ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਲੇਜੇ ਵਿਚ ਸਾੜ ਪੈਣਾ (ਹਾਰਟ ਬਰਨ)


ਕਲੇਜੇ ਵਿਚ ਸਾੜ ਪੈਣਾ (ਹਾਰਟ ਬਰਨ), ਇਕ ਅਜਿਹੀ ਆਮ ਤਕਲੀਫ਼ ਹੈ ਜਿਸ ਦਾ ਸਾਨੂੰ ਸਾਰਿਆਂ ਨੂੰ ਨਿੱਜੀ ਤਜਰਬਾ ਹੈ। ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇ ਜਿਸ ਨੂੰ ਕਦੇ ਕਲੇਜੇ ਵਿਚ ਸਾੜ ਪੈਣ ਦੀ ਸ਼ਿਕਾਇਤ ਨਾ ਹੋਈ ਹੋਵੇ। ਇਸ ਤਕਲੀਫ਼ ਵਿਚ ਮਰੀਜ਼ ਨੂੰ ਪੇਟ ਦੇ ਉਪਰਲੇ ਭਾਗ ਜਾਂ ਛਾਤੀ 'ਚ (ਛਾਤੀ ਦੀ ਹੱਡੀ ਦੇ ਪਿੱਛੇ) ਜਲਣ ਪੈਦਾ ਹੋਣ ਦਾ ਅਹਿਸਾਸ ਹੁੰਦਾ ਹੈ ਅਤੇ ਮਰੀਜ਼ ਇੰਜ ਮਹਿਸੂਸ ਕਰਦਾ ਹੈ ਜਿਵੇਂ ਜਲਣ ਦਾ ਪ੍ਰਭਾਵ ਪੈਦਾ ਕਰਦੀ ਇਕ ਲਹਿਰ, ਗਰਦਨ ਤੇ ਸੰਘ ਵੱਲ ਸਫ਼ਰ ਕਰ ਰਹੀ ਹੋਵੇ। ਕਈਆਂ ਨੂੰ ਸੰਘ ਦੇ ਪਿਛਲੇ ਪਾਸੇ ਕੌੜੇ ਜਾਂ ਖੱਟੇ ਤੇਜ਼ਾਬੀ ਮਾਦੇ ਦੇ ਸੁਆਦ ਦਾ ਅਨੁਭਵ ਹੁੰਦਾ ਹੈ। ਜਲਣ ਦਾ ਪ੍ਰਭਾਵ ਪੈਦਾ ਕਰਨ ਵਾਲੀ ਇਹ ਸਥਿਤੀ ਕਈ ਘੰਟਿਆਂ ਤੱਕ ਜਾਰੀ ਰਹਿ ਸਕਦੀ ਹੈ ਅਤੇ ਖਾਣਾ ਖਾਣ ਤੋਂ ਬਾਅਦ ਮਰੀਜ਼ ਦੀ ਹਾਲਤ ਅਕਸਰ ਹੋਰ ਖਰਾਬ ਹੋ ਜਾਂਦੀ ਹੈ।
ਕਲੇਜੇ ਵਿਚ ਸਾੜ ਪੈਣ ਤੋਂ ਕੀ ਭਾਵ ਹੈ?
ਕਲੇਜੇ ਵਿਚ ਸਾੜ ਪੈਣਾ (ਹਾਰਟ ਬਰਨ), ਉਸ ਅਵਸਥਾ ਦਾ ਨਾਂ ਹੈ ਜਿਸ ਵਿਚ ਮਿਹਦੇ ਵਿਚਲੀ ਸਮੱਗਰੀ, ਪਾਚਕ ਪ੍ਰਣਾਲੀ ਵਿਚ ਅੱਗੇ ਵਧਣ ਦੀ ਬਜਾਏ, ਵਾਪਸ ਭੋਜਨ ਨਲੀ ਵਿਚ ਦਾਖਲ ਹੋ ਕੇ ਸੰਘ ਵੱਲ ਸਫ਼ਰ ਕਰਦੀ ਹੈ। ਡਾਕਟਰੀ ਵਿਗਿਆਨ ਦੀਆਂ ਪੁਸਤਕਾਂ ਵਿਚ ਇਹ ਤੱਥ ਕੁਝ ਇਸ ਤਰ੍ਹਾਂ ਲਿਖਿਆ ਮਿਲਦਾ ਹੈ : Heart burn is a condition in which stomach contents flow backwards up into the oesophagus (food pipe). ਮਿਹਦੇ ਵਿਚਲੀ ਸਮੱਗਰੀ ਵਿਚ ਤੇਜ਼ਾਬ ਅਤੇ ਭੋਜਨ ਨੂੰ ਹਜ਼ਮ ਕਰਨ ਵਾਲੇ ਐਨਜ਼ਾਇਮਜ਼ ਮੌਜੂਦ ਹੁੰਦੇ ਹਨ। ਜਦੋਂ ਇਹ ਤੇਜ਼ਾਬੀ ਸਮੱਗਰੀ, ਭੋਜਨ-ਨਲੀ ਦੀ ਅੰਦਰਲੀ ਦੀਵਾਰ ਨਾਲ ਕਾਫੀ ਸਮੇਂ ਲਈ ਸੰਪਰਕ ਵਿਚ ਰਹਿੰਦੀ ਹੈ ਤਾਂ ਭੋਜਨ-ਨਲੀ ਦੀ ਅੰਦਰੂਨੀ ਨਾਜ਼ੁਕ ਝਿੱਲੀ ਜ਼ਖਮੀ ਹੋ ਜਾਂਦੀ ਹੈ। ਇਸ ਹਾਲਤ ਵਿਚ ਮਰੀਜ਼, ਸੋਜਿਸ਼ ਕਾਰਨ ਦਰਦ ਤੇ ਜਲਣ ਦੀ ਸ਼ਿਕਾਇਤ ਕਰਦਾ ਹੈ।
ਹਾਰਟ ਬਰਨ ਦੇ ਮੁੱਖ ਕਾਰਨ : ਸੌਣ ਤੋਂ ਕੁਝ ਹੀ ਸਮਾਂ ਪਹਿਲਾਂ, ਵੱਡੀ ਮਾਤਰਾ ਵਿਚ ਭੋਜਨ ਦੇ ਸੇਵਨ ਨਾਲ ਹਾਰਟ-ਬਰਨ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ। ਇਵੇਂ ਹੀ ਤੰਬਾਕੂਨੋਸ਼ੀ, ਮੋਟਾਪਾ, ਲੱਕ ਦੁਆਲੇ ਕੱਸ ਕੇ ਬੰਨ੍ਹਿਆਂ ਕੱਪੜਾ ਜਾਂ ਬੈਲਟ ਅਤੇ ਗਰਭ ਅਵਸਥਾ, ਕਲੇਜੇ ਵਿਚ ਸਾੜ ਪੈਣ ਦਾ ਕਾਰਨ ਸਿੱਧ ਹੋ ਸਕਦੇ ਹਨ।
ਉਚਿਤ ਸਰੀਰਕ-ਕਿਰਿਆ ਵਿਚ ਵਿਗਾੜ ਕਿਵੇਂ ਪੈਦਾ ਹੁੰਦਾ ਹੈ? : ਜਿਸ ਸਥਾਨ 'ਤੇ ਭੋਜਨ-ਨਲੀ ਅਤੇ ਮਿਹਦੇ ਦਾ ਆਪਸ ਵਿਚ ਮਿਲਣ ਹੁੰਦਾ ਹੈ ਉਥੇ ਪੱਠਿਆਂ (ਮਾਸਪੇਸ਼ੀਆਂ) ਦਾ ਇਕ ਵੈਲਵ ਹੁੰਦਾ ਹੈ, ਜਿਸ ਨੂੰ ਵਿਗਿਆਨਕ ਸ਼ਬਦਾਵਲੀ ਵਿਚ ਲੋਅਰ ਆਸੋਫੇਜਿਅਲ ਸਫਿੰਕਟਰ ਕਿਹਾ ਜਾਂਦਾ ਹੈ। ਆਮ ਹਾਲਤ ਵਿਚ ਇਹ ਸਫਿੰਕਟਰ (ਵੈਲਵ), ਪੇਟ ਵਿਚਲੀ ਸਮੱਗਰੀ ਨੂੰ ਪਿਛਾਂਹ ਵੱਲ ਭੋਜਨ-ਨਲੀ ਵਿਚ ਦਾਖਲ ਹੋਣ ਤੋਂ ਰੋਕਦਾ ਹੈ। ਹਾਰਟ-ਬਰਨ ਦੀ ਸ਼ਿਕਾਇਤ ਵੇਲੇ, ਇਹ ਵੈਲਵ ਵਾਰ-ਵਾਰ ਢਿੱਲਾ ਪੈਣ ਲੱਗਦਾ ਹੈ, ਜਿਸ ਦੇ ਸਿੱਟੇ ਵਜੋਂ ਉਚਿਤ ਸਰੀਰਕ-ਕਿਰਿਆ ਨੂੰ 'ਬੈਕ ਗੇਅਰ' ਲੱਗ ਜਾਂਦਾ ਹੈ, ਯਾਨੀ ਪੇਟ ਵਿਚਲੀ ਸਮੱਗਰੀ ਵਾਪਸ ਭੋਜਨ-ਨਲੀ ਵਿਚ ਦਾਖਲ ਹੋ ਜਾਂਦੀ ਹੈ। ਤੁਸੀਂ ਉਪਰ ਪੜ੍ਹ ਚੁੱਕੇ ਹੋ ਕਿ ਭੋਜਨ-ਨਲੀ ਦੀ ਅੰਦਰਲੀ ਦੀਵਾਰ ਪੇਟ ਵਿਚਲੀ ਸਮੱਗਰੀ ਨੂੰ ਸੰਵੇਦਨਸ਼ੀਲ ਹੈ। ਸੋ, ਇਸ ਸਮੱਗਰੀ ਦਾ ਭੋਜਨ-ਨਲੀ ਦੀ ਅੰਦਰਲੀ ਝਿੱਲੀ ਨਾਲ ਨਿਰੰਤਰ ਤੇ ਲੰਮੇ ਸਮੇਂ ਤੱਕ ਸੰਪਰਕ ਜਾਰੀ ਰਹਿਣਾ, ਕੁਝ ਨਵੀਆਂ ਉਲਝਣਾਂ ਪੈਦਾ ਕਰ ਸਕਦਾ ਹੈ, ਜਿਵੇਂ ਭੋਜਨ ਨਲੀ ਦੇ ਹੇਠਲੇ ਭਾਗ ਵਿਚ ਸੋਜ਼ਿਸ਼, ਅਲਸਰਜ਼ ਆਦਿ। ਹਾਰਟ-ਬਰਨ ਦੀਆਂ ਅਲਾਮਤਾਂ ਦਾ ਲੰਮੇ ਅਰਸੇ ਤੱਕ ਜਾਰੀ ਰਹਿਣਾ, ਗੈਸਟ੍ਰੋ-ਆਸੋਫੇਜਿਅਲ ਰੀਫਲੈਕਸ ਡਿਜ਼ੀਜ਼ ਨਾਮਕ ਇਕ ਬਿਮਾਰੀ ਵੱਲ ਸੰਕੇਤ ਹੋ ਸਕਦਾ ਹੈ।
ਰੋਗ ਤੋਂ ਬਚਣ ਲਈ ਕੁਝ ਯਾਦ ਰੱਖਣ ਵਾਲੀਆਂ ਗੱਲਾਂ : ਪ੍ਰਸਿੱਧ ਵਿਦਵਾਨ ਸਨ ਅਤ-ਸੇਨ ਦਾ ਕਥਨ ਹੈ ਕਿ ''ਗੱਲ ਸਮਝਣੀ ਹੀ ਜ਼ਰਾ ਔਖੀ ਹੁੰਦੀ ਹੈ। ਇਕ ਵਾਰੀ ਸਮਝ ਆ ਜਾਵੇ, ਤਾਂ ਅਮਲ ਕਰਨਾ ਆਸਾਨ ਹੁੰਦਾ ਹੈ।'' ਸੋ, ਇਸ ਰੋਗ ਤੋਂ ਬਚਣ ਲਈ ਕੁਝ ਇਕ ਗੱਲਾਂ ਨੂੰ ਸਮਝਣਾ ਅਤਿ ਜ਼ਰੂਰੀ ਹੈ। ਸੱਚ ਤਾਂ ਇਹ ਹੈ ਕਿ ਤੁਹਾਨੂੰ ਆਪਣੇ ਜਿਊਣ-ਢੰਗ ਵਿਚ ਵੱਡੇ ਪੱਧਰ 'ਤੇ ਤਬਦੀਲੀ ਲਿਆਉਣੀ ਪਵੇਗੀ। ਨਿਮਨ-ਦਰਜ ਸਾਵਧਾਨੀਆਂ ਵਰਤਣ ਨਾਲ ਮਿਹਦੇ ਵਿਚਲੀ ਸਮੱਗਰੀ ਨੂੰ ਭੋਜਨ-ਨਲੀ ਵਿਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ, ਜਾਂ ਘੱਟੋ ਘੱਟ ਭੋਜਨ-ਨਲੀ ਵਿਚ ਦਾਖਲ ਹੋਣ ਵਾਲੀ ਸਮੱਗਰੀ ਦੀ ਮਾਤਰਾ ਨੂੰ ਘਟਾਇਆ ਜ਼ਰੂਰ ਜਾ ਸਕਦਾ ਹੈ।
ਤੰਬਾਕੂਨੋਸ਼ੀ ਬੰਦ ਕਰੋ : ਥੁੱਕ ਸਰੀਰ ਦਾ ਮੁੱਖ ਬੱਫਰ ਹੈ। ਤੰਬਾਕੂ ਦੀ ਵਰਤੋਂ ਥੁੱਕ ਦੇ ਰਸਾਉ ਨੂੰ ਰੋਕਦੀ ਹੈ। ਦੂਜਾ, ਤੰਬਾਕੂ ਦੀ ਵਰਤੋਂ ਪੇਟ ਵਿਚ ਤੇਜ਼ਾਬ ਦੇ ਉਤਪਾਦਨ ਨੂੰ ਉਕਸਾਉਂਦੀ ਹੈ ਅਤੇ ਭੋਜਨ-ਨਲੀ ਤੇ ਪੇਟ ਵਿਚਕਾਰ ਸਥਿਤ ਵੈਲਵ (ਲੋਅਰ ਆਸੋਫੇਜਿਅਲ ਸਫਿੰਕਟਰ) ਦੀ ਪਕੜ ਨੂੰ ਢਿੱਲਾ ਕਰਦੀ ਹੈ।
ਵਜ਼ਨ ਘਟਾਓ : ਮੋਟਾਪੇ ਦਾ ਸ਼ਿਕਾਰ ਹੋਣ ਤੋਂ ਬਚੋ। ਉਂਝ ਵੀ ਮੋਟਾਪਾ ਇਕ ਸਰਾਪ ਹੈ, ਲਾਅਨਤ ਹੈ—''ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ£''-ਗੁਰੂ ਨਾਨਕ। ਸੋ, ਜੇ ਤੁਸੀਂ ਜ਼ਿਆਦਾ ਭਾਰੇ ਹੋ ਤਾਂ ਵਜ਼ਨ ਘਟਾਓ।
ਕੁਝ ਇਕ ਖਾਣ-ਪੀਣ ਵਾਲੇ ਪਦਾਰਥਾਂ ਤੋਂ ਪ੍ਰਹੇਜ਼ ਕਰੋ : ਖਾਣ ਅਤੇ ਪੀਣ ਵਾਲੇ ਕੁਝ ਇਕ ਪਦਾਰਥ ਅਜਿਹੇ ਹਨ ਜੋ ਹਾਰਟ-ਬਰਨ ਨੂੰ ਵਿਸ਼ੇਸ਼ ਬੁਲਾਵਾ ਦਿੰਦੇ ਹਨ। ਅਜਿਹੇ ਪਦਾਰਥਾਂ ਦੇ ਸੇਵਨ ਤੋਂ ਗੁਰੇਜ਼ ਕੀਤਾ ਜਾਵੇ। ਇਨ੍ਹਾਂ ਵਰਜਿਤ ਪਦਾਰਥਾਂ ਦੀ ਸੂਚੀ ਵਿਚ ਸ਼ਾਮਲ ਹਨ, ਜ਼ਿਆਦਾ ਮਾਤਰਾ ਵਿਚ ਚਾਹ ਜਾਂ ਕਾਫੀ; ਡ੍ਰਿੰਕਸ, ਜੋ ਬਹੁਤ ਜ਼ਿਆਦਾ ਗਰਮ ਹੋਣ; ਸੰਗਤਰੇ ਦੀ ਕਿਸਮ ਦੇ ਫਲ ਅਤੇ ਜੂਸ; ਘਿਓ; ਤਲੀਆਂ ਹੋਈਆਂ ਚੀਜ਼ਾਂ ਅਤੇ ਤੇਜ਼ ਮਿਰਚ-ਮਸਾਲੇ ਵਾਲੇ ਭੋਜਨ।
ਖੁਰਾਕੀ ਆਦਤਾਂ ਵਿਚ ਲੋੜੀਂਦੀ ਤਬਦੀਲੀ ਲਿਆਓ : ਅੱਛੀ ਗੱਲ ਇਹ ਹੁੰਦੀ ਹੈ ਕਿ ਥੋੜ੍ਹੀ ਮਾਤਰਾ ਵਿਚ ਅਤੇ ਅਕਸਰ ਠੀਕ-ਠੀਕ ਪੇਟ ਭਰ ਕੇ ਖਾਧਾ ਜਾਵੇ, ਪਰ ਕਦੇ ਵੀ ਪੇਟ ਨੂੰ ਤੂੜੀ ਦੇ ਕੁੱਪ ਵਾਂਗੂ ਤੁੰਨ-ਤੁੰਨ ਕੇ ਨਾ ਭਰਿਆ ਜਾਵੇ। ਇਸ ਤਕਲੀਫ ਤੋਂ ਪੀੜਤ ਵਿਅਕਤੀਆਂ ਲਈ,  ਖਾਣਾ ਖਾਣ ਤੋਂ ਬਾਅਦ ਦੋ ਘੰਟਿਆਂ ਤੱਕ, ਲੇਟਣਾ ਜਾਂ ਪੈਣਾ-ਸੌਣਾ ਠੀਕ ਨਹੀਂ ਹੈ। ਰਾਤੀਂ ਸੌਣ ਲਈ ਬਿਸਤਰ 'ਤੇ ਜਾਣ ਤੋਂ ਘੱਟੋ-ਘੱਟ ਦੋ ਘੰਟੇ ਪਹਿਲਾਂ ਕੁਝ ਨਾ ਖਾਓ। ਇਸ ਨਾਲ ਮਿਹਦੇ ਵਿਚ ਤੇਜ਼ਾਬ ਦੀ ਮਾਤਰਾ ਘਟ ਜਾਵੇਗੀ, ਜਿਸ ਦੇ ਸਿੱਟੇ ਵਜੋਂ ਭੋਜਨ-ਨਲੀ ਵਿਚ 'ਉਲਟੇ ਵਗਣ ਦੀ ਕਿਰਿਆ' ਨੂੰ ਠੱਲ ਪੈ ਜਾਵੇਗੀ। (ਉਲਟੇ ਵਗਣ ਦੀ ਕਿਰਿਆ ਲਈ ਪੇਟ ਦੇ ਤੇਜ਼ਾਬ ਦੀ ਇਕ ਘੱਟੋ-ਘੱਟ ਨਿਸ਼ਚਿਤ ਮਾਤਰਾ ਦੀ ਉਪਲਬਧਤਾ ਜ਼ਰੂਰੀ ਹੈ।)
ਪਹਿਰਾਵਾ : ਅਜਿਹੇ ਟਾਈਟ ਕੱਪੜੇ ਪਹਿਨਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਪੇਟ 'ਤੇ ਦਬਾਓ ਪਾਉਂਦੇ ਹੋਣ। ਦੂਜਾ, ਲੱਕ ਦੁਆਲੇ ਪੇਟੀ ਕੱਸ ਕੇ ਨਹੀਂ ਬੰਨਣੀ ਚਾਹੀਦੀ।
ਡਾਕਟਰ ਨਾਲ ਕਦੋਂ ਸੰਪਰਕ ਸਥਾਪਤ ਕੀਤਾ ਜਾਵੇ : ਜਿਨ੍ਹਾਂ ਲੋਕਾਂ ਨੂੰ ਕਦੇ-ਕਦਾਈਂ ਹੀ ਕਲੇਜੇ ਵਿਚ ਸਾੜ ਪੈਣ ਦੀ ਸ਼ਿਕਾਇਤ ਹੁੰਦੀ ਹੈ, ਉਹ ਐਂਟਏਸਡਜ਼ ਦੀ ਵਰਤੋਂ ਕਰ ਸਕਦੇ ਹਨ। ਗੋਲੀਆਂ ਜਾਂ ਤਰਲ ਪਦਾਰਥ ਦੇ ਰੂਪ ਵਿਚ ਉਪਲਬਧ ਐਂਟਏਸਡਜ਼ ਦੀ ਵਰਤੋਂ ਨਾਲ ਚੰਗੇ ਨਤੀਜੇ ਸਾਹਮਣੇ ਆਉਂਦੇ ਹਨ—ਮਰੀਜ਼ ਅਕਸਰ, ਰਾਹਤ ਮਹਿਸੂਸ ਕਰਦਾ ਹੈ।
ਜਦੋਂ ਜਿਊਣ-ਢੰਗ ਵਿਚ ਸੁਧਾਰ ਲਿਆਉਣ ਦੇ ਬਾਵਜੂਦ ਹਾਰਟ-ਬਰਨ ਦੀਆਂ ਅਲਾਮਤਾਂ 'ਤੇ ਕਾਬੂ ਨਾ ਪਾਇਆ ਜਾ ਸਕੇ, ਜਾਂ ਐਂਟਏਸਡਜ਼ ਦੀ ਵਰਤੋਂ ਬੇਅਸਰ ਹੋ ਕੇ ਰਹਿ ਜਾਵੇ, ਜਾਂ ਇਸ ਤਕਲੀਫ਼ ਦੀਆਂ ਘਟਨਾਵਾਂ ਵਾਰ-ਵਾਰ ਵਾਪਰਨ, ਉਸ ਹਾਲਤ ਵਿਚ ਕਿਸੇ ਨਿਪੁੰਨ ਡਾਕਟਰ ਨਾਲ ਸੰਪਰਕ ਸਥਾਪਤ ਕਰਨਾ ਸਮੇਂ ਦੀ ਮੰਗ ਹੁੰਦੀ ਹੈ।
- ਡਾ. ਹਰਚੰਦ ਸਿੰਘ ਸਰਹਿੰਦੀ