ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਆਰ. ਐਸ. ਐਸ. ਵੱਲੋਂ ਪੰਜਾਬ 'ਚ ਹਥਿਆਰਬੰਦ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਨਾਲ ਗੈਰ ਸਿਧਾਂਤਕ ਗੱਠਜੋੜ ਦੀ ਦੇਣ


ਦੁਸਹਿਰੇ ਵਾਲੇ ਦਿਨ ਤੋਂ ਪੰਜਾਬ ਵਿਚ ਰਾਸ਼ਟਰੀਆ ਸਵੈਮ ਸੇਵਕ ਸੰਘ (ਆਰ. ਐਸ. ਐਸ.) ਵੱਲੋਂ ਜਿਸ ਤਰ੍ਹਾਂ ਹਥਿਆਰਬੰਦ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇਸ ਤੋਂ ਕੋਈ ਸ਼ੱਕ ਬਾਕੀ ਨਹੀਂ ਰਹਿ ਜਾਂਦਾ ਕਿ ਪੰਜਾਬ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਅਜਿਹਾ ਹੋ ਸਕਦਾ ਹੈ। ਆਮ ਕਰਕੇ ਸਾਰੇ ਜ਼ਿਲ੍ਹਿਆਂ ਵਿਚ ਹੀ ਰਾਜ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਧਾਰਾ 144 ਲਗਾਤਾਰ ਲਗਾਈ ਹੁੰਦੀ ਹੈ ਜਿਸ ਦੇ ਲਾਗੂ ਹੋਣ ਸਮੇਂ ਘਰ ਤੋਂ ਬਾਹਰ ਕਿਸੇ ਕਿਸਮ ਦਾ ਹਥਿਆਰ ਨਾਲ ਰੱਖ ਕੇ ਚੱਲਣ 'ਤੇ ਪਾਬੰਦੀ ਹੁੰਦੀ ਹੈ। ਸੰਘ ਵੱਲੋਂ ਕੀਤੇ ਹਥਿਆਰਬੰਦ ਪ੍ਰਦਰਸ਼ਨਾਂ ਵਿਚ ਸਿਰਫ਼ ਤੇਜ਼ਧਾਰ ਹਥਿਆਰਾਂ ਨਾਲ ਸ਼ਕਤੀ ਪ੍ਰਦਰਸ਼ਨ ਹੀ ਨਹੀਂ ਕੀਤਾ ਗਿਆ ਸਗੋਂ ਉਹਨਾਂ ਇਸ ਸਮੇਂ ਖਾਸ ਅਗਨੀ ਹਥਿਆਰਾਂ ਨੂੰ ਵੀ ਮੋਢਿਆਂ 'ਤੇ ਰੱਖ ਕੇ ਜਲੂਸ ਕੱਢੇ ਗਏ। ਬਹੁਤੀਆਂ ਥਾਵਾਂ 'ਤੇ ਪੰਜਾਬ ਪੁਲਿਸ ਨੇ ਇਹਨਾਂ ਮਾਰਚਾਂ ਦੇ ਨਾਲ ਨਾਲ ਆਪਣੀ ਗਾਰਦ ਨੂੰ ਵੀ ਤੋਰਿਆ। ਕਈ ਥਾਵਾਂ 'ਤੇ ਹਥਿਆਰਾਂ ਦੀ ਪੂਜਾ ਸਮੇਂ ਇਹਨਾਂ ਨੇ ਫੌਜ ਦੇ ਸਰਕਾਰੀ ਹਥਿਆਰਾਂ ਨੂੰ ਵਰਤਿਆ ਹੈ। ਜਿਸ ਵਿਚ ਕੋਈ ਸਰਕਾਰੀ ਅਧਿਕਾਰੀ ਅਤੇ ਨੀਮ ਫੌਜੀ ਦਲਾਂ ਦੇ ਅਧਿਕਾਰੀ ਸ਼ਾਮਲ ਹੋਏ ਹਨ। ਆਪਣੇ ਇਹਨਾਂ ਪ੍ਰਦਰਸ਼ਨਾਂ 'ਚ ਆਰ. ਐਸ. ਐਸ. ਨੇ ਅਜਿਹੇ ਹਥਿਆਰ ਵੀ ਚੁੱਕੇ ਹੋਏ ਸਨ ਜਿਨ੍ਹਾਂ ਨੂੰ ਕੋਈ ਪ੍ਰਾਈਵੇਟ ਵਿਅਕਤੀ ਆਪਣੇ ਪਾਸ ਨਹੀਂ ਰੱਖ ਸਕਦਾ। ਫਿਰ ਕੀ ਕਾਰਨ ਹੈ ਕਿ ਸਰਕਾਰ ਨੂੰ ਗੈਰ ਕਾਨੂੰਨੀ ਤੌਰ 'ਤੇ ਚੁੱਕੇ ਹਥਿਆਰ ਨੂੰ ਰੋਕਣ ਦੀ ਥਾਂ ਸਗੋਂ ਦਿਖਾਵਾਕਾਰੀਆਂ ਦੀ ਅਗਵਾਈ ਕਰਨੀ ਪਈ ਹੈ?
20ਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂ ਵਿਚ ਹੀ ਪੰਜਾਬ ਵਿਚ ਅਜਿਹੇ ਹਥਿਆਰਬੰਦ ਪ੍ਰਦਰਸ਼ਨ ਕੀਤੇ ਗਏ ਸਨ ਜਿਸ ਪਿਛੇ ਅਸਲ ਮਨਸ਼ਾ ਘੱਟ ਗਿਣਤੀਆਂ ਨੂੰ ਭੈਯੁਕਤ ਵਾਤਾਵਰਨ ਵਿਚ ਜਿਉਣ ਲਈ ਮਜ਼ਬੂਰ ਕਰਨਾ ਅਤੇ ਤਾਕਤ ਦਾ ਦਿਖਾਵਾ ਕਰਕੇ ਹੱਕਾਂ ਦੀ ਮੰਗ ਤੋਂ ਪਾਸੇ ਕਰਨਾ ਸਮਝਿਆ ਗਿਆ ਸੀ। ਉਸ ਸਮੇਂ ਕੋਈ ਵੀਹ ਸਾਲ ਦੇ ਕਰੀਬ ਪੰਜਾਬ ਦੀ ਧਰਤੀ 'ਤੇ ਅਸ਼ਾਂਤ ਮਾਹੌਲ ਦੇ ਪੰਜਾਬ ਨੂੰ ਆਰਥਿਕ ਧੱਕਾ ਹੀ ਨਹੀਂ ਲੱਗਾ ਸਗੋਂ ਉਸ ਸੰਤਾਪ ਦੇ ਸ਼ੇਕ ਦਾ ਅਸਰ ਅੱਜ ਵੀ ਕਈ ਚੁੱਲਿਆਂ ਨੂੰ ਠੰਡਾ ਕਰਨ ਦਾ ਇਤਿਹਾਸ ਸਾਡੇ ਸਾਹਮਣੇ ਰੱਖੀ ਬੈਠਾ ਹੈ। ਕੀ ਸਰਕਾਰ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਕਿ ਘੱਟ ਗਿਣਤੀਆਂ ਖਿਲਾਫ਼ ਅਜਿਹੇ ਪ੍ਰਦਰਸ਼ਨ ਮੁੜ ਪੰਜਾਬ ਦਾ ਮਾਹੌਲ ਅਸ਼ਾਂਤ ਕਰ ਸਕਦੇ ਹਨ?
ਆਰ. ਐਸ. ਐਸ. ਨੂੰ ਪੰਜਾਬ ਵਿਚ ਅਜਿਹੇ ਹਥਿਆਰਬੰਦ ਪ੍ਰਦਰਸ਼ਨ ਕਰਨ ਨੂੰ ਇਜਾਜ਼ਤ ਦੇਣੀ ਸਗੋਂ ਸਰਕਾਰ ਲਈ ਵੱਧ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂਕਿ ਪੰਜਾਬ ਦੇ ਸਿੱਖ ਬਹੁਗਿਣਤੀ ਸੂਬੇ ਵਿਚ ਅਕਸਰ ਆਰ. ਐਸ. ਐਸ. ਹਿੰਦੂ ਜਥੇਬੰਦੀ ਨੂੰ ਸਿੱਖ ਵਿਰੋਧੀ ਸਮਝਿਆ ਜਾਂਦਾ ਹੈ। ਸਿੱਖ ਸਮਝਦੇ ਹਨ ਕਿ ਇਹ ਜਥੇਬੰਦੀ ਨੇ ਹਮੇਸ਼ਾ ਸਿੱਖ ਧਰਮ ਦੀ ਵਿਲੱਖਣ ਹੋਂਦ ਨੂੰ ਹਿੰਦੂਤਵ ਵਿਚ ਰਲਾ ਲੈਣ ਲਈ ਯਤਨ ਕੀਤੇ ਹਨ ਜਿਸ ਵਿਚ ਗੁਰਬਾਣੀ ਦੀ ਹਿੰਦੂ ਸੰਸਕਾਰਾਂ ਵਰਗੀ ਵਿਆਖਿਆ ਕਰਨ, ਸਿੱਖਾਂ ਨੂੰ ਹਿੰਦੂਤਵ ਦਾ ਹਿੱਸਾ ਮੰਨਣਾ, ਇਥੋਂ ਤੱਕ ਕਿ ਸਿੱਖ ਗੁਰੂਆਂ ਨੂੰ ਵੀ ਹਿੰਦੂ ਅਵਤਾਰਾਂ ਵਜੋਂ ਪੇਸ਼ ਕਰਨਾ ਹੈ। ਆਰ. ਐਸ. ਐਸ. ਅਤੇ ਸਿੱਖ ਵਿਦਵਾਨਾਂ ਵਿਚਕਾਰ ਇਹਨਾਂ ਗੱਲਾਂ ਨੂੰ ਲੈ ਕੇ ਸਦਾ ਵਿਚਾਰਧਾਰਕ ਵਿਖਰੇਵਾ ਰਿਹਾ ਹੈ। ਇਹ ਵਿਖਰੇਵਾ ਪਹਿਲਾਂ ਵੀ ਕਈ ਵਾਰ ਟਕਰਾਅ ਦੀ ਸਥਿਤੀ ਤੱਕ ਪਹੁੰਚਿਆ ਹੋਣ ਕਰਕੇ ਵਿਚਾਰਧਾਰਕ ਮੱਤਭੇਦ ਤੋਂ ਅੱਗੇ ਲੰਘ ਚੁੱਕਾ ਹੈ। ਅਜਿਹੇ ਮਾਹੌਲ 'ਚ ਇਹਨਾਂ ਹਥਿਆਰਬੰਦ ਸ਼ਕਤੀ ਪ੍ਰਦਰਸ਼ਨਾਂ ਵਿਚ ਥੋੜ੍ਹੀ ਮੋਟੀ ਗੜਬੜ ਵੀ ਵੱਡੇ ਅਸ਼ਾਂਤ ਵਾਤਾਵਰਨ ਨੂੰ ਸੱਦਾ ਦੇ ਸਕਦੀ ਹੈ।
ਸੂਬੇ ਦੀਆਂ ਸਰਕਾਰਾਂ ਜਿਨ੍ਹਾਂ ਦਾ ਮੁੱਖ ਕੰਮ ਰਾਜ ਵਿਚ ਅਮਨ-ਚੈਨ ਕਾਇਮ ਰੱਖਣਾ ਅਤੇ ਆਪਣੇ ਲੋਕਾਂ ਦੀ ਬੇਹਤਰੀ ਲਈ ਉਪਰਾਲਾ ਕਰਨਾ ਹੁੰਦਾ ਹੈ। ਉਹਨਾਂ ਸਰਕਾਰਾਂ ਵੱਲੋਂ ਪਿਛਲੇ ਸਮੇਂ ਵਿਚ ਸਗੋਂ ਆਪਣੀਆਂ ਇਹਨਾਂ ਦੋਹਾਂ ਪ੍ਰਮੁੱਖ ਜ਼ਿੰਮੇਵਾਰੀਆਂ ਤੋਂ ਭੱਜ ਕੇ ਸਮਾਜ ਵਿਰੋਧੀ ਸ਼ਕਤੀਆਂ ਦਾ ਸਾਥ ਦੇਣਾ ਲੋਕ ਹਿੱਤਾਂ ਦਾ ਘਾਣ ਕਰਨ ਵਾਲੀ ਗੱਲ ਹੀ ਆਖੀ ਜਾਵੇਗੀ। ਸਿੱਖਾਂ ਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਇਸ ਸਮੇਂ ਪੰਜਾਬ 'ਚ ਸਰਕਾਰ ਉਸ ਅਕਾਲੀ ਪਾਰਟੀ ਦੀ ਹੈ ਜਿਸ ਦੀ ਬੁਨਿਆਦ ਸਿੱਖ ਹਿੱਤਾਂ ਦੀ ਰਾਖੀ ਕਰਨਾ ਸੀ। ਇਹ ਪਾਰਟੀ ਆਪਣੇ ਬੁਨਿਆਦੀ ਨਿਯਮਾਂ ਦੀ ਉਲੰਘਣਾ ਕਰਕੇ ਆਪਣੇ ਭਾਈਚਾਰੇ ਦਾ ਵਿਰੋਧ ਵੀ ਸਹੇੜ ਰਹੀ ਹੈ। ਇਸ ਪਾਰਟੀ ਦੀਆਂ ਸਰਗਰਮੀਆਂ ਹੁਣ ਸਿੱਖ ਹਿੱਤਾਂ ਵਾਲੀਆਂ ਨਹੀਂ ਰਹੀਆਂ ਸਗੋਂ ਪਿਛਲੇ ਮਹੀਨਿਆਂ 'ਚ ਇਸ ਦੇ ਆਗੂਆਂ ਵੱਲੋਂ ਆਰ. ਐਸ. ਐਸ. ਦੀਆਂ ਸਰਗਰਮੀਆਂ 'ਚ ਹਿੱਸਾ ਲੈਣਾ ਵੀ ਸ਼ੁਰੂ ਕੀਤਾ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਗੱਠਜੋੜ ਤੋਂ ਪਹਿਲਾਂ ਜਿਸ ਭਾਜਪਾ ਨੂੰ ਪੰਜਾਬ ਵਿਚ ਕੋਈ ਜਾਣਦਾ ਤੱਕ ਨਹੀਂ ਸੀ ਉਹ ਭਾਜਪਾ ਹੀ ਅੱਜ ਪੰਜਾਬ ਦੀ ਰਾਜਨੀਤੀ ਵਿਚ ਆਪਣਾ ਥਾਂ ਬਣਾ ਚੁੱਕੀ ਹੈ। ਅਕਾਲੀ ਸਰਕਾਰ ਵੱਲੋਂ ਇਸ ਸਿੱਖ ਵਿਰੋਧੀ ਰਾਜਨੀਤਕ ਪਾਰਟੀ ਨਾਲ ਗੱਠਜੋੜ ਸਮੇਂ ਤਕਰੀਬਨ ਸਮੂਹ ਸਿੱਖ ਜਥੇਬੰਦੀਆਂ ਨੇ ਇਸ ਗੈਰਸਿਧਾਂਤਕ ਗੱਠਜੋੜ ਦਾ ਸਖ਼ਤ ਵਿਰੋਧ ਕੀਤਾ ਸੀ। ਸਿੱਖਾਂ ਦਾ ਮੰਨਣਾ ਸੀ ਕਿ ਭਾਜਪਾ ਅਸਲ ਵਿਚ ਹਿੰਦੂਤਵੀ ਤਾਕਤਾਂ ਦਾ ਹੀ ਰਾਜਨੀਤਕ ਵਿੰਗ ਹੈ ਜੋ ਸਿੱਖਾਂ ਨੂੰ ਹਿੰਦੂਤਵ ਦਾ ਹਿੱਸਾ ਮੰਨਦੀਆਂ ਹਨ। (ਮਗਰੋਂ ਇਸ ਪਾਰਟੀ ਦੇ ਪ੍ਰਮੁੱਖ ਨੇਤਾ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਸਵੈ-ਜੀਵਨੀ ਵਿਚ ਇਥੋਂ ਤੱਕ ਕਬੂਲ ਕਰ ਲਿਆ ਕਿ ਉਹਨਾਂ ਦੇ ਦਬਾਅ ਸਦਕਾ ਹੀ 1984 ਵਿਚ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਗਿਆ) ਇਸ ਲਈ ਇਸ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਸਿੱਖ ਕੌਮ ਲਈ ਘਾਤਕ ਸਿੱਧ ਹੋਵੇਗਾ। ਸਿੱਖਾਂ ਵੱਲੋਂ ਪ੍ਰਗਟ ਕੀਤੇ ਗਏ ਸ਼ੰਕੇ ਅੱਜ ਉਸ ਸਮੇਂ ਸੱਚੇ ਸਾਬਤ ਹੋ ਰਹੇ ਹਨ ਜਦੋਂ ਖੁਦ ਸ਼੍ਰੋਮਣੀ ਅਕਾਲੀ ਦਲ ਦੀ ਉਂਗਲੀ ਫੜ ਕੇ ਪੰਜਾਬ ਦੇ ਰਾਜਨੀਤਕ ਖੇਤਰ ਵਿਚ ਦਾਖਲ ਹੋਈ ਭਾਰਤੀ ਜਨਤਾ ਪਾਰਟੀ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅੱਖਾਂ ਦਿਖਾਉਣ ਲੱਗ ਪਈ ਹੈ ਅਤੇ ਗੱਠਜੋੜ ਦੀਆਂ ਸ਼ਰਤਾਂ ਅਧੀਨ ਸ਼੍ਰੋਮਣੀ ਅਕਾਲੀ ਦਲ ਦੀਆਂ ਬੁਨਿਆਦੀ ਸੀਟਾਂ ਨੂੰ ਵੀ ਖੋਰਾ ਲਾ ਰਹੀ ਹੈ। ਇਸੇ ਗੱਠਜੋੜ ਦਾ ਨਤੀਜਾ ਹੈ ਕਿ ਹੁਣ ਇਹ ਪਾਰਟੀ ਪੰਜਾਬ ਦੀ ਧਰਤੀ 'ਤੇ ਸਿੱਖ ਸ਼ਰੇਆਮ ਹਥਿਆਰਬੰਦ ਮੁਜ਼ਾਹਰੇ ਕਰਨ ਲੱਗੀ ਹੋਈ ਹੈ ਜਿਸ ਨੂੰ ਰੋਕਣਾ ਅਕਾਲੀ ਦਲ ਲਈ ਚੈਲੰਜ ਬਣ ਰਿਹਾ ਹੈ। ਅਜੇ ਵੀ ਸ਼੍ਰੋਮਣੀ ਅਕਾਲੀ ਦਲ ਪਾਸ ਸਮਾਂ ਹੈ ਕਿ ਉਹ ਭਾਜਪਾ ਨਾਲ ਗੈਰ ਸਿਧਾਂਤਕ ਗੱਠਜੋੜ ਨੂੰ ਛੱਡ ਕੇ ਨਿਰੋਲ ਸਿੱਖ ਪੱਖੀ ਰਾਜਨੀਤੀ ਨੂੰ ਤਰਜੀਹ ਦੇਣ। ਇਸ ਤਰ੍ਹਾਂ ਕਰਨ ਨਾਲ ਸ਼੍ਰੋਮਣੀ ਅਕਾਲੀ ਦਲ ਸਦਾ ਵਾਸਤੇ ਪੰਜਾਬ ਦੀ ਰਾਜਨੀਤੀ 'ਚ ਕਾਇਮ ਰਹਿ ਸਕਦਾ ਹੈ। ਵਰਨਾ ਇਕ ਦਿਨ ਭਾਜਪਾ ਵਰਗੀ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਹੜੱਪ ਕਰ ਜਾਵੇਗੀ।