜਿਹੜੀ ਇਕ ਹੋਰ ਖ਼ਬਰ ਚਰਚਾ ਵਿਚ ਹੈ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਹੁਣ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪ ਕੇ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਬਣਨ ਦੀ ਤਾਕ ਵਿਚ ਹਨ ਇਹ ਵੀ ਚੁਕੰਨੇ ਕਰ ਦੇਣ ਵਾਲੀ ਹੈ। ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੀ ਭਲਾਈ ਹਿੱਤ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਸਾਹਿਬ ਦੇ ਕਬਜ਼ੇ ਤੋਂ ਮੁਕਤ ਕਰਵਾਏ ਜਾਂ ਫਿਰ ਉਹ ਇਸ ਪਰਿਵਾਰ ਨੂੰ ਇਹ ਮਜ਼ਬੂਰ ਕਰਨ ਲਈ ਪ੍ਰੋਗਰਾਮ ਆਰੰਭ ਕਰੇ ਕਿ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਅਨੁਸਾਰ ਸਿੱਖ ਹਿੱਤਾਂ ਲਈ ਕੰਮ ਕਰਨਾ ਸ਼ੁਰੂ ਕਰੇ।