ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੂੜ੍ਹੀ ਨੀਂਦ ਹੰਢਾਓ, ਖੁਸ਼ੀਆਂ ਪਾਓ


ਕੁਦਰਤੀ ਨਿਯਮ ਅਨੁਸਾਰ ਹਰ ਪ੍ਰਾਣੀ ਨੀਂਦ ਦਾ ਮੁਥਾਜ ਹੈ। ਨੀਂਦ, ਜੀਵ ਨੂੰ ਪੂਰਨ ਵਿਸ਼ਰਾਮ ਪ੍ਰਦਾਨ ਕਰਦੀ ਹੈ। ਜੇਕਰ ਅਸੀਂ ਮਨੁੱਖੀ ਜੀਵਨ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਸਰੀਰਕ ਹਰਕਤ ਦੇ ਅਮਲ ਵਿਚ ਆਉਣ 'ਤੇ ਮਨੱਖੀ ਖੂਨ ਵਿਚਲੇ ਅਣਗਿਣਤ ਸੈੱਲ ਟੁੱਟਦੇ-ਭੱਜਦੇ ਤੇ ਮੁੜ ਜੁੜਦੇ ਰਹਿੰਦੇ ਹਨ ਜੋ ਲਹੂ ਦੇ ਨਿਰੰਤਰ ਪਰਵਾਹ ਨੂੰ ਸੁਚਾਰੂ ਪ੍ਰਤੀਕਿਰਿਆ ਵਿਚ ਰੱਖਦੇ ਹਨ। ਟੁੱਟੇ ਸੈੱਲਾਂ ਨੂੰ ਜੋੜਨ ਵਿਚ ਸਭ ਤੋਂ ਅਹਿਮ ਭੂਮਿਕਾ ਨੀਂਦ ਦੀ ਹੁੰਦੀ ਹੈ। ਟੁੱਟਦੇ ਸੈੱਲ ਮਨੁੱਖੀ ਸਰੀਰ ਵਿਚ ਥਕਾਵਟ, ਆਲਸ, ਬੇਅਰਾਮੀ ਅਤੇ ਮਾਨਸਿਕ ਤਣਾਓ ਪੈਦਾ ਕਰਦੇ ਹਨ ਉਹੀਓ ਸੈੱਲ ਆਰਾਮ ਮਿਲਣ 'ਤੇ ਆਪਣੀ ਪਹਿਲੀ ਅਵਸਥਾ ਵਿਚ ਆ ਜਾਂਦੇ ਹਨ ਜਾਂ ਇੰਜ ਕਹਿ ਲਓ ਕਿ ਉਨ੍ਹਾਂ ਦੀ ਰਿਪੇਅਰ ਹੋ ਜਾਂਦੀ ਹੈ।
ਸਾਧਾਰਣ ਰੂਪ ਵਿਚ ਆਰਾਮ ਕਾਰਨ ਨਾਲ ਵੀ ਟੁੱਟੇ ਸੈੱਲ ਜੁੜਦੇ ਹਨ ਪਰ ਉਸ ਗਤੀ ਨਾਲ ਨਹੀਂ ਜਿਸ ਗਤੀ ਨਾਲ ਨੀਂਦ ਦੌਰਾਨ। ਇਸ ਤਰ੍ਹਾਂ ਨੀਂਦ ਦੀ ਮਨੁੱਖੀ ਜੀਵਨ ਵਿਚ ਆਪਣੀ ਇਕ ਖਾਸ ਅਹਿਮੀਅਤ ਹੈ। ਨੀਂਦ ਕਿੰਨੀ ਅਤੇ ਕਿਹੋ ਜਿਹੀ ਆਉਣੀ ਚਾਹੀਦੀ ਹੈ,ਆਓ ਜ਼ਰਾ ਇਸ ਪਹਿਲੂ 'ਤੇ ਵਿਚਾਰ ਕਰੀਏ, ਨੀਂਦ ਕਿੰਨੀ ਕੁ ਆਉਣੀ ਜ਼ਰੂਰੀ ਹੈ, ਇਸ ਬਾਰੇ ਕੋਈ ਨਿਸ਼ਚਿਤ ਪੈਮਾਨਾ ਨਹੀਂ। ਫਿਰ ਵੀ ਆਮ ਰਾਏ ਹੈ ਕਿ ਛੇ ਕੁ ਘੰਟੇ ਆਉਣੀ ਜ਼ਰੂਰੀ ਹੈ। ਕੁਝ ਲੋਕ ਸਿਰਫ ਚਾਰ ਕੁ ਘੰਟੇ ਸੌਂਦੇ ਹਨ ਜਦੋਂ ਕਿ 8-9 ਘੰਟੇ ਜਾਂ ਇਸ ਤੋਂ ਵੱਧ ਵਾਲੇ ਵਿਅਕਤੀ ਵੀ ਹਨ। ਨਿਪੋਲੀਅਨ ਬਾਰੇ ਮਸ਼ੂਹਰ ਸੀ ਕਿ ਉਹ ਘੋੜੇ 'ਤੇ ਸੌਂ ਜਾਂਦਾ ਸੀ ਤੇ ਓਨਾ ਸਮਾਂ ਸੁੱਤਾ ਰਹਿੰਦਾ ਸੀ ਜਿੰਨੇ ਚਿਰ ਦੀ ਉਹ ਕਲਪਨਾ ਕਰਦਾ ਸੀ, ਤੁਸੀਂ ਨੀਂਦ ਦੇ ਕਦੀ ਵੀ ਗੁਲਾਮ ਨਾ ਬਣੋ। ਉਨ੍ਹਾਂ ਲਈ ਆਰਥਿਕ ਮਜਬੂਰੀਆਂ ਕਾਰਨ ਪਹੁੰਚ ਤੋਂ ਬਾਹਰ  ਹੁੰਦਾ ਹੈ। ਸਾਡੇ ਸਮਾਜ ਦੀ ਤਰਾਸਦੀ ਹੈ ਕਿ ਲੋੜਵੰਦਾਂ ਨੂੰ ਉਪਰੋਕਤ ਨਿਆਮਤਾਂ ਮਿਲਦੀਆਂ ਨਹੀਂ ਤੇ ਜਿਨ੍ਹਾਂ ਨੂੰ ਮਿਲਦੀਆਂ ਹਨ ਉਨ੍ਹਾਂ ਨੂੰ ਡਾਕਟਰ ਮਨਾਹੀ ਕਰਦੇ ਹਨ। ਨੀਂਦਰ ਅਵਸਥਾ ਵਿਚ ਮਨੁੱਖ ਨੂੰ ਸਭ ਤੋਂ ਵੱਧ ਵਿਸ਼ਰਾਮ ਮਿਲਦਾ ਹੈ। ਜਿੱਥੇ ਗੂੜ੍ਹੀ-ਡੂੰਘੀ ਤੇ ਭਰਵੀਂ ਨੀਂਦ ਆਪਣੇ ਆਪ ਵਿਚ ਵਰਦਾਨ ਹੈ ਉਥੇ ਟੁੱਟਵੀਂ 'ਤੇ ਬੇਆਰਾਮੀ ਤੇ ਅਵਾਜਾਰੀ ਭਰੀ ਨੀਂਦ ਸ਼ਰਾਪ ਤੋਂ ਘੱਟ ਨਹੀਂ ਹੁੰਦੀ। ਭਾਗਸ਼ਾਲੀ ਵਿਅਕਤੀ ਉਹ ਹੁੰਦਾ ਹੈ ਜਿਸ ਨੂੰ ਬਿਸਤਰ 'ਤੇ ਲੇਟਣ ਉਪਰੰਤ 5-7 ਮਿੰਟਾਂ ਵਿਚ ਨੀਂਦ ਆ ਜਾਵੇ ਤੇ ਤੜਕਸਾਰ ਤਕ ਉਹ ਨਿਰਵਿਘਨ ਸੁੱਤਾ ਰਹੇ। ਅਜਿਹੀ ਨੀਂਦ ਹਰ ਬਸ਼ਰ ਨੂੰ ਨਸੀਬ ਨਹੀਂ ਹੁੰਦੀ। ਭਟਕਦੇ ਮਨ ਵਾਲੇ, ਅਸੰਤੁਸ਼ਟ, ਚਿੰਤਾਵਾਨ, ਲੋਭੀ, ਅਸਥਿਰ ਸੋਚ ਵਾਲੇ ਅਤੇ ਤਣਾਓ ਮਾਹੌਲ ਦੀ ਗ੍ਰਿਫਤ ਵਿਚ ਫਸੇ ਲੋਕ ਇਸ ਦੌਲਤ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਅਜਿਹੇ ਵਿਅਕਤੀਆਂ ਨੂੰ ਨੀਂਦ ਨਹੀਂ ਆਉਂਦੀ, ਸੱਚ ਤਾਂ ਇਹ ਹੈ ਕਿ, ''ਨੀਂਦ ਸੂਲੀ 'ਤੇ ਵੀ ਆ ਜਾਂਦੀ ਹੈ।'' ਸਵਾਲ ਤਾਂ ਇਹ ਹੈ ਕਿ ਨੀਂਦ ਬੇਆਰਾਮੀ ਵਾਲੀ, ਟੁੱਟਵੀਂ ਆਉਂਦੀ ਹੈ ਨਾ ਕਿ ਬੇਬਾਕ-ਅਟੁੱਟ। ਬਹੁਤ ਸਾਰੇ ਲੋਕ ਨੀਂਦ ਵਾਸਤੇ ਨਸ਼ਿਆਂ ਜਾਂ ਦਵਾਈਆਂ ਦਾ ਸਹਾਰਾ ਲੈਂਦੇ ਹਨ। ਹੌਲੀ-ਹੌਲੀ ਇਹ ਇੱਲਤ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ ਜਿਸ ਤੋਂ ਛੁਟਕਾਰਾ ਪਾਉਣਾ ਕਠਿਨ ਹੋ ਜਾਂਦਾ ਹੈ। ਫਿਰ ਵੀ ਦ੍ਰਿੜ੍ਹ ਇਰਾਦੇ, ਪ੍ਰਬਲ ਇੱਛਾ ਸ਼ਕਤੀ ਤੇ ਨਿਰੋਈ ਸੋਚ ਨਾਲ ਇਸ ਲਾਹਨਤ ਤੋਂ ਨਿਜ਼ਾਤ ਹਾਸਲ ਕੀਤੀ ਜਾ ਸਕਦੀ ਹੈ। ਨਸ਼ੇ ਵਿਰੁੱਧ ਸੋਚ ਬਣਾਓ, ਸੋਚ ਬਦਲਣ ਨਾਲ ਜੀਵਨ ਬਦਲ ਜਾਂਦਾ ਹੈ। ਨਸ਼ੇ ਦੀ ਲਾਲਸਾ ਨੂੰ ਵਿਚਾਰਾਂ ਨਾਲ ਭਾਂਜ ਦਿਓ। ਚਿੰਤਾ ਕਿਸੇ ਮਸਲੇ ਦਾ ਹੱਲ ਨਹੀਂ। ਸੌਣ ਵੇਲੇ ਸ਼ਾਂਤ-ਚਿੱਤ ਰਹੋ। ਮਸਲਿਆਂ ਬਾਰੇ ਲੰਬੀਆਂ ਸੋਚਾਂ ਨੂੰ ਜ਼ਿਹਨ ਵਿਚ ਦਾਖਲ ਨਾ ਹੋਣ ਦਿਓ. ਸਮੱਸਿਆਵਾਂ ਦਾ ਹੱਲ ਉਪਯੋਗੀ ਵਿਚਾਰਾਂ ਅਤੇ ਭਰਪੂਰ ਯਤਨਾਂ ਨੂੰ ਅਮਲ ਵਿਚ ਲਿਆਉਣ ਨਾਲ ਸੰਭਵ ਹੁੰਦਾ ਹੈ, ਵਾਧੂ ਚਿੰਤਾ ਕਰਨ 'ਚ ਨਹੀਂ। ਸੋਚ ਦੀ ਉਡਾਰੀ ਨੂੰ ਜ਼ਿੰਦਗੀ ਦੇ ਮੇਲਿਆਂ 'ਚ ਭਰਮਾਓ, ਝਮੇਲਿਆਂ 'ਚ ਨਾ ਉਲਝਾਓ। ਅਜਿਹੇ ਸਾਰਥਕ ਵਿਚਾਰਾਂ ਨੂੰ ਮਨ ਵਿਚ ਲਿਆਓ।
''ਇਹ ਸਰੀਰ ਮੇਰਾ ਹੈ, ਮਨ ਵੀ ਮੇਰਾ ਹੈ। ਮੈਂ ਇਨ੍ਹਾਂ ਦੋਹਾਂ ਦਾ ਮਾਲਕ ਹਾਂ-ਗੁਲਾਮ ਨਹੀਂ। ਮੈਂ ਨਸ਼ਾ-ਮੁਕਤ ਜੀਵਨ ਬਿਤਾਉਣਾ ਹੈ। ਕੋਈ ਵੀ ਨਸ਼ਾ ਮੇਰੀ ਇੱਛਾ ਸ਼ਕਤੀ ਤੋਂ ਬਲਵਾਨ ਨਹੀਂ। ਅੱਜ ਮੈਂ ਕਿਸੇ ਹਾਲਤ ਵਿਚ ਨਸ਼ਾ ਨਹੀਂ ਕਰਨਾ, ਭਾਵੇਂ ਸਾਰੀ ਰਾਤ ਨੀਂਦ ਨਾ ਆਵੇ। ਨਸ਼ਾ ਤੇ ਦਵਾਈਆਂ ਮੇਰੀ ਸਿਹਤ ਨੂੰ ਕਮਜ਼ੋਰ ਕਰਦੀਆਂ ਹਨ। ਥੋੜ੍ਹੇ ਦਿਨਾਂ ਦੀ ਗੱਲ ਹੈ। ਮੇਰੇ ਸਰੀਰ ਨੂੰ ਕੁਝ ਨਹੀਂ ਹੋਣ ਲੱਗਾ। ਮੈਂ ਨਸ਼ੇ ਤੋਂ ਛੁਟਕਾਰਾ ਜ਼ਰੂਰ ਪਾਉਣਾ ਹੈ। ਕੋਈ ਵੀ ਤਾਕਤ ਮੈਨੂੰ ਰੋਕ ਨਹੀਂ ਸਕਦੀ…।''
ਪੂਰੀ ਨੀਂਦ ਤੁਹਾਨੂੰ ਤਾਜ਼ਗੀ, ਤੰਦਰੁਸਤੀ ਅਤੇ ਸਫੁਰਤੀ ਦੇਵੇਗੀ ਜਿਸ ਲਈ ਤੁਹਾਨੂੰ ਕੁਝ ਖਰਚ ਵੀ ਨਹੀਂ ਕਰਨਾ ਪੈਂਦਾ, ਮਿਹਨਤ ਸਦਕਾ ਥੱਕੇ-ਟੁੱਟੇ ਸਰੀਰ ਨੂੰ ਨੀਂਦ ਜ਼ਿਆਦਾ ਪਿਆਰਦੀ ਹੈ। ਇਸ ਦੇ ਵਿਪਰੀਤ ਜ਼ਿਆਦਾ ਦਿਮਾਗੀ ਕੰਮ ਕਰਨ ਵਾਲੇ, ਦੌਲਤ ਅਤੇ ਸ਼ੋਹਰਤ ਲਈ ਮਾਨਸਿਕ ਸਕੂਨ ਨੂੰ ਤਿਲਾਂਜਲੀ ਦੇਣ ਵਾਲੇ ਅਤੇ ਬੇਲੋੜੀ ਚਿੰਤਾ ਵਿਚ ਰੁੱਝੇ ਵਿਅਕਤੀ ਰਾਤ ਭਰ ਨੀਂਦ ਨਾਲ ਲੁਕਣ-ਮੀਚੀ ਖੇਡਦੇ ਹੀ ਜੀਵਨ ਵਿਅਰਥ ਗੁਆ ਬੈਠਦੇ ਹਨ, ਭਰਵੀਂ ਨੀਂਦ ਕਦੀ ਵੀ ਉਨ੍ਹਾਂ ਦੇ ਜੀਵਨ ਦਾ ਹਿੱਸਾ ਨਹੀਂ ਬਣਦੀ। ਸਾਧਾਰਨ ਰੂਪ ਵਿਚ ਮਨੁੱਖ ਨੂੰ ਗੂੜ੍ਹੀ ਨੀਂਦ ਦੇ ਸੁਖ ਦੀ ਪ੍ਰਾਪਤੀ ਲਈ ਜੋ ਹੋਰ ਵਸੀਲੇ ਚੰਗੇ ਲੱਗਣ, ਉਨ੍ਹਾਂ ਨੂੰ ਅਪਣਾਉਣ ਤੋਂ ਇਲਾਵਾ ਕੁਝ ਇੰਜ ਵੀ ਕਰਨਾ ਚਾਹੀਦਾ ਹੈ। ''ਸ਼ਾਮ ਦਾ ਖਾਣਾ ਲੈਣ ਉਪਰੰਤ ਥੋੜ੍ਹਾ ਬਹੁਤ ਫਿਰੋ-ਤੁਰੋ। ਰਾਤੀਂ ਹਲਕਾ-ਫੁਲਕਾ ਭੋਜਨ ਕਰੋ। ਗਰਮ-ਕੋਸੇ ਦੁੱਧ ਦਾ ਸੇਵਨ ਕਰੋ। ਕੋਈ ਚੰਗੀ ਪੁਸਤਕ ਜਾਂ ਅਖ਼ਬਾਰ ਵਿਚੋਂ ਲੇਖ ਪੜ੍ਹੋ।
ਲੇਟਣ ਤੋਂ ਪਹਿਲਾਂ ਪਰਿਵਾਰ ਵਿਚ ਖੁਸ਼ੀ ਤੇ ਖੇੜੇ ਭਰੇ ਮਾਹੌਲ ਵਿਚ ਵਿਚਰੋ। ਕੰਮਕਾਜ ਜਾਂ ਨੌਕਰੀ ਦੌਰਾਨ ਹੋਈਆਂ ਨਾਂਹ-ਪੱਖੀ ਗੱਲਾਂ ਜਾਂ ਪ੍ਰਭਾਵਾਂ ਤੋਂ ਆਪਣੇ ਆਪ ਨੂੰ ਮੁਕਤ ਰੱਖੋ। ਇਨ੍ਹਾਂ ਨੂੰ ਮਨ ਦੇ ਬਗੀਚੇ ਵਿਚ ਜਗ੍ਹਾ ਨਾ ਦਿਓ। ਰਸਮਈ ਅਤੇ ਸੰਗੀਤਮਈ ਸੁਭਾਅ ਬਣਾਓ। ਸੋਚ ਦੇ ਪੰਖੇਰੂ ਨੂੰ ਉੱਚੀਆਂ ਉਡਾਣਾਂ ਭਰਨ ਦਿਓ। ਜੀਵਨ ਦੇ ਹਰ ਪਲ ਨੂੰ ਸਿਦਕਦਿਲੀ ਨਾਲ ਅਪਣਾਓ ਅਤੇ ਖੁਸ਼ ਰਹੋ। ਦਿਲ, ਦਿਮਾਗ ਅਤੇ ਮਨ ਨੂੰ ਇਕਸੁਰਤਾ ਵਿਚ ਲਿਆਓ, ਖੇੜੇ ਖੁਸ਼ੀ, ਨਿਰੋਗਤਾ,ਤੇ ਸੁਖ ਦੀ ਪ੍ਰਾਪਤੀ ਲਈ ਕੱਲ੍ਹ ਦੀ ਉਡੀਕ ਨਾ ਕਰੋ। ਹਰ ਪਲ 'ਚ ਖੁਸ਼ੀ ਦਾ ਸੋਮਾ ਤਰਾਸ਼ੋ, ਦੁੱਖ-ਸੁਖ, ਖੁਸ਼ੀ-ਗ਼ਮ, ਕਾਮਯਾਬੀ, ਨਕਾਮਯਾਬੀ, ਰੋਗ, ਤੰਦਰੁਸਤੀ, ਆਸਾਨੀਆਂ-ਪ੍ਰੇਸ਼ਾਨੀਆਂ, ਬੇਹਾਲੀ ਤੇ ਖੁਸ਼ਹਾਲੀ ਜੀਵਨ ਰੂਪੀ ਸਿੱਕੇ ਦੇ ਦੋ ਪਾਸੇ ਹਨ। ਫੁੱਲਾਂ ਦੇ ਸਿਰਤਾਜ ਗੁਲਾਬ ਨੂੰ ਵੀ ਕੰਡਿਆਂ ਦੀ ਸੇਜ 'ਤੇ ਸੌਣਾ ਪੈਂਦਾ ਹੈ। ਅੱਜ ਤੁਹਾਡਾ ਹੈ, ਇਸ ਵਿਚ ਜੀਵੋ।