ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਤੇ ਸਹਿਜਧਾਰੀ ਵਖਰੇਵਾਂ


ਅਜੋਕੇ ਸਮੇਂ ਵਿਚ ਚੱਲ ਰਹੇ ਵਿਵਾਦਪੂਰਨ ਵਿਚਾਰਾਂ ਦੇ ਸੰਦਰਭ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਇਸ ਵਿਸ਼ੇ 'ਤੇ ਵਿਚਾਰ ਕਰਨਾ ਜ਼ਰੂਰੀ ਬਣਦਾ ਹੈ ਕਿ ਕੌਣ ਸਿੱਖ ਹੈ ਅਤੇ ਕੌਣ ਸਹਿਜਧਾਰੀ  ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਮੂਲ ਰੂਪ ਵਿਚ ਸਿੱਖੀ ਸਰੂਪ ਕਰਕੇ ਹੈ। ਮੂਲ ਪ੍ਰਸ਼ਨ ਇਹ ਹੈ ਕਿ ਕੀ ਕੇਸ ਜਾਂ ਦਾੜ੍ਹੀ ਕੱਟੇ ਹੋਣ 'ਤੇ ਵੀ ਸਿੱਖ ਕਿਹਾ ਜਾ ਸਕਦਾ ਹੈ? ਖੁਸ਼ਵੰਤ ਸਿੰਘ ਦੀ ਪੁਸਤਕ 'ਏ ਹਿਸਟਰੀ ਆਫ਼ ਦਿ ਸਿਖਸ' ਅਨੁਸਾਰ ਸਿੱਖ, ਹਿੰਦੂ ਪਰਿਵਾਰਾਂ ਵਿਚੋਂ ਆਪਣੇ ਹਿੱਤਾਂ ਦੇ ਕਾਰਨ ਸਿੱਖ ਬਣਨ ਲਈ ਉਤੇਜਿਤ ਹੋਏ ਪਰ ਵਕਤ ਬਦਲਣ ਦੇ ਨਾਲ ਉਹ ਮੁੜ ਹਿੰਦੂ ਪਰਿਵਾਰਾਂ ਨਾਲ ਸਬੰਧਤ ਹੋ ਗਏ ਅਤੇ ਉਹ ਕੇਸ ਰਹਿਤ ਸਹਿਜਧਾਰੀ ਅਖਵਾਉਣ ਲੱਗੇ। ਆਰੀਆ ਸਮਾਜ ਵਾਲਿਆਂ ਨੇ ਸਿੱਖ ਧਰਮ ਨੂੰ ਹਿੰਦੂਆਂ ਦੀ ਇਕ ਸ਼ਾਖਾ ਦਰਸਾਇਆ ਸੀ ਜਦੋਂਕਿ ਸਿੱਖ ਆਪਣੀ ਵੱਖਰੀ ਹੋਂਦ ਸਥਾਪਤ ਕਰ ਰਹੇ ਸਨ। ਇਸੇ ਵਿਲੱਖਣਤਾ ਦੇ ਆਧਾਰ 'ਤੇ ਸਿੰਘ ਸਭਾ ਅੰਦੋਲਨ ਵੇਲੇ ਸਿੱਖਾਂ ਨੇ ਗੁਰਦੁਆਰਿਆਂ ਨੂੰ ਭ੍ਰਿਸ਼ਟਾਚਾਰੀ ਤੇ ਦੁਰਾਚਾਰੀ ਮਹੰਤਾਂ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਇਆ। ਸਿੱਖ ਧਰਮ ਦੀ ਹੋਂਦ ਦਾ ਸਿਖ਼ਰ 'ਗੁਰਦੁਆਰਾ ਐਕਟ 1925' ਪਾਸ ਹੋਣ ਦੇ ਨਾਲ ਵਜੂਦ ਵਿਚ ਆਇਆ ਅਤੇ ਫਿਰ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਦੀ ਸਥਾਪਨਾ ਹੋਈ। ਸਮੇਂ ਦੀ ਲੋੜ ਅਨੁਸਾਰ 'ਸਿੱਖ' ਨੂੰ ਪਰਿਭਾਸ਼ਤ ਕਰਨ ਲਈ ਨਵੇਂ ਸਿਰੇ ਤੋਂ ਲੋੜ ਪਈ। 'ਗੁਰਦੁਆਰਾ ਐਕਟ 1925' ਵਿਚ  ਸਿੱਖ ਹੋਣ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਕਿ ਸਿੱਖ ਹੋਣ ਤੋਂ ਭਾਵ ਉਹ ਵਿਅਕਤੀ ਹੈ ਜੋ ਸਿੱਖ ਧਰਮ ਦੀ ਧਾਰਨਾ ਰੱਖਦਾ ਹੈ ਅਤੇ ਹੇਠ ਲਿਖੇ ਅਨੁਸਾਰ ਵਚਨਬੱਧ ਹੈ, ''ਮੈਂ ਪੂਰਨ ਦ੍ਰਿੜ੍ਹਤਾ ਨਾਲ ਬਿਆਨ ਕਰਦਾ ਹਾਂ ਕਿ ਮੈਂ ਸਿੱਖ ਹਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਦਾ ਹਾਂ ਅਤੇ ਮੇਰਾ ਦਸਾਂ ਗੁਰੂਆਂ ਵਿਚ ਵਿਸ਼ਵਾਸ ਹੈ ਅਤੇ ਮੇਰਾ ਹੋਰ ਕੋਈ ਧਰਮ ਨਹੀਂ ਹੈ।''
ਨਿਸ਼ਚੇ ਹੀ ਇਕ ਪੂਰਨ ਸਿੱਖ ਦੀ ਪਰਿਭਾਸ਼ਾ ਦਿੰਦਿਆਂ ਹੋਇਆਂ ਮੁੱਖ ਮੰਤਵ ਮਹੰਤਾਂ ਨੂੰ ਗੁਰਦੁਆਰਿਆਂ ਦੀ ਸਾਂਭ ਸੰਭਾਲ ਤੋਂ ਲਾਂਭੇ ਕਰਨਾ ਸੀ। ਇਸ ਕਰਕੇ ਇਹ ਪਰਿਭਾਸ਼ਾ ਦੋ ਪਹਿਲੂਆਂ ਤੋਂ ਜ਼ਰੂਰੀ ਸਮਝੀ ਗਈ। ਪਹਿਲੀ ਗੱਲ ਇਹ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਵੇਲੇ ਅਧਿਕਾਰੀ ਅਤੇ ਵੋਟਰ ਗੁਰਸਿੱਖ ਹੀ ਹੋ ਸਕਦੇ ਹਨ। ਦੂਜਾ ਇਸ ਤਰ੍ਹਾਂ ਕਰਨ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਨੂੰਨੀ ਤੌਰ 'ਤੇ ਜ਼ਿੰਮੇਵਾਰ ਹੋਣਗੇ ਪਰ ਇੰਨਾਂ ਦੋਨੋਂ ਪਹਿਲੂਆਂ ਦੀ ਮਹੱਤਤਾ ਦੋ ਸ਼ਬਦਾਂ ਕਰਕੇ ਘਟ ਜਾਂਦੀ ਹੈ ਜਿਸ ਵਿਚ 'ਮੈਂ ਨਿਸ਼ਚੇ ਨਾਲ ਕਹਿੰਦਾ ਹਾਂ' (ਭਾਵੇਂ ਸਹੁੰ ਖਾ ਕੇ ਨਹੀਂ) ਅਤੇ 'ਵਿਸ਼ਵਾਸ ਕਰਦਾ ਹਾਂ'(ਇਹ ਇਕ ਬਿਆਨ ਹੀ ਹੋ ਸਕਦਾ ਹੈ)। ਇੰਨਾਂ ਤੱਤਾਂ ਦੇ ਆਧਾਰ 'ਤੇ ਕਿਸੇ ਵੀ ਵਿਅਕਤੀ ਦੇ ਸਿੱਖ ਹੋਣ ਦੇ ਸਬੂਤ ਵਜੋਂ ਸਿਰਫ਼ ਇਹ ਬਿਆਨ ਦੇਣਾ ਹੀ ਸ਼ਾਇਦ ਕਾਫ਼ੀ ਬਣਦਾ ਹੈ ਕਿ ਉਹ ਸਿੱਖ ਹੈ ਅਤੇ ਦਸਾਂ ਗੁਰੂਆਂ ਵਿਚ ਵਿਸ਼ਵਾਸ ਰੱਖਦਾ ਹੈ ਪਰ ਕਿਸੇ ਵੀ ਕੇਸ ਰਹਿਤ ਸਿੱਖ ਨੂੰ ਇਨ੍ਹਾਂ ਦੋ ਗੱਲਾਂ ਦੇ ਆਧਾਰ 'ਤੇ ਸਿੱਖ ਨਹੀਂ ਗਿਣਿਆ ਜਾ ਸਕਦਾ।
ਗੁਰਦੁਆਰਾ ਐਕਟ 1925 ਦੇ ਬਣਨ ਨਾਲ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ ਤਾਂ ਸਾਰੇ ਗੁਰਦੁਆਰਿਆਂ ਦੇ ਪ੍ਰਬੰਧ ਅਤੇ ਹੋਰ ਰਵਾਇਤਾਂ ਨੂੰ ਵਿਸ਼ੇਸ਼ ਨਿਯਮਾਂ ਅਨੁਸਾਰ ਇਕਸਾਰਤਾ ਦੇਣ ਹਿੱਤ ਸਿੱਖ ਅਧਿਆਤਮਿਕਤਾ ਅਤੇ ਸਮਾਜਿਕ ਧਾਰਨਾਵਾਂ ਅਨੁਸਾਰ ਰਹਿਤ ਮਰਿਯਾਦਾ ਦਾ ਸੰਕਲਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਕਿਸੇ ਤਰ੍ਹਾਂ ਦੀ ਵੀ ਹੇਰਾ-ਫੇਰੀ ਨੂੰ ਰੋਕਣ ਵਾਸਤੇ ਸਿੱਖ ਦੀ ਪਰਿਭਾਸ਼ਾ ਅਨੁਸਾਰ ਰਹਿਤ ਮਰਿਯਾਦਾ ਦੇ ਅਸੂਲ ਬਣਾਏ ਗਏ, ਭਾਵੇਂ ਇਹ ਨਿਯਮ ਵਿਸ਼ੇਸ਼ ਕਰਕੇ ਪ੍ਰਬੰਧਕੀ ਆਧਾਰ 'ਤੇ ਸਨ, ਨਾ ਕਿ ਧਾਰਮਿਕ ਰੂਪ ਵਿਚ। ਵਿਸ਼ੇਸ਼ ਮੰਤਵ ਇਹੀ ਸੀ ਕਿ ਗੁਰਦੁਆਰਾ ਚੋਣਾਂ ਵਿਚ ਵੋਟਰਾਂ ਵੱਲੋਂ ਕੋਈ ਦੁਰਵਰਤੋਂ ਨਾ ਹੋ ਸਕੇ, ਜਿਵੇਂ ਕਿ 1978-79 ਵਿਚ ਅਤੇ ਫਿਰ 1986 ਵਿਚ ਚੀਫ਼ ਕਮਿਸ਼ਨਰ, ਗੁਰਦੁਆਰਾ ਚੋਣਾਂ, ਜਸਟਿਸ ਹਰਬੰਸ ਸਿੰਘ ਵਲੋਂ ਬਿਆਨਿਆਂ ਗਿਆ ਕਿ ਸਹਿਜਧਾਰੀ ਦੇ ਰੂਪ ਵਿਚ ਕਈ ਲੋਕਾਂ ਨੇ ਆਪਣੇ ਨਾਂ ਵੋਟਰ ਸੂਚੀ ਵਿਚ ਲਿਖਵਾਏ, ਜੋ ਕਿ ਤੰਬਾਕੂ ਪੀਣ ਵਾਲੇ ਸਨ ਜਾਂ ਮੁਸਲਮਾਨ ਸਨ ਅਤੇ ਜਿਨ੍ਹਾਂ ਨੇ ਐਕਟ ਦੇ ਨਿਯਮਾਂ ਦੀ ਗਲਤ ਬਿਆਨਬਾਜ਼ੀ ਕਰਕੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਕੀ ਕੋਈ ਸਹਿਜਧਾਰੀ ਸਿੱਖ ਸਿੱਖੀ ਅਸੂਲਾਂ ਦੀ ਅਗਵਾਈ ਕਰ ਸਕਦਾ ਹੈ? ਬਹੁਤ ਸਮੇਂ ਤੱਕ ਇਹ ਪਰਿਭਾਸ਼ਾਵਾਂ ਬਦਲਦੀਆਂ ਰਹੀਆਂ ਜਿਵੇਂ ਕਿ ਅੱਜ-ਕਲ੍ਹ ਵੀ ਵਾਦ-ਵਿਵਾਦ ਚੱਲ ਰਿਹਾ ਹੈ। ਸੰਨ 1980 ਵਿਚ ਮੈਕਲੀਓਡ ਦੇ ਲੇਖ 'ਹੂ ਇਜ਼ ਏ ਸਿੱਖ' ਵਿਚ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਕਿ ਸਿੱਖ ਅਸੂਲਾਂ ਵਿਚ ਰਹਿਤ ਮਰਿਯਾਦਾ ਦਾ ਵਿਸ਼ੇਸ਼ ਮਹੱਤਵ ਹੈ। ਭਾਵੇਂ ਕਿ ਰਹਿਤ ਮਰਿਯਾਦਾ ਦਾ ਮੁੱਖ ਮੰਤਵ ਸਿੱਖੀ ਜੀਵਨ-ਜਾਚ ਦੇ ਅਸੂਲਾਂ ਨਾਲ ਹੈ ਜੋ ਨੈਤਿਕ, ਸਮਾਜਿਕ ਅਤੇ ਧਾਰਮਿਕ ਲੋੜਾਂ ਅਨੁਸਾਰ ਹੈ। ਮੈਕਲੀਓਡ ਅਨੁਸਾਰ ਰਹਿਤ ਮਰਿਯਾਦਾ ਉਨ੍ਹਾਂ ਮੁੱਦਿਆਂ ਨੂੰ ਜ਼ਿਆਦਾ ਉਜਾਗਰ ਕਰਦੀ ਹੈ ਜਿਸ ਅਨੁਸਾਰ ਸਿੱਖ ਧਰਮ ਦੀ ਵਿਸ਼ੇਸ਼ ਵਿਲੱਖਣਤਾ ਹੈ। ਭਾਵੇਂ ਸਿੱਖ ਧਰਮ ਵਿਚ ਵੀ ਈਸਾਈ ਧਰਮ ਅਤੇ ਇਸਲਾਮ ਵਾਂਗੂੰ ਕਈ ਤਰ੍ਹਾਂ ਦੀਆਂ ਵਿਰੋਧਤਾਵਾਂ ਹਨ ਪਰ ਸਾਰਿਆਂ ਵਖਰੇਵਿਆਂ ਦੇ ਬਾਵਜੂਦ ਸਿੱਖ ਧਰਮ ਦੀ ਹੋਂਦ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸਿੱਖ ਧਰਮ ਵਿਚ ਸਭ ਤੋਂ ਮਹੱਤਵਪੂਰਨ ਪਰਿਭਾਸ਼ਾ ਸਿੱਖੀ ਪਛਾਣ 'ਤੇ ਆਧਾਰਤ ਹੈ। ਇਸ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਜਾਂ ਬਦਲਾਅ ਦੀ ਸੰਭਾਵਨਾ ਨਹੀਂ ਕੀਤੀ ਜਾ ਸਕਦੀ।
ਗੁਰਦੁਆਰਾ ਐਕਟ ਅਨੁਸਾਰ ਸਿੱਖ ਦੀ ਪਰਿਭਾਸ਼ਾ ਮੂਲ ਰੂਪ ਵਿਚ ਸਿੱਖੀ ਅਸੂਲਾਂ 'ਤੇ ਆਧਾਰਤ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਹੀ ਸੀ ਭਾਵੇਂ ਕਿ ਬਾਅਦ ਵਿਚ ਸਿੱਖਾਂ ਵਿਚੋਂ ਹੀ ਕਈ ਹੋਰ ਸ਼ਾਖਾਵਾਂ ਜਿਵੇਂ ਕਿ ਖਾਲਸਾ, ਅੰਮ੍ਰਿਤਧਾਰੀ, ਸਹਿਜਧਾਰੀ, ਨਿਰੰਕਾਰੀ ਅਤੇ ਨਾਮਧਾਰੀ ਵੀ ਸਿੱਖਾਂ ਦੇ ਹਿੱਸੇ ਬਣ ਗਏ। ਬਾਹਰਲੇ ਦੇਸ਼ਾਂ ਵਿਚ ਰਹਿੰਦੇ ਕੇਸ ਕੱਟਣ ਵਾਲੇ ਸਿੱਖ ਵੀ ਆਪਣੇ ਆਪ ਨੂੰ ਆਪਣੇ ਅਤੀਤ ਦੇ ਅਧਾਰ 'ਤੇ ਸਿੱਖ ਅਖਵਾਉਂਦੇ ਹਨ। ਸਿੱਖੀ ਸਰੂਪ ਵਿਚ ਕੇਸਾਂ ਦਾ ਹੋਣਾ ਮੁੱਢਲੀ ਸ਼ਰਤ ਹੈ, ਭਾਵੇਂ ਉਸ ਨੇ ਅੰਮ੍ਰਿਤ ਛਕਿਆ ਹੋਵੇ ਜਾਂ ਨਾ। ਪ੍ਰੋਫ਼ੈਸਰ ਮੈਕਲੀਓਡ ਅਨੁਸਾਰ ਵੀ ਸਿੱਖ ਕਹਿਲਾਉਣ ਵਾਸਤੇ ਕੇਸਧਾਰੀ ਹੋਣਾ ਜ਼ਰੂਰੀ ਹੈ ਪਰ ਹੁਣ ਸਿੱਖ ਕਹਾਉਣ ਵਾਲੇ ਆਪ ਹੀ ਕਈ ਤਰ੍ਹਾਂ ਦੇ ਨਿਯਮ ਅਤੇ ਸਹੂਲਤਾਂ ਘੜ ਰਹੇ ਹਨ। ਕੁਝ ਲੋਕਾਂ ਦਾ ਵਿਚਾਰ ਹੈ ਕਿ ਗੁਰਬਾਣੀ ਅਤੇ ਗੁਰੂ ਨਿਯਮਾਂ ਅਨੁਸਾਰ ਚੱਲਣ ਵਾਲਾ ਕੋਈ ਵੀ ਵਿਅਕਤੀ ਸਿੱਖ ਹੋ ਸਕਦਾ ਹੈ। ਡਾ. ਗੰਡਾ ਸਿੰਘ ਅਨੁਸਾਰ 'ਖਾਲਸਾ ਹੋਣਾ ਉÎੱਚ ਪੱਧਰ ਦਾ ਸਿੱਖ ਹੋਣਾ ਹੈ'। ਵਿਸ਼ੇਸ਼ ਕਰਕੇ ਜੋ ਵੀ ਲੋਕ ਗੁਰੂ ਨਾਨਕ ਦੇਵ ਸਾਹਿਬ ਦੇ ਚਲਾਏ ਧਰਮ ਅਨੁਸਾਰ ਚਲਦੇ ਹਨ ਉਹ ਸਿੱਖ ਹਨ ਅਤੇ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਛਕਣ ਵਾਲੇ ਖਾਲਸਾ ਰੂਪੀ ਸਿੱਖ ਹਨ। ਬਹੁਤਿਆਂ ਦਾ ਵਿਚਾਰ ਇਕੋ ਪਰਿਭਾਸ਼ਾ ਨਾਲ ਮਿਲਦਾ ਹੈ ਕਿ ਉਹ ਵਿਅਕਤੀ ਸਿੱਖ ਹੈ ਜੋ ਗੁਰੂਆਂ ਦੇ ਦੱਸੇ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਅਸੂਲਾਂ ਅਨੁਸਾਰ ਚੱਲਦਾ ਹੈ। ਕੁਝ ਲੋਕਾਂ ਦਾ ਇਹ ਵੀ ਵਿਚਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਰਹਿਤ ਮਰਿਯਾਦਾ ਬਾਰੇ ਕਿਸੇ ਤਰ੍ਹਾਂ ਦਾ ਵਰਣਨ ਨਹੀਂ ਕੀਤਾ ਗਿਆ ਅਤੇ ਨਾ ਹੀ ਖਾਲਸਾ ਰੂਪ ਹੋਣ ਬਾਰੇ ਅਤੇ ਦਾੜ੍ਹੀ ਕੇਸਾਂ ਦੀ ਸਾਂਭ ਸੰਭਾਲ ਬਾਰੇ ਕੁਝ ਲਿਖਿਆ ਗਿਆ ਹੈ। ਅਜਿਹੇ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਵੀ ਅੰਮ੍ਰਿਤ, ਕੇਸ, ਰਹਿਤ, ਦਸਤਾਰ ਅਤੇ ਸਾਬਤ ਸੂਰਤ ਹੋਣ ਦਾ ਬਿਆਨ ਆਉਂਦਾ ਹੈ। ਭਾਈ ਗੁਰਦਾਸ ਜੀ ਨੇ ਵੀ ਪੰਜ ਕੱਪੜਿਆਂ ਬਾਰੇ ਮਾਨਤਾ ਦਾ ਮਹੱਤਵ ਦੱਸਿਆ ਹੈ ਜਿਸ ਵਿਚ ਦਸਤਾਰ, ਹਜ਼ੂਰੀਆ, ਲੰਬਾ ਚੋਲ਼ਾ, ਕਮਰਕੱਸਾ ਅਤੇ ਕਛਹਿਰਾ ਦਾ ਵਰਣਨ ਕੀਤਾ ਹੈ। ਇਸੇ ਤਰ੍ਹਾਂ ਗੁਰਬਾਣੀ ਵਿਚ ਅਜਿਹੇ ਸਲੋਕ ਆਉਂਦੇ ਹਨ ਜਿਵੇਂ 'ਸਚਿਆਰ ਸਿਖ ਬੈਠੇ ਸਤਿਗੁਰ ਪਾਸ' ਜਾਂ 'ਕੇਸ ਸੰਗ ਦਾਸ ਪਗ ਝਾਰੋ' ਅਤੇ 'ਸਾਬਤ ਸੂਰਤ ਦਸਤਾਰ ਸਿਰਾ'। ਸੰਨ 1699 ਦੀ ਵਿਸਾਖੀ ਦੇ ਸਮੇਂ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਹਿੱਤ ਪੰਜ ਪਿਆਰਿਆਂ ਦੀ ਚੋਣ ਕੀਤੀ ਤਾਂ ਇਸ ਨਵੀਂ ਕੌਮ ਦੀ ਵਿਸ਼ੇਸ਼ ਪਛਾਣ ਲਈ ਪੰਜ ਕਕਾਰਾਂ ਨੂੰ ਜ਼ਰੂਰੀ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪਹਿਲਾਂ ਵੀ ਗੁਰੂ ਨਾਨਕ ਦੇਵ ਤੋਂ ਗੁਰੂ ਤੇਗ ਬਹਾਦਰ ਤੱਕ ਧਾਰਮਿਕ ਅਤੇ ਸਮਾਜਿਕ ਸਿਧਾਂਤਕ ਰੂਪ ਵਿਚ ਗੁਰੂ ਪ੍ਰਚਾਰ ਚੱਲਦਾ ਰਿਹਾ ਪਰ ਗੁਰੂ ਗੋਬਿੰਦ ਸਿੰਘ ਨੇ ਇਸ ਧਾਰਨਾ ਦੇ ਪੈਰੋਕਾਰਾਂ ਨੂੰ ਵਿਸ਼ੇਸ਼ ਰੂਪ ਦੇਣਾ ਜ਼ਰੂਰੀ ਸਮਝਿਆ ਅਤੇ ਗੁਰੂ ਦੇ ਪੈਰੋਕਾਰਾਂ ਨੂੰ ਖਾਲਸੇ ਦਾ ਰੂਪ ਪ੍ਰਦਾਨ ਕੀਤਾ। ਸੰਨ 1699 ਦੀ ਵਿਸਾਖੀ ਤੋਂ ਅੱਜ ਲਗਪਗ 312 ਸਾਲਾਂ ਬਾਅਦ ਬਦਲਵੇਂ ਹਾਲਾਤ ਵਿਚ ਸਿੱਖ ਪੰਥ, ਸਿੱਖ ਕੌਮ ਨੂੰ ਨਵੇਂ ਜਾਂ ਬਦਲਵੇਂ ਹਾਲਾਤ ਮੁਤਾਬਕ ਢਾਲਣ ਦੀ ਕੋਸ਼ਸ਼ ਵਿੱਚ ਹੈ ਅਤੇ ਸਿੱਖ ਹੋਣ ਦੀ ਪਰਿਭਾਸ਼ਾ ਨੂੰ ਵੀ ਬਦਲਣਾ ਚਾਹੁੰਦਾ ਹੈ। ਉਹ ਮੂਲ ਰੂਪ ਵਿਚ ਸਿੱਖ ਧਰਮ ਦੀਆਂ ਬੁਨਿਆਦੀ ਧਾਰਨਾਵਾਂ, ਜਿਵੇਂ ਕਿ ਗੁਰਦੁਆਰੇ ਵਿਚ ਅਰਦਾਸ ਕਰਨਾ, ਲੰਗਰ ਵੰਡਣਾ ਅਤੇ ਛਕਣਾ,  ਫਿਰ ਕੌਮ ਅਤੇ ਮਨੁੱਖਤਾ ਦੀ ਸੇਵਾ ਕਰਨਾ ਆਦਿ ਨੂੰ ਮੰਨਦਾ ਹੈ ਪਰ ਬਾਹਰਲੀ ਦਿੱਖ ਦੇ ਰੂਪ ਤੋਂ ਮੁਨਕਰ ਹੋਣਾ ਪਸੰਦ ਕਰਦੇ ਹਨ ਜਦੋਂਕਿ ਸਹੂਲਤਾਂ ਅਤੇ ਲਾਭਾਂ ਪ੍ਰਤੀ ਹਮੇਸ਼ਾਂ ਉਤੇਜਿਤ ਰਹਿੰਦੇ ਹਨ? ਸ਼ਾਇਦ ਉਹ ਗੱਲਾਂ-ਬਾਤਾਂ ਨਾਲ ਸਿੱਖ ਹੋਣ ਦਾ ਮਾਣ ਹਾਸਲ ਕਰਨਾ ਚਾਹੁੰਦੇ ਹਨ। ਅੱਜ ਸਾਰੇ ਵਿਵਾਦ ਦਾ ਮੁੱਦਾ ਇਹੀ ਹੈ ਕਿ ਅਸੀਂ ਗੱਲੀਂ-ਬਾਤੀਂ ਕੁਝ ਹੋਰ ਹਾਂ ਅਤੇ ਆਪਣੀ ਪ੍ਰਤੱਖ ਪਛਾਣ ਦੇ ਰੂਪ ਤੋਂ ਕੁਝ ਹੋਰ ਹਾਂ। ਇਸ ਲਈ ਜ਼ਰੂਰੀ ਹੈ ਕਿ ਸਿੱਖ ਨੌਜਵਾਨ ਪੀੜ੍ਹੀ ਆਪਣੇ ਸਿੱਖੀ ਸਰੂਪ ਦੀ ਅਹਿਮੀਅਤ ਨੂੰ ਪਛਾਣੇ ਅਤੇ ਇਸ ਸਾਬਤ ਸੂਰਤ ਰੂਪ ਦੀ ਸੰਭਾਲ ਪ੍ਰਤੀ ਵਚਨਬੱਧ ਹੋਵੇ। ਲਗਭਗ ਤਿੰਨ ਸਦੀਆਂ ਤੋਂ ਪ੍ਰਫੁੱਲਤ ਹੋ ਰਿਹਾ ਸਿੱਖ ਧਰਮ ਅੱਜ ਪੂਰੀ ਤਰ੍ਹਾਂ ਸਥਾਪਤ ਅਤੇ ਆਪਣੇ-ਆਪ ਵਿਚ ਇਕ ਵਿਸ਼ੇਸ਼ ਪਛਾਣ ਰੱਖਣ ਵਾਲਾ ਹੈ, ਜਿਸ ਨੂੰ ਵਿਸ਼ਵ ਪੱਧਰ 'ਤੇ ਡੂੰਘਾਈ ਵਿਚ ਸਮਝਣ ਦੇ ਯਤਨ ਹੋ ਰਹੇ ਹਨ।
- ਜੋਗੀ ਜੋਗਿੰਦਰ ਸਿੰਘ