ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਦੇ ਨਾਂ ਖੁੱਲ੍ਹੀ ਚਿੱਠੀ


Yell     ਭੈਣੇ ਮੇਰੀਏ ਜੁਲਮ ਕੀਤੇ ਸਹੁਰੇ ਤੇਰੇ ਨੇ............॥Yell
ਬੀਬੀ ਜੀ! ਸੋਚ ਕੇ ਵੇਖੋ ਕਿ ਜੇਕਰ ਤੁਸੀਂ ਵੀ ਦਿੱਲੀ ਵਿੱਚ ਇਨਸਾਫ ਲਈ ਰੋ ਰਹੀਆਂ ਵਿਧਵਾਵਾਂ ਵਾਂਗ ਆਪਣਾ ਪਰਿਵਾਰ ਖੋਇਆ ਹੁੰਦਾ ਤਾਂ ਅੱਜ ਤੁਹਾਡੀ ਕੀ ਹਾਲਤ ਹੋਣੀ ਸੀ, ਪਰ ਤੁਸੀਂ ਸਾਰਾ ਪਰਿਵਾਰ ਇਕੱਠਾ ਬੈਠ ਕੇ ਇਸੇ ਦਿਨ ਬਠਿੰਡੇ ਵਿੱਚ ਕਬੱਡੀ ਕੱਪ ਦੇ ਨਾਂ ਤੇ ਜਸ਼ਨ ਮਨਾਉਂਦਿਆਂ ਅੱਧ ਨੰਗੀਆਂ (ਅਸਲ ਵਿੱਚ 90% ਨੰਗੀਆਂ) ਕੁੜੀਆਂ ਦਾ ਨਾਚ ਵੇਖ ਰਹੇ ਸੀ ।
ਬੀਬੀ ਹਰਸਿਮਰਤ ਕੌਰ ਜੀ! 1 ਨਵੰਬਰ 2011 ਦੇ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਮਾਲਵਾ ਅੰਕ ਦੇ ਪੰਨਾ ਨੰ: 4 ਤੇ ਲੱਗਿਆ ਤੁਹਾਡਾ ਬਿਆਨ ਪੜ੍ਹ ਕੇ ਦਰਦ ਜਾ ਮਹਿਸੂਸ ਹੋਇਆ, ਜਿਸ ਕਾਰਨ ਤੁਹਾਨੂੰ ਸੰਬੋਧਨ ਕਰਕੇ ਇਹ ਚਿੱਠੀ ਲਿਖਣੀ ਪਈ । ਬੀਬੀ ਹਰਸਿਮਰਤ ਕੌਰ ਬਾਦਲ ਜੀ ਤੁਸੀਂ ਇਸ ਬਿਆਨ ਵਿੱਚ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਸੁਝਾਅ ਦਿੱਤਾ ਹੈ ਕਿ ਪੰਜਾਬ ਦੇ ਕਾਂਗਰਸੀਆਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਬਚਾਓ ਯਾਤਰਾ ਦੀ ਥਾਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਯਾਤਰਾ ਕੱਢਣ । ਬੀਬੀ ਜੀ ਜੇ ਤੁਹਾਡੇ ਅੰਦਰ ਮਾੜੀ ਮੋਟੀ ਅਣਖ, ਸ਼ਰਮ, ਸੱਚਾਈ ਜਾਂ ਇਨਸਾਨੀਅਤ ਹੁੰਦੀ ਤਾਂ ਤੁਸੀਂ ਇਹ ਸੁਝਾਅ ਕਾਂਗਰਸੀਆਂ ਨੂੰ ਦੇਣ ਦੀ ਬਜਾਇ ਆਪਣੇ ਸਹੁਰੇ ਪ੍ਰਕਾਸ਼ ਸਿੰਘ ਬਾਦਲ ਜਾਂ ਆਪਣੇ ਪਤੀ ਸੁਖਬੀਰ ਸਿੰਘ ਬਾਦਲ ਨੂੰ ਦੇਣਾ ਸੀ । ਕਿਉਂਕਿ ਕਾਂਗਰਸ ਨੇ ਤਾਂ ਸਿੱਖਾਂ ਦਾ ਕਤਲੇਆਮ ਕੀਤਾ ਸੀ, ਉਹ ਤਾਂ ਦੋਸ਼ੀ ਹਨ, ਕੀ ਹੁਣ ਦੋਸ਼ੀ ਹੀ ਆਪਣੇ ਆਪ ਨੂੰ ਸਜ਼ਾਵਾਂ ਦਵਾਉਣ ਲਈ ਆਪਣੇ ਵਿਰੁੱਧ ਆਪ ਹੀ ਯਾਤਰਾਵਾਂ ਕੱਢਣ? ਕਿਉਂ??  ਤੁਸੀਂ ਮਰ ਗਏ ਹੋਂ??? ਵਾਹ ਹਰਸਿਮਰਤ ਜੀ ਵਾਹ! ਬੀਬੀ ਜੀ ਤੁਹਾਡੇ ਨਾਲੋਂ ਤਾਂ ਕਾਂਗਰਸੀ ਹੀ ਚੰਗੇ ਸਨ ਜਿੰਨ੍ਹਾਂ ਨੇ ਸਿੱਖ ਕੌਮ ਨਾਲ ਦੁਸ਼ਮਣ ਵਾਲਾ ਫਰਜ ਤਾਂ ਨਿਭਾ ਦਿੱਤਾ। ਸਿੱਖਾਂ ਨੂੰ ਮਾਰ ਤਾਂ ਦਿੱਤਾ। ਪਰ ਤੁਸੀਂ ਸਿੱਖ ਹਿਤੈਸ਼ੀ ਕਹਾਉਣ ਵਾਲਿਆਂ ਨੇ ਪੀੜਤ ਸਿੱਖਾਂ ਦੇ ਮੁੜ ਵਸੇਵੇ ਲਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਹੁਣ ਤੱਕ ਕੀ ਕੀਤਾ ਹੈ? ਜਿਸ ਸਿੱਖ ਕਤਲੇਆਮ ਦੀ ਤੁਸੀਂ ਖੱਟੀ ਖਾ ਰਹੇ ਹੋ, ਭਾਵ ਕਿ ਜਿੰਨ੍ਹਾਂ ਕਤਲੇਆਮ ਦੇ ਪੀੜਤਾਂ ਦੇ ਜਖਮ ਉਚੇੜ-ਉਚੇੜ ਕੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਪ੍ਰਚਾਰ ਕੇ ਪੰਜਾਬ ਤੇ ਰਾਜ ਕਰ ਰਹੇ ਹੋ, ਅੱਜ ਉਨ੍ਹਾਂ ਪੀੜਤਾਂ ਲਈ ਇੱਕ ਯਾਤਰਾ ਵੀ ਨਹੀਂ ਕੱਢ ਸਕਦੇ, ਫਿਰ ਤੁਹਾਨੂੰ ਕੀ ਕਿਸੇ ਨੇ ਰਗੜ ਕੇ ਫੋੜੇ ਤੇ ਲਾਉਣਾ ਹੈ? ਕੁੱਝ ਤਾਂ ਸ਼ਰਮ ਕਰੋ! ਕਾਂਗਰਸ ਪਹਿਲਾਂ ਸਿੱਖਾਂ ਨੂੰ ਮਾਰੇ, ਫਿਰ ਆਪ ਹੀ ਆਪਣੇ ਆਪ ਨੂੰ ਸਜ਼ਾਵਾਂ ਦਿਵਾਵੇ, ਤੁਹਾਡਾ ਕੋੜਮਾ ਪੰਜਾਬ ਉੱਤੇ ਰਾਜ ਕਰੇ! ਵਾਹ!! ਬੀਬੀ ਜੀ ਤੁਹਾਡੀ ਸਿਆਸੀ ਕ੍ਰਿਪਾ ਸਦਕਾ ਪੰਜਾਬ ਦੀ ਅਣਖ ਮਰ ਚੁੱਕੀ ਹੈ! ਸਿੱਖਾਂ ਵਿੱਚੋਂ ਸਿੱਖੀ ਜਜਬਾ ਖਤਮ ਹੋ ਚੁੱਕਾ ਹੈ!! ਤਾਂਹੀ ਤਾਂ ਸਿੱਖ ਇਨਸਾਫ ਲਈ ਭਟਕ ਰਹੇ ਹਨ ਅਤੇ ਤੁਹਾਡੇ ਵਰਗੇ ਬੇ-ਇਨਸਾਫੀਆਂ ਕਰਵਾ ਕੇ ਇਨਸਾਫ ਦਵਾਉਣ ਦੀਆਂ ਗੱਲਾਂ ਕਰ ਰਹੇ ਹਨ। ਮੇਰੇ ਵਿਚਾਰ ਅਨੁਸਾਰ ਤਾਂ ਸਿੱਖ ਕੌਮ ਇਨਸਾਫ ਮੰਗਣ ਲਈ ਨਹੀਂ, ਇਨਸਾਫ ਦੇਣ ਲਈ ਹੋਂਦ ਵਿੱਚ ਆਈ ਸੀ। ਸਾਡੇ ਗੁਰੂਆਂ ਅਤੇ ਪੁਰਾਤਨ ਸਿੱਖਾਂ ਨੇ ਕਦੇ ਇਨਸਾਫ ਮੰਗਿਆ ਨਹੀਂ ਸੀ ਬਲਕਿ ਇਨਸਾਫ ਕਰਦੇ ਰਹੇ ਹਨ। ਨਾਲੇ ਕਦੇ ਹੱਕ ਮੰਗੇ ਨਹੀਂ ਮਿਲਦੇ ਹੁੰਦੇ, ਇਹ ਤਾਂ ਲੈਣੇ ਪੈਂਦੇ ਹਨ। ਬੀਬੀ ਜੀ ਵਰਤਮਾਨ  ਸਮੇਂ ਵਿੱਚ ਸਾਡੇ ਇਨਸਾਫ ਦਾਤੇ ਸਿੰਘ ਸਨ, ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ। ਕੀ ਕਦੇ ਇਨ੍ਹਾਂ ਨੇ ਇਨਸਾਫ ਮੰਗਿਆ ਸੀ? ਨਹੀਂ, ਇਹ ਤਾਂ ਇਨਸਾਫ ਕਰਨ ਵਾਲੇ ਸਨ, ਇਨਸਾਫ ਦੇ ਕਰਤੇ ਸਨ। ਜੋ ਇਨਸਾਫ ਇਨ੍ਹਾਂ ਨੇ ਕਰ ਦਿੱਤੇ ਸੋ ਕਰ ਦਿੱਤੇ, ਇਨ੍ਹਾਂ ਵੱਲੋਂ ਕੀਤੇ ਇਨਸਾਫਾਂ ਸਦਕਾ ਹੀ ਅੱਜ ਸਿੱਖ ਕੌਮ ਵਿੱਚ ਮਾੜੀ ਮੋਟੀ ਜਾਨ ਹੈ। ਨਹੀਂ ਤਾਂ ਹੁਣ ਨੂੰ ਤੁਹਾਡੇ ਵਰਗਿਆਂ ਨੇ ਸਿੱਖ ਕੌਮ ਦਾ ਭੋਗ ਪਾ ਦੇਣਾ ਸੀ।
    ਬੀਬੀ ਜੀ! ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦਾ ਕਾਰਣ ਬਣਿਆ ਇੰਦਰਾ ਗਾਂਧੀ ਦਾ ਕਤਲ, ਇੰਦਰਾ ਗਾਂਧੀ ਦੇ ਕਤਲ ਦਾ ਕਾਰਣ ਬਣਿਆ ਦਰਬਾਰ ਸਾਹਿਬ ਤੇ ਹੋਇਆ ਹਮਲਾ। ਇਸ ਹਮਲੇ ਬਾਰੇ ਤੇਰੇ ਸਹੁਰਾ ਬਾਦਲ ਸਾਹਿਬ ਦਾ ਲੰਗੋਟੀਆ ਯਾਰ ਲਾਲ ਕ੍ਰਿਸ਼ਨ ਅਡਵਾਨੀ ਲਿਖਤੀ ਰੂਪ ਵਿੱਚ ਕਹਿ ਚੁੱਕਿਆ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਅਸੀਂ ਦਬਾਅ ਨਾਲ ਕਰਵਾਇਆ ਸੀ। ਸ਼ਾਇਦ ਇੰਦਰਾ ਗਾਂਧੀ ਇਹ ਹਮਲਾ ਨਾ ਕਰਦੀ ਜੇਕਰ ਭਾਜਪਾ ਦਾ ਦਬਾਅ ਨਾ ਹੁੰਦਾ। ਇਸ ਹਮਲੇ ਦੀ ਖੁਸ਼ੀ ਵਿੱਚ ਭਾਜਪਾਈਆਂ ਨੇ ਲੱਡੂ ਵੀ ਵੰਡੇ ਸਨ, ਅੱਜ ਉੇਹ ਤੁਹਾਡੇ ਮਿੱਤਰ ਹਨ। ਤੁਹਾਡੀ ਕ੍ਰਿਪਾ ਸਕਦਾ ਪੰਜਾਬ ਤੇ ਰਾਜ ਵੀ ਕਰ ਰਹੇ ਹਨ। ਬੀਬੀ ਜੀ! ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ। ਸਿੱਖ ਯੋਧਿਆਂ ਨੇ ਉਸ ਨੂੰ ਬਣਦੀ ਸਜ਼ਾ ਦੇ ਦਿੱਤੀ ਸੀ। ਰਾਜੀਵ ਗਾਂਧੀ ਨੇ ਦਿੱਲੀ ਵਿੱਚ ਸਿੱਖ ਕਤਲੇਆਮ ਕਰਵਾਇਆ ਸੀ, ਉਹ ਵੀ ਆਪਣੀ ਕਰਨੀ ਦਾ ਫਲ ਭੁਗਤ ਕੇ ਦੁਨੀਆਂ ਤੋਂ ਚਲਾ ਗਿਆ ਹੈ। ਬੇਸ਼ੱਕ ਅਸੀਂ ਇਹਨਾਂ ਕਤਲੇਆਮਾਂ ਨੂੰ ਭੁੱਲ ਨਹੀਂ ਸਕਾਂਗੇ ਤੇ ਨਾ ਹੀ ਅਜਿਹੀਆਂ ਘਟਨਾਵਾਂ ਭੱੁਲਣ ਵਾਲੀਆਂ ਹੁੰਦੀਆਂ ਹਨ। ਪਰ ਅਸਲ ਦੋਸ਼ੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨਾਲ ਦੁਸ਼ਮਣੀ ਰੱਖਣੀ ਸਿੱਖ ਕੌਮ ਦਾ ਅਸੂਲ ਨਹੀਂ ਹੈ। ਜੇ ਸਿੱਖ ਵੀ ਅਜਿਹਾ ਕੁੱਝ ਕਰਨਗੇ ਤਾਂ ਫਿਰ ਅਸੀਂ ਔਰੰਗਜੇਬ ਨੂੰ ਕੀ ਕਹਾਂਗੇ? ਬੀਬੀ ਜੀ! ਤੂੰ ਹੁਣ ਨਵੀਂ-ਨਵੀਂ ਸਿਆਸਤ ਵਿੱਚ ਆਈ ਹੈਂ ਜਾਂ ਤੇਰੇ ਸਹੁਰਾ ਬਾਦਲ ਸਾਹਿਬ ਨੇ ਲਿਆਂਦੀ ਹੈਂ। ਇਸ ਲਈ ਤੂੰ ਕਾਫੀ ਬਿਆਨਬਾਜ਼ੀ ਅਤੇ ਭੱਜ ਨੱਠ ਕਰਕੇ ਆਪਣੇ ਆਪ ਨੂੰ ਸਿੱਖਾਂ, ਪੰਜਾਬ ਅਤੇ ਲੜਕੀਆਂ ਦੀ ਹਿਤੈਸ਼ੀ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੀ ਹੈਂ। ਪਰ ਅਸਲ ਵਿੱਚ ਤੁਸੀਂ ਲੋਕ ਹੀ ਸਿੱਖਾਂ, ਪੰਜਾਬ ਅਤੇ ਲੜਕੀਆਂ ਦੇ ਦੁਸ਼ਮਣ ਹੋ। ਸਿੱਖਾਂ ਪੰਜਾਬ ਅਤੇ ਲੜਕੀਆਂ ਨਾਲ ਤੁਹਾਡੀ ਦੁਸ਼ਮਣੀ ਦੀ ਜਿੰਨ੍ਹੀ ਕੁ ਜਾਣਕਾਰੀ ਮੈਨੂੰ ਹੈ ਉਸ ਮੁਤਾਬਿਕ ਕੁੱਝ ਵਿਚਾਰ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ:-
    ਸਿੱਖਾਂ ਬਾਰੇ :- ਸਿੱਖ ਕੌਮ ਦੀ ਸਭ ਤੋਂ ਵੱਡੀ ਦੁਸ਼ਮਣ ਆਰ|ਐਸ|ਐਸ| (ਭਾਜਪਾ) ਹੈ। ਦਰਬਾਰ ਸਾਹਿਬ ਤੇ ਹਮਲਾ ਭਾਜਪਾ ਨੇ ਕਰਵਾਇਆ ਸੀ। ਭਾਜਪਾ ਨੇ ਹੀ ਨਾਨਕਸ਼ਾਹੀ ਕੈਲੰਡਰ ਖਤਮ ਕਰਵਾਇਆ। ਭਾਜਪਾ ਸ਼ਰੇਆਮ ਸਿੱਖ ਮਸਲਿਆਂ ਵਿੱਚ ਦਖ਼ਲ ਦੇ ਰਹੀ ਹੈ। ਸ਼ੁਸ਼ਮਾ ਸਵਰਾਜ ਵਰਗੀਆਂ ਸਿੱਖ ਸਟੇਜਾਂ ਤੋਂ ਗੁਰੂ ਦੋਖੀ ਚੰਦੂ ਵਰਗਿਆਂ ਨੂੰ ਨਿਰਦੋਸ਼ ਸਿੱਧ ਕਰ ਰਹੀਆਂ ਹਨ। ਰਾਮਦੇਵ ਕਹਿ ਰਿਹਾ ਕਿ ਜੇਕਰ ਤੁਹਾਨੂੰ ਸੱਪ ਅਤੇ ਸਿੱਖ ਇਕੱਠੇ ਮਿਲ ਜਾਣ ਤਾਂ ਪਹਿਲਾਂ ਸਿੱਖ ਨੂੰ ਮਾਰੋ। ਇਹ ਲੋਕ ਫਿਰ ਵੀ ਤੁਹਾਡੇ ਮਿੱਤਰ ਹਨ। ਕਾਂਗਰਸ ਤਾਂ ਸਿੱਖਾਂ ਦੀ ਦੁਸ਼ਮਣ ਹੈ ਹੀ। ਪਰ ਜਦੋਂ ਪੰਜਾਬ ਵਿੱਚ ਤੁਹਾਡੀ ਸਰਕਾਰ ਅਤੇ ਕੇਂਦਰ ਵਿੱਚ ਤੁਹਾਡੇ ਭਾਈਵਾਲਾਂ ਭਾਜਪਾਈਆਂ ਦੀ ਸਰਕਾਰ ਸੀ, ਉੇਸ ਸਮੇਂ ਤੁਸੀਂ ਕਿੰਨੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਈਆਂ ਅਤੇ ਕਿੰਨੇ ਪੀੜਤਾਂ ਨੂੰ ਰਾਹਤ ਦਿੱਤੀ ਸੀ। ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰ ਇਜ਼ਹਾਰ ਆਲਮ ਨੂੰ ਤੁਸੀਂ ਸਜ਼ਾ ਦੇਣ ਦੀ ਬਜਾਇ ਅਕਾਲੀ ਦਲ ਦਾ ਆਗੂ ਬਣਾਇਆ ਹੈ ਤੇ ਹੁਣ ਉਸਨੂੰ ਟਿਕਟ ਦੇਣ ਦੀਆਂ ਗੱਲਾਂ ਚੱਲ ਰਹੀਆਂ ਹਨ। ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕੀਤੇ ਗਏ ਕਤਲਾਂ ਨੂੰ ਨੰਗਾ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਹੀ ਪੁਲਿਸ ਨੇ ਕਤਲ ਕਰ ਦਿੱਤਾ। ਤੁਸੀਂ ਇਸ ਸਬੰਧ ਵਿੱਚ ਕਿੰਨੇ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਸਜ਼ਾਵਾਂ ਦਵਾਈਆਂ? ਇੱਕ ਪਾਸੇ ਤੁਸੀਂ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਸਜ਼ਾ ਰੱਦ ਕਰਾਉਣ ਦਾ ਡਰਾਮਾ ਕਰ ਰਹੇ ਹੋ, ਦੂਜੇ ਪਾਸੇ ਤੁਹਾਡੇ ਸਹੁਰਾ ਬਾਦਲ ਸਾਹਿਬ ਹਲਫੀਆ ਬਿਆਨ ਦੇ ਚੁੱਕੇ ਹਨ ਕਿ ਇਹ ਖਤਰਨਾਕ ਅੱਤਵਾਦੀ ਹੈ, ਇਸਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਜਦੋਂ ਪ੍ਰੋ: ਭੁੱਲਰ ਨੇ ਆਪਣੇ ਆਪ ਨੂੰ ਪੰਜਾਬ ਦੀ ਜੇਲ੍ਹ ਵਿੱਚ ਬਦਲਣ ਦੀ ਮੰਗ ਕੀਤੀ ਸੀ ਤਾਂ ਵੀ ਬਾਦਲ ਸਾਹਿਬ ਨੇ ਇਸਦਾ ਵਿਰੋਧ ਕੀਤਾ ਸੀ। ਬੀਬੀ ਜੀ ਅਕਾਲੀ ਸਰਕਾਰ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਉਹ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਵਿਰੋਧ ਵਿੱਚ ਭੜਕੇ ਸਿੱਖ ਨੌਜਵਾਨਾਂ, ਜੋ ਅੱਜ ਵੀ ਜੇਲ੍ਹਾਂ ਵਿੱਚ ਬੈਠੇ ਹਨ ਨੂੰ ਰਿਹਾਅ ਕਰਦੀ ਅਤੇ ਉਸ ਕਾਲੇ ਦੌਰ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਮੱਦਦ ਕਰਦੀ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਣਦੀਆਂ ਸਜ਼ਾਵਾਂ ਦਿੰਦੀ। ਫਿਰ ਕਹਿੰਦੀ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ।
    ਬੀਬੀ ਜੀ! ਜਿੰਨ੍ਹਾਂ ਸਿੱਖ ਨੌਜਵਾਨਾਂ ਵਾਰੇ ਗੱਲ ਕਰਦੇ ਸਮੇਂ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਸਾਡੇ ਮੁੰਡੇ ਸ਼ਬਦ ਵਰਤਦਾ ਹੈ ਉਨ੍ਹਾਂ ਹੀ ਸਿੱਖ ਨੌਜਵਾਨਾਂ ਵਾਰੇ ਗੱਲ ਕਰਨ ਸਮੇਂ ਤੁਹਾਡਾ ਸਹੁਰਾ ਬਾਦਲ ਅੱਤਵਾਦੀ ਸ਼ਬਦ ਵਰਤਦਾ ਹੈ। ਘੱਟ ਗਿਣਤੀਆਂ ਦੇ ਦੁਸ਼ਮਣਾਂ ਭਗਵੇਂ ਅੱਤਵਾਦੀਆਂ ਨਰਿੰਦਰ ਮੋਦੀ, ਲਾਲ ਕ੍ਰਿਸ਼ਨ ਅਡਵਾਨੀ, ਸ਼ੁਸ਼ਮਾ ਸਵਰਾਜ ਅਤੇ ਰਾਮਦੇਵ ਵਰਗਿਆਂ ਦੀਆਂ ਬਾਦਲ ਸਾਹਿਬ ਤਲੀਆਂ ਚੱਟਦੇ ਹਨ। ਜਦਕਿ ਕਾਂਗਰਸ ਇਨ੍ਹਾਂ ਨੂੰ ਭਗਵੇਂ ਅੱਤਵਾਦੀ ਕਹਿੰਦੀ ਹੈ।
    ਬੀਬੀ ਜੀ! 1 ਨਵੰਬਰ ਦਾ ਦਿਨ ਪੰਜਾਬ ਅਤੇ ਸਿੱਖਾਂ ਲਈ ਸਭ ਤੋਂ ਵੱਧ ਮਾੜਾ ਦਿਨ ਹੈ। ਕਿਉਂਕਿ ਇਸੇ ਦਿਨ 1966 ਵਿੱਚ ਪੰਜਾਬ ਦੀ ਧਰਤੀ ਅਤੇ ਪਾਣੀ ਨੂੰ ਵੱਢਿਆ ਗਿਆ ਸੀ ਅਤੇ 1984 ਵਿੱਚ ਇਸੇ ਦਿਨ ਸਿੱਖਾਂ ਨੂੰ ਵੱਢਿਆ ਜਾ ਰਿਹਾ ਸੀ। ਨਾਂ ਤਾਂ 45 ਸਾਲ ਬੀਤਣ ਤੇ ਪੰਜਾਬ ਨੂੰ ਇਨਸਾਫ ਮਿਲਿਆ ਤੇ ਨਾ ਹੀ 27 ਸਾਲ ਬੀਤਣ ਤੇ ਸਿੱਖਾਂ ਨੂੰ ਇਨਸਾਫ ਮਿਲਿਆ। ਦਿੱਲੀ ਦੇ ਦੰਗਾ ਪੀੜਤ ਕੁਰਲਾ ਰਹੇ ਹਨ, ਵਿਧਵਾਵਾਂ ਰੋ ਰਹੀਆਂ ਹਨ। ਬੀਬੀ ਜੀ! ਸੋਚ ਕੇ ਵੇਖੋ ਕਿ ਜੇਕਰ ਤੁਸੀਂ ਵੀ ਦਿੱਲੀ ਵਿੱਚ ਇਨਸਾਫ ਲਈ ਰੋ ਰਹੀਆਂ ਵਿਧਵਾਵਾਂ ਵਾਂਗ ਆਪਣਾ ਪਰਿਵਾਰ ਖੋਇਆ ਹੁੰਦਾ, ਤਾਂ ਅੱਜ ਤੁਹਾਡੀ ਕੀ ਹਾਲਤ ਹੋਣੀ ਸੀ। ਪਰ ਤੁਸੀਂ ਸਾਰਾ ਪਰਿਵਾਰ ਇੱਕਠਾ ਬੈਠ ਕੇ ਇਸੇ ਦਿਨ ਬਠਿੰਡੇ ਵਿੱਚ ਕਬੱਡੀ ਦੇ ਨਾਮ ਤੇ ਜਸ਼ਨ ਮਨਾਉਂਦਿਆਂ ਅੱਧ ਨੰਗੀਆਂ ਕੁੜੀਆਂ (ਇਨ੍ਹਾਂ ਨੂੰ 90% ਨੰਗੀਆਂ ਕਹਿਣਾ ਜਿਆਦਾ ਠੀਕ ਹੋਵੇਗਾ) ਦਾ ਨਾਚ ਵੇਖ ਰਹੇ ਸੀ। ਕਰਜ਼ਈ ਪੰਜਾਬ ਦਾ ਕਰੋੜਾਂ ਰੁਪਿਆ ਸ਼ੁਗਲਾਂ ਵਿੱਚ ਉਡਾ ਰਹੇ ਸੀ। ਤੁਹਾਡਾ ਹਰਮਨ ਪਿਆਰਾ ਕਲਾਕਾਰ ਸ਼ਾਹਰੁਖ ਖਾਨ ਤੇਰੇ ਪਤੀ ਸੁਖਬੀਰ ਬਾਦਲ ਨਾਲ ਜੀਪ ਤੇ ਚੜ੍ਹ ਕੇ ਗਰਾਊਂਡ ਵਿੱਚ ਗੇੜਾ ਦੇਣ ਸਮੇਂ ਉਸਦੀ ਬਾਂਹ ਫੜ ਕੇ ਗਾ ਰਿਹਾ ਸੀ ਮੇਰੀ ਛਮਕ ਛੱਲੋ। ਕੀ ਇਹੀ ਸੀ ਅਕਾਲੀ ਦਲ ਦੀ ਪ੍ਰਧਾਨਗੀ ਦਾ ਪ੍ਰਦਰਸ਼ਨ?
    ਬੀਬੀ ਜੀ! 1978 ਦੇ ਨਿਰੰਕਾਰੀ ਕਾਂਡ, ਸਿਰਸੇ ਡੇਰੇ ਦੇ ਸੌਧਾ ਸਾਧ ਦੇ ਸਵਾਂਗ ਕਾਂਡ, ਆਸਟਰੀਆ ਦੇ ਬਿਆਨਾ ਕਾਂਡ, ਆਸ਼ੂਤੋਸ਼ ਦੇ ਲੁਧਿਆਣਾ ਕਾਂਡ, ਨਾਨਕਸ਼ਾਹੀ ਕੈਲੰਡਰ ਕਤਲ ਕਾਂਡ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਇੱਜਤੀ ਕਰਨ ਵਾਲੀ ਗੰਦੀ ਕਿਤਾਬ ਦੇ ਤ੍ਰਿਆ-ਚਰਿਤ੍ਰਾਂ ਵਾਰੇ ਸੱਚ ਬੋਲਣ ਵਾਲੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਣ ਦੇ ਕਾਂਡ ਵਿੱਚ ਜੋ ਗੱਦਾਰੀ ਭਰਿਆ ਰੋਲ ਤੇਰੇ ਸਹੁਰਾ ਬਾਦਲ ਸਾਹਿਬ ਦਾ ਰਿਹਾ ਹੈ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਫਿਰ ਕਾਂਰਗਸ ਸਿੱਖਾਂ ਦੀ ਦੁਸ਼ਮਣ ਅਤੇ ਤੁਸੀਂ ਸਿੱਖਾਂ ਦੇ ਮਿੱਤਰ ਕਿਵੇਂ ਹੋਏ?
      ਪੰਜਾਬ ਬਾਰੇ :- ਬੀਬੀ ਜੀ! ਪੰਜਾਬ ਦੀ ਸਭ ਤੋਂ ਵੱਡੀ ਲੋੜ ਪਾਣੀ ਹੈ। ਜਮੀਨ ਹੇਠਲਾ ਪਾਣੀ ਮਾੜਾ ਹੈ ਅਤੇ ਪਾਣੀ ਦਾ ਚੋਆ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਲੋਕ ਨਹਿਰੀ ਪਾਣੀ ਨੂੰ ਤਰਸ ਰਹੇ ਹਨ। ਪੰਜਾਬ ਦਾ ਪਾਣੀ ਲੱੁਟਿਆ ਜਾ ਰਿਹਾ ਹੈ। ਪੰਜਾਬ ਦੀ ਰਾਜਧਾਨੀ ਖੋਹੀ ਜਾ ਚੁੱਕੀ ਹੈ। ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੋਹੇ ਜਾ ਚੁੱਕੇ ਹਨ। ਇਸ ਵਾਸਤੇ ਤੁਹਾਡੀ ਸਰਕਾਰ ਨੇ ਕੀ ਕੀਤਾ ਹੈ? ਜਦੋਂ ਪੰਜਾਬ ਵਿੱਚ ਤੁਹਾਡੀ ਸਰਕਾਰ ਹੁੰਦੀ ਹੈ, ਉਦੋਂ ਤੁਸੀਂ ਪੰਜਾਬ ਦੀਆਂ ਮੰਗਾਂ ਲਈ ਕੇਂਦਰ ਸਰਕਾਰ ਨਾਲ ਲੜਾਈ ਕਿਉਂ ਨਹੀਂ ਲੜਦੇ? ਜਾਂ ਜਦੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਸੀ, ਉਸ ਸਮੇਂ ਇਹ ਮੰਗਾਂ ਕਿਉਂ ਨਾ ਮੰਨਵਾਈਆਂ ਗਈਆਂ।
    ਬੀਬੀ ਜੀ! ਪੰਜਾਬ ਵਿੱਚ ਖਾਸ ਕਰਕੇ ਮਾਲਵੇ ਵਿੱਚ ਕੈਂਸਰ ਦੀ ਮਹਾਂਮਾਰੀ ਫੈਲ ਚੁੱਕੀ ਹੈ। ਕਿਸੇ ਮਰੀਜ ਦਾ ਕੋਈ ਇਲਾਜ ਨਹੀਂ ਹੋ ਰਿਹਾ ਅਤੇ ਨਾ ਹੀ ਕਿਸੇ ਨੂੰ ਆਰਥਿਕ ਮੱਦਦ ਮਿਲ ਰਹੀ ਹੈ। ਹੁਣ ਖਾਸ ਕਰਕੇ ਬਠਿੰਡਾ-ਮਾਨਸਾ ਏਰੀਏ ਵਿੱਚ ਡੇਂਗੂ ਦੀ ਬਿਮਾਰੀ ਫੈਲ ਰਹੀ ਹੈ, ਲੋਕਾਂ ਦਾ ਇਲਾਜ ਨਹੀਂ ਹੋ ਰਿਹਾ। ਤੁਹਾਡਾ ਪਤੀ ਸੁਖਬੀਰ ਬਾਦਲ ਇਸ ਸਬੰਧ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਪੱਤਰਕਾਰਾਂ ਨੂੰ ਕਹਿ ਰਿਹਾ ਸੀ ਕਿ ਕਬੱਡੀ ਦੇਖੋ ਡੇਂਗੂ ਆਪੇ ਠੀਕ ਹੋ ਜਾਵੇਗਾ। ਜੇ ਕੱਬਡੀ ਵੇਖਣ ਨਾਲ ਡੇਂਗੂ ਠੀਕ ਹੋ ਸਕਦਾ ਹੈ, ਫਿਰ ਬੀਬੀ ਜੀ ਇਹ ਫਾਰਮੂਲਾ ਤੁਹਾਡੀ ਸੱਸ ਸੁਰਿੰਦਰ ਕੌਰ ਬਾਦਲ ਤੇ ਵੀ ਅਜਮਾ ਕੇ ਵੇਖ ਲੈਣਾ ਚਾਹੀਦਾ ਸੀ। ਹੋ ਸਕਦੈ ਉਸਦਾ ਕੈਂਸਰ ਵੀ ਕਬੱਡੀ ਦੇਖ ਕੇ ਠੀਕ ਹੋ ਜਾਂਦਾ। ਕੀ ਲੋੜ ਸੀ ਅਮਰੀਕਾ ਵਿੱਚ ਕਰੋੜਾਂ ਰੁਪਏ ਖਰਚਣ ਦੀ। ਇੱਕ ਪਾਸੇ ਤੁਹਾਡੇ ਪਤੀ ਸੁਖਬੀਰ ਜੀ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਕਬੱਡੀਆਂ ਦੇ ਨਾਟਕ ਰਚ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਵਿੱਚ ਸ਼ਰਾਬ ਦੀਆਂ ਹੋਰ ਫੈਕਟਰੀਆਂ ਖੋਲ੍ਹੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਲੁੱਟਾਂ ਖੋਹਾਂ, ਡਾਕੇ, ਚੋਰੀਆਂ ਅਤੇ ਨਸ਼ਿਆਂ ਦਾ ਵਪਾਰ ਆਮ ਜਿਹੀ ਗੱਲ ਬਣ ਚੁੱਕਿਆ ਹੈ। ਹਰ ਸਾਲ ਪੰਜਾਬ ਦਾ ਲੱਖਾਂ ਟਨ ਝੋਨਾ ਹਰਿਆਣੇ ਵਿੱਚ ਜਾ ਰਿਹਾ ਹੈ। ਪੰਜਾਬ ਦਾ ਮਜਦੂਰ ਭੱੁਖਾ ਮਰ ਰਿਹਾ ਹੈ, ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਤੁਸੀਂ ਕੇਂਦਰ ਵੱਲੋਂ ਸੋਕਾ ਰਾਹਤ ਲਈ ਭੇਜੇ 800 ਕਰੋੜ ਵਿੱਚੋਂ 500 ਕਰੋੜ ਡੱਕਾਰ ਗਏ ਅਤੇ 300 ਕਰੋੜ ਰੁਪਏ ਖੱਖਰ-ਭੱਖਰ ਕਰ ਦਿੱਤੇ। ਪੰਜਾਬ ਦੇ ਕਿਸਾਨਾਂ ਦੀ ਜਮੀਨ ਧੱਕੇ ਨਾਲ ਖੋਹੀ ਜਾ ਰਹੀ ਹੈ। ਕਿਸੇ ਨੂੰ ਕੋਈ ਰੁਜਗਾਰ ਨਹੀਂ ਮਿਲ ਰਿਹਾ। ਪੰਜਾਬ ਦੇ ਲੋਕ ਸੜਕਾਂ ਤੇ ਉਤਰ ਆਏ ਹਨ ਤੇ ਪਾਣੀ ਵਾਲੀਆਂ ਟੈਂਕੀਆਂ ਤੇ ਚੜ੍ਹੇ ਖੜ੍ਹੇ ਹਨ ਪਰ ਤੁਸੀਂ ਕਰੋੜਾਂ ਰੁਪਏ ਕੁੱਝ ਮਿੰਟਾਂ ਦੇ ਫੰਕਸ਼ਨਾਂ ’ਤੇ ਉਡਾ ਰਹੇ ਹੋ। ਬਾਹਰਲੇ ਦੇਸ਼ਾਂ ਵਿੱਚ ਪੱਗ ਦੀ ਤਲਾਸ਼ੀ ਹੋਣ ਤੇ ਤੁਸੀਂ ਵਿਰੋਧ ਦੇ ਨਾਟਕ ਕਰਦੇ ਹੋ, ਪੰਜਾਬ ਵਿੱਚ ਉਹੀ ਪੱਗਾਂ ਡਾਂਗਾਂ ਨਾਲ ਉਤਾਰਦੇ ਹੋ। ਫਿਰ ਕਾਂਗਰਸ ਸਿੱਖਾਂ ਦੀ ਦੁਸ਼ਮਣ ਅਤੇ ਤੁਸੀਂ ਸਿੱਖਾਂ ਦੇ ਮਿੱਤਰ ਕਿਵੇਂ ਹੋਏ?
    ਲੜਕੀਆਂ ਬਾਰੇ :- ਬੀਬੀ ਜੀ! ਤੁਸੀਂ ਨੰਨ੍ਹੀ ਛਾਂ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਰਾਹੀਂ ਤੁਸੀਂ ਲੜਕੀਆਂ ਅਤੇ ਰੁੱਖਾਂ ਨੂੰ ਬਚਾਉਣ ਦਾ ਵਿਖਾਵਾ ਕਰ ਰਹੇ ਹੋ। ਪਰ ਅਸਲ ਸੱਚ ਇਹ ਹੈ ਕਿ ਪੰਜਾਬ ਦੀਆਂ ਕੁੜੀਆਂ ਦੇ ਅਸਲੀ ਕਾਤਲ ਤੁਸੀਂ ਹੀ ਹੋ। ਪੰਜਾਬ ਵਿੱਚ ਚੱਪੇ-ਚੱਪੇ ਤੇ ਤੁਸੀਂ ਡਾਂਗ ਦੇ ਜੋਰ ਨਾਲ ਠੇਕੇ ਖੁਲਵਾ ਰਹੇ ਹੋ। ਪੰਜਾਬ ਸਮੈਕ ਦੀ ਮੰਡੀ ਬਣ ਚੁੱਕਿਆ ਹੈ। ਗਲੀਆਂ ਬਜਾਰਾਂ ਵਿੱਚ ਅਵਾਰਾ ਗਊਆਂ ਵਾਂਗ ਨਸ਼ੇੜੀ ਲੜਕੇ ਘੁੰਮ ਰਹੇ ਹਨ। 70% ਮੁੰਡੇ ਨਸ਼ੇੜੀ ਹੋ ਚੁੱਕੇ ਹਨ ਅਤੇ ਬੇਰੁਜ਼ਗਾਰ ਹਨ। ਇਨ੍ਹਾਂ ਵਿੱਚੋਂ 30% ਮੁੰਡੇ ਤਾਂ ਵਿਆਹੁਣ ਦੇ ਵੀ ਯੋਗ ਨਹੀਂ ਰਹੇ ਹਨ। ਫਿਰ ਤੁਸੀਂ ਨੰਨ੍ਹੀ ਛਾਂ ਮੁਹਿੰਮ ਤਹਿਤ 1000 ਲੜਕਿਆਂ ਪਿੱਛੇ 1000 ਲੜਕੀਆਂ ਪੈਦਾ ਕਰਵਾਕੇ 300 ਲੜਕੀਆਂ ਲਈ ਕੀ ਪ੍ਰਬੰਧ ਕਰੋਗੇ? ਜਾਂ ਕੀ ਫਿਰ 300 ਲੜਕੀਆਂ ਨੂੰ ਬੇਕਾਰੇ ਹੋਏ 300 ਨਸ਼ੇੜੀ ਲੜਕਿਆਂ ਤੋਂ ਕੁੱਟ ਖਾ ਕੇ ਭੱੁਖੀਆਂ ਮਰਨ ਲਈ ਛੱਡਣ ਵਾਸਤੇ ਹੀ ਪੈਦਾ ਕਰਵਾਉਣਾ ਹੈ? ਅੱਜ ਪੰਜਾਬ ਵਿੱਚ ਲੜਕੀਆਂ ਦੇ ਮਾਪਿਆਂ ਨੂੰ ਲੜਕੀਆਂ ਦੇ ਰਿਸ਼ਤੇ ਕਰਨ ਲਈ ਨਸ਼ਿਆਂ ਤੋਂ ਰਹਿਤ ਲੜਕੇ ਲੱਭਣੇ ਮੁਸ਼ਕਿਲ ਹੋ ਰਹੇ ਹਨ। ਕੀ ਇਹ ਤੁਹਾਡੀ ਸਰਕਾਰ ਦੀ ਦੇਣ ਨਹੀਂ ਹੈ? ਬੀਬੀ ਜੀ! ਲੋਕ ਸਭਾ ਚੋਣਾਂ ਵੇਲੇ ਤੁਸੀਂ ਸਾਡੀਆਂ ਇਸਤਰੀਆਂ (ਮਾਵਾਂ, ਭੈਣਾਂ, ਧੀਆਂ) ਨਾਲ ਚੁੰਨੀਆਂ ਵਟਾਉਣ ਦਾ ਨਾਟਕ ਕਰਿਆ। ਪਰ ਤੁਹਾਡੀ ਪੰਜਾਬ ਸਰਕਾਰ ਨੇ ਸਾਡੀਆਂ ਇਸਤਰੀਆਂ ਦੀਆਂ ਉਹ ਚੁੰਨੀਆਂ ਸਿਰਫ ਲਾਹੀਆਂ ਹੀ ਨਹੀਂ, ਨਾਲ ਗੁੱਤਾਂ ਤੋਂ ਫੜ-ਫੜ ਕੇ ਵੀ ਘੜੀਸਿਆ ਹੈ। ਰੁਜ਼ਗਾਰ ਮੰਗਦੀਆਂ ਲੜਕੀਆਂ ਸੜ ਕੇ ਮਰ ਚੁੱਕੀਆਂ ਹਨ। ਰੋਜ਼ਾਨਾ ਲੜਕੀਆਂ ਦੀਆਂ ਚੁੰਨੀਆਂ ਪੈਰਾਂ ਵਿੱਚ ਰੁਲ ਰਹੀਆਂ ਹਨ ਅਤੇ ਲੜਕੀਆਂ ਪੁਲਿਸ ਦੇ ਠੁੱਡੇ ਖਾ ਰਹੀਆਂ ਹਨ। ਗੋਬਿੰਦਪੁਰੇ ਦੇ ਕੁੱਝ ਕਿਸਾਨਾਂ ਦੀ ਜਮੀਨ ਨੂੰ ਧੱਕੇ ਨਾਲ ਖੋਹਣ ਲਈ ਤੁਸੀਂ ਕੀ ਨਹੀਂ ਕੀਤਾ। ਸਕੂਲ ਪੜ੍ਹਦੀਆਂ ਲੜਕੀਆਂ ਨੂੰ ਕੁੱਟਿਆ, ਪਰਚੇ ਦਰਜ ਕੀਤੇ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਿਆ।  ਕੀ ਆਪ ਜੀ ਨੇ ਕਦੇ ਅਜਿਹੀਆਂ ਪੀੜਤ ਲੜਕੀਆਂ ਦੀ ਸਾਰ ਲਈ ਹੈ?
    ਬੀਬੀ ਜੀ! ਆਪਣੇ ਸਹੁਰੇ ਦੀ ਚਾਲ ਵੇਖ! ਇੱਕ ਪਾਸੇ ਤਾਂ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਕਹਿ ਰਹੇ ਹਨ, ਦੂਜੇ ਪਾਸੇ ਕਾਂਗਰਸੀ ਪ੍ਰਧਾਨ ਮੰਤਰੀ ਤੋਂ ਖਾਲਸਾ ਵਿਰਾਸਤੀ ਕੰਪਲੈਕਸ ਅਨੰਦਪੁਰ ਸਾਹਿਬ ਦਾ ਉਦਘਾਟਨ ਕਰਵਾਉਣ ਲਈ (ਸਿਆਸੀ ਲਾਹਾ ਲੈਣ ਲਈ) ਤਰਲੋ ਮੱਛੀ ਹੋ ਰਹੇ ਹਨ। ਹੁਣ ਇਨ੍ਹਾਂ ਨੂੰ ਕਾਂਗਰਸੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਿੱਖ ਦਿਖ ਰਿਹਾ ਹੈ, ਪਰ ਜਦੋਂ 2008 ਵਿੱਚ ਮਨਮੋਹਨ ਸਿੰਘ ਸਰਕਾਰ ਵਿੱਰੁਧ ਬੇ-ਬਸਾਹੀ ਦਾ ਮਤਾ ਪੇਸ਼ ਹੋਇਆ ਸੀ, ਉਦੋਂ ਪ੍ਰਧਾਨ ਮੰਤਰੀ ਦੀ ਸਿੱਖੀ ਕਿਉਂ ਨਾ ਦਿਖੀ? ਇਹ ਸਭ ਇੱਕ ਰਾਜਸੀ ਸਟੰਟ ਹੈ। ਜੇ ਪ੍ਰਧਾਨ ਮੰਤਰੀ ਆ ਜਾਂਦਾ ਹੈ ਤਾਂ ਫਿਰ ਪੰਜਾਬ ਦੇ ਕਾਂਗਰਸੀਆਂ ਦੀ ਬੇਇੱਜਤੀ, ਕਿਉਂਕਿ ਉਹ ਪ੍ਰਧਾਨ ਮੰਤਰੀ ਨੂੰ ਆਉਣ ਤੋਂ ਰੋਕ ਰਹੇ ਹਨ। ਜੇ ਨਹੀਂ ਆਉਂਦਾ ਤਾਂ ਹੋ ਸਕਦਾ ਹੈ ਕਿ ਇਸਦਾ ਉਦਘਾਟਨ ਰੱਥ ਯਾਤਰਾ ਤੇ ਚੱਲ ਰਹੇ ਲਾਲ ਕ੍ਰਿਸ਼ਨ ਅਡਵਾਨੀ ਜੀ ਤੋਂ ਕਰਵਾਉਣ ਦਾ ਪ੍ਰੋਗਰਾਮ ਹੋਵੇ।
    ਬੀਬੀ ਜੀ! ਕੁੱਝ ਲੋਕ ਬਾਦਲ ਸਾਹਿਬ ਨੂੰ ਦੋਗਲੀ ਨੀਤੀ ਦਾ ਵਿਅਕਤੀ ਕਹਿ ਰਹੇ ਹਨ। ਮੈਨੂੰ ਤਾਂ ਉਹ ਵੀ ਠੀਕ ਨਹੀਂ ਲੱਗਦੇ  ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਦੋਗਲੀ ਨੀਤੀ ਤੇ ਕੰਮ ਨਹੀਂ ਕੀਤਾ, ਬਾਦਲ ਸਾਹਿਬ ਨੇ ਜੋ ਕੀਤਾ ਹੈ ਉਹ ਇੱਕ ਵਿਸ਼ੇਸ਼ ਨੀਤੀ ਤਹਿਤ ਪੰਜਾਬ ਅਤੇ ਸਿੱਖਾਂ ਦਾ ਘਾਣ ਹੀ ਕੀਤਾ ਹੈ। ਜੇ ਦੋਗਲੀ ਨੀਤੀ ਹੈ ਤਾਂ ਉਹ ਸਾਡੀ ਪੰਜਾਬੀਆਂ ਅਤੇ ਸਿੱਖਾਂ (ਕਿਸੇ ਵਿਰਲੇ ਨੂੰ ਛੱਡ ਕੇ) ਦੀ ਹੀ ਹੈ। ਜਿਹੜੇ ਬਾਦਲ ਨੂੰ ਕਦੇ ਚੰਗਾ ਅਤੇ ਕਦੇ ਮਾੜਾ ਕਹਿਣ ਲੱਗ ਜਾਂਦੇ ਹਨ। ਅਕਾਲ ਪੁਰਖ ਸਾਨੂੰ ਸੁਮੱਤ ਬਖਸ਼ੇ ਤਾਂ ਕਿ ਅਸੀਂ ਆਪਣੇ ਅਸਲੀ ਦੁਸ਼ਮਣ ਨੂੰ ਪਹਿਚਾਣ ਸਕੀਏ।
    ਬੀਬੀ ਜੀ ਹੁਣ ਤੱਕ ਜੋ ਇਨਸਾਨੀਅਤ ਦੇ ਦੁਸ਼ਮਣ ਚੰਦੂ, ਜ਼ਕਰੀਆ ਖ਼ਾਨ, ਔਰੰਗਜ਼ੇਬ, ਵਜ਼ੀਰ ਖ਼ਾਨ, ਅਬਦਾਲੀ, ਮੀਰ ਮੰਨੂੰ, ਮੱਸਾ ਰੰਗੜ, ਲਖਪਤ ਰਾਏ, ਫਰੁਖ਼ਸ਼ੀਅਰ, ਗੰਗੂ, ਨੰਦੂ (ਸੁੱਚਾ ਨੰਦ), ਧਿਆਨ ਸਿੰਘ ਡੋਗਰਾ, ਨਰੈਣੂ ਮਹੰਤ, ਹਰਭਗਤ ਨਰੰਜਣੀਆਂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਜਨਰਲ ਵੈਦਿਆ, ਬੇਅੰਤ ਸਿੰਘ, ਆਦਿ ਪੈਦਾ ਹੋਏ ਸੀ, ਉਨ੍ਹਾਂ ਸਾਰਿਆਂ ਦੀ ਰੂਹ ਬਾਦਲ ਸਾਹਿਬ ਦੀ ਸੋਚ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਇਸੇ ਲਈ ਕੇ|ਪੀ|ਐਸ| ਗਿੱਲ, ਇਜ਼ਹਾਰ ਆਲਮ, ਸੁਮੇਧ ਸੈਣੀ ਵਰਗੇ ਜਿਉਂਦੇ ਹਨ, ਉਹ ਸਰੀਰਕ ਤੌਰ ਤੇ ਬਾਦਲ ਸਾਹਿਬ ਦੇ ਨਾਲ ਹਨ। ਜਦੋਂ ਸਿਆਣੇ ਵਿਦਵਾਨ ਬਾਦਲ ਸਾਹਿਬ ਦੇ ਜੀਵਨ ਤੇ ਖੋਜ ਕਰਨਗੇ ਤਾਂ ਬਾਦਲ ਸਾਹਿਬ ਵੱਲੋਂ ਕੀਤੇ ਜੁਲਮਾਂ ਦੀ ਲੰਮੀ ਕਹਾਣੀ ਸਾਹਮਣੇ ਆਵੇਗੀ।
    ਬੀਬੀ ਹਰਸਿਮਰਤ ਕੌਰ ਜੀ! ਗੁਰੂ ਅਰਜਨ ਦੇਵ ਜੀ ਨੂੰ ਪਾਪੀ ਚੰਦੂ ਵੱਲੋਂ ਤੱਤੀ ਤਵੀ ਤੇ ਬਹਾਏ ਜਾਣ ਦੀ ਘਟਨਾ ਨੂੰ ਬਿਆਨ ਕਰਦੇ ਰਜਿੰਦਰ ਸਿੰਘ ਰਾਜ ਦੇ ਗਾਏ ਇਸ ਗੀਤ ਦੀਆਂ ਸਤਰਾਂ (ਕੀਤਾ ਦੀ ਥਾਂ ਕੀਤੇ ਲਿਖ ਕੇ) ਨਾਲ ਚਿੱਠੀ ਸਮਾਪਤ ਕਰ ਰਿਹਾ ਹਾਂ :-
ਭੈਣੇ ਮੇਰੀਏ ਜੁਲਮ ਕੀਤੇ ਸਹੁਰੇ ਤੇਰੇ ਨੇ...............॥
ਹਰਲਾਜ ਸਿੰਘ ਬਹਾਦਰਪੁਰ
 ਪਿੰਡ ਤੇ ਡਾਕ : ਬਹਾਦਰਪੁਰ ਤਹਿ: ਬੁਢਲਾਡਾ,
 ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501
 ਮੋ : 94170-23911
E-mail: harlajsingh70@gmail.com