ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਭਾਰਤੀ ਕਾਨੂੰਨ : ਬਹੁਗਿਣਤੀ ਦਾ ਹੱਥ-ਠੋਕਾ : ਇੰਦਰਾ ਗਾਂਧੀ ਕਤਲ ਕੇਸ ਦੀ ਰੌਸ਼ਨੀ ‘ਚ-ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਭਾਰਤੀ ਨਿਆਂਪਾਲਿਕਾ ਵਲੋਂ ਹਮੇਸ਼ਾ ਦੋਹਰੇ ਮਾਪਢੰਡ ਆਪਣਾਏ ਜਾਂਦੇ ਹਨ। ਇੱਥੇ ਨਿਆਂ ਦੇਣ ਤੋਂ ਪਹਿਲਾਂ ਮਨੁੱਖ ਦਾ ਧਰਮ, ਜਾਤ ਰੰਗ ਨਸਲ ਅਤੇ ਸਿਆਸੀ ਤੇ ਆਰਥਿਕ ਪਹੁੰਚ ਦੇਖੀ ਜਾਂਦੀ ਹੈ ਭਾਵੇਂ ਕਿ ਕਾਨੂੰਨ ਸਾਹਮਣੇ ਬਰਾਬਰਤਾ, ਕਾਨੂੰਨ ਦਾ ਰਾਜ ਵਰਗੀਆਂ ਆਦਰਸ਼ਕ ਗੱਲਾਂ ਕਾਨੂੰਨ ਦੀਆਂ ਕਿਤਾਬਾਂ ਵਿਚ ਲਿਖੀਆਂ ਹੋਈਆਂ ਹਨ ਪਰ ਇਹਨਾਂ ਉੱਤੇ ਅਮਲ ਕਰਨ ਦੀ ਲੋੜ ਕਦੇ ਵੀ ਭਾਰਤੀ ਸਟੇਟ ਨੂੰ ਮਹਿਸੂਸ ਨਹੀਂ ਹੋਈ ਅਤੇ ਨਾ ਹੀ ਨੇੜ ਭਵਿੱਖ ਵਿਚ ਕਦੇ ਹੋਣ ਦੀ  ਉਮੀਦ ਹੈ। 1947 ਵਿਚ ਅੰਗਰੇਜੀ ਰਾਜ ਤੋਂ ਬਾਅਦ ਵੋਟ ਦਾ ਰਾਜ ਸਥਾਪਤ ਹੋਇਆ ਜਿਸ ਦਾ ਭਾਵ ਸੀ ਕਿ ਜਿਸਦੀਆਂ ਵੋਟਾ ਜਿਆਦਾ ਉਸ ਦਾ ਰਾਜ ਤੇ ਭਾਰਤ ਨਾਮੀ ਇਸ ਖਿੱਤੇ ਵਿਚ ਹਿੰਦੂ ਬਹੁਗਿਣਤੀ ਹੋਣ ਕਾਰਨ ਉਹਨਾਂ ਦੇ ਖਾਸ ਲੋਕਾਂ ਦਾ ਰਾਜ ਸਥਾਪਤ ਹੋ ਗਿਆ। ਭਾਰਤੀ ਉਪਮਹਾਂਦੀਪ ਵਿਚ ਸੰਘਰਸ਼ ਕਰ ਰਹੀਆਂ ਘੱਟਗਿਣਤੀਆਂ ਸਰੀਰਕ ਤੇ ਸੱਭਿਆਚਾਰਕ ਤੌਰ ਉੱਤੇ ਨਸਲਘਾਤ ਦੀਆਂ ਸ਼ਿਕਾਰ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਅਜਿਹੀ ਨਸਲਕੁਸ਼ੀ ਵੱਖ-ਵੱਖ ਰੂਪਾਂ ਵਿਚ ਅੱਜ ਵੀ ਜਾਰੀ ਹੈ।
ਜੂਨ 1984 ਵਿਚ ਭਾਰਤੀ ਫੌਜਾਂ ਵਲੋਂ ਸ੍ਰੀ ਦਰਬਾਰ ਸਹਿਬ ਅਤੇ 38 ਹੋਰ ਗੁਰਧਾਮਾਂ ਉੱਤੇ ਹਮਲਾ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਗੁਰੂ ਘਰਾਂ ਵਿਚੋਂ ਸੱਚ ਦੀ ਆਵਾਜ਼ ਬੁਲੰਦ ਹੁੰਦੀ ਸੀ ਅਤੇ ਇਹ ਭਾਰਤੀ ਸਟੇਟ ਨੂੰ ਸੱਚ ਕਦੇ ਭਾਉਂਦਾ ਨਹੀਂ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਜਿਸਨੇ ਮਨੁੱਖਤਾ ਦੇ ਰੂਹਾਨੀ ਕੇਂਦਰ  ਅਤੇ ਦਿੱਲੀ ਤਖ਼ਤ ਤੋਂ ਉੱਚੇ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਦੇ ਹੁਕਮ ਜਾਰੀ ਕੀਤੇ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇੰਦਰ ਪਾਪਣ ਦੇ ਇਸ ਫੈਸਲੇ ਵਿਚ ਭਾਰਤੀ ਸਟੇਟ ਦੀਆਂ ਗੁਲਾਮ ਸਾਰੀਆਂ ਪਾਰਟੀਆਂ ਜੋ ਕਿਸੇ ਨਾ ਕਿਸੇ ਰੂਪ ਵਿਚ ਬ੍ਰਾਹਮਣਵਾਦੀ ਚੋਣ ਨੂੰ ਪ੍ਰਣਾਈਆਂ ਹੋਈਆਂ ਸਨ, ਸਭ ਦਾ ਸਾਥ ਸੀ।
ਪਰ ਅੱਤ ਦਾ ਅਮਤ ਵੀ ਆ ਗਿਆ। 31 ਅਕਤੂਬਰ 1984 ਭਾਰਤੀ ਇਤਿਹਾਸ ਵਿਚ ਉਹ ਦਿਨ ਸੀ ਜਿਸ ਦਿਨ ਦੁਨੀਆਂ ਦੇ ਇਸ ਵੱਡੇ ਅਖੌਤੀ ਲੋਕਤੰਤਰ ਦੀ ਰਾਣੀ ਅਤੇ ਮਨੁੱਖਤਾ ਦੇ ਰੂਹਾਨੀ ਕੇਂਦਰ ਸ੍ਰੀ ਦਰਬਾਰ ਸਹਿਬ ਉੱਤੇ ਫੌਜੀ ਹਮਲਾ ਕਰਨ ਦੀ ਦੋਸ਼ਣ ਇੰਦਰਾ ਪਾਪਣ ਆਪਣੇ ਪਾਪਾਂ ਕਾਰਨ ਮਰ ਰਹੀ ਸੀ।
ਇੰਦਰਾ ਪਾਪਣ ਦੇ ਕਤਲ ਤੋਂ ਬਾਅਦ ਭਾਰਤੀ ਸਟੇਟ ਦਾ ਅਸਲ ਭਿਆਨਕ ਰੂਪ ਸਪੱਸ਼ਟ ਰੂਪ ਵਿਚ ਦੁਨੀਆਂ ਨੇ ਦੇਖਿਆਂ ਜਦੋਂ ਅਣਜਨਮੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਸਿੱਖ ਹੋਣ ਕਾਰਨ ਮਾਰਿਆ ਗਿਆ ਤੇ ਬੀਬੀਆਂ ਦੀ ਪੱਤ ਰੋਲੀ ਗਈ।
ਭਾਰਤੀ ਕਾਨੂੰਨ ਨੇ ਹਮੇਸ਼ਾ ਬਹੁਗਿਣਤੀ ਦਾ ਹੱਥ-ਠੋਕਾ ਬਣ ਕੇ ਕੰਮ ਕੀਤਾ ਜਿਸਦੀ ਪਰਤੱਖ ਮਿਸਾਲ ਹੈ ਕਿ ਇਕ ਔਰਤ ਇੰਦਰਾ ਗਾਂਧੀ ਜੋ ਕਿ ਮਨੁੱਖਤਾ ਦੇ ਰੂਹਾਨੀ ਕੇਂਦਰ ਦੀ ਬੇਅਦਬੀ ਅਤੇ ਹਜ਼ਾਰਾਂ ਮੌਤਾਂ ਲਈ ਜਿੰਮੇਵਾਰ ਸੀ, ਨੂੰ ਮਾਰਨ ਵਾਲਿਆਂ ਨੂੰ ਤਾਂ ਪੰਜ ਸਾਲ ਬਾਅਦ ਹੀ ਫਾਂਸੀ ਦੇ ਦਿੱਤੀ ਗਈ ਪਰ ਹਜ਼ਾਰਾਂ ਬੇਕਸੂਰਾਂ ਨੂੰ ਮਾਰਨ ਤੇ ਬੀਬੀਆਂ ਦੀ ਪੱਤ ਲੁਟਣ ਦੇ ਦੋਸ਼ੀਆਂ ਨੂੰ ਸਜ਼ਾ ਤਾਂ ਇਕ ਪਾਸੇ ਰਹੀ ਸਗੋਂ ਉਹਨਾਂ ਨੂੰ ਉੱਚੀਆਂ ਪਦਵੀਆਂ ਨਾਲ ਨਿਵਾਜ਼ਿਆ ਗਿਆ।
ਆਓ! ਸੁਪਰੀਮ ਕੋਰਟ ਵਲੋਂ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਤੇ ਭਾਈ ਬਲਬੀਰ ਸਿੰਘ ਸਬੰਧੀ ਇੰਦਰਾਂ ਗਾਂਧੀ ਕਤਲ ਕੇਸ ਵਿਚ ਕੀਤੇ ਫੈਸਲੇ ਨੂੰ ਪੜਚੋਲੀਏ ਤਾਂ ਜੋ ਇਤਿਹਾਸ ਨੂੰ ਨੇੜੇ ਤੋਂ ਹੋ ਕੇ ਦੇਖਦੇ ਹੋਏ ਕੌਮੀ ਸੰਘਰਸ਼ ਲਈ ਅਗਲੇਰੇ ਰਾਹਾਂ ਦੇ ਪਾਂਧੀ ਬਣ ਸਕੀਏ।
ਭਾਰਤੀ ਸਟੇਟ ਨੇ  ਇਹ ਫੈਸਲਾ ਸੁਪਰੀਮ ਕੋਰਟ ਦੇ ਜੱਜ ਜੀ.ਐੱਲ. ਓਜ਼ਾ, ਬੀ.ਸੀ. ਰੇਅ ਅਤੇ ਕੇ. ਜਗਨਨਾਥ ਸ਼ੈਟੀ ਰਾਹੀਂ 3 ਅਗਸਤ,1988 ਨੂੰ ਸੁਣਾਇਆ। ਸਿੰਘਾਂ ਵਲੋਂ ਰਾਮ ਜੇਠਮਲਾਨੀ ਸੀਨੀਅਰ ਐਡਵੋਕੇਟ, ਉਹਨਾਂ ਨਾਲ ਆਰ.ਐੱਸ. ਸੋਢੀ, ਰਾਣੀ ਜੇਠਮਲਾਨੀ, ਆਰ.ਐੱਮ. ਤਿਵਾੜੀ, ਅਸ਼ੋਕ ਗੁਪਤਾ ਅਤੇ ਸੰਜੀਵ ਕੁਮਾਰ ਐਡਵੋਕੇਟਸ ਪੇਸ਼ ਹੋਏ ਅਤੇ ਭਾਰਤੀ ਸਟੇਟ ਵਲੋਂ ਜੀ. ਰਾਮਾਸਵਾਮੀ ਆਡੀਸ਼ਨਲ ਸੋਲਿਸਟਰ ਜਨਰਲ, ਐੱਸ.ਮਧੁਸੂਦਨ ਰਾਓ ਸੀਨੀਅਰ ਐਡਵੋਕੇਟ ਅਤੇ ਉਹਨਾਂ ਨਾਲ ਪੀ.ਪਰਮੇਸ਼ਵਰਨ, ਏ.ਸ਼ੁਭਾਸ਼ਿਨੀ, ਐੱਮ.ਵੀ.ਚੇਲਾਪਾਠੀ ਰਾਓ, ਐੱਸ.ਪੀ.ਮਨੋਚਾ ਤੇ ਏ.ਪੀ. ਆਹਲੂਵਾਲੀਆ ਐਡਵੋਕੇਟਸ ਪੇਸ਼ ਹੋਏ। 
30 ਅਕਤੂਬਰ 1984 ਦੀ ਰਾਤ ਨੂੰ ਇੰਦਰਾ ਗਾਂਧੀ  ਉੜੀਸਾ ਦੇ ਟੂਰ ਤੋਂ ਦਿੱਲੀ ਪੁੱਜੀ ਅਤੇ 31 ਅਕਤੂਬਰ ਸਵੇਰੇ 9 ਵਜੇ ਆਪਣੇ ਘਰ ਕੋਠੀ ਨੰਬਰ 1, ਸਫਦਰਜੰਗ ਰੋਡ ਤੋਂ ਆਪਣੇ ਦਫਤਰ ਨੰਬਰ 1, ਅਕਬਰ ਰੋਡ ਵੱਲ ਨੂੰ ਨਿਕਲੀ ਅਤੇ ਟੀ.ਐੱਮ.ਸੀ ਗੇਟ ਲਾਗੇ ਪੁੱਜਣ ਤੇ ਬੇਅੰਤ ਸਿੰਘ ਸਬ ਇੰਸਪੈਕਟਰ ਨੇ ਆਪਣੀ ਸੱਜੀ ਡੱਬ ਵਿਚੋਂ ਆਪਣਾ ਸਰਵਿਸ ਰਿਵਾਲਵਰ ਕੱਢ ਕੇ ਗੋਲੀਆਂ ਮਾਰੀਆਂ ਅਤੇ ਨਾਲ ਹੀ ਸਤਵੰਤ ਸਿੰਘ ਕਾਂਸਟੇਬਲ ਨੇ ਆਪਣੀ ਸਟੇਨਗੰਨ ਨਾਲ ਗੋਲੀਆਂ ਦੀ ਬੁਛਾੜ ਕਰ ਦਿੱਤੀ ਤੇ ਨਾਲ ਹੀ ਇੰਦਰਾ ਗਾਂਧੀ ਧਰਤੀ ‘ਤੇ ਡਿੱਗ ਪਈ। ਇਸ ਮੌਕੇ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੂੰ ਵੀ ਆਈ.ਟੀ.ਬੀ.ਪੀ ਦੇ ਫੌਜੀਆਂ ਨੇ ਗੋਲੀਆਂ ਮਾਰੀਆਂ ਜਿਸ ਸਦਕਾ ਬੇਅੰਤ ਸਿੰਘ ਮੌਕੇ ਪਰ ਹੀ ਸ਼ਹੀਦ ਹੋ ਗਏ ਅਤੇ ਸਤਵੰਤ ਸਿੰਘ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਅਤੇ ਇਸ ਕੇਸ ਵਿਚ ਸਤਵੰਤ ਸਿੰਘ ਦੀ ਗ੍ਰਿਫਤਾਰੀ 15 ਨਵੰਬਰ 1984 ਨੂੰ ਪਾਈ ਗਈ। ਸਤਵੰਤ ਸਿੰਘ ਨੂੰ ਐੱਸ.ਐੱਲ ਖੰਨਾ ਦੀ ਅਦਾਲਤ ਵਿਚ ਪੇਸ਼ ਕਰਕੇ 29 ਨਵੰਬਰ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।29 ਨਵੰਬਰ ਨੂੰ ਸਤਵੰਤ ਸਿੰਘ ਨੇ ਇਕਬਾਲੀਆ ਬਿਆਨ ਦਰਜ਼ ਕਰਾਉਂਣ ਦੀ ਅਪੀਲ ਕੀਤੀ ਤੇ 1 ਦਸੰਬਰ ਨੂੰ ਭਾਰਤ ਭੂਸ਼ਣ ਗੁਪਤਾ ਜੱਜ ਨੇ ਸਤਵੰਤ ਸਿੰਘ ਦਾ ਇਕਬਾਲੀਆ ਬਿਆਨ ਦਰਜ਼ ਕੀਤਾ। 
ਭਾਈ ਬੇਅੰਤ ਸਿੰਘ ਦੇ ਫੁੱਫੜ ਭਾਈ ਕਿਹਰ ਸਿੰਘ ਨੂੰ 30 ਨਵੰਬਰ 1984 ਨੂੰ ਗ੍ਰਿਫਤਾਰ ਕੀਤਾ ਗਿਆ। 3 ਦਸੰਬਰ  1984 ਨੂੰ ਇਕ ਸਬ-ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ।11 ਦਸੰਬਰ 1984 ਨੂੰ ਕੋਰਟ ਵਿਚ ਚਲਾਨ ਪੇਸ਼ ਕੀਤਾ ਗਿਆ।ਪੇਸ਼ ਕੀਤੇ ਚਲਾਨ ਵਿਚ ਦਰਸਾਇਆ ਗਿਆ ਕਿ ਭਾਰਤ ਸਰਕਾਰ ਵਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਚੋਂ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਆਪਰੇਸ਼ਨ ਬਲਿਊ ਸਟਾਰ ਦੇ ਨਾਮ ਹੇਠ ਫੌਜੀ ਕਾਰਵਾਈ ਕੀਤੀ ਗਈ ਜਿਸ ਵਿਚ ਜਾਨ-ਮਾਲ ਦਾ ਵੱਡਾ ਨੁਕਸਾਨ ਹੋਇਆ ਅਤੇ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ ਗਿਆ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਅਤੇ ਇਹਨਾਂ ਚਾਰਾਂ ਵਿਅਕਤੀਆਂ (ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ, ਬਲਬੀਰ ਸਿੰਘ) ਨੇ ਭੜਕਾਊ ਤਕਰੀਰਾਂ ਸੁਣ ਕੇ, ਆਪਸੀ ਵਿਚਾਰਾਂ ਕਰਕੇ ਦਰਬਾਰ ਸਾਹਿਬ ‘ਤੇ ਹੋਏ ਹਮਲੇ ਲਈ ਇੰਦਰਾ ਗਾਂਧੀ ਨੂੰ ਦੋਸ਼ੀ ਗਰਦਾਨਦੇ ਹੋਏ ਬਦਲਾ ਲੈਣ ਲਈ ਸਜ਼ਿਸ ਘੜ੍ਹੀ।ਚਲਾਨ ਵਿਚ ਚਾਰਾਂ ਸਿੱਖਾਂ ਦੇ ਸਿਰ ਸਾਜ਼ਿਸ ਦੀ ਲੜੀ ਹੇਠ ਲਿਖੇ ਮੁਤਾਬਕ ਘੜ੍ਹੀ ਗਈ।
1. ਸ. ਕੇਹਰ ਸਿੰਘ ਆਪਰੇਸ਼ਨ ਬਲਿਊ ਸਟਾਰ  ਤੋਂ ਬਾਅਦ ਧਾਰਮਿਕ ਤੌਰ ‘ਤੇ ਕੱਟੜ ਵਿਅਕਤੀ ਹੋ ਗਿਆ ਤੇ ਉਸਨੇ ਪਹਿਲਾਂ ਬੇਅੰਤ ਸਿੰਘ ਤੇ ਉਸ ਰਾਹੀਂ ਸਤਵੰਤ ਸਿੰਘ ਨੂੰ ਧਾਰਮਿਕ ਕੱਟੜਤਾ ਦਾ ਪਾਠ ਪੜਾਇਆ ਤੇ ਬੇਅੰਤ ਸਿੰਘ ਦਾ 14 ਅਕਤੂਬਰ 1984 ਤੇ ਸਤਵੰਤ ਸਿੰਘ ਦਾ 24 ਅਕਤੂਬਰ 1984 ਨੂੰ ਗੁਰਦੁਆਰਾ ਸਾਹਿਬ ਸੈਕਟਰ 6, ਆਰ.ਕੇ. ਪੁਰਮ, ਨਵੀਂ ਦਿੱਲੀ ਵਿਚ ਅੰਮ੍ਰਿਤ ਸੰਸਕਾਰ ਕਰਾਇਆ।ਕਿਹਰ ਸਿੰਘ 20 ਅਕਤੂਬਰ ਨੂੰ ਬੇਅੰਤ ਸਿੰਘ ਨੂੰ ਦਰਬਾਰ ਸਹਿਬ ਵੀ ਲੈ ਕੇ ਗਿਆ ਜਿੱਥੇ ਸਤਵੰਤ ਸਿੰਘ ਨੂੰ ਵੀ ਆਪਣੇ ਮਿਸ਼ਨ ਵਿਚ ਸ਼ਾਮਲ ਕਰ ਲਿਆ।
2. ਬਲਿਊ ਸਟਾਰ ਆਪਰੇਸ਼ਨ ਤੋਂ ਬਾਅਦ ਬਲਬੀਰ ਸਿੰਘ ਨੇ ਵੀ ਇੰਦਰਾ ਗਾਂਧੀ ਨੂੰ ਮਾਰਨ ਦੇ ਮਨਸੂਬੇ ਘੜ੍ਹੇ ਹੋਏ ਸਨ ਅਤੇ ਉਸਨੇ ਇਸ ਬਾਰੇ ਬੇਅੰਤ ਸਿੰਘ ਨਾਲ ਗੱਲ ਕੀਤੀ ਜਿਸਨੇ ਆਪਣੀ ਸਕੀਮ ਦੱਸੀ। ਬਲਬੀਰ ਸਿੰਘ ਨੇ ਸਤਵੰਤ ਸਿੰਘ ਨੂੰ ਵੀ ਇੰਦਰਾ ਗਾਂਧੀ ਦੇ ਕਤਲ ਲਈ ਉਕਸਾਇਆ ਤੇ ਅੰਤ 30 ਅਕਤੂਬਰ 1984 ਨੂੰ ਇਸ ਬਾਰੇ ਵਿਚਾਰ ਕੀਤੀ।
3. ਸਤੰਬਰ 1984 ਦੇ ਪਹਿਲੇ ਹਫਤੇ ਪ੍ਰਧਾਨ ਮੰਤਰੀ ਘਰ ਦੀ ਮੁੱਖ ਰਿਸਪਸ਼ੈਨ ਉੱਤੇ ਇਕ ਬਾਜ਼ ਦੁਪਹਿਰ ਬਾਦ 1.30 ਵਜੇ ਆ ਕੇ ਬੈਠਾ। ਬਲਬੀਰ ਸਿੰਘ ਨੇ ਉਹ ਦੇਖਿਆ ਅਤੇ ਬੇਅੰਤ ਸਿੰਘ ਨੂੰ ਸੱਦ ਕੇ ਦਿਖਾਇਆ।ਦੋਵੇਂ ਇਸ ਗੱਲ ਲਈ ਸਹਿਮਤ ਹੋਏ ਕਿ ਇਹ ਬਾਜ਼ ਦਸਵੇਂ ਗੁਰੁ ਗੋਬਿੰਦ ਸਿੰਘ ਜੀ ਦਾ ਸੰਦੇਸ਼ ਲੈ ਕੇ ਅਇਆ ਹੈ ਅਤੇ ਆਪਾਂ ਨੂੰ ਆਪਰੇਸ਼ਨ ਬਲਿਊ ਸਟਾਰ ਸਬੰਧੀ ਕੁਝ ਕਰਨਾ ਚਾਹੀਦਾ ਹੈ। ਇਸ ਮੌਕੇ ਦੋਹਾਂ ਨੇ ਅਰਦਾਸ ਵੀ ਕੀਤੀ।
4. ਇਸੇ ਲੜ੍ਹੀ ਤਹਿਤ ਸਾਜ਼ਿਸ ਨੂੰ ਸਿਰੇ ਚੜਾਉਂਣ ਲਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੂੰ ਜਿਵੇ ਕਿ ਪਤਾ ਸੀ ਕਿ ਇੰਦਰਾ ਗਾਂਧੀ ਨੇ 31 ਅਕਤੂਬਰ 1984 ਨੂੰ ਸਵੇਰੇ 9 ਵਜੇ ਟੀ.ਐੱਮ.ਸੀ ਗੇਟ ਕੋਲੋਂ ਲੰਘ ਕੇ ਆਇਰਸ਼ ਟੈਲੀਵਿਜ਼ਨ ਟੀਮ ਨੂੰ ਇੰਟਰਵਿਊ ਦੇਣ ਜਾਣਾ ਹੈ ਤਾਂ ਉਹਨਾਂ ਨੇ ਆਪਣੀ ਡਿਊਟੀ ਇਸ ਹਿਸਾਬ ਨਾਲ ਲਗਾਈ ਕਿ ਬੇਅੰਤ ਸਿੰਘ ਤੇ ਸਤਵੰਤ ਸਿੰਘ ਸਵੇਰੇ 7 ਵਜੇ ਤੋਂ 10 ਵਜੇ ਕ੍ਰਮਵਾਰ ਟੀ.ਐੱਮ.ਸੀ ਗੇਟ ਤੇ ਟੀ.ਐੱਮ.ਸੀ ਸੈਂਟਰੀ ਗੇਟ ਲਾਗੇ ਹੋਣ।ਬੇਅੰਤ ਸਿੰਘ ਨੇ ਆਪਣੀ ਡਿਊਟੀ ਸਬ- ਇਸਪੈਕਟਰ ਜੈ ਨਾਰਾਇਣ ਨਾਲ ਤਬਦੀਲ ਕਰ ਲਈ ਅਤੇ ਸਤਵੰਤ ਸਿੰਘ ਨੇ ਪ੍ਰਧਾਨ ਮੰਤਰੀ ਨਿਵਾਸ ਦੀ ਬੀਟ ਨੰਬਰ 4 ਤੋਂ ਆਪਣੀ ਡਿਊਟੀ ਟੀ.ਐੱਮ.ਸੀ ਸੈਂਟਰੀ ਬੂਥ ਜੋ ਕਿ ਲੈਟਰੀਨ ਨੇੜੇ ਸੀ, ਇਹ ਕਹਿ ਕੇ ਤਬਦੀਲ ਕਰਵਾ ਲਈ ਕਿ ਉਸ ਨੂੰ ਪੇਚਿਸ ਹੈ। ਬੇਅੰਤ ਸਿੰਘ ਕੋਲ .38 ਬੋਰ ਦਾ ਰਿਵਾਲਵਰ ਨੰਬਰ ਜੇ-296754, ਬੱਟ ਨੰਬਰ 140 ਸੀ ਜਿਸ ਵਿਚ 18 ਗੋਲੀਆਂ ਸਨ ਅਤੇ ਸਤਵੰਤ ਸਿੰਘ ਕੋਲ ਐੱਸ.ਏ.ਐੱਫ ਕਾਰਬਾਈਨ ਨੰਬਰ ਡਬਲਿਊ.ਡਬਲਿਊ-13980, ਬੱਟ ਨੰਬਰ 80 ਸੀ ਜਿਸ ਵਿਚ .9 ਐੱਮ.ਐੱਮ ਦੀਆਂ 100 ਗੋਲੀਆਂ ਸਨ।ਅਤੇ ਜਿਉਂ ਹੀ ਇੰਦਰਾ ਗਾਂਧੀ ਟੀ.ਐੱਮ.ਸੀ ਗੇਟ ਕੋਲੋ ਪੁੱਜੀ ਤਾਂ ਪਹਿਲਾਂ ਬੇਅੰਤ ਸਿੰਘ ਨੇ ਅਪਾਣੀ ਰਿਵਾਲਵਰ ਨਾਲ 5 ਗੋਲੀਆਂ ਤੇ ਬਾਦ ਵਿਚ ਸਤਵੰਤ ਸਿੰਘ ਨੇ ਕਾਰਬਾਈਨ ਨਾਲ 25 ਗੋਲੀਆਂ ਚਲਾਈਆਂ। ਇੰਦਰਾ ਗਾਂਧੀ ਉੱਥੇ ਹੀ ਡਿੱਗ ਪਈ ਤੇ ਉਸ ਨੂੰ ਆਲ ਇੰਡੀਆ ਮੈਡੀਕਲ ਸਾਇੰਸ ਸੰਸਥਾ ਵਿਚ ਦਾਖਲ ਕਰਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ।
ਚਲਾਨ ਵਿਚ ਇਹ ਵੀ ਦਰਸਾਇਆ ਗਿਆ ਸੀ ਕਿ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਮੌਕੇ ਪਰ ਹੀ ਆਪਣੇ ਹਥਿਆਰ ਰੱਖ ਦਿੱਤੇ ਸਨ।

ਭਾਈ ਬਲਬੀਰ ਸਿੰਘ ਬਰੀ:
ਬਲਬੀਰ ਸਿੰਘ ਨੂੰ  1 ਨਵੰਬਰ 1984 ਨੂੰ ਘਰੋਂ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਮੌਕੇ ਬਲਬੀਰ ਸਿੰਘ ਦੇ ਘਰੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆ ਨਾਲ ਸਬੰਧਤ ਕਿਤਾਬ ਬਰਾਮਦ ਕੀਤੀ ਗਈ ਤੇ ਪੁਲਿਸ ਮੁਤਾਬਕ 1 ਨਵੰਬਰ 1984 ਨੂੰ ਬਲਬੀਰ ਸਿੰਘ ਨੂੰ ਦੇਰ ਰਾਤ ਜਮਨਾ ਵੈਲਡਰੋਮ ਤੋਂ ਜਾਣ ਦਿੱਤਾ ਗਿਆ ਅਤੇ ਬਲਬੀਰ ਸਿੰਘ ਭੱਜ ਗਿਆ ਤੇ ਉਸਨੂੰ ਦੁਬਾਰਾ 3 ਦਸੰਬਰ ਨੂੰ  ਨਜ਼ਫਗੜ੍ਹ ਬੱਸ-ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਇਕ ਅਜਿਹੇ ਦਸਤਾਵੇਜ਼ ਦੀ ਬਰਾਮਦਗੀ ਦਿਖਾਈ ਗਈ ਜਿਸ ਮੁਤਾਬਕ ਸਾਰੀ ਸਾਜ਼ਿਸ ਦੀਆਂ ਤਰੀਕਾਂ ਤੇ ਥਾਂ ਲਿਖਤ ਰੂਪ ਵਿਚ ਦਰਜ਼ ਸਨ। ਪਰ ਅਸਲ ਗੱਲ ਇਹ ਸੀ ਕਿ ਬਲਬੀਰ ਸਿੰਘ ਨੂੰ 1 ਨਵੰਬਰ ਨੂੰ ਗ੍ਰਿਫਤਾਰੀ ਤੋਂ ਬਾਅਦ ਛੱਡਿਆ ਹੀ ਨਹੀਂ ਗਿਆ ਸੀ ਤੇ ਉਸ ਕੋਲੋਂ ਉਸ ਦਸਤਾਵੇਜ਼ ਦੀ ਬਰਾਮਦਗੀ ਦਿਖਾਉਂਣ ਨੂੰ ਸੁਪਰੀਮ ਕੋਰਟ ਨੇ ਸਹੀ ਨਹੀਂ ਮੰਨਿਆ ਅਤੇ ਇਹੀ ਬਲਬੀਰ ਸਿੰਘ ਦੀ ਰਿਹਾਈ ਦਾ ਕਾਰਨ ਬਣਿਆ। ਜਿਸ ਉਕਤ ਦਸਤਾਵੇਜ਼ ਨੂੰ ਹਾਈ ਕੋਰਟ ਨੇ ਮੁੱਖ ਸਬੂਤ ਵਜੋਂ ਲਿਆ ਉਸ ਦਸਤਾਵੇਜ਼ ਨੂੰ ਸੁਪਰੀਮ ਕੋਰਟ ਨੇ ਇਕ ਕਾਗਜ਼ ਦੇ ਟੁਕੜੇ ਤੋਂ ਵੱਧ ਅਹਿਮੀਅਤ ਨਹੀਂ ਦਿੱਤੀ। ਸੁਪਰੀਮ ਕੋਰਟ ਨੇ ਹਾਈ ਕੋਰਟ ਦੀ ਇਹ ਦਲੀਲ ਰੱਦ ਕਰ ਦਿੱਤੀ ਕਿ ਬਲਬੀਰ ਸਿੰਘ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੂੰ ਜਾਣਦਾ ਸੀ ਅਤੇ ਉਸ ਵਿਚ ਅਕਾਲ ਤਖ਼ਤ ਢਾਹੇ ਜਾਣ ਦਾ ਰੋਸ ਸੀ ਤੇ ਉਹ ਇੰਦਰਾ ਗਾਂਧੀ ਨੂੰ ਇਸ ਸਭ ਕਾਸੇ ਲਈ ਦੋਸ਼ੀ ਮੰਨਦਾ ਸੀ। ਸੁਪਰੀਮ ਕੋਰਟ ਨੇ ਬਲਬੀਰ ਸਿੰਘ ਨੂੰ ਬਰੀ ਕਰਦੇ ਸਮੇਂ ਇਹ ਵੀ ਕਿਹਾ ਕਿ ਆਪਰੇਸ਼ਨ ਬਲਿਊ ਸਟਾਰ ਪ੍ਰਤੀ ਗੁੱਸੇ ਦੇ ਵਿਖਾਵੇ ਨੂੰ ਬਲਬੀਰ ਸਿੰਘ ਵਿਰੁੱਧ ਨਹੀਂ ਵਰਤਿਆ ਜਾਣਾ ਚਾਹੀਦਾ ਕਿਉਂਕਿ ਜੇ ਅਜਿਹਾ ਹੈ ਤਾਂ ਸਾਰੇ ਸਿੱਖ ਭਾਈਚਾਰੇ ਨੂੰ ਆਪਰੇਸ਼ਨ ਬਲਿਊ ਸਟਾਰ ਪ੍ਰਤੀ ਕੀਤੇ ਰੋਸ ਨੂੰ ਆਧਾਰ ਬਣਾ ਕੇ ਇੰਦਰਾ ਗਾਂਧੀ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਭਾਈ ਕਿਹਰ ਸਿੰਘ ਨੂੰ ਫਾਸੀ:
ਭਾਈ ਕਿਹਰ ਸਿੰਘ ਨੂੰ ਫਾਂਸੀ ਦੀ ਸਜ਼ਾ ਨਿਰਧਾਰਤ ਕਰਨ ਵਿਚ ਮੁੱਖ ਰੂਪ ਵਿਚ ਬੇਅੰਤ ਸਿੰਘ ਦੀ ਧਰਮ ਸੁਪਤਨੀ ਬੀਬੀ ਬਿਮਲ ਕੌਰ ਦੀ ਗਵਾਹੀ ਵਰਤੀ ਗਈ ਭਾਵੇਂ ਕਿ ਬਿਮਲ ਕੌਰ ਨੂੰ ਮੁਕਰਿਆ ਹੋਇਆ ਗਵਾਹ ਘੋਸ਼ਿਤ ਕਰ ਦਿੱਤਾ ਗਿਆ ਸੀ ਪਰ  ਉਸ ਵਲੋਂ 16 ਤੇ 19 ਜਨਵਰੀ 1985 ਨੂੰ ਪੁਲਿਸ ਨੂੰ ਦਿੱਤੇ ਬਿਆਨਾਂ ਨੂੰ ਸਮੁੱਚੇ ਰੂਪ ਵਿਚ ਖਾਰਜ਼ ਨਹੀਂ ਕੀਤਾ ਗਿਆ।
ਬਿਮਲ ਕੌਰ ਦੇ ਬਿਆਨਾਂ ਮੁਤਾਬਕ ਬੇਅੰਤ ਸਿੰਘ ਨਾਲ ਉਸਦਾ ਵਿਆਹ 1976 ਵਿਚ ਉਸਦੇ ਮਾਮਾ ਗੁਰਦੀਪ ਸਿੰਘ ਨੇ ਤਹਿ ਕਰਾਇਆ ਸੀ।ਕਿਉਂਕਿ ਕੇਹਰ ਸਿੰਘ ਦੀ ਪਤਨੀ ਜਗੀਰ ਕੌਰ ਮਲੋਏ ਤੋਂ ਸੀ ਇਸ ਲਈ ਬਿਮਲ ਕੌਰ ਉਸ ਨੂੰ ਭੂਆ ਤੇ ਕੇਹਰ ਸਿੰਘ ਨੂੰ ਫੁੱਫੜ ਸੱਦਦੀ ਸੀ।ਕੇਹਰ ਸਿੰਘ ਦੇ ਪੁੱਤਰ ਰਜਿੰਦਰ ਸਿੰਘ ਤੇ ਬੇਅੰਤ ਸਿੰਘ ਵਿਚਕਾਰ ਦੋਸਤੀ ਕਾਰਨ ਦੋਹਾਂ ਪਰਿਵਾਰਾਂ ਵਿਚ ਗੂੜੀ ਸਾਂਝ ਸੀ।ਬੇਅੰਤ ਸਿੰਘ ਦੇ ਭਰਾ ਸਮਸ਼ੇਰ ਸਿੰਘ ਤੇ ਰਜਿੰਦਰ ਸਿੰਘ ਦੀਆਂ ਪਤਨੀਆਂ ਵੀ ਇਕੋ ਬਰਾਦਰੀ ਨਾਲ ਸਬੰਧ ਰੱਖਦੀਆਂ ਸਨ।ਬਿਮਲ ਕੌਰ ਮੁਤਾਬਕ ਬਲਿਊ ਸਟਾਰ ਤੋਂ ਬਾਅਦ ਕੇਹਰ ਸਿੰਘ ਸਾਡੇ ਘਰ ਅਕਸਰ ਆਉਂਣ ਲੱਗਾ ਤੇ ਉਸ ਅਕਸਰ ਅਕਾਲ ਤਖ਼ਤ ਢਹਿਣ ਦੀਆਂ ਗੱਲਾਂ ਕਰਦੇ ਅਤੇ ਜਦੋਂ ਮੈਂ ਕੋਲ ਜਾਂਦੀ ਤਾਂ ਚੁੱਪ ਕਰ ਜਾਂਦੇ।ਬਿਮਲ ਕੌਰ ਮੁਤਾਬਕ ਜੁਲਾਈ ਦੇ ਆਖਰੀ ਹਫਤੇ ਬੇਅੰਤ ਸਿੰਘ ਨੇ ਉਸਨੂੰ ਦੱਸਿਆ ਕਿ ਉਹ ਕੇਹਰ ਸਿੰਘ ਨਾਲ ਮੋਤੀ ਬਾਗ ਵਾਲ ਗੁਰਦੁਆਰੇ ਗਿਆ ਸੀ ਜਿੱਥੇ ਬੜੀਆਂ ਭੜਕਾਊ ਤੇ ਉਕਸਾਊ ਤਕਰੀਰਾਂ ਸੁਣੀਆਂ ਹਨ। ਬੇਅੰਤ ਸਿੰਘ ਨੇ ਇਹ ਵੀ ਕਿਹਾ ਕਿ ਉਹ ਸ਼ਹੀਦ ਹੋ ਜਾਵੇਗਾ ਅਤੇ ਬਿਮਲ ਤੂੰ ਬੱਚਿਆਂ ਦਾ ਖਿਆਲ ਰੱਖੀ ਜਾਂ ਪਰਮਾਤਮਾ ਉਹਨਾਂ ਦਾ ਖਿਆਲ ਰੱਖੇਗਾ। ਪਰ ਉਸਨੇ ਇਸ ਇਸ ਸਮੇਂ ਇੰਦਰਾ ਗਾਂਧੀ ਨੂੰ ਮਾਰਨ ਦੀ ਗੱਲ ਨਹੀਂ ਕੀਤੀ।ਸਤੰਬਰ 1984 ਅੱਧ ਵਿਚ ਉਜਾਗਰ ਸਿੰਘ ਸੰਧੂ ਦੇ ਪੋਤਰੇ ਦਾ ਜਨਮ ਦਿਨ ਮੋਤੀ ਬਾਗ ਸਥਿਤ ਰਿਹਾਇਸ਼ ਵਿਚ ਮਨਾਇਆ ਗਿਆ। ਭਾਵੇਂ ਕਿ ਉਹਨਾਂ ਨੂੰ ਕੋਈ ਸੱਦਾ-ਪੱਤਰ ਨਹੀਂ ਸੀ ਮਿਲਿਆ ਪਰ ਉਹ ਕੇਹਰ ਸਿੰਘ ਨਾਲ ਉੱਥੇ ਗਏ ਜਿੱਥੇ ਕਿ ਬੜੀਆਂ ਭਵਕੀਲੀਆਂ ਤਕਰੀਰਾਂ ਕੀਤੀਆ ਗਈਆਂ। 13 ਅਕਤੂਬਰ 1984 ਨੂੰ ਉਸਦੇ ਪਤੀ ਨੇ ਦੱਸਿਆ ਕਿ ਉਹ 14 ਅਕਤੂਬਰ ਨੂੰ ਅੰਮ੍ਰਿਤ ਛਕ ਰਿਹਾ ਹੈ, ਕਾਰਨ ਪੁੱਛਣ ਤੇ ਦੱਸਿਆ ਕਿ ਉਹ ਸ਼ਰਾਬ ਛੱਡਣੀ ਚਾਹੁੰਦਾ ਹੈ।17 ਅਕਤੂਬਰ ਦੀ ਸ਼ਾਮ ਕੇਹਰ ਸਿੰਘ ਘਰ ਆਇਆ ਤੇ ਛੱਤ ਉੱਤੇ 15-18 ਮਿੰਟ ਇਕੱਠੇ ਬੈਠੇ।ਸਤਵੰਤ ਸਿੰਘ ਜੋ ਕਿ ਅਕਤੂਬਰ ਦੇ ਪਹਿਲੇ ਹਫਤੇ ਉਹਨਾਂ ਦੇ ਘਰ ਦੋ ਵਾਰ ਪਹਿਲਾਂ ਵੀ ਆਇਆ ਸੀ, ਉਹ ਵੀ 17 ਅਕਤੂਬਰ ਨੂੰ ਆਇਆ ਸੀ।ਪਹਿਲਾਂ ਉਹ ਹੌਲੀ-ਹੌਲੀ ਗੱਲਾਂ ਕਰਦੇ ਰਹੇ ਤੇ ਬਾਅਦ ਵਿਚ ਇਕੱਠਿਆਂ ਨੇ ਭੋਜਨ ਛਕਿਆ।ਬਿਮਲ ਕੌਰ ਦੇ ਪੁੱਛਣ 'ਤੇ ਕਿ ਉਹ ਕੀ ਗੱਲਾਂ ਕਰਦੇ ਹਨ ਤਾਂ ਬੇਅੰਤ ਸਿੰਘ ਨੇ ਉਸਨੂੰ ਟਾਲ ਦਿੱਤਾ। 20 ਅਕਤੂਬਰ 1984 ਨੂੰ ਬੇਅੰਤ ਸਿੰਘ ਦਾ ਪਰਿਵਾਰ ਕੇਹਰ ਸਿੰਘ ਤੇ ਉਸਦੀ ਪਤਨੀ ਨਾਲ ਅੰਮ੍ਰਿਤਸਰ ਗਏ। ਅਸਲ ਵਿਚ ਬੇਅੰਤ ਸਿੰਘ ਤੇ ਕੇਹਰ ਸਿੰਘ ਇਕੱਲਿਆ ਹੀ ਅੰਮ੍ਰਿਤਸਰ ਜਾਣਾ ਚਾਹੁੰਦੇ ਸਨ ਬਿਮਲ ਕੌਰ ਦੇ ਪੁੱਛਣ 'ਤੇ ਕਿ ਉਹ ਸਾਰੇ ਮਾਰਚ 1985 ਵਿਚ ਇਕੱਠੇ ਅੰਮ੍ਰਿਤਸਰ ਜਾਣਗੇ ਤਾਂ ਬੇਅੰਤ ਸਿੰਘ ਨੇ ਉਸਨੂੰ ਵੀ ਨਾਲ ਚੱਲਣ ਲਈ ਮਨਾ ਲਿਆ ਕਿ ਜਗੀਰ ਕੌਰ ਵੀ ਨਾਲ ਹੀ ਚੱਲੇਗੀ।ਅੰਮ੍ਰਿਤਸਰ ਵਿਚ ਉਹ ਐੱਮ.ਆਰ ਸਿੰਘ ਕੋਲ ਰਹੇ ਜਿੱਥੇ ਸ਼ਾਮ ਨੂੰ ਬਿਮਲ ਕੌਰ, ਬੱਚੇ ਤੇ ਜਗੀਰ ਕੌਰ ਕੀਰਤਨ ਸੁਣਨ ਲੱਗੇ ਅਤੇ ਬੇਅੰਤ ਸਿੰਘ ਤੇ ਕੇਹਰ ਸਿੰਘ ਅਕਾਲ ਤਖ਼ਤ ਦੇਖਣ ਚਲੇ ਗਏ।ਉਹ ਵੀ ਦੇਖਣਾ ਚਾਹੁੰਦੇ ਸਨ ਪਰ ਉਨਾਂ ਨੇ ਕਿਹਾ ਕਿ ਉਹ ਅਗਲੀ ਸਵੇਰ ਦੇਖ ਸਕਦੀ ਹੈ। ਅਗਲੀ ਸਵੇਰ ਵੀ ਬੇਅੰਤ ਸਿੰਘ ਤੇ ਕੇਹਰ ਸਿੰਘ ਅਕਾਲ ਤਖ਼ਤ ਛੇਤੀ ਚਲੇ ਗਏ ਕਿ ਸਾਡੇ ਮਗਰ ਆ ਜਾਇਓ। ਜਦੋ ਸਾਰੇ ਉੱਥੇ ਪੁੱਜੇ ਤਾਂ ਬੇਅੰਤ ਸਿੰਘ ਤੇ ਕੇਹਰ ਸਿੰਘ ਉੱਥੋਂ ਕਿਤੇ ਚਲੇ ਗਏ ਤੇ 3-4 ਘੰਟਿਆਂ ਬਾਅਦ ਆਏ। ਵਾਪਸ ਆਉਂਣ ਤੋਂ ਬਾਅਦ ਫਿਰ ਦੋਵੇਂ ਕੁਝ ਮਿੰਟਾਂ ਲਈ ਕਿਤੇ ਗਏ ਅਤੇ ਇਕ ਕੈਸਟ ਤੇ ਭਿੰਡਰਾਂਵਾਲ਼ਿਆ ਦੀ ਇਕ ਫੋਟੋ ਖਰੀਦ ਕੇ ਲਿਆਏ।ਬੇਅੰਤ ਸਿੰਘ ਨੇ ਕਿਹਾ ਕਿ ਉਹ ਰੇਲਵੇ ਸਟੇਸ਼ਨ ਉੱਤੇ ਜਾਣ ਮੈਂ ਕਿਸੇ ਨੂੰ ਮਿਲ ਕੇ ਸਿੱਧਾ ਉੱਥੇ ਪੁਜੱਗਾ ਅਤੇ ਅਸੀਂ 21 ਅਕਤੂਬਰ 1984 ਨੂੰ ਵਾਪਸ ਦਿੱਲੀ ਆ ਗਏ। 24 ਅਕਤੂਬਰ 1984 ਨੂੰ ਰਾਤ ਦੀ ਡਿਊਟੀ ਤੋਂ ਵਾਪਸ ਆਕੇ ਬੇਅੰਤ ਸਿੰਘ ਸਕੂਟਰ ਉੱਤੇ ਸਤਵੰਤ ਸਿੰਘ ਨਾਲ ਕਿਤੇ ਚਲਾ ਗਿਆ।

31 ਅਕਤੂਬਰ 1984 ਨੂੰ ਬੇਅੰਤ ਸਿੰਘ ਦੇ ਘਰੀ ਦੀ ਤਲਾਸ਼ੀ ਦੌਰਾਨ ਸੰਤ ਭਿੰਡਰਾਂਵਾਲ਼ਿਆ ਦੀ ਕਿਤਾਬ ਵਿਚੋਂ ਇਕ ਹੁਕਮਨਾਮੇ ਦੀਮ ਹੱਥ-ਲਿਖਤ ਮਿਲੀ ਜੋ ਕਿ 13 ਅਕਤੂਬਰ 1984 ਦਾ ਗੁਰੂ ਗੰ੍ਰਥ ਸਾਹਿਬ ਜੀ ਦਾ ਹੁਕਮਨਾਮਾ ਸੀ ਤੇ ਜਿਸਨੂੰ ਬੇਅੰਤ ਸਿੰਘ ਨੇ ਅਪਾਣੇ ਹੱਥਾਂ ਨਾਲ ਪੀਲੀ ਸਿਆਹੀ ਨਾਲ ਲਿਖਿਆ ਹੋਇਆ ਸੀ।ਹੁਕਮਨਾਮਾ ਗੁਰੂ ਗੰ੍ਰਥ ਸਾਹਿਬ ਦੇ ਅੰਗ 651-652 ਉਪਰ ਸੁਸ਼ੋਭਿਤ ਹੈ ਕਿ
ਸਲੋਕੁ ਮਃ 3 ॥ 
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥
 ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ 
ਭਾਵੇਂ ਕਿ ਬਿਮਲ ਕੌਰ ਵਲੋਂ ਦਿੱਤੇ ਬਿਆਨ ਵਿਚ ਕਿਤੇ ਵੀ ਇਹ ਜਿਕਰ ਨਹੀਨ ਆਇਆ ਕਿ ਉਹ ਇੰਦਰਾ ਗਾਂਧੀ ਨੂੰ ਮਾਰਨ ਦੀ ਸਾਜ਼ਿਸ ਘੜ੍ਹ ਰਹੇ ਸਨ ਪਰ ਅਦਾਲਤ ਵਲੋਂ ਇਹ ਮੰਨ ਕੇ ਚੱਲਿਆ ਗਿਆ ਕਿ ਉਹਨਾਂ ਦੀਆਂ ਗੁਪਤ ਵਾਰਤਾਵਾਂ ਤੇ ਅੰਮ੍ਰਿਤਸਰ ਯਾਤਰਾ ਦੌਰਾਨ ਪਰਿਵਾਰ ਤੋਂ ਵੱਖ ਰਹਿ ਕੇ ਵਿਚਰਨਾ ਅਤੇ ਸਾਰਾ ਘਟਨਾਕ੍ਰਮ ਕੇਹਰ ਸਿੰਘ ਨੂੰ ਇਸ ਸਾਜ਼ਸ ਦਾ ਹਿੱਸਾ ਬਣਉਂਦਾ ਹੈ।
ਬੇਅੰਤ ਸਿੰਘ, ਸਤਵੰਤ ਸਿੰਘ ਤੇ ਬਿਮਲ ਕੌਰ ਤਿੰਨਾਂ ਦੁਅਰਾ ਅੰਮ੍ਰਿਤ ਛਕਣ ਦੀ ਘਟਨਾ ਸਮੇਂ ਕਿਹਰ ਸਿੰਘ ਦਾ ਨਾਲ ਹੋਣਾ ਵੀ ਉਸਨੂੰ ਸਾਜ਼ਸ ਦਾ ਹਿੱਸਾ ਬਣਾਉਂਣ ਦਾ ਕਾਰਨ ਬਣਦਾ ਹੈ।ਸੁਪਰੀਮ ਕੋਰਟ ਦਾ ਮੰਨਣਾ ਸੀ ਕਿ ਅਜਿਹਾ ਕੁਝ ਤਾਂ ਸੀ ਜੋ ਕੇਹਰ ਸਿੰਘ ਤਾਂ ਜਾਣਦਾ ਸੀ ਪਰ  ਜਿਸ ਬਾਰੇ ਬੇਅੰਤ ਸਿੰਘ ਆਪਣੀ ਪਤਨੀ ਬਿਮਲ ਕੌਰ ਨੂੰ ਵੀ ਜ਼ਾਹਰ ਨਹੀਂ ਸੀ ਹੋਣ ਦੇਣਾ ਚਾਹੁੰਦਾ।
31 ਅਕਤੂਬਰ 1984 ਨੂੰ ਕੇਹਰ ਸਿੰਘ ਭਾਵੇਂ ਛੁੱਟੀ ਉੱਤੇ ਸੀ ਪਰ ਉਹ ਸਵੇਰੇ 10.45 ਵਜੇ ਦਫਤਰ ਆਇਆ ਤਾਂ ਉਸਨੇ ਇੰਦਰਾ ਗਾਂਧੀ ਦੇ ਕਤਲ ਬਾਰੇ ਆਪਣਾ ਪ੍ਰਤੀਕਰਮ ਜਾਹਰ ਕਰਦਿਆ ਕਿਹਾ ਕਿ “ਪੰਥ ਨਾਲ ਜੋ ਵੀ ਟੱਕਰ ਲਵੇਗਾ ਉਸਦਾ ਅਜਿਹਾ ਹੀ ਹਸ਼ਰ ਹੋਵੇਗਾ”।
ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਸੁਪਰੀਮ ਕੋਰਟ ਨੇ ਭਾਈ ਕੇਹਰ ਸਿੰਘ ਨੂੰ ਫਾਂਸੀ ਦੀ ਸਜ਼ਾ ਸਹੀ ਠਹਿਰਾਈ।
ਸਤਵੰਤ ਸਿੰਘ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਸਰਕਾਰ ਕੋਲ ਸਬੂਤਾਂ ਦੀ ਕੋਈ ਘਾਟ ਨਹੀਂ ਸੀ, ਜਿਆਦਾ ਕਰਕੇ ਮੌਕੇ ਦੇ ਕਈ ਗਵਾਹ ਸਨ ਜਿਹਨਾਂ ਨੇ ਸਤਵੰਤ ਸਿੰਘ ਨੂੰ ਗੋਲੀਆਂ ਚਲਾਉਂਦੇ ਅੱਖੀਂ ਦੇਖਿਆਂ ਸੀ। ਪਰ ਸਤਵੰਤ ਸਿੰਘ ਫਾਂਸੀ ਦੇਣ ਦੇ ਹੁਕਮ ਵਿਚ ਜੱਜਾਂ ਦੀ ਮਾਨਸਿਕਤਾ ਦਾ ਜੋ ਝਲਕਾਰਾ ਨਜ਼ਰੀ ਪੈਦਾ ਹੈ ਉਸ ਨਾਲ ਉਹਨਾਂ ਦੇ ਮੁਤੱਸਬੀ-ਪੁਣੇ ਦੀ ਸਾਫ ਝਲਕ ਦਿਖਦੀ ਸੀ।
ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ‘ਤੇ ਸਭ ਤੋਂ ਵੱਧ ਕੇ ਜੋ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਨੇ ਇਕ ਨਿਹੱਥੀ ਔਰਤ ‘ਤੇ ਗੋਲੀਆਂ ਚਲਾਈਆਂ ਜਿਸਦੀ ਰਾਖੀ ਲਈ ਉਹਨਾਂ ਨੂੰਂ ਤਾਇਨਾਤ ਕੀਤਾ ਗਿਆ ਸੀ ਅਤੇ ਇਸ ਗੱਲ ਦਾ ਜ਼ਿਕਰ ਸੁਪਰੀਮ ਕੋਰਟ ਦੇ ਜੱਜਾਂ ਨੇ ਆਪਣੇ ਫੈਸਲੇ ਵਿਚ ਵਾਰ-ਵਾਰ ਕੀਤਾ।ਸਿੱਧੇ ਰੂਪ ਵਿਚ ਦੇਖਿਆਂ-ਸੁਣਿਆਂ ਇਹ ਗੱਲ ਮਨ ਨੂੰ ਲੱਗਦੀ ਹੈ ਪਰ ਜਦੋਂ ਇਸ ਦੇ ਪਿੱਛੇ ਲੰਮੀ ਵਾਰਤਾ ਸੋਚਾਂ ਵਿਚ ਉਤਰਦੀ ਹੈ ਤਾਂ ਸਭ ਕੁਝ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਇੰਦਰਾ ਗਾਂਧੀ ਉਸ ਸਿਸਟਮ ਦਾ ਮੁੱਖ ਅੰਗ ਸੀ ਜਿਸਨੂੰ ਭਾਰਤੀ ਸਟੇਟ ਕਹਿੰਦੇ ਹਨ ਅਤੇ ਉਹ ਬਹੁਗਿਣਤੀ ਹਿੰਦੂ ਦੀ ਪੁਰਾਤਨ ਮਿੱਥ ਦੁਰਗਾ ਮਾਤਾ ਦੇ ਰੂਪ ਵਿਚ ਪ੍ਰਗਟ ਹੋ ਗਈ ਸੀ ਅਤੇ ਭਾਰਤੀ ਸਟੇਟ ਦੇ ਵੱਖ-ਵੱਖ ਅੰਗ ਉਸ ਮਾਤਾ ਦੀਆਂ ਅਨੇਕਾਂ ਬਾਹਵਾਂ ਦੇ ਰੂਪ ਵਿਚ ਪ੍ਰਗਟ ਹੋ ਗਏ ਸਨ। ਦੂਜੇ ਪਾਸੇ ਸਿੱਖੀ ਦਾ ਧੁਰਾ ਤੇ ਮਨੁੱਖਤਾ ਦੀ ਟੇਕ ਸ੍ਰੀ ਦਰਬਾਰ ਸਾਹਿਬ ਤੇ ਬ੍ਰਹਿਮੰਡੀ ਸਿਆਸਤ ਦਾ ਧੁਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ-ਟੈਂਕਾਂ ਨਾਲ ਢਾਹੁਣਾ ਤੇ ਹਜ਼ਾਰਾਂ ਬੇ-ਗੁਨਾਹ ਇਨਸਾਨਾਂ ਦਾ ਕਤਲ ਕੀਤਾ ਗਿਆ।ਜਿਹਨਾਂ ਦੇ ਹੱਥਾਂ ਵਿਚ ਬੰਦੂਕਾਂ ਸਨ ਉਹਨਾਂ ਦੀਆਂ ਸ਼ਹੀਦੀਆਂ ਦਾ ਕੋਈ ਗਮ ਨਹੀਂ ਸਗੋਂ ਮਾਣ ਹੈ ਪਰ ਜੋ ਜਾਣ-ਬੁਝ ਕੇ ਫੜ-ਫੜ ਕੇ ਤੜਫਾ-ਤੜਫਾ ਕੇ ਖਤਮ ਕਰ ਦਿੱਤੇ ਉਹਨਾਂ ਦੀ ਹਾਅ ਨੀ ਜੀਣ ਦੇ ਸਕਦੀ ਪਾਪੀਆਂ ਨੂੰ।ਇਸ ਸਭ ਲਈ ਜਿੰਮੇਵਾਰ ਕੌਣ ਸੀ ? ਭਾਰਤੀ ਸਟੇਟ। ਕਿਸੇ ਸਟੇਟ ਦਾ ਮੁੱਢਲਾ ਫਰਜ਼ ਕੀ ਹੁੰਦਾ ਹੈ ? ਉਸ ਵਿਚ ਰਹਿੰਦੇ ਸਾਰੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨੀ। ਪਰ ਰਾਖੀ ਕਰਨ ਲਈ ਬਣਾਈਆਂ ਫੋਰਸਾਂ ਨੇ ਹੀ ਆਪਣੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਹਨਾਂ ਫੋਰਸਾਂ ਤੇ ਉਹਨਾਂ ਨੂੰ ਚਲਾਉਣ ਵਾਲਿਆਂ ਦਾ ਕੀ ਕੋਈ ਫਰਜ਼ ਨਹੀਂ ਸੀ ਆਪਣੇ ਲੋਕਾਂ ਪ੍ਰਤੀ ? ਉਹਨਾਂ ਕਦੇ ਸਿੱਖਾਂ ਨੂੰ ਆਪਣੇ ਬਰਾਬਰ ਦੇ ਸ਼ਹਿਰੀ ਤਾਂ ਇਕ ਪਾਸੇ ਰਿਹਾ ਮਨੁੱਖ ਵੀ ਨਹੀਂ ਸਮਝਿਆ, ਇਸ ਲਈ ਇਸ ਦੇਸ਼ ਵਿਚ ਜਾਨਵਰ ਮਾਰਨ ਦੀ ਸਜ਼ਾ ਤਾਂ ਹੈ ਪਰ ਸਿੱਖ ਨੂੰ ਮਾਰਨ ਦੀ ਕੋਈ ਸਜ਼ਾ ਨਹੀਂ।ਤੇ ਇਤਿਹਾਸ ਗਵਾਹ ਹੈ ਕਿ ਫੌਜਾਂ ਵੱਲੋਂ ਕੀਤੇ ਚੰਗੇ-ਮੰਦੇ ਦਾ ਖਾਮਿਆਜ਼ਾ ਮੁਖੀਆਂ ਨੂੰ ਹੀ ਭੁਗਤਣਾ ਪੈਂਦਾ ਹੈ।ਤੇ ਜਦੋਂ ਸਟੇਟ ਹੀ ਆਪਣੇ ਫਰਜ਼ਾਂ ਨੂੰ ਭੁੱਲ ਕੇ ਅਪ-ਹੁਦਰੀਆਂ ‘ਤੇ ਉਤਰ ਆਈ ਤਾਂ ਉਸ ਦੇ ਨਿੱਕੇ-ਨਿੱਕੇ ਦੋ ਕਰਿੰਦਿਆਂ ਨੂੰ ਆਪਣੇ ਫਰਜ਼ ਨਿਭਾਉਂਣ ਲਈ ਕਹਿਣਾ ਬਚਪਨਾ ਹੀ ਹੋਵੇਗਾ।ਸਭ ਤੋਂ ਵੱਧ ਕੇ ਸਿੱਖ ਲਈ ਸਭ ਤੋਂ ਪਹਿਲਾਂ ਹੈ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਕੌਮ ਦੀ ਪੱਗ, ਉਸ ਤੋਂ ਬਾਦ ਹੀ ਬਾਕੀ ਸਭ-ਕੁਝ। ਤੇ ਜਦੋਂ ਅਥਾਹ ਵੱਡੇ ਫਰਜ਼ ਨਿਭਾਉਂਣ ਵਾਲੇ ਪਏ ਸਨ ਤਾਂ ਬਾਕੀ ਸਾਰੇ ਨਿੱਕੇ-ਮੋਟੇ ਫਰਜ਼ ਕੋਈ ਮਾਅਨੇ ਨਹੀਂ ਰੱਖਦੇ।ਹਰ ਇਕ ਦਾਨਸ਼ਮੰਦ ਇਨਸਾਨ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਜਦੋਂ ਇਕ ਪਾਸੇ ਧੀ-ਭੈਣ ਦੀ ਇੱਜ਼ਤ ਦਾ ਸਵਾਲ ਹੋਵੇ ਤੇ ਦੂਜੇ ਪਾਸੇ ਪੈਸਿਆਂ ਦੇ ਨੁਕਸਾਨ ਦਾ ਸਵਾਲ ਤਾਂ ਹਰ ਗੈਰਤ ਮੰਦ ਇਨਸਾਨ ਧੀ-ਭੈਣ ਦੀ ਇੱਜ਼ਤ ਬਚਾਉਂਣ ਨੂੰ ਪਹਿਲ ਦੇਵੇਗਾ ਤੇ ਇਹੀ ਫਰਜ਼ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਨੇ ਨਿਭਾਇਆ। ਹਾਂ, ਇਸ ਭਾਰਤੀ ਸਟੇਟ ਦੇ ਮੁਖੀ ਮੁਗਲਾਂ ਦੇ ਰਾਜ਼ ਸਮੇਂ ਆਪਣੀਆਂ ਧੀਆਂ-ਭੈਣਾਂ ਨੂੰ ਮੁਗਲਾਂ ਦੇ ਬਿਸਤਰਿਆਂ ਵਿਚ ਭੇਜ ਕੇ ਆਪਣੀ ਜਾਨ-ਮਾਲ ਦੀ ਰਾਖੀ ਜਰੂਰ ਕਰ ਲੈਂਦੇ ਸਨ।  
ਭਾਰਤੀ ਨਿਆਂਪਾਲਿਕਾ ਵਲੋਂ ਇਸ ਫੈਸਲੇ ਰਾਹੀਂ ਸਿੱਖਾਂ ਨੂੰ ਤਿੰਨ ਗੱਲਾਂ ਦਾ ਸਬਕ ਸਿਖਾਇਆ ਗਿਆ। ਪਹਿਲੀ ਗੱਲ ਕਿ ਜੇ ਭਾਰਤੀ ਸਟੇਟ ਸਿੱਖਾਂ ਨੂੰ ਮਾਰੇ ਤਾਂ ਸਿੱਖ ਉਸ ਦਾ ਵਿਰੋਧ ਨਾ ਕਰਨ ਪਰ ਜੇ ਉਹਨਾਂ ਨੇ ਕੁਝ ਕੀਤਾ ਤਾਂ ਮੌਤ ਲਈ ਵੀ ਸਿੱਖ ਤਿਆਰ ਰਹਿਣ । ਭਾਈ ਸਤਵੰਤ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਉੱਤੇ ਸਿੱਖ ਕੌਮ ਨੂੰ ਮਾਣ ਹੈ ਅਤੇ ਕੌਮ ਕਦੇ ਵੀ ਇਸ ਲਈ ਝੂਰਦੀ ਨਹੀਂ।ਦੂਜਾ ਸਬਕ ਇਹ ਦਿੱਤਾ ਕਿ ਅਸੀਂ ਜਿਸ ਨੂੰ ਚਾਹੇ ਦੋਸ਼ੀ ਬਣਾ ਸਕਦੇ ਹਾਂ ਜਿਵੇ ਕਿ ਭਾਈ ਬਲਵੀਰ ਸਿੰਘ ਅਤੇ ਭਾਈ ਕਿਹਰ ਸਿੰਘ।ਤੀਜਾ ਸਬਕ ਇਹ ਦਿੱਤਾ ਕਿ ਅਸੀਂ ਜਿਸ ਕਿਸੇ ਨੂੰ ਚਾਹੇ ਬਰੀ ਕਰ ਸਕਦੇ ਹਾਂ ਜਿਵੇ ਭਾਈ ਬਲਵੀਰ ਸਿੰਘ ਨੂੰ ਕੀਤਾ ਗਿਆ ਅਤੇ ਜਿਸ ਕਿਸੇ ਨੂੰ ਚਾਹੇ ਤਾਂ ਨਿਗੂਣੀਆਂ ਗੱਲਾਂ ‘ਤੇ ਹੀ ਫਾਂਸੀ ਚਾੜ੍ਹ ਸਕਦੇ ਹਾਂ ਜਿਵੇ ਭਾਈ ਕਿਹਰ ਸਿੰਘ ‘ਤੇ ਜੋ ਇਲਜ਼ਾਮ ਸਨ ਕਿ ਉਸਨੇ ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ, ਉਸਨੇ ਆਪਣੇ ਹੋਰ ਸਾਥੀਆਂ ਕੋਲ ਅਕਾਲ ਤਖ਼ਤ ਸਾਹਿਬ ਨੂੰ ਢਹਾਉਂਣ ਲਈ ਇੰਦਰਾਂ ਗਾਂਧੀ ਨੂੰ ਦੋਸ਼ੀ ਮੰਨਿਆ, ਉਹ ਸਮੇਤ ਪਰਿਵਾਰ ਭਾਈ ਬੇਅੰਤ ਸਿੰਘ ਦੇ ਪਰਿਵਾਰ ਨਾਲ 20-21 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਗਿਆ ਅਤੇ ਬੇਅੰਤ ਸਿੰਘ ਦੀ ਪਤਨੀ ਨੇ ਬਿਅਨਾਂ ਵਿਚ ਕਿਹਾ ਕਿ ਬੇਅੰਤ ਸਿੰਘ ਅਤੇ ਕਿਹਰ ਸਿੰਘ ਆਪਸ ਵਿਚ ਗੱਲਾਂ ਕਰਦੇ ਸਨ ਪਰ ਉਸਨੇ ਕਦੀ ਗੱਲਾਂ ਨਹੀਂ ਸੁਣੀਆਂ ਕਿ ਉਹ ਗੱਲਾਂ ਕੀ ਕਰਦੇ ਸਨ ? ਤਾਂ ਫਿਰ ਸਿੱਖੋ ਸਮਝ ਗਏ ਸਾਰੀ ਗੱਲ ਕਿ ਇਸ ਦੇਸ਼ ਵਿਚ ਅੰਮ੍ਰਿਤ ਛਕਣ ਵਾਲੇ ਨੂੰ, ਕਿਸੇ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕਰਨ ਵਾਲੇ ਨੂੰ, ਆਪਣਾ ਕੌਮੀ ਦਰਦ ਆਪਣੇ ਵੀਰਾਂ ਭਰਾਵਾਂ ਨਾਲ ਸਾਂਝੇ ਕਰਨ ਵਾਲੇ ਨੂੰ, ਅੰਮ੍ਰਿਤਸਰ ਦੇ ਦਰਸ਼ਨ-ਇਸ਼ਨਾਨ ਕਰਨ ਵਾਲੇ ਨੂੰ ਫਾਂਸੀ ਲਗਾ ਦਿੱਤਾ ਜਾਂਦਾ ਹੈ ਪਰ ਸਿੱਖਾਂ ਤੇ ਹੋਰ ਘੱਟ-ਗਿਣਤੀ ਦੇ ਲੋਕਾਂ ਨੂੰ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿਚ ਮਾਰਨ ਵਾਲਿਆਂ ਨੂੰ , ਉਹਨਾਂ ਦੀਆਂ ਧੀਆਂ-ਭੈਣਾਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਕੋਈ ਸਜ਼ਾ ਤਾਂ ਦੂਰ ਦੀ ਗੱਲ ਸਗੋਂ ਤਗਮਿਆਂ ਤੇ ਪਦਵੀਆਂ ਨਾਲ ਨਿਵਾਜ਼ਿਆ ਜਾਂਦਾ ਹੈ।
ਇਸ ਫੈਸਲੇ ਵਿਚ ਸੁਪਰੀਮ ਕੋਰਟ ਨੇ ਇਕ ਹੋਰ ਗੱਲ ਕਹੀ ਕਿ ਇੰਦਰਾਂ ਗਾਂਧੀ ਬਹੁਗਿਣਤੀ ਦੀ ਆਗੂ ਸੀ ਇਸ ਨੂੰ ਮਾਰਨਾ ਬਹੁਤ ਵੱਡਾ ਗੁਨਾਹ ਹੈ, ਇਸ ਤੋਂ ਸਾਬਤ ਹੈ ਕਿ ਵੋਟਾਂ ‘ਤੇ ਆਧਾਰਿਤ ਇਸ ਲੋਕਤੰਤਰੀ ਢਾਂਚੇ ਵਿਚ ਕੇਵਲ ਬਹੁ-ਗਿਣਤੀ ਦੀ ਹੀ ਗੱਲ ਸੁਣੀ ਜਾਂਦੀ ਹੈ ਅਤੇ ਕੇਵਲ ਬਹੁ-ਗਿਣਤੀ ਨੂੰ ਹੱਕ ਹੈ ਕਿ ਉਹ ਬੋਲੇ ਤੇ ਹੁਕਮ ਦੇਵੇ, ਘੱਟ-ਗਿਣਤੀਆਂ ਦੀ ਨਾ ਤਾਂ ਕੋਈ ਗੱਲ ਸੁਣੀ ਜਾਂਦੀ ਹੈ ਅਤੇ ਨਾ ਹੀ ਉਹ ਆਪਣੇ ਹੱਕਾਂ ਲਈ ਬੋਲ ਸਕਦੇ ਹਨ ਅਤੇ ਨਾ ਹੀ ਕੁਝ ਕਰ ਸਕਦੇ ਹਨ ਪਰ ਜੇ ਕੁਝ ਕਰਨ ਤਾਂ ਉਹ ਦੇਸ਼-ਧ੍ਰੋਹੀ, ਅੱਤਵਾਦੀ ਤੇ ਵੱਖਵਾਦੀ। 
ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਇਹ ਗੱਲ ਨਿਚੋੜ ਰੂਪ ਵਿਚ ਕਹੀ ਕਿ ਦਰਬਾਰ ਸਾਹਿਬ ‘ਤੇ ਹਮਲਾ ਇਕ ਜਿੰਮੇਵਾਰ ਸਰਕਾਰ ਦੁਆਰਾ ਪੁੱਟਿਆ ਗਿਆ ‘ਰਾਸ਼ਟਰੀ ਹਿੱਤ’ ਵਾਲਾ ਕਦਮ ਸੀ। ਜੇ ਇਸ ਦੇਸ਼ ਦੀ ਸਰਵ-ਉੱਚ ਅਦਾਲਤ ਸਿੱਖਾਂ ਦੇ ਮੁਖ ਅਸਥਾਨ ‘ਤੇ ਸਰਕਾਰੀ ਹਮਲੇ ਨੂੰ ਰਾਸ਼ਟਰੀ ਹਿੱਤ ਦੱਸਦੀ ਹੈ ਤਾਂ ਸਿੱਖਾਂ ਨੂੰ ਅਜਿਹੀਆਂ ਅਦਾਲਤਾਂ ਵਲੋਂ ਕੀ ਨਿਆਂ ਮਿਲ ਸਕਦਾ ਹੈ ?
ਆਓ! ਆਪਾਂ ਸਿੱਖ ਹੋਣ ਦੇ ਨਾਤੇ ਭਾਰਤੀ ਸਟੇਟ ਨੂੰ ਸਮਝੀਏ ਅਤੇ ਇਸ ਦੁਆਰਾ ਬਣਾਏ ਇਹਨਾਂ ਕਾਨੂੰਨਾਂ, ਨਿਆਂ ਦੇ ਡਰਾਮਿਆਂ ਨੂੰ ਦੁਨੀਆਂ ਸਾਹਮਣੇ ਨੰਗਾ ਕਰੀਏ ਤਾਂ ਜੋ ਕੌਮਾਂਤਰੀ ਭਾਈਚਾਰੇ ਨੂੰ ਦੱਸ ਸਕੀਏ ਇਸ ਭੋਲੀ ਗਾਂ ਦੇ ਪਰਦੇ ਪਿੱਛੇ ਕਿੱਡੇ ਖੂੰਖਾਰ-ਆਦਮਖੋਰ ਸੀਂਹ ਤੇ ਕੁੱਤੇ ਲੁਕੇ ਬੈਠੇ ਹਨ ਜੋ ਨਾ ਸਿਰਫ ਸਿੱਖਾਂ ਸਗੋਂ ਭਾਰਤ ਵਿਚ ਵਸਦੀ ਹਰ ਉਸ ਸੋਚ ਸੱਭਿਆਚਾਰ ਨੂੰ ਪਚਾ ਜਾਣਾ ਚਾਹੁੰਦੇ ਹਨ ਅਤੇ ਇਸ ਕਾਰਜ ਨੂੰ ਕਰਨ ਲਈ ਸਾਨੂੰ ਵੀ ਭਾਈ ਬੇਅੰਤ ਸਿੰਘ ਵਾਂਗ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਹੁਕਮ ਨੂੰ ਮੰਨਣਾ ਚਾਹੀਦਾ ਹੈ ਜਿਸ ਨੂੰ ਮੰਨ ਕੇ ਉਹਨਾਂ ਨੇ ਸਿੱਖ ਕੌਮ ਦੀ ਲੱਥੀ ਪੱਗ ਸਿਰ ਉੱਤੇ ਰੱਖ ਕੇ ਸਿਰਦਾਰੀ ਕਾਇਮ ਕੀਤੀ ਸੀ। ਹੁਕਮਨਾਮਾ ਸੀ: 
ਸਲੋਕੁ ਮਃ 3 ॥ 
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥
 ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ (ਅੰਗ: 651-652)