ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੀ ਪਾਠ ਦਾ ਭੋਗ ਪਾਉਣ ਲਈ ਕਿਸੇ ਰਸਮ ਦੀ ਲੋੜ ਹੈ?


ਕੁਝ ਸਮਾਂ ਪਹਿਲਾਂ ਹਰਨਾਮ ਸਿੰਘ ਜੀ ਸ਼ਾਨ ਦੀ ਅੰਤਿਮ ਅਰਦਾਸ ਦੇ ਸਮਾਗਮ ਵਿਚ, ਪ੍ਰਸਿੱਧ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜੀ ਜਾਚਕ ਦਾ ਲੈਕਚਰ ਪੰਥਕ ਘੇਰੇ ਵਿਚ ਕਾਫੀ ਚਰਚਾ ਦਾ ਕੇਂਦਰ ਰਿਹਾ। ਆਪਣੀ ਕਥਾ ਵਿਚ ਜਾਚਕ ਜੀ ਨੇ ਇਹ ਗੱਲ ਖਾਸ ਤੌਰ 'ਤੇ ਕਹੀ ਕਿ ਐਸੇ 'ਪਾਠ ਭੋਗ' ਸਮਾਗਮਾਂ 'ਤੇ ਰੁਮਾਲਿਆਂ ਦਾ ਚੜ੍ਹਾਵਾ ਇਕ 'ਭੇਡਚਾਲ' ਹੈ। ਸੰਗਤ ਨੂੰ ਇਸ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ 'ਭੇਡਚਾਲ' ਕਾਰਨ ਰੁਮਾਲੇ ਲੋੜ ਤੋਂ ਵੱਧ ਹੋ ਜਾਂਦੇ ਹਨ। ਦਰਬਾਰ ਸਾਹਿਬ ਕੰਪਲੈਕਸ ਵਿਚ ਤਾਂ 'ਰੁਮਾਲਿਆਂ ਦਾ ਘੋਟਾਲਾ' ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਚੁੱਕਿਆ ਹੈ। ਜਾਚਕ ਜੀ ਦੀ ਇਹ ਗੱਲ ਬਹੁਤ ਹੀ ਸਹੀ ਸੀ, ਕਿਉਂਕਿ 'ਅੰਨੀ ਸ਼ਰਧਾ' ਕਾਰਨ ਸਿੱਖ ਸਮਾਜ ਐਸੀਆਂ ਅਨੇਕਾਂ ਮਨਮਤਾਂ ਦਾ ਧਾਰਨੀ ਬਣ ਚੁੱਕਿਆ ਹੈ। ਐਸਾ ਨਹੀਂ ਹੈ ਕਿ ਇਹ ਗੱਲ ਕਿਸੇ ਸਟੇਜ ਤੋਂ ਪਹਿਲੀ ਵਾਰ ਕਹੀ ਗਈ ਹੈ। ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕ ਇਹ ਨੁਕਤਾ ਆਪਣੀਆਂ ਕਲਾਸਾਂ ਅਤੇ ਸਟੇਜਾਂ ਤੋਂ ਬਹੁਤ ਪਹਿਲਾਂ ਤੋਂ ਉਠਾਉਂਦੇ ਆ ਰਹੇ ਹਨ। ਪਰ ਸੁਰਖੀਆਂ ਵਿਚ ਆਉਣ ਦਾ ਕਾਰਨ ਇਹ ਸੀ ਕਿ ਇਕ ਤਾਂ ਇਹ ਗੱਲ ਕਿਸੇ ਮਸ਼ਹੂਰ ਪ੍ਰਚਾਰਕ ਵਲੋਂ ਪਹਿਲੀ ਵਾਰ ਕਹੀ ਗਈ ਸੀ। ਦੂਜਾ ਉਹ ਸਮਾਗਮ ਵੀ ਪੰਥ ਦੀ ਇਕ ਪ੍ਰਸਿੱਧ ਸ਼ਖਸੀਅਤ (ਹਰਨਾਮ ਸਿੰਘ ਜੀ ਸ਼ਾਨ) ਨਾਲ ਸਬੰਧਿਤ ਸੀ। ਸਭ ਤੋਂ ਵੱਡਾ ਕਾਰਨ ਉਸੇ ਸਟੇਜ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ  ਵੀ ਬੈਠੇ ਸਨ, ਜਿਨ੍ਹਾਂ ਨੂੰ 'ਪੁਜਾਰੀਵਾਦ' ਦੇ ਹਮਾਇਤੀ ਹੋਣ ਕਾਰਨ ਇਹ ਗੱਲ ਚੁੱਭ ਗਈ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਇਸ ਗੱਲ ਦਾ ਵਿਰੋਧ ਕੀਤਾ। ਸੁਰਖੀਆਂ ਵਿਚ ਆਉਣ ਦਾ ਵੱਡਾ ਕਾਰਨ ਇਹੀ ਬਣਿਆ।
ਇਹ ਤਾਂ ਗੱਲ ਹੋਈ, ਅੰਨ੍ਹੀ ਸ਼ਰਧਾ ਹੇਠ ਰੁਮਾਲੇ ਚੜ੍ਹਾਉਣ ਦੀ 'ਭੇਡਚਾਲ' ਰੂਪੀ ਮਨਮੱਤ ਦੀ। ਹੁਣ ਅੱਗੇ ਦੀ ਗੱਲ ਕਰਦੇ ਹਾਂ। ਸਵਾਲ ਉਠਦਾ ਹੈ ਕਿ ਕੀ 'ਪਾਠ ਦਾ ਭੋਗ' ਪਾਉਣ ਦੀ ਰਸਮ ਕੋਈ ਲੋੜ ਹੈ? ਸਿੱਖ ਪਰੰਪਰਾ ਵਿਚ 'ਭੋਗ' ਦਾ ਇਕ ਅਰਥ ਸਮਾਪਤੀ ਹੈ, ਜੋ 'ਪਾਠ ਦੇ ਭੋਗ' ਲਈ ਢੁੱਕਵਾਂ ਹ। ਆਉ ਕੁਝ ਸੁਹਿਰਦ ਵਿਚਾਰ ਕਰਨ ਦਾ ਜਤਨ ਕਰਦੇ ਹਾਂ।
ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦਾ ਗ੍ਰੰਥ ਹੈ। ਪਹਿਲਾਂ ਇਹ ਸਵਾਲ ਉਠਦਾ ਹੈ ਕਿ 'ਗੁਰਬਾਣੀ' ਪਾਠ ਦਾ ਕੀ ਮਕਸਦ ਹੈ? ਜਵਾਬ ਬਹੁਤ ਸਰਲ ਹੈ ਕਿ ਗੁਰਬਾਣੀ ਪਾਠ ਦਾ ਮਕਸਦ ਉਸ ਦੀ ਵਿਚਾਰ ਰਾਹੀਂ ਉਸ ਵਿਚਲੇ ਸੰਦੇਸ਼ ਨੂੰ ਸਮਝ ਕੇ ਆਪਣੇ ਜੀਵਨ 'ਤੇ ਲਾਗੂ ਕੀਤਾ ਜਾਵੇ ਤਾਂ ਕਿ ਸਚਿਆਰਾ ਮਨੁੱਖ ਬਣਿਆ ਜਾ ਸਕੇ। ਇਸ ਮਕਸਦ ਦੀ ਗਵਾਹੀ ਭਰਦੇ ਕੁਝ ਗੁਰਵਾਕ ਹਨ :
ਸਭਸੈ ਊਪਰਿ ਗੁਰ ਸਬਦੁ ਬੀਚਾਰੁ£
(ਪੰਨਾ 904)
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ£
ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ£1£ ਰਹਾਉ£
(ਪੰਨਾ 478)
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ£
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ£
(ਪੰਨਾ 594)
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ£
(ਪੰਨਾ 935)
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ£1£
(ਪੰਨਾ 669)
ਇਤਨੀਆਂ ਸਪੱਸ਼ਟ ਸੇਧਾਂ ਤੋਂ ਇਕ ਗੱਲ ਤਾਂ ਸਾਫ ਹੋ ਜਾਂਦੀ ਹੈ ਕਿ 'ਗੁਰਬਾਣੀ ਦਾ ਮਕਸਦ ਉਸ ਦਾ ਸੰਦੇਸ਼ ਸਮਝ ਕੇ ਉਸ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਹੈ। ਗੁਰਬਾਣੀ ਨੂੰ ਪੜ੍ਹਨਾ/ਸੁਣਨਾ ਇਸ ਦਿਸ਼ਾ ਵੱਲ ਪਹਿਲਾ ਕਦਮ ਹੈ, ਕਿਉਂਕਿ ਸਮਝਣ ਲਈ 'ਗੁਰਬਾਣੀ' ਨੂੰ ਪੜ੍ਹਨਾ/ਸੁਣਨਾ ਜ਼ਰੂਰੀ ਹੈ। ਪਰ ਜੇ ਪੜ੍ਹਨ ਦਾ ਕੰਮ ਇਕ ਰਸਮ ਬਣਾ ਕੇ 'ਕਿਰਾਏ-ਭਾੜੇ' ਤੇ ਪਾਠੀਆਂ ਨੂੰ ਦੇ ਦਿੱਤਾ ਜਾਵੇ, ਅੱਵਲ ਤਾਂ ਸੁਣੇ ਹੀ ਕੋਈ ਨਾ, ਜੇ ਕੋਈ ਵਿਰਲਾ ਸੁਣੇ ਵੀ ਤਾਂ ਸਿਰਫ਼ 'ਸ਼ਰਧਾ' ਹੇਠ,  ਨਾ ਕਿ ਸਮਝਣ ਦੇ ਮਕਸਦ ਨਾਲ, ਤਾਂ ਇਹ 'ਕਰਮਕਾਂਡ' ਦਾ ਰੂਪ ਧਾਰ ਲੈਂਦਾ ਹੈ। ਅਫਸੋਸ! ਅੱਜ ਕੌਮ ਵਿਚ 99.9% ਪਾਠ ਇਸੇ ਪ੍ਰਵਿਰਤੀ ਹੇਠ ਹੋ ਰਹੇ ਕਰਮਕਾਂਡ ਹੀ ਹਨ। ਸਿੱਖ ਸਮਾਜ ਵਿਚ ਅਖੌਤੀ ਬਾਬਿਆਂ ਦੀ ਮਿਹਰਬਾਨੀ ਸਦਕਾ ਅਨੇਕ ਤਰ੍ਹਾਂ ਦੇ 'ਪਾਠ' ਸ਼ੁਰੂ ਹੋ ਚੁੱਕੇ ਹਨ, ਪਰ ਮੁੱਖ ਤੌਰ 'ਤੇ ਦੋ ਹੀ ਹਨ, 'ਅਖੰਡ ਪਾਠ' ਅਤੇ 'ਸਹਿਜ ਪਾਠ'। ਅਖੰਡ ਪਾਠ ਦਾ ਬੋਲਬਾਲਾ ਸਿੱਖ ਸਮਾਜ ਵਿਚ ਜ਼ਿਆਦਾ ਹੈ। ਖੁਸ਼ੀ ਹੋਵੇ, ਗਮੀ ਹੋਵੇ ਜਾਂ ਹੋਰ ਕੋਈ ਮੌਕਾ 'ਅਖੰਡ ਪਾਠ' ਦੀ ਭਰਮਾਰ ਹੈ। ਡੇਰਾਵਾਦੀ ਕਲਚਰ ਨੇ ਤਾਂ ਇਸ ਪ੍ਰਥਾ ਨੂੰ ਵਧਾਉਣ ਵਿਚ ਬਹੁਤ ਯੋਗਦਾਨ ਪਾਇਆ ਹੈ। ਹਰ ਸੁਚੇਤ ਸਿੱਖ ਜਾਣਦਾ ਹੈ ਕਿ 'ਅਖੰਡ ਪਾਠ' ਇਕ ਬ੍ਰਾਹਮਣੀ ਤਰਜ਼ ਦਾ 'ਕਰਮਕਾਂਡ' ਹੀ ਹੈ। ਇਸ ਦਾ ਸੰਚਾਰ ਸਿੱਖ ਸਮਾਜ ਵਿਚ ਇਕ ਸਾਜਿਸ਼ ਹੇਠ ਕੀਤਾ ਗਿਆ ਤਾਂ ਕਿ ਸਿੱਖ ਨੂੰ ਗੁਰਬਾਣੀ ਵਿਚਾਰ ਕੇ ਪੜ੍ਹਨ ਦੀ ਥਾਂ 'ਤੋਤਾ ਰਟਨੀ' ਵਾਲੇ ਪਾਸੇ ਤੋਰਿਆ ਜਾਵੇ। ਹੌਲੀ-ਹੌਲੀ ਸੰਪਰਦਾਈ ਧਿਰਾਂ ਨੇ ਅਖੰਡ ਪਾਠਾਂ ਨਾਲ 'ਮਹਾਤਮ' ਵੀ ਜੋੜ ਦਿੱਤਾ ਅਤੇ 'ਪਾਠ' ਬ੍ਰਾਹਮਣੀ 'ਮੰਤਰ-ਉਚਾਰਣ' ਦਾ ਰੂਪ ਧਾਰ ਗਏ। ਇਸ 'ਅਖੰਡ ਪਾਠ' ਪ੍ਰਥਾ ਵਿਚ 'ਹਾਂ-ਪੱਖੀ' ਗੱਲ ਤਾਂ ਸ਼ਾਇਦ ਹੀ ਕੋਈ ਹੋਵੇ। ਇਸ ਵਿਸ਼ੇ 'ਤੇ ਸੁਚੇਤ ਸਿੱਖਾਂ ਵਲੋਂ ਕਰਵਾਏ ਗਏ ਇਕ ਇੰਟਰਨੈਟ ਸਰਵੇ ਵਿਚ ਕੋਈ ਵੀ 'ਹਾਂ-ਪੱਖੀ' ਨਤੀਜਾ (ਆਤਮਿਕ ਫਾਇਦਾ) ਨਜ਼ਰ ਨਹੀਂ ਆਇਆ। ਕੁਝ ਲੋਕਾਂ ਨੇ ਪਾਠੀਆਂ ਦੀ 'ਰੋਜ਼ੀ-ਰੋਟੀ' ਹੋਣ ਦਾ ਫਾਇਦਾ ਦੱਸਿਆ। ਪਰ 'ਰੋਜ਼ੀ-ਰੋਟੀ' ਦੇ ਬਹਾਨੇ ਤਾਂ ਸ਼ਰਾਬ ਤੋਂ ਲੈ ਕੇ ਹਰ ਇਕ ਮੰਦੀ ਚੀਜ਼ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ। ਪਰ ਕਿਸੇ ਵੀ ਐਸੇ ਰੁਝਾਣ ਦੀ ਪੜਚੋਲ ਲਈ ਇਹੋ ਜਿਹੀਆਂ ਹਲਕੀਆਂ ਕਸਵੱਟੀਆਂ ਕੋਈ ਮਾਅਨੇ ਨਹੀਂ ਰੱਖਦੀਆਂ।
ਜੇ ਅਖੰਡ ਪਾਠ ਪ੍ਰਥਾ ਦੇ 'ਨਾਂਹ-ਪੱਖੀ' ਪ੍ਰਭਾਵਾਂ (ਨੁਕਸਾਨਾਂ) ਦੀ ਗੱਲ ਕਰੀਏ ਤਾਂ ਇਹ ਸੂਚੀ ਬਹੁਤ ਲੰਮੀ ਹੈ। ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਸ ਪ੍ਰਥਾ ਕਾਰਨ ਸਿੱਖ ਸਮਾਜ ਵਿਚ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਨ ਦੀ ਪ੍ਰਵਿਰਤੀ (ਰੁਚੀ) ਘੱਟਦੀ ਗਈ। ਨਤੀਜੇ ਵਜੋਂ ਕੌਮ ਦਾ ਸਿਧਾਂਤਕ ਤੌਰ 'ਤੇ ਪਤਨ ਹੁੰਦਾ ਗਿਆ। 'ਜੈਸੀ ਕੋਕੋ, ਵੈਸੇ ਬੱਚੇ' ਦੀ ਕਹਾਵਤ ਅਨੁਸਾਰ ਇਕ ਸਾਜਿਸ਼ ਹੇਠ ਸ਼ੁਰੂ ਕੀਤੀ ਇਸ ਪ੍ਰਥਾ ਵਿਚ ਸਮੇਂ ਨਾਲ ਕਰਮਕਾਂਡ ਰੂਪੀ ਫਲ ਵੀ ਲੱਗਦੇ ਗਏ। ਕੁੰਭ, ਨਾਰੀਅਲ, ਜੋਤ, ਸੁਖਣਾ, ਸ਼ੁਕਰਾਨਾ ਆਦਿ ਕਰਮਕਾਂਡ ਇਸ ਜ਼ਹਿਰੀਲੇ ਬੂਟੇ ਦੇ ਕੁਝ ਜ਼ਹਿਰੀਲੇ (ਮਨਮਤੀ) ਫਲ ਹਨ। ਕੌਮ ਨੂੰ ਸਿਧਾਂਤਕ ਪੱਖੋਂ ਗਰਕ ਕਰਨ ਵਾਲੇ ਵੱਡੇ ਕਾਰਨਾਂ ਵਿਚੋਂ ਇਕ ਕਾਰਨ 'ਅਖੰਡ ਪਾਠ' ਦੀ ਪ੍ਰਥਾ ਹੈ। ਦਰਬਾਰ ਸਾਹਿਬ ਕੰਪਲੈਕਸ ਸਮੇਤ ਜ਼ਿਆਦਾਤਰ ਗੁਰਦਵਾਰਿਆਂ ਵਿਚ ਅਖੰਡ ਪਾਠ ਵੇਚਣ ਦਾ ਧੰਦਾ ਵੀ ਇਸੇ ਬੂਟੇ ਦਾ ਇਕ ਕੌੜਾ ਅਤੇ ਨਜਾਇਜ਼ ਫਲ ਹੈ।
ਪਾਠ ਦਾ ਦੂਜਾ ਰੂਪ ਹੈ 'ਸਹਿਜ ਪਾਠ'। ਇਸ ਸ਼੍ਰੇਣੀ ਹੇਠ ਦੋ ਤਰ੍ਹਾਂ ਦੇ ਪਾਠ ਹਨ, ਇਕ 'ਸਪਤਾਹ ਪਾਠ' ਅਤੇ ਦੂਜਾ 'ਸਹਿਜ ਪਾਠ'। ਸਪਤਾਹ ਪਾਠ ਵਿਚ 'ਪਾਠ ਦਾ ਭੋਗ' 7 ਦਿਨਾਂ (ਇਕ ਹਫ਼ਤੇ) ਵਿਚ ਪਾਇਆ ਜਾਂਦਾ ਹੈ। ਬੇਸ਼ੱਕ ਇਸ ਵਿਚ ਲਗਾਤਾਰ ਪਾਠ ਕਰਨ ਵਾਲੀ 'ਬੰਦਿਸ਼' ਨਹੀਂ ਹੁੰਦੀ ਪਰ 'ਅਖੰਡ ਪਾਠ' ਦੀ ਤਰਜ਼ 'ਤੇ ਇੱਥੇ ਵੀ ਵਿਚਾਰ ਦਾ ਅੰਸ਼ ਗਾਇਬ ਹੀ ਹੁੰਦਾ ਹੈ। ਇਮਾਨਦਾਰ ਪੜਚੋਲ ਦੱਸਦੀ ਹੈ ਕਿ ਐਸੇ 99% ਪਾਠ ਰਸਮ ਵਜੋਂ ਹੀ ਹੁੰਦੇ ਹਨ, ਗੁਰਬਾਣੀ ਸਮਝਣ, ਵਿਚਾਰਨ ਦੇ ਮਕਸਦ ਨਾਲ ਨਹੀਂ। ਜ਼ਿਆਦਾਤਰ ਪਾਠ ਖੁਸ਼ੀ, ਗਮੀ ਵੇਲੇ ਰਸਮ ਦੇ ਤੌਰ 'ਤੇ ਜਾਂ ਸੁੱਖਣਾ ਪੂਰੀ ਕਰਨ, ਸ਼ੁਕਰਾਨੇ ਵਜੋਂ ਇਕ ਕਰਮਕਾਂਡ ਵਜੋਂ ਹੀ ਕਰਵਾਏ ਜਾਂਦੇ ਹਨ।
ਸਹਿਜ ਪਾਠ ਵਿਚ ਸਮੇਂ ਦੀ ਬੰਦਿਸ਼ ਨਹੀਂ ਹੁੰਦੀ। 'ਸਹਿਜ ਪਾਠ' ਆਤਮਿਕ ਤੌਰ 'ਤੇ ਬਹੁਤ ਫਾਇਦੇਮੰਦ ਹੋ ਸਕਦਾ ਹੈ, ਜੇ ਇਸ ਦਾ ਮਕਸਦ 'ਗੁਰਬਾਣੀ ਵਿਚਾਰ' ਹੋਵੇ ਤਾਂ। ਪਰ ਵੇਖਣ ਵਿਚ ਆਉਂਦਾ ਹੈ ਕਿ ਆਮ ਤੌਰ 'ਤੇ ਸਹਿਜ ਪਾਠ ਵੀ ਇਕ ਰਸਮ ਵਜੋਂ ਹੀ ਕੀਤੇ ਜਾਂ ਕਰਵਾਏ ਜਾਂਦੇ ਹਨ। ਇਸ ਪਿਛੇ ਕਈ ਵਾਰ ਭਾਵਨਾ ਜ਼ਿਆਦਾ ਗੁਰਬਾਣੀ ਪੜ੍ਹਨ ਨਾਲ ਮਿਲਦੇ ਫਲ ਦੀ ਆਸ ਵਾਲੀ ਹੁੰਦੀ ਹੈ। 'ਗੁਰਬਾਣੀ ਵਿਚਾਰ' ਦਾ ਅੰਸ਼ ਇਸ ਵਿਚ ਨਹੀਂ ਹੁੰਦਾ। ਸੋ ਸਹਿਜ ਪਾਠ ਵੀ ਉਹ ਸਹੀ ਹੈ, ਜੋ 'ਗੁਰਬਾਣੀ ਵਿਚਾਰ' ਦੇ ਮਕਸਦ ਨਾਲ ਕੀਤਾ ਜਾਵੇ।
ਹਰ ਕਿਸਮ ਦੇ ਪਾਠ ਨਾਲ 'ਭੋਗ' ਦੀ ਇਕ ਪ੍ਰੰਪਰਾ ਜੁੜ ਗਈ ਹੈ, ਜਿਸ 'ਤੇ ਪੜਚੋਲ ਦੀ ਲੋੜ ਹੈ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜੇ-ਸਹਿਜੇ ਆਦਿ ਤੋਂ ਲੈ ਕੇ ਅੰਤ ਤੱਕ ਪਾਠ ਕਰਕੇ, ਉਸ ਦੀ ਸਮਾਪਤੀ (ਭੋਗ) ਕਰਨਾ ਤਾਂ 'ਗੁਰਬਾਣੀ ਵਿਚਾਰ' ਦੇ ਨਜ਼ਰੀਏ ਤੋਂ ਸਮਝ ਆਉਂਦਾ ਹੈ ਪਰ ਕਿਸੇ ਪਾਠ ਨੂੰ 'ਸ਼ੁਰੂ' ਕਰਨ ਅਤੇ ਉਸ ਦੇ 'ਭੋਗ' (ਸਮਾਪਤੀ) ਵੇਲੇ ਨਿਰਧਾਰਤ ਕੀਤੀ ਗਈ ਰਸਮ (ਪ੍ਰੰਪਰਾ) 'ਪੁਜਾਰੀਵਾਦੀ'  ਦੇ ਨਜ਼ਰੀਏ ਤੋਂ ਹੈ। ਕੀ ਪਾਠ ਦੀ ਸ਼ੁਰੂਆਤ ਲਈ ਕਿਸੇ ਰਸਮ ਦੀ ਲੋੜ ਹੈ (ਜਪੁ ਜੀ ਦੀਆਂ ਪੰਜ ਪਉੜੀਆਂ ਦਾ ਪਾਠ, ਕੜਾਹ ਪ੍ਰਸ਼ਾਦ, ਅਨੰਦ ਸਾਹਿਬ ਦਾ ਪਾਠ ਆਦਿ)? ਕੀ ਪਾਠ ਸਿੱਧਾ ਹੀ ਬਿਨਾਂ ਕਿਸੇ ਰਸਮ ਤੋਂ ਇਕਾਂਤ ਵਿਚ ਸ਼ੁਰੂ ਨਹੀਂ ਕੀਤਾ ਜਾ ਸਕਦਾ?
ਇਸੇ ਤਰ੍ਹਾਂ ਪਾਠ ਦੀ ਸਮਾਪਤੀ (ਭੋਗ) 'ਤੇ ਕੀ ਕੋਈ ਰਸਮ ਕਰਨਾ ਲਾਜ਼ਮੀ ਹੈ? ਪਰ ਕਿਉਂਕਿ ਇਨ੍ਹਾਂ ਰਸਮਾਂ ਨਾਲ 'ਚੜ੍ਹਾਵੇ' ਵਾਲੀ ਗੱਲ ਜੁੜਦੀ ਹੈ, ਸੋ ਪੁਜਾਰੀਵਾਦੀ ਸੋਚ ਇਨ੍ਹਾਂ ਰਸਮਾਂ ਨੂੰ ਬੜ੍ਹਾਵਾ ਦਿੰਦੀ ਹੈ। ਇਨ੍ਹਾਂ ਰਸਮਾਂ ਨਾਲ 'ਗੁਰਮਤਿ' ਦਾ ਕੋਈ ਲੈਣਾ-ਦੇਣਾ ਨਹੀਂ ਹੈ। ਪਾਠ ਨੂੰ ਖੁਸ਼ੀ, ਗਮੀ ਸਮੇਤ ਕਿਸੇ ਵੀ ਮੌਕੇ ਨਾਲ ਜੋੜ ਕੇ ਇਕ ਰਸਮ ਵਜੋਂ ਲੈਣਾ ਇਸ ਨੂੰ 'ਕਰਮਕਾਂਡ' (ਮਨਮੱਤ) ਬਣਾ ਦਿੰਦਾ ਹੈ। ਜਦੋਂ ਵੀ ਜੀ ਚਾਹੇ ਪਾਠ ਵਿਚਾਰਨ ਲਈ ਕੀਤਾ ਜਾ ਸਕਦਾ ਹੈ, ਇਸ ਲਈ ਕਿਸੇ ਰਸਮ ਦੀ ਲੋੜ ਨਹੀਂ ਭਾਸਦੀ।
ਪੰਥ ਵਿਚ ਮਤਭੇਦ ਦੇ ਵੱਡੇ ਕਾਰਨਾਂ ਵਿਚੋਂ ਇਕ 'ਰਾਗਮਾਲਾ' ਦਾ ਮਸਲਾ ਹੈ। ਬੇਸ਼ੱਕ ਸੂਝਵਾਨ ਅਤੇ ਸੁਚੇਤ ਵਿਦਵਾਨਾਂ ਨੇ ਖੋਜ ਰਾਹੀਂ ਇਹ ਸਾਬਿਤ ਕਰ ਦਿੱਤਾ ਹੈ ਕਿ 'ਰਾਗਮਾਲਾ' ਗੁਰਬਾਣੀ ਨਹੀਂ ਹੈ। ਇਹ ਆਲਮ ਕਵੀ ਦੀ ਸ਼ਿੰਗਾਰ ਰਸੀ ਰਚਨਾ 'ਕਾਮਕੰਦਲਾ' ਵਿਚੋਂ ਲੈ ਕੇ ਮੌਜੂਦਾ ਸਰੂਪ ਵਿਚ ਮਿਲਾਵਟ ਕੀਤੀ ਗਈ ਹੈ। ਪਰ ਸਿੱਖ ਸਮਾਜ ਦਾ ਰੂੜੀਵਾਦੀ ਤਬਕਾ ਇਸ ਪ੍ਰਤੀ ਮੋਹ ਤਿਆਗ ਨਹੀਂ ਪਾ ਰਿਹਾ। ਨਤੀਜਤਨ ਸਿੱਖ ਰਹਿਤ ਮਰਿਯਾਦਾ ਵਿਚ ਸਮਝੌਤਾਵਾਦੀ ਰੁਖ ਅਪਣਾਉਂਦੇ ਹੋਏ, ਇਹ ਮੱਦ ਪਾ ਦਿੱਤੀ ਗਈ ਕਿ ਭੋਗ ਸਮੇਂ 'ਰਾਗਮਾਲਾ' ਪੜ੍ਹਨਾ ਜਾਂ ਨਾ ਪੜ੍ਹਨਾ ਸ਼ਰਧਾਲੂ ਦੀ ਆਪਣੀ 'ਸ਼ਰਧਾ' 'ਤੇ ਨਿਰਭਰ ਕਰਦਾ ਹੈ। ਪਰ 'ਰਾਗਮਾਲਾ' ਪੜ੍ਹਨ ਦਾ ਮਸਲਾ 'ਰਸਮੀ ਪਾਠ' ਨਾਲ ਹੀ ਜੁੜਦਾ ਹੈ। ਜਦੋਂ ਪਾਠ 'ਗੁਰਬਾਣੀ ਵਿਚਾਰ' ਦੇ ਨਜ਼ਰੀਏ ਤੋਂ ਕੀਤਾ ਜਾਵੇਗਾ ਤਾਂ 'ਰਾਗਮਾਲਾ' ਪੜ੍ਹਨ ਦਾ ਟੰਟਾ ਮੁਕ ਜਾਵੇਗਾ, ਕਿਉਂਕਿ ਉਸ ਪਾਠ ਨੂੰ ਖਤਮ ਕਰਨ ਵੇਲੇ ਕਿਸੇ 'ਰਸਮ' ਦੀ ਲੋੜ ਨਹੀਂ ਹੋਵੇਗੀ।
ਅੰਤਿਕਾ : ਉਪਰੋਤਕ ਵਿਚਾਰ ਉਪਰੰਤ ਇਕ ਗੱਲ ਤਾਂ ਸਪੱਸ਼ਟ ਹੈ ਕਿ 'ਗੁਰਬਾਣੀ' ਪਾਠ ਦਾ ਮਕਸਦ ਉਸ ਨੂੰ ਸਮਝ ਵਿਚਾਰ ਕੇ ਆਪਣੇ ਜੀਵਨ ਵਿਚ ਲਾਗੂ ਕਰਨਾ ਹੈ। ਇਸ ਲਈ ਜ਼ਰੂਰੀ ਹੈ ਕਿ ਗੁਰਬਾਣੀ ਨੂੰ ਸਹਿਜ ਨਾਲ ਪੜ੍ਹਿਆ/ਵਿਚਾਰਿਆ ਜਾਵੇ। ਇਸ ਲਈ ਗੁਰਬਾਣੀ ਦੇ ਟੀਕੇ ਪੜ੍ਹਨਾ, ਕਥਾ-ਵਿਚਾਰ ਸੁਣਨਾ ਲਾਹੇਵੰਦ ਹੋ ਸਕਦਾ ਹੈ। ਪਰ ਜਿਵੇਂ ਹੀ 'ਗੁਰਬਾਣੀ-ਪਾਠ' ਨੂੰ ਖੁਸ਼ੀ, ਗਮੀ ਜਾਂ ਕਿਸੇ ਹੋਰ ਮੌਕੇ ਨਾਲ ਜੋੜ ਕੇ, ਇਸ ਵਿਚ 'ਪੁਜਾਰੀਵਾਦ' ਦਾ ਅੰਸ਼ ਭਰ ਦਿੱਤਾ ਜਾਂਦਾ ਹੈ, ਇਹ ਗੁਰਮਤਿ ਵਿਰੋਧੀ 'ਕਰਮਕਾਂਡ' ਬਣ ਜਾਂਦਾ ਹੈ। ਅੱਜ ਕੌਮ ਵਿਚ 99% ਤੋਂ ਵੱਧ ਪਾਠ ਇਸੇ ਕਰਮਕਾਂਡੀ ਪ੍ਰਵਿਰਤੀ ਹੇਠ ਕੀਤੇ/ਕਰਵਾਏ ਜਾ ਰਹੇ ਹਨ, ਜਿਸ ਬਾਰੇ ਗੁਰਬਾਣੀ ਸੇਧ ਦਿੰਦੀ ਹੈ :
ਸਲੋਕੁ ਮ:
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ£
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ£
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ£
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ£
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ£1£
(ਪੰਨਾ 467)
ਪਾਠ ਦੇ ਭੋਗ ਲਈ ਕਿਸੇ 'ਰਸਮ' ਦੀ ਲੋੜ ਨਹੀਂ ਹੈ। 'ਗੁਰਬਾਣੀ' ਨਾਲ ਇਕ ਸੱਚੇ ਸਿੱਖ ਦਾ ਰਿਸ਼ਤਾ 'ਆਤਮਿਕ' ਹੋਣਾ ਚਾਹੀਦਾ ਹੈ, ਰਸਮੀ ਨਹੀਂ। ਬੇਸ਼ੱਕ ਸਟੇਜਾਂ ਤੋਂ ਐਸੀ ਖੁੱਲ੍ਹੀ ਸੱਚਾਈ ਪੇਸ਼ ਕਰ ਪਾਉਣਾ ਜ਼ਿਆਦਾਤਰ ਪ੍ਰਚਾਰਕਾਂ ਲਈ 'ਘਾਟੇ ਦਾ ਸੌਦਾ' ਹੋ ਸਕਦਾ ਹੈ, ਪਰ ਇਤਨਾ ਵੀ ਸੱਚ ਹੈ ਕਿ ਜਦੋਂ ਤੱਕ ਗੁਰਬਾਣੀ ਦੀ ਕਰਮਕਾਂਡੀ, ਰਸਮੀ, ਪੁਜਾਰੀਵਾਦੀ ਵਰਤੋਂ ਤਿਆਗ ਕੇ 'ਗੁਰਬਾਣੀ ਵਿਚਾਰ' ਦੀ ਪ੍ਰਵਿਰਤੀ ਨਹੀਂ ਅਪਨਾਈ ਜਾਂਦੀ, ਬਾਬਾ ਨਾਨਕ ਜੀ ਦੇ ਦੱਸੇ ਰਾਹ ਦੇ ਪਾਂਧੀ ਬਣ ਪਾਉਣਾ ਸੰਭਵ ਨਹੀਂ।
 - ਤੱਤ ਗੁਰਮਤਿ ਪਰਿਵਾਰ