ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਕਾਲੀ ਦਲ ਦੀ ਸੱਤਾ ਬਨਾਮ ਸਿੱਖ ਸਿਧਾਂਤ


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦੀ ਪ੍ਰਕ੍ਰਿਆ ਪੂਰੀ ਹੋ ਚੁੱਕੀ ਹੈ। ਅਧਿਕਾਰਤ ਨਤੀਜਿਆਂ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ। ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸ਼੍ਰੋਮਣੀ ਕਮੇਟੀ ਦੀਆਂ 170 ਸੀਟਾਂ ਵਿਚੋਂ 157 ਉਪਰ ਜਿੱਤ ਦਰਜ ਕਰਵਾ, ਨਾ ਕੇਵਲ ਕਮੇਟੀ ਉਪਰ ਆਪਣਾ 'ਕਬਜ਼ਾ ਬਹਾਲ' ਰਖਣ, ਸਗੋਂ ਆਪਣੇ ਵਿਰੋਧੀਆਂ ਦਾ 'ਸਫਾਇਆ' ਕਰਨ ਵਿਚ ਵੀ ਸਫਲਤਾ ਪ੍ਰਾਪਤ ਕਰ ਲਈ ਹੈ।
ਜਿਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਬਾਦਲ ਦਲ ਦੀ ਜਿੱਤ ਹੋਣ ਦਾ ਸਬੰਧ ਹੈ, ਉਸਦੇ ਕਈ ਕਾਰਣ ਹਨ. ਇਕ ਤਾਂ ਸਿੱਖਾਂ ਦੀ ਮਾਨਸਿਕਤਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਧਾਰਮਿਕ ਸੰਸਥਾ ਦੀਆਂ ਚੋਣਾਂ ਸਵੀਕਾਰਦਿਆਂ ਹੋਇਆਂ ਉਨ੍ਹਾਂ ਦੀ ਪਹਿਲੀ ਪਸੰਦ ਸਦਾ ਹੀ ਸ਼੍ਰੋਮਣੀ ਅਕਾਲੀ ਦਲ ਹੀ ਰਿਹਾ ਹੈ, ਭਾਵੇਂ ਉਨ੍ਹਾਂ ਦੀ ਰਾਜਸੀ ਸੋਚ ਕੋਈ ਵੀ ਹੋਵੇ ਜਾਂ ਵਫਾਦਾਰੀ ਕਿਸੇ ਨਾਲ ਵੀ ਹੋਵੇ। ਪ੍ਰੰਤੂ ਇਸ ਵਾਰ ਬਾਦਲ ਅਕਾਲੀ ਦਲ ਦੀ ਜਿੱਤ ਕਾਰਣ ਸਿੱਖਾਂ ਦੀ ਉਪ੍ਰੋਕਤ ਮਾਨਸਿਕਤਾ ਨਾ ਹੋ ਕੇ, ਕਈ ਹੋਰ ਗੱਲਾਂ ਉਸਦੇ ਹੱਕ ਵਿਚ ਗਈਆਂ ਸਨ। ਇਕ ਤਾਂ ਬਾਦਲ ਦਲ ਦੇ ਵਿਰੋਧੀਆਂ ਵਲੋਂ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਕਰ ਉਸਨੂੰ ਮੁੜ ਪੁਰਾਣੀਆਂ ਲੀਹਾਂ ਉਪਰ ਲੈ ਆਉਣ ਦੇ ਮੁੱਦੇ ਨੂੰ ਲੈ ਕੇ ਬਾਦਲ ਦਲ ਉਪਰ ਸੰਤ-ਸਮਾਜ ਸਾਹਮਣੇ ਸਮਰਪਣ ਕਰਨ ਦਾ ਦੋਸ਼ ਲਾ ਸੰਤ-ਸਮਾਜ ਅਤੇ ਡੇਰੇਦਾਰਾਂ ਵਿਰੁੱਧ ਜੋ ਮੁਹਿੰਮ ਛੇੜੀ ਹੋਈ ਸੀ, ਉਸਦੇ ਫਲਸਰੂਪ ਸੰਤ-ਸਮਾਜ ਅਤੇ ਡੇਰੇਦਾਰ ਸਮੁੱਚੇ ਰੂਪ ਵਿਚ ਉਨ੍ਹਾਂ ਵਿਰੁੱਧ ਬਾਦਲ ਦਲ ਨਾਲ ਜਾ ਖੜ੍ਹਾ ਹੋਏ। ਫਿਰ ਜਿਸ ਤਰ੍ਹਾਂ ਵੋਟਾਂ ਬਣਾਏ ਜਾਣ ਦੇ ਆਖਰੀ ਹਫ਼ਤੇ ਵਿਚ ਬਾਦਲ ਅਕਾਲੀ ਦਲ ਦੇ ਕਾਰਕੁੰਨਾਂ ਵਲੋਂ ਦਿੱਤੀਆਂ 38 ਲੱਖ ਵੋਟਾਂ ਬਣਾਈਆਂ ਗਈਆਂ ਅਤੇ ਲਗਾਤਾਰ ਬਣਾਈਆਂ ਜਾਂਦੀਆਂ ਰਹੀਆਂ। ਡਿਪਟੀ ਕਮਿਸ਼ਨਰਾਂ ਵਲੋਂ ਨਿਰਪੱਖ ਤੇ ਸਾਫ-ਸੁਥਰੀਆਂ ਚੋਣਾਂ ਨਿਸ਼ਚਿਤ ਕਰਵਾਉਣ ਲਈ ਕੇਂਦਰੀ ਸੁਰੱਖਿਆ ਬਲਾਂ ਦੀ ਕੀਤੀ ਗਈ ਮੰਗ ਨੂੰ ਸ. ਬਾਦਲ ਵਲੋਂ ਠੁਕਰਾ ਦਿੱਤਾ ਗਿਆ ਅਤੇ ਮੀਡੀਆ ਵਿਚ ਆਈਆਂ ਖ਼ਬਰਾਂ ਅਤੇ ਫੋਟੋਆਂ ਅਨੁਸਾਰ, ਜਿਵੇਂ ਸਰਕਾਰੀ ਸਾਧਨਾਂ ਅਤੇ ਅਮਲੇ ਦੀ ਵਰਤੋਂ ਕਰ ਪਤਿਤਾਂ ਦੇ ਨਾਲ ਹੀ ਗ਼ੈਰ-ਸਿੱਖਾਂ, ਮੁਸਲਮਾਨਾਂ, ਹਿੰਦੂਆਂ, ਈਸਾਈਆਂ, ਬੀੜੀ-ਸਿਗਰਟ ਪੀਣ ਵਾਲਿਆਂ ਦੀਆਂ ਵੋਟਾਂ ਪੁਆਈਆਂ ਗਈਆਂ, ਉਨ੍ਹਾਂ ਨੂੰ ਵੇਖਦਿਆਂ, ਕਿਸੇ ਨੂੰ ਵੀ ਬਾਦਲ ਦਲ ਦੀ ਹੋਈ ਹੂੰਝਾ-ਫੇਰ ਜਿੱਤ ਉਪਰ ਹੈਰਾਨੀ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਜਿਥੋਂ ਤੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਬੰਧ ਹੈ, ਇਨ੍ਹਾਂ ਨਤੀਜਿਆਂ ਉਪਰ ਉਸਦੇ ਮੁਖੀਆਂ ਅਤੇ ਵਰਕਰਾਂ ਦਾ ਬਗਲਾਂ ਵਜਾਇਆ ਜਾਣਾ ਸੁਭਾਵਿਕ ਹੈ। ਪ੍ਰੰਤੂ ਇਸਦੇ ਨਾਲ ਉਨ੍ਹਾਂ ਵਲੋਂ ਇਸ ਜਿੱਤ ਨੂੰ ਪੰਥ ਦੀ ਜਿੱਤ ਅਤੇ ਕਾਂਗਰਸ ਦੀ ਹਾਰ ਗਰਦਾਨਦਿਆਂ ਇਹ ਦਾਅਵਾ ਕਰਨਾ ਕਿ ਇਨ੍ਹਾਂ ਨਤੀਜਿਆਂ ਦਾ ਨੇੜੇ ਭਵਿੱਖ ਵਿਚ ਹੋ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੀ ਉਨ੍ਹਾਂ ਦੇ ਹੱਕ ਵਿਚ ਵੇਖਣ ਨੂੰ ਮਿਲੇਗਾ, ਪੰਜਾਬ ਦੀ ਰਾਜਨੀਤੀ ਉਪਰ ਤਿੱਖੀ ਨਜ਼ਰ ਰਖ ਰਹੇ ਮਹਿਰਾਂ ਅਤੇ ਸਿੱਖੀ ਪ੍ਰਤੀ ਸਮਰਪਿਤ ਲੋਕਾਂ ਨੂੰ ਜਚ ਨਹੀਂ ਰਿਹਾ। ਜਿਥੇ ਸਿੱਖੀ ਪ੍ਰਤੀ ਸਮਰਪਿਤ ਅਤੇ ਨਿਰਪੱਖ ਹਲਕੇ ਬਾਦਲ ਅਕਾਲੀ ਦਲ ਦੀ ਇਹ ਜਿੱਤ ਨੂੰ ਸਿੱਖ ਅਤੇ ਸਿੱਖੀ ਦੇ ਸਿਧਾਂਤਾਂ ਦੀ ਹਾਰ ਸਵੀਕਾਰ ਕਰਦਿਆਂ ਇਹ ਭਵਿੱਖਬਾਣੀ ਕਰਦੇ ਹਨ ਕਿ ਬਾਦਲ ਦਲ ਦੀ ਇਹ ਜਿੱਤ ਸਿੱਖੀ ਦੇ ਭਵਿੱਖ ਉਪਰ ਬਹੁਤ ਹੀ ਮਾੜਾ ਅਸਰ ਪਾਏਗੀ।
ਉਥੇ ਹੀ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਜਿਥੋਂ ਤੱਕ ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਦੀ ਗੱਲ ਹੈ, ਉਨ੍ਹਾਂ ਦੀ ਚਰਚਾ ਕਰਦਿਆਂ ਇਸ ਗੱਲ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਕੇਵਲ ਸਿੱਖਾਂ ਵਲੋਂ ਹੀ ਹਿੱਸਾ ਲਿਆ ਜਾਂਦਾ ਹੈ ਅਤੇ ਉਹ ਵੀ ਧਾਰਮਿਕ ਸੋਚ ਅਧੀਨ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਹੀ ਮਤਦਾਨ ਕਰਦੇ ਹਨ, ਜਦਕਿ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਵਿਚ ਤਾਂ ਉਨ੍ਹਾਂ ਉਪਰ ਰਾਜਸੀ ਸੋਚ ਅਤੇ ਉਸ ਪ੍ਰਤੀ ਵਫਾਦਾਰੀ ਭਾਰੂ ਹੁੰਦੀ ਹੈ। ਇਸਦੇ ਨਾਲ ਹੀ ਇਹ ਗੱਲ ਵੀ ਧਿਆਨ ਵਿਚ ਰੱਖਣ ਵਾਲੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਜਿਨ੍ਹਾਂ ਡੇਰੇਦਾਰਾਂ ਅਤੇ ਸੰਤ-ਸਮਾਜ ਦੇ ਮੁਖੀਆਂ ਨੇ ਨਿੱਜੀ ਸੁਅਰਥ ਅਧੀਨ ਬਾਦਲ ਅਕਾਲੀ ਦਲ ਦਾ ਸਾਥ ਦਿੱਤਾ ਹੈ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਉਨ੍ਹਾਂ ਦੇ ਵਿਰੋਧ ਵਿਚ ਖੜ੍ਹੇ ਲੋਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ਼ ਹੋਣ, ਹੁਣ ਉਨ੍ਹਾਂ ਦੀ ਇਹ ਮਨਸ਼ਾ ਪੂਰੀ ਹੋ ਚੁੱਕੀ ਹੈ, ਇਸ ਕਾਰਨ ਵਿਧਾਨ ਸਭਾ ਚੋਣਾਂ ਵਿੱਚ ਉਹ ਆਪਣੀ ਪੁਰਾਣੀ ਵਫਾਦਾਰੀ ਕਾਂਗਰਸ ਨਾਲ ਹੀ ਨਿਭਾਉਣ ਤੋਂ ਪਿੱਛੇ ਨਹੀਂ ਰਹਿਣਗੇ। ਫਿਰ ਇਨ੍ਹਾਂ ਚੋਣਾਂ ਵਿਚ ਉਨ੍ਹਾਂ ਗ਼ੈਰ-ਸਿੱਖ ਮਤਦਾਤਵਾਂ ਦੀ ਵੀ ਤਾਂ ਮਹੱਤਵਪੂਰਨ ਭੂਮਿਕਾ ਹੁੰਦੀ ਹੈ, ਜੋ ਰਾਜਸੀ ਸੋਚ ਅਤੇ ਆਪਣੇ ਹਿੱਤਾਂ ਦੇ ਆਧਾਰ 'ਤੇ ਦੂਸਰੀਆਂ ਪਾਰਟੀਆਂ ਨਾਲ ਜੁੜੇ ਹੋਏ ਹਨ।
ਇਸ ਗੱਲ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਚੋਣਾਂ ਦੌਰਾਨ ਸਹਿਜਧਾਰੀਆਂ ਸਬੰਧੀ ਜੋ ਵਿਵਾਦ ਪੈਦਾ ਹੋਇਆ, ਉਸਦੇ ਮੁੱਦੇ ਤੇ ਬਾਦਲ ਅਕਾਲੀ ਦਲ ਦੇ ਮੁਖੀਆਂ ਨੇ ਜੋ ਨੀਤੀ ਅਪਣਾਈ ਉਸਨੇ ਉਨ੍ਹਾਂ ਨੂੰ ਬਾਦਲ ਅਕਾਲੀ ਦਲ ਨਾਲੋਂ ਦੂਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਦਲ ਅਕਾਲੀ ਦਲ ਨੇ ਸਰਕਾਰੀ ਸਾਧਨਾਂ ਦੀ ਵਰਤੋਂ ਕਰ, ਉਨ੍ਹਾਂ ਲੋਕਾਂ ਦੀਆਂ ਵੋਟਾਂ ਪਵਾ ਜਿੱਤ ਹਾਸਲ ਕੀਤੀ, ਜਿਨ੍ਹਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ, ਫਿਰ ਉਨ੍ਹਾਂ ਨੇ ਕੀ ਗੁਨਾਹ ਕੀਤੀ ਹੈ ਕਿ ਉਨ੍ਹਾਂ ਦੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਮਤਦਾਨ ਕਰਨ ਦੇ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਚਲਦੇ ਅਧਿਕਾਰ ਨੂੰ ਖਤਮ ਕਰਵਾ ਦਿੱਤਾ ਗਿਆ ਹੈ। ਉਹ ਤਾਂ ਸਿੱਖੀ ਪ੍ਰਤੀ ਸਮਰਪਿਤ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਉਪਰ ਅਟੁੱਟ ਵਿਸ਼ਵਾਸ ਰਖਦੇ ਹਨ। ਉਨ੍ਹਾਂ ਦੇ ਇਸ ਵਿਸ਼ਵਾਸ ਵਿਚ ਤਾਂ ਕਦੀ ਵੀ ਤਰੇੜ ਨਹੀਂ ਪਈ।
ਇਹੀ ਨਹੀਂ ਆਨੰਦ ਮੈਰਿਜ ਐਕਟ ਦੇ ਵਿਰੋਧੀ ਹੁੰਦਿਆਂ ਹੋਇਆਂ ਵੀ ਇਨ੍ਹਾਂ ਦਿਨਾਂ ਵਿਚ ਬਾਦਲ ਅਕਾਲੀ ਦਲ ਨੇ ਉਸਦੇ ਪੱਖ ਵਿਚ ਜੋ ਨੀਤੀ ਅਪਣਾਈ, ਉਸਨੇ ਉਨ੍ਹਾਂ ਹਿੰਦੂਆਂ ਨੂੰ ਨਾ ਕੇਵਲ ਬਾਦਲ ਅਕਾਲੀ ਦਲ ਪ੍ਰਤੀ ਹੀ ਨਹੀਂ, ਸਗੋਂ ਉਸਦੀ ਭਾਈਵਾਲ ਭਾਜਪਾ ਪੱਖੀ ਆਪਣੀ ਸੋਚ ਉਪਰ ਵੀ ਮੁੜ ਵਿਚਾਰ ਕਰਨ 'ਤੇ ਮਜ਼ਬੂਰ ਕਰ ਦਿੱਤਾ ਹੈ, ਜੋ ਸਿੱਖਾਂ ਦੀ ਵਖਰੀ ਪਛਾਣ ਅਤੇ ਸਿੱਖ ਧਰਮ ਦੀ ਵਖਰੀ ਹੋਂਦ ਸਵੀਕਾਰਨ ਤੋਂ ਇਨਕਾਰੀ ਹਨ। ਇਸ ਕਾਰਣ ਇਹ ਦਾਅਵਾ ਸਾਰਥਕ ਨਹੀਂ ਮੰਨਿਆ ਜਾ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜੇ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਨੂੰ ਬਾਦਲ ਅਕਾਲੀ ਦਲ ਹੱਕ ਵਿਚ ਪ੍ਰਭਾਵਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਇਨ੍ਹਾਂ ਚੋਣਾਂ ਵਿਚ ਉਭਰੇ ਮੁੱਦੇ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲੋੜੋਂ ਵੱਧ ਸ਼ਕਤੀ ਦਾ ਇਸਤੇਮਾਲ ਕਰਨਾ ਪਿਆ ਅਤੇ ਮੁੱਖ ਮੰਤਰੀ ਵਜੋਂ ਵੀ ਉਨ੍ਹਾਂ ਪੰਜਾਬ ਸਰਕਾਰ ਦੇ ਸਾਧਨਾਂ ਅਤੇ ਪ੍ਰਭਾਵ ਦੀ ਖੁਲ੍ਹਕੇ ਵਰਤੋਂ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡੀ। ਇਤਨਾ ਸਭ ਕਰਦਿਆਂ ਵੀ ਬੀਤੇ ਤਕਰੀਬਨ 12 ਵਰ੍ਹਿਆਂ ਵਿਚ, ਜਦੋਂ ਦਾ ਸ. ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੋਂ ਤੋੜ-ਵਿਛੋੜਾ ਹੋ ਜਾਣ ਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦਾ ਗਠਨ ਕਰ ਬਾਦਲ ਅਕਾਲੀ ਦਲ ਨੂੰ ਚੁਣੌਤੀ ਦੇਣੀ ਸ਼ੁਰੂ ਕੀਤੀ ਹੈ, ਪਹਿਲੀ ਵਾਰ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਵਿਚਲੇ ਆਪਣੇ ਵਿਰੋਧੀ ਸ. ਰਵੀਇੰਦਰ ਸਿੰਘ ਦੇ ਨਾਲ ਸ. ਪਰਮਜੀਤ ਸਿੰਘ ਸਰਨਾ ਦਾ ਨਾਂ ਵਾਰ-ਵਾਰ ਲੈ, ਉਨ੍ਹਾਂ ਉਪਰ ਤਿੱਖੇ ਹਮਲੇ ਕੀਤੇ। ਕੈਪਟਨ ਅਮਰਿੰਦਰ ਸਿੰਘ ਅਤੇ ਸ. ਰਵੀਇੰਦਰ ਸਿੰਘ ਉਪਰ ਤਾਂ ਉਹ ਪਹਿਲਾਂ ਤੋਂ ਹੀ ਹਮਲੇ ਕਰਦੇ ਚਲੇ ਆ ਰਹੇ ਸਨ। ਪ੍ਰੰਤੂ ਅਜੇ ਤੱਕ ਉਹ ਸ. ਪਰਮਜੀਤ ਸਿੰਘ ਸਰਨਾ ਦਾ ਨਾਂ ਲੈ, ਉਨ੍ਹਾਂ ਉਪਰ ਸਿੱਧਾ ਹਮਲਾ ਕਰਨ ਤੋਂ ਲਗਾਤਾਰ ਗੁਰੇਜ਼ ਕਰਦੇ ਚਲੇ ਆ ਰਹੇ ਸਨ, ਬਾਦਲ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਦੇ ਮੁਖੀ ਹੀ ਸ. ਬਾਦਲ ਵਲੋਂ ਉਨ੍ਹਾਂ ਉਪਰ ਹਮਲੇ ਕਰਨ ਦੀ ਜ਼ਿੰਮੇਦਾਰੀ ਨਿਭਾਉਂਦੇ ਅਤੇ ਆਪਣੇ ਦਿੱਲ ਦੀ ਭੜਾਸ ਕੱਢਦੇ ਆ ਰਹੇ ਸਨ। ਪ੍ਰੰਤੂ ਇਸ ਵਾਰ ਸ. ਪ੍ਰਕਾਸ਼ ਸ਼ਿੰਘ ਬਾਦਲ ਨੇ ਆਪ ਨਾਂ ਲੈ ਉਨ੍ਹਾਂ (ਸ. ਸਰਨਾ) ਉਪਰ ਹਮਲੇ ਕਰ ਆਪਣੀ ਉਨ੍ਹਾਂ ਵਿਰੋਧੀ ਚੁਪ ਤੋੜ ਦਿੱਤੀ। ਜਿਸ ਤੋਂ ਲੋਕਾਂ, ਵਿਸ਼ੇਸ਼ ਕਰ ਪੰਜਾਬ ਵਾਸੀਆਂ ਵਿਚ ਇਹ ਸੰਦੇਸ਼ ਜਾਣੋਂ ਨਹੀਂ ਰਹਿ ਸਕਿਆ ਕਿ ਸ. ਬਾਦਲ ਨੇ ਪਹਿਲੀ ਵਾਰ ਇਹ ਮਹਿਸੂਸ ਕੀਤਾ ਹੈ ਕਿ ਸ. ਸਰਨਾ ਉਨ੍ਹਾਂ ਲਈ ਚੁਣੌਤੀ ਬਣਦੇ ਜਾ ਰਹੇ ਹਨ।
ਇਸ ਸਥਿਤੀ ਵਿਚ ਇਸ ਸੰਭਵਾਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਵਰ੍ਹੇ ਦੇ ਦਸੰਬਰ ਮਹੀਨੇ ਦੇ ਅਖੀਰ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਆਮ ਚੋਣਾਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਇੱਕ ਜ਼ਖਮੀ ਸ਼ੇਰ ਵਾਂਗ ਸ. ਪਰਮਜੀਤ ਸਿੰਘ ਦੀ ਸ਼ਕਤੀ ਤੋੜਨ ਲਈ, ਉਨ੍ਹਾਂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਜ਼ਬਰਦਸਤ ਟੱਕਰ ਦੇਣ ਲਈ ਆਪਣੀ ਪੂਰੀ ਸ਼ਕਤੀ ਝੌਂਕ ਸਕਦੇ ਹਨ। ਇਸ ਸੰਭਾਵਨਾ ਨੂੰ ਵੇਖਦਿਆਂ ਹੋਇਆਂ ਸ. ਸਰਨਾ ਨੂੰ ਬਹੁਤ ਹੀ ਚੌਕਸ ਹੋ ਕੇ ਅਤੇ ਪੰਥ ਵਿਚ ਚੱਲ ਰਹੇ ਵਿਵਾਦਤ ਮੁੱਦਿਆਂ ਤੋਂ ਕਿਨਾਰਾ ਕਰ ਆਪਣੇ-ਆਪ ਨੂੰ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਕਰਨਾ ਹੋਵੇਗਾ। ਇਹ ਸਮਝ ਕੇ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਪਿਛਲੀਆਂ ਦੋ ਆਮ ਚੋਣਾਂ ਵਿਚ ਬਾਦਲ ਦਲ ਦੀ ਹੋਈ ਹਾਰ ਅਤੇ ਉਸਦੀ ਦਿੱਲੀ ਇਕਾਈ ਵਿੱਚ ਸਭ ਚੰਗਾ ਨਾ ਹੋਣ ਦਾ ਲਾਭ ਉਨ੍ਹਾਂ ਨੂੰ ਮਿਲ ਸਕਦਾ ਹੈ, ਅਵੇਸਲਿਆਂ ਹੋ ਜਾਣਾ ਉਨ੍ਹਾਂ ਨੂੰ ਮਹਿੰਗਾ ਪੈ ਸਕਦਾ ਹੈ।
ਅਤੇ ਅੰਤ ਵਿਚ : ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਚੋਣ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਉਪਰ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ। ਕਿਉਂਕਿ ਉਨ੍ਹਾਂ ਨੂੰ ਤਾਂ ਅਜਿਹੇ ਨਤੀਜੇ ਆਉਣ ਦੀ ਸੰਭਾਵਨਾ ਉਸੇ ਸਮੇਂ ਨਜ਼ਰ ਆਉਣ ਲੱਗ ਪਈ ਸੀ ਜਦੋਂ ਚੋਣ ਅਧਿਕਾਰੀਆਂ ਨੇ ਆਖਰੀ ਹਫ਼ਤੇ ਵਿਚ ਬਾਦਲ ਦਲ ਦੀਆਂ 38 ਲੱਖ ਵੋਟਾਂ ਬਣਾ ਦਿੱਤੀਆਂ, ਜਦੋਂ ਕਿ ਉਸ ਸਮੇਂ ਉਨ੍ਹਾਂ ਦੀ ਜਾਂਚ-ਪੜਤਾਲ ਕਰਵਾਇਆ ਜਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਸੀ। ਅਜਿਹੇ ਨਤੀਜੇ ਆਉਣ ਦੀ ਪੁਸ਼ਟੀ ਉਸ ਸਮੇਂ ਵੀ ਹੋ ਗਈ, ਜਦੋਂ ਡਿਪਟੀ ਕਮਿਸ਼ਨਰਾਂ ਵਲੋਂ ਨਿਰਪੱਖ ਤੇ ਸਾਫ-ਸੁਥਰੀਆਂ ਚੋਣਾਂ ਕਰਵਾਉਣ ਲਈ ਕੇਂਦਰੀ ਸੁਰੱਖਿਆ ਬਲਾਂ ਦੀ ਕੀਤੀ ਮੰਗ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਨੇ ਠੁਕਰਾ ਦਿੱਤਾ।
- ਜਸਵੰਤ ਸਿੰਘ ਅਜੀਤ