ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਿੱਥੇ ਹੈ ਮਨ ਦਾ ਸਕੂਨ?


ਮਨ ਦਾ ਸਕੂਨ ਸਭ ਤੋਂ ਉੱਤਮ ਸਕੂਨ ਹੁੰਦਾ ਹੈ। ਸਾਰੇ ਧਰਮ ਤੇ ਧਾਰਮਿਕ ਫਿਲਾਸਫੀ ਇਸੇ ਸਕੂਨ ਦੀ ਭਾਲ ਵਿਚ ਹਨ। ਅੱਜ ਟੈਲੀਵਿਜ਼ਨ 'ਤੇ ਧਾਰਮਿਕ ਚੈਨਲਾਂ ਦੀ ਭਰਮਾਰ ਖੋਏ ਹੋਏ ਮਾਨਸਿਕ ਸਕੂਨ ਦੀ ਪ੍ਰਾਪਤੀ ਕਰਨ ਲਈ ਹੈ। ਵੱਡੇ-ਵੱਡੇ ਲੈਕਚਰ ਸੈਮੀਨਾਰ ਵੀ ਮਨ ਦੀ ਸਕੂਨ ਪ੍ਰਾਪਤੀ ਵਿਚ ਸਫਲ ਨਹੀਂ ਹੋ ਰਹੇ। ਸਭ ਪਾਸੇ ਮਨ ਦੀ ਬੇਚੈਨੀ ਦਾ ਬੋਲਬਾਲਾ ਹੈ। ਗਰੀਬ ਤੇ ਅਮੀਰ, ਬੱਚੇ ਤੋਂ ਬੁੱਢਾ, ਭਿਖਾਰੀ ਤੋਂ ਦਾਨੀ ਆਦਿ ਸਭ ਮਾਨਸਿਕ ਧਰਾਤਲ 'ਤੇ ਉੱਖੜੇ ਪਏ ਹਨ। ਸਭ ਮਨ ਦੇ ਸਕੂਨ ਦੀ ਭਾਲ ਵਿਚ ਹਨ ਪਰ 'ਮਨ ਦਾ ਸਕੂਨ' ਕਿੱਥੇ ਹੈ? ਇਹ ਲੱਭਣਾ ਅਤਿ ਮੁਸ਼ਕਲ ਹੋ ਰਿਹਾ ਹੈ। ਸ਼ਾਇਦ ਅਸੀਂ ਬਾਬੇ ਨਾਨਕ ਦੇ ਫਲਸਫੇ 'ਕਿਰਤ ਕਰੋ ਤੇ ਵੰਡ ਛਕੋ' ਤੋਂ ਥਿੜਕ ਰਹੇ ਹਾਂ। ਸਭ ਤੋਂ ਵੱਡਾ ਮਾਨਸਿਕ ਸਕੂਨ ਕਿਰਤ ਕਰਨ ਵਿਚ ਛੁਪਿਆ ਹੋਇਆ ਹੈ। ਜਦ ਅਸੀਂ ਕਿਰਤ ਕਰਨ ਤੋਂ ਇਨਕਾਰੀ ਹਾਂ ਤਾਂ ਮਨ ਦਾ ਸਕੂਨ ਕਿੱਥੋਂ ਭਾਲਦੇ ਹਾਂ। ਅੱਜ ਹਰ ਖੇਤਰ ਵਿਚ ਕਿਰਤ ਕਰਨ ਨੂੰ ਤੇ ਫਰਜ਼ ਨਿਭਾਉਣ ਨੂੰ ਵਿਸਾਰਿਆ ਜਾ ਰਿਹਾ ਹੈ। ਮੈਂ ਚੰਡੀਗੜ੍ਹ ਤੋਂ ਵਾਪਸ ਆ ਰਿਹਾ ਸੀ। ਪਟਿਆਲੇ ਯੂਨੀਵਰਸਿਟੀ ਦੇ ਗੇਟ ਲਾਗੇ ਰੁਕਿਆ। ਕਾਰ ਵਿਚ ਗੀਤ 'ਤੇ ਮੈਂ ਮਸਤ ਸੀ। ਜਦ ਸ਼ੀਸ਼ੇ ਵਿਚੋਂ ਦੀ ਬਾਹਰ ਦੇਖਿਆ ਤਾਂ 8 ਸਾਲ ਦੀ ਇਕ ਬੱਚੀ ਨੇ 3 ਸਾਲ ਦਾ ਬੱਚਾ ਗੋਦੀ ਚੁੱਕਿਆ ਹੋਇਆ ਸੀ। ਦੱਬੇ ਪੇਟ ਭੁੱਖ ਤੇ ਗਰੀਬੀ ਦੀ ਪੇਸ਼ਕਾਰੀ ਕਰ ਰਹੇ ਸਨ। ਮੈਂ ਘੂਰ ਕੇ ਉਨ੍ਹਾਂ ਨੂੰ ਪਰ੍ਹਾ ਜਾਣ ਲਈ ਕਹਿ ਦਿੱਤਾ। ਉਹ ਕੁੜੀ ਚਲੀ ਗਈ। ਤਦ ਹੀ ਮੇਰੇ ਮਨ ਅੰਦਰ ਉਥਲ-ਪੁਥਲ ਸ਼ੁਰੂ ਹੋ ਗਈ। ਮਨ 'ਤੇ ਨਾ ਲਹਿਣ ਵਾਲਾ ਬੋਝ ਟਿਕਣ ਲੱਗਾ। ਇਸ ਮਨ ਦੇ ਬੋਝ ਨੂੰ ਉਤਾਰਨ ਲਈ ਮੈਂ ਉਨ੍ਹਾਂ ਨੂੰ ਲੱਭਣਾ ਸ਼ੁਰੂ ਕੀਤਾ। ਕੁਝ ਦੂਰੀ 'ਤੇ ਉਹ ਮੈਨੂੰ ਮਿਲ ਗਏ। ਮੈਂ ਉਨ੍ਹਾਂ ਨੂੰ ਚਾਹ ਦੀ ਦੁਕਾਨ 'ਤੇ ਲੈ ਗਿਆ। ਚਾਹ ਤੇ ਬਰੈਡ ਖਾਣ ਲਈ ਦਿੱਤੇ। ਕੁਝ ਪੈਸੇ ਦੇ ਕੇ ਮੈਂ ਵਾਪਸ ਗੱਡੀ ਵਿਚ ਬੈਠ ਗਿਆ। ਮਨ ਸਕੂਨ ਨਾਲ ਭਰ ਗਿਆ। ਮੈਂ ਬੈਂਕ ਦੇ ਗੇਟ ਦੇ ਬਾਹਰ ਨਿਕਲਿਆ ਹੀ ਸਾਂ ਕਿ ਇਕ ਅੱਸੀ ਸਾਲ ਦੇ ਬਜ਼ੁਰਗ ਨੂੰ ਰੇਹੜੀ ਵਿਚ ਰੱਖੀਆਂ ਖੰਡ ਦੀਆਂ ਬੋਰੀਆਂ ਨਾਲ ਰੇਹੜੀ ਖਿੱਚਦੇ ਦੇਖਿਆ। ਅਚਾਨਕ ਰੇਹੜੀ ਦਾ ਟਾਇਰ ਇਕ ਨਾਲੀ ਵਿਚ ਗਿਰ ਗਿਆ। ਬੁੱਢੜੀ ਜ਼ਿੰਦ ਕੋਸ਼ਿਸ਼ ਕਰਦੀ, ਸਾਹ ਫੁੱਲਦਾ ਤੇ ਛਾਤੀ ਫੁੜਕ-ਫੁੜਕ ਵੱਜਦੀ। ਪਰ ਸਭ ਬੇਕਾਰ। ਲੋਕ ਮਸਤੀ ਨਾਲ ਕੋਲੋਂ ਲੰਘਦੇ। ਕੋਈ ਧਿਆਨ ਨਹੀਂ। ਮਨ ਦੁੱਖਦਾ ਸਭ ਦੇਖਦੇ। ਮਨ ਦੀ ਤੜਫ ਕਿ ਮਦਦ ਕੀਤੀ ਜਾਏ। ਮੈਂ ਜਲਦੀ ਜਾ ਕੇ ਰੇਹੜੀ ਦੇ ਟਾਇਰ ਨੂੰ ਨਾਲੀ ਵਿਚੋਂ ਕੱਢ ਦਿੱਤਾ। ਮੁਰਝਾਈਆਂ ਅੱਖਾਂ ਤੇ ਝੁਰੜੀਆਂ ਵਾਲਾ ਚਿਹਰਾ ਅਸੀਸਾਂ ਦਿੰਦਾ ਤੁਰ ਗਿਆ ਪਰ ਮਦਦ ਕਰਨ ਨਾਲ ਮੇਰੇ ਮਨ ਨੂੰ ਸਕੂਨ ਆ ਗਿਆ। ਸੋਚਦਾ ਹਾਂ ਮਨ ਦਾ ਸਕੂਨ ਤੁਹਾਡੀ ਪਹੁੰਚ ਵਿਚਲੀ ਮਦਦ ਵਿਚ ਛੁਪਿਆ ਹੋਇਆ ਹੈ। ਓਨੀ ਮਦਦ ਲੋੜਵੰਦਾਂ ਦੀ ਜ਼ਰੂਰ ਕਰੋ ਜਿੰਨੀ ਤੁਹਾਡੀ ਪਹੁੰਚ ਵਿਚ ਹੈ। ਮੇਰੀ ਅਕਸਰ ਕੋਸ਼ਿਸ਼ ਰਹਿੰਦੀ ਹੈ ਕਿ ਲੋੜਵੰਦਾਂ ਦੀ ਮਦਦ ਕਰਕੇ ਮਨ ਦਾ ਸਕੂਨ ਜ਼ਰੂਰ ਪ੍ਰਾਪਤ ਕਰਾਂ। ਸਕੂਲ ਵਿਚ ਆਏ ਹਰੇਕ ਵਿਦਿਆਰਥੀ ਨੂੰ ਸੇਧ ਦੇਣਾ ਮਨ ਨੂੰ ਸਕੂਨ ਬਖਸ਼ਦਾ ਹੈ। ਗਣਿਤ ਜਿਹੇ ਔਖੇ ਵਿਸ਼ੇ ਨੂੰ ਦੇਸੀ ਭਾਸ਼ਾ ਦਾ ਤੜਕਾ ਲਾ ਕੇ ਵਿਦਿਆਰਥੀ ਦੇ ਪੱਲੇ ਪਾਉਣਾ ਮਨ ਨੂੰ ਤਸੱਲੀ ਦਿੰਦਾ। ਵੱਖ-ਵੱਖ ਟੈਸਟਾਂ ਦੀ ਤਿਆਰੀ ਕਰਾਉਣ (ਮੁਫਤ) ਫਾਰਮ ਭਰਨੇ (ਨੌਕਰੀਆਂ ਲਈ) ਰੀਅਪੀਅਰ ਵਗੈਰਾ ਲਈ, ਕਰੈਕਟਰ ਸਰਟੀਫਿਕੇਟ ਭਰਨਾ ਆਦਿ ਪੱਕਾ ਕਰਮ ਬਣਾਇਆ ਹੋਇਆ ਹੈ। ਯਕੀਨ ਨਹੀਂ ਤਾਂ ਬੋਰਡ ਤੇ ਯੂਨੀਵਰਸਿਟੀਆਂ ਵਿਚ ਫਾਰਮ ਕਢਵਾ ਕੇ ਦੇਖ ਲਉ। ਠੰਢੇ ਚੁੱਲ੍ਹਿਆਂ ਵਿਚ ਅੱਗ ਬਾਲ ਦੇਣਾ (ਰੁਜ਼ਗਾਰ ਦੀ ਸੇਧ ਦੇ ਕੇ) ਚੰਗੀ ਨੀਂਦ ਬਖਸ਼ਦਾ। ਪਤਨੀ ਰਾਹੀਂ ਵਿਦਿਆਰਥੀਆਂ ਦੇ ਰੈਜ਼ੀਡੈਂਸ, ਬੈਕਵਰਡ, ਰੂਰਲ ਤੇ ਜਾਰੀ ਸਰਟੀਫਿਕੇਟ ਬਣਵਾ ਕੇ ਦੇਣੇ ਵੀ ਨਿੱਤ ਕਰਮ ਬਣਾਇਆ ਹੋਇਆ। ਲੋਕਾਂ ਦੇ ਕੰਮਾਂ ਲਈ ਫੋਨ ਦਾ ਬਿਲ ਵੀ ਵੱਧ ਆ ਜਾਂਦਾ। ਗਰੀਬ ਤੇ ਲੋੜਵੰਦ ਵਿਦਿਆਰਥੀ ਤੇ ਲੋਕ ਮੇਰੇ ਨੇੜੇ ਹੀ ਹੁੰਦੇ ਹਨ। ਗੁਰਦੁਆਰੇ ਮੱਥਾ ਟੇਕਣ ਦੀ ਬਜਾਏ ਉਨ੍ਹਾਂ ਦੀ ਫੀਸ ਭਰ ਦੇਈਦੀ ਹੈ। ਹਰ ਸੈਸ਼ਨ ਵਿਚ ਵੈਸੇ ਤਾਂ ਸਾਰੇ, ਪਰ 5-7 ਮੇਰੇ ਗੋਦ ਲਏ ਧੀਆਂ-ਪੁੱਤਰ ਜ਼ਰੂਰ ਹੁੰਦੇ ਹਨ। ਕਿਤਾਬਾਂ ਦਾ ਪ੍ਰਬੰਧ ਵੀ ਉਨ੍ਹਾਂ ਦਾ ਕਰ ਦੇਈਦਾ ਹੈ। ਹਰ ਵਕਤ ਆਲੇ-ਦੁਆਲੇ ਵਿਦਿਆਰਥੀਆਂ ਦੀ ਭੀੜ ਤੇ ਉਨ੍ਹਾਂ ਦੇ ਮਸਲੇ ਸੁਲਝਾਉਣਾ ਚੰਗਾ ਲਗਦਾ ਹੈ। ਇਹ ਕੰਮ ਕਈ ਵਾਰ ਮਾਸਟਰ ਘੱਟ ਤੇ ਲੀਡਰ ਵੱਧ ਹੋਣ ਦਾ ਭੁਲੇਖਾ ਪਾਉਂਦਾ ਹੈ ਪਰ ਸਕੂਨ ਮਨ ਨੂੰ ਕਿ ਮੈਂ ਲਾਰੇਬਾਜ਼ ਲੀਡਰ ਨਹੀਂ। ਸਕੂਲ ਵਿਚ ਕੰਮ ਕਰਦੇ ਕੁਝ ਕਰਮਚਾਰੀਆਂ (ਗਰੀਬ) ਨੂੰ ਸਰਦੀ ਤੇ ਗਰਮੀ ਵਿਚ ਤਨ ਢਕਣ ਲਈ ਕੱਪੜੇ ਲੈ ਕੇ ਦੇਣਾ ਮਨ ਦੀ ਸ਼ਾਂਤੀ ਲਈ ਮਾਫਕ ਹੈ। ਸਭ ਤੋਂ ਅਹਿਮ ਹਰ ਵਕਤ ਰੁੱਝਿਆ ਰਹਿ ਕੇ ਮਨ ਦੀ ਅਸ਼ਾਂਤੀ ਬਾਰੇ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ। ਸੋ ਮਨ ਦੇ ਸਕੂਨ ਦੀ ਬਹਾਲੀ ਲਈ ਲੋੜਵੰਦਾਂ ਦੀ ਮਦਦ ਵਾਲਾ ਰਸਤਾ ਅਖਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਉੱਖੜੇ ਹੋਏ ਮਨਾਂ ਨੂੰ ਸਕੂਨ ਬਖਸ਼ ਕੇ ਸਮਾਜਕ ਸ਼ਾਂਤੀ ਵਿਚ ਵਾਧਾ ਹੋ ਸਕੇ।

- ਪਿਆਰਾ ਸਿੰਘ ਗੁਰਨੇ ਕਲਾਂ