ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿਹਤ ਤੇ ਕਾਮਯਾਬੀ ਦਾ ਰਾਜ ਹੈ 'ਹਾਸਾ'


ਹਾਸਾ ਕੁਦਰਤ ਦਾ ਅਨਮੋਲ ਖਜ਼ਾਨਾ ਹੈ। ਅੱਜ ਦੀ ਇਸ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਸਿਹਤ ਤੇ ਕਾਮਯਾਬੀ ਦਾ ਰਸਤਾ 'ਹਾਸਾ' ਹੀ ਤਾਂ ਹੈ। ਅੱਜ ਦੇ ਦੌਰ 'ਚ ਜ਼ਿਆਦਾਤਰ ਬੀਮਾਰੀਆਂ ਤਣਾਅ ਤੇ ਫਿਕਰ ਕਾਰਨ ਹੀ ਪੈਦਾ ਹੁੰਦੀਆਂ ਹਨ, ਜਿਨ੍ਹਾਂ ਵਿਚ ਖਾਸ ਤੌਰ 'ਤੇ ਦਿਲ ਦਾ ਦੌਰਾ, ਬਲੱਡ ਪ੍ਰੈਸ਼ਰ ਵਧਣਾ-ਘਟਣਾ ਆਦਿ ਸ਼ਾਮਿਲ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਹੱਸਣ ਨਾਲ ਦਿਮਾਗ ਵਿਚ ਇਕ ਤਰ੍ਹਾਂ ਦਾ ਹਾਰਮੋਨ ਬਣਦਾ ਹੈ ਜੋ ਦਰਦ ਸਹਿਣ ਦੀ ਸ਼ਕਤੀ ਪੈਦਾ ਕਰਦਾ ਹੈ। ਜਿਸ ਤਰ੍ਹਾਂ ਸਰੀਰ ਦਾ ਦਿਲ ਤੋਂ ਸਿੱਧਾ ਰਸਤਾ ਹੈ, ਉਸੇ ਤਰ੍ਹਾਂ ਹਾਸੇ ਦਾ ਸੰਬੰਧ ਸਾਡੀ ਪਾਚਣ ਸ਼ਕਤੀ ਨਾਲ ਵੀ ਹੈ। ਇਹ ਹਾਜ਼ਮੇ ਨੂੰ ਬਿਹਤਰ ਕਰਦਾ ਹੈ। ਖੁੱਲ੍ਹ ਕੇ ਹੱਸਣ ਨਾਲ ਫੇਫੜਿਆਂ 'ਚੋਂ ਹਵਾ ਬਾਹਰ ਆਉਂਦੀ ਹੈ ਜਿਸ ਨਾਲ ਸਾਹ ਲੈਣ 'ਚ ਆਸਾਨੀ ਹੁੰਦੀ ਹੈ। ਹੱਸਣ ਵੇਲੇ ਦਿਮਾਗ 'ਤੇ ਦਬਾਅ ਘੱਟ ਹੋ ਜਾਂਦਾ ਹੈ ਅਤੇ ਕੁਝ ਸਮੇਂ ਲਈ ਭਾਰੀ ਦਿਮਾਗੀ ਤਣਾਅ ਵੀ ਖਤਮ ਹੋ ਜਾਂਦਾ ਹੈ। ਕਦੇ-ਕਦੇ ਕੋਸ਼ਿਸ਼ ਕਰਨ 'ਤੇ ਵੀ ਹੱਸਣ ਨੂੰ ਦਿਲ ਨਹੀਂ ਕਰਦਾ। ਉਸ ਵੇਲੇ ਚੰਗਾ ਹੈ ਕਿ ਜ਼ਿੰਦਾਦਿਲ ਵਿਅਕਤੀ ਕੋਲ ਬੈਠੀਏ। ਥਾਮਸ ਹਾਬਸ ਦਾ ਕਹਿਣਾ ਹੈ ਕਿ ਅਚਾਨਕ ਖੁਸ਼ ਹੋਣ ਨਾਲ ਜੋ ਭਾਵਨਾ ਪ੍ਰਗਟ ਹੁੰਦੀ ਹੈ, ਉਹ ਹਾਸਾ ਹੈ ਪਰ ਇਸ ਤੇਜ਼ ਰਫਤਾਰ ਜ਼ਿੰਦਗੀ ਵਿਚ ਲੋਕ ਇੰਨੇ ਮਸਰੂਫ ਹੋ ਗਏ ਹਨ ਕਿ ਉਨ੍ਹਾਂ ਕੋਲ ਹੱਸਣ ਲਈ ਸਮਾਂ ਹੀ ਨਹੀਂ ਹੈ। ਉਹ ਜ਼ਰੂਰਤਾਂ ਨੂੰ ਆਪਣੀ ਮੰਜ਼ਿਲ ਤੇ ਤਣਾਅ ਨੂੰ ਦੋਸਤ ਬਣਾ ਕੇ ਜ਼ਿੰਦਾਦਿਲੀ ਲਫਜ਼ ਨੂੰ ਭੁੱਲਦੇ ਜਾ ਰਹੇ ਹਨ। ਕੁਦਰਤ ਦੇ ਕਾਨੂੰਨ ਅਨੁਸਾਰ ਇਨਸਾਨ ਵਿਚ ਜਿਉਂ-ਜਿਉਂ ਸਮਝਦਾਰੀ ਆਉਂਦੀ ਹੈ, ਉਹ ਆਪਣੇ ਜਜ਼ਬਾਤ 'ਤੇ ਕਾਬੂ ਪਾਉਣਾ ਸਿੱਖ ਜਾਂਦਾ ਹੈ। ਇਹ ਚੰਗੀ ਗੱਲ ਹੈ ਕਿ ਅਸੀਂ ਉਮਰ ਦੇ ਨਾਲ ਆਪਣੇ ਜਜ਼ਬਾਤ 'ਤੇ ਕਾਬੂ ਪਾਉਣਾ ਸਿੱਖ ਲੈਂਦੇ ਹਾਂ ਪਰ ਅਜਿਹੀ ਵੀ ਕੀ ਸਮਝਦਾਰੀ ਕਿ ਹੱਸਣਾ ਹੀ ਭੁੱਲ ਜਾਈਏ। ਜੇ ਤੁਸੀਂ ਮੁਕੰਮਲ ਢੰਗ ਨਾਲ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਕਿ ਦਿਨ ਵਿਚ ਘੱਟੋ-ਘੱਟ ਇਕ ਵਾਰ ਖੁੱਲ੍ਹ ਕੇ ਹੱਸਿਆ ਜਾਵੇ।