ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੈਸੀ ਹੈ ਇਹ ਜਿੱਤ? ਦੀਵਾ ਬੁਝਣ ਤੋਂ ਪਹਿਲਾਂ ਵਾਲੀ ਤੇਜ਼ ਲਿਸ਼ਕੋਰ ਜਾਂ ਕੁਝ ਹੋਰ?


ਇਸ ਜਿੱਤ ਨੂੰ ਕੀ ਕਿਹਾ ਜਾਏ? ਦੀਵਾ ਬੁਝਣ ਤੋਂ ਪਹਿਲਾਂ ਵਾਲੀ ਤੇਜ਼? ਲਿਸ਼ਕੋਰ ਜਾਂ ਸਿੱਖੀ ਦੇ ਰੌਸ਼ਨ ਭਵਿੱਖ ਦੀ ਸ਼ੁਰੂਆਤ? ਇਕ ਰੋਜ਼ਾਨਾ ਅਖ਼ਬਾਰ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਨਤੀਜਿਆਂ ਉਤੇ ਵਿਸ਼ੇਸ਼ ਟਿੱਪਣੀ ਕਰਨ ਲਈ ਆਪਣੀ ਸੰਪਾਦਕੀ ਨੂੰ ਪਹਿਲੇ ਪੰਨੇ 'ਤੇ ਲਿਆਂਦਾ ਹੈ ਅਤੇ ਫੈਸਲਾ ਸੁਣਾਇਆ ਹੈ ਕਿ ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਹੈ ਪਰ ਸਿੱਖੀ ਸਿਧਾਂਤ ਹਾਰੇ ਹਨ। ਇਸ ਦਾ ਦੂਜਾ ਤੇ ਸਪਸ਼ਟ ਮਤਲਬ ਇਹ ਹੈ ਕਿ ਇਸ ਜਿੱਤ ਵਿਚ ਹਾਰ ਲੁੱਕੀ ਹੋਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਸਿੱਖੀ ਕਦਰਾਂ ਕੀਮਤਾਂ ਨਾਲ ਹੁਣ ਕੋਈ ਰਿਸ਼ਤਾ ਨਹੀਂ ਰਿਹਾ ਅਤੇ ਜੇ ਕੋਈ ਰਿਸ਼ਤਾ ਹੈ ਵੀ ਤਾਂ ਉਹ ਰਸਮੀ ਹੈ, ਮੂੰਹ ਰੱਖਣਾ ਹੈ ਜਿਸ ਵਿਚ ਸਵਾਰਥ ਤੇ ਮਤਲਬ ਪ੍ਰਸਤ ਬੁੱਧੀ ਤੇ ਰੁਚੀਆਂ ਦਾ ਬੋਲਬਾਲਾ ਹੈ। 70 ਤੋਂ ਉਪਰ ਜੇਤੂ ਮੈਂਬਰ ਉਹ ਹਨ ਜਿਨ੍ਹਾਂ ਦੀ ਸਿੱਖ ਇਤਿਹਾਸ ਅਤੇ ਇਕ ਸਿੱਖ ਦੀ ਜੀਵਨਜਾਚ ਅਤੇ ਤਰਜ਼-ਏ-ਜ਼ਿੰਦਗੀ ਉਤੇ ਨਾ ਕੋਈ ਪਕੜ ਹੈ ਅਤੇ ਨਾ ਹੀ ਮਰ-ਮਿਟਣ ਵਾਲੀ ਜਗਿਆਸਾ। ਉਨ੍ਹਾਂ ਵਿਚੋਂ ਕਈ ਸੱਚੀ ਮੁੱਚੀ ਪਤਿਤ ਹਨ, ਕਈ ਇਖਲਾਕੀ ਨਜ਼ਰੀਏ ਤੋਂ ਪਤਿਤ ਹਨ, ਕਈਆਂ ਦੀ ਦਾਗ਼ਦਾਰ ਚਾਦਰ ਉਤੇ ਧੱਕੇ ਤੇ ਸੀਨਾਜ਼ੋਰੀ ਨਾਲ ਅੱਗੇ ਵੱਧਣ ਵਾਲੀਆਂ ਮਾਰੂ ਬਿਰਤੀਆਂ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ ਅਤੇ ਕਈ ਜਿਹੜੇ 'ਚੰਗਿਆਂ' ਤੇ 'ਸਿਆਣਿਆਂ' ਵਿਚ ਗਿਣੇ ਜਾਂਦੇ ਹਨ, ਉਨ੍ਹਾਂ ਨੇ 'ਤਕੜਿਆਂ' ਦੀ ਛਾਂ ਹੇਠ ਚੱਲਣਾ ਤੇ ਚਲਦੇ ਰਹਿਣਾ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਿਆ ਹੈ। ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਇਸ ਮਾਜਰੇ ਦਾ ਸਭ ਪਤਾ ਹੈ ਪਰ ਉਨ੍ਹਾਂ ਨੇ ਖਾਮੋਸ਼ੀ ਨੂੰ ਆਪਣੇ ਲਈ ਵਰ ਸਮਝ ਲਿਆ ਹੈ ਅਤੇ ਉਹ ਇਸ ਭਰਮ ਨੂੰ ਹੋਰ ਵੱਡਾ ਕਰਨ ਵਿਚ ਲੱਗੇ ਹੋਏ ਹਨ। ਪਰ ਇਕ 'ਹਰਿਓ ਬੂਟ' ਅਜੇ ਵੀ ਮੈਦਾਨ ਵਿਚ ਨਿਤਰਿਆ ਹੈ, ਜਿਸ ਨੇ ਨਿਰਭਉ ਤੇ ਨਿਰਵੈਰ ਦੇ ਸਿਧਾਂਤ ਦੀ ਪਾਲਣਾ ਕਰਦਿਆਂ ਉਨ੍ਹਾਂ ਜੇਤੂ ਉਮੀਦਵਾਰਾਂ ਨੂੰ ਸਿਰੋਪਾਓ ਦੇਣ ਤੋਂ ਇਨਕਾਰ ਕਰ ਦਿਤਾ ਹੈ, ਜਿਹੜੇ ਪਤਿਤ ਹਨ ਪਰ ਜੋ ਵੱਡਾ ਲਾਮ ਲਸ਼ਕਰ ਲੈ ਕੇ ਉਸ ਪਾਵਨ ਤਖ਼ਤ ਉਤੇ ਸਜਦਾ ਕਰਨ ਆਏ-ਇਸ ਮੰਦੇ ਇਰਾਦੇ ਨਾਲ ਕਿ ਇਸ ਤਖ਼ਤ ਦਾ ਜਥੇਦਾਰ ਇਸ ਗ਼ੈਰ ਸਿਧਾਂਤਕ ਤੇ ਬੇਮੁਹਾਰੀ ਭੀੜ ਅੱਗੇ ਸਿਰ ਝੁਕਾ ਕੇ ਪਤਿਤ ਜੇਤੂਆਂ ਨੂੰ ਸਿਰੋਪਾਓ ਬਖ਼ਸ਼ ਦੇਵੇਗਾ। ਕਹਿ ਸਕਦੇ ਹਾਂ ਕਿ ਨੀਲੇ ਘੋੜੇ ਦੇ ਸ਼ਾਹਸਵਾਰ ਨੇ ਅਜੇ ਵੀ ਕੁਝ ਗੁਰਸਿੱਖਾਂ ਨੂੰ ਆਪਣੀ ਮਿਹਰ ਦੀ ਛਾਂ ਹੇਠ ਰੱਖਿਆ ਹੋਇਆ ਹੈ। ਤਖ਼ਤ ਦਮਦਮਾ ਸਾਹਿਬ ਵਿਖੇ 'ਹਥ ਦੇ ਆਪ ਰਾਖੇ ਵਿਆਪੈ ਭਉ ਨ ਕੋਇ' ਦਾ ਚਮਤਕਾਰ ਵਾਪਰਿਆ ਹੈ। ਬਹੁਤ ਕੁਝ ਵਿਚਾਰੇ, ਨਿਖਾਰੇ ਤੇ ਨਿਤਾਰੇ ਜਾਣ ਦਾ ਸਮਾਂ ਆ ਗਿਆ ਹੈ। ਕੁਝ ਸਿਆਣਿਆਂ ਦਾ ਵਿਚਾਰ ਹੈ ਕਿ ਸਿੱਖਾਂ ਦੇ ਨਜ਼ਰੀਏ ਵਿਚ ਸਿੱਖੀ ਕਦਰਾਂ ਕੀਮਤਾਂ ਦੀ ਉਹ ਥਾਂ ਨਹੀਂ ਰਹਿ ਗਈ ਜੋ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਤੋਂ ਪਿਛੋਂ ਖ਼ਾਲਸੇ ਦੀਆਂ ਕੁਰਬਾਨੀਆਂ ਨੇ ਪੈਦਾ ਕੀਤੀ ਹੈ। ਇਸ ਲਈ ਮੌਜੂਦਾ ਧਾਰਮਿਕ ਲੀਡਰਸ਼ਿਪ ਜੇ ਕਮਜ਼ੋਰ, ਸਵਾਰਥੀ ਤੇ ਗਿਆਨ ਵਿਹੂਣੀ ਹੈ ਤਾਂ ਉਸ ਦੇ ਅੰਸ਼ ਸਿੱਖ ਕੌਮ ਦੇ ਸਮੂਹਿਕ ਨਜ਼ਰੀਏ ਵਿਚ ਵੀ ਪਏ ਹੋਏ ਹਨ। ਇਹ ਕੌੜੇ ਸੱਚ ਦੀ ਇਕ ਝਾਕੀ ਜਾਂ ਉਦਾਸ ਪਰਤ ਹੈ ਜਿਸ ਦੀ ਹੋਂਦ ਨੂੰ ਸਾਨੂੰ ਖੁਲ੍ਹੇ ਦਿਲ ਨਾਲ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਸੁਝਾਅ ਇਹ ਦਿਤਾ ਜਾ ਰਿਹਾ ਹੈ ਕਿ ਧਾਰਮਿਕ ਚੇਤਨਾ ਦੀ ਇਕ ਪ੍ਰਚੰਡ ਲਹਿਰ ਹੇਠਾਂ ਤੋਂ ਸ਼ੁਰੂ ਕੀਤੀ ਜਾਵੇ। ਕਈ ਵੀਰ ਇਹੋ ਜਿਹੀ ਲਹਿਰ ਨੂੰ ਸਿੰਘ ਸਭਾ ਲਹਿਰ ਦੀ ਤਰਜ਼ 'ਤੇ ਚਲਾਉਣ ਦੀ ਤਜਵੀਜ਼ ਪੇਸ਼ ਕਰ ਰਹੇ ਹਨ।ਇਕ ਹੋਰ ਸੱਚ ਇਹ ਹੈ ਕਿ ਸਿੱਖ ਰਾਜਨੀਤੀ ਨੇ ਧਰਮ ਦਾ ਅਪਹਰਣ (ਹਾਈਜੈਕ) ਕਰ ਲਿਆ ਹੈ। ਦੂਜੇ ਸ਼ਬਦਾਂ ਵਿਚ ਸਿੱਖ ਰਾਜਨੀਤੀ, ਸਿੱਖ ਕਦਰਾਂ ਕੀਮਤਾਂ ਤੋਂ ਨਿਖੜ ਕੇ ਉਸ ਪਾਸੇ ਵੱਲ ਚਲੀ ਗਈ ਹੈ ਜਿਸ ਨੂੰ ਦਸਮ ਪਿਤਾ 'ਬਿਪਰਨ ਕੀ ਰੀਤ' ਕਹਿੰਦੇ ਹਨ। ਜੇ ਇਸ ਟਿੱਪਣੀ ਦੀ ਹੋਰ ਸੌਖੀ ਵਿਆਖਿਆ ਕਰਨੀ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਰਾਜਨੀਤੀ ਹੀ ਹੁਣ ਇਹ ਤੈਅ ਕਰ ਰਹੀ ਹੈ ਕਿ ਸਿੱਖ ਧਰਮ ਨੂੰ ਕਿਸ ਦਿਸ਼ਾ ਵੱਲ ਮੋੜਿਆ ਜਾਵੇ। ਇਹ ਠੀਕ ਹੈ ਕਿ ਸਿੱਖ ਧਰਮ ਵਿਚ ਧਰਮ ਅਤੇ ਰਾਜਨੀਤੀ ਨਾਲ-ਨਾਲ ਚਲਦੇ ਹਨ ਅਤੇ ਇਕ ਦੂਜੇ ਦੇ ਪੂਰਕ ਤੇ ਸਹਾਇਕ ਹਨ ਪਰ ਵੱਡਾ ਸੱਚ ਇਹ ਹੈ ਕਿ ਮੌਜੂਦਾ ਰਾਜਨੀਤੀ ਧਰਮ ਦੀ ਹਮਸਫ਼ਰ ਨਹੀਂ ਰਹਿ ਗਈ। ਅਤੇ ਮੌਜੂਦਾ ਹਾਲਤਾਂ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਧਰਮ ਦੇ ਪੈਰੋਕਾਰ ਵੀ ਉਸੇ ਰਾਜਨੀਤੀ ਦੇ ਹੇਠਾਂ ਲੱਗ ਕੇ ਚੱਲ ਰਹੇ ਹਨ। ਇਸ ਦੀ ਮਿਸਾਲ ਸ਼੍ਰੋਮਣੀ ਅਕਾਲੀ ਦਲ 'ਬਾਦਲ' ਹੈ ਜਿਸ ਨੇ ਸੰਤ ਸਮਾਜ ਨੂੰ ਕੁਝ ਸੀਟਾਂ ਦੇ ਕੇ ਆਪਣੇ ਅਧੀਨ ਕੀਤਾ ਹੈ। ਯਾਨੀ ਰਾਜਨੀਤੀ ਨੇ ਹੀ ਤੈਅ ਕੀਤਾ ਕਿ ਧਰਮ ਦੇ ਕਥਿਤ ਪੈਰੋਕਾਰਾਂ ਨੂੰ ਕਿੰਨੀਆਂ ਸੀਟਾਂ ਦੇ ਕੇ ਉਨ੍ਹਾਂ ਦਾ ਮੂੰਹ ਬੰਦ ਕਰਨਾ ਹੈ। ਇਸ ਸੌਦੇਬਾਜ਼ੀ ਤੋਂ ਸਾਫ਼ ਜਾਹਰ ਹੈ ਕਿ ਕਿਸ ਧਿਰ ਦਾ ਹੱਥ ਉਤੇ ਹੈ। ਇਕ ਹੋਰ ਮਿਸਾਲ ਮੌਜੂਦਾ ਹਾਲਤ ਨੂੰ ਹੋਰ ਸਪਸ਼ਟ ਕਰੇਗੀ। ਜੇ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਧਾਰਮਿਕ ਪਾਰਲੀਮੈਂਟ ਹੈ ਤਾਂ ਇਸ ਧਾਰਮਿਕ ਪਾਰਲੀਮੈਂਟ ਲਈ ਮੈਂਬਰਾਂ ਦੀ ਚੋਣ ਭਲਾਂ ਕਿਸ ਦੇ ਹੱਥ ਵਿਚ ਸੀ? ਸਾਫ਼ ਜ਼ਾਹਰ ਹੈ ਕਿ ਇਹ ਚੋਣ ਕਰਨੀ ਸਿਆਸਤਦਾਨਾਂ ਦੇ ਹੱਥ ਵਿਚ ਸੀ, ਭਾਵੇਂ ਉਹ ਸਿਆਤਦਾਨ ਪੰਥਕ ਮੋਰਚੇ ਨਾਲ ਸਬੰਧਤ ਸਨ, ਭਾਵੇਂ ਬਾਦਲ ਦਲ ਨਾਲ ਤੇ ਭਾਵੇਂ ਅਕਾਲੀ ਦਲ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਸਨ। ਧਰਮ ਦਾ ਕੋਈ ਵੀ ਕੇਂਦਰ ਏਨਾ ਤਾਕਤਵਰ, ਏਨਾ ਜਥੇਬੰਦ, ਏਨਾ ਸੁਚੇਤ ਤੇ ਏਨਾ ਜੁਰਅਤ ਵਾਲਾ ਨਹੀਂ ਸੀ ਕਿ ਉਹ ਉਮੀਦਵਾਰਾਂ ਦਾ ਫੈਸਲਾ ਖੁਦ ਕਰਦਾ। ਕਿਸੇ ਵੀ ਸੰਸਥਾ ਦਾ ਇਸ ਸਬੰਧ ਵਿਚ ਨਾਂ ਕੀ ਲੈਣਾ ਹੈ, ਸਭ ਸੰਸਥਾਵਾਂ ਸਿਆਸਤਦਾਨਾਂ ਦੀ ਮਰਜ਼ੀ ਉਤੇ ਹੀ ਫੁੱਲ ਚੜ੍ਹਾਉਂਦੀਆਂ ਹਨ। ਇਨ੍ਹਾਂ ਸੰਸਥਾਵਾਂ ਦੇ ਤਮਾਮ ਰਹਿਬਰਾਂ ਦੀਆਂ ਅੰਗਲੀਆਂ ਸੰਗਲੀਆਂ ਹਾਕਮਾਂ ਨਾਲ ਮਿਲਦੀਆਂ ਹਨ ਜਾਂ ਇਉਂ ਕਹਿ ਲਵੋ ਕਿ ਸਿਆਸਤਦਾਨਾਂ ਨੇ ਇਨ੍ਹਾਂ ਰਹਿਬਰਾਂ ਦੀਆਂ ਜ਼ਮੀਰਾਂ ਦੇ ਮਹੱਤਵਪੂਰਨ ਤੇ ਕੀਮਤੀ ਹਿੱਸਿਆਂ ਨੂੰ ਗੁਲਾਮ ਬਣਾ ਲਿਆ ਹੈ ਜਦਕਿ ਗ਼ੈਰ ਜ਼ਰੂਰੀ ਤੇ ਅਣਅੱਵਸ਼ਕ ਹਿੱਸਿਆਂ ਨੂੰ ਆਜ਼ਾਦ ਵਿਚਰਣ ਦੀ ਖੁਲ੍ਹ ਦੇ ਦਿਤੀ ਹੈ। ਖ਼ਾਲਸਾ ਪੰਥ ਦੇ ਕੁਝ ਚਿੰਤਕ ਇਸ ਸਵਾਲ ਉਤੇ ਵੀ ਵਿਚਾਰ ਕਰਦੇ ਹਨ ਕਿ ਕੀ ਸਿੱਖ ਪੰਥ ਕਿਸੇ ਨਾਇਕ ਦੀ ਤਲਾਸ਼ ਵਿਚ ਭਟਕ ਰਿਹਾ ਹੈ ਜੋ ਭਵਜਲ ਵਿਚ ਡਿਕੋ-ਡੋਲੀ ਖਾਂਦੀ ਕੌਮ ਦੀ ਬੇੜੀ ਨੂੰ ਕਿਨਾਰੇ 'ਤੇ ਲਾਏਗਾ? ਕੁਝ ਚਿੰਤਕ ਇਸ ਵਿਚਾਰ ਨੂੰ ਗ਼ੈਰ ਸਿਧਾਂਤਕ ਕਹਿ ਕੇ ਰੱਦ ਕਰ ਦਿੰਦੇ ਹਨ ਪਰ ਅਜਿਹੇ ਚਿੰਤਕਾਂ ਦੀ ਵੀ ਕਮੀ ਨਹੀਂ ਜੋ ਇਸ ਵਿਚਾਰ ਦੀ ਹਮਾਇਤ ਕਰਦੇ ਹੋਏ ਤਰਕ ਦਿੰਦੇ ਹਨ ਕਿ ਸਿੱਖ ਇਤਿਹਾਸ ਵਿਚ ਕਈ ਵਾਰ ਇਹੋ ਜਹੇ ਨਾਇਕ ਪੈਦਾ ਹੋਏ ਹਨ ਜੋ ਸਮੁੱਚੀ ਕੌਮ ਦੀ ਪੀੜ ਨੂੰ ਆਪਣੇ ਅੰਦਰ ਜਜ਼ਬ ਕਰ ਕੇ ਕੌਮ ਦੇ ਦਿਲਾਂ ਵਿਚ ਛਾ ਜਾਂਦੇ ਰਹੇ ਹਨ। ਇਸ ਸਬੰਧ ਵਿਚ ਬੰਦਾ ਸਿੰਘ ਬਹਾਦਰ ਤੇ ਸੰਤ ਜਰਨੈਲ ਸਿੰਘ ਦਾ ਨਾਂ ਲਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ-ਆਪਣੇ ਵਿਲੱਖਣ ਤੇ ਨਿਰਾਲੇ ਅੰਦਾਜ਼ ਵਿਚ ਖ਼ਾਲਸਾ ਪੰਥ ਨੂੰ ਇਕ ਦੌਰ ਵਿਚ ਵਿਚਾਰਾਂ ਤੇ ਜਜ਼ਬਿਆਂ ਦੇ ਉੱਚੇ ਸੁਮੇਲ ਵਿਚ ਰੰਗ ਦਿਤਾ। ਇਹ ਚਿੰਤਕ ਆਪਣੀ ਗੱਲ ਮਨਵਾਉਣ ਲਈ ਇਹ ਦਲੀਲ ਵੀ ਦਿੰਦੇ ਹਨ ਕਿ ਸੰਤ ਜਰਨੈਲ ਸਿੰਘ ਸੰਸਾਰ ਦੀਆਂ ਉਨ੍ਹਾਂ ਚੰਦ ਇਕ ਧਾਰਮਿਕ ਹਸਤੀਆਂ ਵਿਚੋਂ ਇਕ ਸਨ ਜੋ ਆਪਣਾ ਘਰ ਫੂਕ ਕੇ ਤਮਾਸ਼ਾ ਦੇਖਦੇ ਹਨ। ਇਸ ਸਮੇਂ ਇਹੋ ਜਿਹੇ ਦਰਵੇਸ਼-ਜਰਨੈਲ ਸਾਨੂੰ ਨਹੀਂ ਮਿਲ ਰਹੇ। ਇਸ ਲਈ ਤਿੱਤਰਾਂ ਨੂੰ ਇਕ ਵਾਰ ਮੁੜ ਉਡਾਰੀਆਂ ਮਾਰਨ ਦਾ ਮੌਕਾ ਮਿਲ ਗਿਆ ਹੈ। ਦੂਜੇ ਲਫ਼ਜ਼ਾਂ ਵਿਚ ਚੱਲੇ ਹੋਏ ਕਾਰਤੂਸ ਸਿੱਖਾਂ ਦੇ 'ਸਰੀਰਾਂ' ਉਤੇ ਤਾਂ ਰਾਜ ਕਰਦੇ ਹਨ ਪਰ 'ਦਿਲਾਂ' ਉਤੇ ਨਹੀਂ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਆਪਣੇ ਆਪ ਨੂੰ ਨਿਰਪੱਖ ਕਹਿਣ ਵਾਲੇ ਸੂਤਰ ਵੀ ਇਹ ਦਲੀਲ ਦਿੰਦੇ ਹਨ ਕਿ ਜੇਕਰ ਬਾਦਲ ਦਲ ਦੇ ਉਮੀਦਵਾਰ ਸਿੱਖੀ ਸਿਧਾਂਤਾਂ ਤੋਂ ਸੱਖਣੇ ਸਨ ਤਾਂ ਹੋਰਨਾਂ ਦੀ ਹਾਲਤ ਵੀ ਤਰਸਯੋਗ ਹੀ ਕਹੀ ਜਾ ਸਕਦੀ ਹੈ। ਇਨ੍ਹਾਂ ਸੱਜਣਾਂ ਦਾ ਕਹਿਣਾ ਹੈ ਕਿ 'ਸੱਚ ਤਾਂ ਇਹ ਹੈ ਕਿ ਰੂਹ ਦੇ ਜ਼ੋਰ ਨਾਲ ਜਿਉਣ ਵਾਲੇ ਜੇਤੂ ਉਮੀਦਵਾਰਾਂ ਦੀ ਗਿਣਤੀ ਉਂਗਲਾਂ 'ਤੇ ਹੀ ਗਿਣੀ ਜਾ ਸਕਦੀ ਹੈ'। ਬਾਦਲ ਦਲ ਦੀ ਵਿਰੋਧੀ ਧਿਰ ਵਿਚ ਚੰਗੇ ਕਹੇ ਜਾਂਦੇ ਉਮੀਦਵਾਰ ਵੀ ਰੂਹ ਦੇ ਪੱਖੋਂ ਸਿਆਸਤਦਾਨ ਕਿਤੇ ਵੱਧ ਤੇ ਧਾਰਮਿਕ ਕਿਤੇ ਘੱਟ ਸਨ। ਇਸ ਲਈ ਹਾਰਨ ਵਾਲੀ ਧਿਰ ਇਕ ਤਰ੍ਹਾਂ ਨਾਲ ਹਾਰ ਦੀ ਹੱਕਦਾਰ ਬਣ ਗਈ ਸੀ। ਇਨ੍ਹਾਂ ਨਿਰਪੱਖ ਸੱਜਣਾਂ ਦਾ ਤਾਂ ਇਥੋਂ ਤੱਕ ਵੀ ਕਹਿਣਾ ਹੈ ਕਿ ਜੇ ਕਿਤੇ ਹਾਰਨ ਵਾਲੀ ਧਿਰ ਸੱਤਾ ਵਿਚ ਹੁੰਦੀ ਤਾਂ ਉਸ ਨੇ ਵੀ ਜਿੱਤਣ ਲਈ ਉਹੋ ਜਿਹੇ ਸਾਧਨਾਂ ਦੀ ਵਰਤੋਂ ਕਰਨੀ ਸੀ ਜੋ ਅੱਜ ਸੱਤਾ ਧਿਰ ਨੇ ਇਸਤੇਮਾਲ ਕੀਤੇ ਹਨ। ਇਸ ਸਬੰਧ ਵਿਚ ਇਨ੍ਹਾਂ ਸੂਤਰਾਂ ਨਾਲ ਸਬੰਧਤ ਇਕ ਬੁੱਧੀਜੀਵੀ ਨੇ ਰਾਜਨੀਤਕ ਫਿਲਾਸਫ਼ਰ ਤੇ ਨੀਤੀਵਾਨ ਐਡਮੰਡ ਬਰਕ (1729-97) ਦਾ ਮੋਢਾ ਵਰਤਦਿਆਂ ਇਹ ਟਿੱਪਣੀ ਕੀਤੀ ਕਿ 'ਜਿੰਨੀ ਕਿਸੇ ਕੋਲ ਤਾਕਤ ਹੁੰਦੀ ਹੈ, ਓਨੀ ਬੇਰਹਿਮੀ ਨਾਲ ਹੀ ਉਹ ਇਸ ਦੀ ਵਰਤੋਂ ਵੀ ਕਰਦਾ ਹੈ।' ਇਸ ਟਿੱਪਣੀ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਹੋਇਆਂ ਇਕ ਹੋਰ ਬੁੱਧੀਜੀਵੀ ਨੇ ਮੋੜਵਾਂ ਜਵਾਬ ਦਿਤਾ ਕਿ 'ਜੇਕਰ ਸੱਤਾ ਅਤੇ ਜ਼ਿੰਮੇਵਾਰੀ ਨਿਭਾਉਣ ਦਾ ਆਪਸ ਵਿਚ ਸੰਤੁਲਨ ਨਹੀਂ ਹੈ ਤਾਂ ਇਹ ਸੱਤਾ ਜ਼ੁਲਮ ਦਾ ਪ੍ਰਤੀਕ ਬਣ ਜਾਵੇਗੀ।' ਬਾਦਲ ਦਲ ਨੇ ਸੱਤਾ ਦੀ ਵਰਤੋਂ ਕਰਨ ਲੱਗਿਆਂ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਵੈਰ ਕਮਾਇਆ ਹੈ। ਸਿੱਖ ਸਰੋਕਾਰਾਂ ਪ੍ਰਤੀ ਸਿਰ ਤੋਂ ਪੈਰਾਂ ਤੱਕ ਫ਼ਿਕਰਮੰਦ ਹੋ ਰਹੀ ਧਿਰ ਨਾਲ ਜੁੜੇ ਸੂਤਰ ਨਤੀਜਿਆਂ ਬਾਰੇ ਆ ਰਹੀਆਂ ਟਿੱਪਣੀਆਂ ਤੋਂ ਉਕਾ ਹੀ ਸੰਤੁਸ਼ਟ ਨਹੀਂ ਹਨ। ਇਨ੍ਹਾਂ ਸੂਤਰਾਂ ਦਾ ਕਹਿਣਾ ਹੈ ਕਿ ਜੇ ਇਕ ਧਿਰ ਜਿੱਤ ਦੇ ਨਸ਼ੇ ਵਿਚ ਜੋ ਮੂੰਹ ਆਇਆ ਬੋਲੀ ਜਾਂਦੀ ਹੈ ਤਾਂ ਦੂਜੀ ਧਿਰ ਆਪਣੀ ਹਾਰ ਦੇ ਅਸਲ ਕਾਰਨ ਲੱਭਣ ਦੀ ਥਾਂ ਜੇਤੂ ਧਿਰ ਨੂੰ ਪਤਿਤਾਂ ਦੀਆਂ ਵੋਟਾਂ ਪੁਆਉਣ ਅਤੇ ਹਿੰਸਾ ਫੈਲਾਉਣ ਦੇ ਦੋਸ਼ ਲਾਉਣ ਵਿਚੋਂ ਹੀ ਸੰਤੁਸ਼ਟੀ ਹਾਸਲ ਕਰ ਰਹੀ ਹੈ। ਦੂਜੇ ਪਾਸੇ ਜੇਤੂ ਧਿਰ ਨੂੰ ਇਹ ਪਤਾ ਹੀ ਨਹੀਂ ਕਿ ਜਦੋਂ ਜੇਤੂ ਧਿਰ ਨੂੰ ਬੇਮਿਸਾਲ ਜਿੱਤ ਹਾਸਲ ਹੁੰਦੀ ਹੈ ਤਾਂ ਬਹੁਤੀ ਵਾਰ ਇਹੋ ਜਿਹੀ 'ਜੰਗਲੀ ਬਹੁਗਿਣਤੀ' ਖ਼ਤਰਨਾਕ ਹੋ ਕੇ ਆਪਸ ਵਿਚ ਹੀ ਭਿੜ ਜਾਂਦੀ ਹੈ। ਜੇ ਕਿਸੇ ਅਸੈਂਬਲੀ ਵਿਚ ਵਿਰੋਧੀ ਧਿਰ ਨਾ ਮਾਤਰ ਹੋਵੇ ਜਾਂ ਮਜ਼ਬੂਤ ਨਾ ਹੋਵੇ ਤਾਂ ਹਾਕਮ ਧਿਰ ਨੂੰ ਕਦੇ ਵੀ ਬਹੁਗਿਣਤੀ ਦੇ ਨਸ਼ੇ ਦਾ ਦੌਰਾ ਪੈ ਸਕਦਾ ਹੈ। ਇਥੇ ਇਊਜਿਨੀ ਵਿਕਟਰ ਡੈਬਜ਼ (1855-1926) ਦਾ ਤਜਰਬਾ ਸਾਡੇ ਲਈ ਮਹੱਤਵਪੂਰਨ ਸਬਕ ਬਣ ਸਕਦਾ ਹੈ। ਇਹ ਵਿਅਕਤੀ ਅਮਰੀਕਾ ਦੀ ਰੇਲਵੇ ਯੂਨੀਅਨ ਦਾ ਮਹਾਨ ਆਗੂ ਸੀ ਤੇ ਅਕਸਰ ਹੀ ਰਾਸ਼ਟਰਪਤੀ ਦੀ ਚੋਣ ਵਿਚ ਵੀ ਖਲੋਂਦਾ ਸੀ ਤੇ ਹਾਰਦਾ ਸੀ। ਇਕ ਸਮੇਂ ਉਸ ਉਤੇ ਸਰਕਾਰ ਵਲੋਂ ਦੇਸ਼ ਧ੍ਰੋਹੀ ਦਾ ਮੁਕੱਦਮਾ ਵੀ ਚਲਾਇਆ ਗਿਆ। ਇਸ ਮੁਕੱਦਮੇ ਦੌਰਾਨ ਉਸ ਦੀ ਇਹ ਇਤਿਹਾਸਕ ਟਿੱਪਣੀ ਯਾਦ ਰੱਖਣ ਵਾਲੀ ਹੈ ਕਿ 'ਜਦੋਂ ਇਤਿਹਾਸ ਵਿਚ ਵੱਡੀਆਂ ਤਬਦੀਲੀਆਂ ਆਉਂਦੀਆਂ ਹਨ ਅਤੇ ਜਦੋਂ ਮਹਾਨ ਸਿਧਾਂਤਾਂ ਦੀਆਂ ਗੱਲਾਂ ਛਿੜਦੀਆਂ ਹਨ ਤਾਂ ਉਸ ਸਮੇਂ ਬਹੁਗਿਣਤੀ ਅਕਸਰ ਹੀ ਗਲਤ ਹੁੰਦੀ ਹੈ ਤੇ ਘੱਟ ਗਿਣਤੀ ਠੀਕ'। ਕੀ ਅਸਾਂ ਹਾਲ ਵਿਚ ਹੀ ਇਹ ਨਹੀਂ ਦੇਖਿਆ ਕਿ ਭ੍ਰਿਸ਼ਟਾਚਾਰ ਵਿਰੁੱਧ ਅੰਨਾ ਹਜ਼ਾਰੇ ਦੀ ਲਹਿਰ ਵਿਚ ਬਹੁਗਿਣਤੀ ਦਾ ਅਨੰਦ ਮਾਣ ਰਹੀ ਪਾਰਲੀਮੈਂਟ ਗ਼ਲਤ ਸਾਬਤ ਹੋਈ ਤੇ ਉਸ ਨੂੰ ਘੱਟ ਗਿਣਤੀ ਦੇ ਹੁਕਮਾਂ ਅੱਗੇ ਗੋਡੇ ਟੇਕਣੇ ਪਏ। ਨਾਰਵੇ ਦਾ ਮਹਾਨ ਨਾਟਕਕਾਰ ਇਬਸਨ (1828-1906) ਦੇ ਨਾਟਕ ਦਾ ਇਕ ਪਾਤਰ ਸਾਹਿਤਕ ਅੰਦਾਜ਼ ਵਿਚ ਰਾਜਨੀਤੀ ਦੀ ਗੱਲ ਕਰਦਾ ਹੋਇਆ ਬਹੁਗਿਣਤੀ ਦੇ ਸੰਕਲਪ ਦਾ ਇੰਝ ਮਜ਼ਾਕ ਉਡਾਉਂਦਾ ਹੈ 'ਸੱਚਾਈ ਤੇ ਆਜ਼ਾਦੀ ਦਾ ਜੇ ਕੋਈ ਸਭ ਤੋਂ ਭੈੜਾਂ ਦੁਸ਼ਮਣ ਹੈ ਤਾਂ ਉਹ ਹੈ ਸੰਗਠਿਤ ਬਹੁਗਿਣਤੀ। ਹਾਂ ਇਹੋ ਬਹੁਗਿਣਤੀ ਜਿਹੜੀ ਫਿਟਕਾਰੇ ਜਾਣ ਦੇ ਕਾਬਲ ਹੈ।' ਕੀ ਸਾਡੀ ਇਸ ਮਿੰਨੀ ਪਾਰਲੀਮੈਂਟ ਦਾ ਵੀ ਇਕ ਦਿਨ ਇਹੋ ਜਿਹਾ ਹਸ਼ਰ ਨਹੀਂ ਹੋਵੇਗਾ, ਜਦੋਂ ਆਪ ਮੁਹਾਰੇ ਉਠਿਆ ਜਾਂ ਕਾਨੂੰਨੀ ਰੂਪ ਵਿਚ ਬਿਨਾ ਕਿਸੇ ਪਾਸਿਓਂ ਚੁਣਿਆ ਖ਼ਾਲਸਾ ਮਿੰਨੀ ਪਾਰਲੀਮੈਂਟ ਨੂੰ ਬੇਤੁਕਾ ਤੇ ਬੇਲੋੜਾ ਕਰਾਰ ਦੇ ਕੇ ਆਪ ਹੀ 'ਪਾਰਲੀਮੈਂਟ' ਬਣ ਜਾਵੇ। ਇਹੋ ਜਿਹੇ ਘਟਨਾ-ਪ੍ਰਵਾਹ ਦੀ ਉਮੀਦ ਨੇ ਅਜੇ ਦਮ ਨਹੀਂ ਤੋੜਿਆ। ਕੁਝ ਵਿਦਵਾਨ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਵਰਤੀ ਜਾਣ ਵਾਲੀ ਪ੍ਰਣਾਲੀ ਨਾਲ ਵੀ ਸਹਿਮਤ ਨਹੀਂ। ਉਹ ਇਸ ਤਰ੍ਹਾਂ ਦੀ ਚੋਣ ਪ੍ਰਣਾਲੀ ਲਾਗੂ ਕਰਨਾ ਚਾਹੁੰਦੇ ਹਨ ਜੋ ਸਿੱਖੀ ਅਸੂਲਾਂ ਮੁਤਾਬਕ ਵੀ ਹੋਵੇ ਤੇ ਜਿਸ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਵੀ ਹਾਸਲ ਹੋਵੇ। ਪਰ 'ਸਿਲੈਕਸ਼ਨ' ਦੀ ਇਹ ਵਿਧੀ ਜਿਹੜੀ ਧਾਰਮਿਕ ਸੰਪਰਦਾਵਾਂ ਵਿਚ ਅੱਜ ਵੀ ਵਰਤੀ ਜਾਂਦੀ ਹੈ, ਉਸ ਨੂੰ ਕਾਨੂੰਨੀ ਰੂਪ ਦੇਣ ਵਿਚ ਜੋ ਮੁਸ਼ਕਲਾਂ ਆਉਣਗੀਆਂ, ਸਿੱਖ ਪੰਥ ਨੇ ਗੰਭੀਰ ਹੋ ਕੇ ਇਸ ਅਹਿਮ ਮੁੱਦੇ ਉਤੇ ਅਜੇ ਵਿਚਾਰ ਕਰਨਾ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਜਿਵੇਂ ਹਨੇਰਗਰਦੀ ਤੇ ਗੁੰਡਾਗਰਦੀ ਦੀਆਂ ਅਫਸੋਸਨਾਕ ਘਟਨਾਵਾਂ ਦੇਖਣ ਵਿਚ ਆਈਆਂ ਹਨ ਉਸ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਚੋਣਾਂ ਵਿਚ ਧਾਰਮਿਕ ਮਾਹੌਲ ਦਾ ਰੰਗ ਦੇਖਣ ਵਿਚ ਨਹੀਂ ਆਇਆ ਸਗੋਂ ਇਕ ਤਰ੍ਹਾਂ ਨਾਲ ਰਾਜਨੀਤਕ ਮੈਦਾਨ ਹੀ ਭਖਦਾ ਵੇਖਿਆ ਗਿਆ। ਇਹ ਗੱਲ ਸਬੰਧਤ ਧਿਰਾਂ ਦੇ ਬਿਆਨਾਂ ਅਤੇ ਉਨ੍ਹਾਂ ਵਲੋਂ ਅਖ਼ਬਾਰਾਂ ਵਿਚ ਦਿਤੇ ਗਏ ਇਸ਼ਤਿਹਾਰਾਂ ਦੀ ਸ਼ਬਦਾਵਲੀ ਤੋਂ ਵੀ ਸਪਸ਼ਟ ਹੁੰਦੀ ਹੈ। ਇਸ ਵਰਤਾਰੇ ਤੋਂ ਦੁਖੀ ਹੋ ਕੇ ਅਨੰਦਪੁਰ ਸਥਿਤ ਇਕ ਸੰਸਥਾ ਨੇ 'ਦਰਬਾਰ-ਏ-ਖ਼ਾਲਸਾ' ਨਾਂ ਦੀ ਇਕ ਨਵੀਂ ਪਾਰਲੀਮੈਂਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਪਾਰਲੀਮੈਂਟ ਦਾ ਮੁੱਖ ਦਫ਼ਤਰ ਅਨੰਦਪੁਰ ਸਾਹਿਬ ਵਿਚ ਹੋਵੇਗਾ। ਇਕ ਵੱਡਾ ਅਸੰਬਲੀ ਹਾਲ ਹੋਂਦ ਵਿਚ ਆਏਗਾ, ਜਿਸ ਵਿਚ ਵੱਖ ਵੱਖ ਖੇਤਰਾਂ ਤੋਂ ਆਏ 200 ਤੋਂ ਉਪਰ ਨੁਮਾਇੰਦੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਮੌਕੇ, ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੇ ਮੌਕੇ 'ਤੇ ਅੱਠ-ਅੱਠ ਦਿਨਾਂ ਦੇ ਬਕਾਇਦਾ ਸੈਸ਼ਨ ਵਿਚ ਸ਼ਾਮਲ ਹੋਣਗੇ। ਇਨ੍ਹਾਂ ਸੈਸ਼ਨਾਂ ਵਿਚ ਚੁਣੇ ਨੁਮਾਇੰਦੇ ਪੰਥਕ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕਰਨਗੇ। ਦਰਬਾਰ-ਏ-ਖ਼ਾਲਸਾ ਦੇ ਮੈਂਬਰਾਂ ਦੀ ਰਿਹਾਇਸ਼ ਤੇ ਲੰਗਰ ਦਾ ਪ੍ਰਬੰਧ ਆਧੁਨਿਕ ਹੋਏਗਾ। ਇਸ ਪਾਰਲੀਮੈਂਟ ਦੇ ਫੈਸਲੇ ਕਿਵੇਂ ਲਾਗੂ ਹੋਣਗੇ, ਇਸ ਦੀ ਚੋਣ ਪ੍ਰਣਾਲੀ ਕਿਹੋ ਜਿਹੀ ਹੋਏਗੀ ਅਤੇ ਇਸ ਦਾ ਸ਼੍ਰੋਮਣੀ ਕਮੇਟੀ ਨਾਲ ਕੀ ਰਿਸ਼ਤਾ ਹੋਵੇਗਾ, ਇਸ ਬਾਰੇ ਇਕ ਵੱਡਾ ਖਰੜਾ ਵਿਦਵਾਨਾਂ ਵਿਚ ਫੇਰਿਆ ਜਾ ਰਿਹਾ ਹੈ। ਇਸ ਦਰਬਾਰ-ਏ-ਖ਼ਾਲਸਾ ਦੀ ਸਥਾਪਨਾ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਜ਼ਿੰਮੇਵਾਰੀ ਭਾਈ ਹਰਸਿਮਰਨ ਸਿੰਘ ਨੇ ਲਈ ਹੈ ਜਿਨ੍ਹਾਂ ਦੀ ਅਕਾਲ ਤਖ਼ਤ ਸਾਹਿਬ ਬਾਰੇ ਲਿਖੀ ਵਡਅਕਾਰੀ ਪੁਸਤਕ ਵਿਦਵਾਨ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੇ ਇਹੋ ਜਿਹੀ ਕੋਈ ਪਾਰਲੀਮੈਂਟ ਹੋਂਦ ਵਿਚ ਆ ਗਈ ਅਤੇ ਉਸ ਦੀ ਕਾਰਗੁਜ਼ਾਰੀ ਨੇ ਸਿੱਖ ਮਨਾਂ ਵਿਚ ਸੱਚ ਮੁੱਚ ਹੀ ਆਪਣੀ ਥਾਂ ਬਣਾ ਲਈ ਤਾਂ ਉਸ ਹਾਲਤ ਵਿਚ ਸ਼੍ਰੋਮਣੀ ਕਮੇਟੀ ਦਾ ਵਜੂਦ ਤਾਂ ਰਹੇਗਾ ਪਰ ਇਸ ਸੰਸਥਾ ਦੇ ਮੈਂਬਰ ਬਣਨ ਦੀ ਖਿੱਚ, ਚਾਅ, ਉਤਸ਼ਾਹ ਤੇ ਦੌੜ ਉਤੇ ਪਤਝੜ ਦੀਆਂ ਸ਼ਾਮਾਂ ਦਾ ਪਹਿਰਾ ਹੋਵੇਗਾ ਅਤੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਖ਼ਾਲਸਾ ਪੰਥ ਵਿਚ ਧਾਰਮਿਕ ਚੇਤਨਤਾ ਦਾ ਇਕ ਅਜਿਹਾ ਤੂਫ਼ਾਨ ਝੁਲ ਪਵੇ ਕਿ ਉਹ ਗੁਰਸਿੱਖ ਹੀ ਇਸ ਸੰਸਥਾ ਦੇ ਮੈਂਬਰ ਬਣ ਸਕਣਗੇ ਜਿਨ੍ਹਾਂ ਨੇ ਆਪਣੇ ਘਰ ਘਾਟ ਛੱਡੇ ਹੋਣਗੇ। ਇਹੋ ਜਿਹੇ ਗੁਰਸਿੱਖ ਹੀ ਧਰਮ ਤੇ ਸਿਆਸਤ ਨੂੰ ਸਹੀ ਦਿਸ਼ਾ ਦੇਣ ਦਾ ਹੱਕ ਰੱਖਦੇ ਹੋਣਗੇ। ਉਸ ਸੁਭਾਗੇ ਦੌਰ ਦਾ ਵੀ ਸਾਨੂੰ ਇੰਤਜ਼ਾਰ ਰਹੇਗਾ।
- ਕਰਮਜੀਤ ਸਿੰਘ ਚੰਡੀਗੜ੍ਹ
99150-91063