ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਰੀਰ ਲਈ ਬੇਹੱਦ ਜ਼ਰੂਰੀ ਹੈ 'ਕੈਲਸ਼ੀਅਮ'


ਕੀ ਤੁਸੀਂ ਜਾਣਦੇ ਹੋ ਕਿ ਕੈਲਸ਼ੀਅਮ ਨੂੰ ਇਸ ਯੁੱਗ ਦਾ ਸਭ ਤੋਂ ਉਤਮ ਪੌਸ਼ਟਿਕ ਖਾਧ ਪਦਾਰਥ ਮੰਨਿਆ ਗਿਆ ਹੈ। ਅਸੀਂ ਸਭ ਜਾਣਦੇ ਹਾਂ ਕਿ ਕੈਲਸ਼ੀਅਮ ਦਾ ਦੰਦਾਂ ਦੀ ਸਿਹਤ ਦੇ ਲਈ ਅਤੇ ਤੰਦਰੁਸਤ ਹੱਡੀਆਂ ਦੇ ਲਈ ਕਿੰਨਾ ਵੱਡਾ ਯੋਗਦਾਨ ਹੈ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਕੈਲਸ਼ੀਅਮ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਲਈ ਵੀ ਲਾਭਦਾਇਕ ਹੈ। ਇਹ ਤੁਹਾਡੇ ਸਰੀਰ ਵਿਚ ਕਈ ਕਿਸਮ ਦੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਪੈਦਾ ਕਰਦਾ ਹੈ। ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਪੌਸ਼ਟਿਕ ਕੈਲਸ਼ੀਅਮ ਯੁਕਤ ਭੋਜਨ ਪਦਾਰਥਾਂ ਨਾਲ ਤੁਸੀਂ ਆਪਣਾ ਖੂਨ ਦਾ ਦਬਾਅ ਵੀ ਘੱਟ ਕਰ ਸਕਦੇ ਹੋ।
ਇਕ ਵਿਅਕਤੀ ਨੂੰ 1000 ਮਿਲੀਗ੍ਰਾਮ ਕੈਲਸ਼ੀਅਮ ਹਰ ਰੋਜ਼ ਮਿਲਣਾ ਚਾਹੀਦਾ ਹੈ। ਜੇਕਰ ਸਾਡੇ ਸਰੀਰ ਨੂੰ ਸਹੀ ਮਾਤਰਾ ਵਿਚ ਕੈਲਸ਼ੀਅਮ ਨਹੀਂ ਮਿਲਦਾ ਤਾਂ ਸਾਡਾ ਪੈਰਾਥਾਇਰਾਈਡ ਹਾਰਮੋਨ ਅਤੇ ਵਿਟਾਮਿਨ ਡੀ ਮਿਲ ਕੇ ਸਰੀਰ ਨੂੰ ਆਗਾਹ ਕਰਦੇ ਹਨ ਕਿ ਸਰੀਰ ਦੀਆਂ ਹੱਡੀਆਂ ਵਿਚੋਂ ਹੀ ਕੈਲਸ਼ੀਅਮ ਭੇਜ ਦਿੱਤਾ ਜਾਵੇ। ਜੇਕਰ ਤੁਹਾਡੇ ਭੋਜਨ ਵਿਚ ਕੈਲਸ਼ੀਅਮ ਦੀ ਕਮੀ ਹੈ ਤਾਂ ਯਕੀਨਨ ਤੁਹਾਡੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਜਾਣਗੀਆਂ। ਹੁਣ ਹੋਰ ਵੀ ਕਈ ਖੋਜਾਂ ਕੀਤੀਆਂ ਗਈਆਂ ਹਨ, ਇਨ੍ਹਾਂ ਤੋਂ ਪਤਾ ਲੱਗਾ ਹੈ ਕਿ ਕੈਲਸ਼ੀਅਮ ਖੂਨ ਦਾ ਦਬਾਅ ਸਹੀ ਰੱਖਣ ਦੇ ਲਈ ਕੈਂਸਰ ਤੋਂ ਬਚਾਅ ਦੇ ਲਈ ਅਤੇ ਮਾਸਕ ਧਰਮ ਸਬੰਧੀ ਤਕਲੀਫ਼ਾਂ ਨਾਲ ਲੜਨ ਦੇ ਲਈ ਬਹੁਤ ਜ਼ਰੂਰੀ ਹੈ।
ਖੂਨ ਦਬਾਓ (ਬਲੱਡ ਪ੍ਰੈਸ਼ਰ) : ਤੁਹਾਡਾ ਖੂਨ ਦਬਾਅ ਕਈ ਕਾਰਨਾਂ ਕਰਕੇ ਵਧ ਸਕਦਾ ਹੈ। ਜਿਵੇਂ ਸਰੀਰ ਦੇ ਵਜ਼ਨ ਦੇ ਕਾਰਨ ਅਤੇ ਅਧਿਕ ਨਮਕੀਨ ਖਾਦ ਪਦਾਰਥਾਂ ਕਰਕੇ। ਕਈ ਖੋਜਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਤੁਹਾਡੇ ਸਰੀਰ ਵਿਚ ਮੌਜੂਦ ਕੈਲਸ਼ੀਅਮ ਦੀ ਮਾਤਰਾ ਵੀ ਤੁਹਾਡੇ ਖੂਨ ਦੇ ਦਬਾਅ 'ਤੇ ਅਸਰ ਪਾਉਂਦੀ ਹੈ। ਕੈਲਸ਼ੀਅਮ ਦੀ ਕਮੀ ਬਲੱਡ ਪ੍ਰੈਸ਼ਰ ਵਧਾਉਂਦੀ ਹੈ। 1997 ਵਿਚ 'ਡਾਇਟਰੀ ਅਪਰੋਚ ਟੂ ਸਟਾਪ ਹਾਈਪਰਟੈਨਸ਼ਨ' ਨਾਂਅ ਦੀ ਇਕ ਖੋਜ ਅਨੁਸਾਰ ਜੋ ਲੋਕ ਘੱਟ ਚਰਬੀਯੁਕਤ ਖਾਣਾ ਖਾਂਦੇ ਸਨ ਅਤੇ ਜਿਨ੍ਹਾਂ ਦੇ ਖਾਣੇ ਵਿਚ ਦੁੱਧ, ਫਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਜੋ ਲੋਕ ਆਪਣੇ ਖਾਦ-ਪਦਾਰਥਾਂ ਦੇ ਜ਼ਰੀਏ ਘੱਟ ਤੋਂ ਘੱਟ 1200-1400 ਮਿਲੀਗ੍ਰਾਮ ਕੈਲਸ਼ੀਅਮ ਲੈਂਦੇ ਸਨ, ਉਨ੍ਹਾਂ ਦਾ ਖੂਨ ਦਬਾਅ ਘੱਟ ਹੋ ਗਿਆ। ਅਸੀਂ ਇਹ ਵੀ ਜਾਣਦੇ ਹਾਂ ਕਿ ਜ਼ਿਆਦਾ ਨਮਕ ਖੂਨ ਦੇ ਦਬਾਓ ਲਈ ਹਾਨੀਕਾਰਕ ਹੈ। ਪਰ ਜੇਕਰ ਤੁਸੀਂ ਜ਼ਿਆਦਾ ਕੈਲਸ਼ੀਅਮ ਵਾਲੇ ਪਦਾਰਥ ਖਾਂਦੇ ਹੋ ਤਾਂ ਜ਼ਿਆਦਾ ਨਮਕ ਲੈਣ ਦੇ ਹਾਨੀਕਾਰਕ ਤੱਤ ਵੀ ਘੱਟ ਹੋ ਜਾਂਦੇ ਹਨ। ਇਨ੍ਹਾਂ ਕਾਰਨਾਂ ਤੋਂ ਇਹ ਪਤਾ ਲਗਦਾ ਹੈ ਕਿ ਕੈਲਸ਼ੀਅਮ ਅਦਭੁਤ ਹੈ। ਕੈਲਸ਼ੀਅਮ ਯੁਕਤ ਪਦਾਰਥ ਮਹਿੰਗੇ ਵੀ ਨਹੀਂ ਹੁੰਦੇ ਅਤੇ ਜੇਕਰ ਤੁਸੀਂ ਇਸ ਵੱਲ ਧਿਆਨ ਦਿਓਗੇ ਤਾਂ ਤੁਹਾਨੂੰ ਖਾਣੇ ਵਿਚ ਹੀ ਕਾਫ਼ੀ ਕੈਲਸ਼ੀਅਮ ਮਿਲ ਸਕਦਾ ਹੈ। ਇਸ ਤੋਂ ਬਿਨਾਂ ਗੁੜ, ਪਨੀਰ, ਫੁੱਲ ਗੋਭੀ ਆਦਿ ਵਿਚ ਕੈਲਸ਼ੀਅਮ ਹੁੰਦਾ ਹੈ। ਕੈਲਸ਼ੀਅਮ ਯੁਕਤ ਪਦਾਰਥ ਇੰਨੇ ਸਵਾਦੀ ਹੁੰਦੇ ਹਨ ਕਿ ਤੁਸੀਂ ਇਨ੍ਹਾਂ ਨੂੰ ਹਰ ਰੋਜ਼ ਲੈ ਸਕਦੇ ਹੋ। ਅੱਜ ਹੀ ਭੋਜਨ ਵਿਚ ਕੈਲਸ਼ੀਅਮ ਯੁਕਤ ਪਦਾਰਥ ਵਧਾਓ ਅਤੇ ਕਈ ਪ੍ਰਕਾਰ ਦੀਆਂ ਤਕਲੀਫ਼ਾਂ ਤੋਂ ਰਾਹਤ ਪਾਓ।