ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ੍ਰ. ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ


27 ਅਕਤੂਬਰ ਸੰਨ 1969 ਨੂੰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਦੇ ਪ੍ਰਸਤਾਵ ਉਤੇ, ਸਿਰਦਾਰ ਕਪੂਰ ਸਿੰਘ ਐਮ. ਐਲ. ਏ. (ਭੂਤਪੂਰਵ ਐਮ.ਪੀ.) ਨੇ ਹੇਠਾਂ ਅੰਕਤ ਹੋਈ ਸਪੀਚ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਵਿਚ ਦਿੱਤੀ। ਅਧਿਅਕਸ਼, ਸਾਹਿਬ, ਜਿਹੜਾ ਪ੍ਰਸਤਾਵ ਐਸ ਵੇਲੇ ਸਦਨ ਦੇ ਸਾਹਮਣੇ ਹੈ, ਉਸ ਵਿਚ ਕਿਹਾ ਗਿਆ ਹੈ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ 'ਚੰਡੀਗੜ੍ਹ ਨੂੰ ਪੰਜਾਬੀ ਸੂਬੇ ਵਿਚ ਸ਼ਾਮਲ ਕਰਵਾਉਣ ਲਈ, ਸ਼ਹਾਦਤ ਦਿੱਤੀ। ਸ੍ਰੀਮਾਨ ਜੀ, ਇਹ ਠੀਕ ਵੀ ਨਹੀਂ ਹੈ ਅਤੇ ਭੁਲੇਖਾ-ਪਾਊ ਵੀ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਹੁਕਮ ਹੈ ਕਿ -
ਮਨੁ ਸਚ ਕਸਵਟੀ ਲਾਈਐ, ਤੁਲੀਐ ਪੂਰੈ ਤੋਲਿ£
ਇਹ ਮਹਾਨ ਸ਼ਹਾਦਤ ਬਾਰੇ ਉਹ ਕੁਛ ਕਹਿਣਾ ਜੋ ਸੱਚ ਦੀ ਕਸਵੱਟੀ ਉਤੇ ਪੂਰਾ ਨਹੀਂ ਉਤਰਦਾ, ਅਯੋਗ ਹੈ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ ਜਿਹੜੀ ਅੰਤਿਮ ਵਸੀਅਤ ਕੀਤੀ ਹੈ ਉਹ ਹੁਣ ਲੋਕਾਂ ਦੇ ਸਾਹਮਣੇ ਅਤੇ ਪ੍ਰੈਸ ਵਿਚ ਲਗਭਗ ਆ ਚੁੱਕੀ ਹੈ। ਇਹ ਅੰਤਿਮ ਵਸੀਅਤ ਸ਼ਹੀਦ ਫੇਰੂਮਾਨ ਨੇ, ਮੇਰੇ ਸਾਹਮਣੇ 1 ਅਗਸਤ, ਸੰਨ 1969 ਨੂੰ ਤਸਦੀਕ ਕੀਤੀ ਸੀ ਅਤੇ ਇਸ ਉਤੇ ਗਵਾਹੀ ਵੀ ਪਈ ਹੋਈ ਹੈ। ਇਹ ਵਿਚਾਰ ਕੇ ਕਿ ਕੋਈ ਭੁਲੇਖਾ ਸੰਭਵ ਨਾ ਰਹੇ, ਸਰਦਾਰ ਦਰਸ਼ਨ ਸਿੰਘ ਨੇ ਇਹ ਵਸੀਅਤ ਟੇਪ-ਰਿਕਾਰਡ ਵੀ ਕਰਵਾ ਦਿੱਤੀ ਹੋਈ ਹੈ ਅਤੇ ਇਹ ਟੇਪ-ਰਿਕਾਰਡ ਸਰਦਾਰ ਦਰਸ਼ਨ ਸਿੰਘ ਦੀ ਆਪਣੀ ਅਵਾਜ਼ ਵਿਚ ਅਜੇ ਸੁਰੱਖਿਅਤ ਹੈ। ਅਧਿਅਕਸ਼ ਜੀ, ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਇਸ ਵਸੀਅਤ ਨਾਲੋਂ ਵਧੇਰੇ ਸਹੀ ਗਵਾਹੀ, ਸ਼ਹੀਦ ਦੀ ਮਨਸ਼ਾ ਬਾਰੇ, ਹੋਰ ਕਿਹੜੀ ਹੋ ਸਕਦੀ ਹੈ? ਇਸ ਵਸੀਅਤ ਵਿਚ ਸ. ਦਰਸ਼ਨ ਸਿੰਘ ਫੇਰੂਮਾਨ ਨੇ, ਹੋਰ ਗੱਲਾਂ ਦੇ ਨਾਲ, ਇਉਂ ਵੀ ਕਿਹਾ ਹੈ - ''ਬੀਤੀ ਅੱਧੀ ਸਦੀ ਵਿਚ ਮੈਂ ਪੰਥ ਦੀ ਚੜ੍ਹਦੀ ਕਲਾ ਅਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ। ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ।'' ''ਹੁਣ ਦੇਸ਼ ਆਜ਼ਾਦ ਹੋ ਗਿਆ ਹੈ, ਪਰ ਪੰਥ ਅਜੇ ਵੀ ਪ੍ਰਾਚੀਨ ਹੈ। ਦੇਸ਼ ਵਿਚ ਧਰਮ ਦੀ ਥਾਵੇਂ ਭ੍ਰਿਸ਼ਟਾਚਾਰ ਤੇ ਗਿਰਾਵਟ ਵਧ ਗਈ ਹੈ। ਪੰਥ ਦੀ ਰਾਜਨੀਤੀ ਅਤੇ ਗੁਰਧਾਮਾਂ ਉਤੇ ਦੰਭੀ ਸੰਤ, ਮਹੰਤ ਤੇ ਪੰਥ ਦੇ ਦੋਖੀ ਛਾ ਗਏ ਹਨ। ਸਿੱਖ ਧਰਮ ਦੇ ਸਿਧਾਂਤ, ਖਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਲਿਤਾੜ ਦਿੱਤਾ ਗਿਆ ਹੈ।'' ''ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਮਰਨ-ਵਰਤ ਅਤੇ ਜਿਊਂਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ, ਕਾਇਰਤਾਂ ਦਾ ਰਾਹ ਫੜ ਕੇ, ਪੰਥ ਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉਤੇ ਪੂਰਨ ਅਤੇ ਪੱਕਾ ਜੱਫਾ ਪਾਈ ਰੱਖਣ ਦੀ ਸਾਜਿਸ਼ ਵਿਚ ਕਾਮਯਾਬ ਹੋ ਰਹੇ ਹਨ।'' ''ਇਸ ਦੰਭ ਅਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸ਼ਰੀਕ, ਕੁੰਭ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਨੂੰ ਧੱਕੇ ਤੇ ਸਰਕਾਰੀ ਸ਼ਹਿ ਨਾਲ ਕਾਇਮ ਰੱਖਿਆ ਜਾ ਰਿਹਾ ਹੈ।'' ''ਪੰਥ ਦੀ ਅਧੋਗਤੀ ਅਤੇ ਅਪਮਾਨ ਜੋ ਅੱਜ ਹੋ ਰਿਹਾ ਹੈ, ਅੱਗੇ ਕਦੇ ਨਹੀਂ ਹੋਇਆ।'' ''ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ ਪਹਿਲਾਂ ਕਦੇ ਨਹੀਂ ਹੋਈ।'' ''ਸਿੱਖ ਰਾਜਨੀਤੀ ਵਿਚੋਂ ਸਾਧਾਂ ਮਹੰਤਾਂ ਅਤੇ ਕੌਮ ਦੇ ਗੱਦਾਰਾਂ ਨੇ ਸਿੱਖੀ ਨੂੰ ਖਾਰਜ ਕਰਨ ਅਤੇ ਸਿੱਖਾਂ ਨੂੰ ਗੈਰਾਂ ਦੇ ਗੁਲਾਮ ਬਣਾਉਣ ਦੀ ਸਾਜਿਸ਼ ਪੱਕੇ ਤੌਰ 'ਤੇ ਰਚ ਲਈ ਹੈ।'' ''ਇਹ ਕੂੜ ਦੀ ਮੱਸਿਆ ਅਤੇ ਦੰਭ ਦਾ ਜਾਲ ਬਿਨਾਂ ਸਿਰ ਦਿੱਤਿਆਂ ਹੁਣ ਦੂਰ ਨਹੀਂ ਹੋਣਾ। ਇਹ ਅਰਦਾਸੇ ਭੰਗ ਕਰਨ ਦਾ ਪਾਪ, ਪੰਥ ਦੇ ਮੁੜ ਉਠ ਖੜ੍ਹੇ ਹੋਣ ਦੇ ਰਾਹ ਵਿਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾਂ ਸੀਸ ਦਿੱਤਿਆਂ ਧੋਤਾ ਨਹੀਂ ਜਾਣਾ।'' ''ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸ਼ਰੀਕ (ਸੰਤ) ਫਤਹਿ ਸਿੰਘ ਅਤੇ ਉਸ ਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ-ਕੁੰਭ, ਪੁਕਾਰ ਪੁਕਾਰ ਕੇ ਸਿੰਘਾਂ ਕੋਲੋਂ ਅਹੂਤੀਆਂ ਮੰਗ ਰਹੇ ਹਨ।'' ''ਗੁਣ ਤੇ ਅਕਾਲ ਪੁਰਖ ਤੋਂ ਭਗੌੜਾ ਹੋ ਕੇ ਪੰਥ ਬਚ ਨਹੀਂ ਸਕਦਾ।'' ''ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਕਾ ਸਿੰਘ, ਆਪਣਾ ਸੀਸ ਦੇ ਕੇ, ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗੱਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪਰਾਸ਼ਚਿਤ ਕਰੇ, ਤਾਂ ਜੋ ਪੰਥ, ਅਜ਼ਾਦ ਹਿੰਦੁਸਤਾਨ ਵਿਚ ਅਜ਼ਾਦ ਪੰਥ ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ।'' ''ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਮੈਂ ਆਪਣਾ ਬਲੀਦਾਨ ਦੇਣ ਲੱਗਾ ਹਾਂ।'' ''ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਮੇਰੇ ਪਿੱਛੇ ਉਹ ਆਪਣਾ ਫਰਜ਼ ਪਛਾਣਨ। ਮੇਰੇ ਮਰਨ ਤੋਂ ਪਿੱਛੋਂ, ਮੇਰੇ ਸਰੀਰ ਨੂੰ (ਸੰਤ) ਫਤਹਿ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅਗਲੀ-ਕੁੰਡ ਵਿਚ ਰੱਖ ਕੇ ਫੂਕ ਦਿੱਤਾ ਜਾਵੇ ਅਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪੁਚਾ ਦਿੱਤੀਆਂ ਜਾਣ।'' ''ਪੰਥ ਦੇ ਮਸੰਦਾਂ ਅਤੇ ਧਰਮ ਦੇ ਦੋਖੀਆਂ ਨਾਲ ਯਥਾਯੋਗ ਸਲੂਕ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਣੇ ਹੋਏ, ਦੰਭ ਅਤੇ ਪਖੰਡ ਦੀਆਂ ਨਿਸ਼ਾਨੀਆਂ, ਅਗਲੀ-ਕੁੰਡ, ਢਾਹ ਦਿੱਤੇ ਜਾਣ।'' ''ਸੰਗਤਾਂ ਅਰਦਾਸ ਕਰਨ ਕਿ ਸਾਹਿਬ ਦਸਮ ਪਾਤਿਸ਼ਾਹ ਮੇਰੀ ਤੁੱਛ ਕੁਰਬਾਨੀ ਕਬੂਲ ਕਰਨ ਅਤੇ ਆਪਣੇ ਪੰਥ ਦੀ ਬਾਹੁੜੀ ਕਰਨ।''
''ਸੰਪੂਰਨ ਪੰਜਾਬ, ਜ਼ਿੰਦਾਬਾਦ!''
''ਸਿੱਖ ਹੋਮਲੈਂਡ, ਅਮਰ ਰਹੇ!''
''ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!'' ਅਧਿਅਕਸ਼ ਜੀਓ, ਇਹ ਨਿਸ਼ਾਨੇ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਸ਼ਹਾਦਤ ਦਿੱਤੀ।
1. ਫੇਰੂਮਾਨ ਜੀ ਨੇ ਇਸ ਲਈ ਸ਼ਹਾਦਤ ਦਿੱਤੀ ਕਿ ਉਹ ਕਾਲਖ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ, ਜਿਉਂਦੇ ਸੜ ਮਰਨ ਦੇ ਅਰਦਾਸੇ ਭੰਗ ਕਰ ਕੇ, ਕਾਇਰ, ਦੰਭੀ, ਗੁਰੂ ਤੋਂ ਬੇਮੁਖ ਤੇ ਪੰਥ ਦੇ ਭਗੌੜੇ ਅਖੌਤੀ ਲੀਡਰਾਂ ਨੇ, ਪੰਥ ਦੇ ਉਜਲ ਮੁੱਖ ਉਤੇ ਮਲੀ ਹੈ, ਉਹ ਧੋਤੀ ਜਾਏ।
2. ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਆਪਣਾ ਸੀਸ ਬਲੀਦਾਨ ਕੀਤਾ ਤਾਂ ਜੋ ਜਿਹੜੇ ਝੂਠੇ ਦਾਅਵੇ, ਅਖੌਤੀ ਸਿੱਖ ਲੀਡਰਾਂ ਨੇ ਚੰਡੀਗੜ੍ਹ, ਭਾਖੜਾ ਆਦਿ ਪੰਜਾਬੀ ਸੂਬੇ ਵਿਚ ਸ਼ਾਮਲ ਕਰਵਾਉਣ ਲਈ ਕੀਤਾ ਸੀ, ਉਨ੍ਹਾਂ ਬਚਨਾਂ ਉਤੇ ਮੁੜ ਪਹਿਰਾ ਦੇ ਕੇ, ਉਹ ਕਾਇਮ ਕੀਤੇ ਜਾਣ।
3. ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਮਹਾਨ ਕੁਰਬਾਨੀ ਇਸ ਲਈ ਕੀਤੀ ਤਾਂ ਜੋ ਉਨ੍ਹਾਂ ਕਾਇਰ, ਦੰਭੀ ਅਤੇ ਪੰਥ ਦੇ ਗੱਦਾਰ, ਜਿਨ੍ਹਾਂ ਨੇ ਜਿਉਂਦੇ ਸੜ ਮਰਨ ਦਾ ਅਰਦਾਸਾ ਕਰਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਧੁਰ ਛੱਤ ਉਤੇ 'ਅਗਨੀ-ਕੁੰਡ' ਬਣਾਏ ਹਨ ਅਤੇ ਜੋ ਮੌਤ ਤੋਂ ਡਰਦੇ, ਗੀਦੀਆਂ ਵਾਂਗਰ ਭੱਜ ਗਏ ਹਨ ਅਤੇ ਇਉਂ ਪੰਥ ਦੇ, ਅਦ੍ਰਿਸ਼ਟ, ਦਿੱਬ ਗੁਰੂ ਨਾਲ ਪੀਡੇ ਰਿਸ਼ਤੇ ਨੂੰ ਕਮਜ਼ੋਰ ਕੀਤਾ ਹੈ। ਉਹ ਰਿਸ਼ਤਾ ਮੁੜ ਸੁਰਜੀਤ ਕੀਤਾ ਜਾਵੇ। (ਰੌਲਾ ਤੇ ਵਿਘਨ)
4. ਇਹ ਸ਼ਹਾਦਤ ਸਿੱਖ ਹੋਮਲੈਂਡ ਦੀ, ਸਥਾਪਤੀ ਅਤੇ ਅਜ਼ਾਦ ਪੰਥ, ਅਜ਼ਾਦ ਹਿੰਦੁਸਤਾਨ ਵਿਚ, ਪ੍ਰਾਪਤ ਕਰਨ ਹਿੱਤ, ਕੀਤੀ ਗਈ ਹੈ।
ਮੈਂ ਇਸ ਸ਼ਹੀਦ ਮਰਦ, ਇਸ ਸਿੰਘਊ ਜਜ਼ਬੇ ਨਾਲ ਭਰਪੂਰ ਸਿੱਖ ਨੂੰ, ਇਥੇ ਅੱਜ ਨਮਸਕਾਰ ਕਰਦਾ ਹਾਂ, ਕਿਉਂ ਜੋ ਉਹ ਸਿੱਖ ਹੋਮਲੈਂਡ ਦਾ ਪਹਿਲਾ ਸ਼ਹੀਦ ਹੈ। ਸ੍ਰੀਮਾਨ ਜੀ, ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ, ਜੁਲਾਈ 1969 ਵਿਚ ਹੀ ਖੁੱਲ੍ਹਮ-ਖੁੱਲ੍ਹਾ, ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਸ ਨੇ ਧਰਮ-ਹੇਤ ਸੀਸ ਦੇਣ ਦਾ ਦ੍ਰਿੜ੍ਹ ਨਿਸ਼ਚਾ ਕਰ ਲਿਆ ਹੈ। ਸਰਦਾਰ ਦਰਸ਼ਨ ਸਿੰਘ ਨੇ ਅਖੌਤੀ ਸੰਤ, ਫਤਹਿ ਸਿੰਘ ਨੂੰ ਦੋ ਚਿੱਠੀਆਂ ਲਿਖੀਆਂ, ਪਬਲਿਕ ਤੌਰ 'ਤੇ ਕਿ ਉਹ ਦੰਭ ਤੇ ਪਖੰਡ ਦੇ 'ਅਗਨੀ-ਕੁੰਡ' ਨੂੰ ਢਾਹ ਦੇਵੇ, ਕਿਉਂ ਜੋ ਇਹ 'ਤੰਦੂਰ' ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੌਰਵ ਤੇ ਸਨਮਾਨ ਨੂੰ ਭੰਗ ਕਰਦੇ ਹਨ ਅਤੇ ਪੰਥ ਦੀ ਉਜਲ ਕੀਰਤੀ ਉਤੇ ਧੱਬਾ ਹਨ। ਦਰਸ਼ਨ ਸਿੰਘ ਜੀ ਨੇ ਫਤਹਿ ਸਿੰਘ ਨੂੰ ਵੰਗਾਰਿਆ ਕਿ ਉਹ ਅੱਗੇ ਆਵੇ ਤਾਂ ਜੋ ਦਰਸ਼ਨ ਸਿੰਘ ਤੇ ਉਹ ਰਲ ਕੇ, ਪੰਥ ਦਾ ਵਕਾਰ ਮੁੜ ਬਹਾਲ ਕਰਨ ਲਈ, ਸੀਸ ਦੇਣ। ਇਸ 'ਸੰਤ' ਕਹਾਉਣ ਵਾਲੇ ਫਤਹਿ ਸਿੰਘ ਨੇ ਉਤਰ ਵਿਚ ਕਿਹਾ ਕਿ 'ਦਰਸ਼ਨ ਸਿੰਘ ਪਾਖੰਡੀ ਹੈ ਅਤੇ ਦਿੱਲੀ ਦੀ ਕਾਂਗਰਸ ਸਰਕਾਰ ਦਾ ਹੱਥ-ਠੋਕਾ ਹੈ।' ਪਹਿਲੀ ਅਗਸਤ ਸੰਨ 1969 ਨੂੰ, ਰਈਆ ਮੰਡੀ ਵਿਚ ਇਕ ਕਾਨਫਰੰਸ ਰੱਖੀ ਗਈ, ਜਿਸ ਵਿਚ ਸਰਦਾਰ ਦਰਸ਼ਨ ਸਿੰਘ ਨੇ ਐਲਾਨ ਕੀਤਾ ਕਿ 15 ਅਗਸਤ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਉਹੋ ਅਰਦਾਸਾ ਕਰੇਗਾ, ਜਿਹੜਾ ਕਿ ਫਤਹਿ ਸਿੰਘ ਅਤੇ ਉਸ ਦੇ ਸਾਥੀ ਕਈ ਵਾਰ ਕਰ ਕੇ, ਕਾਇਰਾਂ ਵਾਂਗਰ ਤੋੜ ਚੁੱਕੇ ਹਨ। ਇਸ ਤੋਂ ਉਪਰੰਤ, ਫੇਰੂਮਾਨ ਜੀ ਨੇ ਕਿਹਾ ਕਿ ਉਹ ਅਖੰਡ ਮਰਨ-ਵਰਤ ਧਾਰਨ ਕਰ ਲੈਣਗੇ ਅਤੇ ਜਾਂ ਅਰਦਾਸਾ ਪੂਰਾ ਹੋਵੇਗਾ ਤੇ ਜਾਂ ਉਹ ਆਪਣੀ ਜਾਨ ਉਤੇ ਖੇਡ ਜਾਣਗੇ। ਮੈਂ ਉਸ ਕਾਨਫਰੰਸ ਵਿਚ ਮੌਜੂਦ ਸੀ ਅਤੇ ਮੇਰੇ ਸਾਹਮਦੇ ਉਹਨਾਂ ਨੇ ਵਾਰ-ਵਾਰ ਕਿਹਾ ਕਿ ਜਦੋਂ ਉਹ ਆਪਣਾ ਅਖੰਡ ਮਰਨ-ਵਰਤ ਸ਼ੁਰੂ ਕਰ ਦੇਣ ਤਦ ਕੋਈ ਮਾਈ ਭਾਈ ਨਾ ਤਾਂ ਅਮਨ ਭੰਗ ਕਰੇ ਅਤੇ ਨਾ ਹੀ ਕਿਸੇ ਸਰਕਾਰੀ ਚੀਜ਼ ਨੂੰ ਹਾਨੀ ਪਹੁੰਚਾਵੇ।
9 ਅਗਸਤ ਨੂੰ, ਇਕ ਮਾਮੂਲੀ ਆਦਮੀ, ਜਿਸ ਦਾ ਨਾਮ ਗੁਰਦਿੱਤ ਸਿੰਘ ਦੱਸਿਆ ਜਾਂਦਾ ਹੈ, ਨੇ ਬਿਆਸ ਦੇ ਥਾਣੇ ਵਿਚ ਇਕ ਰਪਟ ਦਰਜ ਕਰਵਾਈ, ਜਾਂ ਉਸ ਤੋਂ ਦਰਜ ਕਰਵਾਈ ਗਈ। ਇਸ ਰਪਟ ਵਿਚ ਗੁਰਦਿੱਤ ਸਿੰਘ ਦੇ ਮੂੰਹ ਵਿਚ ਇਹ ਸ਼ਬਦ ਪਾਏ ਗਏ ਹਨ ਕਿ 'ਦਰਸ਼ਨ ਸਿੰਘ ਫੇਰੂਮਾਨ, ਖੁੱਲ੍ਹਮ-ਖੁੱਲ੍ਹਾ ਫਤਹਿ ਸਿੰਘ ਨੂੰ ਪਾਖੰਡੀ ਤੇ ਧੋਖੇਬਾਜ ਸਾਧ ਕਹਿ ਰਿਹਾ ਹੈ।' ਹੋਰ, ਦਰਸ਼ਨ ਸਿੰਘ ਫੇਰੂਮਾਨ 'ਮੌਜੂਦਾ', ਅਕਾਲੀ-ਜਨਸੰਘ ਦੇ ਗਠਜੋੜ ਰਾਹੀਂ ਬਾਣੀ ਹੋਈ ਪੰਜਾਬ ਦੀ ਵਜ਼ਾਰਤ ਨੂੰ ਪੰਥ ਦੀ ਸਰਕਾਰ ਜਾਂ ਪੰਥ ਦਾ ਭਲਾ ਚਾਹੁਣ ਵਾਲੀ ਸਰਕਾਰ ਨਹੀਂ ਮੰਨਦਾ।' ਰਪਟ ਵਿਚ ਇਹ ਵੀ ਲਿਖਿਆ-ਲਿਖਵਾਇਆ ਗਿਆ ਕਿ ਦਰਸ਼ਨ ਸਿੰਘ ਫੇਰੂਮਾਨ 'ਖੰਡਾ ਖੜਕਾਉਣ ਦੀਆਂ ਗੱਲਾਂ ਕਰਦਾ ਹੈ।' ਜਿਸ ਪੰਜਾਬੀ ਸੂਬੇ ਦਾ ਚੀਫ ਮਨਿਸਟਰ (ਸ. ਗੁਰਨਾਮ ਸਿੰਘ) ਇਹ ਝੂਠਾ, ਖੁੱਲ੍ਹਮ-ਖੁੱਲ੍ਹਾ, ਬੋਲ ਸਕਦਾ ਹੈ ਕਿ 29 ਅਗਸਤ ਨੂੰ ਮੈਂ (ਸਰਦਾਰ ਕਪੂਰ ਸਿੰਘ) ਨੇ, ਫੇਰੂਮਾਨ ਪਿੰਡ ਵਿਚ, ਭੜਕਾਊ ਤਕਰੀਰਾਂ ਕੀਤੀਆਂ (ਜਦੋਂ ਕਿ ਮੈਂ ਸਾਰਾ ਸਮਾਂ, ਸ਼ਹੀਦ ਦਰਸ਼ਨ ਸਿੰਘ ਦੇ ਮ੍ਰਿਤਕ ਸਰੀਰ ਕੋਲ, ਹਜ਼ਾਰਾਂ ਆਦਮੀਆਂ ਦੇ ਸਾਹਮਣੇ, ਚੁੱਪ-ਚਾਪ, ਸਤਿਕਾਰ ਵਿਚ ਖੜ੍ਹਾ ਰਿਹਾ ਸੀ) ਉਸ ਸਮੇਂ ਵਿਚ ਕੋਈ ਗੁਰਦਿੱਤ ਸਿੰਘ ਜਾਂ ਗੰਗਾ ਰਾਮ ਲੱਭਣਾ ਕੀ ਔਖਾ ਹੈ, ਜੋ ਦਰਸ਼ਨ ਸਿੰਘ ਫੇਰੂਮਾਨ ਉਤੇ ਝੂਠੀਆਂ ਊਝਾਂ ਲਾ ਸਕੇ?
ਅਧਿਅਕਸ਼ ਸਾਹਿਬ, 10 ਅਗਸਤ ਨੂੰ ਭਾਈ ਚੰਨਣ ਸਿੰਘ, ਜੋ ਕਿ ਆਪਣੇ ਆਪ ਨੂੰ 'ਛੋਟਾ ਸੰਤ' ਅਖਵਾਉਂਦਾ ਹੈ ਅਤੇ 'ਵੱਡੇ ਸੰਤ' ਸਾਧ ਫਤਹਿ ਸਿੰਘ ਨੇ, ਸ. ਗਿਆਨ ਸਿੰਘ ਰਾੜੇਵਾਲਾ ਨੂੰ, ਗੰਗਾ ਨਗਰ ਵਿਚ ਦੱਸਿਆ ਕਿ ਦਰਸ਼ਨ ਸਿੰਘ ਫੇਰੂਮਾਨ ਨੂੰ ਸਿੱਧਾ ਕਰਨ ਲਈ, ਹੁਣ ਉਹਨਾਂ ਨੇ ਪੱਕਾ ਪ੍ਰਬੰਧ ਕਰ ਲਿਆ ਹੈ। ਇਸ਼ਾਰਾ ਸਪੱਸ਼ਟ, ਬਿਆਸ ਥਾਣੇ ਵਿਚ, ਗੁਰਦਿੱਤ ਸਿੰਘ ਦੇ ਨਾਮ ਹੇਠਾਂ ਦਰਜ ਹੋਈ ਰਪਟ ਵੱਲ ਹੈ। ਸ. ਗਿਆਨ ਸਿੰਘ ਰਾੜੇਵਾਲਾ ਨੇ ਇਹ 'ਭੇਤ' ਇਕ 'ਖੁੱਲ੍ਹੀ ਚਿੱਠੀ ਬਨਾਮ ਫਤਹਿ ਸਿੰਘ' (ਸੰਤ) ਵਿਚ ਖੋਲ੍ਹ ਦਿੱਤਾ ਹੈ ਅਤੇ ਇਹ ਚਿੱਠੀ ਅਖ਼ਬਾਰਾਂ ਵਿਚ ਛਪ ਚੁੱਕੀ ਹੈ।
12 ਅਗਸਤ ਨੂੰ, ਜਿਹਾ ਕਿ ਪੁਲਿਸ ਦੀਆਂ ਜ਼ਿਮਨੀਆਂ ਤੋਂ ਪ੍ਰਗਟ ਹੈ, ਪੁਲਿਸ ਨੇ ਇਸ ਰਪਟ ਬਾਬਤ ਕਾਰਵਾਈ ਆਰੰਭ ਕੀਤੀ। ਪਰ ਜਿਵੇਂ ਕਿ ਕਾਨੂੰਨ ਅਨੁਸਾਰ ਜ਼ਰੂਰੀ ਸੀ, ਪੁਲਿਸ ਨੇ ਸ. ਦਰਸ਼ਨ ਸਿੰਘ ਫੇਰੂਮਾਨ ਦਾ ਬਿਆਨ, ਉੱਕਾ ਕਲਮਬੰਦ ਨਾ ਕੀਤਾ, ਤਾਂ ਜੋ ਗੱਲਾਂ ਬਾਹਰ ਨਾ ਨਿਕਲ ਜਾਵੇ ਕਿ ਮੇਰੇ ਮਿੱਤਰ ਗੁਰਨਾਮ ਸਿੰਘ ਦੀ ਸਰਕਾਰ ਕੀ ਮਤਾ ਪਕਾ ਰਹੀ ਹੈ।
12 ਅਤੇ 13 ਅਗਸਤ ਦੀ ਰਾਤ ਨੂੰ, ਐਨ ਅੱਧੀ ਰਾਤ ਦੇ ਸਮੇਂ, ਪੰਜਾਬ ਪੁਲਿਸ ਦੀ ਇਕ ਧਾੜ ਨੇ, ਸਰਦਾਰ ਦਰਸ਼ਨ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ, ਜਿਹੜਾ ਘਰ ਕਿ ਪੰਜਾਬ ਤੋਂ ਬਾਹਰਵਾਰ ਬਣਿਆ ਹੋਇਆ ਹੈ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ 'ਪੰਜਾਬ ਸਕਿਉਰਿਟੀ ਐਕਟ', ਦਫ਼ਾ 9 ਹੇਠਾਂ ਗ੍ਰਿਫ਼ਤਾਰ ਕਰਕੇ, ਉਨ੍ਹਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਵਿਚ ਸੁੱਟ ਦਿੱਤਾ ਗਿਆ।
15 ਅਗਸਤ, ਸੰਨ 1969 ਨੂੰ, ਪੂਰੇ ਚਾਰ ਵਜੇ ਸ਼ਾਮ, ਜਿਵੇਂ ਕਿ ਫੇਰੂਮਾਨ ਜੀ ਨੇ ਪਹਿਲਾਂ ਹੀ ਨਿਸ਼ਚਾ ਕੀਤਾ ਹੋਇਆ ਸੀ, ਉਨ੍ਹਾਂ ਨੇ ਉਹੋ ਅਰਦਾਸਾ ਕਰਕੇ, ਜਿਹੜਾ ਕਿ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਕਰਨਾ ਸੀ, ਆਪਣਾ ਅਖੰਡ ਮਰਨ-ਵਰਤ ਆਰੰਭ ਦਿੱਤਾ।
16 ਅਗਸਤ ਨੂੰ ਅਤੇ ਆਉਣ ਵਾਲੇ ਦਿਨਾਂ ਵਿਚ, ਲਗਾਤਾਰ ਤੇ ਨਿਰੰਤਰ, ਭੰਡੀ ਪ੍ਰਚਾਰ, ਇਸ ਮਹਾਨ ਸ਼ਹੀਦ ਦੇ ਵਿਰੁੱਧ, ਸਾਧ ਫਤਹਿ ਸਿੰਘ ਨੇ ਸ਼ੁਰੂ ਕਰਵਾ ਦਿੱਤਾ ਅਤੇ ਮੁੜ-ਮੁੜ ਇਹ ਸਾਧ ਅਤੇ ਇਸ ਦੇ ਜੁੰਡੀਦਾਰ, ਇਹੋ ਕਹੀ ਜਾਣ ਕਿ ਦਰਸ਼ਨ ਸਿੰਘ ਫੇਰੂਮਾਨ, ਫਤਹਿ ਸਿੰਘ ਦੀ ਲੀਡਰੀ ਤੋੜਨਾ ਚਾਹੁੰਦਾ ਹੈ, ਜਿਵੇਂ ਕਿ ਇਸ ਲੀਡਰੀ ਉਤੇ ਇਸ ਫਤਹਿ ਸਿੰਘ ਦਾ ਜੱਦੀ, ਜਮਾਂਦਰੂ ਅਤੇ ਨਿਹਚਲ ਹੱਕ ਬਣਦਾ ਹੈ। ਇਸ ਪ੍ਰਕਾਰ, ਫਤਹਿ ਸਿੰਘ ਨੇ ਕੋਈ ਭਰਮ-ਭੁਲੇਖਾ ਨਾ ਰਹਿਣ ਦਿੱਤਾ ਕਿ ਜਨਸੰਘ-ਅਕਾਲੀ ਸਰਕਾਰ, 'ਪੰਜਾਬ, ਸਕਿਊਰਿਟੀ ਐਕਟ' ਦੀ ਦਫ਼ਾ 9, ਦਾ ਭਾਵ ਇਹ ਲੈਂਦੀ ਹੈ ਕਿ ਪੰਜਾਬ ਉਤੇ ਸਾਧ ਫਤਹਿ ਸਿੰਘ ਦਾ ਜੱਫਾ ਦੇ ਅਜਾਰਾਦਾਰੀ ਸਥਿਰ ਤੇ ਬਰਕਰਾਰ ਰਹੇ। ਸਤੰਬਰ ਦੇ ਤੀਜੇ ਹਫ਼ਤੇ, ਸ. ਗੁਰਨਾਮ ਸਿੰਘ, ਚੀਫ ਮਨਿਸਟਰ ਨੇ, ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ ਜੇਲ੍ਹ ਵਿਚ ਕਿਹਾ ਕਿ ਜੇ ਦਰਸ਼ਨ ਸਿੰਘ ਦੇ ਮ੍ਰਿਤਕ ਸਰੀਰ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਬਣਾਏ ਹੋਏ ਅਗਨੀ ਕੁੰਡਾਂ ਵਿਚ ਸਾੜਨ ਦਾ ਯਤਨ ਕਿਸੇ ਨੇ ਕੀਤਾ, ਤਦ ਦੋਵੇਂ ਸਾਧ, ਛੋਟਾ ਤੇ ਵੱਡਾ ਸੰਤ, ਭਾਰੀ ਖੂਨ-ਖਰਾਬਾ ਕਰਵਾਉਣਗੇ ਜਿਸ ਦਾ ਕਿ ਪ੍ਰਬੰਧ ਉਹਨਾਂ ਨੇ ਕਰ ਰੱਖਿਆ ਹੋਇਆ ਹੈ। ਸ. ਗੁਰਨਾਮ ਸਿੰਘ ਜੀ ਦਾ ਕਹਿਣਾ ਹੈ ਕਿ ਇਹ ਸੁਣ ਕੇ ਸ. ਦਰਸ਼ਨ ਸਿੰਘ ਫੇਰੂਮਾਨ ਇਹ ਮੰਨ ਗਏ ਕਿ ਉਨ੍ਹਾਂ ਦੇ ਸਰੀਰ ਨੂੰ ਉਨ੍ਹਾਂ ਦੇ ਪਿੰਡ, ਫੇਰੂਮਾਨ ਲੈ ਜਾ ਕੇ, ਅਗਨੀ-ਭੇਟ ਕਰ ਦਿੱਤਾ ਜਾਵੇ। ਇਨ੍ਹਾਂ ਦਿਨਾਂ ਵਿਚ ਹੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ, ਅੰਮ੍ਰਿਤਸਰ ਜੇਲ੍ਹ ਵਿਚੋਂ ਕੱਢ ਕੇ, ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਲੈ ਆਂਦਾ ਗਿਆ। ਪਰ ਹਸਪਤਾਲ ਵਿਚ ਵੀ ਉਹ ਪੁਲਿਸ ਦੀ ਕੜੀ ਨਿਗਰਾਨੀ ਵਿਚ ਰੱਖੇ ਗਏ ਅਤੇ ਕਿਸੇ ਨੂੰ ਮਿਲਣ-ਗਿਲਣ ਦੀ ਆਗਿਆ ਘੱਟ ਹੀ ਦਿੱਤੀ ਜਾਂਦੀ ਰਹੀ। ਅਕਤੂਬਰ ਮਹੀਨੇ ਦੇ ਆਰੰਭ ਵਿਚ, ਫੇਰੂਮਾਨ ਜੀ ਦੀ ਰਿਹਾਈ ਦਾ ਹੁਕਮ ਐਵੇਂ ਕਾਗਜ਼ੀ ਰੂਪ ਵਿਚ ਹੀ ਦੇ ਦਿੱਤਾ ਗਿਆ, ਪਰ ਰੱਖਿਆ ਉਨ੍ਹਾਂ ਨੂੰ ਕੈਦ ਵਿਚ ਹੀ ਗਿਆ, ਹਸਪਤਾਲ ਦੇ ਅੰਦਰ।
25 ਅਕਤੂਬਰ ਨੂੰ ਉਹ ਇਤਨੇ ਕਮਜ਼ੋਰ ਹੋ ਗਏ ਕਿ ਉਹਨਾਂ ਉਤੇ ਗਸ਼ੀ ਦੇ ਦੌਰੇ ਮੁਤਵਾਤਰ ਪੈਣ ਲੱਗ ਪਏ। ਇਸ ਸਮੇਂ ਫੇਰੂਮਾਨ ਜੀ ਨੇ ਆਪਣੇ ਉਨ੍ਹਾਂ ਸਬੰਧੀਆਂ ਜੋ ਕਿ ਮੌਜੂਦ ਸਨ, ਕਿਹਾ ਕਿ 'ਮੇਰੇ ਜਿਉਂਦੇ ਜੀਅ ਅਤੇ ਮੇਰੇ ਮਰਨ ਪਿੱਛੋਂ, ਕਿਸੇ ਹਾਲਤ ਵਿਚ ਵੀ, ਫਤਹਿ ਸਿੰਘ ਦਾ ਭਰੱਸ਼ਟ ਪਰਛਾਵਾਂ ਮੇਰੇ (ਦਰਸ਼ਨ ਸਿੰਘ ਜੀ ਦੇ) ਸਰੀਰ ਉਤੇ ਨਾ ਪੈਣ ਦਿੱਤਾ ਜਾਵੇ।' ਇਹ ਗੱਲ ਦਰਸ਼ਨ ਸਿੰਘ ਫੇਰੂਮਾਨ ਦੇ ਸਬੰਧੀਆਂ ਨੇ ਆਪ ਅਖ਼ਬਾਰਾਂ ਰਾਹੀਂ ਪ੍ਰਗਟ ਕੀਤੀ ਹੈ।
27 ਅਕਤੂਬਰ ਨੂੰ ਸ੍ਰੀ ਫਤਹਿ ਸਿੰਘ, ਆਪਣੀ ਜੁੰਡਲੀ ਸਮੇਤ, ਫੁੱਲਾਂ ਦੀ ਟੋਕਰੀ ਨਾਲ ਲੈ ਕੇ, ਹਸਪਤਾਲ ਵਿਚ ਮਰ ਰਹੇ, ਦਰਸ਼ਨ ਸਿੰਘ ਫੇਰੂਮਾਨ ਨੂੰ ਝੂਠੀ ਸ਼ਰਧਾਂਜਲੀ ਭੇਟ ਕਰਨ ਹਿੱਤ ਹਾਜ਼ਰ ਹੋਇਆ, ਪਰ ਕਲਾ ਗੁਰੂ ਦੀ ਐਸੀ ਵਰਤੀ ਕਿ ਜਿਸ ਵੇਲੇ ਫਤਹਿ ਸਿੰਘ ਨੇ ਫੇਰੂਮਾਨ ਜੀ ਦੇ ਕਮਰੇ ਵਿਚ ਪੈਰ ਰੱਖਿਆ, ਉਸ ਸਮੇਂ ਝਟਪਟ ਸਾਰੇ ਅੰਮ੍ਰਿਤਸਰ ਸ਼ਹਿਰ ਦੀ ਬਿਜਲੀ ਫੇਲ੍ਹ ਹੋ ਗਈ ਅਤੇ ਪੂਰੇ 48 ਘੰਟੇ, ਦੋ ਦਿਨ ਅੰਮ੍ਰਿਤਸਰ ਦੇ ਪਾਵਰ ਹਾਊਸ ਨੂੰ ਠੀਕ ਕਰਨ ਵਿਚ ਲੱਗੇ, ਤਾਂ ਕਿਤੇ ਜਾ ਕੇ, ਸ਼ਹਿਰ ਵਿਚ ਮੁੜ ਬਿਜਲੀ ਦੀ ਰੌਸ਼ਨੀ ਬਹਾਲ ਹੋਈ। ਇਉਂ ਸ਼ਹੀਦ ਦੀ ਇਹ ਅੰਤਿਮ-ਇੱਛਾ, ਕਿ ਉਸ ਨੇ ਸਰੀਰ ਉਤੇ ਫਤਹਿ ਸਿੰਘ ਅਤੇ ਉਸ ਦੇ ਸਾਥੀਆਂ ਦਾ ਨਾਪਾਕ ਪਰਛਾਵਾਂ ਨਾ ਪਵੇ, ਪੂਰੀ ਹੋਈ -
ਰਖ ਲੀ ਮਿਰੇ ਖੁਦਾ ਨੇ, ਮੇਰੀ ਬੇਕਸੀ ਕੀ ਸ਼ਰਮ।
27 ਅਕਤੂਬਰ, ਸੰਨ 1969 ਨੂੰ, ਸਾਢੇ ਤਿੰਨ ਵਜੇ ਸ਼ਾਮ 74 ਦਿਨ ਅਖੰਡ ਮਰਨ-ਵਰਤ ਪੂਰਾ ਕਰਨ ਉਪਰੰਤ, ਸ਼ਹੀਦ ਦੀ ਆਤਮਾ ਗੁਰੂ ਚਰਨਾਂ ਵਿਚ ਜਾ ਬਿਰਾਜੀ। ਸਰਦਾਰ ਦਰਸ਼ਨ ਸਿੰਘ ਫੇਰੂਮਾਨ, ਅੰਤ ਸਮੇਂ ਤੱਕ, ਆਪਣੀ ਅਰਦਾਸ ਉਤੇ ਦ੍ਰਿੜ੍ਹ ਰਿਹਾ ਅਤੇ ਇਉਂ ਉਸ ਨੇ ਸਿੱਖਾਂ ਵਾਲੀ ਸ਼ਹੀਦੀ ਦੀ ਮਹਾਨ ਪਦਵੀ ਪ੍ਰਾਪਤ ਕੀਤੀ -
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ£
ਉਸ ਵੇਲੇ, ਪੰਜਾਬ ਵਿਧਾਨ ਸਭਾ ਦੀ ਬੈਠਕ ਹੋ ਰਹੀ ਸੀ, ਪਰ ਚੀਫ ਮਨਿਸਟਰ ਨੇ ਸਾਢੇ ਚਾਰ ਵਜੇ ਤਦ, ਸਦਨ ਨੂੰ ਇਸ ਸ਼ਹੀਦੀ ਬਾਰੇ ਸੂਚਿਤ ਨਾ ਕੀਤਾ, ਜਿਤਨਾ ਚਿਰ ਕਿ ਸ. ਗੁਰਨਾਮ ਸਿੰਘ ਨੂੰ ਵਿਰੋਧੀ ਦਲਾਂ ਦੇ ਕੁਝ ਮੈਂਬਰਾਂ ਨੇ ਇਸ ਬਾਰੇ ਵਾਕਫੀ ਦੇਣ ਲਈ ਮਜ਼ਬੂਰ ਨਾ ਕਰ ਦਿੱਤਾ। ਸ੍ਰੀ ਅੰਮ੍ਰਿਤਸਰ ਵਿਚ, ਪੁਲਿਸ ਨੇ ਧੱਕਮ-ਧੱਕੀ, ਸ਼ਹੀਦ ਦੇ ਮ੍ਰਿਤਕ ਸਰੀਰ ਨੂੰ ਵਾਰਸਾਂ ਕੋਲੋਂ ਖੋਹ ਲਿਆ ਅਤੇ ਸ਼ਹੀਦ ਦੇ ਸਬੰਧੀਆਂ ਨੂੰ ਲਾਠੀਆਂ ਨਾਲ ਮਾਰਿਆ ਕੁੱਟਿਆ ਅਤੇ ਫੇਰ ਸ਼ਹੀਦ ਦੇ ਮ੍ਰਿਤਕ ਸਰੀਰ ਨੂੰ, ਸਿੱਧੇ ਪੁੱਠੇ ਰਾਹਾਂ ਥਾਣੀਂ, ਰਾਤੋ-ਰਾਤ, ਪਿੰਡ ਫੇਰੂਮਾਨ ਲੈ ਜਾ ਕੇ, ਅਗਨੀ ਭੇਟ ਕਰਨ ਦਾ ਨਿਸਫਲ ਯਤਨ ਕੀਤਾ। ਸ੍ਰੀਮਾਨ ਜੀ, ਸਰਦਾਰ ਦਰਸ਼ਨ ਸਿੰਘ ਫੇਰੂਮਾਨ, ਵੀਹਵੀਂ ਸਦੀ ਦਾ ਇਕ ਮਹਾਨ ਸਿੱਖ ਹੈ, ਉਸ ਨੂੰ ਆਪਣੇ ਆਪ ਨੂੰ 'ਅਕਾਲੀ ਸਰਕਾਰ' ਕਹਾਉਣ ਵਾਲਿਆਂ ਨੇ, ਧਰਮ ਦੀ ਰੱਖਿਆ-ਹਿੱਤ ਸੀਸ ਦੇਣ ਲਈ ਮਜ਼ਬੂਰ ਕੀਤਾ। ਇਹ ਸਰਕਾਰ ਇਸ ਗੱਲ ਉਤੇ ਦ੍ਰਿੜ੍ਹ ਹੈ ਕਿ ਸਾਧ ਫਤਹਿ ਸਿੰਘ ਦਾ ਜੱਫਾ, ਸਿੱਖ ਪੰਥ, ਸਿੱਖ ਧਰਮ ਅਸਥਾਨਾਂ ਅਤੇ ਪੰਜਾਬ ਦੀ ਸਰਕਾਰ ਉਤੇ ਕਾਇਮ ਰੱਖਿਆ ਜਾਵੇ। ਜਿਵੇਂ-ਕਿਵੇਂ ਵੀ ਹੋਵੇ। ਇਸ ਨੀਚ ਸਰਕਾਰ ਨੇ, ਸਰਦਾਰ ਦਰਸ਼ਨ ਸਿੰਘ ਨੂੰ, ਆਪਣੇ ਨਿਸ਼ਚਿਤ ਅਰਦਾਸੇ ਤੋਂ ਰੋਕਣ ਲਈ, ਉਨ੍ਹਾਂ ਨੂੰ ਬੰਦੀ ਵਿਚ ਪਾਇਆ ਤੇ ਫੇਰ ਅਨੇਕਾਂ ਯਤਨ ਕੀਤੇ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਵੀ, ਨੀਚ ਫਤਹਿ ਸਿੰਘ ਵਾਂਗਰ, ਆਪਣੀ ਅਰਦਾਸ ਭੰਗ ਕਰ ਦੇਣ ਤਾਂ ਜੋ ਸਾਰੇ ਪੰਥ ਵਿਚ, ਕੋਈ ਵੀ ਮਰਦ, ਗੁਰੂ ਕਾ ਸਿੱਖ, ਸਿਰ ਉੱਚਾ ਨਾ ਕਰ ਸਕੇ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ, ਸ੍ਰੀ ਦਰਬਾਰ ਸਾਹਿਬ ਵਿਚ, ਅੰਤਿਮ ਮੱਥਾ ਵੀ ਨਾ ਟੇਕਣ ਦਿੱਤਾ ਗਿਆ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਦਿੱਤੀ ਗਈ। (ਵਿਘਨ) ਇਹ ਹਰ ਸਿੱਖ ਦਾ ਜਨਮ ਸਿੱਧ ਅਧਿਕਾਰ, ਮੁਗਲ ਸਰਕਾਰ ਤੋਂ ਪਿੱਛੋਂ, ਪਹਿਲੀ ਵਾਰ, ਜਨਸੰਘ-ਅਕਾਲੀ ਸਰਕਾਰ ਨੇ ਖੋਹਿਆ (ਵਿਘਨ) ਅੰਤ ਨੂੰ ਸ਼ਹੀਦ ਦੇ ਪਵਿੱਤਰ ਸਰੀਰ ਦਾ, ਪੁੱਜ ਕੇ ਅਪਮਾਨ ਕੀਤਾ ਗਿਆ। ਫੇਰ 28 ਅਕਤੂਬਰ ਨੂੰ, ਸ਼ਹੀਦ ਦਾ ਸ਼ਾਹੀ ਸਤਿਕਾਰ ਕਰਨ ਦੇ ਬਹਾਨੇ, ਉਸ ਦੇ ਸਰੀਰ ਨੂੰ ਅਪਮਾਨਿਤ ਕੀਤਾ ਗਿਆ ਅਤੇ ਕੀਰਤਨ ਸੋਹਿਲਾ ਪੜ੍ਹਨ ਤੋਂ ਪਹਿਲਾਂ ਹੀ ਮੱਲੋ-ਮੱਲੀ, ਅੰਗੀਠੇ ਨੂੰ, ਪੁਲਿਸ ਨੇ ਅੱਗ ਲਗਾ ਦਿੱਤੀ।
ਇਹ ਸਾਰੀ ਕਥਾ ਹੁਣ ਇਤਿਹਾਸ ਦਾ ਅੰਗ ਬਣ ਗਈ ਹੈ। ਕੋਈ ਚਲਾਕੀ, ਧੋਖਾ, ਫਰੇਬ, ਸਿਆਸੀ ਚਾਲਬਾਜ਼ੀ ਇਹ ਘੋਰ ਅਪਰਾਧ, ਸਿੱਖ ਧਰਮ ਵਿਚ ਮੁਦਾਖਲਤ ਤੇ ਜ਼ੁਲਮ ਨੂੰ ਛਿਪਾ ਨਹੀਂ ਸਕਦੀ -
ਕਰੀਬ ਹੈ ਯਾਰੋ ਰੂਜ਼ੇ ਮਹਿਸ਼ਰ,
ਛੁਪੇਗਾ ਕੁਸ਼ਤੋਂ ਕਾ ਖੂਨ ਕਿਉਂ ਕਰ,
ਜੋ ਚੁੱਪ ਰਹੇਗੀ ਜ਼ਬਾਨੇ ਖੰਜਰ,
ਲਹੂ ਪੁਕਾਰੇਗਾ ਆਸਤੀਂ ਕਾ।
-ਸਿਰਦਾਰ ਕਪੂਰ ਸਿੰਘ