ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਕੌਮ ਦੇ ਡੁੱਬਦੇ ਬੇੜੇ ਦੇ ਬਚਾਅ ਦਾ ਸਿਰਫ਼ ਇਕੋ-ਇਕ ਹੱਲ : ਗੁਰਬਾਣੀ ਅਤੇ ਇਤਿਹਾਸ


ਮਨੁੱਖੀ ਜੀਵਨ ਦੇ ਮਕਸਦ ਅਤੇ ਜੀਵਨ ਜਾਚ ਤੋਂ ਸੱਖਣੀ ਲੋਕਾਈ ਨੇ ਸਦਾ ਦੁੱਖ ਅਤੇ ਸੰਤਾਪ ਹੀ ਝੱਲੇ ਹਨ। ਸਾਰੇ ਦੁੱਖਾਂ ਦਾ ਮੂਲ ਮਨੁੱਖੀ ਵਿਕਾਰਾਂ ਨੂੰ ਜੀਵਨ ਦਾ ਸੱਚ ਮੰਨ ਕੇ ਅਸੀਂ ਇਕ ਤਰ੍ਹਾਂ ਨਾਲ ਅੱਗ ਨੂੰ ਤੇਲ ਨਾਲ ਬੁਝਾਉਣ ਦਾ ਯਤਨ ਹੀ ਕਰ ਰਹੇ ਹਾਂ। ਭਾਰਤ ਵਾਸੀਆਂ ਵੱਲੋਂ ਤਕਰੀਬਨ ਇਕ ਹਜ਼ਾਰ ਸਾਲ ਦੀ ਲੰਬੀ ਗੁਲਾਮੀ ਝੱਲਣ ਦਾ ਕਾਰਨ ਕੇਵਲ ਇਨਸਾਨੀਅਤ ਦੇ ਮਾਰਗ ਤੋਂ ਖੁੰਝੀ ਧਰਮਹੀਣੀ ਜੀਵਨ ਜਾਚ ਹੀ ਸੀ ਪਰ ਸਾਡਾ ਅਜੋਕਾ ਜਿਊਣ ਦਾ ਢੰਗ ਤਾਂ ਪੁਰਾਤਨ ਵਿਗੜੇ ਹੋਏ ਜੀਵਨ ਨਾਲੋਂ ਵੀ ਕਈ ਗੁਣਾ ਵੱਧ ਬਦਤਰ ਹੋ ਚੁੱਕਾ ਹੈ। ਅਜੋਕਾ ਮਨੁੱਖ ਜੇ ਜੀਵਨ ਵਿਚਲੀ ਪਰਦਾਪੋਸ਼ੀ ਨੂੰ ਇਮਾਨਦਾਰੀ ਨਾਲ ਪਾਸੇ ਕਰ ਦੇਵੇ ਤਾਂ ਖੁਦ ਆਪ ਹੀ ਜੀਵਨ ਦੀ ਹਕੀਕਤ ਦੇ ਸਾਹਮਣੇ ਸ਼ਰਮਸਾਰ ਹੋਣੋ ਨਹੀਂ ਰਹਿ ਸਕਦੇ। ਕੇਵਲ ਸਿੱਖ ਫ਼ਲਸਫੇ ਦੀ ਹੀ ਗੱਲ ਕਰੀਏ ਜਿਸ ਨੇ ਸੰਸਾਰ ਵਿਚ ਸਤਯੁੱਗ ਦੀ ਸਥਾਪਤੀ ਅਤੇ ਸਰਬੱਤ ਦੇ ਭਲੇ ਹਿੱਤ ਅਥਾਹ ਕੁਰਬਾਨੀਆਂ ਕਰਦਿਆਂ ਜਗਤ ਨੂੰ ਸੰਤ ਅਤੇ ਸਿਪਾਹੀ ਦੇ ਸੁਮੇਲ ਦੀ ਇਕ ਨਿਵੇਕਲੀ ਜੀਵਨ ਜਾਚ ਪ੍ਰਦਾਨ ਕੀਤੀ। ਇਸੇ ਬੇੜੇ ਦੇ ਇਕ ਨੂਰੀ ਮਲ੍ਹਾਹ ਨੇ ਪੂਰੇ ਸਰਬੰਸ ਦੇ ਖੂਨ ਨਾਲ ਮਸ਼ਾਲ ਬਾਲ ਕੇ ਪਰਉਪਕਾਰੀ, ਅਜ਼ਾਦ ਅਤੇ  ਬੇ-ਖੌਫ ਜੀਵਨ ਦਾ ਵਿਲੱਖਣ ਮਾਰਗ ਰੌਸ਼ਨ ਕਰ ਦਿੱਤਾ। ਅੱਜ ਉਸੇ ਫ਼ਲਸਫੇ ਦੇ ਵਾਰਿਸ ਬਹੁਤਾਤ ਸਿੱਖਾਂ ਕੋਲ ਸਿਵਾਏ ਨਮੋਸ਼ੀ ਦੇ ਕੁਝ ਵੀ ਪੱਲੇ ਨਹੀਂ ਹੈ। ਬੜੀ ਤਲਖ਼ ਸਚਾਈ ਹੈ ਕਿ ਮਰੀ ਹੋਈ ਜ਼ਮੀਰ ਤੋਂ ਬਿਨਾਂ ਇਹੋ ਜਿਹੇ ਲਾਸਾਨੀ ਇਤਿਹਾਸ ਤੋਂ ਪਿੱਠ ਨਹੀਂ ਕੀਤੀ ਜਾ ਸਕਦੀ ਅਤੇ ਸਿਖਰ ਦੀ ਮੂਰਖਤਾ ਤੋਂ ਬਿਨਾਂ ਪ੍ਰਮਾਤਮਾ ਦੇ ਪਰਗਟ ਸਰੂਪ (ਗੁਰਬਾਣੀ) ਤੋਂ ਅੱਖਾਂ ਨਹੀਂ ਫੇਰੀਆਂ ਜਾ ਸਕਦੀਆਂ। ਇਤਿਹਾਸ ਗਵਾਹ ਹੈ ਕਿ ਗੁਰਬਾਣੀ ਦੀ ਓਟ ਵਿਚ ਹਜ਼ਾਰਾਂ ਜ਼ੁਲਮ ਝੱਲ ਕੇ ਵੀ ਸਿੱਖ ਚੜ੍ਹਦੀ ਕਲਾ ਵਿਚ ਰਹੇ ਪਰ ਅੱਜ ਹਜ਼ਾਰਾਂ ਸੁੱਖਾਂ ਤੇ ਅਥਾਹ ਮਾਇਆ ਦੇ ਹੁੰਦਿਆਂ ਵੀ ਕੌਮ ਚੋਰਾਹੇ ਵਿਚ ਦਮ ਤੋੜ ਰਹੀ ਹੈ। ਅੱਜ ਅਕ੍ਰਿਤਘਣਤਾ ਦੇ ਅਰਥ ਵੀ ਸਾਡੇ ਲਈ ਕੋਈ ਅਰਥ ਨਹੀਂ ਰੱਖਦੇ। ਸੰਸਾਰ ਦੇ ਇਤਿਹਾਸ ਵਿਚ ਗੁਰੂ ਸਾਹਿਬਾਨ ਦੀ ਕੁਰਬਾਨੀ ਅਤੇ ਸਾਡੀ ਅਕ੍ਰਿਤਘਣਤਾ, ਦੋਵੇਂ ਹੀ ਬੇ-ਮਿਸਾਲ ਹਨ। ਗੁਰਬਾਣੀ ਅਤੇ ਇਤਿਹਾਸ ਨੂੰ ਭੁੱਲ ਕੇ ਜਿਸ ਤੇਜ਼ੀ ਨਾਲ ਦਿਸ਼ਾਹੀਣ ਚੱਲ ਰਹੇ ਹਾਂ ਲੱਗਦਾ ਹੈ ਕਿ ਏਥੋਂ ਦੀਆਂ ਬਹੂ-ਬੇਟੀਆਂ ਨੂੰ ਬਸਰੇ ਲੈ ਜਾ ਕੇ ਵੇਚਣ ਵਾਸਤੇ ਕਿਸੇ ਅਹਿਮਦ ਸ਼ਾਹ ਅਬਦਾਲੀ ਨੂੰ ਬਦਨਾਮੀ ਖੱਟਣ ਦੀ ਲੋੜ ਨਹੀਂ ਪੈਣੀ। ਧਰਮਹੀਣੀ ਅਧੁਨਿਕਤਾ ਦੇ ਮਿੱਠੇ ਜ਼ਹਿਰ ਅਤੇ ਅਜ਼ਾਦੀ ਦੀ ਗਲਤ ਬਿਆਨੀ ਦੀ ਆੜ ਵਿਚ ਅਣਖ ਇੱਜ਼ਤ ਦਾ ਤਿਆਗ ਕਰਦਿਆਂ ਇਹ ਗੁਰੂਆਂ ਪੀਰਾਂ ਦੀ ਧਰਤੀ 'ਤੇ ਹੀ ਬਸਰੇ ਦਾ ਬਜ਼ਾਰ ਬਣਾਉਣ ਦੀ ਪੂਰੀ ਵਾਹ ਲਾਈ ਜਾ ਰਹੀ ਹੈ। ਪਿਛਲੇ ਤੀਹ ਸਾਲਾਂ ਵਿਚ ਜਿੰਨੀ ਮਾਰ ਸਿੱਖ ਕੌਮ ਨੂੰ ਪਈ ਹੈ ਅਸੀਂ ਉਸ ਤੋਂ ਕੋਈ ਸਬਕ ਨਹੀਂ ਲੈ ਸਕੇ। ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਵੀ ਰਤਾ ਭਰ ਤਰਸ ਨਹੀਂ ਰਿਹਾ। ਕੋਰੇ ਪਦਾਰਥਵਾਦ ਦੀ ਸਿੱਖਿਆ ਦੇ ਕੇ ਅਸੀਂ ਆਪਣੇ ਹੱਥੀਂ ਉਨ੍ਹਾਂ ਵਾਸਤੇ ਬੇਚੈਨੀ, ਵਿਆਕੁਲਤਾ ਤੇ ਬੇਵਸੀ ਦੇ ਭਵਿੱਖ ਦਾ ਅੰਨ੍ਹਾ ਖੂਹ ਪੁੱਟ ਰਹੇ ਹਾਂ। ਪਤਿਤਪੁਣੇ ਅਤੇ ਨਸ਼ਿਆਂ ਦੇ ਹੜ੍ਹ ਵਿਚ ਰੁੜ੍ਹਦੀ ਨੌਜਵਾਨ ਪੀੜ੍ਹੀ ਦੀ ਦਾਸਤਾਨ ਘਰ ਘਰ ਦਾ ਦੁਖਾਂਤ ਬਣ ਚੁੱਕੀ ਹੈ। 'ਜੈ ਤਨਿ ਬਾਣੀ ਵਿਸਰਿ ਜਾਇ ਜਿਉ ਪਕਾ ਰੋਗੀ ਵਿਲ ਲਾਇ' ਅਤੇ 'ਹਰਿ ਬਿਸਰਤੁ ਸਦਾ ਖੁਆਰੀ' ਦੇ ਬੋਲਾਂ ਦੀ ਚੇਤਾਵਨੀ ਨੂੰ ਨਾ ਮੰਨ ਕੇ ਹੀ ਨਤੀਜੇ ਭੁਗਤ ਰਹੇ ਹਾਂ। ਪੁਰਾਤਨ ਸਿੱਖ ਗੁਰਬਾਣੀ ਪੜ੍ਹ, ਸੁਣ, ਸਮਝ ਕੇ ਪ੍ਰਮਾਤਮਾ ਦੀਆਂ ਅਥਾਹ ਸ਼ਕਤੀਆਂ ਦੇ ਪਾਤਰ ਬਣੇ ਅਤੇ ਉਨ੍ਹਾਂ ਨੇ ਸਦੀਆਂ ਤੋਂ ਚਲੀਆਂ ਆ ਰਹੀਆਂ ਜ਼ਾਲਮ ਹਕੂਮਤਾਂ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਪਰ ਅੱਜ ਉਸੇ ਕੌਮ ਦੀ ਹਾਲਤ ਪੰਜਾਬ ਦੀ ਧਰਤੀ ਤੇ ਹੀ ਨਸਲਕੁਸ਼ੀ ਦੀ ਹੱਦ ਤੱਕ ਪਹੁੰਚ ਚੁੱਕੀ ਹੈ। 500 ਸੌ ਸਾਲ ਪਹਿਲਾਂ ਹ’ੋਈ ਆਤਮ ਕ੍ਰਾਂਤੀ ਨੂੰ ਅਸੀਂ ਬਿਲਕੁਲ ਵਿਸਾਰ ਚੁੱਕੇ ਹਾਂ। ਆਮ ਸੰਸਾਰ ਦੀ ਰੀਸੇ ਸੈਂਕੜੇ ਪਾਦਰਥਵਾਦੀ ਪੈਂਤੜੇ ਖੇਡ ਕੇ ਅਸੀਂ ਨਿਰਬਲ, ਫੇਲ ਅਤੇ ਤਕਰੀਬਨ ਨਾਸਤਕ ਹੋ ਚੁੱਕੇ ਹਾਂ। ਅੱਜ ਅਸੀਂ ਸਿੱਖ ਨਹੀਂ ਸਗੋਂ ਸਿੱਖ ਹੋਣ ਦਾ ਇਕ ਭਰਮ ਜਿਹਾ ਪਾਲ ਰਹੇ ਹਾਂ। ਵਿਕਾਊ ਹੋਣਾ ਅਤੇ ਸੱਚ ਦਾ ਵਿਰੋਧ ਸਾਡਾ ਨਿੱਤ ਦਾ ਕਰਮ ਅਤੇ ਆਮ ਸੁਭਾਅ ਬਣ ਚੁੱਕਾ ਹੈ। ਅੱਜ ਸਭ ਤੋਂ ਵੱਡੀ ਲੋੜ ਅਤੇ ਸਭ ਤੋਂ ਵੱਡਾ ਕਾਰਜ਼ ਇਹੋ ਹੋਵੇਗਾ ਕਿ ਮਨੁੱਖ ਨੂੰ ਗੁਰਬਾਣੀ ਦੇ ਨੇੜੇ ਲਿਆਂਦਾ ਜਾਵੇ।
     ਲੋਕਾਈ ਦੀ ਪੀੜਾ ਨੂੰ ਮਹਿਸੂਸ ਕਰਨ ਵਾਲੇ ਗੁਰੂ ਪੁੱਤਰੋ ਤਬਾਹੀ ਦੀ ਇਸ ਹਨ੍ਹੇਰੀ ਵਿਚ ਤੁਹਾਡੇ ਵੱਲੋਂ ਕੌਮ ਦੀ ਅਧੋਗਤੀ ਦਾ ਤਮਾਸ਼ਾ ਵੇਖੀ ਜਾਣਾ ਕਿਥੋਂ ਤੱਕ ਜ਼ਾਇਜ ਹੈ? ਇਕ ਗੱਲ ਹਰ ਸਿੱਖ ਨੂੰ ਪੱਕੇ ਤੌਰ 'ਤੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਗੁਰਬਾਣੀ ਅਤੇ ਇਤਿਹਾਸ ਪ੍ਰਤੀ ਜਾਣਕਾਰੀ ਅਤੇ ਪੂਰਨ ਸ਼ਰਧਾ ਤੋਂ ਬਗੈਰ ਸਿੱਖ ਪੰਥ ਵਿਚ ਸ਼ੁੱਭ ਸਵੇਰ ਦੀ ਆਸ ਰੱਖਣੀ ਬਿਲਕੁਲ ਫਜੂਲ ਹੋਵੇਗੀ। ਗੁਰੂ ਸਿੱਖਿਆ ਰਹਿਤ ਅਸੀਂ ਸੈਂਕੜੇ ਪਾਪੜ ਵੇਲ ਕੇ ਥੱਕ ਚੁੱਕੇ ਹਾਂ।
ਇਕ ਮਨੁੱਖ ਕੇਵਲ ਗੁਰਬਾਣੀ ਕਰਕੇ ਹੀ ਸਿੱਖ ਹੈ ਅਤੇ ਗੁਰਬਾਣੀ ਨੂੰ ਮੰਨਣ ਵਾਲਿਆਂ ਕਰਕੇ ਹੀ ਸਿੱਖੀ ਜਾਂ ਸਿੱਖ ਪੰਥ ਹੈ। ਪ੍ਰਮਾਤਮਾ ਦੀ ਸਾਰੀ ਰਹਿਮਤ ਗੁਰਬਾਣੀ ਪਰਗਟ ਕਰ ਰਹੀ ਹੈ। ਗੁਰਬਾਣੀ ਨਿਰੰਕਾਰ ਦੇ ਸਾਥ ਦਾ ਅਹਿਸਾਸ ਕਰਵਾ ਕੇ ਇਕ ਅਦੁੱਤੀ ਮਾਨਸਿਕ ਸਥਿਰਤਾ ਬਖਸ਼ਦੀ ਹੈ ਜੋ ਮਨੁੱਖ ਨੂੰ ਸੰਸਾਰ ਦੇ ਕੂੜ ਦਾ ਟਾਕਰਾ ਕਰਨ ਦੇ ਸਮਰੱਥ ਬਣਾ ਦਿੰਦੀ ਹੈ। ਇਹੋ ਸਮਰੱਥਾ ਸੰਸਾਰ ਦੀ ਬਦਹਾਲੀ ਤੋਂ ਬਹਾਲੀ ਦਾ ਅਧਾਰ ਬਣ ਸਕਦੀ ਹੈ। ਸਰਬੱਤ ਦੇ ਭਲੇ ਦੇ ਹਾਮੀ ਗੁਰਸਿੱਖੋ, ਆਪ ਜੀ ਦੇ ਚਰਨਾਂ ਵਿਚ ਬੇਨਤੀ ਹੈ ਕਿ ਮੌਜੂਦਾ ਮਾਰਧਾੜ ਦੇ ਤੌਰ-ਤਰੀਕੇ, ਚੌਧਰਾਂ ਦੀ ਭੁੱਖ ਅਤੇ ਪੰਥ-ਖਾਣੀ ਰਾਜਨੀਤੀ ਦੇ ਫਾਰਮੂਲਿਆਂ ਤੋਂ ਪਾਸੇ ਹੋ ਕੇ 'ਨਾ ਕੋ ਬੈਰੀ ਨਾਹਿ ਬੇਗਾਨਾ' ਦੇ ਸਿਧਾਂਤ ਤੇ ਚੱਲ ਕੇ ''ਆਪੁ ਜਪਹੁ ਅਵਰਹਿ ਨਾਮੁ ਜਪਾਵਹੁ'' ਦੀ ਲਹਿਰ ਰਾਹੀਂ, ''ਹੋਇ ਇਕਤ੍ਰ ਮਿਲਹੁ ਮੇਰੇ ਭਾਈ£ ਦੁਬਿਧਾ ਦੂਰਿ ਕਰਹੁ ਲਿਵ ਲਾਏ£'' ਦੀ ਨਿਵੇਕਲੀ ਸਿੱਖਿਆ ਅਨੁਸਾਰ ਨਿਰੰਤਰ ਸੰਗਤ ਅਤੇ ਡੂੰਘੀ ਗੁਰਬਾਣੀ ਵਿਚਾਰ ਦੁਆਰਾ 'ਗੁਰਬਾਣੀ ਬਿਖੈ ਸਗਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਪਾਵੈ' ਦੇ ਵੱਡਮੁਲੇ ਭੇਦ ਨੂੰ ਸਝਮਦੇ ਹੋਏ ਪਿਓ ਦਾਦੇ ਦੇ ਇਸ ਖ਼ਜਾਨੇ ਨੂੰ ਖੋਲ੍ਹ ਕੇ ਸਹੀ ਢੰਗ ਨਾਲ ਸੰਸਾਰ ਦੇ ਸਾਮ੍ਹਣੇ ਜ਼ਰੂਰ ਰੱਖੀਏ। ਗੁਰੂ ਸਾਹਿਬਾਨ ਦੇ ਬਚਨ :
ਬੇਗਮ ਪੁਰਾ ਸਹਰ ਕੋ ਨਾਉ£ ਦੂਖੁ ਅੰਦੋਹੁ ਨਹੀ ਤਿਹਿ ਠਾਉ£
ਨਾਂ ਤਸਵੀਸ ਖਿਰਾਜੁ ਨ ਮਾਲੁ£
ਖਉਫੁ ਨ ਖਤਾ ਨ ਤਰਸੁ ਜਵਾਲੁ£
ਮੁਤਾਬਕ ਇਸ ਧਰਤੀ ਦੇ ਉੱਪਰ ਬਿਆਨੇ ਖਿੱਤੇ ਦੀ ਸਿਰਜਣਾ ਦਾ ਮੁੱਢ ਬੰਨ੍ਹਣ ਦਾ ਇੱਕ ਠੋਸ ਯਤਨ ਕਰੀਏ ਜਿੱਥੇ ਸੰਸਾਰ ਗੁਰੂ ਪਾਤਸ਼ਾਹ ਦੇ ਸਤਿਯੁਗ ਦੀ ਸਥਾਪਤੀ ਦੇ ਮਿਸ਼ਨ ਦੀ ਖੁਸ਼ਬੂ ਮਹਿਸੂਸ ਕਰ ਸਕੇ।
ਇਸ ਮਹਾਨ ਪਵਿੱਤਰ ਕਾਰਜ਼ ਵਾਸਤੇ ਨਿਰ-ਸੁਆਰਥ, ਖਾਲਸ ਕਿਰਦਾਰ ਵਾਲੀਆਂ ਰੂਹਾਂ ਨੂੰ ਅੱਗੇ ਆਉਣਾ ਪਵੇਗਾ। ਉਹ ਵਿਅਕਤੀ ਜੋ ਗੁਰਮਤ ਨਾਲ ਪ੍ਰੇਮ ਅਤੇ ਸੋਝੀ ਰੱਖਦੇ ਹਨ ਅਤੇ ਠੋਸ ਮਾਇਕ ਸਾਧਨਾ ਦੇ ਮਾਲਕ ਵੀ ਹਨ ਅਤੇ ਮੁੱਢਲੇ ਪਰਿਵਾਰਕ ਫਰਜ਼ਾਂ ਤੋਂ ਵੀ ਫਾਰਗ ਹਨ, ਉਨ੍ਹਾਂ ਨੂੰ ਗੁਰਬਾਣੀ ਦੇ ਪ੍ਰਚਾਰ ਦੁਆਰਾ ਆਪਣਾ ਰਹਿੰਦਾ ਜੀਵਨ ਗੁਰੂ ਲੇਖੇ ਲਾਉਣ ਦੀ ਸਿਆਣਪ ਜ਼ਰੂਰ ਕਰਨੀ ਬਣਦੀ ਹੈ। ਆਪਣੇ ਯਤਨਾਂ ਤੋਂ ਇਲਾਵਾ ਸਾਂਝੇ ਤੌਰ ਤੇ ਉਦਮ ਕਰਨ ਵਾਸਤੇ ਪੰਥ ਦਰਦੀਆਂ ਨਾਲ ਤਾਲਮੇਲ ਕਰਕੇ ਦਾਸਰਿਆਂ ਨਾਲ ਵੀ ਸੰਪਰਕ ਕਰਨ ਦੀ ਖੇਚਲ ਜਰੂਰ ਕੀਤੀ ਜਾਵੇ ਤਾਂ ਕਿ ਹਰ ਇਕ ਨਾਨਕ ਨਾਮ ਲੇਵਾ ਤੱਕ ਪਹੁੰਚ ਕਰਕੇ ਇਸ ਨੂੰ ਲਹਿਰ ਦਾ ਰੂਪ ਦੇ ਕੇ ਕੌਮ ਨੂੰ ''ਦਰਿ ਮੰਗਣ ਭਿਖ ਨ ਪਾਇੰਦਾ'' ਵਾਲੀ ਹਾਲਤ ਤੋਂ ਬਚਾਇਆ ਜਾ ਸਕੇ।
- ਸੰਤੋਖ ਸਿੰਘ (ਮਾਸਟਰ)