ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਧੁੰਨੀ ਵਿਚੋਂ ਨਿਕਲਦੀ ਆਵਾਜ਼ ਸੁਣੋ : ਪ੍ਰਿੰ. ਗੁਰਬਚਨ ਸਿੰਘ ਪੰਨਵਾ


ਸਿੱਖ ਕੌਮ ਨੇ ਇਤਿਹਾਸ ਤਾਂ ਜ਼ਰੂਰ ਬਣਾਇਆ ਪਰ ਇਸ ਦਾ ਵਿਸਥਾਰ ਬੇਗਾਨਿਆਂ ਨੇ ਆਪਣੀ ਮਰਜ਼ੀ ਨਾਲ ਚਿਤਵਿਆ ਹੈ। ਇਤਿਹਾਸ ਲਿਖਣ ਲੱਗਿਆਂ ਉਹਨਾਂ ਨੇ ਇਕ ਗੱਲ ਦਾ ਧਿਆਨ ਜ਼ਰੂਰ ਰੱਖਿਆ ਹੈ ਕਿ ਇਸ ਇਤਿਹਾਸ ਵਿਚ ਗੁਰੂਆਂ ਦੇ ਕੀਤੇ ਕ੍ਰਾਂਤੀ ਕਾਰੀ ਕੰਮਾਂ ਨੂੰ ਕਰਾਮਾਤਾਂ ਦਾ ਗਲੇਫ਼ ਚਾੜ੍ਹ ਕੇ ਪੇਸ਼ ਕੀਤਾ ਜਾਏ ਤਾਂ ਕਿ ਲੋਕਾਂ ਵਿਚ ਨਵੀਂ ਜਾਗਰਤੀ ਨਾ ਆ ਸਕੇ। ਬ੍ਰਹਾਮਣੀ ਕਰਮ-ਕਾਂਡ ਨਾਲ ਲਿਬੇੜ ਕੇ ਇਤਿਹਾਸ ਸੁਣਾਇਆਂ ਉਦਾਸੀਆਂ, ਨਿਰਮਲਿਆਂ, ਸਾਧ-ਲਾਣਾ, ਆਪੇ ਬਣੇ ਰਾਗੀ ਢਾਡੀ ਤੇ ਪ੍ਰਚਾਰਕ ਸ਼੍ਰੇਣੀ ਨੇ। ਇਕ ਪਾਸੇ ਕਿਹਾ ਜਾ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਉਤੇ ਧੁੱਪ ਆ ਗਈ ਸੀ ਤਾਂ ਅੰਤਰ ਜਾਮੀ ਜਾਣੀ ਜਾਣ ਸੱਪ ਜੀ ਨੂੰ ਪਤਾ ਲੱਗ ਗਿਆ ਕਿ ਇਹ ਮਹਾਨ ਗੁਰੂ ਨਾਨਕ ਜੀ ਹਨ ਇਸ ਲਈ ਆਪਣੀ ਫੰਨ ਖਿਲਾਰ ਕੇ ਉਹਨਾਂ ਦੇ ਮੁੱਖੜੇ ਨੂੰ ਸੂਰਜ ਦੀ ਤੇਜ਼ ਰੋਸ਼ਨੀ ਤੋਂ ਬਚਾਉਣ ਦਾ ਆਪਣੀ ਵਲੋਂ ਪੂਰਾ ਯਤਨ ਕੀਤਾ। ਓਸੇ ਹੀ ਸਟੇਜ ਉਤੇ ਦੂਸਰਾ ਪਰਚਾਰਕ ਕਹੀ ਜਾ ਰਿਹਾ ਹੈ ਕਿ ਪਿਤਾ ਕਲਿਆਣ ਦਾਸ ਜੀ ਨੂੰ ਬਿਲਕੁਲ ਹੀ ਪਤਾ ਨਾ ਚਲਿਆ ਕਿ ਮੇਰਾ ਬੇਟਾ ਮਹਾਨ ਗੁਰੂ ਨਾਨਕ ਹੈ। ਉਹਨਾਂ ਨੇ ਸੱਚੇ ਸੌਦੇ ਨੂੰ ਲਾਭ ਕਾਰੀ ਨਾ ਬਣਾਉਣ ਕਰਕੇ ਮੂੰਹ ਉਤੇ ਚਪੇੜਾਂ ਮਾਰੀਆਂ। ਜੇ ਪਰਿਵਾਰ ਵਾਲੇ ਵਿਚ ਆਣ ਕੇ ਨਾ ਬਚਾਉਂਦੇ ਤਾਂ ਪਤਾ ਨਹੀਂ ਹੋਰ ਕਿੰਨੀ ਕੁ ਮਾਰ ਪੈਂਦੀ। ਆਪਾ ਵਿਰੋਧੀ ਇਤਿਹਾਸ ਅਸੀਂ ਆਪ ਹੀ ਸੁਣਾਉਂਦੇ ਹਾਂ ਤੇ ਆਪ ਹੀ ਸੁਣ ਰਹੇ ਹੁੰਦੇ ਹਾਂ ਇੱਥੇ ਹੀ ਬੱਸ ਨਹੀਂ ਅਜਿਹੇ ਬੇ ਥਵੇ ਪਰਚਾਰ ਨੂੰ ਸੁਣਨ ਲਈ ਬਹੁਤ ਵੱਡਾ ਅੰਡਬਰ ਰਚਿਆ ਜਾਂਦਾ ਹੈ। ਭੇਟਾਵਾਂ ਤਹਿ ਕੀਤੀਆਂ ਜਾਂਦੀਆਂ ਹਨ।
ਧਾਰਮਿਕ, ਸਮਾਜਿਕ ਤੇ ਰਾਜਨੀਤਕ ਲੋਕਾਂ ਦੇ ਬਖੀਏ ਉਧੇੜਣ ਵਾਲੀ ਆਸਾ ਕੀ ਵਾਰ ਦੇ ਗਾਇਣ ਤਾਂ ਜ਼ਰੂਰ ਹੁੰਦੇ ਹਨ ਪਰ ਉਸ ਦੀ ਸਿਧਾਂਤਕ ਵਿਚਾਰ ਤੋਂ ਹਮੇਸ਼ਾਂ ਪਾਸਾ ਹੀ ਵੱਟਿਆ ਹੈ। ਗੁਰਬਾਣੀ ਸਿੱਖ ਦੇ ਜੀਵਨ ਲਈ ਹੀ ਨਹੀਂ ਸਗੋਂ ਸਾਰੇ ਸੰਸਾਰ ਨੂੰ ਆਤਮਿਕ, ਸਮਾਜਿਕ, ਧਾਰਮਿਕ ਤੇ ਅਦਰਸ਼ਕ ਜੀਵਨ ਜਿਉਣ ਦੀ ਪ੍ਰੇਰਨਾ ਸਰੋਤ ਹੈ। ਇਕੋ ਫਿਕਰੇ ਵਿਚ ਗੱਲ ਕਰਨੀ ਹੋਵੇ ਤਾਂ ਗੁਰਬਾਣੀ ਸਾਡੇ ਜੀਵਨ ਦੀ ਥੰਮੀ ਹੈ। ਗੁਰਬਾਣੀ ਗੁਰੂ ਸਾਹਿਬਾਨ ਜੀ ਨੇ ਉਚਾਰਣ ਕੀਤੀ, ਜਾਂ ਉਹਨਾਂ ਨੇ ਇਕੱਠੀ ਕੀਤੀ ਹੈ। ਪਰ ਇਸ ਦਾ ਪਰਚਾਰ ਉਸ ਸ਼੍ਰੇਣੀ ਨੇ ਕੀਤਾ ਹੈ ਜਿਸ ਨੇ ਗੁਰਬਾਣੀ ਨੂੰ ਕੇਵਲ ਤੇ ਕੇਵਲ ਇਕ ਧੰਦਾ ਬਣਾ ਲਿਆ ਹੋਵੇ। ਸਿੱਖ ਕੌਮ ਦਾ ਇਕ ਬਹੁਤ ਵੱਡਾ ਦੁਖਾਂਤ ਹੈ ਕਿ ਸੁਨਹਿਰੀ ਇਤਿਹਾਸ ਤੇ ਗੁਰਬਾਣੀ ਦੇ ਕੀਮਤੀ ਵਿਚਾਰ ਨੂੰ ਅੰਧ-ਵਿਸ਼ਵਾਸ ਵਿਚ ਪੂਰੀ ਤਰ੍ਹਾਂ ਡੋਬ ਕੇ ਰੱਖ ਦਿੱਤਾ ਹੈ। ਸਿੱਖ ਧਰਮ ਵਿਚ ਇਕ ਵੱਖਰੀ ਕਿਸਮ ਦੇ ਅਲੋਕਾਰੀ ਪਹਿਰਾਵਿਆਂ ਵਾਲੇ ਸਾਧੜੇ ਪੈਦਾ ਹੋ ਗਏ ਹਨ ਜੋ ਇਹ ਦਾਹਵਾ ਕਰਦੇ ਹਨ ਕਿ ਰੱਬ ਜੀ ਦੀ ਸਾਡੇ ਨਾਲ ਸਿੱਧੀ ਗੱਲਬਾਤ ਹੈ। ਪਰਿਵਾਰਕ ਜ਼ਿੰਮੇਵਾਰੀ ਤੋਂ ਭੱਜਿਆ, ਬੱਚਿਆਂ ਦੀਆਂ ਕਿਲਕਾਰੀਆਂ ਤੋਂ ਡਰੇ ਹੋਏ ਭ੍ਰਿਸ਼ਿਟ ਚਿਹਰਿਆਂ ਨੂੰ ਅਸੀਂ ਆਪਣਾ ਅਦਰਸ਼ ਮੰਨ ਬੈਠੇ ਹਾਂ। ਇਸੇ ਲਈ ਗੁਰਬਾਣੀ ਦੇ ਚਾਨਣ ਨੂੰ ਲੈਣ ਦੀ ਥਾਂ ਇਹਨਾਂ ਦੀਆਂ ਮਨ-ਘੜਤ ਗੱਲਾਂ ਸੁਣ ਕੇ ਜ਼ਿਆਦਾ ਖੁਸ਼ ਹੁੰਦੇ ਹਾਂ। ਨਿਰਾ ਖੁਸ਼ ਹੀ ਨਹੀਂ ਹੋ ਰਹੇ ਇਹਨਾਂ ਪਾਸੋਂ ਅਸੀਂ ਅਰਦਾਸਾਂ ਵੀ ਕਰਾ ਰਹੇ ਹੁੰਦੇ ਹਾਂ ਕਿ ਬਾਬਾ ਜੀ ਸਾਡੇ ਮੁੰਡੇ ਦਾ ਵਿਆਹ ਹੋ ਜਾਏ ਜਾਂ ਅਰਦਾਸ ਕਰੋ ਕਿ ਸਾਡੇ ਘਰ ਕੋਈ ਬੱਚਾ ਪੈਦਾ ਹੋ ਜਾਏ। ਅਰਦਾਸਾਂ ਕਰਾਉਣ ਵਾਲੇ ਲੋਕਾਂ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਇਹ ਤਾਂ ਵਿਚਾਰਾ ਆਪ ਪਰਿਵਾਰਕ, ਸੰਸਰਾਕ ਜ਼ਿੰਮੇਵਾਰੀਆਂ ਤੇ ਘਰਦੇ ਕੰਮਾਂ ਤੋਂ ਡਰਿਆ ਹੋਇਆ ਸਾਧ ਬਣ ਗਿਆ ਹੈ ਤੁਹਾਡਾ ਕੀ ਇਹ ਸਵਾਰੇਗਾ?
ਮੇਰੇ ਇਕ ਪਰਮ ਮਿੱਤਰ ਭਾਈ ਗੁਰਮੇਲ ਸਿੰਘ ਜੀ ਗੜ੍ਹਸ਼ੰਕਰ ਵਾਲਿਆਂ ਦੀ ਮਾਤਾ ਦੇ ਨਮਿੱਤ ਸਮਾਗਮ ਸੀ ਇਸ ਸਮਾਗਮ ਵਿਚ ਲਗ-ਪਗ ਡੇਢ ਘੰਟਾ ਅਰੀ ਬਾਈ, ਗੋਬਿਦ ਨਾਮੁ ਮਤਿ ਬੀਸਰੈ” ਸ਼ਬਦ ਦੀ ਖੁਲ੍ਹ ਕੇ ਵਿਚਾਰ ਕੀਤੀ ਗਈ। ਪੇਂਡੂ ਲਹਿਜੇ ਤੇ ਪੇਂਡੂ ਮੁਹਾਵਰੇਦਾਰ ਬੋਲੀ ਵਿਚ ਗੁਰਮਤਿ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਸਾਰੀ ਸੰਗਤ ਨੇ ਇਹ ਅਹਿਸਾਸ ਕੀਤਾ ਕਿ ਜਿਦਾਂ ਬਾਬੇ ਕਹਿੰਦੇ ਹਨ ਕਿ ਗੁਰਬਾਣੀ ਬਹੁਤ ਹੀ ਕਠਨ ਹੈ ਇਸ ਦੀ ਕੋਈ ਵਿਚਾਰ ਨਹੀਂ ਕਰ ਸਕਦਾ। ਪਰ ਅੱਜ ਅਹਿਸਾਸ ਹੋਇਆ ਹੈ ਕਿ ਗੁਰਬਾਣੀ ਏਨੀ ਔਖੀ ਨਹੀਂ ਹੈ ਜਿੰਨੀ ਸਾਧਾਂ ਨੇ ਬਣਾਈ ਹੋਈ ਹੈ।
         ਦੀਵਾਨ ਵਿਚ ਲੇਟ ਪਹੁੰਚੇ ਬਾਬਾ ਜੀ ਪਾਸ ਦੋ ਗੰਨਾਂ ਵਾਲੇ ਨੌਜਵਾਨ ਸਨ ਤੇ ਇਕ ਪਸਤੌਲ ਬਾਬਾ ਜੀ ਨੇ ਆਪ ਪਾਈ ਹੋਈ ਸੀ। ਉਹਨਾਂ ਨੇ ਮਿੰਨਤ ਤਰਲਾ ਕੀਤਾ ਕੇ ਭਾਈ ਮੈਨੂੰ ਵੀ ਸਮਾਂ ਦਿੱਤਾ ਜਾਏ। ਭਾਈ ਗੁਰਮੇਲ ਸਿੰਘ ਹੁਰਾਂ ਬਾਬਾ ਜੀ ਨੂੰ ਦੋ ਮਿੰਟ ਦਾ ਸਮਾਂ ਦਿੱਤਾ। ਬਾਬਾ ਜੀ ਆਪਣੇ ਆਲਮਾਨਾ ਭਾਸ਼ਣ ਵਿਚ ਪੂਰੀਆਂ ਜਭਲ਼ੀਆਂ ਦਾ ਪ੍ਰਗਟਾਵਾ ਕਰਦਿਆਂ ਕਹਿਣ ਲੱਗੇ ਕਿ ਭਾਈ ਮੂਲ ਮੰਤਰ ਨਾਨਕ ਹੋਸੀ ਭੀ ਤੀਕ ਹੈ ਇਸ ਲਈ ਇੱਥੋਂ ਤੀਕ ਪੜ੍ਹਿਆ ਕਰੋ। ਇਸ ਤੋਂ ਘੱਟ ਪੜ੍ਹਿਆਂ ਕਦੇ ਵੀ ਚੜ੍ਹਦੀ ਕਲਾ ਨਹੀਂ ਆ ਸਕਦੀ। ਅੱਜ ਕੌਮ ਨਿਘਰਦੀ ਇਸੇ ਲਈ ਜਾ ਰਹੀ ਹੈ ਕਿ ਇਹ ਮੂਲ ਮੰਤਰ ਘੱਟ ਪੜ੍ਹ ਰਹੀ ਹੈ। ਭਾਈ ਹੋਰ ਦੇਖੋ ਅੱਜ ਕਲ੍ਹ ਨਕਲੀ ਸਾਧ ਬਹੁਤ ਪੈਦਾ ਹੋ ਗਏ ਹਨ ਜੋ ਆਪਣੇ ਪੈਰੀਂ ਹੱਥ ਲਵਾਉਂਦੇ ਹਨ। ਇਹਨਾਂ ਨਕਲੀ ਸਾਧਾਂ ਤੋਂ ਬਚੋ। ਭਾਈ ਬੰਦਗੀ ਵਾਲੇ ਸੰਤਾਂ ਮਹਾਂ ਪੁਰਸ਼ਾਂ ਦੀ ਕ੍ਰਿਪਾ ਸਦਕਾ ਸੰਸਾਰ ਉਤੇ ਸੁੱਖ ਸ਼ਾਂਤੀ ਹੈ ਨਹੀਂ ਤਾਂ ਬਹੁਤ ਉਪੱਦਰ ਮੱਚ ਜਾਣ। ਸਮੇਂ ਦੀ ਪਾਬੰਦੀ ਦਾ ਕੋਈ ਖਿਆਲ ਨਾ ਰੱਖਦਿਆਂ ਕਹਿਣ ਲੱਗੇ ਕਿ ਭਾਈ ਵਾਹਿਗੁਰੂ ਦਾ ਲਗਾਤਾਰ ਜਾਪ ਕਰਿਆ ਕਰੋ। ਭਾਈ ਲਗਾਤਾਰ ਨਿਰੰਤਰ ਵਹਿਗੁਰੂ ਦਾ ਜਾਪ ਕਰਦਿਆਂ ਕਰਦਿਆਂ ਧੁਰ ਅੰਦਰ ਵੱਸ ਜਾਂਦਾ ਹੈ। ਹੌਲੀ ਹੌਲ਼ੀ ਭਈ ਫਿਰ ਆਪੇ ਜਾਪ ਤੁਰ ਪੈਂਦਾ ਹੈ। ਇਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਧੁੰਨੀ ਵਿਚੋਂ ਆਪਣੇ ਆਪ ਅਵਾਜ਼ ਨਿਕਦੀ ਹੈ। ਇਹ ਅਵਾਜ਼ ਤਾਂ ਭਾਈ ਕਿਸੇ ਕਰਮਾਂ ਵਾਲੇ ਨੂੰ ਹੀ ਸੁਣਦੀ ਹੈ। ਬਾਬਾ ਜੀ ਨੇ ਧੁੰਨੀ ਵਿਚੋਂ ਨਿਕਲਦੀ ਅਵਾਜ਼ ਸਬੰਧੀ ਇੰਜ ਭਾਸ਼ਣ ਦਾ ਕੁਤਰਾ ਕੀਤਾ ਜਿਵੇਂ ਕਿਸੇ ਮਾਂ ਨੇ ਬਿਨਾਂ ਹੱਥਾਂ ਪੈਰਾਂ ਦੇ ਬੱਚੇ ਨੂੰ ਜਨਮ ਦਿੱਤਾ ਹੋਵੇ। ਸਵਾਲ ਪੈਦਾ ਹੁੰਦਾ ਹੈ ਕਿ ਅਜਿਹੀ ਧੁੰਨੀ ਦੀ ਅਵਾਜ਼ ਸੁਣਨ ਨਾਲ ਸੰਸਾਰ ਨੂੰ ਕੋਈ ਲਾਭ ਹੋ ਸਕਦਾ ਹੈ? ਕੀ ਧੁੰਨੀ ਦੀ ਅਵਾਜ਼ ਸੁਣਨ ਨਾਲ ਕਿਰਸਾਨ ਦੇ ਟ੍ਰੈਕਟਰ ਵਿਚ ਡੀਜ਼ਲ ਆਪਣੇ ਆਪ ਪੈ ਸਕਦਾ ਹੈ ਜਾਂ ਬਿਜਲੀ ਦਾ ਬਿੱਲ ਮਆਫ਼ ਹੋ ਸਕਦਾ ਹੈ? ਅਜਿਹੀਆਂ ਅਵਾਜ਼ਾਂ ਸੁਣਨ ਨਾਲ ਬੱਚੇ ਪ੍ਰੀਖਿਆ ਵਿਚ ਆਪਣੇ ਆਪ ਪਾਸ ਹੋ ਸਕਦੇ ਹਨ। ਇਹਨਾਂ ਗੱਲਾਂ ਦਾ ਬਾਬਾ ਜੀ ਪਾਸ ਕੋਈ ਉੱਤਰ ਨਹੀਂ ਸੀ। ਸਰੀਰ ਗੈਸ ਨਾਲ ਭਰਿਆ ਹੋਵੇ ਤਾਂ ਜ਼ਰੂਰ ਕੁਦਰਤੀ ਰਸਤੇ ਦੀ ਅਵਾਜ਼ ਆਉਂਦੀ ਹੈ ਪਰ ਧੁੰਨੀ ਵਿਚੋਂ ਤਾਂ ਆਵਜ਼ ਦਾ ਨਿਕਲਣਾ ਤੇ ਉਹਨੂੰ ਸੁਣਨ ਨਾਲ ਪਰਿਵਾਰ ਦੀ ਕੋਈ ਸਮੱਸਿਆ ਹੱਲ ਨਹੀਂ ਹੋ ਸਕਦੀ।
ਕੜਾਹ ਪ੍ਰਸ਼ਾਦ ਵਰਤਣ ਉਪਰੰਤ ਜਦੋਂ ਸੰਗਤ ਹੇਠਾਂ ਲੰਗਰ ਛੱਕਣ ਲਈ ਆਈ ਤਾਂ ਬਾਬਾ ਜੀ ਦੇ ਚਰਨੀ ਹੱਥ ਇਕ ਦੋ ਬੀਬੀਆਂ ਨੇ ਲਗਾ ਦਿੱਤਾ। ਫਿਰ ਕੀ ਸੀ ਓਸੇ ਵੇਲੇ ਹੀ ਸਿਆਣੀਆਂ ਬੀਬੀਆਂ ਨੇ ਇਕੱਠੀਆਂ ਹੋ ਟੋਕ ਦਿੱਤਾ ਕਿ ਬਾਬਾ ਜੀ ਹੁਣੇ ਹੀ ਤੁਸੀਂ ਕਿਹਾ ਸੀ ਸਾਧ ਸਾਰੇ ਨਕਲੀ ਹਨ ਤੇ ਪੈਰੀਂ ਹੱਥ ਲਗਾਉਂਦੇ ਹਨ ਪਰ ਤੁਸੀਂ ਵੀ ਤਾਂ ਏਹੀ ਹੀ ਕੰਮ ਕਰ ਰਹੇ ਹੋ। ਬਾਬਾ ਜੀ ਪਾਸ ਇਸ ਦਾ ਕੋਈ ਉੱਤਰ ਨਹੀਂ ਸੀ। ਹੀਂ ਹੀਂ ਕਰਦਿਆਂ ਬਾਬਾ ਜੀ ਕਿਸੇ ਘਰ ਚਰਨ ਪਾਉਣ ਲਈ ਚਲੇ ਗਏ।
ਹੁਣ ਤੇ ਡਾਕਟਰਾਂ ਨੇ ਪੇਟ ਨੂੰ ਸਾਰਾ ਖੋਹਲ ਖਾਲ ਕੇ ਦੇਖ ਲਿਆ ਹੈ ਪੇਟ ਵਿਚ ਤਾਂ ਸਰੀਰ ਨੂੰ ਚਲਾਉਣ ਲਈ ਉਹਦਾ ਸਿਸਟਿਮ ਹੀ ਮਿਲਦਾ। ਸਾਰੀ ਦੁਨੀਆਂ ਦੇ ਬੱਚਿਆਂ ਨੂੰ ਪਤਾ ਹੈ ਕਿ ਬੋਲਦੀ ਜ਼ੁਬਾਨ ਹੈ ਤੇ ਸੋਚਦਾ ਦਿਮਾਗ਼ ਹੈ ਪਰ ਸਾਧਾਂ ਦੀਆਂ ਘੜੁਤਾਂ ਅਨੁਸਾਰ ਅਖੇ ਧੁੰਨੀ ਬੋਲਦੀ ਹੈ ਤੇ ਉਸ ਵਿਚੋਂ ਨਿਕਲਦੀ ਅਵਾਜ਼ ਨੂੰ ਸੁਣਨਾ ਹੈ। ਘੋਘੜ ਕੰਨੇ ਸਾਧ ਆਉਂਦੇ ਨੇ ਇਹ ਅਵਾਜ਼ ਸਿਰਫ਼ ਕਮਾਈ ਵਾਲਿਆਂ ਨੂੰ ਹੀ ਸੁਣਦੀ ਹੈ। ਹੁਣ ਇਹਨਾਂ ਨੂੰ ਬੰਦਾ ਪੁੱਛੇ ਕਿ ਜੇ ਮਾਂ ਸਵੇਰੇ ਧੁੰਨੀ ਦੀ ਅਵਾਜ਼ ਸੁਣਨ ਲੱਗ ਪਏ ਤਾਂ ਬੱਚੇ ਨੂੰ ਸਮੇਂ ਸਿਰ ਸਕੂਲ ਤੋਰ ਸਕੇਗੀ? ਮੰਨ ਲਓ ਜੇ ਧੁੰਨੀ ਦੀ ਅਵਾਜ਼ ਸੁਣਨ ਵੀ ਲੱਗ ਪਏ ਤਾਂ ਕੀ ਸਮਾਜ ਵਿਚੋਂ ਕਰਮ-ਕਾਂਡ ਖਤਮ ਹੋ ਜਾਏਗਾ। ਕਾਰਖਾਨੇ ਆਪਣੇ ਆਪ ਚਲਣੇ ਸ਼ੁਰੂ ਹੋ ਜਾਣਗੇ। ਡੀਜ਼ਲ ਦੀ ਸਮੱਸਿਆ ਦੇਸ਼ ਵਿਚੋਂ ਸਦਾ ਲਈ ਖਤਮ ਹੋਏਗੀ। ਧੁੰਨੀ ਦੀ ਅਵਾਜ਼ ਦਾ ਅਰਥ ਹੈ ਆਪਣੇ ਕੰਮ ਪ੍ਰਤੀ ਸੁਚੇਤ ਹੋਣਾ। ਆਪਣੀ ਧੁੰਨ ਦਾ ਪੱਕਾ ਹੋਣਾ। ਇਹ ਇਕ ਮੁਹਾਵਰਾ ਹੈ ਫਲਾਣਾ ਬੰਦਾ ਆਪਣੀ ਧੁੰਨ ਦਾ ਪੱਕਾ ਹੈ। ਭਾਵ ਇਰਾਦੇ ਦਾ ਪੱਕਾ ਇਨਸਾਨ ਹੈ।