ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜ਼ਰਾ ਸੋਚੋ ਕਿ ਕੀ ਅਸੀਂ ਗੁਰੂ ਨਾਨਕ ਦੇ ਪੰਥ ਦੀ ਨੀਂਹ ਤਾਂ ਨਹੀਂ ਪੁੱਟ ਰਹੇ?


ਬੀਬੀ ਬੂਹੇ ਆ ਖਲੋ ਆਪਣੀ ਬੇਟੀ ਮਨਮੀਤ ਕੌਰ ਦਾ ਵਿਆਹ-ਕਾਰਡ ਫੜਾ ਕਹਿਣ ਲੱਗੀ : 'ਆਇਓ ਜੀ! ਬੇਟੀ ਨੂੰ ਅਸ਼ੀਰਵਾਦ ਦੇਣ।' ਕਾਰਡ 'ਤੇ ਨਿਗਾਹ ਫੇਰੀ ਤਾਂ ਲਿਖਿਆ ਸੀ : 'ਮਨਮੀਤ Weds ‘ਸੁਰੇਸ਼।' ਅਜੇ ਘੰਟਾ ਕੁ ਹੀ ਬੀਤਿਆ ਹੋਣਾ ਕਿ ਇਕ ਹੋਰ ਸਿੱਖ ਘਰਾਣੇ ਦੀ ਬੀਬੀ ਆਈ ਅਤੇ ਬੇਟੀ ਮਨਮੁਖ ਕੌਰ ਦਾ ਕਾਰਡ ਥਮਾ ਚਲਦੀ ਬਣੀ। ਜਾਂ ਨਜ਼ਰ ਫੇਰੀ ਤਾਂ ਪੜ੍ਹਿਆ, 'ਗੁਰਮੁਖ Weds ‘ਅਸਲਮ।'
          ਪੰਜਾਬ ਅੰਦਰ ਫੈਲ ਚੁੱਕੀ ਪਤਿਤਪੁਣੇ ਦੀ ਮਾਰ (ਸਿੱਖ ਅਖਵਾਉਂਦੇ ਸੱਜਣਾਂ ਵਲੋਂ ਰੋਮਾਂ-ਕੇਸਾਂ ਦੀ ਬੇਅਦਬੀ) ਤੋਂ ਤਾਂ ਹਰ ਕੋਈ ਵਾਕਫ ਹੈ। ਅੰਬਾਲੇ ਤੋਂ ਅਗਾਂਹ ਪੰਜਾਬ ਉਤੇ ਕਦਮ ਰੱਖਦਿਆਂ ਪਹਿਲਾ ਸ਼ਹਿਰ ਹੈ ਰਾਜਪੁਰਾ। ਉਥੇ ਹੈ ਸਾਡੇ ਇਕ ਰਿਸ਼ਤੇਦਾਰ ਦੀ ਵੰਨ-ਸੁਵੰਨੀ ਮਹਿਲਨੁਮਾ ਕੋਠੀ। ਸਾਲ ਭਰ ਪਹਿਲਾਂ ਲੁਧਿਆਣੇ ਕਿਸੇ ਕੰਮ ਤੋਂ ਜਾਣ ਲੱਗਿਆਂ ਜਦ ਉਨ੍ਹਾਂ ਦੇ ਘਰ ਨੂੰ ਗਿਆ ਤਾਂ ਵੇਖਿਆ ਕਿ ਉਨ੍ਹਾਂ ਦੇ ਦੋਵੇਂ ਪੋਤਰੇ ਰੋਮਾਂ ਦੀ ਬੇਅਦਬੀ ਕਰੀ ਬੈਠੇ ਸਨ। ਸਮਾਂ ਤਾਂ ਨਹੀਂ ਸੀ ਰੁਕਣ ਦਾ, ਪਰ ਰਿਸ਼ਤੇਦਾਰੀ ਦੇ ਦਾਇਰੇ ਵਿਚ ਅਜਿਹੀ ਗਿਰਾਵਟ ਅਤੇ ਪੰਥਕ ਫਰਜ਼ ਨੂੰ ਮੁੱਖ ਰੱਖਦਿਆਂ ਰਾਤ ਉਥੇ ਹੀ ਕੱਟਣ ਦਾ ਮਨ ਬਣਾ ਲਿਆ। ਬੱਚਿਆਂ ਕੋਲ ਬਹਿ ਬੜੀਆਂ ਮਿਸਾਲਾਂ ਅਤੇ ਸਿੱਖ ਇਤਿਹਾਸ ਦੇ ਪੰਨਿਆਂ 'ਚੋਂ ਸਾਖੀਆਂ ਦਾ ਖਾਕਾ ਪੇਸ਼ ਕੀਤਾ, ਪਰ ਸਭ ਕੁਝ ਬੇਅਸਰ। ਦਿਨ ਚੜ੍ਹਦਿਆਂ ਚਾਲੇ ਪਾ ਦਿੱਤੇ।
ਸਾਲ ਕੁ ਮਗਰੋਂ ਉਸ ਰਿਸ਼ਤੇਦਾਰ ਜੀ ਦੇ ਦੋਹਾਂ ਪੋਤਰਿਆਂ ਗੁਰਮੀਤ ਸਿੰਘ ਤੇ ਗੁਰਮੁਖ ਸਿੰਘ ਦੇ ਵਿਆਹ ਦੇ ਕਾਰਡ ਡਾਕ ਰਾਹੀਂ ਆਏ। ਸ਼ਾਮ ਵੇਲੇ ਧਰਮ ਪਤਨੀ ਨੇ ਵਿਆਹ 'ਤੇ ਜਾਣ ਦਾ ਪ੍ਰੋਗਰਾਮ ਪੁੱਛਿਆ। ਮੈਂ ਕਿਹਾ ਕਿ ਪਹਿਲਾਂ ਮੈਨੂੰ ਬੱਚਿਆਂ ਦੀ ਦਾਦੀ ਜੀ ਨਾਲ ਗੱਲ ਕਰ ਲੈਣ ਦਿਓ। ਜਦ ਉਨ੍ਹਾਂ ਨੂੰ ਫੋਨ 'ਤੇ ਪੁੱਛਿਆ ਕਿ ਪੋਤਰਿਆਂ ਨੇ ਕਲਗੀਧਰ ਪਾਤਸ਼ਾਹ ਦੇ ਬਖਸ਼ੇ ਰੋਮਾਂ ਦੀ ਬੇਅਦਬੀ ਜਾਰੀ ਰੱਖੀ ਹੋਈ ਹੈ? ਤਾਂ ਜੁਆਬ ਮਿਲਿਆ : 'ਕਾਕਾ ਉਹ ਨਹੀਂ ਹਟਦੇ ਨਾਈਆਂ ਕੋਲ ਜਾਣ ਤੋਂ।'
ਦਾਸ ਨੇ ਸੁਪਤਨੀ ਨੂੰ ਪੁੱਛਿਆ, 'ਰਾਜਪੁਰੇ ਜਾਣ ਦਾ ਪ੍ਰੋਗਰਾਮ ਤੂੰ ਬਣਾ ਰਹੀ ਏਂ। ਤੈਨੂੰ ਕੀ ਲਗਦਾ ਹੈ, ਜਾਣਾ ਚਾਹੀਦਾ ਹੈ ਜਾਂ ਨਹੀਂ?' ਪਤਨੀ ਕਹਿਣ ਲੱਗੀ : 'ਦਿਮਾਗ ਟਿਕਾਣੇ ਹੈ ਤੁਹਾਡਾ ਵਧਾਈ ਕੌਣ ਦੇਵੇਗਾ ਵਿਆਹ ਦੀ!' 'ਵਧਾਈ-ਵਧਾਈ-ਵਧਾਈ'
'ਮਨਮੀਤ ਕੌਰ Weds ਸੁਰੇਸ਼ ਦੀ ਵਧਾਈ'
'ਗੁਰਮੁਖ ਕੌਰ Weds ਅਸਲਮ ਦੀ ਵਧਾਈ'
        ਕਲਗੀਧਰ ਪਿਤਾ ਦੇ ਕੇਸਾਂ ਨੂੰ ਤਿਲਾਂਜਲੀ ਦੇ ਚੁੱਕੇ—ਬੇਦਾਵਾ ਦੇ ਚੁੱਕੇ 'ਗੁਰਮੀਤ ਸਿੰਘ-ਗੁਰਮੁਖ ਸਿੰਘ ਨੂੰ ਵਧਾਈ।'
        ਉਕਤ ਚਹੁੰ ਜਿਹੇ ਹਜ਼ਾਰਾਂ ਬੱਚੇ ਜਿਨ੍ਹਾਂ ਗੁਰੂ ਨਾਨਕ ਦੇ ਘਰ ਨੂੰ ਬੇਖੌਫ਼ ਲੱਤ ਮਾਰੀ ਹੋਵੇ ਤੇ ਅਸੀਂ ਆਪਣੇ ਆਪ ਨੂੰ 'ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ' ਇਕ ਨਹੀਂ-ਦੋ ਨਹੀਂ ਬਲਕਿ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋ-ਹੋ ਇਹੋ ਜਿਹੇ ਸਿੱਖੀ ਨੂੰ ਬੇਦਾਵਾ ਦੇਣ ਵਾਲਿਆਂ ਨੂੰ ਉਨ੍ਹਾਂ ਦੇ ਵਿਆਹ ਸਮਾਗਮਾਂ ਵਿਚ ਸ਼ਾਮਲ ਹੋ ਉਨ੍ਹਾਂ ਨੂੰ 'ਵਧਾਈ' ਦੇਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਇਸ ਮੁਢਲੀ ਗਲਤੀ ਅਤੇ ਸਾਡੀ ਇਸ ਕਮਜ਼ੋਰੀ ਕਰਕੇ ਹੀ ਹੋਰ ਦੂਜੀਆਂ ਸਿੱਖ ਪਰਿਵਾਰਾਂ ਦੀਆਂ ਬੱਚੀਆਂ ਲਈ ਅਨਮਤੀ ਤੇ ਸਿਰਗੁੰਮਾਂ ਨਾਲ ਰੋਮਾਂ ਦੀ ਬੇਅਦਬੀ ਕਰਨ ਵਾਲਿਆਂ (ਪਤਿਤਾਂ) ਨਾਲ ਵਿਆਹ ਕਰਨ ਦਾ ਰਾਹ ਸੌਖਾ ਹੋ ਜਾਂਦਾ ਹੈ ਅਤੇ ਪਤਿਤ ਹੋਣ ਵੱਲ ਰੁਝਾਨ ਰੱਖਣ ਵਾਲਿਆਂ ਨੂੰ ਉਨ੍ਹਾਂ ਦੇ ਰੁਝਾਨ ਨਮਿਤ ਸ਼ਹਿ ਮਿਲਦੀ ਹੈ।
ਕੌਮ ਦਾ ਸਿਰ ਨੀਵਾਂ ਕਰਨ ਵਾਲੇ ਅਜਿਹੇ ਅਕ੍ਰਿਤਘਣਾਂ ਨੂੰ ਵਧਾਈ ਦੇ ਦੇ ਕੇ ਕੀ ਅਸੀਂ 'ਉਨ੍ਹਾਂ ਦੇ ਹੌਂਸਲੇ ਬੁਲੰਦ ਤਾਂ ਨਹੀਂ ਕਰ ਰਹੇ?' ਅਤੇ ਇਵੇਂ ਬੁਲੰਦ ਹੌਂਸਲੇ ਦੀ ਆੜ ਹੇਠ ਸੁਭਾਵਕ ਹੈ ਕਿ 'ਸਿੱਖੀ ਨੂੰ ਬੇਦਾਵਾ ਦੇਣ ਵਾਲਿਆਂ' ਦੀ ਗਿਣਤੀ ਵਧਣੀ ਹੀ ਤਾਂ ਹੈ।
ਖਰਬੂਜ਼ੇ ਨੂੰ ਵੇਖ ਖਰਬੂਜ਼ਾ ਰੰਗ ਬਦਲਣ ਵਾਲੀ ਮਨੁੱਖੀ ਤਲ ਦੀ ਅਜਿਹੀ ਗਿਰਾਵਟ ਵੱਲ ਗੌਰ ਕਰਦਿਆਂ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੇ ਬਚਨ ਹਨ : ''ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨ ਪਾਇ£'' (28)
ਜੇਕਰ ਆਪਾਂ ਅਜਿਹੇ ਵਿਆਹਾਂ (ਜਿੱਥੇ ਬੱਚੀ ਗੁਰਸਿੱਖ ਘਰਾਣੇ ਪਰਿਵਾਰ ਦੀ ਹੋਵੇ) ਵਿਚ ਸ਼ਮੂਲੀਅਤ ਕਰਨ ਅਤੇ ਵਧਾਈ ਦੇਣ ਵਿਚ  ਫਖਰ ਸਮਝਦੇ ਹਾਂ। ਤਦ ਕੱਲ੍ਹ ਨੂੰ ਜੇਕਰ ਸਾਡੇ ਖਾਨਦਾਨ-ਪਰਿਵਾਰ ਦੀ ਹੀ ਬੱਚੀ ਕਿਸੇ ਅਨਮਤੀ ਜਾਂ ਸਿਰਗੁੰਮ ਨਾਲ ਵਿਆਹ ਕਰਨ ਲਈ ਬਜ਼ਿੱਦ ਹੋਵੇ ਤਦ ਭਲਾ ਅਸੀਂ ਉਸਨੂੰ ਕਿਸ ਮੂੰਹ ਨਾਲ ਅਜਿਹਾ ਕਦਮ ਚੁੱਕਣ ਤੋਂ ਮਨ੍ਹਾ ਕਰ ਸਕਾਂਗੇ?
ਚੂੰਕਿ ਗਲਤੀ ਦਾ ਮੁੱਢ ਤਾਂ ਅਸੀਂ ਆਪ ਹੀ ਉਸ ਸਮੇਂ ਬੀਜ ਦਿੱਤਾ ਜਦ ਤੋਂ ਅਸੀਂ ਇਸ ਤਰ੍ਹਾਂ ਦੇ ਵਿਆਹਾਂ ਦੇ ਸੱਦੇ ਸਵੀਕਾਰ ਕਰਕੇ ਉਹਨਾਂ ਵਿਚ ਸ਼ਮੂਲੀਅਤ ਕਰਦੇ ਆ ਰਹੇ ਹਾਂ। ਸਾਡੀ ਇਸ ਮੁਢਲੀ ਗਲਤੀ ਤੇ ਕਮਜ਼ੋਰੀ ਦਾ ਫਾਇਦਾ ਉਠਾਉਂਦਿਆਂ ਜੇਕਰ ਸਾਡੇ ਖਾਨਦਾਨ-ਪਰਿਵਾਰਾਂ ਦੀਆਂ ਬੱਚੀਆਂ ਇਸ ਤਰ੍ਹਾਂ ਦੇ ਨਾਪਾਕ ਮਨਸੂਬੇ (ਅਨਮਤੀਆਂ ਜਾਂ ਪਤਿਤਾਂ ਨਾਲ ਵਿਆਹ ਕਰਨ 'ਚ) ਪੂਰੇ ਕਰਨ 'ਚ ਸਫਲ ਹੋ ਜਾਣ ਤਦ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਇਸਦੇ ਕਸੂਰਵਾਰ ਅਸੀਂ ਆਪ ਹੋਵਾਂਗੇ। ਭਾਈ ਸਾਹਿਬ ਦੀ ਪਾਵਨ ਪੰਕਤੀ ''ਆਪਣ ਹਥੀਂ ਆਪਣੀ, ਜੜ ਆਪਿ ਉਪਟੈ£'' (ਵਾਰ 35, 1) ਸਾਡੇ ਆਪਣੇ ਕਸੂਰਵਾਰ ਹੋਣ ਦੀ ਪੁਸ਼ਟੀ ਕਰਦੀ ਹੈ।
ਸੋ, ਗੁਰੂ ਪਿਆਰਿਓ ਕੌਮ ਦੀ ਇੱਜ਼ਤ ਦੇ ਹੋ ਰਹੇ ਪਲਾਇਨ ਅਤੇ ਵਧ ਰਹੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਦੇ ਕ੍ਰਮ ਵਿਚ ਸਾਡਾ ਸਭਨਾਂ ਦਾ ਮੁਢਲਾ ਫਰਜ਼ ਹੈ ਕਿ ਸਿੱਖ ਬੱਚੀਆਂ ਵਲੋਂ ਕਿਸੇ ਅਨਮਤੀ ਅਥਵਾ ਸਿਰਗੁੰਮ (ਪਤਿਤ) ਨਾਲ ਕੀਤੇ ਜਾ ਰਹੇ ਵਿਆਹ ਵਿਚ ਕਿਸੇ ਸੂਰਤ ਵਿਚ ਸ਼ਮੂਲੀਅਤ ਨਾ ਕੀਤੀ ਜਾਵੇ।
ਅਗਾਂਹ ਤੋਂ ਕੌਮ ਦੀ ਇੱਜ਼ਤ-ਆਬਰੂ (ਨੌਜਵਾਨ ਬੱਚੀਆਂ) ਸੁਰੱਖਿਅਤ ਰੱਖਣ ਦੇ ਮਕਸਦ ਨੂੰ ਮੁੱਖ ਰੱਖਦਿਆਂ ਸੰਪੂਰਨ ਸਿੱਖ ਸਮਾਜ ਨੂੰ ਇਕ ਸਰਬ ਪ੍ਰਵਾਣਤ ਮਤੇ ਮਾਰਫਤ ਇਕਜੁੱਟ-ਇਕਮੁੱਠ ਹੁੰਦਿਆਂ ਉਕਤ ਫੈਸਲੇ ਦੀ ਵਾੜ ਹੇਠ ਰਹਿਣਾ ਪੈਣਾ ਹੈ। ਇਸ ਫੈਸਲੇ ਨੂੰ ਚਿੱਤ-ਚੇਤੇ ਰੱਖਦਿਆਂ ਅਤੇ ਇਸ ਉਪਰ ਪਹਿਰਾ ਦਿੰਦਿਆਂ ਭਵਿੱਖ ਵਿਚ ਕਿਸੇ ਵੀ ਅਜਿਹੀ ਅਣਹੋਣੀ ਅਣਚਾਹੀ ਤਰਾਸਦੀ (ਸਜ਼ਾ) ਤੋਂ ਕਾਫ਼ੀ ਹੱਦ ਤੱਕ ਕੌਮ ਨੂੰ ਬਚਾਇਆ ਜਾ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹਨ : ''ਅਗੋ ਦੇ ਜੇ ਚੇਤੀਐ, ਤਾਂ ਕਾਇਤੁ ਮਿਲੈ ਸਜਾਇ£'' (417)
ਵੈਸੇ ਤਾਂ ਅਸੀਂ ਆਪਣੀ ਚਾਰ ਦਿਨਾਂ ਦੀ ਜ਼ਿੰਦਗੀ ਦੀਆਂ ਹਜ਼ਾਰਾਂ ਚਿੰਤਾਵਾਂ ਦਾ ਭਾਰ ਚੁੱਕਦਿਆਂ ਆਪਣੇ ਲਈ ਹੋਰ ਮੁਸੀਬਤਾਂ ਖੜ੍ਹੀਆਂ ਕਰ ਲੈਂਦੇ ਹਾਂ, ਸਿਹਤ ਖਰਾਬ ਕਰ ਲੈਂਦੇ ਹਾਂ। ਗੁਰਬਾਣੀ ਅਜਿਹੀਆਂ ਚਿੰਤਾਵਾਂ ਤੋਂ ਵਰਜਦੀ ਹੈ। ਦੂਜੀ ਪਾਤਸ਼ਾਹੀ ਦਾ ਹੁਕਮ ਹੈ : ''ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ£ ਜਲ ਮਹਿ ਜੰਤ ਉਪਾਇਅਨੁ, ਤਿਨਾ ਭੀ ਰੋਜੀ ਦੇਇ£'' (955)
ਜਦਕਿ ਦੂਜੇ ਬੰਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਿਰਜੀਵੀ-ਸਦੀਵ ਕਾਲ ਰਹਿਣ ਵਾਲੇ ਪੰਥ ਨੂੰ ਸੁਰਜੀਤ ਰੱਖਣ ਨਮਿਤ ਅਸਾਂ ਜੋ 'ਚਿੰਤਾ' ਕਰਨੀ ਸੀ ਤੇ ਜੋ ਇਕ 'ਅਨਹੋਨੀ ਚਿੰਤਾ' ਹੈ, ਅਤੇ ਗੁਰੂ ਨਾਨਕ ਦੇ ਪੰਥ ਨਾਲ ਦਰਦ ਰੱਖਣ ਵਾਲੇ ਹਰ ਪੰਥ-ਦਰਦੀ ਦਾ ਜਿਸ ਚਿੰਤਾ ਨਾਲ ਜੁੜਨਾ ਉਸਦਾ ਮੁਢਲਾ ਫਰਜ਼ ਸੀ—ਉਸ ਤੋਂ ਅਸੀਂ ਬਿਲਕੁਲ ਲਾ-ਪਰਵਾਹ ਹੋਏ ਬੈਠੇ ਹਾਂ। ਆਓ, ਆਪਾਂ ਕਮਰਕੱਸੇ ਕਰੀਏ ਤੇ ਉਪਰੋਕਤ ਵਿਚਾਰਾਂ ਦੇ ਨਿਚੋੜ ਵਜੋਂ ਕੌਮ ਨੂੰ ਇਸ ਪੱਖੋਂ ਸੁਰੱਖਿਅਤ ਰੱਖਣ ਲਈ ਤਿਆਰ ਹੋਈ 'ਵਾੜ' ਦੀ ਕਮਾਨ ਹੇਠ ਇਕਜੁੱਟ-ਇਕਮੁੱਠ ਹੋ ਜਾਈਏ। ਸੰਗਤੀ ਤੌਰ 'ਤੇ ਇਸ ਪੱਖੋਂ ਮਨ ਬਣਾ ਲੈਣ ਤੋਂ ਇਲਾਵਾ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਅਖ਼ਬਾਰਾਂ ਤੇ ਰਸਾਲਿਆਂ ਨੂੰ ਪੰਥ ਦੇ ਸੰਵਿਧਾਨ 'ਸਿੱਖ ਰਹਿਤ ਮਰਿਯਾਦਾ' ਤੋਂ ਸੇਧ ਲੈਂਦੇ ਹੋਇਆਂ ਕੋਈ ਅਜਿਹੀ ਲਾਪਰਵਾਹੀ-ਕੁਤਾਹੀ ਨਹੀਂ ਕਰਨੀ ਚਾਹੀਦੀ ਕਿ ਜਿਸ ਕਰਕੇ ਅਜਿਹੇ ਵਿਆਹਾਂ ਨੂੰ ਹੁੰਗਾਰਾ ਮਿਲੇ।
          ਸਿੱਖ ਰਹਿਤ ਮਰਿਯਾਦਾ ਦੇ ਸਿਰਲੇਖ 'ਅਨੰਦ ਸੰਸਕਾਰ' ਦੀ ਮਦ 'ਚ ਸਪੱਸ਼ਟ ਲਿਖਿਆ ਹੋਇਆ ਹੈ ਕਿ 'ਅਨਮਤ ਵਾਲਿਆਂ ਦਾ ਵਿਆਹ 'ਅਨੰਦ' ਰੀਤੀ ਨਾਲ ਨਹੀਂ ਹੋ ਸਕਦਾ।' ਇਸ ਲਈ ਸਭ ਗੁਰਦੁਆਰਾ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਪੰਥਕ ਵਿਧਾਨ ਦੀ ਇਸ ਮੱਦ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕਰਦਿਆਂ ਕਿਸੇ ਅਨਮਤੀ ਅਤੇ ਪਤਿਤ ਨੂੰ 'ਅਨੰਦ ਰੀਤ' ਅਨੁਸਾਰ ਵਿਆਹ ਕਰਨ ਦੀ ਆਗਿਆ ਨਾ ਦੇਣ।
ਕੁਝ ਪੰਥਕ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਵੀ ਵਿਆਹੇ ਜੋੜਿਆਂ ਦੀਆਂ ਅਜਿਹੀਆਂ ਫੋਟੋਆਂ ਛਪਦੀਆਂ ਹਨ ਜਿਨ੍ਹਾਂ ਵਿਚ ਲੜਕੀ ਤਾਂ ਸਿੱਖ (ਕੌਰ ਨਾਮ ਵਾਲੀ) ਹੁੰਦੀ ਹੈ, ਪਰ ਲੜਕਾ ਮੋਨਾ ਹੁੰਦਾ ਹੈ, ਜਿਸ ਦੇ ਨਾਮ ਨਾਲ 'ਸਿੰਘ' ਲਫਜ਼ ਲੱਗਾ ਹੁੰਦਾ ਹੈ। ਇਹ ਲੇਖਕ ਅਖ਼ਬਾਰਾਂ/ਮੈਗਜ਼ੀਨਾਂ ਦੇ ਪ੍ਰਬੰਧਕਾਂ/ਸੰਪਾਦਕਾਂ ਨੂੰ ਬੇਨਤੀ ਕਰਦਾ ਹੈ ਕਿ ਅਜਿਹੀਆਂ ਫੋਟੋਆਂ ਛਾਪਣ ਲਈ ਸਵੀਕਾਰ ਨਾ ਕਰਿਆ ਕਰਨ। ਆਓ! ਅਸੀਂ ਸਾਰੇ ਰਲ ਕੇ ਸਿੱਖੀ ਸਰੂਪ ਅਤੇ ਗੌਰਵ ਨੂੰ ਬਚਾਉਣ ਦਾ ਹਰ ਉਪਰਾਲਾ ਕਰੀਏ।
- ਰਣਬੀਰ ਸਿੰਘ