ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਾਰਾਗੜ੍ਹੀ ਦੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ


ਸਮੁੱਚੇ ਸਿੱਖ ਜਗਤ ਵੱਲੋਂ ਉਨ੍ਹਾਂ 21 ਸਿੱਖ ਫੌਜੀਆਂ ਦੀ ਲਾਸ਼ਾਨੀ ਬਹਾਦਰੀ ਨੂੰ ਪਰਨਾਮ ਕਰਨਾ ਬਣਦਾ ਹੈ। ਜਿਨ੍ਹਾਂ ਨੇ ਸਿੱਖ ਕੌਮ ਦਾ ਨਾਮ ਦੁਨੀਆਂ ਦੇ ਜੰਗਜੂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਕਰਾਕੇ ਧਰੂ ਤਾਰੇ ਵਾਂਗ ਰੌਸ਼ਨ ਕੀਤਾ ਹੈ। ਅੱਜ ਤੀਕਰ ਸੰਸਾਰ ਦੇ ਇਤਿਹਾਸ ਵਿਚ ਪੰਜ ਵਰਨਣਯੋਗ ਬਹਾਦਰੀ ਦੀਆਂ ਲੜਾਈਆਂ ਲੜੀਆਂ ਗਈਆਂ ਹਨ ਜੋ ਆਪਣੇ ਆਪ ਵਿਚ ਰਿਕਾਰਡ ਹਨ। ਉਨ੍ਹਾਂ ਵਿਚੋਂ ਸਭ ਤੋਂ ਸਿਰਮੌਰ ਇਕ ਇਹ ਸਾਰਾਗੜ੍ਹੀ ਦੀ ਲੜਾਈ ਹੈ। ਭਾਰਤ ਅਤੇ ਅਫ਼ਗਾਨਿਸਤਾਨ ਦੀ ਸਰਹੱਦ ਉੱਪਰ 6,000 ਫੁੱਟ ਉੱਚੀ ਪਹਾੜੀ ਸਾਰਾਗੜ੍ਹੀ ਦੀ ਟੱਕਰ ਵਿਚ ਸੱਚ ਕਰ ਦਿਖਾਇਆ। ਜਦੋਂ ਕੇਵਲ 21 ਸਿੰਘਾਂ ਨੇ 12 ਸਤੰਬਰ 1897 ਨੂੰ ਦਸ ਹਜ਼ਾਰ ਤੋਂ ਲੈ ਕੇ 12 ਹਜ਼ਾਰ ਅਫ਼ਗਾਨੀ ਜ਼ਹਾਦੀਆਂ ਦਾ ਮੁਕਾਬਲਾ ਕਰ ਕੇ ਭਾਵੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ 'ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋਡੀਏ' ਦੇ ਅਨੁਸਾਰ ਆਪਣੀਆਂ ਜਾਨਾਂ ਤਾਂ ਕੁਰਬਾਨ ਕਰ ਦਿੱਤੀਆਂ ਪਰ ਵੈਰੀ ਦੇ ਮਨਸੂਬਿਆਂ ਦੇ ਆਪਣੀ ਗੜ੍ਹੀ ਵਿਚ ਪੈਰ ਨਾ ਪੈਣ ਦਿੱਤੇ।
ਸਾਰਾਗੜ੍ਹੀ ਦੀ ਲੜਾਈ ਇਕ ਉਹ ਬਹਾਦਰੀ ਦੀ ਮਿਸ਼ਾਲ ਹੈ, ਜਿਸਨੂੰ ਯੂਨੈਸਕੋ (ਯੂ. ਐੱਨ. ਈ. ਐੱਸ. ਸੀ. ਓ.) ਨੇ ਉਨ੍ਹਾਂ ਪੰਜ ਲੜਾਈਆਂ ਵਿਚ ਦਰਜ ਕੀਤਾ ਹੈ। ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਜਿੱਤਣ ਤੋਂ ਬਾਅਦ ਅਫ਼ਗਾਨਿਸਤਾਨ ਉਪਰ ਵੀ ਅੱਧ-ਪਚੱਧ ਕੰਟਰੌਲ ਕਰ ਲਿਆ ਸੀ। ਪਰ ਉੱਥੋਂ ਦੇ ਮੁਸਲਮਾਨ ਜ਼ਹਾਦੀ ਅਜੇ ਵੀ ਅੰਦਰੂਨੀ ਕੰਟਰੌਲ ਲਈ ਲੜਾਈਆਂ ਲੜ ਰਹੇ ਸਨ। ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਹੋਣ ਕਾਰਨ ਉਨ੍ਹਾਂ ਦੀ ਫੌਜ ਵਿਚ ਸਿੱਖ ਭਾਰੀ ਗਿਣਤੀ ਵਿਚ ਭਰਤੀ ਹੋ ਗਏ ਸਨ। ਅੰਗਰੇਜ਼ਾਂ ਨੇ 36 ਸਿੱਖ ਬਟਾਲੀਅਨ ਨਾਂ ਦੀ ਪਲਟਨ ਬਣਾ ਕੇ ਸਾਰਾਗੜ੍ਹੀ ਦੇ ਕੱਚੇ ਕਿਲੇ ਵਾਲੀ ਰਿੱਜ ਉੱਤੇ ਭੇਜ ਦਿੱਤੀ। ਜੋ ਅੱਜ ਕੱਲ੍ਹ ਪਾਕਿਸਤਾਨ ਵਿਚ ਨਾਰਥ ਵੈੱਸਟ ਫਰੰਟੀਅਰ ਸੂਬਾ ਹੈ। ਸਾਰਾਗੜ੍ਹੀ ਦੇ ਈਸਟ ਅਤੇ ਵੈੱਸਟ ਦੋ ਹੋਰ ਵੱਡੇ ਕਿਲੇ 'ਗੁਲਸਤਾਨ' ਅਤੇ 'ਲੌਕਹਰਟ' ਵੀ ਸਨ। ਸਾਰਾਗੜ੍ਹੀ ਇਨ੍ਹਾਂ ਦੇ ਵਿਚਕਾਰ ਸੀ। ਪਰ ਪਹਾੜੀ ਇਲਾਕਾ ਹੋਣ ਕਰਕੇ ਅੱਜ ਦੇ ਯੁੱਗ ਵਾਂਗ ਆਉਣ ਜਾਣ ਅਤੇ ਸੁਨੇਹਾ ਪਹੁੰਚਾਉਣ ਦਾ ਕੋਈ ਵੀ ਸਾਧਨ ਨਹੀਂ ਸੀ। ਕੇਵਲ ਅੱਗ ਬਾਲ਼ ਕੇ ਜਾਂ ਸੂਰਜ ਦੀ ਰੌਸ਼ਨੀ ਵਿਚ ਸ਼ੀਸ਼ੇ ਦੇ ਇਸ਼ਾਰਿਆਂ ਨਾਲ ਸੁਨੇਹਾ ਭੇਜਿਆ ਜਾਂਦਾ ਸੀ।
ਗਿਆਰਾਂ ਸਤੰਬਰ 1897 ਦੀ ਰਾਤ ਨੂੰ ਦਸ ਤੋਂ ਬਾਰਾਂ ਹਜ਼ਾਰ ਦੇ ਲਗਭਗ ਮੁਸਲਮਾਨ ਜਹਾਦੀਆਂ ਨੇ ਸਾਰਾਗੜ੍ਹੀ ਉੱਤੇ ਹਮਲਾ ਬੋਲ ਦਿੱਤਾ।। ਉਸ ਵੇਲ਼ੇ ਉਸ ਕੱਚੀ ਗੜ੍ਹੀ ਵਿਚ ਉਸਦੀ ਸੁਰੱਖਿਆ ਲਈ ਕੇਵਲ 21 ਸਿੱਖ ਸੈਨਿਕ ਹੀ ਸਨ (ਉਨ੍ਹਾਂ ਦੇ ਨਾਲ ਇਕ ਸੇਵਾਦਾਰ ਦਾਓ ਸਿੰਘ ਦੇ ਹੋਣ ਦਾ ਵੀ ਹਵਾਲਾ ਮਿਲ਼ਦਾ ਹੈ)। ਉਸ ਵੇਲ਼ੇ ਉਨ੍ਹਾਂ ਦਾ ਇੰਚਾਰਜ ਹਵਾਲਦਾਰ ਈਸ਼ਰ ਸਿੰਘ ਸੀ। ਰਾਤ ਨੂੰ ਸਮੁੱਚੀ ਗੜ੍ਹੀ ਨੂੰ ਚਾਰ ਚੁਫੇਰਿਓਂ ਚੁੱਪ ਚੁਪੀਤੇ ਘੇਰਾ ਪਾ ਲਿਆ ਗਿਆ। ਦਿਨ ਚੜ੍ਹੇ ਦੋਵੱਲੀ ਜ਼ੋਰਦਾਰ ਫਾਈਰਿੰਗ ਵਿਚੋਂ ਨਿਕਲ਼ ਕੇ ਗੁਰੂ ਦਾ ਇਕ ਸਿੱਖ ਸਿਪਾਹੀ ਗੁਰਮੁਖ ਸਿੰਘ ਉੱਚੀ ਪਹਾੜੀ ਉੱਤੇ ਜਾ ਕੇ ਦੂਸਰੇ ਕਿਲਿਆਂ ਨੂੰ ਸਿਗਨਲ ਕਰਨ ਲੱਗਾ ਕਿ ਸਾਡੇ ਉੱਤੇ ਹਮਲਾ ਹੋ ਗਿਆ ਹੈ। ਜਵਾਬ ਵਿਚ ਸਿਗਨਲ ਮਿਲ਼ਿਆ ਕਿ ਗੜ੍ਹੀ ਨੂੰ ਖਾਲੀ ਕਰ ਕੇ ਨਿਕਲ਼ ਆਓ। ਪਰ ਗੁਰਮੁਖ ਸਿੰਘ ਨੇ ਸਿਗਨਲ ਦਿੱਤਾ ਕਿ ਸਿੰਘ ਆਪਣੀਆਂ ਜਾਨਾਂ ਕੁਰਬਾਨ ਕਰ ਦੇਣਗੇ ਪਰ ਗੜ੍ਹੀ ਨਹੀਂ ਛੱਡਣਗੇ। ਇਨ੍ਹਾਂ ਸਿੱਖ ਫੌਜੀਆਂ ਕੋਲ ਲੜਾਈ ਲਈ ਵੱਡੇ ਹਮਲਾਵਰ ਦਾ ਮੁਕਾਬਲਾ ਕਰਨ ਲਈ ਲੋੜੀਂਦਾ ਗੋਲ਼ਾ-ਬਰੂਦ ਨਹੀਂ ਸੀ। ਉਨ੍ਹਾਂ ਕੋਲ਼ ਕੇਵਲ ਸਾਧਾਰਨ ਰਾਈਫਲਾਂ ਅਤੇ ਆਪਣੇ ਗੁਰੂ ਦਾ ਦਿੱਤਾ ਹੋਇਆ ਉਹ ਸ਼ਬਦ ਸੀ 'ਮੇਰਾ ਕੱਲਾ ਕੱਲਾ ਸਿੱਖ ਲੱਖ ਲੱਖ ਵੈਰੀ ਉੱਤੇ ਭਾਰੂ ਹੋ ਕੇ ਦਿਖਾਏਗਾ'। ਉਨ੍ਹਾਂ ਸਿੰਘਾਂ ਨੇ ਫਿਰ ਚਮਕੌਰ ਦੀ ਗੜ੍ਹੀ ਵਾਲਾ ਇਤਿਹਾਸ ਦੁਹਰਾਇਆ ਅਤੇ ਅਨੇਕਾਂ ਹਮਲਾਵਰਾਂ ਨੂੰ ਮਾਰ ਕੇ ਸ਼ਹੀਦੀਆਂ ਦੇ ਜਾਮ ਪੀਤੇ। ਪਰ ਆਪਣੇ ਗੁਰੂ ਦੇ ਬੋਲਾਂ ਉੱਤੇ ਪਹਿਰਾ ਦਿੰਦਿਆਂ ਆਪਣਾ ਝੰਡਾ ਨੀਵਾਂ ਨਹੀਂ ਹੋਣ ਦਿੱਤਾ। 12 ਸਤੰਬਰ ਦੇ ਸਾਰਾ ਦਿਨ ਲੜਾਈ ਚਲਦੀ ਰਹੀ। ਅਖੀਰ ਵਿਚ ਅਫ਼ਗਾਨੀ ਜਹਾਦੀ ਗੜ੍ਹੀ ਦੀ ਇਕ ਕੰਧ ਢਾਹੁਣ ਵਿਚ ਸਫਲ ਹੋ ਗਏ ਅਤੇ ਉਨ੍ਹਾਂ ਨੇ ਅੰਦਰ ਵਲ਼ਦੇ ਲਾਂਬੂ ਛੁੱਟਕੇ ਧੂੰਆਂ ਕਰ ਦਿੱਤਾ। ਇਸ ਦੇ ਨਾਲ਼ ਇਕੱਲਾ-ਇਕੱਲਾ ਲੜਦਾ ਹੋਇਆ ਵੀਹ ਦੇ ਵੀਹ ਸਿੱਖ ਸ਼ਹੀਦ ਹੋ ਗਏ। ਅਖੀਰ ਵਿਚ ਜਿਹੜਾ ਫੌਜੀ ਗੁਰਮੁਖ ਸਿੰਘ ਪਹਾੜੀ ਉਪਰ ਸਿਗਨਲ ਦੇਣ ਦੀ ਡਿਊਟੀ ਕਰ ਰਿਹਾ ਸੀ, ਉਸ ਨੇ ਅੰਤਿਮ ਸਿਗਨਲ ਦਿੱਤਾ, “ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ। ਹੁਣ ਮੈਂ ਸਿਗਨਲ ਬੰਦ ਕਰ ਕੇ ਵੈਰੀ ਨਾਲ਼ ਲੋਹਾ ਲੈਣ ਲਈ ਆਪ ਵੀ ਯੁੱਧ ਵਿਚ ਕੁੱਦਣ ਲੱਗਾ ਹਾਂ।''
ਇਤਿਹਾਸ ਗਵਾਹ ਹੈ ਕਿ ਦੂਸਰੇ ਦਿਨ ਜਦੋਂ ਅੰਗਰੇਜ਼ੀ ਫੌਜ ਦੀਆਂ ਸਹਾਇਕ ਟੁਕੜੀਆਂ ਗੜ੍ਹੀ ਵਿਚ ਪਹੁੰਚੀਆਂ ਤਾਂ ਅਜੇ ਵੀ 21 ਸ਼ਹੀਦ ਸਿੱਖਾਂ ਦਾ ਸਾਰਾਗੜ੍ਹੀ ਉੱਤੇ ਕਬਜ਼ਾ ਸੀ। ਇਕੱਲੇ ਇਕੱਲੇ ਸ਼ਹੀਦ ਦੇ ਸਰੀਰ ਦੀ ਸੰਭਾਲ਼ ਕੀਤੀ ਗਈ। ਸਹਾਇਕ ਕਮਾਨ ਅਫ਼ਸਰ ਲੈਫਟੀਨੈਂਟ ਕਰਨਲ ਹਾਟਨ ਨੇ ਜਦੋਂ ਗੁਰਮੁਖ ਸਿੰਘ ਦੀ ਕੀਤੀ ਕੁਰਬਾਨੀ ਦੀ ਨਿਰਖ ਪਰਖ ਕੀਤੀ ਤਾਂ ਉਸ ਦੇ ਫੌਜੀ ਬੈਗ ਵਿਚੋਂ ਸਿਗਨਲ ਦੇਣ ਵਾਲਾ ਸ਼ੀਸ਼ਾ ਅਤੇ ਪੱਥਰ ਦਾ ਟੁਕੜਾ ਸੰਭਾਲ਼ੇ ਹੋਏ ਸਨ ਅਤੇ ਫਤਹਿ ਦਾ ਸਿਗਨਲ ਦੇਣ ਲਈ ਉਤਾਵਲੇ ਸਨ। ਜਦੋਂ ਦੁਸ਼ਮਣ ਦੇ ਨੁਕਸ਼ਾਨ ਦਾ ਲੇਖਾ ਜੋਖਾ ਕੀਤਾ ਗਿਆ ਤਾਂ ਪਿੱਛੇ ਮੈਦਾਨ ਵਿਚ ਕੋਈ ਇਤਿਹਾਸਕਾਰ 600 ਅਤੇ ਕੋਈ ਦੂਜਾ 1400 ਅਫ਼ਗਾਨ ਜਹਾਦੀਆਂ ਦੀਆਂ ਲਾਸ਼ਾਂ ਮਿਲਣ ਦੀ ਤਸਦੀਕ ਕਰਦਾ ਹੈ। ਇਸ ਦੇ ਨਾਲ਼-ਨਾਲ਼ 21 ਸਿੱਖ ਬਹਾਦਰਾਂ ਨੇ ਅਖੀਰਲੀ ਗੋਲੀ, ਅਖੀਰਲੇ ਦਮ ਤੀਕਰ ਭਾਵ ਧਰ ਪਈਏ ਧਰਮ ਨਾ ਛੋੜੀਏ ਦਾ ਮਹਾਂਵਾਕ ਸਿੱਧ ਕਰ ਵਿਖਾਇਆ। ਪੜਤਾਲ ਤੇ ਪਤਾ ਲੱਗਾ ਕਿ ਸਿੱਖ ਸਿਪਾਹੀਆਂ ਨੇ ਆਪਣੀ ਅਖੀਰਲੀ ਗੋਲ਼ੀ ਤੀਕਰ ਦੀ ਯੋਗ ਵਰਤੋਂ ਕੀਤੀ।
ਜਦੋਂ 21 ਸਿੱਖਾਂ ਦੀ ਇਸ ਬਹਾਦਰੀ ਦੀ ਖ਼ਬਰ ਇੰਗਲੈਂਡ ਪਹੁੰਚੀ ਤਾਂ ਸਮੇਂ ਦੀ ਸਰਕਾਰ ਨੇ ਆਪਣੀ ਸਮੁੱਚੀ ਪਾਰਲੀਮੈਂਟ ਦਾ ਸ਼ੈਸ਼ਨ ਸੱਦਕੇ ਉਨ੍ਹਾਂ 21 ਸਿੱਖ ਬਹਾਦਰਾਂ ਨੂੰ ਆਪਣੇ ਸਮੁੱਚੇ ਦੇਸ਼ ਵੱਲੋਂ ਹਾਰਦਿਕ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਾਰਲੀਮੈਂਟ ਵਿਚ ਉਨ੍ਹਾਂ ਦੀ ਯਾਦ ਵਿਚ ਪੰਜ ਮਿੰਟ ਦਾ ਮੋਨ ਧਾਰਿਆ ਗਿਆ ਤੇ ਪਾਰਲੀਮੈਂਟ ਉਠਾ ਦਿੱਤੀ ਗਈ। ਇੰਗਲੈਂਡ ਦੀ ਮਹਾਰਾਣੀ ਨੇ ਉਨ੍ਹਾਂ ਸਾਰੇ 21 ਸਿੱਖ ਯੋਧਿਆਂ ਨੂੰ ਫੌਜ ਦੇ ਸਭ ਤੋਂ ਉੱਚੇ ਬਹਾਦਰੀ ਦੇ ਮਾਣ 'ਵਿਕਟੋਰੀਆ ਕਰਾਸ' ਨਾਲ਼ ਸਨਮਾਨਿਤ ਕੀਤਾ। ਉਨ੍ਹਾਂ ਦੇ ਵਾਰਸਾਂ ਨੂੰ ਦੋ-ਦੋ ਮੁਰਬੇ ਜ਼ਮੀਨ ਅਤੇ 500/500 ਰੁਪਏ ਨਕਦ ਦਿੱਤੇ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ 36 ਸਿੱਖ (ਹੁਣ 4 ਸਿੱਖ) ਬਟਾਲੀਅਨ ਵਿਚ ਉਸ ਦਿਨ ਦੀ ਛੁੱਟੀ ਦਾ ਐਲਾਨ ਵੀ ਕੀਤਾ, ਜੋ ਅੱਜ ਤੀਕਰ ਮਨਾਇਆ ਜਾ ਰਿਹਾ ਹੈ।
ਦੇਸ਼ ਆਜ਼ਾਦ ਹੋ ਜਾਣ ਪਿੱਛੋਂ ਭਾਰਤ ਸਰਕਾਰ ਨੇ ਵੀ ਉਨ੍ਹਾਂ 21 ਸਿੱਖ ਸ਼ਹੀਦਾਂ ਨੂੰ 'ਵੀਰਚੱਕਰ' ਪ੍ਰਦਾਨ ਕੀਤਾ। 21 ਇਕੱਠੇ ਯੋਧਿਆਂ ਨੂੰ 'ਵਿਕਟੋਰੀਆ ਕਰਾਸ' ਦਾ ਮਿਲਣਾ ਸਾਰੇ ਸੰਸਾਰ ਵਿਚ ਅੱਜ ਤੀਕਰ ਆਪਣੀ ਮਿਸ਼ਾਲ ਆਪ ਹੈ। ਜਦੋਂ ਵੀ ਇਸ ਬਹਾਦਰੀ ਦੀ ਗੱਲ ਚੱਲੇਗੀ ਸੰਸਾਰ ਵਿਚ ਹਰ ਸਿੱਖ ਦਾ ਸਿਰ ਸਦਾ ਹੀ ਮਾਣ ਵਿਚ ਉੱਚਾ ਰਹੇਗਾ।
11 ਸਤੰਬਰ 2001 ਨੂੰ ਇੰਗਲੈਂਡ ਦੇ ਪਰਾਈਮੈਂਟੇਰੀਅਨ ਟੋਨੀ ਬਲੇਅਰ ਨੇ ਮਹਾਰਾਜ ਦਲੀਪ ਸਿੰਘ ਟਰੱਸਟ ਨੂੰ ਚਿੱਠੀ ਲਿਖ ਕੇ ਇਸ ਬਹਾਦਰੀ ਨੂੰ ਯਾਦ ਕੀਤਾ। ਭਾਰਤ ਵਿਚ ਇਨ੍ਹਾਂ ਸ਼ਹੀਦਾਂ ਦੀ ਅਭੁੱਲ ਯਾਦ ਦੇ ਸਤਿਕਾਰ ਵਜੋਂ ਅੰਮ੍ਰਿਤਸਰ, ਫਿਰੋਜਪੁਰ ਅਤੇ ਸਾਰਾਗੜ੍ਹੀ ਵਿਚ ਤਿੰਨ ਗੁਰਦੁਆਰਾ ਸਾਹਿਬ ਸਥਾਪਤ ਕੀਤੇ ਗਏ ਹਨ। ਅੱਜ ਸਾਡਾ ਵੀ ਫਰਜ ਬਣਦਾ ਹੈ ਕਿ ਉਨ੍ਹਾਂ ਸੂਰਬੀਰ ਸ਼ਹੀਦਾਂ ਨੂੰ ਹਾਰਦਿਕ ਸਰਧਾਂਜਲੀ ਭੇਟ ਕਰੀਏ ਅਤੇ ਪ੍ਰਣ ਕਰੀਏ ਕਿ ਅਸੀਂ ਵੀ ਅੱਗੇ ਨੂੰ ਅਜਿਹੇ ਕਾਰਜ ਕਰਾਂਗੇ ਜਿਸ ਨਾਲ਼ ਸਿੱਖਾਂ ਦਾ ਸੰਸਾਰ ਵਿਚ ਮਾਣ ਅਤੇ ਸਤਿਕਾਰ ਵਧੇ।
ਸਾਰਾਗੜ੍ਹੀ ਦੇ ਮਹਾਨ ਸ਼ਹੀਦਾਂ ਦੇ ਨਾਂ ਇਸ ਪ੍ਰਕਾਰ ਹਨ : 165 ਹਵਾਲਦਾਰ ਈਸ਼ਰ ਸਿੰਘ, 332 ਨਾਇਕ ਲਾਲ ਸਿੰਘ, 546 ਲਾਂਸ ਨਾਇਕ ਚੰਦਾ ਸਿੰਘ, 1321 ਸਿਪਾਹੀ ਸੁੰਦਰ ਸਿੰਘ, 492 ਸਿਪਾਹੀ ਉੱਤਮ ਸਿੰਘ, 859 ਸਿਪਾਹੀ ਹੀਰਾ ਸਿੰਘ, 791 ਸਿਪਾਹੀ ਭੋਲਾ ਸਿੰਘ, 834 ਸਿਪਾਹੀ ਨਾਰਾਇਣ ਸਿੰਘ, 874 ਸਿਪਾਹੀ ਦਿਵਾਨ ਸਿੰਘ, 463 ਸਿਪਾਹੀ ਰਾਮ ਸਿੰਘ, 1257 ਸਿਪਾਹੀ ਭਗਵਾਨ ਸਿੰਘ, 1651 ਸਿਪਾਹੀ ਜੀਵਾ ਸਿੰਘ, 782 ਸਿਪਾਹੀ ਸਾਹਿਬ ਸਿੰਘ, 287 ਸਿਪਾਹੀ ਰਾਮ ਸਿੰਘ, 687 ਸਿਪਾਹੀ ਦਇਆ ਸਿੰਘ, 781 ਸਿਪਾਹੀ ਜੀਵਨ ਸਿੰਘ, 844 ਸਿਪਾਹੀ ਗੁਰਮੁੱਖ ਸਿੰਘ, 1733 ਸਿਪਾਹੀ ਗੁਰਮੁੱਖ ਸਿੰਘ, 1265 ਸਿਪਾਹੀ ਭਗਵਾਨ ਸਿੰਘ, 1556 ਸਿਪਾਹੀ ਬੇਲਾ ਸਿੰਘ ਅਤੇ 1221 ਸਿਪਾਹੀ ਨੰਦ ਸਿੰਘ।
ਆਓ! ਇਨ੍ਹਾਂ ਮਹਾਨ ਯੋਧਿਆਂ ਨੂੰ ਰਲਮਿਲ ਕੇ ਲੱਖ-ਲੱਖ ਪ੍ਰਣਾਮ ਕਰੀਏ, ਜੋ ਸਿਰ-ਧੜ ਦੀ ਬਾਜ਼ੀ ਲਾ ਕੇ ਸਿੱਖ ਕੌਮ ਦਾ ਸਮੇਂ ਅਤੇ ਸੰਸਾਰ ਦੇ ਪੰਨਿਆਂ ਵਿਚ ਸੁਨਹਿਰੀ ਇਤਿਹਾਸ ਸਿਰਜ ਗਏ।
- ਹਰਬੰਸ ਸਿੰਘ ਜੰਡਾਲੀ