ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਤੇਜ਼ਾਬੀਪਣ, ਮਿਹਦੇ ਦੀ ਸੋਜ ਅਤੇ ਅਲਸਰ


ਆਧੁਨਿਕ ਸੁਸਾਇਟੀ ਦੇ ਕਾਫੀ ਲੋਕਾਂ ਨੂੰ ਤੇਜ਼ਾਬੀਪਣ ਜਾਂ ਅਲਸਰ ਦੀ ਸਮੱਸਿਆ ਰਹਿੰਦੀ ਹੈ। ਉਤਰ ਦੇ ਮੁਕਾਬਲੇ ਵਿਚ ਦੱਖਣੀ ਭਾਰਤ ਵਿਚ ਇਹ ਵਧੇਰੇ ਹੈ। ਭਾਰਤ ਵਿਚ ਇਸ ਦੇ ਕਲਿਨੀਕਲ ਲੱਛਣ ਪੱਛਮੀ ਦੇਸ਼ਾਂ ਨਾਲੋਂ ਕੁਝ ਵੱਖਰੇ ਹਨ। ਵਿਕਾਸਸ਼ੀਲ ਦੇਸ਼ਾਂ ਵਿਚ ਵੀਹਵੀਂ ਸਦੀ ਦੇ ਅਖੀਰਲੇ ਦਹਾਕੇ ਤੱਕ ਅਲਸਰ ਨਾਲ ਬਹੁਤ ਹੀ ਲੋਕ ਬੀਮਾਰ ਹੁੰਦੇ ਸਨ ਤੇ ਕਾਫੀ ਮਰ ਜਾਂਦੇ ਸਨ ਪਰ ਉਸ ਤੋਂ ਬਾਅਦ, ਇਸ ਦਾ ਕਾਰਨ ਬਣਦੇ ਰੋਗਾਣੂੰ ਅਤੇ ਤੇਜ਼ਾਬੀਪਣ ਵਾਸਤੇ ਅਸਰਦਾਰ ਦਵਾਈਆਂ ਕਰਕੇ, ਇਹ ਦਰ ਪਹਿਲਾਂ ਨਾਲੋਂ ਕੁਝ ਘਟੀ ਹੈ। ਇਸ ਤੋਂ ਪੀੜਤ ਲੋਕ 'ਛਾਤੀ ਧੁਖਦੀ', 'ਛਾਤੀ ਸੜਦੀ', ਤੇਜ਼ਾਬੀਪਣ ਜਾਂ ਬਦਹਜ਼ਮੀ ਦੀ ਸ਼ਿਕਾਇਤ ਕਰਦੇ ਹਨ। ਮਿਹਦੇ ਵਿਚ ਤੇਜ਼ਾਬ ਵਧਣ ਨਾਲ ਗੈਸਟ੍ਰਾਇਟਿਸ ਹੋ ਜਾਂਦਾ ਹੈ ਤੇ ਜਦ ਇਹ ਸਮੱਸਿਆ ਪੁਰਾਣੀ ਹੋ ਜਾਵੇ ਤਾਂ ਇਸੇ ਤੇਜ਼ਾਬ ਕਰਕੇ ਮਿਹਦੇ ਵਿਚ ਜ਼ਖਮ ਹੋ ਜਾਂਦਾ ਹੈ ਜਿਸ ਨੂੰ ਅਲਸਰ ਜਾਂ ਪੈਪਟਿਕ ਅਲਸਰ ਕਿਹਾ ਜਾਂਦਾ ਹੈ। ਮਿਹਦੇ ਤੋਂ ਜ਼ਿਆਦਾ ਇਹ ਡਿਓਡਿਨਮ (ਜੋ ਮਿਹਦੇ ਤੋਂ ਅਗਾਂਹ ਛੋਟੀ ਅੰਤੜੀ ਦਾ ਹਿੱਸਾ ਹੁੰਦਾ ਹੈ) ਵਿਚ ਹੁੰਦਾ ਹੈ, ਇਸ ਨੂੰ ਡਿਓਡਿਨਲ ਅਲਸਰ ਕਹਿੰਦੇ ਹਨ, ਤੇ ਮਿਹਦੇ ਵਾਲੇ ਨੂੰ ਪੈਪਟਿਕ ਅਲਸਰ ਕਹਿੰਦੇ ਹਨ। ਡਿਓਡਿਨਲ ਅਲਸਰ ਵਿਚ ਕੈਂਸਰ ਨਹੀਂ ਹੁੰਦਾ ਜਦ ਕਿ ਮਿਹਦੇ ਵਾਲੇ ਵਿਚ ਹੋ ਜਾਂਦਾ ਹੈ।
ਅਲਸਰ ਕਿਉਂ ਤੇ ਕਿਵੇਂ ਹੁੰਦਾ ਹੈ…?
ਹਰੇਕ ਵਿਅਕਤੀ ਦੇ ਮਿਹਦੇ ਵਿਚ ਕੁਦਰਤ ਵੱਲੋਂ ਹੀ ਤੇਜ਼ਾਬ (ਹਾਈਡਰੋਕਲੋਰਿਕ ਏਸਿਡ) ਹੁੰਦਾ ਹੈ ਜੋ ਭੋਜਨ ਦੀ ਪਾਚਨ ਕਿਰਿਆ ਲਈ ਸਹਾਈ ਹੁੰਦਾ ਹੈ। ਅਲਸਰ, ਤੇ ਬਾਅਦ ਵਿਚ ਕੈਂਸਰ ਉਤਪੰਨ ਹੋਣ ਵਿਚ ਇਕ ਜੀਵਾਣੂੰ ”ਹੈਲੀਕੋਬੈਕਟਰ ਪਾਇਲੋਰੀ” ਦੀ ਭੂਮਿਕਾ ਸਿੱਧ ਹੋ ਚੁੱਕੀ ਹੈ। ਇਹ ਜੀਵਾਣੂੰ ਇਕ ਤੋਂ ਦੂਜੇ ਵਿਅਕਤੀ ਤੱਕ ਭੋਜਨ ਜਾਂ  ਮੂੰਹ ਰਸਤੇ ਜਾਂ ਚੁੰਮਣ ਨਾਲ ਫੈਲਦਾ ਹੈ। ਮਨੋ-ਵਿਗਿਆਨਕ ਤਣਾਅ, ਪਰਿਵਾਰਕ ਪਿੱਠ-ਭੂਮੀ, ਐਸਪ੍ਰੀਨ ਵਰਗੀਆਂ ਦਵਾਈਆਂ, ਸਿਗਰਟਨੋਸ਼ੀ ਆਦਿ, ਦੂਸਰੇ ਕਾਰਨ ਇਸ ਇਨਫੈਕਸ਼ਨ ਨੂੰ ਹੋਰ ਸ਼ਹਿ ਦੇਂਦੇ ਹਨ ਤੇ ਤੇਜ਼ਾਬ ਜ਼ਿਆਦਾ ਬਣਨ ਲਗਦਾ ਹੈ ਜਿਸ ਨਾਲ ਮਿਹਦੇ ਜਾਂ ਡਿਓਡਿਨਮ ਦੇ ਅੰਦਰ ਜ਼ਖਮ ਹੋ ਜਾਂਦੇ ਹਨ।
ਲੱਛਣ : ਸ਼ੁਰੂ-ਸ਼ੁਰੂ ਵਿਚ ਤਾਂ ਕੋਈ ਖਾਸ ਤਕਲੀਫ ਨਹੀਂ ਹੁੰਦੀ ਇਸ ਕਰਕੇ ਪਤਾ ਵੀ ਨਹੀਂ ਲਗਦਾ, ਪਰ ਜਦ ਜ਼ਿਆਦਾ ਤਕਲੀਫ ਵਧ ਜਾਵੇ ਤਾਂ ਇਸ ਦੇ ਹੇਠ ਲਿਖੇ ਲੱਛਣ ਹੁੰਦੇ ਹਨ :
ਪੇਟ ਵਿਚ ਦਰਦ : ਅਸਲ ਵਿਚ ਪਹਿਲਾਂ ਸਾੜ ਪੈਂਦਾ ਹੈ ਜੋ ਵਧ ਕੇ ਦਰਦ ਬਣ ਜਾਂਦਾ ਹੈ, ਇਹ ਉਪਰ ਕਰਕੇ ਪੇਟ ਦੇ ਬਿਲਕੁਲ ਵਿਚਕਾਰ, ਪਸਲੀਆਂ ਦੇ ਹੇਠਾਂ (ਦੋਹਾਂ ਨਿੱਪਲਾਂ ਦੇ ਕੇਂਦਰ ਤੋਂ ਲੈ ਕੇ ਧੁੰਨੀ ਤੱਕ ਕਿਤੇ ਵੀ) ਮਹਿਸੂਸ ਹੁੰਦਾ ਹੈ ਜੋ ਥੋੜ੍ਹਾ ਖੱਬੇ ਪਾਸੇ ਨੂੰ ਵੀ ਹੋ ਸਕਦਾ ਹੈ, ਤੇ ਭੋਜਨ ਤੋਂ ਦੋ ਢਾਈ ਘੰਟੇ ਬਾਅਦ ਹੁੰਦਾ ਹੈ।
ਬਦਹਜ਼ਮੀ : ਛਾਤੀ ਵਿਚ ਸਾੜ ਦੇ ਨਾਲ-ਨਾਲ ਬਦਹਜ਼ਮੀ, ਖੱਟੇ ਡਕਾਰ, ਹਿਚਕੀ, ਬੇਚੈਨੀ, ਜੀਅ-ਕੱਚਾ, ਕਦੀ ਉਲਟੀ ਵੀ। ਸਾਦਾ ਪਾਣੀ ਦੇ ਗਿਲਾਸ ਨਾਲ ਜਾਂ ਐਂਟੀ ਏਸਿਡ ਦਵਾਈ ਨਾਲ ਕੁਝ ਰਾਹਤ ਮਿਲਦੀ ਹੈ। ਹੋਰ ਲੱਛਣ ਹਨ : ਪੇਟ ਫੁੱਲਿਆ ਮਹਿਸੂਸ ਹੁੰਦਾ ਰਹਿਣਾ, ਮੂੰਹ ਵਿਚ ਪਾਣੀ ਆਉਣਾ, ਪਿੱਠ ਦਰਦ, ਕਮਜ਼ੋਰੀ, ਭਾਰ ਘਟ ਜਾਣਾ, ਉਲਟੀ ਅਤੇ ਕਦੀ ਖੂਨ ਦੀ ਉਲਟੀ (ਜੋ ਗੰਭੀਰ ਹੁੰਦੀ ਹੈ)।
ਜਾਂਚ : ਆਪਣੇ ਡਾਕਟਰ ਨੂੰ ਉਨ੍ਹਾਂ ਸਾਰੀਆਂ ਦਵਾਈਆਂ ਬਾਰੇ ਦੱਸੋ ਜੋ ਤੁਸੀਂ ਖਾ ਰਹੇ ਹੋ ਜਾਂ ਖਾਂਦੇ ਰਹੇ ਹੋ। ”ਨਸੈਡ” ਇਕ ਮੁਖਫਿਫ ਹੈ ਜਿਸ ਦਾ ਪੂਰਾ ਨਾਂ ਹੈ 'ਨਾਨ ਸਟੀਰਾਇਡਲ ਐਂਟੀ ਇਨਫਲੇਮੇਟਰੀ ਡਰਗਸ' ਯਾਨੀ ਕਿ ਦਰਦਾਂ ਵਾਸਤੇ ਸਟੀਰਾਇਡ-ਰਹਿਤ ਦਵਾਈਆਂ-ਉਦਾਹਰਣ ਵਜੋਂ ਐਸਪ੍ਰੀਨ, ਇਬੂਗੈਸਿਕ, ਇਬੂਪ੍ਰੋਫੈਨ ਆਦਿ। ਐਕਸਰੇ: ਮੂੰਹ ਰਸਤੇ ਦਵਾਈ ਪਿਆ ਕੇ ਸਪੈਸ਼ਲ ਐਕਸਰੇ ਜਿਸ ਨੂੰ ਬੇਰੀਅਮ ਮੀਲ ਕਹਿੰਦੇ ਹਨ, ਕਰਨ ਦੀ ਲੋੜ ਪੈਂਦੀ ਹੈ ਜਿਸ ਨਾਲ, ਅਲਸਰ ਜਾਂ ਕੈਂਸਰ ਜੇ ਉਤਪੰਨ ਹੋ ਗਿਆ ਹੋਵੇ, ਬਾਰੇ ਪਤਾ ਲੱਗ ਜਾਂਦਾ ਹੈ, ਪਰ ਪੱਕਾ ਟੈਸਟ ਬਾਇਓਪਸੀ ਦੀ ਖੁਰਦਬੀਨੀ ਜਾਂਚ ਹੀ ਹੁੰਦਾ ਹੈ। ਐਨਡੋਸਕੋਪੀ: ਮੂੰਹ ਰਸਤੇ ਦੂਰਬੀਨ (ਜਿਸ ਨਾਲ ਕੈਮਰਾ ਵੀ ਫਿੱਟ ਹੁੰਦਾ ਹੈ) ਪਾ ਕੇ ਜਾਂਚ ਕਰਨੀ ਪੈਂਦੀ ਹੈ। ”ਹੈਲੀਕੋਬੈਕਟਰ ਪਾਇਲੋਰੀ” ਜੀਵਾਣੂੰ ਦੇ ਟੈਸਟ ਵਾਸਤੇ ਖੂਨ, ਜਾਂ ਟੱਟੀ ਟੈਸਟ ਦੀ ਲੋੜ ਪੈਂਦੀ ਹੈ।
ਐਮਰਜੈਂਸੀ ਕਿਵੇਂ ਪੈਂਦੀ ਹੈ : ਪੇਟ ਵਿਚ, ਅਚਾਨਕ ਬਹੁਤ ਤੇਜ਼ ਤੇ ਨਾ ਜਰੀ ਜਾਣ ਵਾਲੀ ਪੀੜ, ਜਿਸ ਨੂੰ ”ਸੂਲ ਉਠਣਾ” ਵੀ ਕਿਹਾ ਜਾਂਦਾ ਹੈ, ਹੁੰਦੀ ਹੈ। ਇਹ ਅਲਸਰ ਦੇ ਫਟਣ ਕਾਰਨ ਹੋ ਸਕਦਾ ਹੈ। ਜਿਸ ਦਾ ਇਲਾਜ ਫੌਰੀ ਤੌਰ 'ਤੇ ਹਸਪਤਾਲ ਵਿਚ ਕਰਵਾਉਣਾ ਪੈਂਦਾ ਹੈ। ਟੱਟੀ ਰਸਤੇ ਖੂਨ-ਇਹ ਖੂਨ ਤਾਜ਼ਾ ਨਹੀਂ ਹੁੰਦਾ ਬਲਕਿ ਗੂੜ੍ਹੇ ਭੂਰੇ ਜਾਂ ਕਾਲੇ ਰੰਗ ਦਾ ਹੁੰਦਾ ਹੈ (ਉਪਰ ਮਿਹਦੇ 'ਚੋਂ ਨਿਕਲ ਕੇ ਹੇਠਾਂ ਪੁੱਜਦਿਆਂ ਪੁੱਜਦਿਆਂ ਖੂਨ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ) ਖੂਨ ਦੀ ਉਲਟੀ ਜੋ ਜਾਨ-ਲੇਵਾ ਵੀ ਹੋ ਸਕਦੀ ਹੈ, ਜੇਕਰ ਰੋਗੀ ਨੂੰ ਸਮੇਂ ਸਿਰ ਹਸਪਤਾਲ ਨਾ ਪਹੁੰਚਾਇਆ ਜਾਵੇ। ਕਈ ਵਾਰ ਦੂਰ-ਦੁਰਾਡੇ ਥਾਵਾਂ 'ਤੇ ਰਹਿੰਦੇ ਲੋਕ ਚੇਤੰਨਤਾ ਦੀ ਕਮੀ ਕਾਰਨ ਓੜ੍ਹ-ਪੋੜ੍ਹ ਕਰਦੇ ਰਹਿੰਦੇ ਹਨ ਤੇ ਬੰਦਾ ਗਵਾ ਬਹਿੰਦੇ ਹਨ।
ਸੁਝਾਅ : ਤੇਜ਼ਾਬੀਪਣ ਦੂਰ ਕਰਨ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ (ਐਂਟੀਏਸਿਡਜ਼), ਆਮ ਕਰਕੇ ਸੌਣ ਤੋਂ ਪਹਿਲਾਂ, ਭੋਜਨ ਤੋਂ ਇਕ ਅਤੇ ਤਿੰਨ ਘੰਟੇ ਬਾਅਦ ਲੈਣੀਆਂ ਚਾਹੀਦੀਆਂ ਹਨ। ਫਿਰ ਵੀ ਆਪਣੇ ਡਾਕਟਰ ਦੀ ਸਲਾਹ ਨਾਲ ਮਿਥੀ ਹੋਈ ਖੁਰਾਕ, ਮਿਥੇ ਸਮੇਂ 'ਤੇ ਅਤੇ ਵਕਫੇ ਨਾਲ ਹੀ ਲਓ। ਇਸ ਤਰ੍ਹਾਂ ਕਰਨ ਨਾਲ ਤੇਜ਼ਾਬੀ ਪਣ ਘੱਟ ਪੱਧਰ 'ਤੇ ਰਹਿੰਦਾ ਹੈ। ਭਾਵੇਂ ਦੁੱਧ ਨਾਲ ਤੇਜ਼ਾਬੀਪਣ ਘਟਦਾ ਹੈ ਫਿਰ ਵੀ ਦੁੱਧ ਜਾਂ ਮਲਾਈ ਨੂੰ ਐਂਟੀਏਸਿਡਜ਼ ਦੀ ਜਗ੍ਹਾ 'ਤੇ ਨਹੀਂ ਵਰਤਣਾ ਚਾਹੀਦਾ। ਘੰਟੇ-ਘੰਟੇ ਬਾਅਦ ਥੋੜ੍ਹਾ-ਥੋੜ੍ਹਾ ਦੁੱਧ ਪੀਣਾ, ਐਸੇ ਰੋਗੀਆਂ ਵਾਸਤੇ ਲਾਹੇਵੰਦਾ ਰਹਿੰਦਾ ਹੈ।
ਜਿਹੜੇ ਲੋਕ ਸਮਝਦੇ ਹਨ ਕਿ ਚਾਹ ਤੋਂ ਬਿਨਾਂ ਸਰਦਾ ਈ ਨਹੀਂ, ਉਹ ਘੱਟ ਪੱਤੀ ਤੇ ਵਧੇਰੇ ਦੁੱਧ ਵਾਲੀ ਥੋੜ੍ਹੀ-ਥੋੜ੍ਹੀ ਚਾਹ ਪੀ ਵੀ ਲੈਣ ਤਾਂ ਕੋਈ ਗੱਲ ਨਹੀਂ ਹਾਂ ਪਰ ਜੇਕਰ ਇਸ ਨਾਲ ਤਕਲੀਫ ਵਧਦੀ ਹੋਵੇ ਤਾਂ ਬਿਲਕੁਲ ਨਹੀਂ। ਅਲਸਰ ਵਾਲਿਆਂ ਲਈ ਆਹਾਰ ਜਾਂ ਭੋਜਨ ਵਿਚ ਤਬਦੀਲੀ : ਦਿਨ ਵਿਚ ਤਿੰਨ ਵਾਰ ਖਾਣਾ ਤੇ ਉਨ੍ਹਾਂ ਦੇ ਵਿਚਕਾਰ ਸਨੈਕਸ, ਇਨ੍ਹਾਂ ਦੇ ਦਰਮਿਆਨ ਵਕਫਾ ਬਰਾਬਰ ਸਮੇਂ ਦਾ ਹੋਵੇ।
ਨਾ ਹੀ ਖਾਲੀ - ਪੇਟ ਰਹੋ ਤੇ ਨਾ ਹੀ ਲੋੜ ਤੋਂ ਵੱਧ ਖਾ ਕੇ ਮਿਹਦੇ (ਪੇਟ) ਨੂੰ ਤੰਗ ਕਰੋ। ਹੌਲੀ-ਹੌਲੀ ਚੰਗੀ ਤਰ੍ਹਾਂ ਚਿੱਥ ਕੇ ਖਾਣਾ ਖਾਓ। ਆਰਾਮ ਨਾਲ ਰੀਲੈਕਸ ਹੁੰਦੇ ਹੋਏ ਖਾਓ ਤੇ ਖਾਣ ਵੇਲੇ ਕੋਈ ਤਣਾਓ ਨਾ ਰੱਖੋ। ਚੌਂਕੜੀ ਮਾਰ ਕੇ ਜਾਂ ਡਾਇਨਿੰਗ ਟੇਬਲ 'ਤੇ ਆਰਾਮ ਨਾਲ ਖਾਓ, ਤੇ ਕੁਝ ਦੇਰ ਬਾਅਦ ਵੀ ਬੈਠੇ ਰਹੋ। ਸੌਣ ਤੋਂ ਦੋ-ਢਾਈ ਘੰਟੇ ਪਹਿਲਾਂ ਭੋਜਨ ਖਾਣਾ ਨਿਯਮਤ ਕਰੋ। ਸੌਣ ਤੋਂ ਪਹਿਲਾਂ ਕੋਈ ਸਨੈਕਸ ਨਾ ਲਵੋ, ਇਨ੍ਹਾਂ ਨਾਲ ਰਾਤ ਸੁੱਤਿਆਂ ਪਿਆ ਮਿਹਦੇ ਵਿਚ ਤੇਜ਼ਾਬ ਬਣੇਗਾ। ਕੌਫੀ, ਸੰਤਰੇ ਜਾਂ ਨਿੰਬੂ ਦਾ ਰਸ, ਟਮਾਟਰ ਦੀ ਸਾਅਸ ਤੇ ਚਾਕਲੇਟ ਵਗੈਰਾ, ਜੇਕਰ ਤੇਜ਼ਾਬੀ ਪਣ ਵਧਾਉਂਦੇ ਹਨ ਤਾਂ ਇਹ ਬੰਦ ਜਾਂ ਘੱਟ ਕਰ ਦਿਓ। ਹਰ ਭੋਜਨ ਇਕ ਆਹਾਰ ਸੰਤੁਲਤ ਹੋਵੇ ਜਿਸ ਵਿਚ ਪ੍ਰੋਟੀਨ ਵਗੈਰਾ ਹੋਣ।
ਹੈਲੀਕੋਬੈਕਟਰ ਪਾਇਲੋਰੀ ਜੀਵਾਣੂੰ ਤੋਂ ਬਚਾਅ ਦੇ ਤਰੀਕੇ : ਪੱਕਾ ਤਰੀਕਾ ਭਾਵੇਂ ਕੋਈ ਖਾਸ ਨਹੀਂ, ਫਿਰ ਵੀ ਖੋਜੀ ਸਾਇੰਸਦਾਨ ਇਸ ਬਾਰੇ ਕੋਈ ਵੈਕਸੀਨ ਲੱਭਣ ਵਿਚ ਲੱਗੇ ਹੋਏ ਹਨ, ਪਰ ਫਿਰ ਵੀ ਕੁਝ ਸੁਝਾਅ ਹਨ :
ਭੋਜਨ ਛਕਣ ਤੋਂ ਪਹਿਲਾਂ ਤੇ ਗੁਸਲਖਾਨੇ 'ਚੋਂ ਆਉਣ ਤੋਂ ਬਾਅਦ, ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਵੋ। ਚੰਗੀ ਤਰ੍ਹਾਂ ਸਾਫ ਕੀਤੀਆਂ ਹੋਈਆਂ ਹਰੀਆਂ ਸਬਜ਼ੀਆਂ ਤੇ ਸਲਾਦ ਅਤੇ ਪੂਰੀ ਤਰ੍ਹਾਂ ਪਕਾਇਆ ਹੋਇਆ ਖਾਣਾ ਛਕੋ। ਪੀਣ ਵਾਲਾ ਪਾਣੀ, ਸਾਫ ਤੇ ਸੁਰੱਖਿਅਤ ਸੋਮੇ ਤੋਂ ਹੋਵੇ।
ਚੇਤਾਵਨੀ : ਮਰੀਜ਼ਾਂ ਨੂੰ ਇਹ ਚੇਤਾਵਨੀ ਦੇਣੀ ਬਣਦੀ ਹੈ ਕਿ ਨਿਮਨ ਲਿਖਤ ਚੀਜ਼ਾਂ ਦਾ ਸੇਵਨ ਬਿਲਕੁਲ ਬੰਦ ਕਰ ਦੇਣ: ਨਸੈਡ (ਐਸਪ੍ਰੀਨ ਆਦਿ), ਸ਼ਰਾਬ, ਤੰਬਾਕੂ (ਕਿਸੇ ਵੀ ਸ਼ਕਲ ਵਿਚ ਹੋਵੇ-ਸਿਗਰਟ, ਬੀੜੀ, ਜਰਦਾ ਆਦਿ) ਸਟਰੌਂਗ ਕੌਫੀ/ਚਾਹ ਤੇ ਗੈਸ ਵਾਲੀਆਂ ਕੋਲਡ ਡਰਿੰਕਸ। ਮੋਟਾਪੇ ਦਾ ਵੀ ਅਲਸਰ ਨਾਲ ਸਬੰਧ ਹੈ ਇਸ ਲਈ ਭਾਰ ਨੂੰ ਕੰਟਰੋਲ ਵਿਚ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਕਈ ਵਾਰ ਦਿਲ ਦੇ ਦੌਰੇ ਜਾਂ ਐਕਿਊਟ ਪੈਂਕਰੀਏਟਾਇਟਸ ਦੀ ਦਰਦ ਵੀ ਇਸੇ ਥਾਂ 'ਤੇ ਇਵੇਂ ਹੀ ਹੁੰਦੀ ਹੈ ਇਸ ਲਈ ਬਿਨਾਂ ਦੇਰੀ ਦੇ ਹਸਪਤਾਲ ਜਾ ਕੇ ਚੈਕ-ਅਪ/ਇਲਾਜ ਕਰਵਾਉਣਾ ਚਾਹੀਦਾ ਹੈ।
- ਡਾ. ਮਨਜੀਤ ਸਿੰਘ ਬੱਲ