ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮਨੁੱਖਤਾ ਲਈ ਸੇਵਾ ਦੀ ਉੱਚੀ ਮਿਸਾਲ ਕਾਇਮ ਕਰਨ ਵਾਲੇ ਭਾਈ ਘਨੱਈਆ ਜੀ


ਭਾਈ ਘਨੱਈਆ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਨਿੰਨ ਸੇਵਕ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰੋਂ-ਘਰੋਂ ਵਰੋਸਾਏ ਹੋਏ ਹਨ। ਭਾਈ ਘਨੱਈਆ ਜੀ ਜਦ ਗੁਰੂ ਦਰਬਾਰ 'ਚ ਹਾਜ਼ਰ ਹੋਏ ਤਾਂ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ 'ਤੇ ਬਿਰਾਜਮਾਨ ਹੋ ਚੁੱਕੇ ਸਨ। ਉਨ੍ਹਾਂ ਨੂੰ ਆਉਂਦਿਆਂ ਹੀ ਗੁਰੂ ਜੀ ਨੇ ਨਦੀ ਤੋਂ ਪਾਣੀ ਭਰ ਕੇ ਲਿਆਉਣ ਲਈ ਕਿਹਾ। ਭਾਈ ਘਨੱਈਆ ਜੀ ਜਦ ਪਾਣੀ ਦਾ ਘੜਾ ਭਰ ਕੇ ਲੈ ਆਏ ਤਾਂ ਗੁਰੂ ਸਾਹਿਬ ਨੇ ਹੱਥ ਧੋ ਕੇ ਬਾਕੀ ਸਾਰਾ ਪਾਣੀ ਡੋਲ੍ਹ ਦਿੱਤਾ। ਗੁਰੂ ਸਾਹਿਬ ਨੇ ਫਿਰ ਉਨ੍ਹਾਂ ਨੂੰ ਪਾਣੀ ਭਰ ਕੇ ਲਿਆਉਣ ਲਈ ਕਿਹਾ। ਭਾਈ ਘਨੱਈਆ ਜੀ ਫਿਰ ਪਾਣੀ ਦਾ ਘੜਾ ਭਰ ਲਿਆਏ ਤਾਂ ਫਿਰ ਗੁਰੂ ਸਾਹਿਬ ਨੇ ਆਪਣੇ ਚਰਨ ਧੋ ਕੇ ਬਾਕੀ ਸਾਰਾ ਪਾਣੀ ਡੋਲ੍ਹ ਦਿੱਤਾ। ਦੂਜੇ ਦਿਨ ਫਿਰ ਇੰਝ ਹੀ ਹੋਇਆ। ਇਸ ਤਰ੍ਹਾਂ ਕਈ ਦਿਨ ਹੁੰਦਾ ਰਿਹਾ, ਗੁਰੂ ਸਾਹਿਬ ਇਕ ਬੜਾ ਵੱਡਾ ਇਮਤਿਹਾਨ ਲੈ ਰਹੇ ਸਨ। ਜੇ ਅੱਜ ਭਾਈ ਘਨੱਈਆ ਜੀ ਨੂੰ ਗੁਰੂ ਜੀ ਦਾ ਇੰਝ ਪਾਣੀ ਡੋਲ੍ਹਣਾ ਨਾ ਭਾਉਂਦਾ ਤਾਂ ਇਹ ਮੈਦਾਨੇ ਜੰਗ ਵਿਚ ਸਭ ਨੂੰ ਇਕ ਦ੍ਰਿਸ਼ਟੀ ਨਾਲ ਵੇਖ ਕੇ ਪਾਣੀ ਨਾ ਪਿਲਾ ਸਕਦਾ। ਭਾਈ ਸਾਹਿਬ ਨੇ ਨਾ ਕੋਈ ਉਜਰ (ਬਹਾਨਾ) ਕੀਤਾ ਤੇ ਨਾ ਹੀ ਗੁੱਸਾ-ਗਿਲਾ, ਮੱਥੇ 'ਤੇ ਵੱਟ ਤੱਕ ਨਹੀਂ ਪਾਇਆ। ਹਰ ਰੋਜ਼ ਸੱਤ ਬਚਨ ਕਹਿ ਕੇ ਹੀ ਜਲ ਲਿਆਉਂਦੇ ਰਹੇ। ਭਾਈ ਘਨੱਈਆ ਜੀ ਨੂੰ ਇਸ ਤਰ੍ਹਾਂ ਜਲ ਢੋਣ ਦਾ ਚੰਗਾ ਅਭਿਆਸ ਹੋ ਗਿਆ। ਕਦੇ ਲੰਗਰ ਪਕਾਉਣ ਲਈ, ਕਦੇ ਲੰਗਰ ਵਿਚ ਬੈਠੀਆਂ ਸੰਗਤਾਂ ਜਾਂ ਗੁਰੂ ਦਰਬਾਰ ਵਿਚ ਬੈਠੀਆਂ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਕਰਦੇ। ਇਸ ਤਰ੍ਹਾਂ ਉਹ ਗੁਰੂ ਦੀਆਂ ਖੁਸ਼ੀਆ ਦੇ ਨਾਲ-ਨਾਲ ਸੰਗਤਾਂ ਦੀਆਂ ਅਸੀਸਾਂ ਵੀ ਲੈਂਦੇ ਰਹੇ। ਭਾਈ ਘਨੱਈਆ ਜੀ ਘੋੜਿਆਂ ਨੂੰ ਜਲ ਛਕਾਉਣ, ਘੋੜਿਆਂ ਲਈ ਘਾਹ, ਦਾਣਾ, ਲਿੱਦ ਇਕੱਠੀ ਕਰਨ ਤੇ ਨਹਾਉਣ ਆਦਿ ਦੀ ਸੇਵਾ ਵੀ ਕਰਦੇ।
ਇਕ ਦਿਨ ਗੁਰੂ ਜੀ ਨੇ ਭਾਈ ਘਨੱਈਆ ਜੀ ਨੂੰ ਕਿਹਾ, ''ਤੁਹਾਡੀ ਸੇਵਾ ਥਾਇ ਪਈ ਹੈ, ਜਾਓ। ਆਪ ਨਾਮ ਜਪੋ ਤੇ ਹੋਰਨਾਂ ਨੂੰ ਜਪਾਓ।'' ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹੁਕਮ ਮੰਨ ਕੇ ਸੇਵਾਪੰਥੀਆਂ ਦੀ ਪਹਿਲੀ ਧਰਮਸ਼ਾਲਾ ਲਾਹੌਰ ਅਤੇ ਪਿਸ਼ਾਵਰ ਦੇ ਵਿਚਕਾਰ ਜ਼ਿਲਾ ਕੈਮਲਪੁਰ (ਪਾਕਿਸਤਾਨ) ਦੇ ਪਿੰਡ 'ਕਹਵਾ' ਵਿਚ ਭਾਈ ਕਨੱ੍ਹਈਆ ਜੀ ਨੇ ਬਣਾਈ। ਜਰਨੈਲੀ ਸੜਕ 'ਤੇ ਵਸਿਆ ਇਹ ਪਿੰਡ ਪਹਾੜਾਂ ਨਾਲ ਮਿਲਿਆ ਹੋਇਆ ਹੈ। ਇਕ ਕੋਹ ਦਾ ਪੈਂਡਾ ਤੈਅ ਕਰਕੇ ਪਹਾੜਾਂ 'ਤੇ ਚੜ੍ਹ ਕੇ ਲੋਕ ਦੂਰੋਂ ਪਾਣੀ ਲਿਆ ਕੇ ਗੁਜ਼ਾਰਾ ਕਰਦੇ। ਭਾਈ ਘਨੱਈਆ ਜੀ ਨੇ ਇਸ ਥਾਂ ਜਰਨੈਲੀ ਸੜਕ 'ਤੇ ਰਾਹਗੀਰ ਮੁਸਾਫਰਾਂ ਦੇ ਸੁੱਖ ਆਰਾਮ ਅਤੇ ਗੁਰਮਤਿ ਪ੍ਰਚਾਰ ਲਈ ਧਰਮਸ਼ਾਲਾ ਬਣਾਈ। ਇਲਾਕੇ ਦੇ ਲੋਕਾਂ ਨੇ ਤਨ-ਮਨ ਤੇ ਧਨ ਨਾਲ ਸੇਵਾ/ਕਮਾਈ ਕੀਤੀ।
ਦੋ ਸੌ ਮੰਜੇ ਬਿਸਤਰੇ ਆਏ-ਗਏ ਰਾਹੀਆਂ-ਪਾਂਧੀਆਂ ਦੇ ਸੁੱਖ ਆਰਾਮ ਲਈ ਤਿਆਰ ਕੀਤੇ ਗਏ। ਦੋ ਸੌ ਘੜਾ ਪਾਣੀ ਦਾ ਹਰ ਸਮੇਂ ਭਰ ਕੇ ਰੱਖਦੇ। ਇਥੇ ਹਿੰਦੂ, ਮੁਸਲਮਾਨ, ਸਿੱਖ ਈਸਾਈ ਸਭ ਧਰਮਾਂ ਦੇ ਲੋਕ ਆ ਕੇ ਸੁੱਖ ਪ੍ਰਾਪਤ ਕਰਦੇ। ਇਹ ਧਰਮਸ਼ਾਲਾ ਸਾਂਝੀਵਾਲਤਾ ਦਾ ਪ੍ਰਤੀਕ ਬਣ ਗਈ।
ਭਾਈ ਘਨੱਈਆ ਜੀ ਦਾ ਜਨਮ ਵਜ਼ੀਰਾਬਾਦ ਲਾਗੇ ਸਿਆਲਕੋਟ (ਪਾਕਿਸਤਾਨ) ਦੇ ਪਿੰਡ 'ਸੋਦਰਾ' ਵਿਖੇ ਪਿਤਾ ਭਾਈ ਨੱਥੂ ਰਾਮ ਖੱਤਰੀ ਦੇ ਗ੍ਰਹਿ ਮਾਤਾ ਸੁੰਦਰੀ ਜੀ ਦੀ ਕੁੱਖੋਂ ਸੰਮਤ 1705, ਸੰਨ 1648 ਈ. ਵਿਚ ਹੋਇਆ। ਭਾਈ ਨੱਥੂ ਰਾਮ ਜੀ ਜਰਨੈਲ ਅਮੀਰ ਸਿੰਘ ਮੁਸਾਹਿਬ (ਸੁਹਬਤ ਵਿਚ ਰਹਿਣ ਵਾਲਾ, ਸਾਥੀ) ਦੇ ਮੈਨੇਜਰ ਸਨ। ਜਗੀਰਾਂ ਮੁੱਲ ਲੈ ਕੇ ਅੱਗੋਂ ਵੇਚਣ ਦਾ ਕੰਮ ਵੀ ਕਰਦੇ ਸਨ। ਭਾਈ ਘਨੱਈਆ ਜੀ ਦੇ ਜਨਮ ਸਮੇਂ ਇਲਾਕੇ ਦੇ ਸਿਆਣੇ ਪੁਰਸ਼ਾਂ ਨੇ ਕਹਿ ਦਿੱਤਾ ਸੀ ਕਿ ਇਹ ਪੂਰਨ ਪੁਰਖ ਹੈ, ਜਿੰਨਾ ਕੋਈ ਇਨ੍ਹਾਂ ਨਾਲ ਭਾਉ ਕਰੇਗਾ, ਓਨਾ ਹੀ ਲਾਭਦਾਇਕ ਰਹੇਗਾ, ਹੋਰ ਤਾਂ ਹੋਰ ਇਹ ਆਪ ਵੀ ਜੀਵਨ ਮੁਕਤ ਹੋਣਗੇ ਤੇ ਦੂਜਿਆਂ ਨੂੰ ਵੀ ਜੀਵਨ ਮੁਕਤ ਕਰਨ ਦੇ ਸਮਰੱਥ ਹੋਣਗੇ।
ਭਾਈ ਘਨੱਈਆ ਜੀ ਦੀ 12 ਸਾਲ ਦੀ ਉਮਰ ਵਿਚ ਭਗਤ ਨਨੂਆ ਨਾਲ ਭੇਟ ਹੋਈ। ਉਨ੍ਹਾਂ ਨੂੰ ਆਪਣੀ ਤੜਪ ਦੱਸਣ 'ਤੇ ਭਗਤ ਨਨੂਆ ਨੇ ਕਿਹਾ ਕਿ ਪਰਮਪਦ ਤੱਕ ਪਹੁੰਚਣ ਲਈ ਧਰੂ ਭਗਤ ਦੀ ਤਰ੍ਹਾਂ ਸਾਧਨਾ ਕਰਨ ਦੀ ਲੋੜ ਹੈ। ਭਾਈ ਘਨੱਈਆ ਸਾਧਨਾ ਲਈ ਉਨ੍ਹਾਂ ਦੀ ਸ਼ਰਨ ਵਿਚ ਆ ਗਏ, ਪਰ ਉਨ੍ਹਾਂ ਦੀ ਸ਼ਰਨ ਬਹੁਤਾ ਸਮਾਂ ਨਾ ਮਿਲ ਸਕੀ। ਭਗਤ ਨਨੂਆ ਜੀ ਸੱਚਖੰਡ ਜਾ ਬਿਰਾਜੇ। ਉਪਰੰਤ ਭਾਈ ਘਨੱਈਆ ਵਾਪਸ ਪਿੰਡ ਆ ਗਏ। ਘਰ ਪਹੁੰਚਣ 'ਤੇ ਪਿਤਾ ਨੱਥੂ ਰਾਮ ਜੀ ਅਕਾਲ ਚਲਾਣਾ ਕਰ ਗਏ। ਇਸ ਮਗਰੋਂ ਆਪ ਆਨੰਦਪੁਰ ਸਾਹਿਬ ਆ ਗਏ। ਭਾਈ ਜੀ ਦਾ ਆਨੰਦਪੁਰ ਸਾਹਿਬ ਪਹੁੰਚਣ 'ਤੇ ਸਭ ਤੋਂ ਪਹਿਲਾਂ ਗੁਰੂ ਜੀ ਦੇ ਦਰਸ਼ਨ ਕਰਕੇ ਮਨ ਸ਼ਾਂਤ ਹੋ ਗਿਆ, ਹਿਰਦੇ ਦੀ ਵੇਦਨਾ ਪੂਰੀ ਹੋਈ। ਘੋੜਿਆਂ ਦੇ ਤਬੇਲੇ 'ਚ ਘੋੜਿਆਂ ਨੂੰ ਜਲ ਛਕਾਉਣ ਦੀ ਸੇਵਾ ਕਰਨ ਲੱਗ ਪਏ। ਥੋੜ੍ਹੀ ਦੇਰ ਬਾਅਦ ਗੁਰੂ ਜੀ ਦੇ ਹੁਕਮ ਨਾਲ ਲਾਹੌਰ ਚਲੇ ਗਏ। ਭਾਈ ਘਨੱਈਆ ਜੀ ਦੇ ਜਾਣ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਵਿਖੇ ਸ਼ਹੀਦ ਕੀਤੇ ਗਏ, ਉਪਰੰਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਉਪਰ ਬੈਠੇ। ਭਾਈ ਘਨੱਈਆ ਜੀ ਨੇ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਤਾਂ ਨਦਰੀ-ਨਦਰ ਨਿਹਾਲ ਹੋ ਗਏ। ਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਸੇਵਾ 'ਚ ਲੱਗ ਗਏ। ਗੁਰੂ ਜੀ ਵਲੋਂ ਸਭ ਸਿੱਖਾਂ ਨੂੰ ਸ਼ਸਤਰਬੱਧ ਹੋਣ ਦੇ ਹੁਕਮ 'ਤੇ ਉਹ (ਭਾਈ ਘਨੱਈਆ) ਵੀ ਸ਼ਸਤਰਧਾਰੀ ਹੋ ਗਏ। ਇਕ ਸਿੱਖ ਨੇ ਭਾਈ ਘਨੱਈਆ ਜੀ ਨੂੰ ਪੁੱਛਿਆ ਕਿ ਤੁਸੀਂ ਤੇਗ (ਕ੍ਰਿਪਾਨ) ਕਿਸ ਨੂੰ ਮਾਰਨ ਲਈ ਧਾਰਨ (ਪਹਿਨੀ) ਕੀਤੀ ਹੈ ਤਾਂ ਭਾਈ ਘਨੱਈਆ ਜੀ ਨੇ ਕਿਹਾ ਕਿ ਮੈਂ ਤੇਗ ਕਿਸੇ ਨੂੰ ਮਾਰਨ ਲਈ ਨਹੀਂ ਫੜੀ ਬਲਕਿ ਜੋ ਮੈਨੂੰ ਮਾਰਨ ਆਵੇਗਾ, ਉਸ ਨੂੰ ਆਪਣੀ ਤੇਗ ਦੇ ਦੇਵਾਂਗਾ ਤਾਂ ਕਿ ਉਸ ਨੂੰ ਖੇਚਲ ਨਾ ਕਰਨੀ ਪਵੇ। ਇਸ ਗੱਲ ਦਾ ਪਤਾ ਲੱਗਣ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨੱਈਆ ਜੀ ਦੇ ਸ਼ਸਤਰ ਉਤਰਵਾ ਦਿੱਤੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ 1704 ਈ. ਵਿਚ ਆਨੰਦਪੁਰ ਸਾਹਿਬ ਵਿਖੇ ਜਬਰ, ਜ਼ੁਲਮ ਦੇ ਖਾਤਮੇ ਅਤੇ ਗਰੀਬਾਂ, ਮਜ਼ਲੂਮਾਂ ਦੀ ਰੱਖਿਆ ਲਈ ਧਰਮ ਯੁੱਧ ਹੋ ਰਹੇ ਸਨ। ਧਰਮਯੁੱਧ ਵਿਚ ਸਿੰਘ ਅਤੇ ਦੁਸ਼ਮਣ ਦੋਵੇਂ ਹੀ ਜ਼ਖਮੀ ਹੋ ਕੇ ਜਲ ਦੀ ਮੰਗ ਕਰ ਰਹੇ ਸਨ। ਭਾਈ ਘਨੱਈਆ ਜੀ ਨੇ ਚਮੜੇ ਦੀ ਮਸ਼ਕ ਜਲ ਦੀ ਭਰ ਕੇ ਸਭ ਵਿਚ ਸਰਬ ਵਿਆਪਕ ਇਕ ਜੋਤ ਜਾਣ ਜਲ ਛਕਾਉਣਾ ਸ਼ੁਰੂ ਕਰ ਦਿੱਤਾ। ਜਿਥੋਂ ਕਿਤੇ ਵੀ ਜਲ ਦੀ ਆਵਾਜ਼ ਸੁਣਦੇ, ਜਲ ਛਕਾ ਆਉਂਦੇ। ਭਾਵੇਂ ਕੋਈ ਗੁਰੂ ਦਾ ਸਿੰਘ ਸੀ, ਭਾਵੇਂ ਕੋਈ ਦੁਸ਼ਮਣ ਦਾ ਸਿਪਾਹੀ। ਭਾਈ ਘਨੱਈਆ ਜੀ ਦੇ ਮਨ ਵਿਚ ਇਹ ਵਿਚਾਰ ਕੋਈ ਨਹੀਂ ਸੀ। ਦੋਵਾਂ ਵਿਚ ਇਕ ਜੋਤ ਸਮਝ ਕੇ ਜਲ ਛਕਾ ਰਹੇ ਸਨ। ਦੁਸ਼ਮਣਾਂ ਨੂੰ ਜਲ ਛਕਾਉਂਦੇ ਦੇਖ ਸਿੰਘਾਂ ਨੇ ਰੋਕਿਆ, ਘਨੱਈਆ! ਇਹ ਗੁਰੂ ਜੀ ਦੇ ਦੁਸ਼ਮਣ ਹਨ। ਤੁਸੀਂ ਇਨ੍ਹਾਂ ਨੂੰ ਜਲ ਨਾ ਛਕਾਓ। ਭਾਈ ਘਨੱਈਆ ਜੀ ਨੇ ਸੁਣੀ-ਅਣਸੁਣੀ ਕਰ ਦਿੱਤੀ। ਬਿਨਾਂ ਵਿਤਕਰੇ ਦੇ ਜਲ ਛਕਾਉਂਦੇ, ਸੇਵਾ ਕਮਾਉਂਦੇ ਰਹੇ। ਗੁਰੂ ਜੀ ਕੋਲ ਕੁਝ ਸਿੰਘਾਂ ਨੇ ਸ਼ਿਕਾਇਤ ਕੀਤੀ ਕਿ ਅਸੀਂ ਮੁਗਲਾਂ ਨੂੰ ਜ਼ਖਮੀ ਕਰਦੇ ਹਾਂ ਪਰ ਭਾਈ ਘਨੱਈਆ ਇਨ੍ਹਾਂ ਨੂੰ ਪਾਣੀ ਪਿਲਾ ਕੇ ਮੁੜ ਜੀਵਿਤ ਕਰ ਦਿੰਦੇ ਹਨ। ਗੁਰੂ ਜੀ ਨੇ ਭਾਈ ਘਨੱਈਆ ਜੀ ਨੂੰ ਬੁਲਾ ਕੇ ਜਦੋਂ ਪੁੱਛਿਆ ਤਾਂ ਭਾਈ ਜੀ ਨੇ ਨਿਮਰਤਾ ਸਹਿਤ ਉਤਰ ਦਿੱਤਾ। ਗਰੀਬ ਨਿਵਾਜ ਸਾਹਿਬ ਜੀਓ! ਮੈਨੂੰ ਤਾਂ ਹਰ ਇਕ ਵਿਚ ਆਪ ਦਾ ਹੀ ਰੂਪ ਦਿਖਾਈ ਦਿੰਦਾ ਹੈ।
ਜਹਾਂ ਕਹਾਂ ਇਕ ਰੂਪ ਤੁਮਾਰਾ।
ਨਹਿਂ ਦੂਸਰ ਮੈਂ ਕਹੂੰ ਨਿਹਾਰਾ।
(ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ 5791)
ਮੈਥੋਂ ਤਾਂ ਤੁਸੀਂ ਆਪ ਹੀ ਪਾਣੀ ਮੰਗਦੇ ਹੋ, ਮੈਂ ਤਾਂ ਆਪ ਜੀ ਨੂੰ ਹੀ ਪਾਣੀ ਪਿਲਾਉਂਦਾ ਹਾਂ।
ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ।
ਤੁਰਕ ਅਤੁਰਕ ਨ ਦਿਸਦਾ ਮੈਨੂੰ ਤੂੰ ਸਾਰੇ ਦਿਸ ਆਈਂ।
(ਕਲਗੀਧਰ ਚਮਤਕਾਰ)
ਭਾਈ ਘਨੱਈਆ ਜੀ ਦੇ ਮੁੱਖ (ਜ਼ੁਬਾਨ) ਤੋਂ ਬਚਨ ਸੁਣ ਕੇ ਗੁਰੂ ਸਾਹਿਬ ਬੋਲੇ, ''ਐ ਖਾਲਸਾ ਜੀ! ਭਾਈ ਘਨੱਈਆ ਜੋ ਕੁਝ ਬੋਲ ਰਿਹਾ ਹੈ, ਇਹ ਇਕ ਪੂਰਨ ਸਾਧ ਦੀ ਬਾਣੀ ਦਾ ਚਰਿੱਤਰ (ਬਿਰਤਾਂਤ, ਹਾਲ) ਹੈ। ਇਸ ਪੂਰਨ ਪੁਰਖ ਘਨੱਈਏ ਨੂੰ ਕੋਈ ਕੁਝ ਨਾ ਕਹੇ, ਜੋ ਕਰੇ, ਜਿਥੇ ਕਰੇ, ਉਥੇ ਹੀ ਕਰਨ ਦਿਓ। ਇਸ ਦੇ ਮਨ ਦੀ ਅਵਸਥਾ ਬੜੀ ਉੱਚੀ ਹੈ। ਗੁਰੂ ਸਾਹਿਬ ਨੇ ਭਾਈ ਘਨੱਈਆ ਨੂੰ ਛਾਤੀ ਨਾਲ ਲਾ ਕੇ ਮੱਲ੍ਹਮ ਦੀ ਡੱਬੀ ਤੇ ਪੱਟੀ ਬਖਸ਼ਿਸ਼ ਕੀਤੀ ਤੇ ਕਿਹਾ ਕਿ ਜਿਥੇ ਪਾਣੀ ਪਿਲਾਉਣ ਦੀ ਸੇਵਾ ਕਰਦੇ ਹੋ, ਉਥੇ ਜ਼ਖਮੀਆਂ ਦੇ ਜ਼ਖਮਾਂ 'ਤੇ ਮਲ੍ਹਮ-ਪੱਟੀ ਕਰਨ ਦੀ ਸੇਵਾ ਵੀ ਕਰਿਆ ਕਰੋ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨੱਈਆ ਜੀ 'ਤੇ ਮਿਹਰਾਂ, ਬਖਸ਼ਿਸ਼ਾਂ ਕਰਦਿਆਂ ਫਰਮਾਨ ਕੀਤਾ। ਭਾਈ ਜੀ! ਤੁਹਾਡੀ ਘਾਲ (ਸੇਵਾ) ਅਕਾਲ ਪੁਰਖ ਦੀ ਦਰਗਾਹ ਵਿਚ ਥਾਇ ਪਈ ਹੈ। ਆਪ ਨਾਮ ਜਪੋ ਤੇ ਹੋਰਾਂ ਨੂੰ ਵੀ ਜਪਾਵੋ। ਆਪ ਦੂਜਿਆਂ ਨੂੰ ਵੀ ਨਿਸ਼ਕਾਮ ਸੇਵਾ ਕਰਨੀ ਸਿਖਾਓ। ਰਿੱਧੀਆਂ-ਸਿੱਧੀਆਂ ਤੇਰੇ ਅੱਗੇ-ਪਿੱਛੇ ਲੱਗੀਆਂ ਫਿਰਨਗੀਆਂ। ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹੇਗੀ। ਕਲਗੀਧਰ ਪਾਤਸ਼ਾਹ ਜਦੋਂ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਏ ਤਾਂ ਉਨ੍ਹਾਂ ਭਾਈ ਘਨੱਈਆ ਜੀ ਨੂੰ ਆਪਣੇ ਪਿੰਡ 'ਕਹਵਾ' ਵਿਚ ਜਾ ਕੇ ਪ੍ਰਚਾਰ ਕਰਨ ਲਈ ਕਿਹਾ। ਭਾਈ ਘਨੱਈਆ ਜੀ ਨੇ ਆਪਣੇ ਅਖੀਰਲੇ 10 ਕੁ ਸਾਲ ਪਿੰਡ ਹੀ ਬਿਤਾਏ। ਪਿੰਡ ਕਹਵਾ ਵਿਚ ਥਾਂ-ਥਾਂ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਭਾਈ ਘਨੱਈਆ ਜੀ ਸਹਿਜ ਅਵਸਥਾ ਵਿਚ ਵਿਚਰਨ ਵਾਲੇ ਸੇਵਾ ਦੇ ਪੁਤਲੇ ਸਨ। ਹਰ ਰੋਜ਼ ਅੰਮ੍ਰਿਤ ਵੇਲੇ ਤੋਂ ਸੂਰਜ ਨਿਕਲਣ ਤਕ ਕੀਰਤਨ ਕਰਦੇ ਤੇ ਸੁਣਦੇ ਸਨ।
ਇਕ ਦਿਨ ਆਪ ਦਾ ਸਰੀਰ ਕੁਝ ਢਿੱਲਾ ਹੋ ਗਿਆ। ਅੰਮ੍ਰਿਤ ਵੇਲੇ ਇਸ਼ਨਾਨ ਕਰਨ ਉਪਰੰਤ ਨਿੱਤ-ਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਕਰਕੇ ਸਮਾਧੀ ਲਾਈ। ਕੀਰਤਨ ਸੁਣਦੇ-ਸੁਣਦੇ ਹੀ ਆਪਣੇ ਪਿੰਡ ਸੋਦਰੇ ਵਿਖੇ 20 ਸਤੰਬਰ ਸੰਨ 1718 ਈ. ਮੁਤਾਬਿਕ ਸੰਮਤ 1775 ਬਿਕ੍ਰਮੀ ਨੂੰ 70 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿਚ ਅਭੇਦ ਹੋ ਗਏ।