ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸੰਤ ਸਨ?


ਇਸ ਲੇਖ ਦਾ ਵਿਸ਼ਾ ਪੰਜਾਬ ਵਿਚ ਖਾੜਕੂ ਲਹਿਰ ਦੌਰਾਨ ਉੱਭਰੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਨਿਭਾਏ ਰੋਲ ਦਾ ਨਹੀਂ ਹੈ ਨਾ ਹੀ ਅਕਾਲ ਤਖਤ ਜਾਂ ਗੁਰਦਵਾਰਿਆਂ ਦੀ ਅਜਿਹੇ ਕਾਜ ਲਈ ਵਰਤੋਂ ਜਾਂ ਉਸ ਲਹਿਰ ਦੌਰਾਨ ਹੋਏ ਲਾਭ/ਨੁਕਸਾਨ ਦੀ ਪੜ੍ਹਚੋਲ ਕਰਨਾ ਹੈ  ਬਲਕਿ ਗੁਰਮਤਿ ਦੇ ਦ੍ਰਿਸ਼ਟੀਕੋਣ ਅਨੁਸਾਰ ਜਾਣੇ ਅਣਜਾਣੇ ਸਮੁੱਚੇ ਪੰਥ ਵਲੋਂ ਉਹਨਾਂ ਦੀ ਸ਼ਖਸੀਅਤ ਨੂੰ ਬਿਆਨਣ ਲਈ ਵਰਤੇ ਜਾਂਦੇ ਸੰਤ ਪਦ ਬਾਰੇ ਹੈ। ਗੁਰਮਤਿ ਦੇ ਦ੍ਰਿਸ਼ਟੀਕੋਣ ਨਾਲ ਸੰਤ ਪਦ ਗੁਰੂ ਗ੍ਰੰਥ ਸਾਹਿਬ ਵਿਚ ਦੋ ਤਰ੍ਹਾਂ ਵਰਤਿਆ ਮੰਨਿਆਂ ਜਾਂਦਾ ਹੈ। ਇਕ ਬਚਨ ਦੇ ਤੌਰ 'ਤੇ ਗੁਰੂ ਜਾਂ ਅਕਾਲਪੁਰਖ ਪਰਥਾਏ, ਬਹੁਬਚਨ ਦੇ ਤੌਰ 'ਤੇ ਗੁਰਮੁਖਾਂ ਲਈ। ਕਈ ਹੋਰ ਮਜ਼ਹਬਾਂ ਵਿਚ ਸੰਤ ਦੀ ਪਦਵੀ ਧਾਰਮਿਕ ਆਗੂ ਵਜੋਂ ਮੰਨੀ ਗਈ ਹੈ। ਪਰ ਸਿੱਖੀ ਵਿਚ ਸੰਤ ਸ਼ਬਦ ਗੁਰਮਤਿ ਅਨੁਕੂਲ ਨਹੀਂ ਹੈ। ਗੁਰਮਤਿ ਫਿਲਾਸਫੀ ਅਨੁਸਾਰ ਸੰਤ-ਗਿਰੀ ਜਾਂ ਇਸ ਵਰਗੀ ਕੋਈ ਹੋਰ ਸਥਾਈ ਪ੍ਰਣਾਲੀ ਸਿੱਖੀ ਵਿਰੋਧੀ ਹੈ।
ਜੋ ਲੋਕ ਸੰਤ ਨੂੰ ਧਾਰਮਿਕ ਆਗੂ ਵਜੋਂ ਪ੍ਰਭਾਸ਼ਿਤ ਕਰਦੇ ਹਨ ਉਹਨਾਂ ਮਜ਼ਹਬਾਂ ਵਿਚ ਜਾਤ-ਪਾਤ ਅਨੁਸਾਰ ਧਾਰਮਿਕ ਕੰਮਾਂ ਦੀ ਵਾਗ ਡੋਰ ਕੇਵਲ ਉੱਚ ਵਰਗ ਕੋਲ ਹੀ ਹੈ। ਬ੍ਰਾਹਮਣ ਕੇਵਲ ਧਾਰਮਿਕ ਰਸਮਾਂ ਲਈ ਹਨ, ਖੱਤਰੀ ਰੱਖਿਆ ਲਈ, ਵੈਸ਼ ਵਪਾਰ ਲਈ ਤੇ ਸ਼ੂਦਰ ਕੇਵਲ ਬਾਕੀਆਂ ਦੀ ਸੇਵਾ ਲਈ। ਪਰ ਗੁਰਮਿਤ ਵਿਚ ਨਾ ਹੀ ਜਾਤ-ਪਾਤ ਕਰਕੇ ਨਾ ਹੀ ਊਚ-ਨੀਚ ਕਰਕੇ ਕੋਈ ਵਰਗੀਕਰਣ ਕੀਤਾ ਗਿਆ ਹੈ। ਸਾਰੇ ਹੀ ਕ੍ਰੈਕਟਰ ਇਕ ਹੀ ਮਨੁੱਖਾ ਜਾਤੀ ਵਿਚ ਦਰਸਾਏ ਗਏ ਹਨ। ਸੋ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਦੁਆਰਾ ਕੀਤੇ ਜਾ ਰਹੇ ਵੱਖ ਵੱਖ ਸਾਰੇ ਹੀ ਕੰਮ ਕੇਵਲ ਇਕ ਹੀ ਮਨੁੱਖ ਆਪ ਕਰਦਾ ਹੈ ਜਿਸ ਨੂੰ ਕਿ ਸਿੱਖ ਕਿਹਾ ਜਾਂਦਾ ਹੈ। ਸੋ ਸਿੱਖ ਵਿਚ ਇਹ ਚਾਰੇ ਵਰਗ ਸਮੋਏ ਹੋਏ ਹਨ। ਜੇਕਰ ਕਿਸੇ ਸਿੱਖ ਵਿਚੋਂ ਕਿਸੇ ਵਰਗ ਨੂੰ ਵਿਸ਼ੇਸ਼ਤਾ ਨਾਲ ਬਾਹਰ ਕੀਤਾ ਜਾਵੇ ਤਾਂ ਉਹ ਸਿੱਖ ਹੀ ਨਹੀਂ ਰਹਿੰਦਾ। ਸਿੱਖਾਂ ਵਿਚ ਧਰਮ ਕਰਮ ਜਾਂ ਬ੍ਰਹਮ ਵਿਚਾਰ ਕਰਨ ਵਾਲਿਆਂ ਨੂੰ ਕਿਸੇ ਵੱਖਰੇ ਵਰਗ ਵਜੋਂ ਮਾਨਤਾ ਨਹੀਂ ਦਿੱਤੀ ਜਾ ਸਕਦੀ। ਸੋ ਸਿੱਖ ਕਿਰਤ ਵਿਰਤ ਤੇ ਲੋੜਵੰਦ ਦੀ ਸੇਵਾ ਕਰਦਾ ਹੋਇਆ ਬ੍ਰਹਮ ਵਿਚਾਰ ਵੀ ਖੁਦ ਕਰਦਾ ਹੈ। ਸਿੱਖਾਂ ਵਿਚ ਕੁਝ ਵਰਗਾਂ ਨੂੰ ਕੇਵਲ ਆਪਣੀ ਸੇਵਾ ਤੇ ਇਹ ਕਹਿਕੇ ਲਾਉਣਾ ਕਿ ਇਹ ਵਰਗ ਸਿਰਫ਼ ਸੇਵਾ ਲਈ ਹੈ, ਵੀ ਗੁਰਮਤਿ ਵਿਰੋਧੀ ਹੈ। ਇਹੀ ਸੰਕਲਪ ਸਿੱਖ ਵਿਚ ਸਭ ਜਾਤ-ਪਾਤ, ਛੂਆ-ਛਾਤ, ਊਚ-ਨੀਚ ਤੇ ਹਰ ਪ੍ਰਕਾਰ ਦੇ ਵਰਗੀਕਰਨ ਦੀਆਂ ਭਿੰਨਤਾਵਾਂ ਖਤਮ ਕਰਕੇ ਸਭ ਮਨੁੱਖਾ ਜਾਤੀ ਨੂੰ ਹੀ ਇਕ ਸਮਾਨ ਪੇਸ਼ ਕਰਦਾ ਕਰਤੇ ਨਾਲ ਇਕ ਮਿਕਤਾ ਹਾਸਲ ਕਰਦਾ ਹੈ। ਪਰ ਸਾਡਾ ਵਸੇਬਾ ਜਾਤੀ ਪਾਤੀ ਸਿਸਟਮ ਨੂੰ ਮੰਨਣ ਵਾਲੇ ਲੋਕਾਂ ਨਾਲ ਹੀ ਹੋਣ ਕਰਕੇ ਜਾਣੇ ਅਣਜਾਣੇ ਅਸੀਂ ਵੀ ਕਿਸੇ ਨਾ ਕਿਸੇ ਰੂਪ ਵਿਚ ਇਸ ਵਰਗੀਕਰਨ ਨੂੰ ਅਪਣਾਈ ਬੈਠੇ ਹਾਂ। ਇਸੇ ਕਾਰਨ ਧਰਮ ਦੇ ਨਾਂ 'ਤੇ ਵੀ ਵਰਗੀ ਕਰਨ ਕਰਦੇ ਰੱਬ ਦੀ ਵਿਚਾਰ ਕਰਨ ਵਾਲਿਆਂ ਨੂੰ ਕੋਈ ਉੱਚੀ ਤੇ ਵੱਖਰੀ ਜਾਤੀ ਮੰਨ ਬੈਠਦੇ ਹਾਂ। ਇੱਥੋਂ ਹੀ ਸਾਡੇ ਅੰਦਰ ਪੁਜਾਰੀਵਾਦ ਦਾ ਬਾਨਣੂ ਬੱਝਦਾ ਹੈ। ਅਸੀਂ ਗੁਰਮਤਿ ਨੂੰ ਭੁੱਲਕੇ ਹਰ ਧਾਰਮਿਕ ਦਿਖ ਵਾਲੇ ਮਨੁੱਖ ਨੂੰ ਕਿਸੇ ਵਿਸ਼ੇਸ਼ ਨਾਮ ਨਾਲ ਪ੍ਰਚਾਰਨ ਲੱਗਦੇ ਹਾਂ। ਸੰਤ ਸ਼ਬਦ ਇੱਥੋਂ ਹੀ ਸਾਡੇ ਅੰਦਰ ਪਰਵੇਸ਼ ਕਰ ਜਾਂਦਾ ਹੈ। ਧਿਆਨ ਨਾਲ ਦੇਖਿਆ ਜਾਵੇ ਤਾਂ ਸਿੱਖ ਦੀ ਪਦਵੀ ਇਕੱਲੇ ਸੰਤ ਨਾਲੋਂ ਚਾਰ ਗੁਣਾ ਵੱਡੀ ਹੁੰਦੀ ਹੈ ਕਿਉਂਕਿ ਸਿੱਖ ਵਿਚ ਚਾਰੇ ਵਰਗ ਸਮਾਏ ਹੋਏ ਹਨ ਜਦ ਕਿ ਸੰਤ ਕੇਵਲ ਸੰਤ ਹੈ ਜੋ ਕਿ ਗੁਰਮਤਿ ਅਨੁਸਾਰ ਅਧੂਰਾ ਹੈ।
ਸਾਰੇ ਜਾਣਦੇ ਹਨ ਕਿ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦਮਦਮੀ ਟਕਸਾਲ (ਜਥਾ ਭਿੰਡਰਾਂ) ਨਾਲ ਸਬੰਧਤ ਸਨ ਅਤੇ ਇਸਦੇ ਮੁਖੀ ਵੀ ਸਨ। ਉਹਨਾਂ ਦੀ ਸਾਰੀ ਪੜ੍ਹਾਈ ਇਸੇ ਸੰਪਰਦਾ ਵਿਚ ਹੋਈ ਸੀ। ਇਸ ਸੰਪਰਦਾ ਦੇ ਪਹਿਲੇ ਮੁਖੀਆਂ ਨੂੰ ਗਿਆਨੀ ਵੀ ਕਿਹਾ ਜਾਂਦਾ ਸੀ। ਗੁਰਮਤਿ ਅਨੁਸਾਰ ਕਿਸੇ ਜਥੇ ਦੇ ਆਗੂ ਨੂੰ ਜਥੇਦਾਰ ਤਾਂ ਕਿਹਾ ਜਾ ਸਕਦਾ ਹੈ ਪਰ ਸੰਤ ਨਹੀਂ। ਉਹ ਆਪਣੇ ਜਥੇ ਦੇ ਅਨੇਕਾਂ ਸਿੰਘਾਂ  ਸਮੇਤ ਸਰਕਾਰੀ ਫੌਜਾਂ ਨਾਲ  ਲੜਦੇ ਸ਼ਹੀਦ ਹੋ ਗਏ ਸਨ। ਇਸ ਤਰ੍ਹਾਂ ਉਨ੍ਹਾਂ ਦਾ ਰੁਤਬਾ ਹੋਰ ਵੀ ਵੱਡਾ ਹੋ ਜਾਂਦਾ ਹੈ ਕਿਉਂਕਿ ਸ਼ਹੀਦ ਕਿਸੇ ਇਕ ਗਰੁੱਪ ਦੇ ਨਾ ਹੋ ਕੇ ਸਮੁੱਚੀ ਕੌਮ ਦੇ ਹੁੰਦੇ ਹਨ। ਕੋਈ ਵੀ ਸੰਪਰਦਾ, ਡੇਰਾ ਜਾਂ ਉਹਨਾਂ ਦਾ ਪੈਰੋਕਾਰ ਉਨਾਂ ਨੂੰ ਸੰਤ ਕਹਿਣ ਲਈ ਆਜ਼ਾਦ ਹੈ ਪਰ ਗੁਰਮਤਿ ਅਨੁਸਾਰ ਸੰਤ ਕਹਿਣ ਨਾਲ ਉਨ੍ਹਾਂ ਦਾ ਕੱਦ ਵੱਡਾ ਨਹੀਂ ਸਗੋਂ ਛੋਟਾ ਹੋ ਜਾਂਦਾ ਹੈ। ਉਨ੍ਹਾਂ ਦੇ ਸਤਿਕਾਰ ਲਈ ਉਹ ਸ਼ਬਦ ਜੋ ਗੁਰਮਤਿ ਅਨੁਸਾਰ ਮਰਜੀਵੜੇ ਜਰਨੈਲਾਂ ਦੇ ਹੁੰਦੇ ਹਨ ਵਰਤੇ ਜਾ ਸਕਦੇ ਹਨ। ਬਾਬਾ ਸ਼ਬਦ ਸਿੱਖ ਇਤਿਹਾਸ ਵਿਚ ਸਤਿਕਾਰ ਦਾ ਲਖਾਇਕ ਹੈ ਜਿਵੇਂ ਕਿ ਬਾਬਾ ਬੁੱਢਾ ਜੀ, ਬਾਬਾ ਬੰਦਾ ਸਿੰਘ ਬਹਾਦਰ। ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬ ਜਾਂਦਿਆਂ ਨੂੰ ਵੀ ਇਤਿਹਾਸ ਅੰਦਰ ਬਾਬਾ ਸ਼ਬਦ ਕਹਿਕੇ ਸੰਬੋਧਤ ਕੀਤਾ ਮਿਲਦਾ ਹੈ। ਗੁਰੂ ਕਾਲ ਵੇਲੇ ਅਤੇ ਪਿੱਛੋਂ ਦੇ ਸ਼ਹੀਦਾਂ ਜਿਵੇਂ ਕਿ ਖੋਪਰੀਆਂ ਲੁਹਾਉਣ ਵਾਲੇ, ਆਰਿਆਂ ਨਾਲ ਤਨ ਚਰਾਉਣ ਵਾਲੇ, ਚਰਖੜੀਆਂ ਤੇ ਚੜ੍ਹਨ ਵਾਲਿਆਂ ਨੂੰ ਵੀ ਭਾਈ  ਸ਼ਬਦ ਨਾਲ ਸੰਬੋਧਤ ਕੀਤਾ ਜਾਂਦਾ ਸੀ। ਜਥੇਦਾਰ ਸ਼ਬਦ ਵੀ ਇਤਿਹਾਸ ਵਿਚ ਸਤਿਕਾਰ ਨਾਲ ਵਰਤਿਆ ਜਾਂਦਾ ਸੀ। ਜਿਵੇਂ ਕਿਸੇ ਜਥੇ ਦੇ ਆਗੂ ਨੂੰ ਜਥੇਦਾਰ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਜਥੇਦਾਰ ਕਹਿਣਾ ਜ਼ਿਆਦਾ ਠੀਕ ਜਾਪਦਾ ਹੈ। ਕਿਸੇ ਵੇਲੇ ਉਹ ਆਪਣੇ ਹੀ ਜਥੇ ਦੇ ਜਥੇਦਾਰ ਸਨ ਪਰ ਉਹ ਅਕਾਲ ਤਖਤ 'ਤੇ ਆ ਕੇ ਆਪਣੇ ਹੀ ਜਥੇ ਲਈ ਨਹੀਂ ਸਗੋਂ ਪੂਰੀ ਸਿੱਖ ਕੌਮ ਦੇ ਜਥੇਦਾਰ ਵਾਂਗ ਅੱਗੇ ਹੋ ਕੇ ਲੜੇ। ਪਰ ਸਾਡੀ ਰਾਜਨੀਤੀ ਇਹ ਪਸੰਦ ਨਹੀਂ ਕਰੇਗੀ ਕਿਉਂਕਿ ਉਹ ਕਿਸੇ ਜਥੇ ਨੂੰ ਸਾਂਭਣ ਵਾਲੇ ਨੂੰ ਨਹੀਂ ਸਗੋਂ ਇਮਾਰਤਾਂ ਦੇ ਪ੍ਰਬੰਧ ਕਰਨ ਵਾਲਿਆਂ ਨੂੰ ਜਥੇਦਾਰ ਮੰਨਦੀ ਹੈ ਉਹ ਵੀ ਆਪਦੀ ਮਰਜੀ ਦੇ ਨਿਯੁਕਤ ਕੀਤੇ ਹੋਏ। ਵੈਸੇ ਵੀ ਜਥੇਦਾਰ ਕੌਮ ਨੇ ਮੰਨਣਾ ਹੁੰਦਾ ਹੈ ਨਾ ਕਿ ਰਾਜਨੀਤਕ ਆਗੂਆਂ ਨੇ। ਜੇ ਕੌਮ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਨੂੰ ਜਥੇਦਾਰ ਕਿਹਾ ਜਾਣ ਲੱਗ ਗਿਆ ਫਿਰ ਰਾਜਨੀਤਕਾਂ ਦਾ ਕੀ ਬਣੇਗਾ। ਰਾਜਨੀਤੀ ਤਾਂ ਪੰਜ ਪੰਜ ਜਥੇਦਾਰ ਬਿਨਾਂ ਜਥਿਆਂ ਦੇ ਬਣਾ ਕੇ ਰੱਖਦੀ ਹੈ। ਕਿੱਥੇ ਜਾਨਾਂ ਵਾਰਨ ਵਾਲੇ ਅਤੇ ਕਿੱਥੇ ਕੇਵਲ ਪ੍ਰਬੰਧਕ ਉਹ ਵੀ ਰਾਜਨੀਤਕਾਂ ਦੇ ਇਸ਼ਾਰੇ 'ਤੇ ਚੱਲਣ ਵਾਲੇ। ਇਹ ਸਾਡੀ ਤਰਾਸਦੀ ਹੀ ਹੈ ਕਿ ਕੌਮ ਦੀ ਸੇਵਾ ਕਰਨ ਵਾਲੇ ਨਾਲੋਂ ਲਿਫਾਫੇ ਵਿਚੋਂ ਨਿਕਲੇ ਨਾਮ ਨੂੰ ਹੀ ਜਥੇਦਾਰ ਸਮਝਦੇ ਹਾਂ। ਸਾਰੇ ਜਾਣਦੇ ਹਨ ਕਿ ਅਕਾਲ ਤਖ਼ਤ 'ਤੇ ਕਾਬਜ ਰਹਿੰਦਿਆਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਦੇ ਵੀ ਪੰਥਕ ਮਰਿਯਾਦਾ ਨੂੰ ਅਕਾਲ ਤਖਤ ਦੇ ਪਲੇਟਫਾਰਮ ਤੋਂ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੂੰ ਕਈ ਵਾਰੀ ਉਹਨਾਂ ਦੇ ਸਾਥੀਆਂ ਨੇ ਅਜਿਹਾ ਕਰਨ ਲਈ ਆਖਿਆ ਵੀ ਸੀ। ਉਹਨਾਂ ਨੂੰ ਕੋਈ ਉਸ ਵੇਲੇ ਰੋਕ ਵੀ ਨਹੀਂ ਸੀ ਸਕਦਾ। ਪਰ ਜਰਨੈਲ ਸਿੰਘ ਭਿੰਡਰਾਂਵਾਲੇ ਉੱਥੇ ਆਪਣੇ ਜਥੇ ਦੀ ਮਰਿਯਾਦਾ ਨੂੰ ਪਰੇ ਰੱਖ ਕੇਵਲ ਅਕਾਲ ਤਖਤ ਵਾਲੀ ਮਰਿਯਾਦਾ ਨਾਲ ਹੀ ਸਭ ਕਾਰਜ ਕਰਦੇ ਰਹੇ। ਉਹਨਾਂ ਨੇ ਕਦੇ ਵੀ ਅਕਾਲ ਤਖਤ 'ਤੇ ਸੇਵਾ ਕਰਦਿਆਂ ਦਮਦਮੀ ਟਕਸਾਲ (ਜਥਾ ਭਿੰਡਰਾਂ) ਦੀ ਮਰਿਯਾਦਾ ਜਾਂ ਬਚਿੱਤਰ ਨਾਟਕ ਦੀ ਕਦੇ ਕਥਾ ਨਹੀਂ ਕੀਤੀ। ਇਹ ਉਹਨਾਂ ਦੀ ਖਾਸੀਅਤ ਸੀ ਕਿ ਆਪਣੀ ਸੰਪਰਦਾ ਅਤੇ ਸਮੁੱਚੇ ਪੰਥ ਦੇ ਫਰਕ ਨੂੰ ਬਾਖੂਬੀ ਜਾਣਦੇ ਸਨ। ਉਹਨਾਂ ਦਾ ਅੰਤਲਾ ਸਮਾਂ ਵੀ ਪੰਥਕ ਮਰਿਯਾਦਾ ਨਿਭਾਉਂਦਿਆਂ ਗੁਜਰਿਆ। ਉਨ੍ਹਾਂ ਨੇ ਆਪਣੇ ਨਜ਼ਦੀਕੀਆਂ ਜੋ ਭਿੰਡਰਾਂ ਜਥੇ ਦੀ ਮਰਿਯਾਦਾ ਉੱਥੇ ਲਾਗੂ ਕਰਨਾ ਚਾਹੁੰਦੇ ਸਨ, ਨੂੰ ਵੀ ਕਰੜਾਈ ਨਾਲ ਵਰਜ ਕੇ ਰੱਖਿਆ। ਇਸ ਤੋਂ ਵੱਡੀ ਪੰਥ ਪ੍ਰਸਤੀ ਹੋਰ ਕੀ ਹੋ ਸਕਦੀ ਹੈ। ਉਹਨਾਂ ਦੇ ਆਪਦੇ ਜਥੇ ਅਰਥਾਤ ਦਮਦਮੀ ਟਕਸਾਲ ਨੇ ਤਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ ਪਰ ਸਮੁੱਚੇ ਸਿੱਖ ਪੰਥ ਨੇ ਉਹਨਾਂ ਨੂੰ ਇਕ ਮਹਾਨ ਸ਼ਹੀਦ ਦਾ ਦਰਜਾ ਦੇ ਦਿੱਤਾ ਹੈ।
ਜੱਗ ਜਾਣਦਾ ਹੈ ਕਿ ਨਾਮਧਾਰੀ (ਕੂਕੇ) ਦੇਹਧਾਰੀ ਪ੍ਰਥਾ ਵਿਚ ਵਿਸ਼ਵਾਸ ਰੱਖਦੇ ਹਨ। ਪਰ ਅਜ਼ਾਦੀ ਦੇ ਘੋਲ ਵੇਲੇ 40 ਨਾਮਧਾਰੀਆਂ ਨੇ ਤੋਪਾਂ ਅੱਗੇ ਖੜਕੇ ਸ਼ਹੀਦੀਆਂ ਦਿੱਤੀਆਂ। ਕੋਈ ਵੀ ਸ਼ਹੀਦੀ ਤੋਂ ਪਿੱਛੇ ਨਹੀਂ ਹਟਿਆ। ਦੱਸਿਆ ਜਾਂਦਾ ਹੈ ਕਿ ਇਕ ਆਦਮੀ ਜੋ ਕੱਦ ਵਿਚ ਛੋਟਾ ਸੀ ਅਤੇ ਤੋਪ ਦੀ ਮਾਰ ਤੋਂ ਥੱਲੇ ਰਹਿ ਸਕਦਾ ਸੀ ਨੂੰ ਚਲੇ ਜਾਣ ਦਾ ਹੁਕਮ ਦਿੱਤਾ ਗਿਆ। ਪਰ ਉਹ ਇਕ ਇੱਟ ਲਿਆਕੇ ਉਸ ਉੱਤੇ ਖੜ ਗਿਆ ਤਾਂ ਕਿ ਆਪਣੇ ਸਾਥੀਆਂ ਵਾਂਗ ਸ਼ਹੀਦ ਹੋ ਸਕੇ। ਭਾਵੇਂ ਕਿ ਸਿੱਖ ਨਾ ਤਾਂ ਉਹਨਾਂ ਦੀ ਮਰਿਯਾਦਾ ਮੰਨਦੇ ਹਨ ਨਾ ਹੀ ਦੇਹਧਾਰੀ ਪ੍ਰਥਾ ਵਿਚ ਵਿਸ਼ਵਾਸ ਰੱਖਦੇ ਹਨ ਫਿਰ ਵੀ ਸ਼ਹੀਦਾਂ ਦਾ ਸਤਿਕਾਰ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ ਕਿਉਂਕਿ ਇਹ ਨਾਮਧਾਰੀ, ਅਜ਼ਾਦੀ ਦੀ ਲੜਾਈ ਦੌਰਾਨ ਹੀ ਹਕੂਮਤ ਵਲੋਂ ਤੋਪਾਂ ਨਾਲ ਉਡਾਏ ਗਏ ਸਨ। ਉਸੇ ਤਰ੍ਹਾਂ ਜਰਨੈਲ ਸਿੰਘ ਭਿੰਡਰਾਂਵਾਲੇ ਭਾਵੇਂ ਦਮਦਮੀ ਟਕਸਾਲ (ਜਥਾ ਭਿੰਡਰਾਂ) ਨਾਲ ਸਬੰਧਤ ਸਨ ਪਰ ਉਨ੍ਹਾਂ ਨੇ ਆਪਣੇ ਜਥੇ ਲਈ ਨਹੀਂ ਸਗੋਂ ਸਮੁੱਚੇ ਸਿੱਖ ਪੰਥ ਲਈ ਸ਼ਹਾਦਤ ਦਿੱਤੀ ਇਸ ਲਈ ਉਹ ਕਿਸੇ ਇਕ ਜਥੇ ਦੇ ਨਹੀਂ ਸਗੋਂ ਪੂਰੇ ਪੰਥ ਦੇ ਸ਼ਹੀਦ ਹਨ। ਇਸ ਲਈ ਭਾਵੇਂ ਕੋਈ ਦਮਦਮੀ ਟਕਸਾਲ ਜਾਂ ਇਸਦੀ ਮਰਿਯਾਦਾ ਨਾਲ ਸਹਿਮਤ ਨਾ ਵੀ ਹੋਵੇ ਤਾਂ ਵੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪੰਥ ਦੇ ਸ਼ਹੀਦ ਮੰਨਕੇ ਸਤਿਕਾਰ ਕਰਦਾ ਹੈ।
ਸਿੱਖ ਫਿਲਾਸਫੀ ਤੋਂ ਅਣਜਾਣ ਬਹੁਤ ਸਾਰੇ ਲੋਕ ਸਾਧ-ਪ੍ਰਥਾ ਦੇ ਅਸਰ ਹੇਠ ਇਹ ਹੀ ਸਮਝਦੇ ਹਨ ਕਿ ਸ਼ਾਇਦ ਸੰਤ ਕਹਿਣ ਨਾਲ ਸਤਿਕਾਰ ਜ਼ਿਆਦਾ ਬਣਦਾ ਹੈ ਇਸੇ ਲਈ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸੰਤ ਸ਼ਬਦ ਲਾਕੇ ਹੀ ਖੁਸ਼ ਹੋ ਜਾਂਦੇ ਹਨ। ਸੰਤ ਸ਼ਬਦ ਦੀ ਅਜਿਹੀ ਪ੍ਰਤਿਸ਼ਠਾ ਦੇਖ ਇਸੇ ਲਈ ਅੱਜ ਕੱਲ੍ਹ ਲੱਖਾਂ ਲੋਕ ਆਪਦੇ ਨਾਮ ਨਾਲ ਸੰਤ ਲਗਾਕੇ ਭੋਲੇ ਸ਼ਰਧਾਲੂਆਂ ਦੀ ਮਾਨਸਿਕ ਅਤੇ ਆਰਥਿਕ ਲੁੱਟ ਕਰ ਰਹੇ ਹਨ। ਵੈਸੇ ਵੀ ਅੱਜ ਦੇ ਸਮੇਂ ਸਿੱਖ ਮਤ ਉੱਪਰ ਸਾਧ ਮਤ ਦੇ ਹਾਵੀ ਹੋਣ ਕਾਰਨ ਆਮ ਸ਼ਰਧਾਲੂ ਦੀ ਮਾਨਸਿਕਤਾ ਹੀ ਅਜਿਹੀ ਬਣਾ ਦਿੱਤੀ ਗਈ ਹੈ ਕਿ ਉਸਨੂੰ ਭਾਈ, ਬਾਬਾ ਜਾਂ ਜਥੇਦਾਰ ਸ਼ਬਦ ਵਿਚ ਉਹ ਸਤਿਕਾਰ ਨਹੀਂ ਜਾਪਦਾ ਜੋ ਸੰਤ ਕਹਿਣ ਨਾਲ ਜਾਪਦਾ ਹੈ। ਸ਼ਰਧਾਲੂ ਇਹ ਸਮਝਣ ਤੋਂ ਅਸਮਰੱਥ ਹਨ ਕਿ ਬਿਪਰੀ ਸੋਚ ਦਾ ਗੁਰਮਤਿ ਵਿਚ ਕਿਸੇ ਵੀ ਰੂਪ ਜਾਂ ਹਾਲਾਤਾਂ ਵਿਚ ਸੰਤ ਪਦ ਜਿੰਦਾ ਰੱਖਣਾ ਉਸ ਨੂੰ ਭਵਿੱਖ ਵਿਚ ਬਹਾਨਾ ਦੇਕੇ ਗੁਰੂ ਨਾਨਕ ਸਾਹਿਬ ਦੇ ਨਿਆਰੇ ਪੰਥ ਵਿਚ ਦਾਖਲ ਕਰਵਾਕੇ ਬਿਪਰਵਾਦੀ ਸੋਚ ਨੂੰ ਵਿਕਸਤ ਕਰਨ ਵਿਚ ਸਹਾਈ ਹੋਵੇਗਾ। ਸੰਤ-ਸਿਪਾਹੀ ਸਿੱਖ ਦੇ ਕ੍ਰੈਕਟਰ ਦਾ ਇਕ ਹਿੱਸਾ ਹੈ ਪੂਰਾ ਕ੍ਰੈਕਟਰ ਨਹੀਂ। ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਸ਼ੁਹਿਰਦਤਾ ਨਾਲ ਪਹਿਰਾ ਦੇਣ ਵਾਲਾ ਸਿੱਖ ਕਿਸੇ ਵਖਰੇ ਵਿਸ਼ੇਸ਼ਣਾ ਦਾ ਮੁਹਤਾਜ ਨਹੀਂ ਹੁੰਦਾ। ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਵਰਗੇ ਅਸੂਲਾਂ ਨਾਲ ਪ੍ਰਣਾਇਆ, ਨਿਮਰਤਾ, ਸਹਿਣਸ਼ੀਲਤਾ ਅਤੇ ਮਿੱਠਾ ਬੋਲਣ ਵਰਗੇ ਗੁਣਾਂ ਨਾਲ ਭਰਪੂਰ, ਆਪੁ ਗਵਾਇ ਨ ਆਪੁ ਗਣਾਵੈ” (ਭਾਈ ਗੁਰਦਾਸ), ਵਰਗੇ ਬਚਨਾਂ 'ਤੇ ਚੱਲਣ ਵਾਲੇ ਸਿੱਖ ਲਈ ਸਿੱਖ ਹੋਣਾ ਹੀ ਏਡਾ ਵੱਡਾ ਵਿਸ਼ੇਸ਼ਣ ਹੈ ਕਿ ਵੱਖਰੇ ਦੁਨਿਆਵੀ ਵਿਸ਼ੇਸ਼ਣ ਪਾਸਕੂ ਵੀ ਨਹੀਂ ਰਹਿੰਦੇ।
- ਡਾ. ਗੁਰਮੀਤ ਸਿੰਘ ਬਰਸਾਲ