ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸੱਚੇ ਪਾਤਸ਼ਾਹ, ਗਿਲਾ ਤੇਰੇ ਨਾਲ ਵੀ ਐ...


ਮੈਂ ਸੋਚ ਲਿਆ ਸੀ ਸੱਚੇ ਪਾਤਸ਼ਾਹ, ਪੱਕਾ ਧਾਰ ਲਿਆ ਸੀ, ਕਿ ਹੁਣ ਕੁਝ ਨਈ ਬੋਲਣਾ, ਅੱਜ ਤੋਂ ਬਾਅਦ ਕੁਝ ਨਹੀਂ ਲਿਖਣਾ। ਐਨਾ ਧੱਕਾ, ਕਦੇ ਵੇਖਿਆ ਨਾ ਸੁਣਿਆਂ। ਕਹਿੰਦੇ ਐ ਰੱਬ ਦਾ ਤੇ ਅੱਤ ਦਾ ਵੈਰ ਹੁੰਦੈ ਪਰ ਅੱਤ ਤਾਂ ਕਿੱਦੇ ਦੀ ਲੰਘ ਗਈ ਐ। ਮੈਂ ਸ਼ਹਿਰ ਗੁਰਸਿੱਖਾਂ ਦੀ ਹੋ ਰਹੀ ਬੇਪੱਤੀ ਸਹਾਰ ਨਾ ਸਕਿਆ ਤੇ ਘਰ ਜਾ ਕੇ ਬੈਠ ਗਿਆ, ਚੁੱਪ-ਚਾਪ। ਸ਼ਹਿਰ ਮੈਂ ਜਾਣਾ ਵੀ ਕਾਹਨੂੰ ਸੀ। ਉਹ ਤਾਂ ਮੈਥੋਂ ਛੋਟਾ ਜ਼ਿੱਦ ਕਰ ਗਿਆ, “ਬਾਈ ਕਿਤੇ ਤੇਰੇ ਕਰਕੇ ਈ ਨਾ ਹਾਰ ਜਾਈਏ… ਤੂੰ ਜ਼ਰੂਰ ਜਾ। ਤੂੰ ਤਾਂ ਜਾਣੀ-ਜਾਣ ਐ ਸੱਚੇ ਪਾਤਸ਼ਾਹ। ਮੈਂ ਤਾਂ ਅੱਜ ਤੱਕ ਕਦੇ ਵੋਟ ਪਾਈ ਈ ਨਹੀਂ ਸੀ। ਜਦੋਂ ਮੈਨੂੰ ਏਸ ਝੂਠੇ ਲੋਕਤੰਤਰ 'ਚ ਵਿਸ਼ਵਾਸ ਈ ਨਹੀਂ ਤਾਂ ਮੈਂ ਵੋਟ ਕਿੱਥੋਂ ਪਾਉਣੀ ਸੀ। ਪਰ ਐਤਕੀਂ ਛੋਟਾ ਬਾਹਲੀ ਜ਼ਿੱਦ ਕਰ ਗਿਆ। ਮੈਨੂੰ ਵੀ ਪਤਾ ਨਹੀਂ ਕਿੱਥੋਂ ਇਕ ਆਸ ਜਹੀ ਬੱਝ ਗਈ। ਆਏ ਜੇ ਵੀ ਲੱਗਿਆ ਕਿ ਕਿਤੇ ਯਾਰ ਮੇਰੀ ਵੋਟ ਬਿਨਾਂ ਹੀ ਨਾ ਵਿਚਾਰਾ ਗੁਰਸਿੱਖ ਹਾਰ ਜਾਵੇ। ਬਸ ਭੰਬਲਭੂਸੇ ਜਹੇ ਵਿਚ ਸ਼ਹਿਰ ਤੁਰ ਗਿਆ। ਪਰ ਮਹਾਰਾਜ ਜੇ ਮੈਨੂੰ ਪਤਾ ਹੁੰਦਾ ਕਿ 'ਗਾਹਾਂ ਆਹ ਕੁਝ ਹੁੰਦਾ ਹੋਣੈ ਤਾਂ ਤੇਰੀ ਸਹੁੰ ਮੈਂ ਕਦੇ ਨਾ ਜਾਂਦਾ।
ਏਡਾ ਕਹਿਰ……… ਮੈਨੂੰ ਤਾਂ ਲੱਗਦੈ ਇਹ ਵੋਟਾਂ ਹੀ ਪਤਿਤਾਂ ਦੀਆਂ ਸਨ। ਸੱਚ ਜਾਣੀ, ਪਹਿਲਾਂ ਤਾਂ ਮੈਨੂੰ ਆਏਂ ਹੀ ਲੱਗਿਆ ਸੀ ਕਿ ਜਿਵੇਂ ਕਿਸੇ ਹਿੰਦੂ ਮੰਦਰ ਦੀ ਕਮੇਟੀ ਲਈ ਵੋਟਾਂ ਪੈਂਦੀਆਂ ਹੁੰਦੀਐਂ। ਕਿਉਂਕਿ ਪਤਿਤਾਂ ਨੂੰ ਤਾਂ ਉਹ ਅਗਾਂਹ ਕਰ ਰਹੇ ਸਨ ਤੇ ਅੰਮ੍ਰਿਤਧਾਰੀਆਂ ਨੂੰ ਧੱਕੇ ਮਾਰ ਰਹੇ ਸਨ ਤੇ ਨਾਲੇ ਕਹਿ ਰਹੇ ਸਨ, ਏਹਨੇ ਗਾਤਰੇ ਜੇ ਆਲੇ ਨੇ ਆਪਾਂ ਨੂੰ ਕਿੱਥੋਂ ਵੋਟ ਪਾਉਣੀ ਐ, ਭਜਾਓ ਏਹਨੂੰ ਏਥੋਂ।
ਮੈਂ ਤਾਂ ਕੰਬ ਗਿਆ। ਏਨੀ ਹਨੇਰਗਰਦੀ ਮੈਂ ਉਥੋਂ ਭੱਜਿਆ ਬਾਵਰਿਆਂ ਵਾਂਗ। ਬਸ ਸੋਚਦਾ ਸੀ ਘਰ ਜਾ ਕੇ ਹੀ ਸਾਹ ਲਊਂਗਾ। ਰਸਤੇ ਵਿਚ ਕਈ ਗੁਰਸਿੱਖ ਵਿਚਾਰੇ ਛੋਟੀਆਂ-ਛੋਟੀਆਂ ਕੇਸਕੀਆਂ ਨਾਲ ਸਿਰ ਜਹੇ ਢਕੀ ਜਾ ਰਹੇ ਸਨ ਤੇ ਪੱਗਾਂ ਵਿਚਾਰਿਆਂ ਦੀਆਂ ਕੱਛਾਂ ਵਿਚ ਸਨ। ਸ਼ਾਇਦ ਇਹ ਵੀ ਵੋਟਾਂ ਪਾਉਣ ਗਏ ਸਨ। ਮੈਂ ਹੋਰ ਤੇਜ਼ੀ ਨਾਲ ਭੱਜਿਆ ਤੇ ਅੱਗੇ ਇਕ ਬਜ਼ੁਰਗ ਅੰਮ੍ਰਿਤਧਾਰੀ ਨੂੰ ਕੁਝ ਘੋਨੇ-ਮੋਨੇ ਮੁੰਡੇ ਕੁੱਟ ਰਹੇ ਸਨ, ਤੈਨੂੰ ਬਾਹਲੀ ਸਿੱਖੀ ਚੜ੍ਹੀ ਐ, ਸਾਲਾ ਚੌਰਾ, ਹੁਣੇ ਕੱਢਦੇ ਆਂ ਤੇਰੀ ਸਿੱਖੀ,… ਸਾਲਾ ਹੋਇਐ ਜਾਅਲੀ ਵੋਟਾਂ ਦਾ, ਅਸੀਂ ਤਾਂ ਆਈਂ ਪਾਵਾਂਗੇ ਤੂੰ ਜਿਹੜਾ ਪੱਟਣੈ……” ਤੇ ਉਹ ਫਿਰ ਵਿਚਾਰੇ ਬਜ਼ੁਰਗ ਨੂੰ ਕੁੱਟਣ ਲੱਗ ਪਏ, ਤੇ ਫੇਰ ਜਦ ਉਹ ਬਾਪੂ ਨਿਸਲ ਹੋ ਗਿਆ ਤਾਂ ਉਹਨਾਂ ਘੋਨਿਆਂ ਵਿਚੋਂ ਇਕ ਉੱਚੀ ਸਾਰੀ ਬੋਲਿਆ, 'ਬੋਲੇ ਸੋ ਨਿਹਾਲ” ਸਾਸਰੀ 'ਕਾਲ”' ਬਾਕੀਆਂ ਨੇ ਡਾਂਗਾਂ ਤਾਹਾਂ ਨੂੰ ਉਲਾਰਦਿਆਂ ਜਵਾਬ ਦਿੱਤਾ।
ਆਹ ਕੀ ਹੋ ਗਿਆ ਸੱਚੇ ਪਾਤਸ਼ਾਹ। ਏਦਾਂ ਤਾਂ ਕਦੇ ਸਾਡੇ ਨਾਲ ਡੇਰਿਆਂ ਆਲਿਆਂ ਨੇ ਨੀ ਕੀਤਾ ਜਿੱਦਾਂ ਇਹ ਸਾਡੇ ਆਪਣੇ ਹੀ ਕਰ ਰਹੇ ਨੇ। ਮੈਂ ਭੱਜਿਆ, ਪੂਰੇ ਤਾਣ ਨਾਲ… ਟਰੱਕ-ਟਰੁੱਕ ਤੇ ਘੋੜਿਆਂ-ਘਾੜਿਆਂ ਆਲਿਆਂ ਦੇ ਟੈਂਟ ਲੀਰੋ-ਲੀਰ ਕੀਤੇ ਪਏ ਸਨ ਤੇ ਉਹਨਾਂ ਦੇ ਬੈਨਰ-ਪੋਸਟਰ ਸੜਕਾਂ 'ਤੇ ਉੱਡੇ ਫਿਰਦੇ ਸਨ।
ਸਾਲੇ ਹੋਏ ਐ ਬੂਥ ਲਾਉਣ ਦੇ…, ਬਥਾੜੇ ਭੰਨ ਦਿਉ ਇਹਨਾਂ ਦੇ, ਸਾਲੇ ਕਾਂਗਰਸ ਦੇ 'ਜੰਟ,” ਇਕ ਅਮਲੀ ਜਿਹਾ ਬੋਲਿਆ। ਅੱਜ ਮੈਨੂੰ ਓਹਦੇ ਤੋਂ ਵੀ ਡਰ ਜਿਹਾ ਲੱਗਿਆ, ਜੀਹਨੂੰ ਰੋਜ਼ ਉਹਦੀ ਘਰ ਆਲੀ ਗਲੀ 'ਚ ਡਿੱਗੇ ਪਏ ਨੂੰ ਚੁੱਕ ਕੇ ਲਿਜਾਂਦੀ ਸੀ ਤੇ ਨਾਲ ਨਸ਼ੇ ਦੇ ਰੱਜੇ ਹੋਏ ਨੂੰ ਗਾਲ੍ਹਾਂ ਕੱਢਦੀ ਤੇ ਛਿੱਤਰ ਮਾਰਦੀ ਸੀ। ਅੱਜ ਤਾਂ ਉਹ ਵੀ 'ਜਥੇਦਾਰ' ਬਣਿਆ ਫਿਰਦਾ ਸੀ।
''ਲਿਆਓ ਖਾਲਸਾ ਜੀ, ਮੈਂ ਫੇਰ ਜਾ ਆਵਾਂ''।
“ਓ ਠਹਿਰ ਜਾ ਨੱਥੂ, ਭੈਣ ਦੇਣਿਆ 15 ਤਾਂ ਤੂੰ ਪਹਿਲਾਂ ਪਾ ਆਇਐ.....
ਬਸ ਖਾਲਸਾ ਜੀ ਆਪਣੇ ਤੋਂ ਵੇਹਲੇ ਨੀ ਬੈਠਿਆ ਜਾਂਦਾ, ਨਾਲੇ ਆਪਾਂ ਪੰਥ ਨੀ ਹਾਰਨ ਦੇਣਾ, 'ਕਾਲੀ ਦਲ ਜ਼ਿੰਦਾਬਾਦ, ਤੁਸੀਂ ਬੋਲਦੇ ਨੀ ਭੈਣ ਦੇਣੀਏਂ ਮੁੰਡੀਹਰੇ, ਸਾਲਿਓ ਭੁੱਕੜ ਤਾਂ ਕਿੱਲੋ-ਕਿੱਲੋ ਛਕਗੇ ਸੀ ਉਦੋਂ, ਸਾਲਿਓ ਹੁਣ ਪੰਥ ਜ਼ਿੰਦਾਬਾਦ ਵੀ ਨੀ ਕਹਿੰਦੇ......।
ਏਹ ਕੈਸਾ ਪੰਥ ਸੱਚੇ ਪਾਤਸ਼ਾਹ!
ਮੈਂ ਹੰਭ ਕੇ ਘਰੇ ਆ ਡਿੱਗਾ। ਬਸ ਵਾਰੀ-ਵਾਰੀ ਮੈਨੂੰ ਉਂਗਲ 'ਤੇ ਲੱਗਾ ਨਿਸ਼ਾਨ ਚਿੜਾਈ ਜਾਵੇ… ਮੈਂ ਉਹ ਮਿਟਾਉਣ ਲਗਿਆ… ਪਰ ਉਹ ਲੱਥੇ ਈ ਨਾ… ਜੀਅ ਕੀਤਾ ਕਿ ਉਂਗਲ ਵੱਢ ਕੇ ਸੁੱਟ ਦਿਆਂ। ਰੋਂਦਾ ਤਾਂ ਮੈਂ ਰਸਤੇ ਤੋਂ ਹੀ ਆ ਰਿਹਾ ਸਾਂ, ਘਰੇ ਆ ਕੇ ਹੋਰ ਭੜਾਸ ਕੱਢ ਲਈ ਤੇ ਸਹੁੰ ਖਾ ਲਈ ਕਿ ਬਸ ਹੁਣ ਕੁਝ ਨਹੀਂ ਬੋਲਣਾ, ਨਾ ਕੁਝ ਲਿਖਣੈ। ਕੀ ਕਰਾਂਗੇ ਲਿਖਕੇ ਅੱਗੇ ਕੁਝ ਬਦਲਿਐ........  ਹੁਣ ਕੀ ਕਿੰਗਰੇ ਢਾਹ ਦਿਆਂਗੇ। ਆਵਦੇ ਮਨ ਦੀ ਭੜਾਸ ਐ ਬਸ। ਸੋ ਅੱਗੋਂ ਬਸ ਪੜਣੈ, ਲਿਖਣਾ ਕੁਝ ਨਹੀਂ।
ਪਰ ਸੱਚੇ ਪਾਤਸ਼ਾਹ, ਅੱਜ ਮੈਥੋਂ ਉਹ ਗੁਰਸਿੱਖ ਰੋਂਦਾ ਜ਼ਰਿਆ ਨਈਂ ਗਿਆ। ਉਹ ਜੀਹਨੂੰ ਵੇਖ-ਵੇਖ ਅਸੀਂ ਹੱਸਣਾ ਸਿੱਖਿਆ। ਉਹ ਜੀਹਨੇ ਸਾਨੂੰ ਉਂਗਲੀ ਫੜ੍ਹ ਤੁਰਨਾ ਸਿਖਾਇਐ। ਉਹ ਜਿਹੜਾ ਗਰੀਬ ਸਿੱਖਾਂ ਦੇ ਬੱਚਿਆਂ ਨੂੰ ਪੜ੍ਹਣ ਲਈ ਆਪਣਾ ਦਸਵੰਦ ਦਿੰਦੈ। ਬੱਚਿਆਂ ਦੀਆਂ ਗੁਰਮਤਿ ਦੀਆਂ ਕਲਾਸਾਂ ਲਾਉਂਦੈ। ਉਹ ਜਿਹੜਾ ਪਿੰਡ-ਪਿੰਡ ਫਿਰ ਕੇ ਗੁਰਦੁਆਰਿਆਂ ਵਿਚ ਸਿੱਖ ਇਤਿਹਾਸ ਬਾਰੇ ਮੁਫ਼ਤ ਫਿਲਮਾਂ ਦਿਖਾਉਂਦਾ ਫਿਰਦੈ। ਉਹ ਜੀਹਨੇ ਸਾਡੇ ਅੱਧੇ ਸ਼ਹਿਰ ਦੇ ਮੁੰਡਿਆਂ ਨੂੰ ਮੁਫ਼ਤ ਪੱਗਾਂ ਬੰਨਣੀਆਂ ਸਿਖਾਈਆਂ। ਉਹ ਜਿਹੜਾ ਗਲੀ-ਗੁਆਂਢ ਦੇ ਬੱਚਿਆਂ ਨੂੰ 'ਕੱਠੇ ਕਰਕੇ ਗੁਰਦੁਆਰੇ ਲਿਆਉਂਦੈ, ਫੇਰ ਭਾਵੇਂ ਚੀਜ਼ੀ ਦਾ ਲਾਲਚ ਦੇ ਕੇ ਹੀ ਲਿਆਵੇ। ਉਹ ਜੀਹਨੂੰ ਸਾਰੇ ਬੱਚੇ ਸਤਿਕਾਰ ਨਾਲ 'ਬਾਬਾ ਜੀ' ਕਹਿੰਦੇ ਅ। ਉਹ ਜੀਹਨੂੰ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਵਾਲੇ ਸਤਿਕਾਰ ਨਾਲ ਬੁਲਾਉਂਦੇ ਐ। ਚੰਦਨ ਤੇ ਪਾਰਸ ਅਸੀਂ ਕਦੇ ਨਹੀਂ ਵੇਖੇ, ਪਰ ਇਸ ਗੁਰਸਿੱਖ ਵਿਚੋਂ ਉਹਨਾਂ ਦੋਹਾਂ ਦਾ ਝੌਲਾ ਪੈਂਦੇ। ਜੇ ਨਹੀਂ ਯਕੀਨ ਤਾਂ ਓਹਦੇ ਗੁਆਂਢੀ ਵੇਖ ਲਓ, ਜਿਹੜੇ ਹਿੰਦੂ ਹੋਣ ਦੇ ਬਾਵਜੂਦ ਵੀ ਪੱਗਾਂ ਬੰਨੀ ਫਿਰਦੇ ਐ।
ਅੱਜ ਮੈਥੋਂ ਉਹ ਰੋਂਦਾ ਨਹੀਂ ਝੱਲਿਆ ਗਿਆ, ਸੱਚੇ ਪਾਤਸ਼ਾਹ ਜੀਹਨੇ ਸਾਨੂੰ ਹੱਸਣਾ ਸਿਖਾਇਐ। ਤਾਂ ਹੀ ਹਾਰ ਕੇ ਮੈਂ ਤੈਥੋਂ ਸਵਾਲ ਪੁੱਛਣ ਲਈ ਲਿਖਣ ਲੱਗਿਆ ਹਾਂ। ਉਹ ਤਾਂ ਸਾਡੇ ਹੈ ਈ ਨਈਂ ਸੱਚੇ ਪਾਤਸ਼ਾਹ। ਉਹਨਾਂ 'ਤੇ ਕੋਈ ਗਿਲਾ ਨਹੀਂ। ਉਹ ਦਿੱਲੀ ਵੱਲ ਨੂੰ ਮੂੰਹ ਕਰੀ ਪੂਛ ਹਿਲਾਉਂਦੇ ਰਹਿੰਦੇ ਨੇ, ਕਿ ਸ਼ਾਇਦ ਇਕ ਅੱਧੀ ਬੋਟੀ ਹੋਰ ਮਿਲ ਜਾਏ। ਅਕਾਲ ਤਖ਼ਤ ਨੂੰ ਪਿੱਠ ਦਿੱਤਿਆਂ ਤਾਂ ਉਹਨਾਂ ਨੂੰ 25-30 ਸਾਲ ਹੋ ਗਏ। ਸੋ ਰੋਸ ਉਹਨਾਂ 'ਤੇ ਨਹੀਂ, ਉਹ ਤਾਂ ਸਾਡੇ ਹੈ ਈ ਨਹੀਂ।
ਗਿਲਾ ਤਾਂ ਤੇਰੇ ਨਾਲ ਐ ਸੱਚੇ ਪਾਤਸ਼ਾਹ ਤੂੰ ਦੱਸ ਤੂੰ ਸਾਡੇ ਵੱਲ ਹੈਂ ਕਿ ਨਹੀ। ਤੂੰ ਜਾਣੀ ਜਾਣ ਐਂ ਸੱਚੇ ਪਾਤਸ਼ਾਹ। ਅਸੀਂ ਤਾਂ ਤੈਨੂੰ ਪਿੱਠ ਨਹੀਂ ਦਿੱਤੀ। ਫੇਰ ਤੂੰ.........
ਹੁਣ ਤੈਨੂੰ ਕੀ ਦੱਸਾਂ ਕਿ ਉਹ ਕਿਉਂ ਰੋਂਦਾ ਸੀ। ਤੈਨੂੰ ਸਭ ਪਤੈ। ਪਰ ਫਿਰ ਵੀ ਸੁਣ।
ਕਿੱਦੇਂ ਦਾ ਡਰਾਮਾਂ ਚੱਲਦਾ ਸੀ ਅਖ਼ਬਾਰਾਂ ਵਿਚ। ਅਖੇ ਜੀ ਕੇਸਾਧਾਰੀਆਂ ਦੀਆਂ ਵੋਟਾਂ ਪੈਣਗੀਆਂ। ਸਹਿਜਧਾਰੀ (ਪਤਿਤ) ਵੋਟ ਨਹੀਂ ਪਾ ਸਕਣਗੇ। ਜੇ ਉਹ ਆਏ ਤਾਂ ਪਰਚੇ ਕੀਤੇ ਜਾਣਗੇ। ਇਸ ਵਿਚਾਰੇ ਗੁਰਸਿੱਖ ਦੀ ਡਿਊਟੀ ਸਾਡੇ ਗੁਆਂਢੀ ਜ਼ਿਲ੍ਹੇ ਦੇ ਇਕ ਪਿੰਡ ਵਿਚ ਲੱਗੀ। ਇਹ ਉਸ ਰੋਜ਼ ਦੇ ਚੱਲ ਰਹੇ ਨਾਟਕ ਨੂੰ ਸੱਚ ਸਮਝ ਬੈਠੇ ਸਨ ਕਿ ਵੋਟਾਂ ਸਿਰਫ਼ ਕੇਸਾਧਾਰੀਆਂ ਦੀਆਂ ਹੀ ਪੈਣਗੀਆਂ। ਪਰ ਉਸ ਪਿੰਡ ਦਾ ਤਾਂ ਸਰਪੰਚ ਈ ਪਤਿਤ ਸੀ।
“ਹੁਣ ਤੂੰ ਮੇਰੀ ਵੋਟ ਵੀ ਨਈ ਪੈਣ ਦਿੰਦਾ” ਇਸ ਗੁਰਸਿੱਖ ਦੇ ਰੋਕਣ 'ਤੇ ਸਰਪੰਚ ਕੜਕਿਆ।
“ਨਹੀਂ ਵੀਰ ਜੀ, ਮੇਰੀ ਹੱਥ ਜੋੜ ਕੇ ਬੇਨਤੀ ਐ, ਇਹ ਵੋਟਾਂ ਤਾਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਪੈ ਰਹੀਐਂ ਤੇ ਇਹਨਾਂ ਵਿਚ ਵੋਟ ਦਾ ਅਧਿਕਾਰ ਸਿਰਫ਼ ਕੇਸਾਧਾਰੀਆਂ ਨੂੰ ਐ”, ਸਰਪੰਚ ਨੇ ਖੜ੍ਹੇ ਹੋਏ ਉਮੀਦਵਾਰ ਨੂੰ ਫੋਨ ਕਰ ਦਿੱਤਾ। ਉਹ ਪਹੁੰਚ ਗਿਆ ਲਾਮ ਲਸ਼ਕਰ ਨਾਲ ਟਰੈਕਟਰ 'ਤੇ ਚੜ੍ਹ ਕੇ।
“ਕਿਹੜਾ ਐ ਉਹ ਵੱਡਾ ਜਥੇਦਾਰ, ਜਿਹੜਾ ਆਪਣੀਆਂ ਵੋਟਾਂ ਨਈਂ ਪੈਣ ਦਿੰਦਾ” ਉਮੀਦਵਾਰ ਕੜਕਿਆ।
ਇਸ ਗੁਰਸਿੱਖ ਨੇ ਉਸ ਉਮੀਦਵਾਰ ਨੂੰ ਸਿੱਖ ਰਹਿਤ ਮਰਿਯਾਦਾ ਦਾ ਪਹਿਲਾ ਪੰਨਾ ਖੋਲ੍ਹ ਕੇ ਸਿੱਖ ਦੀ ਪਰਿਭਾਸ਼ਾ ਵਿਖਾਉਣੀ ਚਾਹੀ।
ਪਰ੍ਹੇ ਸਿੱਟ ਆਹ ਕਤਾਬਚਾ ਜਿਹਾ, ਚੱਕੀ ਫਿਰਦੈ ਆਂਵਦੇ ਪਿਉ ਆਲੀ ਮਰਿਯਾਦਾ, ਅਸੀਂ ਨੀ ਜਾਣਦੇ ਤੇਰੀ ਮਰਿਆਦਾ-ਮਰੂਦਾ ਨੂੰ, ਤੂੰ ਸਿੱਧਾ ਹੋ ਕੇ ਦੱਸ ਕਿਵੇਂ ਕਰਾਉਣੀ ਐ”
ਜਦੋਂ ਉਸ ਗੁਰਸਿੱਖ ਨੇ ਪਤਿਤ ਵੋਟਾਂ ਪਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਮੀਦਵਾਰ ਨੇ ਮੰਤਰੀ ਜੀ ਨੂੰ ਫੋਨ ਲਾ ਲਿਆ। ਮੰਤਰੀ ਨੇ ਅਫਸਰ ਖਿੱਚ ਦਿੱਤੇ ਤੇ ਡੀ. ਸੀ., ਐਸ. ਐਸ. ਪੀ.... ਹੁਣ ਤੈਨੂੰ ਪਤਾ ਈ ਐ ਸੱਚੇ ਪਾਤਸ਼ਾਹ।
ਦੇਖੋ ਵੀਰ ਜੀ, ਭਾਈ ਤਾਰੂ ਸਿੰਘ ਨੇ ਕੇਸਾਂ ਖਾਤਰ ਖੋਪਰੀ ਲੁਹਾ ਲਈ ਤੇ ਆਪਾਂ ਵੋਟਾਂ ਖਾਤਰ ਇਤਿਹਾਸ.....
“ਕਿਹੜਾ ਤਾਰੂ ਸਿੰਘ, ਇਹ ਮੂਰਖ ਜਿਹਾ ਕਿੰਨਾ ਦੇ ਨਾਮ ਲਈ ਜਾਂਦਾ, ਆਪਾਂ ਤਾਂ ਇਹਨਾਂ ਨੂੰ ਜਾਣਦੇ ਨਹੀਂ, ਤਾਰੂ-ਤੁਰੂ ਸਿੰਘ ਨੂੰ, ਤੂੰ ਦੱਸ ਫੋਨ ਕੀਹਦਾ ਕਰਵਾਈਏ.....
ਸੱਚੇ ਪਾਤਸ਼ਾਹ ਤੂੰ ਓਹਨੂੰ ਤਾਕਤ ਦਿੱਤੀ ਤੇ ਉਹ ਡਟਿਆ ਰਿਹਾ, ਪਰ ਜਦੋਂ ਉਹ ਦੁਸ਼ਟ ਉਸ ਗੁਰਸਿੱਖ ਨੂੰ ਕੁੱਟ-ਮਾਰ ਰਹੇ ਸਨ ਤਾਂ ਤੂੰ ਕੋਈ ਕਲਾ ਕਿਉਂ ਨ ਵਰਤਾਈ।
ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ£
ਮਹਾਰਾਜ ਮਰਨ ਪਿੱਛੋਂ ਮੁਕਤੀ ਦਾ ਕੀ ਫਾਇਦਾ। ਜੇ ਐਸੇ ਗੁਰਸਿੱਖਾਂ ਦੀ ਵੀ ਤੂੰ ਬਹੁੜੀ ਨਹੀਂ ਕਰਦਾ। ਦੱਸ ਸੱਚੇ-ਪਾਤਸ਼ਾਹ ਇਹਨਾਂ ਦਾ ਕਸੂਰ ਦੱਸ। ਇਹ ਇਕ ਇਕੱਲੇ ਇਸੇ ਗੁਰਸਿੱਖ ਦੀ ਗੱਲ ਨਹੀਂ, ਪਤਾ ਨਹੀਂ ਕਿੰਨੀਆਂ-ਥਾਵਾਂ 'ਤੇ ਕਿੰਨਿਆਂ ਨਾਲ ਇੰਝ ਵਾਪਰਿਆ ਹੋਣੈ।
ਵੱਡੇ ਘੱਲੂਘਾਰੇ ਤੋਂ ਬਾਅਦ ਬਚੇ ਹੋਏ ਸਿੱਖਾਂ ਨੇ ਰਲ ਕੇ ਅਰਦਾਸ ਕੀਤੀ, ਚੜ੍ਹਦੀ ਕਲਾ ਦੀ ਅਰਦਾਸ ਪਿੱਛੋਂ ਉਹਨਾਂ ਇਹ ਸ਼ਬਦ ਵੀ ਕਹੇ,
ਪੰਥ ਕੀ ਜੋ ਰਾਖੋਗੇ ਤਉ ਗ੍ਰੰਥ ਕੀ ਰਹੇਗੀ ਨਾਥ
ਪੰਥ ਨ ਰਹੇਗਾ ਤੋਂ ਗ੍ਰੰਥ ਕੌਣ ਮਾਨੋਗੇ”
ਹੁਣ ਤੂੰ ਹੀ ਦੱਸ ਸੱਚੇ ਪਾਤਸ਼ਾਹ ਇਹ ਧੱਕੇ ਨਾਲ ਜਿੱਤੇ ਹੋਏ, ਜਿਹਨਾਂ ਲਈ ਮਰਿਯਾਦਾ ਕੋਈ ਚੀਜ਼ ਨਈਂ, ਸਿਧਾਂਤ ਕੋਈ ਚੀਜ਼ ਨਹੀਂ.....ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੁਨੀਆਂ ਵਿਚ ਕਿਵੇਂ ਫੈਲਾਉਣਗੇ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਨਹੀਂ ਪਤਾ ਕਿੰਨੇ ਨੇ। ਜਿਹੜੇ ਰਾਤ ਨੂੰ ਗਾਤਰੇ ਕਿੱਲੀ 'ਤੇ ਟੰਗ ਕੇ ਸੌਂਦੇ ਨੇ। ਅੰਮ੍ਰਿਤ ਛਕਣੇ ਦਾ ਪਖੰਡ ਤਾਂ ਇਨ੍ਹਾਂ ਨੂੰ ਕਰਨਾ ਪਿਐ ਵੋਟਾਂ ਲਈ।
ਤੂੰ ਹੀ ਦੱਸ ਸੱਚੇ ਪਾਤਸ਼ਾਹ ਦੁਖ ਕਿਸ ਅੱਗੇ ਫੋਲੀਏ।
ਹਉ ਭਾਲਿ ਵਿਕੁੰਨੀ ਹੋਈ£ ਆਧੇਰੈ ਰਾਹੁ ਨ ਕੋਈ£
ਦੱਸ ਮਹਾਰਾਜ ਏਸ ਹਨੇਰੇ ਵਿਚ ਕਿੱਧਰ ਜਾਈਏ। ਸੱਚੇ ਪਾਤਸ਼ਾਹ ਸਾਨੂੰ ਤਾਂ ਅੱਜ ਆਏਂ ਹੀ ਨ੍ਹੀਂ ਪਤਾ ਲੱਗਦਾ ਕਿ ਹਰਨਾਖਸ਼ ਕੌਣ ਐ ਤੇ ਪ੍ਰਹਲਾਦ ਕੌਣ ਐ। ਕਿਤੇ ਤੂੰ ਵੀ ਟੀ.ਵੀ., ਅਖ਼ਬਾਰਾਂ ਦੇ ਝਾਂਸੇ ਵਿਚ ਤਾਂ ਨਹੀਂ ਆ ਗਿਆ। ਉਹ ਤਾਂ ਇਨ੍ਹਾਂ ਹਰਨਾਖਸ਼ਾਂ ਨੂੰ ਪ੍ਰਹਲਾਦ ਕਹਿ ਰਹੇ ਨੇ। ਬਸ ਹੁਣ ਪੈਜ ਤੂੰ ਰੱਖਣੀ ਐਂ। ਪਰ ਹਰਨਾਖਸ਼ ਤੇ ਪ੍ਰਹਲਾਦ ਦੀ ਪਛਾਣ ਕਰਕੇ। ਜਾਂ ਤਾਂ ਸਾਨੂੰ ਮਾਰ ਦੇ ਤੇ ਜਾਂ ਇਹਨਾਂ ਦੁਸ਼ਟਾਂ ਨੂੰ ਸੋਧਨ ਲਈ ਸਾਨੂੰ ਏਨੀ ਤਾਕਤ ਬਖਸ਼।
ਸੁਣ ਐ ਤਖਤਾਂ ਵਾਲਿਆ ਅਸੀਂ ਸਹਿ ਨਾ ਸਕੀਏ ਹੋਰ
ਬਾਰ ਪਰਾਏ ਮਾਲਕਾ ਅਸੀਂ ਬਹਿ ਨਾ ਸਕੀਏ ਹੋਰ”
ਹੁਣ ਹੋਰ ਸਹਾਰ ਨੀ ਹੁੰਦਾ ਸੱਚੇ ਪਾਤਸ਼ਾਹ। ਉਸ ਗੁਰਸਿੱਖ ਨੂੰ ਤੂੰ ਖੁਦ ਹੀ ਢਾਰਸ ਬੰਨਾਈਂ। ਤੇ ਕੌਮ ਨੂੰ ਵੀ ਕਿਸੇ ਤਰੀਕੇ ਸਮਝਾਈ ਕਿ ਇਸ ਜੋਕਤੰਤਰ ਵਿਚ ਉਹ ਵੋਟਾਂ ਵਾਲੇ ਢੰਗ ਨਾਲ ਨਹੀਂ ਜਿੱਤ ਸਕਦੀ। ਇੱਥੇ ਕੁਝ ਵੀ ਉਨ੍ਹਾਂ ਦੇ ਹੱਕ ਵਿਚ ਨਹੀਂ।
ਚਾਰਲਸ ਡਿਕਨਜ਼ ਆਪਣੇ ਜਗਤ ਪ੍ਰਸਿੱਧ ਨਾਵਲ 'ਦੋ ਸ਼ਹਿਰਾਂ ਦੀ ਕਹਾਣੀ' ਵਿਚ ਕਹਿੰਦਾ ਹੈ, ਕਾਨੂੰਨ ਉਸੇ ਲਈ ਚੰਗਾ ਹੁੰਦਾ ਹੈ ਜਿਸ ਦੀ ਇਹ ਜ਼ੇਬ ਵਿਚ ਹੋਵੇ।
ਉਹ ਕਮਲੇ ਨਹੀਂ ਸੀ ਜਿਹਨਾਂ ਵੋਟਾਂ ਦਾ ਬਾਈਕਾਟ ਕੀਤਾ ਸੀ। ਸਾਡੇ ਲੀਡਰ ਵੀ ਕੁਝ ਸੁਹਿਰਦ ਹੋਣ ਤੇ ਇਕੋ ਪਲੇਟਫਾਰਮ 'ਤੇ ਇਕੱਠੇ ਹੋਣ, ਵੋਟਾਂ ਲੜਣ ਲਈ ਨਹੀਂ, ਸਗੋਂ ਵੋਟਾਂ ਦੇ ਸਮੂਹਿਕ ਬਾਈਕਾਟ ਲਈ। ਕਸ਼ਮੀਰੀਆਂ ਤੋਂ ਕੁਝ ਸਿੱਖਣ।
.....ਤੇ ਦੁਨੀਆਂ ਨੂੰ ਦਿਖਾਉਣ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਸਲੀ ਤਸਵੀਰ।
           ਬਸ ਲੋੜ ਤਾਂ ਤੇਰੇ ਸਹਾਰੇ ਦੀ ਹੈ, ਤੂੰ ਸਾਥੋਂ ਮੂੰਹ ਨਾ ਫੇਰੀਂ।
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ£
- ਜਗਦੀਪ ਸਿੰਘ ਫਰੀਦਕੋਟ
98157-63313