ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਵੇਰ ਦੀ ਰੋਟੀ ਖਾਣ ਤੱਕ ਦੀਆਂ ਸੋਚਾਂ.....


ਇਕ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਹੋਈ ਹੈ 'ਨਾਦਰ ਸ਼ਾਹ ਦੀ ਵਾਪਸੀ' ਲੇਖਕ ਹਨ 'ਅਜੀਤ ਰਾਹੀ'। ਰਾਹੀ ਸਾਹਿਬ ਦਾ ਵਿਚਾਰ ਹੈ ਕਿ ਨਵੰਬਰ 1984 ਦੇ 'ਦਿੱਲੀ ਸਿੱਖ ਕਤਲੇਆਮ' ਸਮੇਂ ਮੁੜ ਨਾਦਰ ਸ਼ਾਹ ਵਾਪਸ ਆ ਗਿਆ ਹੋਵੇ। ਇਹ ਕਿਤਾਬ ਲੇਖਕ ਨੇ ਉਹਨਾਂ ਸਿੱਖਾਂ ਨੂੰ ਸਮਰਪਿਤ ਕੀਤੀ ਹੈ ਜਿਨ੍ਹਾਂ ਦਾ ਵਿਸ਼ਵਾਸ ਹੈ ਕਿ ਸਿੱਖ ਕਦੇ ਵੀ ਇਸ ਧਰਤੀ ਤੋਂ ਖਤਮ ਨਹੀਂ ਹੋ ਸਕਦੇ।..... ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਆਏ ਨਤੀਜੇ ਸਿੱਖਾਂ ਨੂੰ ਨਿਰਾਸ਼ ਤਾਂ ਨਹੀਂ ਕਰ ਸਕੇ ਪਰ ਛੇਤੀ ਕੀਤੇ ਅਜੇ ਗੁਰਦੁਆਰਾ ਪ੍ਰਬੰਧ ਦੇ ਸੁਧਾਰ ਦੀ ਥਾਂ ਹੋਰ ਖਰਾਬੀ ਦਾ ਸੰਕੇਤ ਜ਼ਰੂਰ ਦੇ ਰਹੇ ਹਨ। ਜਿਹੜੇ ਲੋਕ ਅਜੇ ਵੀ ਹਿੰਮਤ ਦਾ ਰਾਹ ਫੜ ਕੇ ਫਿਰ ਸੁਧਾਰ ਦੀਆਂ ਗੱਲਾਂ 'ਚ ਰੁੱਝੇ ਹੋਏ ਹਨ ਉਹਨਾਂ ਲਈ 'ਅਜੀਤ ਰਾਹੀ' ਦੇ ਸਮਰਪਿਤ ਸ਼ਬਦ ਜ਼ਰੂਰ ਢੁਕਦੇ ਹਨ।..... ਮੈਂ ਇਹਨਾਂ ਸੋਚਾਂ 'ਚ ਹੀ ਆਪਣੇ ਕੰਪਿਊਟਰ ਨੂੰ ਆਨ ਕੀਤਾ ਤਾਂ ਇੰਦਰਜੀਤ ਜੱਬੋਵਾਲੀਆ ਦਾ ਫੇਸ ਬੁੱਕ 'ਤੇ ਸੁਨੇਹਾ ਮਿਲਿਆ ਹੈ। ਉਹ ਆਪਣੀ ਕਵਿਤਾ 'ਚ ਲਿਖਦਾ ਹੈ ਕਿ ''ਅਸੀਂ ਸਾਢੇ ਪੰਜ ਸਦੀਆਂ ਤੋਂ ਮਰਨ ਲੱਗੇ ਹੋਏ ਹਾਂ ਅਤੇ ਹੁਣ ਵੀ ਅਸੀਂ ਮਰਨ ਲਈ ਤਿਆਰ ਹਾਂ'' ਇਹ ਕਵਿਤਾ ਮੈਨੂੰ ਚੰਗੀ ਨਹੀਂ ਲੱਗੀ। ਪਰਸ਼ਨਲ ਮੈਸਜ਼ ਬਾਕਸ 'ਚ ਮੈਂ ਉਸ ਨੂੰ ਸੁਨੇਹਾ ਭੇਜਿਆ ਹੈ ਕਿ ''ਜੇ ਅਸੀਂ ਸਿੱਖਾਂ ਨੇ ਸਿਰਫ਼ ਮਰਨ ਲਈ ਹੀ ਜਨਮ ਲੈਣਾ ਹੈ ਤਾਂ ਰੱਬ ਅੱਗੇ ਅਰਦਾਸ ਕਰੀਏ ਕਿ 'ਹੇ ਰੱਬਾ ਸਾਨੂੰ ਸਿੱਖਾਂ ਦੇ ਘਰ ਜਨਮ ਨਾ ਦੇਈਂ''। ਮੈਂ ਉਸ ਨੂੰ ਰੱਬੀ ਸ਼ੇਰਗਿੱਲ ਦੇ ਗੀਤ ਦੀਆਂ ਸ਼ਤਰਾਂ ਯਾਦ ਕਰਵਾਈਆਂ ਹਨ ਜਿਸ ਵਿਚ ਸ. ਗਿੱਲ ਨੇ ਸਿੱਖ ਇਤਿਹਾਸ ਦੀਆਂ ਅਨੇਕਾਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹਾਸਲ ਹੋਏ ਸਿੱਟੇ ਨੂੰ 'ਤਵਾਰੀਖਾਂ ਦਾ ਘੱਟਾ' ਕਹਿ ਕੇ ਗੱਲ ਨਿਬੇੜੀ ਹੈ। ਮੈਨੂੰ ਗੁੱਸਾ ਹੈ ਕਿ ਜੱਬੋਵਾਲੀਆ ਨੇ ਸਿੱਖਾਂ ਦੇ ਮਰਨ ਦੀ ਕੋਈ ਅੰਤਿਮ ਹੱਦ ਨਹੀਂ ਮਿਥੀ।..... ਸੋਚਦਾ ਹਾਂ, ਕੀ ਸਿੱਖ ਸਿਰਫ਼ ਮਰਨ ਲਈ ਹੀ ਜਨਮਦੇ ਹਨ? ਕੀ ਸਿੱਖਾਂ ਨੂੰ ਹੱਕ ਨਹੀਂ ਕਿ ਉਹ ਵੀ ਖੁਸ਼ੀਆਂ-ਖੇੜਿਆਂ ਦਾ ਜੀਵਨ ਬਸਰ ਕਰ ਸਕਣ? ਇੰਨੇ ਨੂੰ ਜੱਬੋਵਾਲੀਆ ਦਾ ਮੋੜਵਾਂ ਉਤਰ ਮੈਨੂੰ ਮਿਲਿਆ ਹੈ ਉਹਨਾਂ ਨੇ ਮੇਰੇ ਵਿਚਾਰਾਂ ਨਾਲ ਕੁਝ ਸਹਿਮਤੀ ਪ੍ਰਗਟ ਕੀਤੀ ਹੈ ਪਰ ਹੁਣ ਮੈਨੂੰ ਇਸ ਸਹਿਮਤੀ 'ਚ ਕੋਈ ਰੁਚੀ ਨਹੀਂ ਲੱਗੀ।
        ਅਖ਼ਬਾਰਾਂ ਵਾਲਾ ਹਾਕਰ ਅੱਜ ਦੇ ਅਖ਼ਬਾਰ ਫੜਾ ਜਾਂਦਾ ਹੈ। ਸਭ ਤੋਂ ਪਹਿਲਾਂ ਪਹਿਰੇਦਾਰ ਅਖ਼ਬਾਰ ਦਾ ਸੰਪਾਦਕੀ ਪੜ੍ਹਿਆ ਹੈ। ਸਿਰਲੇਖ ਹੈ 'ਸਿੱਖ ਪਾਰਲੀਮੈਂਟ, ਪਰ ਪ੍ਰਧਾਨਗੀ ਗੈਰ ਸਿੱਖ ਦੀ' ਅਖ਼ਬਾਰ ਦੇ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਨੇ ਚਰਚਾ ਕੀਤੀ ਹੈ ਕਿ ਸਿੱਖਾਂ ਦੀ ਪਾਰਲੀਮੈਂਟ ਆਖੀ ਜਾਣ ਵਾਲੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਜੇ ਗੈਰ ਸਿੱਖ ਡਿਪਟੀ ਕਮਿਸ਼ਨਰ ਹੀ ਕਰੇਗਾ ਤਾਂ ਇਹ 'ਸਿੱਖ ਪਾਰਲੀਮੈਂਟ' ਕਿਵੇਂ ਹੋਈ?..... ਹੇਰਾਂ ਸਾਹਿਬ ਨੂੰ ਰੰਜ਼ ਹੈ ਕਿ ਜਦੋਂ ਸ੍ਰੀ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਅਕਾਲੀ ਸਰਕਾਰ ਨੇ ਪਹਿਲੀ ਵਾਰ ਗੈਰ ਸਿੱਖ ਨੂੰ ਬਣਾਇਆ ਸੀ ਤਾਂ ਉਸ ਸਮੇਂ ਹੀ ਜੇ ਇਸ ਦਾ ਵਿਰੋਧ ਕੀਤਾ ਹੁੰਦਾ ਤਾਂ ਅੱਜ ਇਹ ਮੰਜ਼ਰ ਸਾਹਮਣੇ ਨਾ ਆਉਂਦਾ। ਉਹਨਾਂ ਬੜੀ ਪਤੇ ਦੀ ਦਲੀਲ ਪੇਸ਼ ਕੀਤੀ ਹੈ ਕਿ ''ਅਕਾਲੀਆਂ ਦੀ ਗਠਜੋੜ ਵਾਲੀ ਭਾਜਪਾ, ਸਿੱਖਾਂ ਦੀ ਪਾਰਲੀਮੈਂਟ ਵਿਚ ਹਿੰਦੂ ਅਫ਼ਸਰ ਦੀ ਪ੍ਰਧਾਨਗੀ ਹੇਠ ਚੱਲ ਰਹੀ ਕਾਰਵਾਈ ਦੇਖ ਕੇ ਖੁਸ਼ ਹੋਵੇਗੀ''।..... ਅਜਿਹਾ ਕੁਝ ਹੀ ਬਾਦਲ ਸਰਕਾਰ ਦਾ ਸਿੱਖਾਂ ਪ੍ਰਤੀ ਮਾੜਾ ਕਰਮ ਹੈ। ਮੈਂ ਆਪਣੇ ਮੁੰਡੇ ਨੂੰ ਹਾਕ ਮਾਰਕੇ ਕਹਿੰਦਾ ਹਾਂ ਕਿ ਉਹ ਬਾਪੂ ਨੂੰ (ਮੇਰੇ ਪਿਤਾ ਜੀ, ਜਿਨ੍ਹਾਂ ਦੀ ਨਿਗ੍ਹਾ ਹੁਣ ਕਮਜ਼ੋਰ ਹੋ ਗਈ ਹੈ) ਇਹ ਸੰਪਾਦਕੀ ਲੇਖ ਪੜ੍ਹ ਕੇ ਸੁਣਾਵੇ। ਨਵਜੀਵਨ ਸਿੰਘ ਅਖ਼ਬਾਰ ਫੜ ਕੇ ਪਿਤਾ ਜੀ ਨੂੰ ਸੰਪਾਦਕੀ ਸੁਣਾਉਣ ਚਲਾ ਜਾਂਦਾ ਹੈ, ..... ਮੈਨੂੰ ਉਹ ਸਾਰੀਆਂ ਫੋਟੋਆਂ ਯਾਦ ਆਉਂਦੀਆਂ ਹਨ ਜੋ ਮੇਰੇ ਪਿਤਾ ਨੇ ਧਰਮ ਯੁੱਧ ਮੋਰਚੇ ਸਮੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਖੜ੍ਹ ਕੇ ਖਿਚਾਈਆਂ ਹਨ। ਇਕ ਫੋਟੋ ਉਹ ਵੀ ਜਿਸ ਵਿਚ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਸੰਤ ਲੌਂਗੋਵਾਲ ਮੇਰੇ ਪਿਤਾ ਨੂੰ ਪੱਗ ਭੇਂਟ ਕਰ ਰਹੇ ਹਨ। ਮੈਨੂੰ ਹਿਰਖ ਹੈ ਕਿ ਪਿਤਾ ਜੀ ਅਜੇ ਵੀ ਅਕਾਲੀ ਦਲ ਪ੍ਰਤੀ ਹੇਜ਼ ਕਿਉਂ ਰੱਖਦੇ ਹਨ ਜਦ ਕਿ ਹੁਣ ਅਕਾਲੀ ਦਲ ਦੀ ਨੀਤੀ ਸਗੋਂ ਉਲਟੇ ਦੌਰ 'ਚ ਵਗ ਰਹੀ ਹੈ। ਇਹਨਾਂ ਸੋਚਾਂ 'ਚ ਹੀ ਨਵਜੀਵਨ ਸਿੰਘ ਮੈਨੂੰ ਅਖ਼ਬਾਰ ਫੜਾਉਣ ਆਉਂਦਾ ਹੈ। ਮੈਂ ਪੁੱਛਦਾ ਹਾਂ, ''ਬਾਪੂ ਨੇ ਸੁਣ ਕੇ ਕੀ ਆਖਿਆ ਹੈ?'' ਉਹ ਦਸਦਾ ਹੈ ਕਿ ਬਾਪੂ ਨੇ ਸਿਰਫ਼ ਇੰਨਾ ਹੀ ਕਿਹਾ ਕਿ ''ਇਹ ਕੀ ਟੱਟੂ ਪਾਰਲੀਮੈਂਟ ਹੈ ਸਿੱਖਾਂ ਦੀ!!!?'' ਮੈਨੂੰ ਕੁਝ ਧਰਵਾਸਾ ਹੋਇਆ ਹੈ ਬਾਪੂ ਜੀ ਹੁਣ ਸਮਝ ਰਹੇ ਹਨ।
ਮੋਬਾਇਲ ਫੋਨ ਦੀ ਘੰਟੀ ਵੱਜੀ ਹੈ ਸਕਰੀਨ 'ਤੇ ਇਕ ਕਿਸਾਨ ਆਗੂ ਦਾ ਨਾਮ ਡਿਸਪਲੇਅ ਹੋਇਆ ਹੈ। ਆਨ ਕਰਨ ਸਾਰ ਉਹ ਨੇ ਸੰਖੇਪ 'ਚ ਦੱਸਿਆ ਹੈ ਕਿ ''ਗੋਬਿੰਦਪੁਰਾ ਦੀਆਂ ਖੋਹੀਆਂ ਜ਼ਮੀਨਾਂ 'ਚ ਅੱਜ ਅਸੀਂ ਦਾਖਲ ਹੋ ਜਾਣਾ ਹੈ ਚਾਹੇ ਜਿਨ੍ਹਾਂ ਵੀ ਖੂਨ ਕਿਉਂ ਨਾ ਡੋਲਣਾ ਪਵੇ।'' ਕਿਸਾਨ ਆਗੂ ਦੱਸ ਰਿਹਾ ਹੈ ਕਿ ਨੇੜਲੇ ਪਿੰਡ 'ਚ ਇਕ ਹਜ਼ਾਰ ਕਿਸਾਨ ਇਕੱਠੇ ਹੋ ਗਏ ਹਨ ਜਿਨ੍ਹਾਂ ਨੂੰ ਪੁਲਿਸ ਨੇ ਘੇਰਾ ਪਾ ਰੱਖਿਆ ਹੈ। ਮੈਨੂੰ ਤੁਰੰਤ ਪੁੱਜਣ ਲਈ ਕਹਿ ਕੇ ਫੋਨ ਕੱਟ ਦਿੱਤਾ ਗਿਆ ਹੈ।..... ਸੋਚਦਾ ਹਾਂ, ਜੇ ਸਾਡੇ ਪਾਸ ਜ਼ਮੀਨਾਂ ਵੀ ਨਾ ਰਹੀਆਂ ਤਾਂ ਸਾਡੀ ਪਹਿਲਾਂ ਦੀ ਡਗਮਗਾ ਰਹੀ ਆਰਥਿਕਤਾ ਕਿਧਰ ਨੂੰ ਜਾਵੇਗੀ? ਜੇ ਸਰਕਾਰ ਦਾ ਕਿਸਾਨਾਂ ਪ੍ਰਤੀ ਰਵੱਈਆ ਇਹ ਹੀ ਰਿਹਾ ਤਾਂ ਸਾਰੇ ਕਿਸਾਨ ਘਸਿਆਰੇ ਤਾਂ ਨਹੀਂ ਬਣ ਜਾਣਗੇ? .....ਕੀ ਇੰਦਰਜੀਤ ਜੱਬੋਵਾਲੀਆ ਦੀ ਕਵਿਤਾ ਸੱਚ ਨਹੀਂ ਬੋਲ ਰਹੀ ਕਿ ਅਸੀਂ ਫਿਰ ਮਰਨ ਲਈ ਹਮੇਸ਼ਾ ਤਿਆਰ ਹਾਂ? .....ਕੀ ਨਾਦਰਸ਼ਾਹ ਫਿਰ ਵਾਪਸ ਆ ਗਿਆ ਹੈ ਜਾਂ ਫਿਰ ਵਾਪਸ ਗਿਆ ਹੀ ਨਹੀਂ?
ਸਵੇਰ ਦੇ ਦਸ ਵੱਜ ਗਏ ਹਨ। ਮੇਰਾ ਅੱਜ ਘੁਮਿਆਰਾਂ ਦੇ ਘਰ ਜਾ ਕੇ ਕੁਝ ਵਿਸ਼ੇਸ਼ ਕਿਸਮ ਦੇ ਕੁੱਜੇ ਤਿਆਰ ਕਰਵਾਉਣ ਦਾ ਪ੍ਰੋਗਰਾਮ ਹੈ। 22 ਸਤੰਬਰ ਨੂੰ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ 'ਤੇ 'ਛੋਟੇ ਪੰਛੀਆਂ' ਨੂੰ ਮਿੱਟੀ ਦੇ ਬਨਾਉਟੀ ਆਲ੍ਹਣੇ ਬਣਾਉਣ ਦੀ ਤਕਨੀਕ ਸਿੱਖ ਕੇ ਆਇਆ ਹਾਂ। .....ਮੈਨੂੰ ਯਾਦ ਹੈ ਜਦੋਂ ਮੈਂ ਇਸ ਯੂਨੀਵਰਸਿਟੀ 'ਚ ਪੜ੍ਹਦਾ ਸੀ ਤਾਂ ਖੇਤੀ ਵਿਗਿਆਨੀ ਸਾਨੂੰ ਛੋਟੇ ਪੰਛੀਆਂ ਤੋਂ ਫਸਲਾਂ ਨੂੰ ਬਚਾਉਣ ਦੇ ਢੰਗ ਤਰੀਕੇ ਪੜ੍ਹਾਉਂਦੇ ਸਨ ਪਰ ਸਮਾਂ ਬਦਲ ਗਿਆ ਹੈ। .....ਪੰਛੀ ਪੰਜਾਬ ਦੀ ਧਰਤੀ ਤੋਂ ਖਤਮ ਹੋਣ ਕਿਨਾਰੇ ਪੁੱਜ ਗਏ ਹਨ। ਵਿਗਿਆਨੀ ਹੁਣ ਉਹਨਾਂ ਨੂੰ ਬਨਾਉਟੀ ਘਰ ਬਣਾ ਕੇ ਦੇਣ ਦੇ ਉਪਰਾਲੇ ਕਰ ਰਹੇ ਹਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਉਣ ਲਈ ਖਤਮ ਹੋ ਰਹੇ ਪੰਛੀਆਂ ਦੀਆਂ ਜਾਤਾਂ ਜਿਉਂਦੀਆਂ ਰੱਖੀਆਂ ਜਾ ਸਕਣ। .....ਸਰਕਾਰ ਸਮਝਦੀ ਹੈ, ਹੁਣ ਪੰਛੀ ਬਗਾਵਤ ਕਰਕੇ ਕਿਸਾਨਾਂ ਦੀਆਂ ਫਸਲਾਂ ਨਾਲ ਆਪਣੇ ਢਿੱਡ ਭਰਨ ਜੋਗੇ ਨਹੀਂ ਰਹੇ। .....ਹੁਣ ਉਹਨਾਂ ਤੋਂ ਕਥਿਤ ਉਜਾੜੇ ਦਾ ਖਤਰਾ ਟਲ ਗਿਆ ਇਸ ਲਈ ਹੁਣ ਇਹਨਾਂ ਦੀਆਂ ਕੁਝ ਨਸਲਾਂ ਦਿਖਾਵੇ ਦੇ ਤੌਰ 'ਤੇ ਜਿਉਂਦੀਆਂ ਰੱਖ ਲਈਆਂ ਜਾਣ। ਅਜੀਤ ਰਾਹੀ ਦੀ ਕਿਤਾਬ 'ਚ ਨਵੰਬਰ 1984 ਦੇ ਕਤਲੇਆਮ ਤੋਂ ਬਾਅਦ ਲਾਏ ਬਨਾਉਟੀ ਸਰਕਾਰੀ ਤੰਬੂ ਯਾਦ ਆਉਂਦੇ ਹਨ......।
ਦਫ਼ਤਰ ਜਾਣ ਦੀ ਕਾਹਲ ਹੈ। ਤਖ਼ਤੇ ਦੇ ਕੁੰਡੇ ਨਾਲ ਪੱਗ ਦਾ ਲੜ ਬੰਨ ਕੇ ਪੂਣੀ ਕਰਨ ਲੱਗਿਆ ਹਾਂ ਅਸਮਾਨ 'ਚ ਚਿੜੀਆਂ ਦਾ ਝੁੰਡ ਅਚਾਨਕ ਰੌਲਾ ਪਾਉਂਦਾ ਲੰਘਿਆ ਹੈ...... ਸ਼ਾਇਦ ਇਹਨਾਂ ਨੂੰ ਆਪਣੇ ਅਸਲੀ ਘਰਾਂ ਦੀ ਤਲਾਸ਼ ਹੈ, ਉਸ ਮਾਹੌਲ ਦੀ ਜ਼ਰੂਰਤ ਹੈ ਜਿਸ ਵਿਚ ਇਹ ਆਪਣੀ ਵੰਸ਼ ਚੰਗੀ ਤਰ੍ਹਾਂ ਪਾਲ ਸਕਣ ਜਾਂ ਫਿਰ ਇਹ ਸਮੂਹਕ ਖੁਦਕੁਸ਼ੀ ਕਰਨ ਜਾ ਰਹੀਆਂ ਹੋਣ.....? ਸਰਕਾਰ ਦੇ ਬਨਾਉਟੀ ਘਰਾਂ 'ਚ ਰਹਿਣ ਦੀ ਜਾਂਚ ਸਿੱਖਣ ਲਈ ਚਿੜੀਆਂ ਦੀ ਇਹ ਕੋਈ ਸਾਂਝੀ ਉਡਾਰੀ ਵੀ ਹੋ ਸਕਦੀ ਹੈ? ਇਹ ਵੀ ਸੰਭਵ ਹੈ ਕਿ ਗੋਬਿੰਦਪੁਰਾ ਦੀਆਂ ਜ਼ਮੀਨਾਂ ਦੀ ਮੁੜ ਪ੍ਰਾਪਤੀ ਲਈ ਸਰਕਾਰ ਖਿਲਾਫ਼ ਇਕੱਠੇ ਹੋਏ ਕਿਸਾਨਾਂ ਵਾਂਗੂ ਇਹਨਾਂ ਦੀ ਚਿਰ-ਚਰਾਹਟ ਬਗਾਵਤ ਦਾ ਸੂਚਕ ਹੋਵੇ? .....ਸਮਝਦਾ ਹਾਂ ਚਿੜੀਆਂ ਦੀ ਹੋਣੀ ਵੀ ਸਿੱਖ ਕੌਮ ਦੀ ਹੋਣੀ ਨਾਲ ਮਿਲਦੀ ਜੁਲਦੀ ਹੈ.....।
ਰੋਟੀ ਖਾਣ ਬੈਠਿਆ ਹਾਂ। ਅਖ਼ਬਾਰਾਂ ਦੀਆਂ ਸੁਰਖੀਆਂ 'ਤੇ ਨਿਗ੍ਹਾ ਮਾਰ ਲੈਣ ਦਾ ਲਾਲਚ ਵੀ ਹੈ। ਹੋ ਸਕਦਾ ਹੈ ਅੱਜ ਅਖ਼ਬਾਰ ਪੜ੍ਹਨ ਦਾ ਸਮਾਂ ਨਾ ਲੱਗੇ .....ਕਿਸਾਨਾਂ ਦੇ ਸੰਘਰਸ਼ 'ਚ ਸਰਕਾਰ ਦਾ ਰਵੱਈਆ ਠੀਕ ਨਹੀਂ ਲਗਦਾ, ਟਕਰਾਅ ਹੋਣ ਦੇ ਆਸਾਰ ਹਨ। ਛੇਤੀ ਜਾਣਾ ਬਣਦਾ ਹੈ। .....ਆਖਰ ਸੰਘਰਸ਼ ਹੀ ਸਮੱਸਿਆ 'ਚੋਂ ਕੱਢਣ ਦਾ ਆਖਰੀ ਢੰਗ ਹੈ। .....ਸੰਘਰਸ਼ ਕਰਨ ਲਈ ਸੰਘਰਸ਼ਾਂ ਨੂੰ ਨੇੜਿਓ ਦੇਖਣ-ਪਰਖਣ ਨਾਲ ਨਵੇਂ ਤਜਰਬੇ ਮਿਲਦੇ ਹਨ। .....ਅਖ਼ਬਾਰ ਦੀ ਇਕ ਖ਼ਬਰ ਹੈ, ਜਿਸ ਵਿਚ ਮਨਪ੍ਰੀਤ ਸਿੰਘ ਬਾਦਲ ਕਹਿ ਰਿਹਾ ਹੈ ਕਿ 'ਪੰਜਾਬ ਦੇ ਹਰ ਕਿਸਾਨ ਮੈਂਬਰ ਸਿਰ 45 ਹਜ਼ਾਰ ਰੁਪਏ ਦਾ ਕਰਜ਼ਾ ਹੈ'।...... ਅਜੇ ਕੁਝ ਦਿਨ ਪਹਿਲਾਂ ਹੀ ਅਸੀਂ ਆਪਣੇ ਅਖ਼ਬਾਰ 'ਚ ਇਕ ਖ਼ਬਰ ਕੈਪਟਨ ਅਮਰਿੰਦਰ ਸਿੰਘ ਦੀ ਵੀ ਛਾਪੀ ਸੀ ਜਿਸ ਵਿਚ ਉਹਨਾਂ ਨੇ ਦੱਸਿਆ ਸੀ ਕਿ 'ਪੰਜਾਬ ਸਿਰ ਕਰਜ਼ਾ ਸੌ ਹਜ਼ਾਰ ਕਰੋੜ ਤੋਂ ਵੀ ਵੱਧ ਹੋ ਗਿਆ ਹੈ'।....... ਸੋਚਾਂ ਦੀ ਲੜੀ ਫਿਰ ਟੁਟਦੀ ਹੈ ਕਿਸਾਨਾਂ ਦਾ ਜਥਾ ਗੋਬਿੰਦਪੁਰਾ ਵੱਲ ਨੂੰ ਨਾਅਰੇ ਮਾਰਦਾ ਜਾ ਰਿਹਾ ਹੈ।
ਬੱਚਾ-ਬੱਚਾ ਝੋਕ ਦਿਆਂਗੇ....
ਜ਼ਮੀਨਾਂ 'ਤੇ ਕਬਜ਼ੇ ਰੋਕ ਦਿਆਂਗੇ।
.....ਇੰਦਰਜੀਤ ਜੱਬੋਵਾਲੀਆ ਦੀ ਕਵਿਤਾ ਪੂਰੀ ਤਰ੍ਹਾਂ ਢੁਕਦੀ ਹੈ।
ਸਾਢੇ ਪੰਜ ਸਦੀਆਂ ਤੋਂ
ਵਾਰ-ਵਾਰ, ਲਗਾਤਾਰ
ਧ੍ਰੋਹ ਕਰਕੇ ਜਾਂ ਮੋਹ ਕਰਕੇ
ਮਰਾਂਗੇ.........ਜ਼ਰੂਰ ਮਰਾਂਗੇ।
ਅਜੀਤ ਰਾਹੀ ਦੀ ਕਿਤਾਬ ਦੇ 'ਸਮਰਪਿਤ ਸ਼ਬਦ' ਫਿਰ ਯਾਦ ਆਉਂਦੇ ਹਨ .....''ਸਮਰਪਿਤ ਹੈ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਦਾ ਵਿਸ਼ਵਾਸ ਹੈ ਕਿ ਸਿੱਖ ਕੌਮ ਕਦੇ ਖਤਮ ਨਹੀਂ ਹੋ ਸਕਦੀ''।      
ਗੁਰਸੇਵਕ ਸਿੰਘ ਧੌਲਾ
ਮੋਬਾਇਲ ਨੰ : 94632-16267