ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਿਵੇਂ ਹੁੰਦੀ ਹੈ ਲੋਹ ਕਣਾਂ ਦੀ ਕਮੀ


ਲੋਹ ਕਣਾਂ ਦੀ ਕਮੀ ਸਰਵਵਿਆਪੀ ਹੈ। ਇਸਨੇ ਵਿਕਸਿਤ ਅਤੇ ਵਿਕਾਸਸ਼ੀਲ, ਦੋਹਾਂ ਤਰ੍ਹਾਂ ਦੇ ਦੇਸਾਂ ਵਿਚ ਆਪਣਾ ਜਾਲ ਫੈਲਾਇਆ ਹੋਇਆ ਹੈ। ਗ਼ਰੀਬ ਲੋਕ ਭੁੱਖਮਰੀ ਕਾਰਨ ਇਸ ਦਾ ਸ਼ਿਕਾਰ ਹੋ ਰਹੇ ਹਨ ਅਤੇ ਅਮੀਰ ਫਾਸਟ ਫੂਡਜ਼ ਦੇ ਚੱਕਰ ਵਿਚ ਸੰਤੁਲਿਤ ਭੋਜਨ ਤਿਆਗ ਰਹੇ ਹਨ ਜਿਸ ਕਾਰਨ ਉਹ ਵੀ ਇਸਦੀ ਚਪੇਟ ਵਿਚ ਆ ਚੁੱਕੇ ਹਨ। ਅਮਰੀਕਾ ਦੀ ਖੋਜ ਤਾਂ ਦਸਦੀ ਹੈ ਕਿ ਪੂਰੀ ਮਨੁੱਖ ਜਾਤੀ ਦਾ 30 ਪ੍ਰਤੀਸ਼ਤ ਹਿੱਸਾ ਲਹੂ ਦੀ ਕਮੀ ਨਾਲ ਪੀੜਤ ਹੈ। ਭਾਰਤ ਵਿਚ ਵੀ ਨੈਸ਼ਨਲ ਫੈਮਿਲੀ ਹੈਲਥ ਵੱਲੋਂ ਹੋਏ ਸਰਵੇਖਣ ਅਨੁਸਾਰ ਭਾਰਤ ਦੀ ਪੇÎੰਡੂ ਵਸੋਂ ਵਿੱਚੋਂ 84 ਪ੍ਰਤੀਸ਼ਤ ਲੋਕ ਲਹੂ ਦੀ ਕਮੀ ਨਾਲ ਜੀਅ ਰਹੇ ਹਨ ਜਦਕਿ 71 ਪ੍ਰਤੀਸ਼ਤ ਸ਼ਹਿਰੀ ਵਸੋਂ ਇਸਦੀ ਸ਼ਿਕਾਰ ਹੈ।
ਤਿੰਨ ਸਾਲ ਤੋਂ ਛੋਟੇ ਤਾਂ ਲਗਪਗ 75 ਪ੍ਰਤੀਸ਼ਤ ਬੱਚੇ ਲਹੂ ਦੀ ਕਮੀ ਦੇ ਨਾਲ ਘੁੰਮਦੇ ਫਿਰਦੇ ਪਏ ਹਨ ਅਤੇ ਉਸ ਤੋਂ ਉਤਪੰਨ ਹੋ ਰਹੇ ਮਾੜੇ ਅਸਰਾਂ ਨਾਲ ਪੀੜਤ ਹਨ। ਪਹਿਲੇ ਛੇ ਮਹੀਨੇ ਦੀ ਉਮਰ ਤਕ ਤਾਂ ਬੱਚੇ ਦੇ ਸਰੀਰ ਅੰਦਰ ਮਾਂ ਦੇ ਸਰੀਰ ਵੱਲੋਂ ਜਮਾਂ ਹੋਇਆ ਲੋਹ ਕਣਾਂ ਦਾ ਭੰਡਾਰ ਹੀ ਬਥੇਰਾ ਹੁੰਦਾ ਹੈ। ਉਸ ਤੋਂ ਬਾਅਦ ਜਿਹੜੀ ਉੱਪਰਲੀ ਚੀਜ਼ ਖਾਣ ਨੂੰ ਦਿੱਤੀ ਜਾਂਦੀ ਹੈ, ਉਸੇ ਨਾਲ ਹੀ ਬੱਚੇ ਦੇ ਸਰੀਰ ਅੰਦਰਲੇ ਖਾਲੀ ਹੋ ਚੁੱਕੇ ਭੰਡਾਰ ਦੁਬਾਰਾ ਭਰਨੇ ਹੁੰਦੇ ਹਨ। ਜੇ ਬੱਚੇ ਨੂੰ ਗਾਂ ਦਾ ਦੁੱਧ ਦਿੱਤਾ ਜਾਵੇ ਤਾਂ ਉਸ ਨਾਲ ਲਹੂ ਦੀ ਕਮੀ ਹੋਣ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ ਕਿਉਂਕਿ ਗਾਂ ਦੇ ਦੁੱਧ ਵਿਚ ਲੋਹ ਕਣ ਨਾ ਬਰਾਬਰ ਹੁੰਦੇ ਹਨ ਅਤੇ ਕਈ ਬੱਚਿਆਂ ਨੂੰ ਗਾਂ ਦੇ ਦੁੱਧ ਤੋਂ ਐਲਰਜੀ ਹੋਣ ਕਾਰਨ ਅੰਤੜੀਆਂ ਵਿੱਚੋਂ ਥੋੜ੍ਹਾ ਥੋੜ੍ਹਾ ਲਹੂ ਵਗਣਾ ਸ਼ੁਰੂ ਹੋ ਜਾਂਦਾ ਹੈ। ਬੱਕਰੀ ਦੇ ਦੁੱਧ ਵਿਚ ਵੀ ਲੋਹ ਕਣ ਬਹੁਤ ਜ਼ਿਆਦਾ ਘਟ ਹੁੰਦੇ ਹਨ। ਇਸੇ ਲਈ ਨਿਰੇ ਦੁੱਧ ਉੱਤੇ ਪਲ ਰਹੇ ਬੱਚੇ ਬਹੁਤ ਜ਼ਿਆਦਾ ਅਤੇ ਛੇਤੀ ਲਹੂ ਦੀ ਕਮੀ ਦੇ ਸ਼ਿਕਾਰ ਹੋ ਜਾਂਦੇ ਹਨ। ਜੇ ਆਇਰਨ ਜਾਂ ਲੋਹ ਕਣ ਪੂਰੇ ਕਰਨੇ ਹੋਣ ਤਾਂ ਖ਼ੁਰਾਕ ਵਿਚ ਮੀਟ, ਜਿਗਰ, ਅੰਡਾ, ਮੱਛੀ, ਫਲੀਆਂ, ਪੱਤੇਦਾਰ ਸਬਜ਼ੀਆਂ, ਆਲੂ, ਕੇਲੇ, ਸੁੱਕੇ ਮੇਵੇ ਆਦਿ ਜ਼ਰੂਰ ਹੋਣੇ ਚਾਹੀਦੇ ਹਨ।
ਨਿਰੀ ਸ਼ਾਕਾਹਾਰੀ ਖ਼ੁਰਾਕ ਵਿੱਚੋਂ ਸਾਡਾ ਸਰੀਰ ਲੋਹ ਕਣ ਪੂਰੀ ਤਰ੍ਹਾਂ ਹਜ਼ਮ ਨਹੀਂ ਕਰ ਸਕਦਾ। ਇਸੇ ਲਈ ਸ਼ਾਕਾਹਾਰੀ ਬੰਦੇ ਜੇ ਦਵਾਈ ਰਾਹੀਂ ਆਇਰਨ ਨਾ ਲੈਂਦੇ ਰਹਿਣ ਤਾਂ ਲਹੂ ਦੀ ਕਮੀ ਹੋ ਜਾਂਦੀ ਹੈ। ਸ਼ਾਕਾਹਾਰੀ ਖਾਣੇ ਨਾਲ ਵਿਟਾਮਿਨ 'ਸੀ' ਜੋ ਜੂਸ ਵਗੈਰਾ ਵਿਚ ਹੁੰਦਾ ਹੈ, ਲੈ ਲੈਣਾ ਚਾਹੀਦਾ ਹੈ। ਇਹ ਖਾਣੇ ਵਿਚਲੇ ਲੋਹ ਕਣ ਹਜ਼ਮ ਕਰਨ ਵਿਚ ਮਦਦ ਕਰਦਾ ਹੈ।
ਕੁਦਰਤ ਨੇ ਸਰੀਰ ਅੰਦਰ ਕਮਾਲ ਦੀ ਕਾਰੀਗਰੀ ਕੀਤੀ ਹੋਈ ਹੈ। ਸਰੀਰ ਅੰਦਰ ਲੋਹ ਕਣ ਘਟਣ ਨਾਲ ਲਹੂ ਵਿਚ ਹੀਮੋਗਲੋਬਿਨ ਦੀ ਕਮੀ ਹੋ ਜਾਂਦੀ ਹੈ। ਹੀਮੋਗਲੋਬਿਨ ਰਾਹੀਂ ਸਾਰੇ ਸਰੀਰ ਦੇ ਵੱਖੋ ਵਖਰੇ ਹਿੱਸਿਆਂ ਨੂੰ ਆਕਸੀਜਨ ਪਹੁੰਚਦੀ ਹੈ। ਆਕਸੀਜਨ ਘਟਣ ਨਾਲ ਸਰੀਰ ਦਾ ਕੰਮ ਕਾਰ ਢਿੱਲਾ ਪੈ ਜਾਂਦਾ ਹੈ। ਸਰੀਰ ਦੇ ਜ਼ਰੂਰੀ ਅੰਗਾਂ ਦਾ ਕੰਮ ਕਾਰ ਠੀਕ ਠਾਕ ਤੁਰਦਾ ਰਹੇ, ਇਸੇ ਲਈ ਸਾਡਾ ਸਰੀਰ ਆਪੇ ਹੀ ਜਿਸ ਪਾਸੇ ਘੱਟ ਆਕਸੀਜਨ ਦੀ ਲੋੜ ਹੋਵੇ, ਉਧਰੋਂ ਆਕਸੀਜਨ ਘਟਾ ਕੇ ਦੂਜੇ ਜ਼ਿਆਦਾ ਜ਼ਰੂਰੀ ਅੰਗਾਂ ਵਲ ਵਧ ਲਹੂ ਭੇਜ ਦਿੰਦਾ ਹੈ। ਮਸਲਨ, ਪਹਿਲਾਂ ਤਾਂ ਦਿਲ ਆਪਣਾ ਕੰਮ ਕਾਰ ਵਧਾ ਕੇ ਆਕਾਰ ਵਿਚ ਵੱਡਾ ਹੋ ਜਾਂਦਾ ਹੈ ਅਤੇ ਜ਼ਿਆਦਾ ਵਾਰ ਧੜਕ ਕੇ ਘੱਟ ਲਹੂ ਨੂੰ ਵੀ ਸਾਰੇ ਸਰੀਰ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਫੇਰ ਚਮੜੀ ਵਲ ਜਾਂਦਾ ਲਹੂ ਘਟਾ ਕੇ ਦਿਮਾਗ਼ ਜਾਂ ਪੱਠਿਆਂ ਵਲ ਭੇਜ ਦਿੰਦਾ ਹੈ ਤਾਂ ਜੋ ਘਟ ਲਹੂ ਵਿੱਚੋਂ ਵੀ ਆਕਸੀਜਨ ਦੀ ਲੋੜ ਪੂਰੀ ਕੀਤੀ ਜਾ ਸਕੇ ਅਤੇ ਜ਼ਰੂਰੀ ਅੰਗਾਂ ਦੇ ਕੰਮਕਾਰ ਵਿਚ ਵਿਘਨ ਨਾ ਪਵੇ।
ਲਹੂ ਦੀ ਕਮੀ ਦੇ ਲੱਛਣ ਮਾਪਿਆਂ ਨੂੰ ਜ਼ਰੂਰ ਪਤਾ ਹੋਣੇ ਚਾਹੀਦੇ ਹਨ। ਭਾਵੇਂ ਇਹ ਕਮੀ ਸਹੀ ਖ਼ੁਰਾਕ ਦੀ ਚੋਣ ਨਾ ਹੋਣ ਕਰਕੇ ਹੋਈ ਹੋਵੇ, ਭਾਵੇਂ ਬੱਚਿਆਂ ਨੂੰ ਖੰਘ ਜ਼ੁਕਾਮ ਅਤੇ ਟੱਟੀਆਂ ਲਗਦੇ ਰਹਿਣ ਕਰਕੇ ਭੁੱਖ ਮਰ ਜਾਣ ਕਾਰਨ ਅਤੇ ਘਟ ਖਾਣ ਨਾਲ ਹੋਈ ਹੋਵੇ, ਕਿਸੇ ਕਿਸਮ ਦਾ ਅਪਰੇਸ਼ਨ, ਸੱਟ ਫੇਟ ਵਿਚ ਜ਼ਿਆਦਾ ਲਹੂ ਵਹਿ ਜਾਣ ਕਾਰਨ, ਜਿਗਰ, ਗੁਰਦੇ ਦੇ ਰੋਗ ਤੇ ਭਾਵੇਂ ਜਵਾਨੀ ਵੇਲੇ ਤੇਜ਼ੀ ਨਾਲ ਵਧਦੇ ਸਰੀਰ ਅਤੇ ਮਾਹਵਾਰੀ ਦੌਰਾਨ ਹੋਈ ਲੋਹ ਕਣਾਂ ਦੀ ਘਾਟ ਨੂੰ ਪੂਰੀ ਨਾ ਕਰਨ ਕਰਕੇ ਹੋਈ ਹੋਵੇ, ਥਕਾਵਟ ਮਹਿਸੂਸ ਹੋਣੀ ਤਾਂ ਹਰ ਤਰ੍ਹਾਂ ਦੇ ਕਾਰਨ ਵਿਚ ਲਾਜ਼ਮੀ ਹੈ ਹੀ। ਲਹੂ ਦੀ ਕਮੀ ਦਾ ਮਰੀਜ਼ ਭਾਵੇਂ ਬੱਚਾ ਹੋਵੇ ਤੇ ਭਾਵੇਂ ਵੱਡਾ, ਹਮੇਸ਼ਾ ਥੱਕਿਆ ਮਹਿਸੂਸ ਕਰਦਾ ਰਹਿੰਦਾ ਹੈ ਤੇ ਪੱਠਿਆਂ ਵਿਚ ਕਮਜ਼ੋਰੀ ਵੀ ਮਹਿਸੂਸ ਕਰਦਾ ਰਹਿੰਦਾ ਹੈ। ਜਿਵੇਂ ਜਿਵੇਂ ਪੱਠਿਆਂ ਦੀ ਕਮਜ਼ੋਰੀ ਵਧਦੀ ਦਿਸੇ ਚਿੜਚਿੜਾਪਣ, ਭੁੱਖ ਘਟਣੀ, ਯਾਦਾਸ਼ਤ ਘਟਣੀ, ਸਾਹ ਚੜ੍ਹਨ ਲੱਗ ਪੈਣਾ, ਚੱਕਰ ਆਉਣੇ, ਧਿਆਨ ਨਾ ਲਗਾ ਸਕਣਾ, ਸਿਰ ਦਰਦ ਹੋਣਾ, ਕੰਨਾਂ ਵਿਚ ਘੂੰ ਘੂੰ ਦੀਆਂ ਅਵਾਜ਼ਾਂ ਸੁਣਨੀਆਂ ਜਾਂ ਮਰੀਜ਼ ਬੇਹੋਸ਼ ਵੀ ਹੋ ਸਕਦਾ ਹੈ।
ਛੋਟੇ ਬੱਚੇ ਦੀ ਲੋਹ ਕਣਾਂ ਦੀ ਕਮੀ ਜੇ ਵੇਲੇ ਸਿਰ ਪੂਰੀ ਨਾ ਕੀਤੀ ਜਾਏ ਤਾਂ ਉਸਦਾ ਵਧਣਾ ਫੁਲਣਾ ਵੀ ਰੁਕ ਜਾਂਦਾ ਹੈ। ਸਰੀਰ ਅੰਦਰ ਆਇਰਨ ਦੀ ਕਮੀ ਨਾਲ ਕੀਟਾਣੂਆਂ ਨਾਲ ਲੜਨ ਦੀ ਤਾਕਤ ਵੀ ਘਟ ਜਾਂਦੀ ਹੈ ਜਿਸ ਨਾਲ ਬੱਚਾ ਵਾਰ ਵਾਰ ਬੀਮਾਰ ਪੈਂਦਾ ਰਹਿੰਦਾ ਹੈ ਅਤੇ ਕੀਟਾਣੂਆਂ ਦੇ ਤੇਜ਼ ਹਮਲੇ ਕਾਰਨ ਉਸ ਦੀ ਮੌਤ ਵੀ ਹੋ ਸਕਦੀ ਹੈ।
ਜਵਾਨ ਬੱਚੀਆਂ ਵਿਚ ਲੋਹ ਕਣਾਂ ਦੀ ਲੋੜ ਮੁੰਡਿਆਂ ਨਾਲੋਂ ਵਧ ਹੁੰਦੀ ਹੈ ਕਿਉਂਕਿ ਮਾਹਵਾਰੀ ਦੌਰਾਨ ਲਹੂ ਦੀ ਕਮੀ ਤਾਂ ਲਗਾਤਾਰ ਹੁੰਦੀ ਹੀ ਰਹਿੰਦੀ ਹੈ ਪਰ ਜੇ ਢਿੱਡ ਵਿਚ ਬੱਚਾ ਠਹਿਰ ਜਾਏ ਤਾਂ ਭਰੂਣ ਦੇ ਸਰੀਰ ਨੂੰ ਲੋੜੀਂਦੇ ਲੋਹ ਕਣ ਵੀ ਮਾਂ ਦੇ ਸਰੀਰ ਤੋਂ ਹੀ ਜਾਣੇ ਹੁੰਦੇ ਹਨ। ਜੇ ਮਾਂ ਅੰਦਰ ਪਹਿਲਾਂ ਹੀ ਲਹੂ ਦੀ ਕਮੀ ਹੋਵੇ ਤਾਂ ਭਰੂਣ ਵੀ ਸਿਹਤਮੰਦ ਨਹੀਂ ਰਹਿੰਦਾ। ਉਹ ਵਕਤ ਤੋਂ ਪਹਿਲਾਂ ਜੰਮ ਸਕਦਾ ਹੈ ਜਾਂ ਉਸਦੀ ਮੌਤ ਵੀ ਹੋ ਸਕਦੀ ਹੈ।
ਲੋਹ ਕਣਾਂ ਦੀ ਕਮੀ ਕਾਰਨ ਇਕ ਹੋਰ ਲੱਛਣ ਵੀ ਵੇਖਣ ਵਿਚ ਆਉਂਦਾ ਹੈ ਕਿ ਬੱਚਾ ਹੋਵੇ ਜਾਂ ਵੱਡਾ, ਉਸਦੀ ਮਿੱਟੀ, ਕੱਚਾ ਆਟਾ, ਬਰਫ਼, ਪੈਨਸਿਲ, ਚਾਕ, ਰਬੜ, ਧਾਗੇ, ਸੁਆਹ ਆਦਿ ਖਾਣ ਨੂੰ ਦਿਲ ਕਰਨ ਲਗ ਪੈਂਦਾ ਹੈ। ਮਿੱਟੀ ਖਾਣ ਨਾਲ ਸਰੀਰ ਅੰਦਰ ਸਿੱਕਾ ਚਲਾ ਜਾਂਦਾ ਹੈ ਜੋ ਹੋਰ ਵੀ ਜ਼ਿਆਦਾ ਹਾਨੀਕਾਰਕ ਸਿੱਧ ਹੁੰਦਾ ਹੈ। ਸਿੱਕੇ ਨਾਲ ਵੀ ਯਾਦਾਸ਼ਤ ਘਟਣੀ, ਹੱਥ ਪੈਰ ਬੇਲੋੜੇ ਹਿਲਣੇ, ਗੁਰਦੇ ਫੇਲ ਹੋਣੇ, ਆਦਿ ਵੇਖੇ ਗਏ ਹਨ।
ਜਦੋਂ ਸਰੀਰ ਅੰਦਰ 5 ਗ੍ਰਾਮ ਦੇ ਨੇੜੇ ਤੇੜੇ ਹੀਮੋਗਲੋਬਿਨ ਰਹਿ ਜਾਏ ਤਾਂ ਚਿੜਚਿੜਾਪਣ ਅਤੇ ਭੁਖ ਮਰ ਜਾਣੀ ਵਾਲੇ ਲੱਛਣ ਜ਼ਿਆਦਾ ਉਭਰ ਕੇ ਸਾਹਮਣੇ ਆਉਂਦੇ ਹਨ। ਇਸਦਾ ਮਤਲਬ ਇਹ ਹੁੰਦਾ ਹੈ ਕਿ ਸਿਰਫ਼ ਨਾੜੀਆਂ ਅੰਦਰ ਹੀ ਨਹੀਂ ਬਲਕਿ ਸਰੀਰ ਅੰਦਰਲੇ ਸਾਰੇ ਭੰਡਾਰਾਂ, ਖਾਸ ਕਰ, ਟਿਸ਼ੂ ਆਇਰਨ ਵਿਚ ਵੀ ਲੋਹ ਕਣ ਘਟ ਚੁੱਕੇ ਹਨ।
ਜਦੋਂ ਇਲਾਜ ਕਰਨ ਵੇਲੇ ਸਰੀਰ ਅੰਦਰ ਸਹੀ ਮਾਤਰਾ ਵਿਚ ਆਇਰਨ ਜਾਣਾ ਸ਼ੁਰੂ ਹੋ ਜਾਏ ਤਾਂ ਚੌਵੀ ਘੰਟਿਆਂ ਦੇ ਵਿਚ ਵਿਚ ਸੈੱਲਾਂ ਵਿਚ ਲੋਹ ਕਣ ਪਹੁੰਚਣ ਕਾਰਨ ਮਰੀਜ਼ ਦੇ ਚਿੜਚਿੜੇਪਣ ਅਤੇ ਮਰ ਚੁੱਕੀ ਹੋਈ ਭੁੱਖ ਵਿਚ ਸੁਧਾਰ ਆ ਜਾਂਦਾ ਹੈ। 36 ਤੋਂ 48 ਘੰਟਿਆਂ ਵਿਚ ਹੱਡੀਆਂ ਅੰਦਰਲਾ ਮਾਦਾ ਵੀ ਚੁਸਤ ਹੋ ਕੇ ਲਹੂ ਦੇ ਸੈੱਲ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ 72 ਘੰਟਿਆਂ ਵਿਚ ਰੈਟੀਕੁਲੋਸਾਈਟ ਯਾਨੀ ਲਹੂ ਦੇ ਜਵਾਨ ਸੈੱਲ ਵਧ ਜਾਂਦੇ ਹਨ। ਹੀਮੋਗਲੋਬਿਨ ਵਧਣ ਵਿਚ ਇਕ ਮਹੀਨਾ ਵੀ ਲੱਗ ਸਕਦਾ ਹੈ ਅਤੇ ਸਰੀਰ ਅੰਦਰਲੇ ਟਿਸ਼ੂ ਵਿਚਲੇ ਭੰਡਾਰ ਭਰਨ ਵਿਚ ਤਿੰਨ ਤੋਂ 6 ਮਹੀਨੇ ਲੱਗ ਜਾਂਦੇ ਹਨ।
ਜਵਾਨ ਹੋ ਰਹੀਆਂ ਬੱਚੀਆਂ ਵਿਚ ਜਿਨ੍ਹਾਂ ਵਿਚ ਲੋਹ ਕਣਾਂ ਦੀ ਪਹਿਲਾਂ ਘਾਟ ਹੋਵੇ ਤੇ ਹੁਣ ਆਇਰਨ ਖਾ ਰਹੀਆਂ ਹੋਣ, ਉਨ੍ਹਾਂ ਵਿਚ 8 ਹਫਤੇ ਸਹੀ ਮਾਤਰਾ ਵਿਚ ਆਇਰਨ ਖਾਣ ਤੋਂ ਬਾਅਦ ਯਾਦਾਸ਼ਤ ਅਤੇ ਇਕਾਗਰਤਾ ਦਾ ਵਾਧਾ ਵੇਖਿਆ ਜਾ ਸਕਦਾ ਹੈ।
ਲੋਹ ਕਣ ਵਧਾਉਣ ਲਈ ਆਇਰਨ ਦੀ ਮਾਤਰਾ ਤਿੰਨ ਤੋਂ ਛੇ ਮਿਲੀਗ੍ਰਾਮ ਪ੍ਰਤੀ ਕਿੱਲੋ ਪ੍ਰਤੀ ਦਿਨ ਲੈਣੀ ਚਾਹੀਦੀ ਹੈ ਪਰ ਡਾਕਟਰੀ ਸਲਾਹ ਨਾਲ। ਆਇਰਨ ਦੀਆਂ ਗੋਲੀਆਂ ਖਾਣਾ ਖਾਣ ਤੋਂ ਪਹਿਲਾਂ ਜਾਂ ਖਾਣੇ ਦੇ ਵਿਚ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਠੀਕ ਤਰ੍ਹਾਂ ਹਜ਼ਮ ਹੋ ਸਕਣ।
ਨਵਜੰਮੇਂ ਬੱਚਿਆਂ ਵਿਚ ਤਾਂ ਨਾੜੂਆ ਹੀ ਕੁੱਝ ਸਕਿੰਟ ਲੇਟ ਕੱਟਣ ਨਾਲ ਮਾਂ ਦੇ ਸਰੀਰ ਵੱਲੋਂ ਵਧ ਲਹੂ ਬੱਚੇ ਅੰਦਰ ਚਲਾ ਜਾਂਦਾ ਹੈ ਜਿਸ ਨਾਲ 6 ਮਹੀਨੇ ਦੀ ਉਮਰ ਤਕ ਬੱਚੇ ਅੰਦਰ ਲਹੂ ਦੀ ਕਮੀ ਨਹੀਂ ਹੁੰਦੀ।
ਕਈ ਲਹੂ ਦੀ ਕਮੀ ਦੇ ਮਰੀਜ਼ਾਂ ਨੂੰ ਆਇਰਨ ਦੀ ਦਵਾਈ ਖਾਣ ਨਾਲ ਕਬਜ਼ ਜਾਂ ਟੱਟੀਆਂ ਲੱਗ ਸਕਦੀਆਂ ਹਨ। ਇਨ੍ਹਾਂ ਕੇਸਾਂ ਵਿਚ ਆਇਰਨ ਦੇ ਟੀਕੇ ਲਗਾਏ ਜਾ ਸਕਦੇ ਹਨ।
ਜੇ ਜ਼ਿਆਦਾ ਲਹੂ ਵਹਿ ਗਿਆ ਹੋਵੇ ਜਾਂ ਹੀਮੋਗਲੋਬਿਨ ਪੰਜ ਗ੍ਰਾਮ ਤੋਂ ਘਟ ਰਹਿ ਗਿਆ ਹੋਵੇ ਤਾਂ ਲਹੂ ਚੜ੍ਹਾਉਣਾ ਪੈਂਦਾ ਹੈ। ਜੇ ਕਿਸੇ ਬੀਮਾਰੀ ਕਾਰਨ ਲਹੂ ਘਟ ਰਿਹਾ ਹੋਵੇ ਤਾਂ ਉਸ ਬੀਮਾਰੀ ਦਾ ਵੀ ਨਾਲ ਹੀ ਇਲਾਜ ਕਰਨਾ ਜ਼ਰੂਰੀ ਹੁੰਦਾ ਹੈ।
ਇਹ ਵੇਖਣ ਵਿਚ ਆਇਆ ਹੈ ਕਿ ਬਹੁਤੀ ਛੋਟੀ ਉਮਰ ਵਿਚ ਲੋਹ ਕਣ ਜ਼ਿਆਦਾ ਘਟ ਜਾਣ ਨਾਲ ਕਈ ਵਾਰ ਬੱਚਿਆਂ ਦੇ ਦਿਮਾਗ਼ ਵਿਚ ਇਲਾਜ ਹੋ ਜਾਣ ਤੋਂ ਬਾਅਦ ਵੀ ਸਦੀਵੀ ਨੁਕਸ ਪਿਆ ਰਹਿ ਜਾਂਦਾ ਹੈ ਤੇ ਉਹ ਟਿਕ ਕੇ ਬੈਠ ਨਹੀਂ ਸਕਦੇ ਅਤੇ ਉਨ੍ਹਾਂ ਵਿਚ ਇਕਾਗਰਤਾ ਦੀ ਵੀ ਕਮੀ ਹੋ ਜਾਂਦੀ ਹੈ। ਇਸੇ ਕਰਕੇ ਯੂਨੀਸੇਫ ਵਾਲਿਆਂ ਨੇ ਖ਼ਾਸ ਹਦਾਇਤ ਦਿੱਤੀ ਹੈ ਕਿ ਜਵਾਨ ਹੋ ਰਹੀਆਂ ਬੱਚੀਆਂ ਨੂੰ ਹਫਤੇ ਵਿਚ ਦੋ ਵਾਰ ਜ਼ਰੂਰ ਆਇਰਨ ਦੀ ਗੋਲੀ ਖੁਆਉਣੀ ਚਾਹੀਦੀ ਹੈ ਜਿਸ ਨਾਲ ਅੱਗੋਂ ਆਉਣ ਵਾਲੀ ਪੌਦ ਅਤੇ ਨਵਾਂ ਸਮਾਜ ਸਿਰਜਣ ਵਾਲੇ ਬੱਚੇ ਸਿਹਤਮੰਦ ਪੈਦਾ ਹੋਣ। ਛੋਟੇ ਬੱਚਿਆਂ ਨੂੰ ਵੀ ਸਾਲ ਵਿਚ ਦੋ ਵਾਰ ਜ਼ਰੂਰ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਖੁਆਉਣੀ ਚਾਹੀਦੀ ਹੈ ਕਿਉਂਕਿ ਢਿੱਡ ਵਿਚਲੇ ਕੀੜੇ ਲਹੂ ਪੀ ਪੀ ਕੇ ਲਹੂ ਦੀ ਕਮੀ ਕਰ ਦਿੰਦੇ ਹਨ।
ਕੁੱਝ ਮਾਪੇ ਸ਼ੌਕੀਆ ਕੀੜੇ ਮਾਰਨ ਵਾਲੀਆਂ ਗੋਲੀਆਂ ਆਪਣੇ ਬੱਚਿਆਂ ਨੂੰ ਹਰ ਹਫਤੇ ਜਾਂ ਹਰ ਮਹੀਨੇ ਖੁਆਉਂਦੇ ਰਹਿੰਦੇ ਹਨ। ਇਸ ਨਾਲ ਜਿਗਰ ਫੇਲ੍ਹ ਹੋਣ ਦਾ ਖ਼ਤਰਾ ਵਧ ਸਕਦਾ ਹੈ।
ਲੋਹ ਕਣਾਂ ਦੀ ਕਮੀ ਨਾਲ ਦਿਸ ਰਹੇ ਲੱਛਣ ਹੋਰ ਵੀ ਕਈ ਤੱਤਾਂ ਦੀ ਕਮੀ ਕਾਰਨ ਹੋ ਸਕਦੇ ਹਨ, ਮਸਲਨ, ਵਿਟਾਮਿਨ ਬੀ 12 ਦੀ ਕਮੀ, ਫੌਲਿਕ ਏਸਿਡ ਦੀ ਕਮੀ, ਲਾਲ ਸੈੱਲਾਂ ਦਾ ਟੁੱਟਣਾ, ਸੈੱਲਾਂ ਦੀ ਖ਼ਰਾਬ ਬਣਤਰ, ਸੈੱਲਾਂ ਦੇ ਰਸਾਂ ਦੀ ਕਮੀ, ਥੈਲਾਸੀਮੀਆ, ਲਹੂ ਦਾ ਕੈਂਸਰ ਆਦਿ। ਇਨ੍ਹਾਂ ਸਾਰਿਆਂ ਵਿਚ ਇਕੱਲਾ ਆਇਰਨ ਖਾਣ ਨਾਲ ਕੋਈ ਫਾਇਦਾ ਨਹੀਂ ਹੁੰਦਾ। ਇਸੇ ਲਈ ਸਿਆਣੇ ਡਾਕਟਰ ਤੋਂ ਸਲਾਹ ਲੈ ਕੇ, ਟੈਸਟ ਕਰਵਾ ਕੇ, ਲਹੂ ਦੀ ਕਮੀ ਦਾ ਕਾਰਨ ਲੱਭ ਕੇ ਹੀ ਇਲਾਜ ਕਰਵਾਉਣਾ ਠੀਕ ਰਹਿੰਦਾ ਹੈ। ਆਪਣੇ ਆਪ ਆਇਰਨ ਦੇ ਫੱਕੇ ਮਾਰਨ ਵਾਲਿਆਂ ਨੂੰ ਮੈਂ ਦਸ ਦਿਆਂ ਕਿ ਆਇਰਨ ਖਾਣ ਨਾਲ ਢਿੱਡ ਪੀੜ, ਜੀਅ ਕੱਚਾ ਹੋਣਾ ਜਾਂ ਉਲਟੀ ਵੀ ਆ ਸਕਦੀ ਹੈ।
ਇਕ ਹੋਰ ਜ਼ਰੂਰੀ ਗੱਲ ਇਹ ਹੈ ਕਿ ਇਕੱਲੇ ਹੀਮੋਗਲੋਬਿਨ ਪੂਰੇ ਹੋ ਜਾਣ ਉੱਤੇ ਹੀ ਆਇਰਨ ਦੀ ਦਵਾਈ ਬੰਦ ਨਹੀਂ ਕਰਨੀ ਚਾਹੀਦੀ ਬਲਕਿ ਜਦ ਤਕ ਸਰੀਰ ਅੰਦਰਲੇ ਸਾਰੇ ਭੰਡਾਰ ਲੋਹ ਕਣਾਂ ਨਾਲ ਭਰਪੂਰ ਨਹੀਂ ਹੋ ਜਾਂਦੇ, ਆਇਰਨ ਲਗਾਤਾਰ ਲੈਂਦੇ ਰਹਿਣਾ ਚਾਹੀਦਾ ਹੈ। ਇਸਦਾ ਮਤਲਬ ਹੈ ਹੀਮੋਗਲੋਬਿਨ ਪੂਰਾ ਹੋ ਜਾਣ ਬਾਅਦ ਵੀ ਲਗਪਗ 6 ਮਹੀਨੇ ਲਗਾਤਾਰ ਆਇਰਨ ਖਾਣਾ ਪੈਂਦਾ ਹੈ।
ਅਗਲੀ ਵਾਰ ਕਿਸੇ ਗੋਰੀ ਚਿੱਟੀ ਚਮੜੀ ਉੱਤੇ ਫਿਦਾ ਹੋਣ ਤੋਂ ਪਹਿਲਾਂ ਇਹ ਜ਼ਰੂਰ ਵੇਖ ਲਇਓ ਕਿ ਇਹ ਚਿੱਟਾ ਰੰਗ ਲਹੂ ਦੀ ਕਮੀ ਕਰਕੇ ਤਾਂ ਨਹੀਂ ? ਸਿਹਤਮੰਦ ਚਿਹਰੇ ਦੀਆਂ ਗੱਲ੍ਹਾਂ ਉੱਤੇ ਲਾਲ ਭਾਅ ਜ਼ਰੂਰ ਦਿਸਣੀ ਚਾਹੀਦੀ ਹੈ। ਇਸ ਲੇਖ ਨੂੰ ਪੜ੍ਹਨ ਤੋਂ ਬਾਅਦ ਇਕ ਵਾਰ ਆਪਣਾ ਅਤੇ ਆਪਣੇ ਟੱਬਰ ਦਾ ਹੀਮੋਗਲੋਬਿਨ ਜ਼ਰੂਰ ਟੈਸਟ ਕਰਵਾ ਲਇਓ ਤਾਂ ਜੋ ਹਰ ਕਿਸੇ ਨੂੰ ਇਹ ਅਹਿਸਾਸ ਹੋ ਸਕੇ ਕਿ ਲੋਹ ਕਣਾਂ ਦੀ ਕਮੀ ਵਾਕਈ ਸਰਵ ਵਿਆਪਕ ਹੈ। ਵੱਖੋ ਵਖਰੀ ਉਮਰ ਵਿਚ ਕਿੰਨਾ ਹੀਮੋਗਲੋਬਿਨ ਨਾਰਮਲ ਗਿਣਿਆ ਜਾਂਦਾ ਹੈ, ਇਹ ਅਗਲੇ ਚਾਰਟ ਵਿਚ ਤੁਸੀਂ ਪੜ੍ਹ ਸਕਦੇ ਹੋ ਤੇ ਜੇ ਤੁਹਾਡਾ ਜਾਂ ਤੁਹਾਡੇ ਟੱਬਰ ਵਿੱਚੋਂ ਕਿਸੇ ਦਾ ਇਸਤੋਂ ਘੱਟ ਹੈ, ਤਾਂ ਫਟ ਸਿਆਣੇ ਡਾਕਟਰ ਦੀ ਸਲਾਹ ਲੈ ਲਇਓ।
ਨਾਰਮਲ ਹੀਮੋਗਲੋਬਿਨ
ਜਨਮ ਸਮੇਂ 16  ਗ੍ਰਾਮ, ਤੀਜੇ ਦਿਨ 18 ਗ੍ਰਾਮ, ਇਕ ਹਫਤਾ 17 ਗ੍ਰਾਮ, ਦੋ ਹਫਤੇ 16  ਗ੍ਰਾਮ, ਇਕ ਮਹੀਨਾ 14 ਗ੍ਰਾਮ , ਦੋ ਮਹੀਨੇ ਤੋਂ 6 ਮਹੀਨੇ 11  ਗ੍ਰਾਮ,7 ਮਹੀਨੇ ਤੋਂ 2 ਸਾਲ 12 ਗ੍ਰਾਮ, 2 ਤੋਂ 6 ਸਾਲ 12  ਗ੍ਰਾਮ , ਛੇ ਤੋਂ ਬਾਰਾਂ ਸਾਲ 13  ਗ੍ਰਾਮ , ਬਾਰਾਂ ਤੋਂ 18 ਸਾਲ ਦੀਆਂ ਕੁੜੀਆਂ 14 ਗ੍ਰਾਮ , ਬਾਰਾਂ ਤੋਂ 18 ਸਾਲ ਦੇ ਮੁੰਡੇ 14  ਗ੍ਰਾਮ  ਅਤੇ ਅੱਗੋਂ ਉਮਰ ਭਰ 13 ਗ੍ਰਾਮ ਤੋਂ ਜ਼ਿਆਦਾ ।
ਏਨਾ ਕੁੱਝ ਜਾਣ ਲੈਣ ਤੋਂ ਬਾਅਦ ਹੁਣ ਸੋਚਣ ਦੀ ਗੱਲ ਹੈ ਕਿ ਆਇਰਨ ਦੀਆਂ ਗੋਲੀਆਂ ਤਾਂ ਚਿਰਾਂ ਤੋਂ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਮੁਫ਼ਤ ਮਿਲਦੀਆਂ ਪਈਆਂ ਹਨ। ਇਸਦਾ ਮਤਲਬ ਸਾਫ਼ ਹੈ ਕਿ ਸਿਰਫ਼ ਜਾਣਕਾਰੀ ਦੀ ਘਾਟ ਹੀ ਸਾਨੂੰ ਇਸ ਹਾਲ ਉੱਤੇ ਲੈ ਆਈ ਹੈ!
- ਡਾ. ਹਰਸ਼ਿੰਦਰ ਕੌਰ