ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਕਾਲ ਤਖਤ ਸਾਹਿਬ ਦੇ ਜਥੇਦਾਰ ਸੰਪ੍ਰਦਾਈ ਸੋਚ ਦੇ ਅਸਰ ਹੇਠ ਹਨ-ਭਾਈ ਗਜਿੰਦਰ ਸਿੰਘਐਚ. ਐਸ. ਬਾਵਾ ਦੀ ਸ. ਗਜਿੰਦਰ ਸਿੰਘ ਨਾਲ ਮੁਲਾਕਾਤ
30 ਵਰ੍ਹੇ ਪਹਿਲਾਂ ਭਾਈ ਗਜਿੰਦਰ ਸਿੰਘ ਨੇ ਆਪਣਾ ਘਰ-ਬਾਰ ਛੱਡਿਆ ਸੀ। 29 ਸਤੰਬਰ 1981 ਨੂੰ ਲੰਮੀਆਂ ਵਾਟਾਂ ਉਤੇ ਤੁਰੇ ਭਾਈ ਗਜਿੰਦਰ ਸਿੰਘ ਦਾ ਸਫਰ ਜਾਰੀ ਹੈ। ਪਿਛਲੇ 30 ਸਾਲਾਂ ਤੋਂ ਜਲਾਵਤਨੀ ਹੰਢਾ ਰਹੇ ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ, ਸਿੱਖ ਕੌਮ ਦੇ ਉਹਨਾਂ ਚੰਦ ਹਸਤੀਆਂ ਵਿਚੋਂ ਹਨ ਜਿਨ੍ਹਾਂ ਅੰਦਰ ਜੋਸ਼ ਅਤੇ ਹੋਸ਼ ਦਾ ਇਕ ਉੱਚਾ ਸੰਤੁਲਣ ਕਾਇਮ ਹੈ। ਪੰਜਾਬ ਦੇ ਸੀਨੀਅਰ ਪੱਤਰਕਾਰ ਐਚ. ਐਸ. ਬਾਵਾ ਦੀ ਸ: ਗਜਿੰਦਰ ਸਿੰਘ ਨਾਲ ਇਕ ਵਿਸ਼ੇਸ਼ ਗੱਲਬਾਤ (ਇੰਟਰਵੀਊ) ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ :  
ਸਵਾਲ - ਕਦੇ ਖਿਆਲ ਆਉਂਦੈ, ਕਿ ਜਿਹੜੀ ਕੌਮ ਲਈ ਲੜੇ ਉਹਦੇ ਵਿਚੋਂ 75 ਪ੍ਰਤੀਸ਼ਤ ਤੋਂ ਵੱਧ ਨੂੰ ਸ਼ਾਇਦ ਇਹ ਵੀ ਨਾ ਪਤਾ ਹੋਵੇ ਕਿ ਗਜਿੰਦਰ ਸਿੰਘ ਕੌਣ ਹੈ?
ਜਵਾਬ - ਅਗਰ ਸਿੱਖਾਂ ਦਾ 25 ਪਰਸੈਂਟ ਗਜਿੰਦਰ ਸਿੰਘ ਨੂੰ ਅੱਜ ਵੀ ਜਾਣਦਾ ਹੈ, ਤਾਂ ਇਹ ਕੋਈ ਘੱਟ ਪ੍ਰਾਪਤੀ ਨਹੀਂ ਹੈ। ਇੱਥੇ ਇਹ ਵੀ ਕਹਿਣਾ ਚਾਹਾਂਗਾ ਕਿ ਇਕ ਵਾਰ ਅਸੀਂ ਸਿਰੇ ਦੀ ਬੁਲੰਦੀ ਵੀ ਵੇਖੀ ਹੈ
ਸਵਾਲ - ਪਾਕਿਸਤਾਨ ਦੀ ਜੇਲ੍ਹ 'ਚ 14 ਸਾਲ ਦੀ ਕੈਦ ਦੌਰਾਨ ਕੀ ਖਿਆਲ ਆਉਂਦੇ ਸਨ?
ਜਵਾਬ - ਪਾਕਿਸਤਨ ਦੀ ਜੇਲ੍ਹ ਵਿਚ ਰਹਿੰਦੇ ਜਦੋਂ ਕਦੇ ਆਪਣੀ ਲਹਿਰ ਦੀ ਕੋਈ ਚੰਗੀ ਖ਼ਬਰ ਸੁਣਨ ਨੂੰ ਮਿਲਦੀ ਸੀ, ਤਾਂ ਖੁਸ਼ੀ ਹੁੰਦੀ ਸੀ, ਤੇ ਜਦੋਂ ਕਦੇ ਕੋਈ ਮਾੜੀ ਖ਼ਬਰ ਮਿਲਦੀ ਸੀ, ਤਾਂ ਦੁੱਖ ਵੀ ਲੱਗਦਾ ਸੀ। ਕਦੇ-ਕਦੇ ਆਪਣਿਆਂ ਦਾ ਵਿਛੋੜਾ ਵੀ ਸਤਾਉਂਦਾ ਸੀ। ਸ਼ੁਰੂ ਵਿਚ ਕੁਝ ਵਕਤ ਐਸਾ ਵੀ ਬੀਤਿਆ, ਜਦੋਂ ਜੇਲ੍ਹ ਦੀ ਜ਼ਿੰਦਗੀ ਦਾ ਕੋਈ ਆਖਰੀ ਸਿਰਾ ਹੀ ਦਿਖਾਈ ਨਹੀਂ ਸੀ ਦਿੰਦਾ। ਮੈਂ ਇਹਨਾਂ ਰਲੇ ਮਿਲੇ ਅਹਿਸਾਸਾਂ ਦਾ ਜ਼ਿਕਰ ਆਪਣੀ ਕਵਿਤਾ ਵਿਚ ਖੁੱਲ੍ਹ ਕੇ ਕਰਦਾ ਰਿਹਾ ਹਾਂ। ਮਾਂ ਨੂੰ, ਬੀਵੀ ਤੇ ਬੇਟੀ ਨੂੰ ਬਹੁਤ ਮਿੱਸ ਕੀਤਾ, ਭੈਣਾਂ ਭਰਾਵਾਂ ਤੇ ਦੋਸਤਾਂ ਨੂੰ ਵੀ। ਇੱਥੇ ਆਪਣੀ ਗੱਲ ਕਰਨ ਲਈ ਆਪਣੀ ਇਕ ਕਵਿਤਾ ਦਾ ਸਹਾਰਾ ਲਵਾਂਗਾ, ਜਿਹੜੀ ਮੈਂ ਆਪਣੇ ਜੇਲ੍ਹ ਕਮਰੇ/ਸੈਲ ਦੇ ਬਾਹਰ ਖਿੜੇ ਇਕ ਫੁੱਲ ਨੂੰ ਦੇਖ ਕੇ ਯਾਦ ਆਈ ਬੇਟੀ ਦੀ ਯਾਦ ਵਿਚ ਲਿਖੀ ਸੀ :
ਸਾਡੇ ਵਿਹੜੇ ਫੁੱਲ ਖਿੜਿਆ ਇਕ ਟਹਿਕਦਾ
ਯਾਦਾਂ ਦਾ ਇਕ ਬੁੱਲ੍ਹਾ ਆਇਆ ਮਹਿਕਦਾ
ਯਾਦਾਂ ਹਾਸੇ, ਯਾਦਾਂ ਹੰਝੂ, ਯਾਦਾਂ ਪਿਆਰ ਕਲਾਵੇ
ਯਾਦਾਂ ਨਾਲ ਕਰਾਂ ਮੈਂ ਗੱਲਾਂ ਜਦ ਇਹ ਬੁੱਲ੍ਹਾ ਆਵੇ
ਸਵਾਲ - ਜਲਾਵਤਨੀ ਦੀ ਜ਼ਿੰਦਗੀ ਨੂੰ ਕਿੰਝ ਬਿਆਨ ਕਰੋਗੇ?
ਜਵਾਬ - ਜਲਾਵਤਨੀ ਦੀ ਜ਼ਿੰਦਗੀ ਜੇਲ੍ਹ ਤੋਂ ਕੋਈ ਬਹੁਤੀ ਵੱਖਰੀ ਨਹੀਂ। ਅੰਦਰ ਮੱਘਦੇ ਸੂਰਜ ਦੀ ਤਪਸ਼ ਤੇ ਲੋਅ ਦੇ ਸਹਾਰੇ ਤੁਰੇ ਜਾ ਰਹੇ ਹਾਂ, ਤੇ ਆਖਰੀ ਸਾਹ ਤੱਕ ਤੁਰਦੇ ਰਹਿ ਸਕੀਏ ਇਹਦੇ ਲਈ ਅਰਦਾਸ ਕਰੀ ਦੀ ਹੈ।
ਸਵਾਲ - ਕੀ ਦਲ ਖਾਲਸਾ ਦਾ ਕੋਈ ਰਾਜਸੀ ਭਵਿੱਖ ਹੈ?
ਜਵਾਬ - ਦਲ ਖਾਲਸਾ ਦਾ ਰਾਜਸੀ ਭਵਿੱਖ ਯਕੀਨਨ ਹੈ। ਹਰ ਪਾਰਟੀ ਦਾ ਆਪਣਾ ਰੋਲ ਹੈ, ਤੇ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ, ਪਰ ਦਲ ਖਾਲਸਾ ਦੀਆਂ ਸਰਗਰਮੀਆਂ ਨੂੰ ਘਟਾ ਕੇ ਜਾਂ ਛੁਟਿਆ ਕੇ ਦੇਖਣਾ ਗਲਤੀ ਹੋਵੇਗੀ।
ਸਵਾਲ - ਅਜੋਕੇ ਸਿੱਖ ਸੰਕਟਾਂ ਦੌਰਾਨ ਅਕਾਲ ਤਖ਼ਤ ਦੀ ਭੂਮਿਕਾ ਵੀ ਵਾਚਦੇ ਹੋਵੋਗੇ? ਕੀ ਪ੍ਰਭਾਵ ਹੈ?
ਜਵਾਬ - ਅਜੋਕੇ ਸਿੱਖ ਸੰਕਟਾਂ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਦੀ ਭੂਮਿਕਾ ਬਹੁਤ ਨਿਰਾਸ਼ਾਜਨਕ ਰਹੀ ਹੈ। ਅਕਾਲ ਤਖ਼ਤ ਦਾ ਰੋਲ ਸਾਰੇ ਪੰਥ ਵਿਚ ਧਾਰਮਿਕ ਮਰਿਯਾਦਾ ਦੀ ਇਕਸੁਰਤਾ ਬਣਾ ਕੇ ਰੱਖਣ ਦਾ ਸੀ, ਪਰ ਅਫਸੋਸ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿੱਥੇ ਧਾਰਮਿਕ ਤੌਰ 'ਤੇ ਸੰਪ੍ਰਦਾਈ ਸੋਚ ਦੇ ਅਸਰ ਹੇਠ ਹਨ, ਉਥੇ ਸਿਆਸੀ ਤੌਰ 'ਤੇ ਬਾਦਲ ਪਰਿਵਾਰ ਦੇ ਅਸਰ ਹੇਠ ਹਨ।
ਸਵਾਲ - ਜੂਨ 1984 ਤੇ ਨਵੰਬਰ 1984, ਦੇਸ਼ ਦੀ ਲੀਡਰਸ਼ਿਪ ਆਖ ਰਹੀ ਏ, ਭੁੱਲ ਜਾਓ 1984। ਭੁੱਲ ਜਾਈਏ?
ਜਵਾਬ - ਇਹ ਘੱਲੂਘਾਰੇ, ਇਹ ਸਾਕੇ ਭੁਲਾਏ ਜਾ ਸਕਣ ਵਾਲੇ ਨਹੀਂ ਹਨ। ਇਹਨਾਂ ਨੂੰ ਭੁੱਲਣਾ ਨਾ ਤਾਂ ਸਾਡੀ ਕੌਮੀ ਰਵਾਇਤ ਮੁਤਾਬਿਕ ਹੈ ਅਤੇ ਨਾ ਹੀ ਸਿੱਖਾਂ ਦੇ ਸੁਭਾ ਮੁਤਾਬਿਕ। ਅਸੀਂ ਤਾਂ ਘੱਲੂਘਾਰਿਆਂ ਨੂੰ ਨਿੱਤ ਦੀ ਅਰਦਾਸ ਵਿਚ ਸ਼ਾਮਲ ਕਰ ਕੇ ਸਵੇਰ ਸ਼ਾਮ ਯਾਦ ਕਰਨ ਵਾਲਿਆਂ ਵਿਚੋਂ ਹਾਂ, ਭੁੱਲਣ ਵਾਲਿਆਂ ਵਿਚੋਂ ਨਹੀਂ।
ਸਵਾਲ - 1984 ਭੁੱਲ ਜਾਣ ਵਾਲਿਆਂ ਦਾ ਇਕ ਤਰਕ ਇਹ ਹੈ ਕਿ ਹੁਣ ਤਾਂ ਡਾ: ਮਨਮੋਹਨ ਸਿੰਘ ਦੇ ਰੂਪ ਵਿਚ ਸਿੱਖਾਂ ਨੂੰ ਪ੍ਰਧਾਨ ਮੰਤਰੀ ਤੱਕ ਮਿਲ ਗਿਆ, ਹੁਣ ਤਾਂ ਭੁੱਲ ਜਾਓ। ਇਸ ਤਰਕ ਨਾਲ ਕਿੰਨੇ ਕੁ ਸਹਿਮਤ ਹੋ?
ਜਵਾਬ - ਬੜੀ ਹੈਰਾਨੀ ਹੁੰਦੀ ਹੈ, ਇਸ ਤਰਕ 'ਤੇ। ਮਨਮੋਹਣ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਨਾਲ ਕੇਸਰੀ ਨਿਸ਼ਾਨ ਯੂ. ਐਨ. ਓ ਵਿਚ ਨਹੀਂ ਝੂਲਣ ਲੱਗ ਗਿਆ। ਭਾਰਤੀ ਵਿਧਾਨ ਤੇ ਨਿਸ਼ਾਨ ਦੀ ਤਾਬਿਆ, ਮਨਮੋਹਣ ਸਿੰਘ ਹੋਵੇ, ਜਾਂ ਗਿਆਨੀ ਜ਼ੈਲ ਸਿੰਘ, ਸਿੱਖ, ਇਕ ਕੌਮ ਦੀ ਹੈਸੀਅਤ ਵਜੋਂ ਆਜ਼ਾਦ ਨਹੀਂ ਹੋ ਜਾਂਦੇ। ਆਜ਼ਾਦੀ ਇਕ ਅਹਿਸਾਸ ਦਾ ਨਾਮ ਹੈ, ਕਿਸੇ ਅਹੁਦੇ ਦਾ ਨਹੀਂ, ਕੌਮ ਦੀਆਂ ਉਮੰਗਾਂ ਦਾ ਨਾਮ ਹੈ, ਵਿਅਕਤੀ ਦਾ ਨਹੀਂ।
ਸਵਾਲ - ਫਰਾਂਸ ਵਿਚ ਪਗੜੀ 'ਤੇ ਪਾਬੰਦੀ, ਕੋਈ ਵੀ ਦਸਤਾਵੇਜ਼ ਬਣਾਉਣ ਲਈ ਪੱਗ-ਰਹਿਤ ਫ਼ੋਟੋ ਖਿਚਵਾਉਣੀ ਲਾਜ਼ਮੀ ਹੋਣ ਅਤੇ ਹੁਣ ਵਿਦੇਸ਼ੀ ਹਵਾਈ ਅੱਡਿਆਂ 'ਤੇ ਜਾਂਚ ਦੇ ਨਾਂਅ 'ਤੇ ਪੱਗਾਂ ਲੁਹਾਉਣੀਆਂ। ਕੌਮ ਦੀ ਪਛਾਣ ਲਈ ਇਹ ਇਕ ਨਵੀਂ ਚੁਣੌਤੀ ਹੈ। ਕੀ ਹੋਵੇ?
ਜਵਾਬ - ਤੁਹਾਡਾ ਇਹ ਸਵਾਲ ਹੀ ਮੇਰੇ ਜਵਾਬਾਂ ਦੀ ਤਾਈਦ ਕਰਦਾ ਹੈ। ਜੇ ਸਿੱਖ ਕੌਮ ਕੋਲ ਆਜ਼ਾਦ ਘਰ ਹੁੰਦਾ, ਪ੍ਰਭੂਸੱਤਾ ਹੁੰਦੀ, ਯੂ. ਐਨ. ਓ. ਦੀ ਮੈਂਬਰਸ਼ਿਪ ਹੁੰਦੀ, ਤਾਂ ਅਜਿਹੀਆਂ ਬਹੁਤੀਆਂ ਸਮਸਿਆਵਾਂ ਪੈਦਾ ਹੀ ਨਹੀਂ ਸਨ ਹੋਣੀਆਂ, ਅਤੇ ਜੇ ਹੁੰਦੀਆਂ ਤਾਂ ਅਸੀਂ ਆਲਮੀ ਬਿਰਾਦਰੀ ਦੇ ਇਕ ਬਰਾਬਰ ਦੇ ਮੈਂਬਰ ਹੋਣ ਦੀ ਹੈਸੀਅਤ ਨਾਲ ਇਨ੍ਹਾਂ ਨੂੰ ਸਤਿਕਾਰਪੂਰਨ ਤਰੀਕੇ ਰਾਹੀਂ ਹੱਲ ਕਰਵਾਉਣ ਦਾ ਹੱਕ ਰੱਖਦੇ ਹੁੰਦੇ। ਹੁਣ ਅਸੀਂ ਇਕ ਪਾਸੇ ਦਿੱਲੀ ਦੇ ਤਰਲੇ ਮਾਰਦੇ ਫਿਰਦੇ ਹਾਂ, ਤੇ ਦੂਜੇ ਪਾਸੇ ਫਰਾਂਸ ਦੇ, ਪਰ ਬੇਘਰੇ ਤੇ ਨਿਥਾਵੇਂ ਹੋਣ ਕਾਰਨ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ।
ਸਵਾਲ - ਲਹਿਰ ਦੌਰਾਨ ਵਿਦੇਸ਼ ਚਲੇ ਗਏ ਸਿੱਖਾਂ ਦੀ ਕਾਲੀ ਸੂਚੀ ਤੇ ਇਸ ਦੌਰਾਨ ਫੜੇ ਗਏ ਸਿੰਘਾਂ ਦੀਆਂ ਕਾਲ ਕੋਠਰੀਆਂ ਦੀ ਸਜ਼ਾਵਾਂ, ਅਜੇ ਨਹੀਂ ਮੁੱਕੀਆਂ। ਜ਼ਿੰਮੇਵਾਰੀ ਕਿਸਦੀ?
ਜਵਾਬ - ਕੌਮ ਦੀ ਆਗੂ ਹੋਣ ਦੀ ਦਾਅਵੇਦਾਰ ਧਿਰ ਦੀ ਕੌਮ ਪ੍ਰਤੀ ਗੈਰ ਸੰਜੀਦਗੀ, ਬਲਕਿ ਕੌਮ ਵੱਲੋਂ ਮੂੰਹ ਮੋੜੇ ਹੋਣ ਦੀਆਂ ਪ੍ਰਤੀਕ ਹਨ ਇਹ ਕਾਲੀਆਂ ਸੂਚੀਆਂ ਤੇ ਕਾਲ ਕੋਠਰੀਆਂ।
ਸਵਾਲ - ਸ਼੍ਰੋਮਣੀ ਕਮੇਟੀ ਦੇ ਚੋਣ ਨਤੀਜਿਆਂ ਨੂੰ ਕਿਵੇਂ ਦੇਖਦੇ ਹੋ?
ਜਵਾਬ - ਸ਼੍ਰੋਮਣੀ ਕਮੇਟੀ ਚੋਣਾਂ ਦੇ ਨਤੀਜੇ, ਉਮੀਦ ਤੋਂ ਜ਼ਿਆਦਾ ਨਿਰਾਸ਼ਾਜਨਕ ਹਨ। ਇਸ ਵਿਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਕਾਬਜ਼ ਧਿਰ ਨੇ ਹਰ ਸੰਭਵ ਧਾਂਦਲੀ ਕੀਤੀ ਹੈ, ਪਰ ਇਹ ਕੋਈ ਨਵੀਂ ਗੱਲ ਵੀ ਨਹੀਂ ਹੈ। ਇਸ ਕਿਸਮ ਦੀਆਂ ਧਾਂਦਲੀਆਂ, ਹਰ ਚੋਣ ਵਿਚ ਹਰ ਕਾਬਜ਼ ਧਿਰ ਕਰਦੀ ਆਈ ਹੈ। ਜੇ ਇਨ੍ਹਾਂ ਧਾਂਦਲੀਆਂ ਨੂੰ ਮਨਫੀ ਵੀ ਕਰ ਦਿਓ ਤਾਂ ਕੋਈ ਬਹੁਤਾ ਵੱਡਾ ਫਰਕ ਪੈਂਦਾ ਦਿਖਾਈ ਨਹੀਂ ਦਿੰਦਾ। ਅਸਲ ਗੱਲ ਇਹ ਹੈ ਕਿ ਪੰਥਕ ਮੋਰਚਾ ਤੇ ਸਿਮਰਨਜੀਤ ਸਿੰਘ ਮਾਨ ਵਾਲਾ ਅਕਾਲੀ ਦਲ ਕਿਸੇ ਆਪਸੀ ਸਮਝੌਤੇ ਰਾਹੀਂ ਅਕਾਲੀ ਦਲ ਬਾਦਲ ਵਿਰੁੱਧ ਸਿੱਧੀ ਟੱਕਰ ਨਹੀਂ ਦੇ ਸਕਿਆ। ਦੂਜੀ ਗੱਲ, ਪੰਥਕ ਮੋਰਚਾ ਕੌਮ ਵਿਚ ਆਸ ਦੀ ਕੋਈ ਨਵੀਂ ਕਿਰਨ ਹੀ ਪੈਦਾ ਨਹੀਂ ਕਰ ਸਕਿਆ। ਲੋਕ ਇਸਦੇ ਉਮੀਦਵਾਰਾਂ ਨੂੰ ਵੋਟ ਪਾਉਂਦੇ ਤਾਂ ਕਿਸ ਉਮੀਦ ਵਿਚ ਪਾਉਂਦੇ?
ਇੱਕ ਗੱਲ ਹੋਰ, ਮਾਨ ਸਾਹਿਬ ਦੀਆਂ ਤਿੰਨ ਸੀਟਾਂ, ਪੰਚ ਪ੍ਰਧਾਨੀ ਦੀ ਇਕ ਸੀਟ, ਤੇ ਖਾਲਸਾ ਐਕਸ਼ਨ ਕਮੇਟੀ ਨਾਲ ਜੁੜੇ ਉਮੀਦਵਾਰ ਦੀ ਜਿੱਤ ਅਤੇ ਦੂਜੇ ਪਾਸੇ ਤਿੰਨੋਂ ਰਵਾਇਤੀ ਅਕਾਲੀ ਗਰੁੱਪਾਂ ਨੂੰ ਇਕ ਸੀਟ ਵੀ ਨਾ ਮਿਲਣਾ ਇਹ ਦਰਸਾਉਂਦਾ ਹੈ, ਕਿ ਪੰਜਾਬ/ਸਿੱਖਾਂ ਵਿਚ ਅਗਰ ਬਾਦਲ ਵਿਰੋਧੀ ਕੋਈ ਧਿਰ ਆਪਣੀ ਹੋਂਦ ਬਚਾ ਪਾਈ ਹੈ, ਤਾਂ ਉਹ ਆਜ਼ਾਦੀ ਪਸੰਦ ਸੋਚ ਵਾਲੀ ਧਿਰ ਹੈ।
ਸਵਾਲ - ਹਾਰ ਤੋਂ ਬਾਅਦ ਪੰਥਕ ਮੋਰਚੇ ਦਾ ਭਵਿੱਖ ਕੀ ਹੋਵੇਗਾ?
ਜਵਾਬ - ਪੰਥਕ ਮੋਰਚੇ ਦੇ ਆਗੂਆਂ ਨੂੰ ਸਿੱਖ ਮਸਲਿਆਂ ਅਤੇ ਮੁੱਦਿਆਂ ਤੇ ਲੋਕਾਂ ਨੂੰ ਨਾਲ ਲੈ ਕੇ ਸੰਜੀਦਗੀ ਨਾਲ ਕੰਮ ਕਰਨਾ ਪਵੇਗਾ। ਅਚਾਨਕ “ਖੁੰਭਾਂ” ਵਾਂਗ ਉਠਣ ਦੇ ਇਲਜ਼ਾਮ ਤੋਂ ਬਚਣਾ ਹੈ, ਤਾਂ ਕੱਲ੍ਹ ਦੀ ਲੜਾਈ ਲਈ, ਅੱਜ ਹੀ ਘਰਾਂ ਤੋਂ ਬਾਹਰ ਨਿਕਲਣਾ ਪਵੇਗਾ। ਇਕ ਗੱਲ ਹੋਰ, ਕੇਵਲ ਅਖ਼ਬਾਰਾਂ ਦੀਆਂ ਖ਼ਬਰਾਂ ਤੇ ਇਸ਼ਤਿਹਾਰਾਂ ਰਾਹੀਂ ਕਿਸੇ ਵੱਡੀ ਤਬਦੀਲੀ ਦੀ ਆਸ ਨਹੀਂ ਰੱਖਣੀ ਚਾਹੀਦੀ। ਰਵਾਇਤੀ ਸੋਚ ਵਾਲੇ ਬਾਦਲ-ਵਿਰੋਧੀ ਗਰੁੱਪਾਂ ਨੂੰ ਕਿਸੇ ਇਕ ਨਾਮ, ਤੇ ਕਿਸੇ ਇਕ ਲੀਡਰ ਥੱਲੇ ਇਕੱਠਾ ਹੋਣਾ ਪਵੇਗਾ। ਇਨ੍ਹਾਂ ਬਾਦਲ ਵਿਰੋਧੀ ਗਰੁੱਪਾਂ ਨੇ ਅਗਰ ਬਾਦਲ ਦੇ ਵਿਰੋਧ ਵਿਚ ਕਾਮਯਾਬ ਹੋਣਾ ਹੈ, ਤਾਂ ਇਹਨਾਂ ਨੂੰ ਆਪਣੀ ਸੋਚ, ਸੁਰ ਤੇ ਦਿੱਖ ਵੀ ਬਾਦਲ ਤੋਂ ਕੁਝ ਵੱਖ ਕਰਨੀ ਪਵੇਗੀ। ਆਜ਼ਾਦੀ ਪਸੰਦ ਸੋਚ ਵਾਲੀ ਧਿਰਾਂ ਨੂੰ ਵੀ ਕਿਸੇ ਇਕ ਸਾਂਝੇ ਫਰੰਟ ਉਤੇ ਇਕ ਲੀਡਰ ਦੀ ਅਗਵਾਈ ਵਿਚ ਇਕੱਠੇ ਹੋਣਾ ਪਵੇਗਾ।
ਸਵਾਲ - ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਵੀ ਥੋੜ੍ਹਾ ਹੀ ਸਮਾਂ ਰਹਿ ਗਿਐ। ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਤੋਂ ਇਲਾਵਾ ਕੁਝ ਰੌਲਾ ਤੇ ਦਾਅਵੇ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਦੇ ਵੀ ਹਨ? ਗਜਿੰਦਰ ਸਿੰਘ ਦੀ ਜਾਚੇ ਕਿਹਦੇ ਹੱਥ ਵਿਚ ਸੁਰੱਖਿਅਤ ਰਹੇਗਾ ਪੰਜਾਬ?
ਜਵਾਬ - ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ 'ਤੇ। ਪੰਜਾਬ ਤੇ ਪੰਥ ਨੂੰ ਗਜਿੰਦਰ ਵੱਖ ਵੱਖ ਕਰ ਕੇ ਨਹੀਂ ਦੇਖ ਸਕਦਾ। ਬਾਦਲਕੇ ਪੰਜਾਬ ਦੇ ਨਾਲ ਨਾਲ ਪੰਥ ਦੇ ਵੀ ਝੂਠੇ ਦਾਅਵੇਦਾਰ ਹਨ, ਕਾਂਗਰਸ ਸਿੱਖਾਂ ਨਾਲ ਵਿਸਾਹਘਾਤ ਦੀ ਅਲਾਮਤ ਹੈ, ਤੇ ਮਨਪ੍ਰੀਤ, ਜੋ ਪਰਿਵਾਰਕ ਵਿਰਾਸਤ ਦੇ ਕਾਰਨਾਂ ਕਰ ਕੇ ਅਕਾਲੀ ਦਲ ਬਾਦਲ ਤੋਂ ਅਲਹਿਦਾ ਹੋਇਆ ਹੈ, ਦੀ ਸੋਚ ਖੱਬੇ ਪੱਖੀਆਂ ਤੋਂ ਕੋਈ ਬਹੁਤੇ ਫਾਸਲੇ ਤੇ ਨਹੀਂ। ਇਹਨਾਂ 'ਚੋਂ ਕਿਸੇ ਤੋਂ ਵੀ ਪੰਜਾਬ ਤੇ ਪੰਥ ਦੇ ਭਲੇ ਦੀ ਆਸ ਰੱਖਣੀ ਬਣਦੀ ਨਹੀਂ। ਵਾਹਿਗੁਰੂ ਮੇਹਰ ਕਰੇ, ਪੰਜਾਬ ਤੇ ਪੰਥ ਦੀ ਰਾਖੀ ਕਰੇ।
ਸਵਾਲ - ਦੱਸ ਸਕਦੇ ਹੋ? ਕਿੱਥੇ ਹੋ?
ਜਵਾਬ - ਕੰਧ ਉਹਲੇ ਦੇ ਪ੍ਰਦੇਸ਼ੀ ਕੋਲੋਂ ਕੀ ਪੁੱਛਦੇ ਹੋ। ਪਿਆਰ ਕਰਨ ਵਾਲਿਆਂ ਦੇ ਦਿਲ ਵਿਚ ਰਹਿੰਦਾ ਹਾਂ।
ਸਵਾਲ - ਕਿੱਥੇ ਹੈ ਬਾਕੀ ਪਰਿਵਾਰ?
ਜਵਾਬ - ਜੀਵਨ ਸਾਥਣ ਜਰਮਨ ਰਹਿੰਦੀ ਹੈ, ਤੇ ਬੇਟੀ ਯੂ. ਕੇ. ਵਿਆਹੀ ਹੋਈ ਹੈ।
ਸਵਾਲ - ਕਿੰਝ ਹੁੰਦਾ ਹੈ ਪਰਿਵਾਰ ਨਾਲ ਰਾਬਤਾ ਜਾਂ ਮੇਲ ਜੋਲ?
ਜਵਾਬ - ਅੱਜ ਕੱਲ੍ਹ ਇੰਟਰਨੈਟ ਨੇ ਰਾਬਤੇ ਬਹੁਤ ਆਸਾਨ ਕਰ ਦਿੱਤੇ ਹਨ, ਤੇ ਇੰਝ ਫਾਸਲੇ ਘਟਾ ਦਿੱਤੇ ਹਨ।
ਸਵਾਲ - ਇੰਨੇ ਸਾਲਾਂ ਵਿਚ ਸਭ ਤੋਂ ਵੱਧ ਦੁੱਖ ਕਦੋ ਹੋਇਆ?
ਜਵਾਬ - 29 ਸਤੰਬਰ ਨੂੰ ਘਰ ਛਡਿਆਂ 30 ਸਾਲ ਪੂਰੇ ਹੋਗੇ। ਕਦੇ ਕਦੇ ਲੱਗਦਾ ਹੈ ਕਿ ਦੁੱਖ ਸੁੱਖ ਦਾ ਫਰਕ ਹੀ ਭੁੱਲ ਗਿਆ ਹਾਂ। ਕੁਝ ਦੇਰ ਪਹਿਲਾਂ ਆਪਣੀ ਇਸ ਕੈਫੀਅੱਤ ਤੇ ਇਕ ਸ਼ੇਅਰ ਲਿਖਿਆ ਸੀ……
ਕਦੇ ਕਦੇ ਇੰਝ ਲੱਗਦਾ ਹੈ,
ਖੁਸ਼ੀ ਤੇ ਉਦਾਸੀ ਵਿਚ ਫ਼ਰਕ ਹੀ ਭੁੱਲ ਗਿਆ ਹਾਂ
ਕਦੇ ਹੱਸਦੇ ਹੱਸਦੇ ਰੋ ਪੈਨਾਂ, ਤੇ ਕਦੇ ਰੋਂਦੇ ਰੋਂਦੇ ਹੱਸ ਪੈਨਾਂ।