ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੁ ਨਾਨਕੁ ਜਿਨ ਸੁਣਿਆ ਪੇਖਿਆ


- ਮਨਜੀਤ ਸਿੰਘ ਕਲਕੱਤਾ
ਸ੍ਰੀ ਗੁਰੂ ਨਾਨਕ ਦੇਵ ਜੀ ਸਗਲ ਸਮੂਹ ਲਈ ਇਕ ਸੰਪੂਰਨ, ਸੁਤੰਤਰ ਤੇ ਨਵੀਨਤਮ ਧਰਮ ਦੇ ਸੰਸਥਾਪਕ ਹਨ। ਸੰਪੂਰਨ ਇਸ ਲਈ ਕਿ ਇਹ ਧਰਮ ਹਿੰਦੂ-ਮੁਸਲਮਾਨ ਦੀ ਮਜ਼੍ਹਬੀ, ਮੰਨੂ ਦੇ ਵਰਣ ਆਸ਼ਰਮ ਅਨੁਸਾਰ ਕਥਿਤ ਸਵਰਨ ਅਤੇ ਦਲਿਤ ਜਾਤਾਂ, ਰਾਜੇ-ਰੰਕ, ਅਮੀਰ-ਗਰੀਬ, ਰੰਗ-ਰੂਪ ਅਤੇ ਜਿਨਸੀ (ਇਸਤਰੀ-ਪੁਰਸ਼) ਵੰਡ ਨੂੰ ਅਪ੍ਰਵਾਨ ਕਰਦਿਆਂ ਸਮੁੱਚੀ ਮਨੱੁਖਤਾ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਇਹ ਧਰਮ ਨੂੰ ਮੰਦਰ-ਮਸਜਿਦ, ਪੂਜਾ- ਅਰਚਨਾ, ਇਬਾਦਤ ਜਾਂ ਬੰਦਗੀ ਤੀਕ ਹੀ ਸੀਮਤ ਨਹੀਂ ਕਰਦਾ ਬਲਕਿ ਮਨੁੱਖੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਇਕ ਇਕਾਈ ਪ੍ਰਵਾਨ ਕਰਦਾ ਹੈ। ਮਨੁੱਖ ਦੇ ਨਿੱਜੀ ਜੀਵਨ ਤੀਕ ਹੀ ਸੀਮਤ ਨਹੀਂ ਹੈ, ਬਲਕਿ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ, ਆਰਥਿਕ, ਸਮਾਜਿਕ ਤੇ ਰਾਜਸੀ ਲੁੱਟ-ਖੱਸੁਟ ਖਿਲਾਫ ਆਵਾਜ਼ ਬੁਲੰਦ ਕਰਨ, ਹੱਕ ਸੱਚ ਤੇ ਇਨਸਾਫ ਦੀ ਪ੍ਰਾਪਤੀ ਲਈ ਜੂਝਣ ਦਾ ਅਲੰਬਰਦਾਰ ਹੈ।
ਸੁਤੰਤਰ ਇਸ ਲਈ ਕਿ ਇਹ ਕਿਸੇ ਹੋਰ ਧਰਮ ਦੀ ਸ਼ਾਖਾ ਨਹੀਂ ਹੈ ਅਤੇ ਨਾ ਹੀ ਇਹ ਦੇਸ਼ ਵਿਚ ਪ੍ਰਚੱਲਤ ਸਨਾਤਨ ਧਰਮ ਦਾ ਕੋਈ ਸੁਧਾਰਕ ਰੂਪ ਹੈ ਬਲਕਿ ਅਕਾਲ ਪੁਰਖ ਦੁਆਰਾ ਗੁਰੂ ਪਾਤਸ਼ਾਹ ਨੂੰ ਪ੍ਰਾਪਤ ਆਵੇਸ਼ ਤੇ ਆਦੇਸ਼ ਅਨੁਸਾਰ ਇਕ ਸੁਤੰਤਰ ਧਰਮ ਪੰਥ ਹੈ ਜੋ ਹੋਰ ਧਰਮਾਂ, ਉਨ੍ਹਾਂ ਦੇ ਧਰਮ ਗ੍ਰੰਥਾਂ (ਵੇਦ ਕਤੇਬ ਸਿਮ੍ਰਤੀਆਂ ਪੁਰਾਣ) ਆਦਿ ਦਾ ਪੂਰਨ ਸਤਿਕਾਰ ਤਾਂ ਕਰਦਾ ਹੈ ਪਰ ਉਨ੍ਹਾਂ ਨੂੰ ਆਪਣਾ ਆਧਾਰ ਨਹੀਂ ਮੰਨਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਰਮ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਸਾਰਿਆਂ ਨਾਲ ਚੱਲਣ ਦਾ ਸਰਬ ਸਾਂਝਾ ਧਰਮ ਹੈ ਜੋ ਪ੍ਰਮਾਤਮਾ ਦੇ ਹਰ ਹਿੰਦੂ ਜਾਂ ਇਸਲਾਮਿਕ ਨਾਮ ਨੂੰ ਪ੍ਰਵਾਨ ਕਰਦਾ ਹੈ। ‘ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮੁ ਪਛਾਤਾ।।’ ਹੀ ਗੁਰੂ ਨਾਨਕ ਦਾ ਬਿਰਦ ਹੈ।
ਨਵੀਨਤਮ ਇਸ ਲਈ ਨਹੀਂ ਕਿ ਸਿੱਖ ਧਰਮ ਦਾ ਜਨਮ ਹਜ਼ਾਰਾਂ ਸਾਲਾਂ ਪੁਰਾਣੇ ਧਰਮਾਂ ਦੇ ਮੁਕਾਬਲੇ ਤਕਰੀਬਨ 550 ਸਾਲ ਪਹਿਲਾਂ ਹੀ ਹੋਇਆ ਹੈ ਬਲਕਿ ਇਸ ਲਈ ਕਿ ਜਦੋਂ ਅਜੇ ਆਧੁਨਿਕ ਵਿਚਾਰਧਾਰਾ ਤੇ ਸਭਿਆਚਾਰ ਦਾ ਪਹੁ ਫੁਟਾਲਾ ਵੀ ਨਹੀਂ ਸੀ ਹੋਇਆ, ਇੰਗਲੈਂਡ ਦੀ ਗਲੋਰੀਅਸ ਕਰਾਂਤੀ ਤੇ ਫਰਾਂਸੀਸੀ ਇਨਕਲਾਬ ਵੀ ਨਹੀਂ ਸੀ ਆਇਆ ਤੇ ਨਾ ਹੀ ਅੱਜ ਵਾਂਗ ਵਿਗਿਆਨ ਵਿਕਸਤ ਹੋਇਆ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਵਿਗਿਆਨਕ ਆਧਾਰ ਬਖਸ਼ਿਆ। ਮਨੁੱਖੀ ਜੀਵਨ ਵਿਚ ਅਧਿਆਤਮਿਕਤਾ, ਆਰਥਿਕਤਾ ਤੇ ਰਾਜਨੀਤਕ ਵੰਡ ਨਾ ਕਰਕੇ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਇਕ ਇਕਾਈ ਵਜੋਂ ਸਵੀਕਾਰ ਕਰਨ ਲਈ ਕਿਹਾ। ‘ਧਰਮ, ਕਰਮ, ਕਾਮ ਮੋਕਸ਼’ ਮਨੱੁਖੀ ਜੀਵਨ ਦਾ ਅਹਿਮ ਅੰਗ ਹਨ। ਇਨ੍ਹਾਂ ਸਾਰਿਆਂ ਪ੍ਰਤੀ ਸੁਚੇਤ ਕਰ ਸਮੁੱਚੇ ਮਨੁੱਖੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸਾਰਥਿਕ ਤੇ ਸਰਗਰਮ ਭੂਮਿਕਾ ਨਿਭਾਉਣ ਦਾ ਮਾਰਗ ਹੈ। ਸਮਕਾਲੀਨ ਧਰਮਾਂ ਦੇ ਮੁਖੀ ਅਥਵਾ ਗਿਆਨੀ ਧਰਮ ਨੂੰ ਸਿਰਫ ਬਹਿਸ ਮੁਬਾਹਿਸੇ ਤੀਕ ਹੀ ਸੀਮਤ ਕਰ ਰਹੇ ਸਨ ਉਸ ਉਤੇ ਜੀਵਨ ਵਿਚ ਅਮਲ ਨਹੀਂ ਸੀ।


ਗੁਰਬਾਣੀ ਦਾ ਕਥਨ, ‘‘ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ।। ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀਂ ਭਗਵੰਤ।।’’ ਡਾ. ਇਕਬਾਲ ਤੇ ਹੋਰ ਬਹੁਤ ਸਾਰੇ ਵਿਦਵਾਨਾਂ ਨੇ ਵੀ ਹਿੰਦੁਸਤਾਨ ਸਭਿਅਤਾ ’ਤੇ ਇਹ ਗੰਭੀਰ ਦੋਸ਼ ਲਾਏ ਹਨ ਕਿ ’ਹਿੰਦ ਕੋ ਬਸ ਖਿਆਲੀ ਫਲਸਫੇ ਪਰ ਨਾਜ ਥਾ’ ਲੇਕਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਲ ਤੇ ਕਰਮ ਦਾ ਸੁਮੇਲ ਕਰ ਦਿੱਤਾ, ‘ਅਮਲ ਸੇ ਜ਼ਿੰਦਗੀ ਬਨਤੀ ਹੈ ਜ਼ੱਨਤ ਭੀ ਜਹਨਮ ਭੀ।’
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਜ਼ੀਮ ਸ਼ਖ਼ਸੀਅਤ, ਉਨ੍ਹਾਂ ਦੇ ਅਲੌਕਿਕ ਕਾਰਜ, ਦੇਸ਼ ਤੇ ਮਨੱੁਖੀ ਸਮਾਜ ਵਿਚ ਲਿਆਂਦੀਆਂ ਕ੍ਰਾਂਤੀਕਾਰੀ ਤਬਦੀਲੀਆਂ ਬਾਰੇ ਅਨੇਕਾਂ ਫਿਲਾਸਫਰਾਂ, ਇਤਿਹਾਸਕਾਰਾਂ, ਸਾਹਿਤਕਾਰਾਂ ਅਤੇ ਕਵੀਆਂ ਨੇ ਵੱਖ-ਵੱਖ ਅੰਦਾਜ਼ ਵਿਚ ਬਹੁਤ ਕੁਝ ਲਿਖਿਆ ਹੈ। ਕਿਸੇ ਨੂੰ ਉਹ ਸੁਲਹਕੁਲ ਫਕੀਰ ਨਜ਼ਰ ਆਏ, ਕਿਸੇ ਨੂੰ ਉਹ ਸਨਾਤਨ ਧਰਮ ਵਿਚ ਆਈ ਗਿਲਾਨੀ ਦੂਰ ਕਰਨ ਵਾਲੇ ਸੁਧਾਰਕ ਦਿੱਸੇ। ਕਿਸੇ ਨੇ ਸੰਤ, ਭਗਤ ਬਿਆਨਿਆ ਤੇ ਕਿਸੇ ਨੇ ਰਾਜਨੀਤਕ ਤੌਰ ’ਤੇ ਇਨਕਲਾਬੀ ਲਿਖਿਆ। ਹਿੰਦੂਆਂ ਨੂੰ ਗੁਰੂ ਤੇ ਮੁਸਲਮਾਨਾਂ ਨੂੰ ਜ਼ਾਹਿਰ ਪੀਰ ਜਾਂ ਵਲੀ ਨਜ਼ਰ ਆਏ। ਸਵਾਮੀ ਵਿਵੇਕਾਨੰਦ ਅਨੁਸਾਰ ਪ੍ਰਮਾਤਮਾ ਨੇ ਸੰਸਾਰ ਦੀ ਜਦ ਅਤਿ ਭੈੜੀ ਦਸ਼ਾ ਵੇਖੀ ਤਾਂ ਉਸ ਦੀ ਅੱਖ ਵਿਚੋਂ ਇਕ ਹੰਝੂ ਵਗਿਆ, ਉਹੀ ਗੁਰੂ ਨਾਨਕ ਦਾ ਰੂਪ ਧਾਰਨ ਕਰ ਗਿਆ ਅਰਥਾਤ ਉਹ ਤਰਸ ਦੀ ਮੂਰਤ ਸਨ। ਇਸ ਖਿਆਲ ਨੂੰ ਸਪਸ਼ਟਤਾ ਨਾਲ ਭਾਈ ਗੁਰਦਾਸ ਜੀ ਨੇ ਇਉਂ ਬਿਆਨਿਆ ਹੈ:-
‘‘ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ’’
ਰਾਇ ਭੋਇ ਦੀ ਤਲਵੰਡੀ (ਜੋ ਹੁਣ ਜਗਤ ਪ੍ਰਸਿੱਧ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣੀ ਜਾਂਦੀ ਹੈ) ਦੀ ਸੁਭਾਗ ਧਰਤੀ ’ਤੇ ਸੰਨ 1469 ਵਿਚ ਪਿਤਾ ਕਲਿਆਣ ਦਾਸ ਅਥਵਾ ਮਹਿਤਾ ਕਾਲੂ ਜੀ ਦੇ ਗ੍ਰਹਿ, ਮਾਤਾ ਤ੍ਰਿਪਤਾ ਜੀ ਦੀ ਕੁਖੋਂ ਅਗੰਮੀ ਨੂਰ ਦਾ ਆਗਮਨ ਹੋਇਆ, ‘‘ਆਪ ਨਰਾਇਣ ਕਲਾ ਧਾਰਿ ਜਗਿ ਮੇ ਪਰਵਰਿਓ।’’੩੩ ‘‘ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ’’ ਅਰਥਾਤ ਪ੍ਰਮਾਤਮਾ ਨੇ ਆਪਣੀ ਜਵੰਤ ਜੋਤ ਗੁਰੂ ਨਾਨਕ ਵਿਚ ਰਖ ਕੇ ਪ੍ਰਕਾਸ਼ਮਾਨ ਕੀਤਾ।
ਤਲਵੰਡੀ ਅਰਥਾਤ ਨਨਕਾਣਾ ਸਾਹਿਬ ਵਿਚ  ਗੁਰੂ ਨਾਨਕ ਦੀ ਅਜੱਮਤ ਨੂੰ ਜਲਵਾਗਰ ਕਰਨ ਲਈ ਕਰਤਾ ਪੁਰਖ ਨੇ ਅਨੇਕਾਂ ਕਰਿਸ਼ਮੇ ਵਰਤਾਏ, ਜਿਨ੍ਹਾਂ ਦਾ ਵਰਤਾਰਾ ਪੁਰਾਤਨ ਜਨਮ ਸਾਖੀ ਵਿਚ ਵਿਸਥਾਰਤ ਰੂਪ ਵਿਚ ਦਰਜ ਹੈ, ਜੋ ਅੱਜ ਦੇ ਲੇਖ ਦਾ ਵਿਸ਼ਾ ਨਹੀਂ ਲੇਕਿਨ ਇਸ ਸਰਜ਼ਮੀਨ ਦਾ ਕਣ-ਕਣ ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਦੇ ਕ੍ਰਿਸ਼ਮਈ ਦੀਦਾਰ ਨਾਲ ਸਰਸ਼ਾਰ ਹੈ। ਜਿਸ ਨੇ ਵੀ ਦਰਸ਼ਨ ਕੀਤੇ ਉਹ ਬੋਲ ਉਠਿਆ, ‘‘ਦੇਖੇ ਤੋ ਜੋਤ ਸਰੂਪ, ਬੋਲੇ ਤੋਂ ਗਿਆਨ ਸਰੂਪ।’’ ਆਤਮ ਦਰਸ਼ੀ ਭੱਟਾਂ ਨੇ ਗੁਰੂ ਸਾਹਿਬ ਨੂੰ ਰਾਜ ਯੋਗ ਦਾ ਸੁਮੇਲ ਬਿਆਨ ਕੀਤਾ, ਚੌਥੇ ਪਾਤਸ਼ਾਹ ਗੁਰੁ ਰਾਮਦਾਸ ਜੀ ਨੇ ਉਚਾਰਿਆ, ‘‘ਜਿਥੈ ਉਹ ਜਾਇ ਬਹੈ ਤਿਥੇ ਉਹ ਸੁਰਖੁਰੁ ਉਸ ਦੇ  ਮੂੰਹ ਡਿਠੈ ਸਭਿ ਪਾਪੀ ਤਰਿਆ।’’ ਪੰਚਮ ਪਾਤਸ਼ਾਹ ਗੁਰੁ ਅਰਜਨ ਦੇਵ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਬੁਲੰਦ ਆਵਾਜ਼ ਵਿਚ ਉਚਾਰਦੇ ਹਨ, ‘’ਹਉ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ , ਗੁਰੁ ਨਾਨਕ ਜਿਨਿ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪੜਿਆ ਰੇ।’’
ਉਸ ਵੇਲੇ ਦੇ ਸਮਾਜ ਨੇ ਤਿੰਨ ਦ੍ਰਿਸ਼ਟੀਕੋਣ ਅਪਣਾਏ ਸਨ। ਪਹਿਲੀ ਯਾਤਰਾ (ਉਦਾਸੀ) ਸਮੇਂ ਤੀਰਥਾਂ ’ਤੇ ਜਾਣ ਅਤੇ ਉਥੇ ਫੈਲੇ ਭ੍ਰਿਸ਼ਟਾਚਾਰ, ਪਾਖੰਡ ਤੇ ਸਖਣੇ ਧਰਮ ਨੂੰ ਜਦੋਂ ਲਲਕਾਰਿਆ ਤਾਂ ਗੁਰੂ ਮਹਾਰਾਜ ਵੱਲੋਂ ਪ੍ਰਗਟਾਈ ਸਚਾਈ ਦਾ ਸਾਹਮਣਾ ਕਰਵਾਇਆ ਤਾਂ ਪ੍ਰੋਹਿਤਾਂ ਪੰਡਤਾਂ ਨੇ ਗੁਰੂ ਸਾਹਿਬ ਨੂੰ ਭੂਤਨਾ ਬਿਆਨਿਆ। ਦੂਸਰੀ ਉਦਾਸੀ ਸਮੇਂ ਸਿੱਧਾਂ ਜੋਗੀਆਂ ਪਾਸ ਗਏ ਤਾਂ ਸਿੱਧਾਂ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਪੁੱਛੇ ਸਵਾਲ, ’ਮਾਤ ਲੋਕ ਮੇਂ ਕਿਆ ਵਰਤਾਰਾ’ ਦਾ ਸਦੀਵੀ ਉਤਰ ਬਖਸ਼ਿਆ, ‘ਸਿਧ ਛਪ ਬੈਠੇ ਪ੍ਰਬਤੀ ਕੌਣ ਜਗਤ ਕੋ ਪਾਰ ਉਤਾਰਾ’ ਅਰਥਾਤ ਆਤਮਿਕ ਮੰਡਲ ਵਿਚ ਵਿਚਰਨ ਵਾਲੇ ਸਿੱਧਾਂ ਨੂੰ ਜੀਵਨ ਦਾ ਯਥਾਰਥ ਸਮਝ ਆ ਗਿਆ ਸੀ। ਉਹ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਕਿਉਂ ਪਿੱਛੇ ਹਟੇ?
ਤੀਸਰੀ ਸੰਸਾਰ ਫੇਰੀ ਮੌਕੇ, ਗੜ੍ਹ ਬਗਦਾਦ ਵਿਖੇ ਲੱਤ ਮਾਰਨ ਵਾਲੇ ਨੂੰ ਜਦੋਂ ਕੁਰਾਨ ਸ਼ਰੀਫ ਅਨੁਸਾਰ ਹੀ ਇਹ ਸਵਾਲ ਕੀਤਾ ਕਿ ਜਿਧਰ ਖੁਦਾ ਨਹੀਂ ਹੈ ਉਸ ਪਾਸੇ ਲੱਤਾਂ ਕਰ ਦਿਉ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਧਰਮ (ਇਸਲਾਮ) ਦੀ ਸੱਚਾਈ ਹੀ ਬਿਆਨ ਕੀਤੀ ਸੀ ਜਿਥੇ ਖੁਦਾ ਨੂੰ ਲਾ ਮੁਕਾਮ ਦੱਸਿਆ ਗਿਆ ਹੈ। ਹਿੰਦੂ ਮੁਸਲਮਾਨਾਂ ਵੱਲੋਂ ਪ੍ਰਚੱਲਤ, ’ਦੱਖਣ ਦੇਸ ਹਰੀ ਕਾ ਵਾਸਾ ਪੱਚਮ ਅਲਹ ਮੁਕਾਮਾ’ ਦੱਸ ਕੇ ਜਦੋਂ ਉਨ੍ਹਾਂ ਦੇ ਧਰਮ ਦੀ ਹੀ ਸੱਚਾਈ ਬਿਆਨ ਕੀਤੀ ਤਾਂ ਇਹ ਮਜ਼੍ਹਬੀ ਮਜੌਰਾਂ ਦੀ ਮਨੌਤ ਦੇ ਉਲਟ ਸੀ। ਰੱਬੀ ਬਾਣੀ ਵਿਚ ਇਨ੍ਹਾਂ ਧਾਰਮਿਕ ਮੁਖੀਆਂ ਬਾਰੇ ਗੁਰੁ ਮਹਾਰਾਜ ਨੇ ਫੁਰਮਾਇਆ ’ਕਾਦੀ ਕੂੜ ਬੋਲਿ ਮਲਿ ਖਾਏ, ਬ੍ਰਾਹਮਣ ਨਾਵੈ ਜੀਆ ਘਾਏ ਜੋਗੀ ਜੁਗਤ ਨ ਜਾਣੈ ਅੰਧ ਤੀਨੋ ਉਜਾੜੇ ਕਾ ਬੰਧ।’ ਕੇਵਲ ਇਨ੍ਹਾਂ ਦੀ ਕਮਜ਼ੋਰੀ ਤੋਂ ਹੀ ਵਾਕਫ ਨਹੀਂ ਕਰਵਾਇਆ ਬਲਕਿ ਇਨ੍ਹਾਂ ਧਾਰਮਿਕ ਆਗੂਆਂ ਦੇ ਮਜ਼ਹਬਾਂ ਦੇ ਆਦਰਸ਼ ਵੀ ਬਿਆਨ ਕੀਤੇ। ਹਿੰਦੂ ਪ੍ਰੋਹਿਤ ਲਈ,’ਪੰਡਤ ਸੋ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮਹਿ ਸੋਧੇ ’ਰਾਮ ਨਾਮ ਜੋ ਕਰੇ ਬਿਚਾਰ ਨਾਨਕ ਤਿਸ ਪੰਡਤ ਕੋ ਸਦ ਨਮਸਕਾਰ।’ ਮੁਸਲਮਾਨ ਕਾਜ਼ੀ ਦੁਨਿਆਵੀ ਚਲਨ ਦੇ ਨਾਲ ਚਲਨ ਦੀ ਬਜਾਏ ਖੁਦਾ ਦਾ ਪੈਗਾਮ ਦੇਵੇ, ’ਕਾਜ਼ੀ ਸੋ ਜੋ ਉਲਟੀ ਕਰੇ ਗੁਰਪ੍ਰਸਾਦੀ ਜੀਵੈ ਮਰੇ।’ ਅਚਲ ਬਟਾਲਾ ਵਿਖੇ ਗ੍ਰਹਿਸਥ ਜੀਵਨ ਦਾ ਤਿਆਗ ਕਰ ਚੁੱਕੇ ਤੇ ਸਮਾਜ ਪ੍ਰਤੀ ਨੀਵੀਂ ਪਹੁੰਚ ਰੱਖਣ ਵਾਲੇ ਜੋਗੀਆਂ ਨੂੰ ਜਵਾਬ ਦਿੱਤਾ, ‘ਬਾਬਾ ਆਖੇ ਭੰਗਰ ਨਾਥੁ ਤੇਰੀ ਮਾਉ ਕੁਚੱਜੀ ਆਏ …’।
ਤਤਕਾਲੀਨ ਸਮਾਜ ਦੇ ਚੌਧਰੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੂਸਰਾ ਲਕਬ ਦਿੱਤਾ ਬੇਤਾਲਾ ਦਾ। ਸਮਾਜ ਦਾ ਚਲਨ ਸੀ ਕਿ ਜ਼ੋਰਾਵਰ ਤੇ ਸੱਤਾਧਾਰੀ ਅੱਗੇ ਸਿਰ ਝੁਕਾ ਦੇਵੇ, ਉਸ ਦੀ ਅਧੀਨਗੀ ਕਬੂਲ ਕਰ ਲਵੇ ਤੇ ਆਪਣੇ ਤੋਂ ਨਿਰਬਲ ਕਮਜ਼ੋਰ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕਰੇ। ਦੁਨੀਆਂ ਨੇ ਤਿੰਨ ਤਰ੍ਹਾਂ ਦੀਆਂ ਤਾਕਤਾਂ ਨੂੰ ਮੰਨਿਆ ਹੈ। ਇਕ ਸਰੀਰਕ ਅਥਵਾ ਸ਼ੈਤਾਨੀ ਤਾਕਤ, ਦੂਸਰੀ ਆਰਥਿਕ, ਜਗੀਰਦਾਰਾਂ ਬਿਸਵੇਦਾਰਾਂ ਦੀ ਤੇ ਤੀਸਰੀ ਰਾਜਸੀ ਤਾਕਤ। ਪਹਿਲੀ ਤਾਕਤ ਦਾ ਪ੍ਰਤੀਕ ਸੀ ਸੱਜਣ ਠੱਗ, ਜਿਸ ਨੂੰ ਪਾਤਸ਼ਾਹ  ਨੇ ‘ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿਵ।।’ ਸਮਝਾ ਕੇ ਧਰਮ ਤੇ ਇਖਲਾਕ ਧਾਰਨ ਕਰਵਾ ਕੇ ਮਨੁਖੀ ਸੇਵਾ ਲਈ ਤਿਆਰ ਕੀਤਾ। ਦੂਸਰੀ ਤਾਕਤ ਦਾ ਪ੍ਰਤੀਕ ਲਾਹੌਰ ਦਾ ਦੁਨੀ ਚੰਦ, ਜਿਸ ਨੇ ਆਪਣੀ ਆਰਥਿਕ ਸ਼ਕਤੀ ਦੇ ਪ੍ਰਗਟਾਵੇ ਲਈ ਝੰਡੇ ਲਗਾਏ ਹੋਏ ਸਨ। ਗੁਰੁ ਜੀ ਨੇ ਇੱਥੇ ਵੀ ਦੁਨੀ ਚੰਦ ਸ਼ਾਹ ਨੂੰ ਸੂਈ ਦੇ ਕੇ ਕਿਹਾ ਆਪਣੇ ਖਜ਼ਾਨੇ ਵਿਚ ਜਮ੍ਹਾਂ ਕਰ ਲੈ ਅਗਲੇ ਜਹਾਨ ਲੈ ਲਵਾਂਗੇ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਪਾਤਸ਼ਾਹ ਨੇ ਉਪਦੇਸ਼ ਕੀਤਾ, ‘ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।।’ ਲੋਕਾਈ ਦਾ ਧਨ ਠੱਗ, ਧਰਮੀ ਹੋਣ ਦਾ ਵਿਖਾਵਾ ਕਰਨ ਵਾਲੇ ਮਲਕ ਭਾਗੋ ਨੂੰ ਵੀ ਸਮਝਾਇਆ ਕਿ ਮਾਲ ਪੂੜਿਆਂ ਵਿਚ ਲੋਕਾਈ ਦੀ ਮਜਬੂਰੀ ਦੀ ਰੱਤ ਹੈ ਤੇ ਕੋਧਰੇ ਦੀ ਰੋਟੀ ਵਿਚ ਇਮਾਨਦਾਰੀ ਦਾ ਦੁਧ, ‘ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ।। ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।।’ ਬਿਸਵੇਦਾਰਾਂ ਲਈ ਵੀ ਕਿਰਸਾਨੀ ਦਾ ਹੱਕ ਨਾ ਮਾਰਨ ਲਈ ਫੁਰਮਾਨ ਕੀਤਾ, ‘ਕਿਰਸਾਨੀ ਕ੍ਰਿਸਾਨ ਕਰੇ ਲੋਚੇ ਜੀਉ ਲਾਏ ਹਲ ਜੋਤੇ ਉਦਮ ਕਰੇ ਮੇਰਾ ਪੁਤ ਧੀਅ ਖਾਏ।’
ਤੀਸਰੀ ਤਾਕਤ ਸੀ ਰਾਜਸੀ। ਫੁਰਮਾ ਲੋਕਾਈ ਨੂੰ ਰਾਜਿਆਂ, ਮਹਾਰਾਜਿਆਂ ਤੇ ਸੱਤਾਧਾਰੀਆਂ ਵੱਲੋਂ ਕੀਤੇ ਜਾ ਰਹੇ ਜ਼ੁਲਮ ਪ੍ਰਤੀ ਚੇਤੰਨ ਕੀਤਾ। ‘ਰਾਜੇ ਚੁਲੀ ਨਿਆਂਉ ਕੀ ‘ਅਤੇ ’ਤਖਤੇ ਰਾਜਾ ਸੋ ਬਹੈ ਜੋ ਤਖਤੇ ਲਾਇਕ ਹੋਏ’ਦਾ ਆਦੇਸ਼ ਦਿੰਦਿਆਂ, ਧੱਕਾ ਕਰਨ ਵਾਲੇ ਰਾਜਿਆਂ ਨੂੰ ‘ਰਾਜੇ ਸ਼ੀਂਹ ਮੁਕੱਦਮ ਕੁਤੇ’, ‘ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਏ’ ਕਹਿ ਦਿੱਤਾ। ਕਾਬੁਲ, ਕੰਧਾਰ, ਇਰਾਨ, ਇਰਾਕ ਤੇ ਅਫਗਾਨਿਸਤਾਨ ਤੋਂ ਹਮਲਾਵਰ ਚੜ੍ਹ ਕੇ ਆਉਂਦੇ, ਹਿੰਦੁਸਤਾਨ ਦੀ ਇੱਜ਼ਤ ਤੇ ਧੰਨ ਦੌਲਤ ਲੱੁਟ ਕੇ ਚਲਦੇ ਬਣਦੇ। ਹਮਲਾਵਰ ਪੰਜਾਬ ਵਿਚੋਂ ਲੰਘਦੇ ਸਨ ਤੇ ਇੱਥੋਂ ਦੋ ਹੀ ਆਵਾਜ਼ਾਂ ਆਉਂਦੀਆਂ ਸਨ, ਇਕ ਹਮਲਾਵਰਾਂ ਦੇ ਘੋੜਿਆਂ ਦੀਆਂ ਟਾਪਾਂ ਤੇ ਦੂਸਰਾ ਲੁੱਟੀ-ਪੁੱਟੀ ਦੁਖੀ ਲੋਕਾਈ ਦੇ ਰੋਣ ਕੁਰਲਾਣ ਦੀਆਂ। ਗੁਰੁ ਨਾਨਕ ਸਾਹਿਬ ਦੀ ਹਯਾਤੀ ਵਿਚ ਬਾਬਰ ਹਮਲਾਵਰ ਹੋ ਕੇ ਆਇਆ ਤਾਂ ਉਨ੍ਹਾਂ ਲੋਕਾਈ ਨੂੰ ਬਾਬਰ ਦਾ ਵਿਰੋਧ ਕਰਨ ਲਈ ਪ੍ਰੇਰਿਆ,’ਤੁਸੀਂ ਬਜਰਧਾਰੀ ਇੰਦਰ, ਮਾਤਾ ਦੁਰਗਾ, ਮਾਤਾ ਕਾਲੀ ਦੇ ਪੈਰੋਕਾਰ ਕਹਾਉਂਦੇ ਹੋ, ਚੰਦਰਬੰਸੀ -ਸੂਰਜਬੰਸੀ ਰਾਜਪੂਤ ਹੋਣ ਦਾ ਹੰਕਾਰ ਪਾਲਦੇ ਹੋ , ਤੁਹਾਡੀ ਕਮਾਈ ਦੌਲਤ ਤੇ ਅਜ਼ਮਤ ਲੁੱਟਣ ਤੇ ਦੇਸ਼ ਗੁਲਾਮ ਬਣਾਉਣ ਲਈ ਬਾਬਰ ਆ ਰਿਹਾ ਹੈ ਲੇਕਿਨ ਸ਼ਕਤੀ ਦੇ ਪੁਜਾਰੀਆਂ ਨੂੰ ਪੰਡਤਾਂ ਦੇ ਤੰਤਰਾਂ ਤੇ ਤਾਂਤਰਿਕਾਂ ਦੇ  ਮੰਤਰਾਂ ’ਤੇ ਭਰੋਸਾ ਸੀ। ਗੁਰੂ ਜੀ ਨੇ ਬਾਬਰ ਦੇ ਹਮਲੇ ਉਪਰੰਤ ਇਹ ਮਿਹਣਾ ਮਾਰਿਆ ’ਕੋਉ ਮੁਗਲ ਨਾ ਹੋਆ ਅੰਧਾ ਕਿਨੇ ਨ ਪਰਚਾ ਲਾਇਆ’੩ ‘ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ।।’ ਉਪਦੇਸ਼ ਕੀਤਾ ਸਚਿ ਉਹ ਨਹੀਂ ਜੋ ਘਰ ਦੇ ਅੰਦਰ ਵੜ ਕੇ ਕਿਹਾ ਜਾਂਦਾ ਸਚਿ ਤਾਂ ਉਹ ਹੈ ਜੋ ਉਸ ਵੇਲੇ ਹੀ ਸੁਣਾਇਆ ਜਾਂਦਾ ਜਦੋਂ ਜਰਵਾਣੇ ਦੇ  ਹੱਥ ਵਿਚ ਤਲਵਾਰ ਹੋਵੇ। ‘ਸਚਿ ਸੁਣਾਇਸੀ ਸਚਿ ਕੀ ਬੇਲਾ’।
ਲੇਕਿਨ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਉਪਦੇਸ਼ ਤੇ ਵੰਗਾਰ ਤੇ ਕਿਸੇ ਵੀ ਦੇਸ਼ ਵਾਸੀ ਦੀ ਅਣਖ ਤੇ ਸਵੈਮਾਣ ਨਾ ਜਾਗਿਆ। ਗੁਰੁ ਸਾਹਿਬ ਨੇ ਹੀ, ’ਬਾਬਰ ਨੂੰ ਜਾਬਰ’ ਤੇ ਉਸ ਦੀ ਫੌਜ ਨੂੰ, ‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ’ ਵਿਰੋਧ ਜਿਤਾਇਆ, ਬਾਬਰ ਦੀ ਜੇਲ੍ਹ ਵੀ ਗਏ ਜਿਥੇ ਚੱਕੀ ਪੀਸਣ ਦਾ ਹੁਕਮ ਸੀ, ਲੇਕਿਨ ਜਦੋਂ ਬਾਬਰ ਨੂੰ ਗੁਰੂ ਸਾਹਿਬ ਦੀ ਅਜ਼ਮਤ ਦਾ ਪਤਾ ਲਗੱਾ ਤਾਂ ਸਤਿਕਾਰ ਜਿਤਾ ਕੁਝ ਮੰਗਣ ਲਈ ਕਿਹਾ, ਜਿਸ ਦਾ ਸਾਫ ਉਤਰ ਸੀ, ’ਕਹੁ ਨਾਨਕ ਸੁਣ ਬਾਬਰ ਨੀਰ ਤੁਝਸੇ ਮਾਂਗੇ ਸੋ ਅਹਿਮਕ ਫਕੀਰ’। ਭਾਰਤੀ ਸਮਾਜ ਵਿਚ ਆਈ ਇਸ ਗਿਰਾਵਟ, ਗਿਲਾਨੀ ਤੇ ਗੁਲਾਮੀ ਦੇ ਕਾਰਨ ਵੀ ਬਿਆਨ ਕੀਤਾ, ‘ਧਨੁ ਜੋਬਨੁ ਦੁਇ ਵੈਰੀ ਹੋਏ ਜਿਨਵੀ ਰਖੇ ਰੰਗੁ ਲਾਇ।। ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ।’
ਆਪਣੀ ਜਗਤ ਫੇਰੀ ਦਾ ਮੰਤਵ ਗੁਰੂ ਨਾਨਕ ਪਾਤਸ਼ਾਹ ਨੇ ਗੁਰਮੁਖਾਂ ਦੀ ਖੋਜ ਹੀ ਦੱਸਿਆ, ’ਗੁਰਮੁਖ ਖੋਜਤ ਭਏ ਉਦਾਸੀ’। ਧਰਮ ਤੇ ਸਮਾਜ ਦੇ ਪਤਨ ਤੋਂ ਚਿੰਤਤ ਪੁਰਸ਼ਾਂ ਨੂੰ ਲੱਭਣਾਂ ਤੇ ਇਕੱਤਰ ਕਰਨਾ ਹੀ ਆਪਣਾ ਮੰਤਵ ਦਰਸਾਇਆ।
ਸਮਾਜ ਵਿਚ ਇਕ ਹੋਰ ਵੰਡ ਇਸਤਰੀ ਮਰਦ ਦੀ ਸੀ, ਇਸਤਰੀ ਨੂੰ ਪੈਰ ਦੀ ਜੁੱਤੀ ਜਾਂ ਨਿੱਜੀ ਮਲਕੀਅਤ ਸਮਝਿਆ ਜਾਂਦਾ ਸੀ। ਇਸਤਰੀ ਨੂੰ ਵੈਦਿਕ ਮੰਤਰਾਂ ਦਾ ਉਚਾਰਨ ਕਰਨ ਦਾ ਹੱਕ ਨਹੀਂ ਸੀ। ਹੁਣ ਤੀਕ ਵੀ ਹਾਲਾਤ ਅਜਿਹੇ ਹੀ ਹਨ।  ਅਜਿਹੇ ਸਮੇਂ ਹੀ ਮੱਧ ਭਾਰਤ ਵਿਚੋਂ ਗੁਰੁ ਨਾਨਕ ਦੇਵ ਪਾਤਸ਼ਾਹ ਦੀ ਆਵਾਜ਼ ਗੂੰਜੀ, ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’।  ‘ਜਾਤੀ ਕੇ ਕਿਆ ਹਥਿ ਸਚਿ ਪਰਖੀਐ ਮੋਹਰਾ ਹੋਵੇ ਹਥਿ ਮਰੀਐ ਚਖੀਐ’
ਚਾਰ ਉਦਾਸੀਆਂ ਉਪਰੰਤ ਗੁਰੂ ਪਾਤਸ਼ਾਹ ਕਰਤਾਰਪੁਰ ਆ ਗਏ, ਉਦਾਸੀ ਵਾਲੇ ਕੱਪੜੇ ਲਾਹ ਦਿੱਤੇ, ਕਿਸੇ ਦੇਹਧਾਰੀ ਡੇਰੇਦਾਰ ਨੂੰ ਮੰਨਣ ਦੀ ਬਜਾਏ ਹੱਥੀਂ ਕਿਰਤ ਕਰਨ ’ਤੇ ਜ਼ੋਰ ਦਿੱਤਾ, ‘ਕਿਰਤ ਵਿਰਤ ਕਰ ਧਰਮ ਦੀ ਹਥੋਂ ਦੇਕੇ ਭਲਾ ਮਨਾਵੇ’,’ਘਾਲਿ ਖਾਇ ਕਿਛ ਹਥੋਂ ਦੇ ਨਾਨਕ ਰਾਹ ਪਛਾਣੇ ਸੇ।’ ਜੀਵਨ ਹਯਾਤੀ ਦੀ ਖੇਡ ਪੂਰੀ ਕਰਨ ਤੋਂ ਪਹਿਲਾਂ ਉਤਰਾਅਧਿਕਾਰੀ ਥਾਪਣ ਸਮੇਂ ਵੀ ਆਪਣੇ ਖੂਨ ਦੀ ਬਜਾਏ ਸਮਰਪਣ ਦੀ ਭਾਵਨਾ ਤੇ ਸੇਵਾ ਨੂੰ ਪਹਿਲ ਦਿੱਤੀ।  ਵਾਰਸ ‘ਗੁਰੂ ਅੰਗਦ ਦੇਵ’ ਦੇ ਰੂਪ ਵਿਚ ਪ੍ਰਵਾਨ ਕੀਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੀ ਇਲਾਹੀ ਬਾਣੀ ਅੱਜ ਵੀ ਜੀਵਨ ਦੇ ਹਰ ਮੋੜ ’ਤੇ ਸਾਡਾ ਮਾਰਗ ਰੋਸ਼ਨ ਕਰਨ ਦੇ ਸਮਰੱਥ ਹੈ। ਸਿੱਖ ਧਰਮ ਬਾਰੇ ਕਿਹਾ ਜਾਂਦਾ ਹੈ ਕਿ ਇਹ ਲੋਕਾਂ ਦਾ ਧਰਮ ਹੈ ਤੇ ਸਮੁੱਚੇ ਮਨੱੁਖੀ ਸਮਾਜ ਦੇ ਸਰਵਪੱਖੀ ਕਲਿਆਣ  ਲਈ ਕੱਲ੍ਹ ਵੀ ਯਤਨਸ਼ੀਲ ਸੀ ਤੇ ਅੱਜ ਵੀ ਹੈ ਤੇ ਰਹੇਗਾ ਵੀ। ਐਸੇ ਮਹਾਨ ਸਤਿਗੁਰੂ ਨੂੰ ਨਮੋ ਨਮੋ ਹੈ।
‘ਐਸੇ ਗੁਰ ਕੋ ਬਲ ਬਲ ਜਾਈਐ ਆਪਿ ਮੁਕਤ ਮੋਹੇ ਤਾਰ’
* ਸੰਪਰਕ: 98140-50679