ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮਨੁੱਖ ਧਰਤੀ ਦਾ ਸਭ ਤੋਂ ਖਤਰਨਾਕ ਜਾਨਵਰ ?


ਮਨੁੱਖ ਧਰਤੀ ਦਾ ਸਭ ਤੋਂ ਖਤਰਨਾਕ ਜਾਨਵਰ ਹੈ।  ਅੱਜ ਧਰਤੀ ਉੱਪਰ ਰਾਜ ਕਰਨ ਵਾਲਾ ਆਦਮੀ ਨਾਂ ਦਾ ਇਹ ਜਾਨਵਰ ਜਿਸ ਧਰਤੀ ਦੇ ਸਹਾਰੇ ਜਿਉਂ ਰਿਹਾ ਹੈ ਉਸਨੂੰ ਹੀ ਤਬਾਹ ਕਰਨ ਲੱਗਿਆ ਹੋਇਆ ਹੈ। ਕੁਦਰਤ ਵੱਲੋਂ ਬਖਸੀਆਂ ਅਸੀਮ ਤਾਕਤਾਂ ਨਾਲ ਕੁਦਰਤ ਨੂੰ ਹੀ ਆਪਣੇ ਬੱਸ ਵਿੱਚ ਕਰਨ ਲੱਗਿਆ ਹੋਇਆ ਹੈ।ਕੁਦਰਤ ਦੀ ਨਿਗਾਹ ਵਿੱਚ ਇਸ ਬ੍ਰਹਿਮੰਡ ਵਿੱਚ ਹਰ ਵਸਤੂ ਮਹਾਨ ਹੈ ਪਰ ਇੱਥੇ ਵਸਣ ਵਾਲੇ ਆਦਮੀ ਨੇ ਆਪਣੇ ਆਪ ਨੂੰ ਹੀ ਮਹਾਨ ਗਰਦਾਨ ਲਿਆ ਹੈ।ਕੁਦਰਤ ਦੀ ਦੇਣ ਅਨੁਸਾਰ ਹਰ ਜੀਵਤ ਦਿਸਣ ਵਾਲੇ ਜੀਵਾਂ ਨੂੰ ਲੋੜ ਅਨੁਸਾਰ ਸੋਝੀ ਕੁਦਰਤ ਨੇ ਦਿੱਤੀ ਹੈ ਪਰ ਮਨੁੱਖ ਆਪਣੇ ਆਪ ਨੂੰ ਸਭ ਤੋਂ ਵੱਧ  ਸੋਝੀਵਾਨ ਹੋਣ ਦਾ ਦਾਅਵਾ ਕਰੀ ਜਾ ਰਿਹਾ ਹੈ। ਇਸ ਧਰਤੀ ਉੱਪਰ ਵੱਸਣ ਵਾਲੇ ਸਾਰੇ ਜੀਵ ਆਪੋ ਆਪਣੇ  ਜੀਵਨ ਤਲ ਤੇ ਮਨੁੱਖ ਨਾਲੋਂ ਵੱਧ ਸੂਝਵਾਨ ਹਨ।ਇਸ ਤਰਾਂ ਹੀ ਮਨੁੱਖ ਆਪਣੇ ਜੀਵਨ ਤਲ ਤੇ ਦੂਸਰਿਆਂ ਤੋਂ ਵੱਖਰਾ ਹੈ ਅਤੇ ਇਹ ਸਭ ਤੋਂ ਵੱਧ ਸਵਾਰਥੀ ਅਤੇ ਬੇ ਅਸੂਲਾ ਵੀ ਹੈ। ਆਪਣੇ ਲਾਲਚ ਲਈ ਇਹ ਦੁਨੀਆਂ ਦੀ ਹਰ ਚੀਜ ਨੂੰ ਤੋੜ ਮਰੋੜ ਸਕਦਾ ਹੈ। ਧਰਤੀ ਉੱਪਰ ਮਨੁੱਖ ਹੀ ਇੱਕ ਇਹੋ ਜਿਹਾ ਜਾਨਵਰ ਹੈ ਜੋ ਲੋੜ ਤੋਂ ਬਿਨਾਂ ਵੀ ਦੁਨਿਆਵੀ ਚੀਜਾਂ ਦੇ ਢੇਰ ਇਕੱਠੇ ਕਰਦਾ ਰਹਿੰਦਾਂ ਹੈ। ਇਸ ਬਿਨ ਲੋੜੋਂ ਚੀਜਾਂ ਇਕੱਠੀਆਂ ਕਰਨ ਦੀ ਆਦਤ ਕਾਰਨ ਹੀ ਆਪਣੀ ਆਦਮਜਾਤ ਨੂੰ ਵੀ ਕਤਲ ਕਰਨ ਤੋਂ ਗੁਰੇਜ ਨਹੀ ਕਰਦਾ। ਇਸ ਲਾਲਚ ਕਾਰਨ ਹੀ ਅਤੇ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਲਾਲਸਾ ਕਾਰਣ ਇਹ ਜਿਸ ਧਰਤੀ ਉੱਪਰ ਵੱਸਦਾ ਹੈ ਉਸਨੂੰ ਵੀ ਤਬਾਹ ਕਰਨ ਤੋਂ ਗੁਰੇਜ ਨਹੀਂ ਕਰ ਰਿਹਾ।ਧਰਤੀ ਦੇ ਖਜਾਨੇ ਨੂੰ ਵਰਤਣ ਦੀ ਥਾਂ ਚੰਦਰਮਾਂ ਤੋਂ ਧਰਤੀ ਨੂੰ ਤਬਾਹ ਕਰ ਦੇਣ ਵਾਲੇ ਯੂਰੇਨੀਅਮ ਨੂੰ ਲਿਆਉਣ ਦੀਆਂ ਸਕੀਮਾਂ ਬਣਾ ਰਿਹਾ ਹੈ ਜਿਸ ਨਾਲ ਐਟਮੀ ਬੰਬ ਬਣਾਏ ਜਾਣਗੇ। ਇਹਨਾਂ ਅਸੀਮ ਤਾਕਤ ਵਾਲੇ ਐਟਮ ਬੰਬਾਂ ਨੇ ਹੀ ਇੱਕ ਦਿਨ ਧਰਤੀ ਨੂੰ ਤਬਾਹ ਕਰ ਦੇਣਾਂ ਹੈ ਜਿਸ ਨਾਲ ਇਸ ਮਨੁੱਖ ਨਾਂ ਦੇ ਜਾਨਵਰ ਨੇ ਵੀ ਖਤਮ ਹੋ ਜਾਣਾਂ ਹੈ।
                                       ਆਉ ਵਿਸਲੇਸਣ ਕਰੀਏ ਕਿ ਮਨੱਖ ਦੀ ਔਕਾਤ ਦੂਸਰੇ ਜਾਨਵਰਾਂ ਸਾਹਮਣੇ ਕੀ ਹੈ{ ਮਨੁੱਖ ਦੀ ਸੁੰਘਣ ਸਕਤੀ ਕੁੱਤੇ ਅਤੇ ਘੋੜੇ ਤੋਂ ਹਜਾਰਾਂ ਗੁਣਾਂ ਘੱਟ ਹੈ। ਦੇਖਣ ਦੀ ਸਕਤੀ ਵਿੱਚ ਅਨੇਕਾਂ ਪੰਛੀ ਜਿਵੇਂ ਬਾਜ ਇੱਲ ਆਦਿ ਮਨੁੱਖ ਨਾਲੋ ਹਜਾਰਾਂ ਗੁਣਾਂ ਅੱਗੇ ਹਨ।ਮਨੁੱਖ ਦਾ ਜਮਾਤੀ ਜਾਨਵਰ ਬਾਂਦਰ ਟਪੂਸੀਆਂ ਮਾਰਨ ਵਿੱਚ ਮਨੁੱਖ ਨਾਲੋਂ ਕਿਤੇ ਵਧੀਆ ਖਿਡਾਰੀ ਹੈ। ਧਰਤੀ ਦੀ ਥਿਰਕਣ ਨੂੰ ਮਹਿਸੂਸ ਕਰਨ ਵਿੱਚ ਰੀਂਘ ਕੇ ਤੁਰਨ ਵਾਲੇ ਸਾਰੇ ਜਾਨਵਰ ਅੱਗੇ ਹਨ ਜਿਵੇਂ ਸੱਪ ਸੁਣਨ ਦੀ ਸਕਤੀ ਤੋਂ ਬਿਨਾਂ ਹੋਣ ਦੇ ਬਾਵਜੂਦ ਬੀਨ ਦੀ ਆਵਾਜ ਦੁਆਰਾ ਪੈਦਾ ਹੋਣ ਵਾਲੀ ਧਰਤੀ ਦੀ ਥਿਰਕਣ ਨੂੰ ਵੀ ਮਹਿਸੂਸ ਕਰਕੇ ਨੱਚਣ ਲੱਗ ਜਾਂਦਾ ਹੈ।ਧਰਤੀ ਵਿੱਚੋਂ ਉੱਠਣ ਵਾਲੇ ਭੂਚਾਲਾਂ ਨੂੰ ਅਨੇਕਾਂ ਜਾਨਵਰ ਪਹਿਲਾਂ ਹੀ ਮਹਿਸੂਸ ਕਰ ਲੈਦੇ ਹਨ।ਅਨੇਕਾਂ ਜਾਨਵਰ ਗੰਧ ਨੂੰ ਲੱਖਾ ਕਿਲੋਮੀਟਰ ਤੋਂ ਵੀ ਮਹਿਸੂਸ ਕਰ ਲੈਦੇ ਹਨ ਜਦਕਿ ਮਨੁੱਖ ਨੂੰ ਆਪਣੇ ਹੱਥੀਂ ਲਾਏ ਉਦਯੋਗਿਕ ਪਰਦੂਸਣ ਨੂੰ ਵੀ ਮਹਿਸੂਸ ਕਰਨ ਦੀ ਸੋਝੀ ਨਹੀਂ।ਇਸ ਕੁਦਰਤ ਦੇ ਅਸੀਮ ਰਾਜ ਵਿੱਚ ਮਨੁੱਖ ਆਪਣੇ ਆਪ ਨੂੰ ਕਦੀ ਵੀ ਮਹਾਨ ਨਹੀਂ ਬਣਾ ਸਕੇਗਾ ਅਸਲ ਵਿੱਚ ਇਸ ਬਰਹਿਮੰਡ ਦੇ ਵਿੱਚ ਲੁਕੀ ਹੋਈ ਅਨੰਤ ਊਰਜਾ ਹੀ ਇਸਦੀ ਅਸਲ ਮਾਲਕ ਹੈ।ਇਸ ਅਣਜਾਣੀ ,ਅਕੱਥ ,ਅਸੀਮ ਤਾਕਤ ਨੂੰ ਹੀ ਇਹ ਮਨੁੱਖ ਅੱਲਾ,ਰਾਮ, ਵਾਹਿਗੁਰੂ, ਗਾਡ, ਆਸਤਿਕਤਾ ,ਨਾਸਤਿਕਤਾ ਦੇ ਨਾਂ ਦਿੰਦਾ ਰਹਿੰਦਾ ਹੈ। ਇਸ ਕੁਦਰਤ ਦੀ ਅਸੀਮ ਤਾਕਤ ਵਿੱਚੋਂ ਪੈਦਾ ਹੋਇਆ ਮਨੁੱਖ ਲੱਖ ਦਾਅਵੇ ਕਰੇ ਕਿ ਇਹ ਹੀ ਮਹਾਨ ਹੈ ਪਰ ਗਿਆਨ ਇੰਦਰੀਆਂ ਦੇ ਅਧਾਰ ਤੇ ਫੈਸਲਾ ਕਰਨਾਂ ਹੋਵੇ ਤਾਂ ਹਰ ਗਿਆਨ ਇੰਦਰੀ ਦੇ ਆਧਾਰ ਤੇ ਹੋਰ ਜੀਵ ਜੰਤੂ ਇਸ ਨਾਲੋਂ ਅੱਗੇ ਦਿਖਾਈ ਦੇਣਗੇ। ਅਸਲ ਵਿੱਚ ਆਦਮ ਜਾਤ ਦੂਜੀਆਂ ਪਰਜਾਤੀਆਂ ਨਾਲੋਂ ਸਿਰਫ ਬੇਈਮਾਨੀ ਅਤੇ ਚਲਾਕੀ ਕਾਰਨ ਹੀ ਅੱਗੇ ਹੈ। ਕਮੀਨਗੀ ਦੀਆਂ ਹੱਦਾਂ ਨੂੰ ਲੰਘ ਚੁੱਕੀ ਆਦਮਜਾਤ ਦਇਆ ਅਤੇ ਧਰਮ ਤੋਂ ਰਹਿਤ ਹੋ ਜਾਂਦੀ ਹੈ ਅਤੇ ਸਬਰ ਵਿਹੂਣੀ ਹੋਣਾਂ ਉਸਦੀ ਨਿਸਾਨੀ ਹੁੰਦਾ ਹੈ। ਜਦ ਸੇਰ ਰੱਜਿਆ ਹੁੰਦਾ ਹੈ ਤਦ ਆਮ ਜਾਨਵਰ ਵੀ ਉਸ ਕੋਲ ਘਾਹ ਚਰਦੇ ਰਹਿੰਦੇ ਹਨ ਕਿਉਂਕਿ ਰੱਜਿਆ ਸੇਰ ਕਦੇ ਸਿਕਾਰ ਨਹੀਂ ਕਰਦਾ। ਆਦਮ ਜਾਤ ਰੱਜੀ ਹੋਈ ਵੀ ਉਜਾੜਾ ਕਰਨੋਂ ਨਹੀਂ ਹੱਟਦੀ ।ਆਦਮਜਾਤ  ਜਿੰਦਗੀ ਜਿਉਣ ਯੋਗਾ ਬਹੁਤ ਕੁੱਝ ਕੋਲ ਹੋਣ ਦੇ ਬਾਵਜੂਦ ਵੀ ਦੂਸਰਿਆਂ ਦੀ ਰੋਟੀ ਖੋਹਣ ਤੋਂ ਗੁਰੇਜ ਨਹੀਂ ਕਰਦੀ। ਸੱਤ ਪੁਸਤਾਂ ਦੀਆਂ ਲੋੜਾਂ ਯੋਗੀ ਜਾਇਦਾਦ ਹੋਣ ਦੇ ਬਾਵਜੂਦ ਵੀ ਇਸਦੀ ਭੁੱਖ ਨਹੀਂ ਮਿਟਦੀ। ਕੀ ਇਹੋ ਜਿਹੇ ਭੁੱਖੇ ਲਾਲਚੀ ਬਿਰਤੀ ਵਾਲੀ ਜਾਨਵਰ ਜਾਤੀ ਨੂੰ ਕੁਦਰਤ ਦੀ ਸਭ ਤੋਂ ਉੱਤਮ ਕਿਰਤ ਮੰਨਿਆਂ ਜਾ ਸਕਦਾ ਹੈ।
                          ਦੋਸਤੋ ਆਪਣੇ ਮੂੰਹ ਮੀਆਂ ਮਿੱਠੂ ਬਣਕੇ ਲੱਖ ਦਾਅਵੇ ਹੋਈ ਜਾਣ ਪਰ ਅਸਲੀਅਤ ਕਦੀ ਨਹੀਂ ਬਦਲਦੀ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕਹਿਕੇ ਗੁਰੂਆਂ ਨੇ ਵੀ ਗਵਾਹੀ ਪਾਈ ਹੈ ਕਿ ਲਾਲਚੀ ਹੰਕਾਰੀ ਦਿਖਾਵੇ ਵਾਲੇ ਲੋਕ ਕੂੜ ਹੀ ਹੁੰਦੇ ਹਨ।ਇਸ ਧਰਤੀ ਨੂੰ ਸਥਿਰ ਰੱਖਣ ਵਾਲੇ ਲੋਕ ਵੀ ਹੁੰਦੇ ਹਨ ਜੋ ਧਰਮ ਅਤੇ ਦਇਆ ਦੀ ਮੂਰਤੀ ਹੁੰਦੇ ਹਨ ਸਬਰ ਉਹਨਾਂ ਦੀ ਨਿਸਾਨੀ ਹੁੰਦੀ ਹੈ। ਇਸ ਤਰਾਂ ਦੇ ਲੋਕਾਂ ਬਾਰੇ ਗੁਰਬਾਣੀ ਦਾ ਫੁਰਮਾਨ ਹੈ , ਧੌਲ, ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ॥ਸੋ ਜਿੰਨਾਂ ਚਿਰ ਆਦਮ ਜਾਤ ਵਿੱਚ ਭੁੱਖੇ ਬੇਸਬਰੇ ਲੋਕ ਦੇਖੋਗੇ ਤਦ ਸਮਝ ਲੈਣਾਂ ਚਾਹੀਦਾ ਹੈ ਕਿ ਇਹ ਇਨਸਾਨ ਨਹੀਂ ਪਸੂ ਜਾਤ ਹੈ ਪਰ ਜਦ ਵੀ ਹਰ ਕੰਮ ਦਾ ਧਰਮ ਨਿਭਾਉਣ ਵਾਲੇ ਦਇਆ ਵਾਲੇ ਸੰਤੋਖੀ ਸਬਰ ਵਾਲੇ ਮਨੁੱਖ ਨੂੰ ਦੇਖੋ ਤਦ ਸਮਝਣਾਂ ਕਿ ਇਹ ਇਨਸਾਨ ਹੈ। ਕਰਤੂਤ  ਪਸੂ ਕੀ  ਮਾਨਸ ਜਾਤ  ਕਹਿਣ ਸਮੇਂ ਗੁਰੂ ਵੀ ਮਜਬੂਰ ਹੋਏ ਹੋਣਗੇ ਜਦ ਮਨੁੱਖ ਪਸੂਆਂ ਤੋਂ ਵੀ ਗਿਰੇ ਹੋਏ ਕੰਮ ਕਰਦਾ ਦੇਖਿਆ ਹੋਵੇਗਾ।  ਧਰਮ ਵਿਹੂਣੇ ਕੰਮ ਕਰਨ ਵਾਲੇ ਨੂੰ ਪਸੂ ਜਾਤ ਕਹਿਣਾਂ ਹੀ ਗੁਰੂਆਂ ਅਨੁਸਾਰ ਸਹੀ ਹੈ। ਪਰ ਪਸੂ ਜਾਤੀ ਦੀ ਭਾਸਾ ਸਮਝਣ ਵਾਲੇ ਤਾਂ ਇਸਨੂੰ ਪਸੂਆਂ ਤੋਂ ਵੀ ਨੀਂਵਾਂ ਦਰਜਾ ਦੇਣ ਗੇ ਕਿਉਂਕਿ ਲਾਲਚੀ ਲੋਕਾਂ ਵਿੱਚ ਤਾਂ ਪਸੂਆਂ ਵਰਗਾ ਵੀ ਕੋਈ ਗੁਣ ਨਹੀਂ ਹੁੰਦਾਂ।
                                            ਗੁਰਚਰਨ ਪੱਖੋਕਲਾਂ 9417727245