ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ਼੍ਰੋਮਣੀ ਅਕਾਲੀ ਦਲਾਂ ਦਾ ਬਦਲਿਆ ਸਰੂਪ : ਚਿੰਤਾ ਦਾ ਵਿਸ਼ਾ


-ਜਸਵੰਤ ਸਿੰਘ 'ਅਜੀਤ'
ਸ਼੍ਰੌਮਣੀ ਅਕਾਲੀ ਦਲ ਦੀ ਸਥਾਪਨਾ ਨਾਲ ਸਬੰਧਤ ਇਤਿਹਾਸ ਅਨੁਸਾਰ ਜਦੋਂ ਵੀਹਵੀਂ ਸੱਦੀ ਦੇ ਤੀਜੇ ਦਹਾਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ ਤਾਂ ਉਸ ਸਮੇਂ ਉਸਦਾ ਜੋ ਸੰਵਿਧਾਨ ਤਿਆਰ ਕੀਤਾ ਗਿਆ, ਉਸ ਵਿਚ ਇਕ ਤਾਂ ਇਹ ਗਲ ਨਿਸ਼ਚਿਤ ਕੀਤੀ ਗਈ ਸੀ ਕਿ ਇਹ ਜਥੇਬੰਦੀ ਗੁਰਧਾਮਾਂ ਵਿਚ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਪਾਲਣ ਵਿਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਵੇਗੀ ਅਤੇ ਦੂਸਰੀ ਗਲ ਇਹ ਕਿ ਇਸ ਦਾ ਸੰਗਠਨ ਪੂਰਣ-ਰੂਪ ਵਿਚ ਲੋਕਤਾਂਤ੍ਰਿਕ ਮਾਨਤਾਵਾਂ ਦੇ ਆਧਾਰ ਤੇ ਹੀ ਕੀਤਾ ਜਾਇਗਾ। ਦਲ ਦੇ ਸੰਵਿਧਾਨ ਵਿੱਚ ਇਸਨੂੰ ਹੋਂਦ ਵਿੱਚ ਲਿਆਉਣ ਦਾ ਮੁਖ ਮੰਤਵ, 'ਗੁਰਮਤਿ ਤੇ ਰਹਿਤ ਮਰਿਆਦਾ ਦਾ ਪ੍ਰਚਾਰ ਕਰਨ ਦੇ ਨਾਲ ਹੀ ਨਾਸਤਕਤਾ ਦੇ ਨਾਸ਼ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਸੁਧਾਰ ਅਤੇ ਸੇਵਾ-ਸੰਭਾਲ ਲਈ ਉਦਮ ਕਰਨਾ', ਨਿਸ਼ਚਿਤ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦਾ ਸੰਗਠਨ : ਇਸਦੇ ਸੰਗਠਨ ਦੇ ਗਠਨ ਦੀ ਅਰੰਭਤਾ ਲਈ, ਸਭ ਤੋਂ ਪਹਿਲਾਂ ਭਰਤੀ ਕੀਤੀ ਜਾਂਦੀ, ਫਿਰ ਭਰਤੀ ਰਾਹੀਂ ਬਣੇ ਮੈਂਬਰਾਂ ਵਲੋਂ ਆਪੋ-ਆਪਣੇ ਇਲਾਕੇ ਦੇ ਜਥਿਆਂ ਦਾ ਗਠਨ ਕੀਤਾ ਜਾਂਦਾ। ਇਲਾਕਿਆਂ ਦੇ ਜਥਿਆਂ ਦੇ ਪ੍ਰਤੀਨਿਧੀ ਮਿਲ-ਬੈਠ ਕੇ ਸ਼ਹਿਰੀ ਜਥੇ ਬਣਾਉਂਦੇ ਅਤੇ ਸ਼ਹਿਰੀ ਜਥਿਆਂ ਦੇ ਪ੍ਰਤੀਨਿਧੀ ਜ਼ਿਲਾ ਜਥੇ ਕਾਇਮ ਕਰਦੇ। ਉਨ੍ਹਾਂ ਜ਼ਿਲਾ ਜਥਿਆਂ ਦੇ ਪ੍ਰਤੀਨਿਧੀ ਪ੍ਰਾਂਤਕ ਜਥਿਆਂ ਦੇ ਗਠਨ ਦਾ ਆਧਾਰ ਬਣਦੇ ਸਨ। ਇਲਾਕਾਈ ਜਥਿਆਂ ਦੇ ਗਠਨ ਤੋਂ ਲੈ ਕੇ ਕੇਂਦਰੀ ਸੰਗਠਨ ਦੇ ਪ੍ਰਧਾਨ ਤੇ ਦੂਜੇ ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਤਕ ਦੀ ਚੋਣ ਦੀ ਸਾਰੀ ਪ੍ਰਕ੍ਰਿਆ ਲੋਕਤਾਂਤ੍ਰਿਕ ਮਾਨਤਾਵਾਂ ਦਾ ਪਾਲਣ ਕਰਦਿਆਂ ਪੂਰੀ ਕੀਤੀ ਜਾਂਦੀ ਸੀ। ਕਿਸੇ ਵੀ ਪੱਧਰ ਤੇ ਨਾਮਜ਼ਦਗੀ ਨਹੀਂ ਸੀ ਕੀਤੀ ਜਾਂਦੀ। ਇਸਤਰ੍ਹਾਂ ਬਣਿਆ ਸੰਗਠਨ ਦਾ ਸਰੂਪ, ਸਮੁਚੇ ਪੰਥ ਨੂੰ ਪ੍ਰਵਾਨ ਹੁੰਦਾ ਸੀ। ਉਸ ਸਮੇਂ ਦਲ ਦੇ ਕੌਮੀ ਪ੍ਰਧਾਨ ਤੋਂ ਲੈ ਕੇ ਇਲਾਕਾਈ ਜਥੇ ਦੇ ਪ੍ਰਧਾਨ ਤਕ, ਕਿਸੇ ਵਿਅਕਤੀ-ਵਿਸ਼ੇਸ਼ ਦੇ ਨਹੀਂ, ਸਗੋਂ ਸਮੁਚੇ ਪੰਥ ਦੇ ਪ੍ਰਤੀ ਜਵਾਬ-ਦੇਹ ਹੁੰਦੇ ਸਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਮੁਖੀ ਪੰਥ ਸਾਹਮਣੇ ਜਵਾਬ-ਦੇਹ ਹੁੰਦਾ ਸੀ, ਜਿਸ ਕਾਰਣ ਉਹ ਪੰਥ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੁੰਦਾ ਸੀ। ਫਲਸਰੂਪ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਵਿਚ ਤੇ ਨਾ ਹੀ ਉਸਦੇ ਪ੍ਰਬੰਧ ਹੇਠਲੀਆਂ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਆਦਿ ਵਿਚ ਭਰਿਸ਼ਟਾਚਾਰ ਹੋਣ ਜਾਂ ਪ੍ਰਬੰਧ ਵਿਗੜਨ ਦੀ ਸੰਭਾਵਨਾ ਹੁੰਦੀ ਸੀ।
ਜਦੋਂ ਸ਼੍ਰੌਮਣੀ ਅਕਾਲੀ ਦਲ ਦੇ ਆਗੂਆਂ ਵਿਚ ਸੁਆਰਥ ਦੀ ਭਾਵਨਾ ਨੇ ਜ਼ੋਰ ਪਕੜਨਾ ਸ਼ੁਰੂ ਕੀਤਾ ਤੇ ਉਨ੍ਹਾਂ ਦੇ ਦਿਲ ਵਿਚ ਸੱਤਾ ਲਾਲਸਾ ਨੇ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਲਈ, ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿਜੀ ਜਗੀਰ ਸਮਝਣ ਲਗ ਪਏ। ਨਤੀਜਾ ਇਹ ਹੋਇਆ ਕਿ ਆਹਿਸਤਾ-ਆਹਿਸਤਾ ਸ਼੍ਰੋਮਣੀ ਅਕਾਲੀ ਦਲ ਵਿਚ ਲੋਕਤਾਂਤ੍ਰਿਕ ਪ੍ਰਕ੍ਰਿਆ ਪੁਰ ਅਮਲ ਕੀਤਾ ਜਾਣਾ ਬੰਦ ਹੋਣਾ ਸ਼ੁਰੂ ਹੋ ਗਿਆ। ਇਸਤਰ੍ਹਾਂ ਜਦੋਂ ਦਲ ਪੁਰ ਵਿਅਕਤੀ-ਵਿਸ਼ੇਸ਼ ਦੀ ਸੱਤਾ ਕਾਇਮ ਹੋਣ ਲਗੀ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਵਿਚ ਟੁਟ-ਭਜ ਵੀ ਹੋਣ ਲਗ ਪਈ। ਅਕਾਲੀ ਦਲਾਂ ਦੇ ਨਾਂ ਦੇ ਨਾਲ ਸੰਤ ਫਤਹ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਸ. ਸੁਰਜੀਤ ਸਿੰਘ ਬਰਨਾਲਾ, ਸ. ਸਿਮਰਨਜੀਤ ਸਿੰਘ ਮਾਨ ਤੇ ਸ. ਪ੍ਰਕਾਸ਼ ਸਿੰਘ ਬਾਦਲ ਆਦਿ ਦੇ ਨਾਂ ਜੁੜਨ ਲਗ ਪਏ। ਨਤੀਜੇ ਵਜੋਂ ਇਕ ਤੋਂ ਬਾਅਦ ਇਕ ਕਰ ਨਵੇਂ ਤੋਂ ਨਵੇਂ ਅਕਾਲੀ ਦਲ ਹੋਂਦ ਵਿੱਚ ਆਉਣੇ ਸ਼ੁਰੂ ਹੋ ਗਏ। ਜਿਸਤਰ੍ਹਾਂ ਇਨ੍ਹਾਂ ਅਕਾਲੀ ਦਲਾਂ ਦੇ ਨਾਂ ਨਾਲ ਨਿਜੀ ਵਿਅਕਤੀਆਂ ਦੇ ਨਾਂ ਜੁੜਨ ਲਗੇ, ਉਸ ਨਾਲ ਇਹ ਅਕਾਲੀ ਦਲ ਸਮੁਚੇ ਪੰਥ ਦੇ ਪ੍ਰਤੀਨਿਧ ਨਾ ਰਹਿ ਕੇ 'ਪ੍ਰਾਈਵੇਟ ਲਿ. ਕੰਪਨੀਆਂ' ਬਣਨ ਲਗ ਪਏ। ਜੋ ਜਿਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਾਂ ਦੂਜੇ ਸਬਦਾਂ ਵਿਚ ਪ੍ਰਾਈਵੇਟ ਲਿ. ਕੰਪਨੀ ਦਾ ਚੇਅਰਮੈਨ ਹੁੰਦਾ, ਉਹ ਨਾ ਕੇਵਲ ਆਪਣੀ ਵਰਕਿੰਗ ਕਮੇਟੀ (ਬੋਰਡ ਆਫ ਡਾਇਰੈਕਟਰਸ) ਦਾ ਆਪ ਹੀ ਗਠਨ ਕਰਦਾ, ਸਗੋਂ ਉਪਰ ਤੋਂ ਹੇਠਾਂ ਤਕ ਦੀਆਂ ਨਿਯੁਕਤੀਆਂ ਵੀ ਉਹ ਆਪਣੀ ਇੱਛਾ-ਅਨੁਸਾਰ ਤੇ ਵਫਾਦਾਰੀ ਦੇ ਆਧਾਰ ਤੇ ਹੀ ਕਰਦਾ। ਅਜ ਜਿਤਨੇ ਵੀ ਅਕਾਲੀ ਦਲ ਹੌਂਦ ਵਿਚ ਹਨ, ਉਹ ਸਾਰੇ ਹੀ ਇਸੇ ਤਰ੍ਹਾਂ ਦੀਆਂ ਪ੍ਰਾਈਵੇਟ ਲਿ. ਕੰਪਨੀਆਂ ਹੀ ਬਣਕੇ ਰਹਿ ਗਏ ਹੋਏ ਹਨ।
ਇਸ ਸਥਿਤੀ ਦੇ ਫਲਸਰੂਪ ਅਕਾਲੀ ਦਲਾਂ ਦੇ ਉਪਰ ਤੋਂ ਲੈ ਕੇ ਹੇਠਾਂ ਤਕ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਜਵਾਬ-ਦੇਹੀ ਲੋਕਾਂ ਜਾਂ ਪੰਥ ਪ੍ਰਤੀ ਨਾ ਰਹਿ ਕੇ, ਦਲ ਦੇ ਕੌਮੀ ਪ੍ਰਧਾਨ, ਅਰਥਾਤ ਜਾਂ ਇਉਂ ਕਹਿ ਲਉ ਕਿ ਪ੍ਰਾਈਵੇਟ ਲਿ. ਕੰਪਨੀ ਦੇ ਚੇਅਰਮੈਨ ਪ੍ਰਤੀ ਹੀ ਸੀਮਤ ਹੋ ਕੇ ਰਹਿ ਗਈ ਹੈ। ਜਿਸਦਾ ਨਤੀਜਾ ਇਹ ਹੋਇਆ ਹੈ ਕਿ ਅਕਾਲੀ ਦਲਾਂ ਵਿਚ ਹੀ ਨਹੀਂ, ਸਗੋਂ ਅਕਾਲੀ ਦਲਾਂ ਦੇ ਅਧੀਨ ਸੰਸਥਾਵਾਂ ਵਿਚ ਵੀ ਭਰਿਸ਼ਟਾਚਾਰ ਵਧਣਾ ਸ਼ੁਰੂ ਹੋ ਗਿਆ। ਜ਼ਾਬਤਾ ਤਾਂ ਬੀਤੇ ਦੀ ਹੀ ਗਲ ਹੋ ਕੇ ਰਹਿ ਗਿਆ ਹੈ।
ਅਜ ਸਿੱਖਾਂ ਦੀਆਂ ਵਡੀਆਂ ਧਾਰਮਕ ਸੰਸਥਾਵਾਂ ਪੁਰ ਅਕਾਲੀ ਦਲਾਂ ਦੀ ਹੀ ਸੱਤਾ ਕਾਇਮ ਹੈ। ਇਨ੍ਹਾਂ ਸੰਸਥਾਵਾਂ ਦਾ ਪ੍ਰਬੰਧਕੀ ਢਾਂਚਾ ਜਿਸਤਰ੍ਹਾਂ ਦਾ ਕੰਮ ਕਰ ਰਿਹਾ ਹੈ, ਉਸਦੀ ਘੋਖ ਕੀਤਿਆਂ ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਵਡੀਆਂ ਧਾਰਮਕ ਸਮਸਥਾਵਾਂ ਵਿਚ ਭਰਿਸ਼ਟਾਚਾਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਜ਼ਾਬਤਾ ਦੰਮ ਤੋੜਦਾ ਵਿਖਾਈ ਦੇ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲਾਂ ਦੇ ਮੁਖੀਆਂ ਨੇ ਧਾਰਮਕ ਮਰਿਆਦਾਵਾਂ ਦੇ ਪਾਲਣ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਧਾਰਮਕ ਜਥੇਬੰਦੀਆਂ ਨੂੰ ਸਹਿਯੋਗ ਦੇਣ ਪ੍ਰਤੀ ਜ਼ਿਮੇਂਦਾਰੀ ਨਿਭਾਉਣ ਦੀ ਬਜਾਏ, ਇਨ੍ਹਾਂ ਸੰਸਥਾਵਾਂ ਨੂੰ ਰਾਜਨੀਤੀ ਵਿਚ ਸਥਾਪਤ ਹੋਣ ਲਈ ਪੌੜੀ ਵਜੋਂ ਇਸਤੇਮਾਲ ਕਰਨ ਦੇ ਉਦੇਸ਼ ਨਾਲ ਹੀ, ਇਨ੍ਹਾਂ ਦੀ ਸੱਤਾ ਪੁਰ ਆਪਣਾ ਕਬਜ਼ਾ ਕਾਇਮ ਕਰਨ ਅਤੇ ਕਾਇਮ ਰਖਣ ਲਈ ਹਰ ਤਰ੍ਹਾਂ ਦੇ ਜਾਇਜ਼-ਨਾਜਾਇਜ਼ ਹਥਕੰਡੇ ਅਪਨਾਉਣੇ ਸ਼ੁਰੂ ਕਰ ਦਿਤੇ ਹਨ। ਮੈਂਬਰਾਂ ਦਾ ਸਹਿਯੋਗ ਅਤੇ ਸਮਰਥਨ ਪ੍ਰਾਪਤ ਕਰੀ ਰਖਣ ਲਈ, ਉਨ੍ਹਾਂ ਦੇ ਸਾਹਮਣੇ ਗੋਡੇ ਟੇਕੇ ਜਾਣ ਲਗੇ ਹਨ। ਮੈਂਬਰ ਇਸ ਸਥਿਤੀ ਦਾ ਪੂਰਾ-ਪੂਰਾ ਲਾਭ ਉਠਾਣ ਲਈ ਤਤਪਰ ਹੋ ਗਏ ਹੋਏ ਹਨ। ਉਹ ਆਪਣਾ ਸਹਿਯੋਗ ਤੇ ਸਮਰਥਨ ਦੇਣ ਦਾ ਪੂਰਾ-ਪੂਰਾ ਮੁਲ ਵਸੂਲ ਕਰਨ ਲਗੇ ਹਨ। ਇਹ ਮੁਲ ਉਹ ਵਫਾਦਾਰੀ ਬਦਲਣ ਲਈ ਵੀ ਵਸੂਲ ਕਰਦੇ ਹਨ ਤੇ ਵਫਾਦਾਰ ਬਣੇ ਰਹਿਣ ਲਈ ਵੀ। ਜਿਸ ਕਾਰਣ ਉਨ੍ਹਾਂ ਨੂੰ ਖੁਲ੍ਹੀ ਛੋਟ ਮਿਲ ਜਾਂਦੀ ਹੈ ਕਿ ਉਹ ਸੰਸਥਾ ਵਿੱਚ ਜਿਵੇਂ ਤੇ ਜਿਤਨੀ ਚਾਹੁਣ ਲੁਟਮਾਰ ਕਰਨ।
ਦਿੱਲੀ ਗੁਰਦੁਆਰਾ ਕਮੇਟੀ ਦੀਆਂ ਪਿਛਲੀਆਂ ਚੋਣਾਂ ਸਮੇਂ ਇਕ ਵਿਅਕਤੀ, ਜੋ ਇਸ ਸਮੇਂ ਗੁਰਦੁਆਰਾ ਕਮੇਟੀ ਦਾ ਮੈਂਬਰ ਹੈ, ਨੇ ਦਸਿਆ ਕਿ ਉਸਦੇ ਇਲਾਕੇ ਦਾ ਇਕ ਸਿੱਖ ਮੁਖੀ ਗੁਰਦੁਆਰਾ ਕਮੇਟੀ ਦੀ ਚੋਣ ਲੜਨ ਲਈ ਟਿਕਟ ਲੈਣ ਦੇ ਉਦੇਸ਼ ਨਾਲ ਇਕ ਅਕਾਲੀ ਗੁਟ ਦੇ ਨੇਤਾ ਪਾਸ ਗਿਆ। ਜਦੋਂ ਉਸਨੇ ਟਿਕਟ ਦੀ ਮੰਗ ਉਸ ਨੇਤਾ ਸਾਹਮਣੇ ਰਖੀ ਤਾਂ ਉਸਨੂੰ ਕਿਹਾ ਗਿਆ ਕਿ ਟਿਕਟ ਤਾਂ ਉਸਨੂੰ ਮਿਲ ਸਕਦਾ ਹੈ, ਪਰ ਇਸਦੇ ਮੁਲ ਵਜੋਂ aੁਸਨੂੰ ਪੰਜ ਲਖ ਰੁਪਏ ਤਾਰਨੇ ਹੋਣਗੇ। ਟਿਕਟ ਦੇ ਇੱਛੁਕ ਸਜਣ ਨੇ ਕਿਹਾ ਕਿ ਉਹ ਤਾਂ ਕੇਵਲ ਢਾਈ ਲਖ ਰੁਪਏ ਹੀ ਦੇ ਸਕਦਾ ਹੈ। ਇਸਤੇ ਉਸ ਅਕਾਲੀ ਨੇਤਾ ਨੇ ਕਿਹਾ ਕਿ ਪੰਜ ਲਖ ਨਾ ਦੇਣ ਤੇ, ਉਸਨੂੰ ਟਿਕਟ ਨਹੀਂ ਮਿਲ ਸਕੇਗਾ, ਫਲਸਰੂਪ ਉਹ ਚੋਣ ਨਹੀਂ ਲੜ ਸਕੇਗਾ, ਕਿਉਂਕਿ ਦੂਸਰੇ ਗੁਟ ਨੇ ਤਾਂ ਆਪਣੇ ਉਮੀਦਵਾਰ ਦਾ ਐਲਾਨ ਕਰ ਹੀ ਦਿਤਾ ਹੋਇਆ ਹੈ, ਇਸ ਕਰਕੇ ਉਧਰੋਂ ਤਾਂ ਤੈਨੂੰ ਟਿਕਟ ਮਿਲਣੋ ਰਹੀ। ਇਧਰੋਂ ਵੀ ਟਿਕਟ ਨਾ ਮਿਲੀ ਤਾਂ ਤੂੰ ਘਾਟੇ ਵਿਚ ਹੀ ਰਹੇਂਗਾ, ਪਰ ਟਿਕਟ ਲੈ ਤੇ ਮੈਂਬਰ ਬਣ ਤੂੰ ਘਾਟੇ ਵਿਚ ਨਹੀਂ ਰਹੇਂਗਾ, ਕਿਉਂਕਿ ਹਰ ਸਾਲ ਅੰਤ੍ਰਿੰਗ ਬੋਰਡ ਦੀ ਚੋਣ ਸਮੇਂ ਸਾਨੂੰ ਤੇਰੀ ਮਦਦ ਦੀ ਲੋੜ ਬਣੀ ਰਹਿਣੀ ਹੈ ਤੇ ਤੈਨੂੰ ਆਪਣੇ ਨਾਲ ਰਖਣ ਲਈ ਸਾਨੂੰ ਹਰ ਵਾਰ ਹੀ ਮੁਲ ਚੁਕਾਣਾ ਪਿਆ ਕਰੇਗਾ। ਇਸਲਈ ਅਸੀਂ ਤਾਂ ਪੰਜ ਲਖ ਲੈ ਕੇ ਵੀ ਘਾਟੇ ਵਿਚ ਰਹਾਂਗੇ, ਪਰ ਤੂੰ ਪੰਜ ਲਖ ਦੇ ਕੇ ਵੀ ਫਾਇਦੇ ਵਿਚ ਰਹੇਂਗਾ।
ਇਸ ਸਾਰੀ ਗਲਬਾਤ ਬਾਰੇ ਜਦੋਂ ਇਕਲਵਾਂਜੇ ਬੈਠ, ਵਿਚਾਰ ਕੀਤੀ ਗਈ ਤਾਂ ਇਉਂ ਜਾਪਿਆ ਜਿਵੇਂ ਧਾਰਮਕ ਸੰਸਥਾਵਾਂ ਦਾ ਰਾਜਨੀਤੀ-ਕਰਣ ਕੀਤੇ ਜਾਣ ਦੇ ਕਾਰਣ ਹੀ, ਉਨ੍ਹਾਂ ਵਿਚ ਨਿਘਾਰ ਆਉਣਾ ਸ਼ੁਰੂ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ, ਜਿਸਦੀ ਸਥਾਪਨਾ ਗੁਰਧਾਮਾਂ ਵਿਚ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਕਾਇਮ ਰਖਣ ਲਈ, ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਤੇ ਦੂਜੀਆਂ ਧਾਰਮਕ ਸੰਸਥਾਵਾਂ ਨੂੰ ਸਹਿਯੌਗ ਦੇਣ ਲਈ ਕੀਤੀ ਗਈ ਸੀ, ਉਸਦੇ ਮੁਖੀਆਂ ਨੇ ਉਨ੍ਹਾਂ ਨੂੰ ਸਹਿਯੋਗ ਦੇਣ ਦੀ ਬਜਾਏ, ਉਨ੍ਹਾਂ ਦੀ ਵਰਤੋਂ ਰਾਜਨੈਤਿਕ ਸੁਆਰਥ ਦੀ ਪੂਰਤੀ ਲਈ ਕਰਨੀ ਸ਼ੁਰੂ ਕਰ ਦਿਤੀ ਹੈ।  
ਇਸ ਸਥਿਤੀ ਦੇ ਸੰਬੰਧ ਵਿਚ ਜਦੋਂ ਕੁਝ ਬਜ਼ੁਰਗ ਤੇ ਟਕਸਾਲੀ ਆਗੂਆਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ  ਕਿਹਾ ਕਿ ਅਸਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲਗੇ ਮੋਰਚਿਆਂ ਵਿਚ ਸ਼ਾਮਲ ਹੋ ਕੁਰਬਾਨੀਆਂ ਇਸ ਕਰਕੇ ਨਹੀਂ ਸੀ ਦਿਤੀਆਂ, ਕਿ ਇਹ ਪੰਥਕ-ਜਥੇਬੰਦੀ ਗ਼ੈਰ-ਪੰਥਕਾਂ ਦੇ ਹਵਾਲੇ ਕਰ ਦਿਤੀ ਜਾਏ, ਤੇ ਇਸ ਪੁਰ ਉਹ ਵਿਅਕਤੀ ਕਾਬਜ਼ ਹੋ ਜਾਣ, ਜਿਨ੍ਹਾਂ ਦੇ ਦਿਲ ਵਿਚ ਪੰਥ ਦੀ ਸੇਵਾ ਕਰਨ, ਗੁਰਧਾਮਾਂ ਦੀ ਪਵਿਤ੍ਰਤਾ ਕਾਇਮ ਰਖਣ ਅਤੇ ਧਾਰਮਕ ਮਰਿਆਦਾਵਾਂ ਤੇ ਪਰੰਪਰਾਵਾਂ ਦਾ ਪਾਲਣ ਕਰਨ ਪ੍ਰਤੀ ਰਤੀ ਭਰ ਵੀ ਭਾਵਨਾ ਨਾ ਹੋਵੇ। ਉਹ ਕੇਵਲ ਆਪਣੀ ਰਾਜਸੀ ਲਾਲਸਾ ਨੂੰ ਹੀ ਪੂਰਿਆਂ ਕਰਨ ਲਈ ਇਸ ਜਥੇਬੰਦੀ ਦੇ ਨਾਂ ਦੀ ਵਰਤੋਂ ਕਰ ਲਗ ਪੈਣ।
…ਅਤੇ ਅੰਤ ਵਿਚ : ਗਲਬਾਤ ਵਿੱਚ ਇਕ ਸਜਣ ਨੇ ਤਾਂ ਦੁਖੀ ਲਹਿਜੇ ਵਿਚ ਇਹ ਕਹਿਣੋਂ ਵੀ ਸੰਕੋਚ ਨਹੀਂ ਕੀਤਾ ਕਿ ਅਜ ਕੋਈ ਵੀ ਅਜਿਹਾ ਅਕਾਲੀ ਦਲ ਨਹੀਂ, ਜੋ ਪੁਰਾਤਨ ਅਕਾਲੀ ਦਲ ਦੀਆਂ ਕੁਰਬਾਨੀਆਂ ਅਤੇ ਪਰੰਪਰਾਵਾਂ ਦਾ ਵਾਰਿਸ ਹੋਣ ਦਾ ਦਾਅਵਾ ਕਰ ਸਕੇ। ਸਾਰੇ ਦੇ ਸਾਰੇ ਅਕਾਲੀ ਦਲ ਹੀ ਨਿਜੀ ਦੁਕਾਨਾਂ ਤੇ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣ ਗਏ ਹੋਏ ਹਨ। ਉਸਨੇ ਅੱਖਾਂ ਵਿਚ ਹੰਝੂ ਭਰ ਕਿਹਾ ਕਿ ਇਨ੍ਹਾਂ ਦੁਕਾਨਾਂ ਤੇ ਪ੍ਰਾਈਵੇਟ ਕੰਪਨੀਆਂ ਦੇ ਦਰਵਾਜ਼ਿਆਂ ਤੇ 'ਸ਼੍ਰੋਮਣੀ ਅਕਾਲੀ ਦਲ' ਦੇ ਨਾਂ ਨਾਲ ਇਨ੍ਹਾਂ ਦੇ ਮਾਲਕਾਂ ਦੇ ਨਾਂ ਲਿਖੇ ਵੇਖ, ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਜ਼ਰੂਰ ਹੀ ਕੁਰਲਾਂਦੀਆਂ ਹੋਣਗੀਆਂ, ਜਿਨ੍ਹਾਂ ਸ਼੍ਰੌਮਣੀ ਅਕਾਲੀ ਦਲ ਦੇ ਪੰਥਕ ਸੰਵਿਧਾਨ ਦਾ ਸਨਮਾਨ ਕਰਦਿਆਂ, ਇਸਦੇ ਝੰਡੇ ਹੇਠ ਲਾਏ ਗਏ ਮੋਰਚਿਆਂ ਵਿਚ ਵਧ-ਚੜ੍ਹ ਕੇ ਹਿਸਾ ਲਿਆ ਸੀ ਤੇ ਕੁਰਬਾਨੀਆਂ ਕੀਤੀਆਂ ਸਨ ਅਤੇ ਜਿਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਪੰਥਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਸਿੱਖੀ ਤੇ ਸਿੱਖਾਂ ਦਾ ਮਾਣ-ਸਤਿਕਾਰ ਵਧਾਣ ਵਿਚ ਇਸਦੀ ਮੁਖ ਭੁਮਿਕਾ ਹੋਵੇਗੀ। ਜਿਨ੍ਹਾਂ ਨੂੰ ਇਹ ਵਿਸ਼ਵਾਸ ਵੀ ਸੀ ਕਿ ਸ਼੍ਰੌਮਣੀ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਗੁਰਧਾਮਾਂ ਦੀ ਮਰਿਆਦਾ, ਪਰੰਪਰਾ ਅਤੇ ਪਵਿਤ੍ਰਤਾ ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਕੁਰਬਾਨੀਆਂ ਕਰਨ ਵਾਲਿਆਂ ਨੂੰ ਕਦੀ ਸੁਪਨੇ ਵਿਚ ਵੀ ਇਹ ਖਿਆਲ ਨਹੀਂ ਆਇਆ ਹੋਵੇਗਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁਲ ਵਟ ਕੇ, ਅਖੌਤੀ ਅਕਾਲੀ ਆਗੂਆਂ ਵਲੋਂ ਆਪਣੀ ਰਾਜਸੀ ਸੱਤਾ ਦੀ ਲਾਲਸਾ ਪੂਰੀ ਕੀਤੀ ਜਾਇਆ ਕਰੇਗੀ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਉਨ੍ਹਾਂ ਮੰਤਵਾਂ ਅਤੇ ਆਦਰਸ਼ਾਂ ਵਲੋਂ ਮੂੰਹ ਮੋੜ ਲਿਆ ਜਾਇਗਾ, ਜਿਨ੍ਹਾਂ ਨੂੰ ਮੁਖ ਰਖ ਕੇ ਇਸਦੀ ਸਥਾਪਨਾ ਅਤੇ ਜਿਨ੍ਹਾਂ ਨਾਲ ਨਿਭਣ ਦੀ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਸੀ।