ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਚੜ੍ਹਦੀ ਕਲਾ ਦਾ ਵਿਗਿਆਨਕ ਆਧਾਰ


ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਸਿੱਖਾਂ ਨੂੰ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਨੂੰ ਜਿਹੜਾ ਚੜ੍ਹਦੀ ਕਲਾ ਦਾ ਸੰਕਲਪ ਦਿੱਤਾ ਸੀ, ਉਸ ਦੇ ਬੜੇ ਵਿਗਿਆਨਕ ਅਤੇ ਮਨੋ-ਵਿਗਿਆਨਕ ਆਧਾਰ ਹਨ, ਜਿਸ ਨੂੰ ਅਜੋਕੀ ਸਿੱਖ ਲੀਡਰਸ਼ਿਪ ਨੇ ਅੱਖੋਂ- ਪਰੋਖੇ ਕਰ ਦਿੱਤਾ ਹੈ। ਸਿੱਖ ਕੌਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੇ ਹਾਲਾਤ ਦੇ ਮੁਤਾਬਕ ਆਪਣੀ ਨਿਵੇਕਲੀ ਕਿਸਮ ਦੀ ਭਾਸ਼ਾ ਦੀ ਸਿਰਜਣਾ ਕੀਤੀ ਹੈ। ਸਿੱਖਾਂ ਦੀ ਭਾਸ਼ਾ ਜਿੱਥੇ ਮਰਦਾਊੁਪੁਣੇ ਵਾਲੀ ਹੈ, ਉੱਥੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਆਸ਼ਾਵਾਦੀ ਅਤੇ ਖਾੜਕੂ ਭਾਵਨਾ ਵਾਲੀ ਹੈ। ਮੈਂ ਕਿਧਰੇ ਪੜ੍ਹ ਰਿਹਾ ਸੀ ਕਿ ਸਿੱਖਾਂ ਦਾ ਬੁਲੰਦ ਨਾਅਰਾ 'ਬੋਲੇ ਸੋ ਨਿਹਾਲ' ਸਾਰੇ ਸੰਸਾਰ ਦੇ ਜੰਗੀ ਨਾਅਰਿਆਂ ਤੋਂ ਉੱਤਮ ਅਤੇ ਹੌਸਲਾ ਵਧਾਊ ਅਤੇ ਭਾਸ਼ਾ-ਵਿਗਿਆਨਕ ਤੌਰ 'ਤੇ ਵਿਗਿਆਨਕ ਵੀ ਹੈ। ਸਾਰੇ ਸੰਸਾਰ ਵਿਚ ਕੋਈ ਨਾਅਰਾ ਇਹੋ ਜਿਹਾ ਨਹੀਂ ਜਿਹੜਾ ਇੱਕੋ ਸਾਹੇ ਹੀ ਤਿੰਨ ਵਾਰ ਬਾਹਰ ਨੂੰ ਇਕ ਤੋਂ ਬਾਅਦ ਦੂਜੀ ਅਤੇ ਤੀਜੀ ਵਾਰ ਬੁਲੰਦ ਆਵਾਜ਼ ਵਿਚ ਬਗੈਰ ਬੁੱਲ੍ਹਾਂ ਨੂੰ ਬੰਦ ਕੀਤੇ, ਗੂੰਜਾਇਆ ਜਾਂਦਾ ਹੋਵੇ, ਜਦ ਅਸੀਂ 'ਬੋਲੇ' ਨੂੰ ਉੱਚੀ ਸਾਰੀ ਬੋਲਦੇ ਹਾਂ ਤਾਂ ਭਰਵੇਂ ਸਾਹ ਦੇ ਨਾਲ ਆਵਾਜ਼ ਬਾਹਰ ਨੂੰ ਕੱਢਦੇ ਹਾਂ ਅਤੇ ਅੰਤ ਵਿੱਚ 'ਨਿਹਾਲ' ਸ਼ਬਦ ਦੀ ਆਵਾਜ਼ ਉਸ ਤੋਂ ਵੀ ਉੱਚੀ ਜਿਸ ਵਿੱਚ ਹੋਰ ਬਹੁਤ ਸਾਰੀਆਂ ਆਵਾਜ਼ਾਂ ਸਤਿ ਸ੍ਰੀ ਆਕਾਲ ਦੇ ਰੂਪ ਵਿਚ ਰਲ ਕੇ ਦੁਸ਼ਮਣ ਨੂੰ ਭੈਅਭੀਤ ਕਰ ਦਿੰਦੀਆਂ ਹਨ, ਸ਼ਾਮਲ ਹੋ ਜਾਂਦੀਆਂ ਹਨ।
ਇਸੇ ਤਰ੍ਹਾਂ ਜੰਗਾਂ-ਯੁੱਧਾਂ ਸਮੇਂ ਵੀ ਨਿਹੰਗ ਸਿੰਘਾਂ ਨੇ ਆਪਣੇ ਹੀ ਬੋਲੇ ਬਣਾਏ ਹੋਏ ਸਨ। ਜਿਵੇਂ ਰੁਪਏ ਨੂੰ ਠੀਕਰਾ, ਮਿਰਚ ਨੂੰ ਲੜਾਕੀ, ਲੰਙੇ ਬੰਦੇ ਨੂੰ ਸੁਚਾਲਾ, ਬੋਲੇ ਨੂੰ ਚੁਬਾਰੇ ਚੜ੍ਹਿਆ, ਅੰਨ੍ਹੇ ਨੂੰ ਮੁਨਾਖਾ, ਭੁੱਖੇ ਨੂੰ ਕੜਾਕਾ, ਗੰਢੇ ਨੂੰ ਮੁਗਲ ਕਾ ਸਿਰ, ਇੱਕ ਸਿੰਘ ਨੂੰ ਸਵਾ ਲੱਖ, ਕੜ੍ਹੀ ਨੂੰ ਬਸੰਤ ਕੌਰ, ਆਦਿ।
ਜਿਸ ਬੰਦੇ ਦੀ ਭਾਸ਼ਾ ਚੜ੍ਹਦੀ ਕਲਾ ਵਾਲੀ ਹੋਵੇਗੀ ਉਸ ਦੀ ਮਾਨਸਿਕਤਾ ਵੀ ਚੜ੍ਹਦੀ ਕਲਾ ਵਾਲੀ ਹੁੰਦੀ ਹੈ। ਇਹ ਇੱਕ ਮਨੋਵਿਗਿਆਨਕ ਸੱਚ ਹੈ। ਚੜ੍ਹਦੀ ਕਲਾ ਦਾ ਸੰਕਲਪ ਇਸ ਜਗਤ ਨੂੰ ਦੇਖਣ ਦਾ ਹੀ ਇਕ ਵੱਖਰੀ ਭਾਂਤ ਦਾ ਦ੍ਰਿਸ਼ਟੀਕੋਣ ਹੈ।
ਹੁਣ ਅਸੀਂ ਇਸ ਜਗਤ ਬਾਰੇ ਵੀ ਵਿਚਾਰ ਕਰ ਲੈਂਦੇ ਹਾਂ, ਭੌਤਿਕ-ਵਿਗਿਆਨੀ ਪੁੱਛਦਾ ਹੈ ਕਿ ਮੈਟਰ ਜਾਂ ਮਾਦਾ ਕਿੱਥੇ ਹੈ ?
ਦੂਜਾ ਵਿਗਿਆਨੀ ਉਸ ਨੂੰ ਦੱਸਦਾ ਹੈ, ਇਹ ਪੱਥਰ, ਰੇਤ, ਮਿੱਟੀ, ਲੱਕੜ, ਲੋਹਾ ਇਹ ਸਾਰੇ ਮਾਦਾ ਜਾਂ ਮੈਟਰ ਹੀ ਤਾਂ ਹਨ।
ਪਹਿਲੇ ਦਾ ਜੁਆਬ ਸੀ ਕਿ ਇਹ ਮੈਟਰ ਕਿਵੇਂ ਹੋ ਗਿਆ ਇਹ ਤਾਂ ਆਪ ਅਣੂਆਂ ਅਤੇ ਪ੍ਰਮਾਣੂਆਂ ਦਾ ਬਣਿਆ ਹੋਇਆ ਹੈ। ਇਸ ਦਾ ਮਤਲਬ ਫਿਰ ਇਹ ਹੋਇਆ ਕਿ ਮੈਟਰ ਐਟਮ ਦੇ ਵਿੱਚ ਹੈ।
ਜੁਆਬ ਸੀ, ਐਟਮ ਤਾਂ ਆਪ ਪ੍ਰੋਟੋਨ, ਇਲੈਕਟ੍ਰੋਨ ਅਤੇ ਨਿਊਟ੍ਰੋਨ ਤੋਂ ਬਣਦਾ ਹੈ।
ਇਸ ਦਾ ਅਰਥ ਤਾਂ ਇਹ ਹੋਇਆ ਕਿ ਮਾਦਾ ਜਾਂ ਮੈਟਰ ਐਟਮ ਦੇ ਨਿਊਟ੍ਰੋਨ ਜਾਂ ਨਾਭੀ ਵਿਚ ਹੋਣਾ ਚਾਹੀਦਾ ਹੈ।
ਪ੍ਰੰਤੂ, ਕਮਾਲ ਦੀ ਗੱਲ ਤਾਂ ਇਹ ਹੈ ਕਿ ਜਦ ਵਿਗਿਆਨੀ ਵੱਡੀਆਂ ਵੱਡੀਆਂ ਖੁਰਦਬੀਨਾਂ ਨਾਲ ਐਟਮ ਦੀ ਨਾਭੀ ਦੀ ਖੋਜ ਕਰਦੇ ਹਨ ਤਾਂ ਉਹ ਹੈਰਾਨ ਹੁੰਦੇ ਹਨ। ਜਦ ਕੋਈ ਵਿਗਿਆਨੀ ਇਹ ਸੋਚ ਕੇ ਨਾਭੀ ਨੂੰ ਵੇਖਦਾ ਹੈ ਕਿ ਇਹ ਮਾਦਾ ਕਣ ਹੈ ਤਾਂ ਉਹ ਉੇਸੇ ਵੇਲੇ ਮਾਦਾ ਕਣ ਬਣ ਜਾਂਦਾ ਹੈ, ਜੇਕਰ ਉਹ ਇਹ ਸੋਚ ਕੇ ਵੇਖੇ ਕਿ ਇਹ ਤਾਂ ਵੇਵਜ਼ (ਤਰੰਗਾਂ) ਹਨ ਤਾਂ ਉਹ ਮਾਦਾ ਕਣ ਉਸੇ ਵੇਲੇ ਹੀ ਵੇਵਜ਼ ਬਣ ਜਾਂਦਾ ਹੈ। ਇਹ ਵਰਤਾਰਾ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਆਪਾਂ ਤੇਜ਼ ਚੱਲਦੇ ਛੱਤ ਵਾਲੇ ਪੱਖੇ ਨੂੰ ਵੇਖਦੇ ਇਹ ਸੋਚਦੇ ਹਾਂ ਕਿ ਇਹ ਖੱਬੇ ਤੋਂ ਸੱਜੇ ਨੂੰ ਘੁੰਮ ਰਿਹਾ ਹੈ ਤਾਂ ਉਹ ਸਾਨੂੰ ਖੱਬੇ ਤੋਂ ਸੱਜੇ ਨੂੰ ਘੁੰਮਦਾ ਨਜ਼ਰ ਆਵੇਗਾ, ਪਰ ਜੇਕਰ ਅਸੀਂ ਇਹ ਸੋਚੀਏ ਕਿ ਇਹ ਪੱਖਾ ਸੱਜੇ ਤੋਂ ਖੱਬੇ ਨੂੰ ਘੁੰਮ ਰਿਹਾ ਹੈ ਤਾਂ ਉਹ ਸਾਨੂੰ ਉਸੇ ਤਰ੍ਹਾਂ ਹੀ ਨਜ਼ਰ ਆਉਣ ਲੱਗ ਪਵੇਗਾ। ਇਸ ਦਾ ਅਰਥ ਇਹ ਹੋਇਆ ਕਿ ਇਹ ਸਾਰਾ ਵਰਤਾਰਾ ਸਾਡੀ ਸੋਚ ਨਾਲ ਹੀ ਸਬੰਧਿਤ ਹੈ। ਅਸੀਂ ਇਸ ਜਗਤ ਨੂੰ ਜਿਸ ਸੋਚ ਨਾਲ ਵੇਖਦੇ ਹਾਂ ਇਹ ਉਸੇ ਤਰ੍ਹਾਂ ਹੀ ਹੋ ਜਾਂਦੀ ਹੈ। ਜਿਹੜੇ ਲੋਕ ਇਸ ਸੰਸਾਰ ਨੂੰ ਦੁੱਖਾਂ ਦਾ ਘਰ ਸੋਚ ਕੇ ਦੁਖੀ ਹੁੰਦੇ ਰਹਿੰਦੇ ਹਨ ਉਨਾਂ ਨੂੰ ਦੁਨੀਆਂ ਦਾ ਕੋਈ ਵੀ ਵੈਦ ਹਕੀਮ ਸੁਖੀ ਨਹੀਂ ਕਰ ਸਕਦਾ ਅਤੇ ਜਿਨ੍ਹਾਂ ਲੋਕਾਂ ਲਈ ਇਹ ਦੁਨੀਆਂ ਸੁੱਖਾਂ ਦਾ ਅਤੇ ਮੌਜ-ਮਸਤੀਆਂ ਦਾ ਘਰ ਹੈ, ਉਨ੍ਹਾਂ ਨੂੰ ਕੋਈ ਸਥਿਤੀ ਜਾਂ ਬੰਦਾ ਦੁਖੀ ਨਹੀਂ ਕਰ ਸਕਦਾ। ਇਸ ਲਈ ਦੁੱਖ ਅਤੇ ਸੁੱਖ ਦਾ ਸਬੰਧ ਮਨੁੱਖ ਦੀ ਮਾਨਸਿਕ ਸਥਿਤੀ ਜਾਂ ਸੋਚ ਨਾਲ ਹੈ। ਜਿਹੜੇ ਵਿਅਕਤੀ ਦੀ ਮਾਨਸਿਕ ਸਥਿਤੀ ਚੜ੍ਹਦੀ ਕਲਾ ਵਾਲੀ ਰਹਿੰਦੀ ਹੈ, ਉਹ ਹਮੇਸ਼ਾ ਹੀ ਖੁਸ਼, ਸੁਖੀ ਤੇ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਜਿਹੜਾ ਇਕ ਵਾਰ ਢਹਿੰਦੀਆਂ ਕਲਾਵਾਂ ਵਿਚ ਚਲਾ ਗਿਆ, ਉਸ ਨੂੰ ਕੋਈ ਦੁੱਖਾਂ ਵਿਚੋਂ ਬਾਹਰ ਨਹੀਂ ਕੱਢ ਸਕਦਾ। ਇਸ ਲਈ ਕਹਿ ਸਕਦੇ ਹਾਂ ਕਿ ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਬਹੁਤ ਹੀ ਮਹਾਨ ਅਤੇ ਵਿਗਿਆਨਕ ਫਲਸਫ਼ਾ ਦਿੱਤਾ ਹੈ। ਇਹੋ ਕਾਰਨ ਹੈ ਕਿ ਪੰਜਾਬੀ ਅਤੇ ਖਾਸ ਕਰ ਸਿੱਖ ਹਰ ਸਥਿਤੀ ਵਿਚੋਂ ਖੁਸ਼ੀ ਦੀ ਸਿਰਜਣਾ ਕਰ ਲੈਂਦੇ ਹਨ।
ਇਸ ਦੀਆਂ ਉਦਾਹਰਣਾਂ ਸਾਨੂੰ ਇਨ੍ਹਾਂ ਦੇ ਦੋ ਵੱਡੇ ਘੱਲੂਘਾਰਿਆਂ ਵਿਚੋਂ ਮਿਲਦੀਆਂ ਹਨ। ਜਦ ਵੱਡੇ ਘੱਲੂਘਾਰੇ ਤੋਂ ਪਿੱਛੇ ਸਿੰਘਾਂ ਦੇ ਜਥੇ ਦੇ ਜਥੇਦਾਰ ਨੇ, ਬਹੁਤ ਸਾਰੇ ਸਿੰਘਾਂ-ਸਿੰਘਣੀਆਂ ਅਤੇ ਬੱਚਿਆਂ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਵੀ ਇਹ ਨਾਅਰਾ ਮਾਰਿਆ ਸੀ ਕਿ ਕੱਚੇ ਪਿੱਲੇ ਝੜ ਗਏ ਹਨ, ਹੁਣ ਬਾਕੀ ਚੜ੍ਹਦੀ ਕਲਾ ਵਾਲੇ ਦੁਸ਼ਮਣ ਨਾਲ ਦੋ ਦੋ ਹੱਥ ਕਰਨਗੇ। ਇਹ ਕੋਈ ਸ਼ਹੀਦ ਹੋਇਆਂ ਦੀ ਤੌਹੀਨ ਨਹੀਂ ਸੀ ਸਗੋਂ ਬਾਕੀ ਬਚੇ ਜੁਝਾਰੂਆਂ ਲਈ ਚੜ੍ਹਦੀ ਕਲਾ ਦਾ ਨਾਅਰਾ ਸੀ।
- ਡਾ. ਜੋਗਿੰਦਰ ਸਿੰਘ ਕੈਰੋਂ