ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਉਦਾਸੀ ਸੰਪਰਦਾ ਅਤੇ ਖਾਲਸਾ ਪੰਥ


ਇਹ ਸੰਪ੍ਰਦਾ ਗੁਰੂ ਨਾਨਕ ਪਾਤਿਸ਼ਾਹ ਦੇ ਵੱਡੇ ਪੁੱਤਰ ਬਾਬਾ ਸਿਰੀ ਚੰਦ ਤੋਂ ਚੱਲੀ ਦੱਸੀ ਜਾਂਦੀ ਹੈ। ਸਤਿਗੁਰੂ ਦੇ ਜੀਵਨ ਕਾਲ ਵਿਚ ਉਨ੍ਹਾਂ ਦੇ ਦੋਨੋਂ ਪੁੱਤਰ 'ਬਾਬਾ ਸਿਰੀ ਚੰਦ' ਅਤੇ 'ਬਾਬਾ ਲਖਮੀਂ ਦਾਸ' ਆਗਿਆਕਾਰੀ ਸਾਬਤ ਨਹੀਂ ਹੋਏ। ਇਸ ਗੱਲ ਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ ਵਿਚੋਂ ਵੀ ਮਿਲਦੀ ਹੈ :
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਰ ਮੁਰਟੀਐ£ ਦਿਲਿ ਖੋਟੈ ਆਕੀ ਫਿਰਨ੍ਹਿ ਬੰਨ੍ਹਿ ਭਾਰੁ ਉਚਾਇਨ੍ਹਿ ਛਟੀਐ£ (ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ, ਪੰਨਾ 967)
(ਗੁਰੂ ਨਾਨਕ ਪਾਤਿਸ਼ਾਹ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ। ਇਹ ਲੋਕ ਖੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ ਫਿਰਦੇ ਹਨ, ਇਸ ਲਈ (ਦੁਨੀਆਂ ਦੇ ਧੰਧਿਆਂ ਦੀ) ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ।
ਜਦੋਂ ਗੁਰੂ ਨਾਨਕ ਪਾਤਿਸ਼ਾਹ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਕੇ ਗੁਰੂ ਅੰਗਦ ਪਾਤਿਸ਼ਾਹ ਬਣਾ ਦਿੱਤਾ, ਉਸ ਵੇਲੇ ਵੀ ਸਿਰੀ ਚੰਦ ਨੇ ਇਤਰਾਜ਼ ਕੀਤਾ ਅਤੇ ਪਰਿਵਾਰ ਇਕੱਠਾ ਕਰ ਲਿਆ ਕਿ ਗੁਰਗੱਦੀ ਤੇ ਮੇਰਾ ਹੱਕ ਬਣਦਾ ਹੈ, ਪਿਤਾ ਜੀ ਨੇ ਮੇਰੇ ਨਾਲ ਵਧੀਕੀ ਕੀਤੀ ਹੈ, ਪਰ ਸਤਿਗੁਰੂ ਨੇ ਸੱਭ ਦੇ ਸਾਹਮਣੇ ਇਹ ਸਪੱਸ਼ਟ ਕਰ ਦਿੱਤਾ ਕਿ ਸਿਰੀ ਚੰਦ ਕਿਸੇ ਤਰ੍ਹਾਂ ਵੀ ਗੁਰਗੱਦੀ ਦੇ ਕਾਬਲ ਨਹੀਂ ਹੈ ਅਤੇ ਕੇਵਲ ਗੁਰੂ ਅੰਗਦ ਪਾਤਿਸ਼ਾਹ ਹੀ ਇਸ ਦੇ ਯੋਗ ਹਨ। ਆਮ ਤੌਰ 'ਤੇ ਮੰਨਿਆਂ ਜਾਂਦਾ ਹੈ ਕਿ ਇਸੇ ਦੇ ਰੋਸ ਵਜੋਂ ਸਿਰੀ ਚੰਦ ਨੇ ਆਪਣੀ ਅਲੱਗ ਉਦਾਸੀ ਸੰਪਰਦਾ ਚਲਾ ਲਈ, ਹਾਲਾਂਕਿ ਇਤਿਹਾਸਕ ਪ੍ਰਮਾਣ ਇਹ ਦੱਸਦੇ ਹਨ ਕਿ ਇਹ ਸੰਪਰਦਾ ਸਤਾਰਵੀਂ ਸਦੀ ਦੇ ਸ਼ੁਰੂ ਵਿਚ ਹੋਂਦ ਵਿਚ ਆਈ।
ਉਦਾਸੀ ਲਫਜ਼ ਉਦਾਸ ਤੋਂ ਬਣਿਆ ਹੈ, ਜਿਸ ਦਾ ਭਾਵ ਹੈ ਘਰ-ਬਾਰ ਤਿਆਗ ਕੇ ਦੁਨਿਆਵੀ ਸੁੱਖਾਂ ਤੋਂ ਵਿਰਕਤ ਰਹਿਣਾ। ਜਦਕਿ ਸਿੱਖ ਧਰਮ ਗ੍ਰਿਹਸਤ ਦਾ ਧਰਮ ਹੈ, ਇਥੇ ਆਪਣੇ ਗ੍ਰਹਿਸਤ ਦਾ ਫਰਜ਼ ਪਾਲਦੇ ਅਤੇ ਅਕਾਲ-ਪੁਰਖ ਵਲੋਂ ਬਖਸ਼ੇ ਹੋਏ ਦੁਨਿਆਵੀ ਸੁੱਖ ਮਾਣਦੇ ਹੋਏ, ਜੀਵਨ ਮੁਕਤਿ ਹੋਣ ਦਾ ਵਿਧਾਨ ਹੈ। ਸਤਿਗੁਰੂ ਦੇ ਪਾਵਨ ਬਚਨ ਹਨ :
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ£ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ£ 2£ (ਮ: 5, ਪੰਨਾ 522)
ਹੇ ਨਾਨਕ! ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਤੇ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ (ਭਾਵ, ਦੁਨੀਆਂ ਦੇ ਸਾਰੇ ਕੰਮ ਕਾਰ ਕਰਦਿਆਂ) ਮਾਇਆ ਵਿਚ ਵਰਤਿਆਂ ਹੀ ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈ ।2।
ਸਿੱਖ ਸਿਧਾਂਤਾਂ ਦੇ ਉਲਟ, ਇਹ ਲੋਕ ਬਹੁਤੇ ਤੌਰ 'ਤੇ ਵਾਲਾਂ ਦੀਆਂ ਜਟਾਂ ਬਣਾ ਕੇ ਜਾਂ ਸਿਰ ਮੁਨਾ ਕੇ ਰੱਖਦੇ ਹਨ। ਇਹ ਪੂਰੀ ਤਰ੍ਹਾਂ ਬ੍ਰਾਹਮਣੀ ਰੰਗ ਵਿਚ ਰੰਗੇ ਹੋਏ ਹਨ। ਬਹੁਤੇ ਕੇਵਲ ਲੱਕ ਦੁਆਲੇ ਇਕ ਕੱਪੜਾ ਲਪੇਟ ਕੇ, ਪਿੰਡੇ ਤੇ ਸੁਆਹ ਮਲਦੇ ਹਨ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਨ, ਪਰ ਉਸ ਦੇ ਇਲਾਹੀ ਗਿਆਨ ਨੂੰ ਅਪਣਾਉਣ, ਉਸ ਅਨੁਸਾਰ ਜੀਵਨ ਢਾਲਣ ਦੀ ਬਜਾਏ, ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵਾਂਗ ਗੁਰੂ ਗ੍ਰੰਥ ਸਾਹਿਬ ਦੀ ਵੀ ਪੂਜਾ ਕਰਦੇ ਹਨ। ਬ੍ਰਾਹਮਣੀ ਮਤਿ ਅਨੁਸਾਰ ਹੀ, ਬਾਬਾ ਸਿਰੀ ਚੰਦ ਨੂੰ ਪ੍ਰਮਾਤਮਾ ਦਾ ਅਵਤਾਰ ਦਸਦੇ ਹਨ। ਇਕ ਪਾਸੇ ਗੁਰੂ ਨਾਨਕ ਪਾਤਿਸ਼ਾਹ ਅਤੇ ਬਾਬਾ ਸਿਰੀ ਚੰਦ ਦੀਆਂ ਮੂਰਤੀਆਂ ਬਣਾ ਕੇ ਪੂਜਦੇ ਹਨ, ਨਾਲ ਹੀ ਬ੍ਰਾਹਮਣੀ ਦੇਵੀ ਦੇਵਤਿਆਂ ਸ਼ਿਵ, ਵਿਸ਼ਨੂੰ, ਸੂਰਜ, ਦੁਰਗਾ ਅਤੇ ਗਣੇਸ਼ ਦੀ ਪੂਜਾ ਕਰਦੇ ਹਨ। ਜਦਕਿ ਗੁਰਬਾਣੀ ਮੂਰਤੀ ਪੂਜਾ ਦਾ ਪੂਰਨ ਖੰਡਨ ਕਰਦੀ ਹੈ :
ਜੋ ਪਾਥਰ ਕਉ ਕਹਤੇ ਦੇਵ£ ਤਾ ਕੀ ਬਿਰਥਾ ਹੋਵੈ ਸੇਵ£ ਜੋ ਪਾਥਰ ਕੀ ਪਾਂਈ ਪਾਇ£ ਤਿਸ ਕੀ ਘਾਲ ਅਜਾਂਈ ਜਾਇ£ 1£ (ਮਹਲਾ 5, ਪੰਨਾ 1160)
ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਇਹ ਕੇਵਲ ਸਿੱਖਾਂ ਨੂੰ ਭੁਲੇਖਾ ਪਾਉਣ ਅਤੇ ਸਿੱਖ ਕੌਮ ਵਿਚ ਘੁਸਪੈਠ ਕਰਨ ਲਈ ਵਰਤਦੇ ਹਨ। ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰਕੇ ਇਸ ਨੂੰ ਵੀ ਬ੍ਰਾਹਮਣੀ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹਨ। ਅਠਾਰਵੀਂ ਸਦੀ ਦੇ ਅੰਤ ਅਤੇ ਉਨੀਵੀਂ ਸਦੀ ਦੇ ਸ਼ੁਰੂ ਦੇ, ਇਨ੍ਹਾਂ ਦੇ ਇਕ ਵਿਦਵਾਨ ਅਨੰਦ ਘਾਨ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ, ਜੋ ਪੂਰੀ ਤਰ੍ਹਾਂ ਹਿੰਦੂ ਵੈਦਿਕ ਗ੍ਰੰਥਾਂ ਤੇ ਅਧਾਰਤ ਹੈ, ਇਸ ਵਿਚ ਗੁਰਬਾਣੀ ਦਾ ਵੀ ਪੂਰੀ ਤਰ੍ਹਾਂ ਬ੍ਰਾਹਮਣੀਕਰਣ ਕੀਤਾ ਗਿਆ ਹੈ।
ਇਸ ਗੱਲ ਦੇ ਇਤਿਹਾਸਕ ਪ੍ਰਮਾਣ ਹਨ ਕਿ ਬਾਬਾ ਸਿਰੀ ਚੰਦ, ਗੁਰੂ ਰਾਮਦਾਸ ਪਾਤਿਸ਼ਾਹ ਅੱਗੇ ਮੱਥਾ ਟੇਕ ਗਏ ਸਨ ਅਤੇ ਮੰਨ ਗਏ ਸਨ ਕਿ ਗੁਰਗੱਦੀ ਦੇ ਸਹੀ ਵਾਰਿਸ ਤੁਸੀਂ ਹੀ ਹੋ। ਕੇਸਰ ਸਿੰਘ ਛਿੱਬਰ ਅਨੁਸਾਰ, ਉਨ੍ਹਾਂ ਨੇ ਗੁਰੂ ਰਾਮਦਾਸ ਪਾਤਿਸ਼ਾਹ ਦੇ ਅਕਾਲ ਪਾਇਆਣਾ ਕਰਨ ਤੇ ਦੋ ਪੱਗਾਂ ਭੇਜੀਆਂ, ਇਕ ਵੱਡੇ ਪੁੱਤਰ ਦੇ ਤੌਰ 'ਤੇ ਪ੍ਰਿਥੀ ਚੰਦ ਜੀ ਵਾਸਤੇ ਅਤੇ ਦੂਸਰੀ ਗੁਰੂ ਨਾਨਕ ਪਾਤਿਸ਼ਾਹ ਦੀ ਗੁਰਗੱਦੀ ਦੇ ਵਾਰਿਸ ਵਜੋਂ ਮਾਨਤਾ ਦੇਣ ਲਈ ਗੁਰੂ ਅਰਜਨ ਸਾਹਿਬ ਵਾਸਤੇ, ਪਰ ਉਨ੍ਹਾਂ ਦੇ ਪੈਰੋਕਾਰਾਂ ਨੇ ਆਪਣੇ ਸੁਆਰਥਾਂ ਲਈ ਉਦਾਸੀ ਸੰਪਰਦਾ ਕਾਇਮ ਰੱਖੀ। ਇਹ ਆਪਣੇ ਡੇਰਿਆਂ ਨੂੰ ਅਖਾੜਾ ਜਾਂ ਧੂਣਾ ਕਹਿੰਦੇ ਹਨ, ਅੰਮ੍ਰਿਤਸਰ ਵਿਚ ਬ੍ਰਹਮਬੂਟਾ ਅਖਾੜਾ ਇਨ੍ਹਾਂ ਦੇ ਪ੍ਰਮੁੱਖ ਅਖਾੜਿਆਂ ਵਿਚੋਂ ਇਕ ਹੈ। ਅਠਾਰਵੀਂ ਸਦੀ ਵਿਚ ਹੀ ਇਨ੍ਹਾਂ ਦੇ ਬਾਰ੍ਹਾਂ ਫਿਰਕੇ ਬਣ ਚੁੱਕੇ ਸਨ। ਇਸ ਵੇਲੇ ਇਨ੍ਹਾਂ ਦੇ ਦੇਸ਼ ਭਰ ਵਿਚ ਸੈਂਕੜੇ ਡੇਰੇ ਹਨ। ਇਨ੍ਹਾਂ ਵਿਚੋਂ ਕਈ ਫਿਰਕੇ ਨੰਗੇ ਰਹਿੰਦੇ ਹਨ, ਇਨ੍ਹਾਂ ਨੂੰ ਨਾਂਗੇ ਕਿਹਾ ਜਾਂਦਾ ਹੈ।
ਆਮ ਤੌਰ 'ਤੇ ਇਹ ਭੰਗ, ਅਫੀਮ ਅਤੇ ਚਰਸ ਦਾ ਨਸ਼ਾ ਕਰਦੇ ਹਨ। ਇਨ੍ਹਾਂ ਉਤਰ ਭਾਰਤ ਤੋਂ ਬਾਹਰਲੇ ਬਹੁਤੇ ਗੁਰਦੁਆਰੇ, ਜਿੱਥੇ ਗੁਰੂ ਨਾਨਕ ਪਾਤਿਸ਼ਾਹ ਆਪਣੇ ਪ੍ਰਚਾਰ ਦੌਰਿਆਂ ਸਮੇਂ ਗਏ ਸਨ, ਵਿਚ ਬਾਬਾ ਸਿਰੀ ਚੰਦ ਦੀਆਂ ਮੂਰਤੀਆਂ ਸਥਾਪਤ ਕਰ ਦਿੱਤੀਆਂ ਹਨ ਅਤੇ ਕੂੜ ਪ੍ਰਚਾਰ ਕਰਦੇ ਹਨ ਕਿ ਜਦੋਂ ਗੁਰੂ ਨਾਨਕ ਪਾਤਿਸ਼ਾਹ ਉਥੇ ਆਏ ਤਾਂ ਉਨ੍ਹਾਂ ਨਾਲ ਬਾਬਾ ਸਿਰੀ ਚੰਦ ਵੀ ਸਨ। ਇਹ ਪਹਿਲਾਂ ਚਿੱਟੇ ਕੱਪੜੇ ਪਹਿਨਦੇ ਸਨ ਪਰ ਬਾਅਦ ਵਿਚ ਬ੍ਰਾਹਮਣੀ ਪ੍ਰਭਾਵ ਅਧੀਨ ਭਗਵੇਂ ਕੱਪੜੇ ਪਾਉਣ ਲੱਗ ਪਏ। ਪਹਿਲਾਂ ਇਹ ਵਿਆਹ ਨਹੀਂ ਸਨ ਕਰਾਉਂਦੇ, ਹੁਣ ਬਹੁਤੇ ਵਿਆਹ ਕਰਾਉਣ ਲੱਗ ਪਏ ਹਨ। ਜਿਨ੍ਹਾਂ ਵਿਆਹ ਕਰਾ ਲਿਆ, ਉਨ੍ਹਾਂ ਆਪਣੇ ਅਖਾੜਿਆਂ ਨੂੰ ਹੀ ਆਪਣੇ ਘਰ ਬਣਾ ਲਿਆ। ਉਨ੍ਹਾਂ ਦੇ ਬੱਚੇ ਹੁਣ ਆਮ ਤੌਰ 'ਤੇ ਅਗੋਂ ਗੱਦੀਦਾਰ ਬਣਦੇ ਹਨ। ਜੇ ਤੱਤਸਾਰ ਵਿਚ ਕਿਹਾ ਜਾਵੇ ਤਾਂ ਇਨ੍ਹਾਂ ਦਾ ਕੋਈ ਇਕ ਸਿਧਾਂਤ ਨਹੀਂ, ਹਰ ਡੇਰੇ, ਹਰ ਅਖਾੜੇ ਦੇ ਆਪਣੇ ਸਿਧਾਂਤ ਅਤੇ ਆਪਣੀ ਮਰਿਯਾਦਾ ਹੈ। ਕੇਵਲ ਇਕੋ ਗੱਲ ਸਾਂਝੀ ਹੈ ਕਿ ਬਾਬਾ ਸਿਰੀ ਚੰਦ ਦਾ ਨਾਂ ਵਰਤ ਕੇ ਆਪਣੇ ਆਪ ਨੂੰ ਭੋਲੇ-ਭਾਲੇ ਸਿੱਖਾਂ ਵਿਚ ਸਤਿਕਾਰ-ਯੋਗ ਸਾਬਤ ਕਰਨਾ ਅਤੇ ਉਨ੍ਹਾਂ ਦਾ ਮਾਨਸਿਕ ਅਤੇ ਆਰਥਿਕ ਸੋਸ਼ਣ ਕਰਨਾ।
ਸਿੱਖ ਕੌਮ ਵਿਚ ਭੁਲੇਖੇ ਪਾ ਕੇ, ਆਪਣੀ ਘੁਸਪੈਠ ਨੂੰ ਜਾਇਜ਼ ਠਹਿਰਾਉਣ ਲਈ, ਇਨ੍ਹਾਂ ਇਕ ਹੋਰ ਕਹਾਣੀ ਪ੍ਰਚੱਲਤ ਕੀਤੀ ਹੋਈ ਹੈ ਕਿ ਇਨ੍ਹਾਂ ਦੀ ਸੰਪਰਦਾ ਨੂੰ ਅੱਗੇ ਚਲਾਉਣ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸਿਰੀ ਚੰਦ ਨੂੰ ਸੌਂਪ ਦਿੱਤਾ ਸੀ। ਆਓ ਇਸ ਗੱਲ ਦੀ ਇਤਿਹਾਸਕ ਸਾਰਥਿਕਤਾ ਵੀ ਪਰਖ ਲਈਏ। ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀ ਸਿੱਖ ਸਿਧਾਂਤ ਅਤੇ ਇਤਿਹਾਸ ਦੀ ਜਾਣਕਾਰੀ ਬਾਰੇ ਸ਼ਾਇਦ ਕਿਸੇ ਨੂੰ ਵੀ ਕੋਈ ਭੁਲੇਖਾ ਨਹੀਂ ਹੋਵੇਗਾ। ਭਾਈ ਕਾਨ੍ਹ ਸਿੰਘ ਨਾਭਾ ਲਿਖਤ, ਮਹਾਨ ਕੋਸ਼ ਪਿਛਲੀ ਸਦੀ ਦਾ ਸਭ ਤੋਂ ਪ੍ਰਮਾਣੀਕ ਗ੍ਰੰਥ ਮੰਨਿਆਂ ਜਾਂਦਾ ਹੈ। ਇਸ ਦੇ ਪੰਨਾ 251 'ਤੇ ਭਾਈ ਸਾਹਿਬ ਨੇ ਸਿਰੀ ਚੰਦ ਦੀ ਮੌਤ 15 ਅਸੂ ਸੰਮਤ 1669 (1612 ਈ.) ਨੂੰ ਚੰਬੇ ਦੀਆਂ ਪਹਾੜੀਆਂ ਵਿਚ ਰਾਵੀ ਦਰਿਆ ਦੇ ਕਿਨਾਰੇ ਹੋਈ ਲਿਖੀ ਹੈ ਅਤੇ ਬਾਬਾ ਗੁਰਦਿੱਤਾ ਜੀ ਦਾ ਜਨਮ ਕੱਤਕ ਸੁਦੀ 15 ਸੰਮਤ 1670 (1613 ਈ.) ਨੂੰ ਪਿੰਡ ਡਰੌਲੀ ਜ਼ਿਲਾ ਫਿਰੋਜ਼ਪੁਰ ਵਿਚ ਹੋਇਆ। (ਮਹਾਨ ਕੋਸ਼, ਪੰਨਾ 416) ਇਸ ਤੋਂ ਸਪੱਸ਼ਟ ਹੈ ਕਿ ਬਾਬਾ ਗੁਰਦਿੱਤਾ ਜੀ ਦਾ ਜਨਮ ਬਾਬਾ ਸਿਰੀ ਚੰਦ ਦੇ ਦਿਹਾਂਤ ਤੋਂ 13 ਮਹੀਨੇ ਬਾਅਦ ਹੋਇਆ। ਜੋ ਉਸ ਵੇਲੇ ਜਨਮਿਆਂ ਹੀ ਨਹੀਂ ਸੀ, ਉਸ ਨੂੰ ਕਿਸੇ ਨੂੰ ਸੌਂਪਣਾ ਜਾਂ ਉਸ ਦਾ ਗੱਦੀ ਦਾ ਵਾਰਸ ਬਣਨਾ, ਕਿਸੇ ਤਰ੍ਹਾਂ ਵੀ ਸੰਭਵ ਨਹੀਂ, ਹਾਲਾਂਕਿ ਇਨ੍ਹਾਂ ਦੇ ਇਸ ਕੂੜ ਪ੍ਰਚਾਰ ਤੋਂ ਕੌਮ ਦੇ ਬੜੇ ਉਘੇ ਵਿਦਵਾਨ ਵੀ ਭੁਲੇਖਾ ਖਾ ਗਏ ਹਨ। ਵੈਸੇ ਵੀ ਕੀ ਇਹ ਗੱਲ ਮੰਨਣ ਵਾਲੀ ਹੈ ਕਿ ਸਤਿਗੁਰੂ ਆਪ ਗੁਰੂ ਨਾਨਕ ਪਾਤਿਸ਼ਾਹ ਦੇ ਨਿਰਮਲ ਪੰਥ, ਜਿਸਦੀ ਉਹ ਆਪ ਉਸ ਸਮੇਂ ਅਗਵਾਈ ਕਰ ਰਹੇ ਸਨ, ਦੇ ਮੁਕਾਬਲੇ ਤੇ ਕਿਸੇ ਹੋਰ ਪੰਥ ਨੂੰ ਚਲਾਉਣ ਲਈ ਆਪਣੇ ਪੁੱਤਰ ਨੂੰ ਭੇਜਣਗੇ?
ਜਿਵੇਂ ਉਪਰ ਲਿਖਿਆ ਗਿਆ ਹੈ ਬਾਬਾ ਸਿਰੀ ਚੰਦ, ਗੁਰੂ ਰਾਮ ਦਾਸ ਜੀ ਅੱਗੇ ਮੱਥਾ ਟੇਕ ਕੇ ਇਹ ਪ੍ਰਵਾਨ ਕਰ ਗਏ ਸਨ ਕਿ ਗੁਰਗੱਦੀ ਦੇ ਅਸਲੀ ਵਾਰਸ ਸਤਿਗੁਰੂ ਹੀ ਹਨ। ਜਾਪਦਾ ਹੈ ਸਿਰੀ ਚੰਦ ਦੇ ਕੁਝ ਚੇਲਿਆਂ ਨੇ ਜਦੋਂ ਉਨ੍ਹਾਂ ਦੀ ਮੌਤ ਤੋਂ ਬਾਅਦ ਆਪਣੀਆਂ ਗੱਦੀਆਂ ਚਲਾ ਲਈਆਂ, ਤਾਂ ਬਾਬਾ ਗੁਰਦਿੱਤਾ ਜੀ ਉਨ੍ਹਾਂ ਦੇ ਪੈਰੋਕਾਰਾਂ ਨੂੰ ਸਿੱਖੀ ਮੁੱਖ ਧਾਰਾ ਵਿਚ ਵਾਪਸ ਲਿਅਉਣ ਲਈ ਪ੍ਰਚਾਰ ਕਰਦੇ ਰਹੇ, ਜਾਪਦਾ ਹੈ ਕਿ ਇਸੇ ਤੋਂ ਇਹ ਵੱਡਾ ਭੁਲੇਖਾ ਖੜ੍ਹਾ ਹੋ ਗਿਆ।
ਇਨ੍ਹਾਂ ਨੂੰ ਸਿੱਖ ਕੌਮ ਵਿਚ ਘੁਸਪੈਠ ਕਰਨ ਦਾ ਵਧੀਆ ਮੌਕਾ ਮਿਲ ਗਿਆ, ਜਦੋਂ ਅਠਾਰਵੀਂ ਸਦੀ ਵਿਚ ਸਿੱਖ ਜੰਗਾਂ ਯੁੱਧਾਂ ਕਾਰਨ ਜੰਗਲਾਂ ਵਿਚ ਰਹਿੰਦੇ ਸਨ ਅਤੇ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਵਾਲਾ ਕੋਈ ਨਹੀਂ ਸੀ, ਇਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਨਾਂ 'ਤੇ ਗੁਰਦੁਆਰਿਆਂ 'ਤੇ ਕਬਜ਼ਾ ਕਰ ਲਿਆ। ਇਨ੍ਹਾਂ ਨੇ ਗੁਰਦੁਆਰਿਆਂ ਵਿਚ ਕਰਮਕਾਂਡੀ ਰੀਤਾਂ ਚਲਾਈਆਂ ਅਤੇ ਸਿੱਖੀ ਸਿਧਾਂਤਾਂ ਦਾ ਰੱਜ ਕੇ ਘਾਣ ਕੀਤਾ। ਗੁਰਦੁਆਰਿਆਂ 'ਤੇ ਕਾਬਜ਼ ਹੋਣ ਅਤੇ ਉਥੋਂ ਦੀ ਚੜ੍ਹਤ ਦੇ ਮਾਇਆ ਦੇ ਖੁੱਲ੍ਹੇ ਗੱਫੇ ਆਉਣ ਨਾਲ, ਇਨ੍ਹਾਂ ਦੇ ਜੀਵਨ ਪੱਧਰ ਵਿਚ ਇਤਨਾ ਨਿਘਾਰ ਆਇਆ ਕਿ ਇਨ੍ਹਾਂ ਗੁਰਦੁਆਰਿਆਂ ਵਿਚ ਨਾਬਿਆਨੇ ਜਾ ਸਕਣ ਵਾਲੇ ਪਾਪ ਕਰਮ ਕੀਤੇ, ਜਿਸ ਨਾਲ ਸਿੱਖ ਕੌਮ ਅੰਦਰ ਭਾਰੀ ਰੋਹ ਜਾਗ ਪਿਆ, ਅਤੇ ਗੁਰਦੁਆਰਾ ਸੁਧਾਰ ਲਹਿਰ ਚੱਲੀ। ਇਨ੍ਹਾਂ ਕੋਲੋਂ ਗੁਰਦੁਆਰਿਆਂ ਨੂੰ ਅਜ਼ਾਦ ਕਰਾਉਣ ਲਈ ਸਿੱਖ ਕੌਮ ਨੂੰ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ। ਇਨ੍ਹਾਂ ਦੀ ਸੰਪਰਦਾ ਦੇ ਹੀ ਇਕ ਮਹੰਤ ਨਰੈਣ ਦਾਸ, ਜਿਸ ਨੂੰ ਆਮ ਤੌਰ 'ਤੇ ਸਿੱਖ ਕੌਮ ਵਿਚ ਮਹੰਤ ਨਰੈਣੂ ਕਹਿ ਕੇ ਯਾਦ ਕੀਤਾ ਜਾਂਦਾ ਹੈ, ਨੇ ਅੰਗਰੇਜ਼ ਸਰਕਾਰ ਦੀ ਸ਼ਹਿ 'ਤੇ ਨਨਕਾਣਾ ਸਾਹਿਬ ਵਿਖੇ, ਆਪਣੇ ਹਥਿਆਰਬੰਦ ਗੁੰਡਿਆਂ ਕੋਲੋਂ ਸੈਂਕੜੇ ਸਿੱਖਾਂ ਦਾ ਕਤਲ ਕਰਾਇਆ। ਸ਼ਾਂਤਮਈ ਸਿੱਖਾਂ ਨੂੰ ਜੰਡਾਂ ਨਾਲ ਬੰਨ ਕੇ ਕੁੱਟਿਆ ਅਤੇ ਸਾੜਿਆ ਗਿਆ, ਅਕਹਿ ਅਤੇ ਅਸਹਿ ਜ਼ੁਲਮ ਕੀਤੇ ਗਏ। ਬਾਕੀ ਗੁਰਦੁਆਰਿਆਂ ਵਿਚ ਵੀ ਸਿੱਖਾਂ ਨੂੰ ਲਾਸਾਨੀ ਕੁਰਬਾਨੀਆਂ ਕਰਨੀਆਂ ਪਈਆਂ। ਜਿਥੇ ਸਿੱਖ ਅਬਾਦੀ ਘੱਟ ਹੈ, ਉਥੇ ਕਈ ਇਤਿਹਾਸਕ ਸਿੱਖ ਗੁਰਦੁਆਰਿਆਂ 'ਤੇ ਇਹ ਅੱਜ ਵੀ ਕਾਬਜ਼ ਹਨ।
ਅੱਜ ਵੀ ਇਹ ਸਿੱਖ ਕੌਮ ਵਿਚ ਘੁਸਪੈਠ ਦਾ ਕੋਈ ਨਾ ਕੋਈ ਰਾਹ ਲੱਭਦੇ ਰਹਿੰਦੇ ਹਨ। ਬਦਲੇ ਹਾਲਾਤ ਵੇਖ ਕੇ ਬਹੁਤ ਸਾਰਿਆਂ ਨੇ ਕੇਸ ਰੱਖਣੇ ਸ਼ੁਰੂ ਕਰ ਦਿੱਤੇ, ਤਾਂ ਕਿ ਸਿੱਖ ਕੌਮ ਵਿਚ ਮਾਨਤਾ ਪ੍ਰਾਪਤ ਕਰਨ ਵਿਚ ਬਹੁਤੀ ਔਕੜ ਨਾ ਆਵੇ। ਅੱਜ ਸਿੱਖ ਕੌਮ ਵਿਚ ਸਥਾਪਤ ਬਹੁਤ ਸਾਰੇ ਡੇਰੇ ਇਨ੍ਹਾਂ ਦੇ ਪਿਛੋਕੜ ਵਾਲੇ ਹਨ। ਇਨ੍ਹਾਂ ਵਿਚੋਂ ਇਕ ਪ੍ਰਮੁੱਖ ਗੋਬਿੰਦ ਸਦਨ ਦਿੱਲੀ ਹੈ। ਇਸ ਦੇ ਸਥਾਪਕ ਵਿਰਸਾ ਸਿੰਘ ਬਾਰੇ ਕਹਾਣੀ ਪ੍ਰਚੱਲਤ ਕੀਤੀ ਗਈ ਹੈ ਕਿ ਇਸ ਦੇ ਬਹੁਤ ਤਪੱਸਿਆ ਕਰਨ ਤੇ ਬਾਬਾ ਸਿਰੀ ਚੰਦ ਨੇ ਆਪ ਇਸ ਨੂੰ ਦਰਸ਼ਨ ਦਿੱਤੇ, ਅਤੇ ਧਰਮ ਦਾ ਮਾਰਗ ਦੱਸਿਆ। ਇਸ ਡੇਰੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ ਅਤੇ ਨਾਲ ਹੀ ਉਥੇ ਹਰ ਵੇਲੇ ਹਵਨ ਹੁੰਦੇ ਰਹਿੰਦੇ ਹਨ। ਹਿੰਦੂਤਵੀ ਤਾਕਤਾਂ ਦਾ ਏਜੰਟ ਬਣ ਕੇ ਇਹ ਵਿਰਸਾ ਸਿੰਘ ਸਾਰੀ ਜ਼ਿੰਦਗੀ ਸਿੱਖੀ ਨੂੰ ਹਿੰਦੂ ਧਰਮ ਦਾ ਅੰਗ ਬਣਾਉਣ ਦੀ ਕੋਸ਼ਿਸ਼ ਵਿਚ ਹੀ ਲੱਗਾ ਰਿਹਾ। ਵਿਰਸਾ ਸਿੰਘ ਤਾਂ ਭਾਵੇਂ ਆਪਣੀ ਉਮਰ ਭੋਗ ਕੇ ਜਾ ਚੁੱਕਾ ਹੈ ਪਰ ਆਪਣੇ ਡੇਰਿਆਂ ਦੇ ਰੂਪ ਵਿਚ ਜੋ ਪਾਪ ਦਾ ਬੀਜ ਉਹ ਬੀਜ ਗਿਆ ਹੈ, ਉਸ ਦਾ ਸੰਤਾਪ ਸਿੱਖ ਕੌਮ ਨੂੰ ਪਤਾ ਨਹੀਂ ਕਿਤਨੀ ਦੇਰ ਭੋਗਣਾ ਪਵੇਗਾ? ਇਨ੍ਹਾਂ ਨੂੰ ਵੱਡੀ ਸਫਲਤਾ ਉਸ ਵੇਲੇ ਮਿਲਦੀ ਹੈ, ਜਦੋਂ ਸਿਆਸੀ ਆਗੂ ਆਪਣੇ ਸਿਆਸੀ ਹਿਤਾਂ ਵਾਸਤੇ ਇਨ੍ਹਾਂ ਨੂੰ ਮਾਨਤਾ ਦਿੰਦੇ, ਵਿਸ਼ੇਸ਼ ਸਤਿਕਾਰ ਦਿੰਦੇ ਅਤੇ ਇਨ੍ਹਾਂ ਦੇ ਡੇਰਿਆਂ 'ਤੇ ਜਾਂਦੇ ਹਨ।
ਇਨ੍ਹਾਂ ਦਾ ਸਿਆਸੀ ਪ੍ਰਭਾਵ ਇਤਨਾ ਵਧ ਗਿਆ ਹੈ ਕਿ ਪਹਿਲਾਂ ਸਤੰਬਰ, 2010 ਵਿਚ ਤੇ ਹੁਣ ਫੇਰ 6 ਸਤੰਬਰ 2011 ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ-ਭਾਜਪਾ ਸਰਕਾਰ ਨੇ ਸਿਰੀ ਚੰਦ ਦੇ ਜਨਮ ਦਿਨ ਦੀ ਸਰਕਾਰੀ ਛੁੱਟੀ ਕੀਤੀ। ਜਿਸ ਮੌਕੇ 'ਤੇ ਰਣਜੀਤ ਸਿੰਘ ਢੱਡਰੀਆਂ ਸਮੇਤ ਕਈ ਡੇਰਿਆਂ ਤੇ ਕਈ ਥਾਈਂ ਬਾਬਾ ਸਿਰੀ ਚੰਦ ਦਾ ਜਨਮ ਦਿਨ ਮਨਾਇਆ ਗਿਆ। ਜਿਥੇ ਉਘੇ ਅਕਾਲੀ ਆਗੂਆਂ, ਹੋਰ ਤਾਂ ਹੋਰ ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੇ ਜਾ ਕੇ ਭਾਸ਼ਣ ਦਿੱਤੇ ਕਿ ਸਾਨੂੰ ਬਾਬਾ ਸਿਰੀ ਚੰਦ ਦੇ ਦੱਸੇ ਸਿਧਾਂਤਾਂ ਅਤੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ, ਜਦਕਿ ਇਹ ਗੁਰੂ ਨਾਨਕ ਪਾਤਿਸ਼ਾਹ ਦੁਆਰਾ ਦ੍ਰਿੜ੍ਹ ਕਰਾਏ ਗੁਰਮਤਿ ਸਿਧਾਂਤਾਂ ਤੋਂ ਬਿਲਕੁਲ ਉਲਟ ਹਨ। ਬਾਬਾ ਸਿਰੀ ਚੰਦ ਦੇ ਸਿਧਾਂਤਾਂ ਨੂੰ ਅਪਣਾਉਣ ਦਾ ਅਰਥ ਹੈ, ਗੁਰੂ ਨਾਨਕ ਪਾਤਿਸ਼ਾਹ ਦੇ ਅਨਮੋਲ ਸਿਧਾਂਤਾਂ ਨੂੰ ਪਿੱਠ ਦੇਣਾ। ਸਿੱਖ ਸੰਗਤ ਨੂੰ ਵਿਸ਼ੇਸ਼ ਸੁਚੇਤ ਹੋਣ ਦੀ ਲੋੜ ਹੈ। ਇਨ੍ਹਾਂ ਦੇ ਡੇਰਿਆਂ 'ਤੇ ਜਾਣਾ, ਇਨ੍ਹਾਂ ਨੂੰ ਮਾਨਤਾ ਦੇਣੀ, ਖਾਲਸਾ ਪੰਥ ਨੂੰ ਢਾਹ ਲਾਉਣਾ ਹੈ।
- ਰਾਜਿੰਦਰ ਸਿੰਘ
ਸ਼੍ਰੋਮਣੀ ਖਾਲਸਾ ਪੰਚਾਇਤ
98761-04726