ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸੌਣਾ ਵੀ ਇਕ ਕਲਾ ਹੈ


ਕੁਝ ਲੋਕਾਂ ਨੂੰ ਲਗਦਾ ਹੈ ਕਿ ਰਾਤ ਨੂੰ ਨੀਂਦ ਲੈਣਾ ਕਿਹੜੀ ਵੱਡੀ ਗੱਲ ਹੈ, ਸੌਣ ਲਈ ਕਿਸੇ ਜਾਦੂ ਜਾਂ ਖਾਸ ਮੁਸ਼ੱਕਤ ਦੀ ਜ਼ਰੂਰਤ ਨਹੀਂ ਹੁੰਦੀ। ਪਰ ਅਜਿਹਾ ਬਿਲਕੁਲ ਨਹੀਂ ਹੈ। ਸੌਣਾ ਵੀ ਆਪਣੇ-ਆਪ ਵਿਚ ਇਕ ਕਲਾ ਹੈ। ਵਧੀਆ ਨੀਂਦ ਤੁਹਾਡੀ ਅਗਲੇ ਦਿਨ ਦੀ ਰੋਜ਼ਾਨਾ ਜ਼ਿੰਦਗੀ ਨੂੰ ਤੈਅ ਕਰਦੀ ਹੈ। ਇਸ ਲਈ ਸੌਣ ਦੇ ਸਹੀ ਤਰੀਕਿਆਂ ਦੀ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ। ਇਹ ਸਰਵੇਖਣ ਭਾਰਤੀਆਂ ਲਈ ਕਿਸੇ ਚਿਤਾਵਨੀ ਤੋਂ ਘੱਟ ਨਹੀਂ ਹੈ। ਇਸ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤੀਆਂ ਨੂੰ ਇਸ ਸਮੇਂ ਜੇਕਰ ਕਿਸੇ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਤਾਂ ਉਹ ਵਧੀਆ ਨੀਂਦ ਲੈਣ ਦੇ ਤਰੀਕੇ ਸਿੱਖਣ ਦੀ ਹੈ। ਇਥੇ ਅਸੀਂ ਤੁਹਾਡੇ ਲਈ ਕੁਝ ਸਿਹਤ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਬਿਹਤਰ ਨੀਂਦ ਲੈਣ ਦੇ ਤਰੀਕੇ ਲੱਭ ਕੇ ਲਿਆਏ ਹਾਂ। ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਸਲੀਪਿੰਗ ਡਿਸਆਰਡਰ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ।
ਆਰਾਮਦਾਇਕ ਬਿਸਤਰਾ
ਪੂਰੀ ਰਾਤ ਆਰਾਮ ਨਾਲ ਸੌਣ ਲਈ ਸਭ ਤੋਂ ਜ਼ਰੂਰੀ ਚੀਜ਼ ਹੈ, ਤੁਹਾਡਾ ਬਿਸਤਰਾ। ਜੇਕਰ ਤੁਹਾਡਾ ਬਿਸਤਰਾ ਆਰਾਮਦਾਇਕ ਨਹੀਂ ਹੋਵੇਗਾ ਤਾਂ ਭਾਵੇਂ ਤੁਸੀਂ ਜਿੰਨੇ ਮਰਜ਼ੀ ਥੱਕੇ ਹੋਵੋ ਪਰ ਸੌਣ ਵਿਚ ਤਕਲੀਫ਼ ਹੋਵੇਗੀ। ਸੌਣ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਤੁਹਾਡੇ ਸਰੀਰ ਨੂੰ ਆਰਾਮ ਮਿਲਣਾ ਅਤੇ ਇਹ ਆਰਾਮ ਉਦੋਂ ਮਿਲੇਗਾ ਜਦੋਂ ਤੁਹਾਡਾ ਸਰੀਰ ਬਿਸਤਰੇ 'ਤੇ ਸਹੀ ਤਰੀਕੇ ਨਾਲ ਸੈੱਟ ਹੋਵੇਗਾ। ਚੰਗੀ ਨੀਂਦ ਲਈ ਅਜਿਹੇ ਬਿਸਤਰੇ ਦਾ ਇਸਤੇਮਾਲ ਕਰੋ ਜੋ ਨਾ ਜ਼ਿਆਦਾ ਸਖਤ ਹੋਵੇ ਅਤੇ ਨਾ ਹੀ ਨਰਮ। ਤੁਹਾਡੇ ਸਿਰ ਥੱਲੇ ਰੱਖਿਆ ਸਿਰਹਾਣਾ (ਤਕੀਆ) ਵੀ ਨੀਂਦ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਿਰਹਾਣੇ ਦੇ ਨਾਲ ਵੀ ਬਿਸਤਰੇ ਵਾਲੀ ਤਕਨੀਕ ਅਪਣਾਓ। ਇਹ ਵੀ ਜ਼ਿਆਦਾ ਸਖਤ ਅਤੇ ਨਰਮ ਨਹੀਂ ਹੋਣਾ ਚਾਹੀਦਾ। ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਸਿਰ ਥੱਲੇ ਬੇਹੱਦ ਮੋਟਾ ਸਿਰਹਾਣਾ ਰੱਖਦੇ ਹਨ। ਇਹ ਆਦਤ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ਨਾਲ ਤੁਹਾਡੀ ਗਰਦਨ 'ਤੇ ਬੁਰਾ ਅਸਰ ਪੈਂਦਾ ਹੈ।
ਰਿਲੈਕਸ ਮੂਡ ਵਿਚ ਸੌਣ ਜਾਓ
ਕੁਝ ਲੋਕ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਬਿਸਤਰੇ 'ਤੇ ਲੇਟਣ ਤੋਂ ਬਾਅਦ ਕਾਫ਼ੀ ਚਿਰ ਤੱਕ ਨੀਂਦ ਨਹੀਂ ਆਉਂਦੀ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਲੋਕ ਲੇਟਣ ਤੋਂ ਪਹਿਲਾਂ ਉਨ੍ਹਾਂ ਸਾਰੀਆਂ ਗੱਲਾਂ ਨੂੰ ਦਿਮਾਗ ਵਿਚ ਰੱਖਦੇ ਹਨ ਜੋ ਉਨ੍ਹਾਂ ਨੂੰ ਅਕਸਰ ਪ੍ਰੇਸ਼ਾਨ ਕਰਦੀਆਂ ਹਨ। ਇਹ ਧਿਆਨ ਰੱਖੋ ਕਿ ਬਿਸਤਰੇ 'ਤੇ ਜਾਣ ਤੋਂ ਪਹਿਲਾਂ ਸਾਰੀਆਂ ਤਣਾਅ ਦੇਣ ਵਾਲੀਆਂ ਗੱਲਾਂ ਨੂੰ ਦਿਮਾਗ 'ਚੋਂ ਕੱਢ ਦਿਓ। ਨੀਂਦ ਦੇ ਆਗੋਸ਼ ਵਿਚ ਜਾਣ ਤੋਂ ਪਹਿਲਾਂ ਉਹ ਗੱਲਾਂ ਸੋਚੋ ਜੋ ਤੁਹਾਨੂੰ ਖੁਸ਼ੀ ਦਿੰਦੀਆਂ ਹੋਣ। ਇਸ ਨਾਲ ਤੁਹਾਡਾ ਦਿਮਾਗ ਹਲਕਾ ਹੋ ਜਾਵੇਗਾ ਅਤੇ ਬਿਸਤਰੇ 'ਤੇ ਜਾਂਦੇ ਹੀ ਮਿੱਠੀ ਨੀਂਦ ਆ ਜਾਵੇਗੀ। ਮੂਡ ਨੂੰ ਰਿਲੈਕਸ ਕਰਨ ਲਈ ਕੁਝ ਹੋਰ ਟਿਪਸ ਵੀ ਅਪਣਾਅ ਸਕਦੇ ਹਾਂ, ਜਿਵੇੰਂ ਕਿ ਸੌਣ ਤੋਂ ਪਹਿਲਾਂ ਮਧੁਰ ਸੰਗੀਤ ਸੁਣ ਸਕਦੇ ਹਾਂ ਜਾਂ ਫਿਰ ਆਪਣੀ ਮਨਪਸੰਦ ਕਿਤਾਬ ਪੜ੍ਹ ਸਕਦੇ ਹਾਂ। ਪੜ੍ਹਨ ਜਾਂ ਸੰਗੀਤ ਦਾ ਸ਼ੌਕ ਨਾ ਹੋਵੇ ਤਾਂ ਹਲਕੇ ਗੁਨਗੁਨੇ ਪਾਣੀ ਤੋਂ ਨਹਾ ਸਕਦੇ ਹਾਂ ਜਾਂ ਫਿਰ ਕੁਝ ਆਰਾਮ ਦੇਣ ਵਾਲੀਆਂ ਕਸਰਤਾਂ ਕਰ ਸਕਦੇ ਹਾਂ। ਇਨ੍ਹਾਂ ਤਰੀਕਿਆਂ ਤੋਂ ਇਲਾਵਾ ਇਕ ਤਰੀਕਾ ਇਹ ਵੀ ਹੈ ਕਿ ਆਪਣੇ ਮਨਪਸੰਦ ਲੋਸ਼ਨ ਨਾਲ ਸਰੀਰ ਦੀ ਮਾਲਸ਼ ਕੀਤੀ ਜਾ ਸਕਦੀ ਹੈ। ਇਸ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਆਰਾਮ ਨਾਲ ਨੀਂਦ ਆ ਜਾਂਦੀ ਹੈ।
ਜਾਗਣ ਸਮਾਂ ਨਿਸ਼ਚਿਤ ਕਰੋ
ਵਧੀਆ ਨੀਂਦ ਲੈਣ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਾਗਣ ਦਾ ਸਮਾਂ ਹਰ ਦਿਨ ਇਕ ਵਰਗਾ ਹੋਵੇ। ਕੁਝ ਲੋਕ ਸਵੇਰੇ ਉਠਣ ਦੇ ਆਲਸ ਕਾਰਨ ਇਕ ਡੇਢ ਘੰਟਾ ਹੋਰ ਸੌਂ ਜਾਂਦੇ ਹਨ, ਇਹ ਤਰੀਕਾ ਬਿਲਕੁਲ ਗ਼ਲਤ ਹੈ। ਇਸ ਨਾਲ ਤੁਹਾਡਾ ਸਰੀਰ ਅਤੇ ਦਿਮਾਗ ਸਾਰਾ ਦਿਨ ਭਾਰਾ ਰਹਿੰਦਾ ਹੈ। ਜੇਕਰ ਕਿਸੇ ਦਿਨ ਰਾਤ ਨੂੰ ਸੌਣ ਵਿਚ ਦੇਰ ਹੋ ਜਾਵੇ ਤਾਂ ਵੀ ਸਵੇਰੇ ਆਪਣੇ ਸਮੇਂ 'ਤੇ ਹੀ ਉਠੋ। ਅਜਿਹਾ ਕਰਕੇ ਤੁਸੀਂ ਅਗਲੇ ਕਈ ਦਿਨਾਂ ਤੱਕ ਖੁਦ ਨੂੰ ਬਿਮਾਰ ਹੋਣ ਤੋਂ ਬਚਾ ਸਕਦੇ ਹੋ। ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਸਲੀਪਿੰਗ ਡਿਸਆਰਡਰ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਈ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ, ਜੋ ਸਿਰਫ਼ ਵਧੀਆ ਨੀਂਦ ਨਾ ਲੈਣ ਕਾਰਨ ਹੋ ਜਾਂਦੀਆਂ ਹਨ। ਡਿਪਰੈਸ਼ਨ ਵਰਗੀ ਖਤਰਨਾਕ ਸਮੱਸਿਆ ਇਨ੍ਹਾਂ ਵਿਚੋਂ ਇਕ ਹੈ। ਇਸ ਲਈ ਅੱਜ ਤੋਂ ਹੀ ਇਨ੍ਹਾਂ ਬੇਹੱਦ ਆਸਾਨ ਤਰੀਕਿਆਂ ਨੂੰ ਅਪਣਾਓ ਅਤੇ ਰਾਤ ਲਈ ਆਰਾਮਦਾਇਕ ਤੇ ਸਕੂਨ ਦੇਣ ਵਾਲੀ ਨੀਂਦ ਦੀ ਤਿਆਰੀ ਕਰੋ।