ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰਮਤਿ ਅਤੇ ਰਾਜਨੀਤੀ ਵਿਚ ਸਹਿਜਧਾਰੀ ਦਾ ਫਰਕ


ਗੁਰਮਤਿ ਗਿਆਨ ਦੇ ਭੰਡਾਰ “ਗੁਰੂ ਗ੍ਰੰਥ ਸਾਹਿਬ” ਵਿਚ ਸਹਿਜਧਾਰੀ ਸ਼ਬਦ ਕਿਤੇ ਵੀ ਲਿਖਿਆ ਨਹੀਂ ਮਿਲਦਾ ਸਗੋਂ ਨਾਮਧਾਰੀ (1322), ਮੋਨਿਧਾਰੀ (71), ਮਲਧਾਰੀ (139), ਅੰਮਿਤ੍ਰਧਾਰੀ (404), ਮਾਇਅਧਾਰੀ (172), ਭੇਖਧਾਰੀ (230), ਦੂਧਾਧਾਰੀ (872), ਜੋਗਾਧਾਰੀ (995) ਅਤੇ ਮੁਗਧਾਰੀ (1262) ਆਦਿਕ ਸ਼ਬਦ ਲਿਖੇ ਮਿਲਦੇ ਹਨ। ਜੇ ਸਹਿਜਧਾਰੀ ਕੋਈ ਪ੍ਰਥਾ ਹੁੰਦੀ ਤਾਂ ਇਸ ਦਾ ਵੀ ਜ਼ਿਕਰ ਆਉਣਾ ਸੀ। “ਗੁਰੂ ਗ੍ਰੰਥ ਸਾਹਿਬ” ਜੀ ਤੋਂ ਬਾਅਦ ਦੂਜਾ ਸਰੋਤ “ਸਿੱਖ ਰਹਿਤ ਮਰਿਯਾਦਾ” ਹੈ, ਉਸ ਵਿਚ ਵੀ “ਸਹਿਜਧਾਰੀ ਸਿੱਖ” ਸ਼ਬਦ ਨਹੀਂ ਵਰਤਿਆ ਗਿਆ। ਤੀਜਾ “ਗੁਰ ਇਤਿਹਾਸ ਅਤੇ ਸਿੱਖ ਇਤਿਹਾਸ” ਵਿਚ ਵੀ “ਸਹਿਜਧਾਰੀ ਸਿੱਖ” ਨਹੀਂ ਆਇਆ, ਫਿਰ ਸੋਚੋ ਇਹ ਕਿਧਰੋਂ ਆ ਗਿਆ?
ਜੇ ਮੋਟੇ ਤੌਰ 'ਤੇ ਵੀਚਾਰ ਕਰੀਏ ਤਾਂ ਕਿਸੇ ਧਰਮ ਵਿਚ ਵੀ ਐਸੀ ਸਹਿਜਧਾਰੀ ਪ੍ਰਥਾ ਨਹੀਂ ਹੈ। ਦੇਖੋ ਕੋਈ ਈਸਾਈ “ਸਹਿਜਧਾਰੀ ਈਸਾਈ” ਨਹੀਂ, ਕੋਈ ਮੁਸਲਮਾਨ “ਸਹਿਜਧਾਰੀ ਮੁਸਲਮਾਨ” ਨਹੀਂ, ਕੋਈ ਯਹੂਦੀ “ਸਹਿਜਧਾਰੀ ਯਹੂਦੀ” ਨਹੀਂ, ਕੋਈ ਹਿੰਦੂ “ਸਹਿਜਧਾਰੀ ਹਿੰਦੂ” ਨਹੀਂ, ਕੋਈ ਬੋਧੀ “ਸਹਿਜਧਾਰੀ ਬੋਧੀ” ਨਹੀਂ, ਕੋਈ ਜੈਨੀ “ਸਹਿਜਧਾਰੀ ਜੈਨੀ” ਨਹੀਂ, ਕੋਈ ਪਾਰਸੀ “ਸਹਿਜਧਾਰੀ ਪਾਰਸੀ” ਨਹੀਂ, ਕੋਈ ਜੋਗੀ “ਸਹਿਜਧਾਰੀ ਜੋਗੀ” ਨਹੀਂ, ਕੋਈ ਨਾਮਧਾਰੀ “ਸਹਿਜਧਾਰੀ ਨਾਮਧਾਰੀ” ਨਹੀਂ, ਕੋਈ ਨਿਰੰਕਾਰੀ “ਸਹਿਜਧਾਰੀ ਨਿਰੰਕਾਰੀ” ਨਹੀਂ, ਕੋਈ ਰਾਧਾ ਸੁਆਮੀ “ਸਹਿਜਧਾਰੀ ਰਾਧਾ ਸੁਆਮੀ” ਨਹੀਂ ਅਤੇ ਕੋਈ ਆਦਿ ਧਰਮੀ “ਸਹਿਜਧਾਰੀ ਆਦਿ ਧਰਮੀ” ਨਹੀਂ ਫਿਰ ਗੁਰਸਿੱਖਾਂ ਵਿਚ “ਵੱਖਰਾ ਸਹਿਜਧਾਰੀ ਸਿੱਖ ਫਿਰਕਾ” ਕਿਵੇਂ ਹੋ ਸਕਦਾ ਹੈ?
ਆਓ “ਗੁਰੂ ਗ੍ਰੰਥ ਸਾਹਿਬ” ਵਿਚ ਆਏ ਸਹਿਜ ਅਤੇ ਧਾਰੀ ਸ਼ਬਦਾਂ ਦੇ ਅਰਥ ਅਤੇ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰੀਏ। ਸਹਜ, ਸਹਜੁ, ਸਹਿਜ, ਸਹਜਿ ਸੰਸਕ੍ਰਿਤ ਦੇ ਲਫਜ਼ ਅਤੇ ਸਹਜ ਤੇ ਸਹਜੇ ਪੰਜਾਬੀ ਵਿਚ ਵਰਤੇ ਜਾਂਦੇ ਹਨ। ਮਹਾਨ ਕੋਸ਼ ਵਿਚ ਪ੍ਰਕਰਨ ਅਨੁਸਾਰ ਸਹਜ ਦੇ ਕਈ ਅਰਥ ਹਨ ਜਿਵੇਂ-ਸਾਥ ਪੈਦਾ ਹੋਣ (ਜੌੜਾ ਜੰਮਣਾ) ਵਾਲਾ ਭਾਈ, ਸੁਭਾਵ, ਆਦਤ ਅਤੇ ਫਿਤਰਤ, ਵਿਚਾਰ, ਬਿਬੇਕ (ਸਹਜੇ ਗਾਵਿਆ ਥਾਇ ਪਵੈ) ਗਿਆਨ (ਕਰਮੀ ਸਹਜ ਨ ਉਪਜੈ) ਅਤੇ (ਗੁਰੁ ਬਿਨ ਸਹਜ ਨ ਉਪਜੈ ਭਾਈ..) ਅਨੰਦ-ਜਿੱਥੇ ਸ਼ੋਕ ਨਹੀਂ (ਚਉਥੈ ਪਦ ਮਹਿ ਸਹਜ ਹੈ ਗੁਰਮੁਖਿ ਪਲੈ ਪਾਇ) ਸ਼ੁਸ਼ੀਲ-ਪਤਿਵ੍ਰਤ, ਪਾਰਬ੍ਰਹਮ-ਕਰਤਾਰ (ਸਹਜ ਸਲਾਹੀ ਸਦਾ ਸਦਾ) ਸਨਮਾਨ-ਆਦਰ, ਨਿਰਯਤਨ (ਸਤਿਗੁਰੁ ਤਾ ਪਾਇਆ ਸਹਜ ਸੇਤੀ) ਸੁਭਾਵਿਕ (ਜੋ ਕਿਛੁ ਹੋਇ ਸੁ ਸਹਜੇ ਹੋਇ) ਆਸਾਨੀ ਨਾਲ (ਮੁਕਤਿ ਦੁਆਰਾ ਮੋਕਲਾ ਸਹਿਜੇ ਆਵਉ ਜਾਉ) ਸਿੰਧੀ ਵਿਚ ਸਹਜ (ਘੋਟੀ ਹੋਈ ਭੰਗ) ਧਾਰੀ-ਧਾਰਨ ਕੀਤੀ (ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ-ਸੁਖਮਨੀ) ਅਗੀਕਾਰ ਕੀਤੀ (ਸਾਈ ਸੁਹਾਗਣਿ ਠਾਕੁਰ ਧਾਰੀ) ਡੋਰੀ, ਤੰਦਾਂ ਨੂੰ ਮਿਲਾ ਕੇ ਵੱਟਿਆ ਡੋਰਾ (ਪਉਣ ਹੋਵੈ ਸੂਤਧਾਰੀ) ਮਨੌਤ (ਬਿਨਸੈ ਅਪਨੀ ਧਾਰੀ), ਧਾਰਨ ਵਾਲਾ, ਤਿਖੀ ਧਾਰਾ, ਤੇਜ ਸ਼ਸਤ੍ਰ, ਨਦੀ ਅਤੇ ਦਰਿਆ।
ਭਾ. ਵੀਰ ਸਿੰਘ ਅਨੁਸਾਰ-ਸਹਜ ਦਾ ਅਰਥ ਹੈ ਸੁਭਾਵਿਕ, ਕੁਦਰਤੀ। ਆਤਮਾ ਦੀ ਉਹ ਦਸ਼ਾ ਜੋ ਕਿਸੇ ਬਨਾਵਟ ਨੇ ਨਹੀਂ ਬਣਾਈ ਜੋ ਸੁਤੇ ਸਿੱਧ ਹੈ ਬਲਕਿ ਉਹ ਅਵਸਥਾ ਤੋਂ ਵੀ ਪਰੇ ਯਥਾਰਤ ਹੈ। ਉਸ ਦਾ ਅਰਥ ਗਿਆਨ ਵੀ ਕਰਦੇ ਹਨ ਭਾਵ ਪਰਮ ਪਦ। ਇਹ ਅਵਸਥਾ ਮਾਇਆ ਮੋਹ ਵਿਚ ਪ੍ਰਾਪਤ ਨਹੀਂ ਕੀਤੀ ਜਾ ਸਕਦੀ-ਮਾਇਆ ਵਿਚਿ ਸਹਜੁ ਨ ਉਪਜੈ (68) ਸੁਖ ਸਰੂਪ ਅਤੇ ਹੌਲੇ ਹੌਲੇ-ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ (478) ਸਹਜਿ ਸੇਤੀ-ਵਿਚਾਰ ਨਾਲ ਗਿਆਨ ਸਹਿਤ-ਸਹਜਿ ਸੇਤੀ ਰੰਗ ਮਾਣ£ ਸਹਜ ਕਥਾ-ਗਿਆਨ ਦੀ ਕਥਾ-ਸਹਜ ਕਥਾ ਕੇ ਅੰਮ੍ਰਿਤ ਕੁੰਟਾ (186)
ਸਹਿਜਧਾਰੀ-ਭਾ. ਕਾਨ੍ਹ ਸਿੰਘ ਨਾਭਾ ਅਨੁਸਾਰ-ਸਹਜ (ਗਿਆਨ) ਧਾਰਨ ਵਾਲਾ (ਵਿਚਾਰਵਾਨ) ਸੌਖਾਲੀ ਧਾਰਨਾ ਵਾਲਾ, ਸੌਖੀ ਰੀਤ ਅੰਗੀਕਾਰ ਕਰਨ ਵਾਲਾ ਜੋ ਖੰਡੇ ਦਾ ਅੰਮ੍ਰਿਤ ਪਾਨ ਨਹੀਂ ਕਰਦਾ ਅਤੇ ਕਛ ਕ੍ਰਿਪਾਨ ਦੀ ਰਹਿਤ ਨਹੀਂ ਰੱਖਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਨਾ ਆਪਣਾ ਹੋਰ ਧਰਮ ਪੁਸਤਕ ਨਹੀਂ ਮੰਨਦਾ ਉਹ ਸਹਿਜਧਾਰੀ ਸਿੱਖ ਹੈ। ਭਾ. ਕਾਨ੍ਹ ਸਿੰਘ ਨਾਭਾ ਗੁਰਮਤਿ ਮਾਰਤੰਡ ਵਿਚ ਭਾਈ ਮਨੀ ਸਿੰਘ ਵਾਲੀ “ਭਗਤਾਵਲੀ” ਦਾ ਹਵਾਲਾ ਦੇ ਕੇ ਲਿਖਦੇ ਹਨ ਜੋ ਕੋਈ ਬ੍ਰਾਹਮਣਾਂ ਜਾਂ ਸਾਧ ਪੀਰਾਂ ਵਾਲੇ ਕਰਮਕਾਂਡ ਨਹੀਂ ਕਰਦਾ ਅਤੇ ਗੁਰੂ ਦੇ ਕਹੇ ਅਨੁਸਾਰ ਭੱਦਣ (ਬੱਚੇ ਦੇ ਵਾਲ ਕੱਟਣ ਦੀ ਰਸਮ) ਭਾਵ ਕੇਸ ਨਹੀਂ ਕਟਦਾ ਉਹ ਸਹਿਜਧਾਰੀ ਸਿੱਖ ਹੈ। ਅਜਿਹੇ ਸਹਿਜਧਾਰੀ ਸਿੱਖ ਪੰਥ ਦਾ ਅੰਗ ਹਨ।
ਅਜੋਕੀ ਰਾਜਨੀਤੀ ਅਤੇ ਕੁਟਲਨੀਤੀ ਅਨੁਸਾਰ ਸਹਿਜਧਾਰੀ 'ਤੇ ਕੋਈ ਪਾਬੰਦੀਆਂ ਨਹੀਂ ਭਾਵੇ ਉਹ ਕੇਸ ਕੱਟੇ, ਜ਼ਰਦਾ ਤਮਾਕੂ, ਸਿਗਰਟਾਂ ਆਦਿਕ ਕੋਈ ਵੀ ਨਸ਼ਾ ਖਾਵੇ ਜਾਂ ਪੀਵੇ, ਚੋਰੀ ਯਾਰੀ ਕਰੇ, ਚੁਫੇਰ ਗੜੀਆ ਹੋਵੇ ਭਾਵ ਗੁਰਦੁਆਰੇ ਤੋਂ ਇਲਾਵਾ ਮੰਦਰਾਂ ਵਿਚ ਜਾ ਕੇ ਮੂਰਤੀ ਪੂਜਾ ਕਰੇ, ਸੰਧੂਰ ਦੇ ਟਿੱਕੇ ਲਵਾਵੇ, ਵੀਰਵਾਰ ਨੂੰ ਪੀਰ ਖਾਨੇ ਜਾ ਕੇ ਦੀਵੇ ਵੀ ਬਾਲੇ, ਰਾਮ ਸ਼ਾਮ ਦੀਆਂ ਮੂਰਤੀਆਂ ਨੂੰ ਮੱਥੇ ਵੀ ਟੇਕੇ, ਗਲ ਵਿਚ ਜਾਂ ਮੋਢੇ ਤੇ ਮੰਤਰੇ ਤਵੀਤ ਵੀ ਬਣਾਈ ਫਿਰੇ, ਜੋਤਸ਼ੀਆਂ ਨੂੰ ਹੱਥ ਦਿਖਾਉਂਦਾ ਫਿਰੇ ਭਾਵ ਜਿਸਦਾ ਕੋਈ ਇਕ ਅਕੀਦਾ ਨਾਂ ਹੋਵੇ, ਉਹ ਸਹਿਜਧਾਰੀ ਸਿੱਖ ਹੈ। ਇਕ ਹੁਣ ਉੱਠੀ ਮਿਸਟਰ “ਰਾਣੂ” ਵਾਲੀ ਸਹਿਜਧਾਰੀ ਫੈਡਰੇਸ਼ਨ ਕਲਪਿਤ ਸਹਿਜਧਾਰੀ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਵਿਚ “ਵੋਟਾਂ” ਪਾਉਣ ਦਾ ਅਧਿਕਾਰ ਤਾਂ ਮੰਗਦੀ ਹੈ। ਕੀ ਇਹ ਫੈਡਰੇਸ਼ਨ ਜਾਂ ਇਸ ਦੇ ਮੈਂਬਰ ਜਾਂ ਅਨੁਯਾਈ ਖੰਡੇ ਦੀ ਪਹੁਲ ਨੂੰ ਛੱਡ ਕੇ ਬਾਕੀ ਰਹਿਤਾਂ ਦੇ ਧਾਰਨੀ ਹਨ? ਕੀ ਇਹ ਕੇਸ ਨਹੀਂ ਕਟਦੇ? ਕੀ ਇਹ ਸਹਿਜੇ-ਸਹਿਜੇ ਸਿੱਖ ਬਣ ਰਹੇ ਹਨ? ਕੀ ਇਹ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਖੌਤੀ ਸਾਧਾਂ-ਸੰਤਾਂ ਦੇ ਸ਼ਰਧਾਲੂ ਤਾਂ ਨਹੀਂ? ਫਿਰ ਕੀ ਨਿਸ਼ਾਨੀਆਂ ਹਨ? ਸਹਿਜਧਾਰੀ ਸਿੱਖਾਂ ਦੀਆਂ। ਕੀ ਸਹਿਜਧਾਰੀ ਦੇ ਪੜਦੇ ਪਿੱਛੇ ਸਿੱਖ ਵਿਰੋਧੀ ਤਾਕਤਾਂ, ਜਿਵੇਂ ਆਰ. ਐਸ. ਐਸ, ਸ਼ਿਵ ਸੈਨਾ, ਭਾਜਪਾ, ਆਸ਼ੂਤੋਸ਼, ਸਰਸੇ ਵਾਲਾ, ਭਨਿਆਰੇ ਵਾਲਾ, ਨਕਲੀ ਨਿਰੰਕਾਰੀ, ਵਡਭਾਗੀਏ, ਰਾਧਾ ਸੁਆਮੀ ਅਤੇ ਪੰਥ ਪ੍ਰਵਾਣਿਤ “ਸਿੱਖ ਰਹਿਤ ਮਰਿਯਾਦਾ” ਦੇ ਵਿਰੋਧੀ ਡੇਰੇਦਾਰ ਸਾਧ-ਸੰਤ ਆਦਿਕ ਤਾਂ ਸਹਿਜਧਾਰੀ ਸਿੱਖ ਦੇ ਲੇਬਲ ਥੱਲੇ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਿਚ ਘੁਸੜਨ ਵਿਚ ਕਾਮਯਾਬ ਨਹੀਂ ਹੋ ਜਾਣਗੇ?
ਇਹ ਉਪ੍ਰੋਕਤ ਸਭ ਗੱਲਾਂ ਧਿਆਨ ਨਾਲ ਵਿਚਾਰਨ ਵਾਲੀਆਂ ਹਨ। ਭਲਿਓ ਜਿਵੇਂ ਬਾਕੀ ਧਰਮਾਂ ਵਿਚ ਕੋਈ ਸਹਿਜਧਾਰੀ ਨਹੀਂ ਤਾਂ ਸਿੱਖ ਧਰਮ ਵਿਚ ਕਿਧਰੋਂ ਆ ਗਿਆ? ਜ਼ਰਾ ਧਿਆਨ ਨਾਲ ਵਾਚੋ ਕਿ ਉਹ ਹੀ ਸਿੱਖ ਹੈ ਜੋ ਸਿੱਖ ਧਰਮ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਭਾਵੇਂ ਉਹ ਅੰਮ੍ਰਿਤਧਾਰੀ ਹੈ ਜਾਂ ਨਹੀਂ। “ਗੁਰੂ ਗ੍ਰੰਥ ਸਾਹਿਬ” ਜੀ ਦੀ ਸਰਬਸਾਂਝੀ ਗਿਆਨਮਈ ਬਾਣੀ ਅਨੁਸਾਰ ਜੀਵਣ ਬਤੀਤ ਕਰਨ ਵਾਲਾ ਹਰੇਕ ਪ੍ਰਾਣੀ ਸਿੱਖ ਹੈ-ਸੋ ਸਿੱਖੁ ਸਖਾ ਬੰਧਪੁ ਹੈ ਭਾਈ ਜੇ ਗੁਰ ਕੇ ਭਾਣੇ ਵਿਚਿ ਆਵੈ£ ਆਪਣੇ ਭਾਣੇ ਜੋ ਚਲੈ ਭਾਈ ਵਿਛੁੜ ਚੋਟਾਂ ਖਾਵੈ£ (601) ਰਹਿਣੀ ਰਹੈ ਸੋਈ ਸਿੱਖ ਮੇਰਾ (ਰਹਿਤਨਾਮਾ)-ਭਾਵ ਗੁਰਬਾਣੀ ਅਨੁਸਾਰ ਰਹਿਣੀ ਰਖੈ ਇਧਰ-ਉਧਰ ਨਾਂ ਭਟਕੇ ਉਹ ਹੀ ਮੇਰਾ ਸਿੱਖ ਹੈ।
ਸਾਡੇ ਬਹੁਤ ਸਾਰੇ ਅੰਮ੍ਰਿਤਧਾਰੀ ਸਿੱਖ ਵੀ, ਬਾਣਾ ਗੁਰੂ ਦਾ ਪਾ ਕੇ ਬ੍ਰਾਹਮਣੀ ਕਰਮਕਾਂਡ ਕਰਦੇ ਹੋਏ ਅਖੌਤੀ ਸਾਧਾਂ ਸੰਤਾਂ ਦੇ ਡੇਰਿਆਂ 'ਤੇ ਭਟਕਦੇ ਫਿਰਦੇ ਹਨ। ਕੁਝ ਤਾਂ ਏਨੇ ਕੱਟੜਵਾਦੀ ਹੋ ਗਏ ਹਨ ਕਿ ਸੁੱਚ-ਭਿੱਟ ਕਰਨ ਲੱਗ ਪਏ ਹਨ। ਇਕੱਲੇ ਪੰਜ ਕਕਾਰਾਂ ਨੂੰ ਹੀ ਸਿੱਖੀ ਸਮਝਣ ਲੱਗ ਪਏ ਹਨ। ਜੇ ਕਿਤੇ ਕ੍ਰਿਪਾਨ ਲਹਿ ਗਈ, ਕਛਹਿਰਾ ਲਹਿ ਗਿਆ ਤਾਂ ਸਿੱਖੀ ਟੁੱਟ ਗਈ, ਜੇ ਦਾੜ੍ਹੀ ਬੰਨ ਲਈ ਜਾਂ ਪੈਂਟ ਸ਼ਰਟ ਪਾ ਲਈ ਤਾਂ ਸਿੱਖੀ ਟੁੱਟ ਗਈ, ਜੇ ਚਾਹ ਪੀ ਲਈ ਜਾਂ ਮਾਸ ਮਛਲੀ ਖਾ ਲਈ ਤਾਂ ਸਿੱਖੀ ਟੁੱਟ ਗਈ, ਜੇ ਮੇਜ ਕੁਰਸੀਆਂ ਤੇ ਲੰਗਰ ਛਕ ਲਿਆ ਤਾਂ ਸਿੱਖੀ ਜਾਂਦੀ ਰਹੀ, ਜੇ ਕਿਤੇ ਘਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖ ਲਿਆ ਤਾਂ ਸਿੱਖੀ ਟੁੱਟ ਗਈ ਅਤੇ ਕੱਟੜਵਾਦੀ ਡਾਗਾਂ ਲੈ ਕੇ ਮਗਰ ਪੈ ਗਏ, ਇਹੋ ਜਿਹੇ ਹੋਰ ਵੀ ਕਈ ਕਾਰਨਾਮੇ ਹਨ ਜਿਨ੍ਹਾਂ ਦੇ ਡਰ ਕਰਕੇ ਆਮ ਆਦਮੀ ਅਤੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਦੇਖੋ ਸਿੰਧੀ ਲੋਕਾਂ ਵਿਚ ਕਿੰਨੀ ਸ਼ਰਧਾ ਹੈ ਉਹ ਘਰ ਵਿਚ ਗੁਰੂ ਗ੍ਰੰਥ ਜ਼ਰੂਰ ਰੱਖਦੇ ਹਨ ਅਤੇ ਲੜਕੀ ਨੂੰ ਦਾਜ ਵਿਚ ਹੋਰ ਵਸਤੂਆਂ ਤੋਂ ਇਲਾਵਾ “ਗੁਰੂ ਗ੍ਰੰਥ ਸਾਹਿਬ” ਜੀ ਦੀ ਪਵਿਤ੍ਰ ਬੀੜ ਵੀ ਦਿੰਦੇ ਹਨ, ਇਸ ਦੇ ਨਾਲ ਜੇ ਉਹ ਗੁਰ ਉਪਦੇਸ਼ਾਂ ਤੇ ਚੱਲਦੇ ਹੋਏ ਇਧਰ-ਉਧਰ ਨਹੀਂ ਭਟਕਦੇ ਤਾਂ ਕੀ ਉਹ ਸਿੱਖ ਨਹੀਂ ਹਨ?
ਸਾਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ। ਕੀ ਚੋਣਾਂ ਵਿਚ ਭੁੱਕੀਆਂ, ਸ਼ਰਾਬਾਂ ਅਤੇ ਹੋਰ ਨਸ਼ੇ, ਮਾਇਆ ਦਾ ਲਾਲਚ, ਚੌਧਰ ਅਤੇ ਹਕੂਮਤ ਦੀ ਤਾਕਤ ਦੇ ਡਰਾਵੇ ਦੇ ਕੇ, ਵੋਟਾਂ ਲੈਣ ਵਾਲਿਆਂ ਨੂੰ, ਸਿੱਖ ਮੰਨਿਆਂ ਜਾ ਸਕਦਾ ਹੈ ਭਾਵੇਂ ਉਨ੍ਹਾਂ ਨੇ ਗੁਰੂ ਦਾ ਬਾਣਾ ਪਾਇਆ ਅਤੇ ਗਿੱਠ-ਗਿੱਠ ਲੰਮੀਆਂ ਦਾੜ੍ਹੀਆਂ ਖੁਲ੍ਹੀਆਂ ਛੱਡੀਆਂ ਹੋਣ? ਸੋ ਦੂਜੇ ਪਾਸੇ ਰਾਜਨੀਤੀ ਵਰਤ ਕੇ ਤਾਕਤ ਨਾਲ ਹਕੂਮਤ ਜਾਂ ਅਹੁਦੇਦਾਰੀਆਂ ਹਥਿਆਉਣ ਲਈ ਹੀ, ਸਹਿਜਧਾਰੀ ਸਿੱਖ ਹੋਣ ਦਾ ਡਰਾਮਾ ਕਰਨਾ ਵੀ ਕੋਈ ਸਿੱਖੀ ਵਾਲੀ ਗੱਲ ਨਹੀਂ। ਸੋ ਭਲਿਓ ਜੇ ਸਹਿਜਧਾਰੀ ਸਿੱਖ ਬਣਨਾ ਜਾਂ ਅਖਵਾਉਣਾ ਹੀ ਹੈ ਤਾਂ ਗੁਰੂ ਗ੍ਰੰਥ, ਪੰਥ ਅਤੇ ਸਿੱਖ ਮਰਿਯਾਦਾ ਨੂੰ ਛੱਡ ਕੇ ਮੰਦਰਾਂ ਵਿਚ ਟੱਲ ਖੜਕਾਉਣੇ, ਪੀਰਾਂ ਦੀਆਂ ਕਬਰਾਂ ਤੇ ਦੀਵੇ ਬਾਲਣੇ, ਬੂਬਣੇ ਸਾਧਾਂ ਦੇ ਡੇਰਿਆਂ 'ਤੇ ਜਾਣਾ, ਤੋਤਾ ਰਟਨੀ ਪਾਠ ਕਰਮ ਕਰਾਉਣੇ, ਕੇਸ ਕੱਟਣੇ ਅਤੇ ਨਸ਼ੇ ਆਦਿਕ ਵਰਤਣੇ ਛੱਡਣੇ ਪੈਣਗੇ। ਸਿੱਖ ਘਰਾਣੇ ਵਿਚ ਪੈਦਾ ਹੋਇਆ ਬੱਚਾ ਜੇ ਸਿੱਖੀ ਤੋਂ ਬਾਗੀ ਹੋ ਜਾਂਦਾ ਹੈ ਤਾਂ ਉਹ ਸਹਿਜਧਾਰੀ ਸਿੱਖ ਨਹੀਂ ਬਣ ਜਾਂਦਾ, ਸਹਿਜਧਾਰੀ ਦਾ ਮਤਲਬ ਤਾਂ ਹੌਲੀ ਹੌਲੀ ਅੱਗੇ ਵਧਣ ਦਾ ਹੈ ਨਾਂ ਕਿ ਬੈਕ ਗੇਅਰ ਲਾ ਕੇ ਪਿੱਛੇ ਮੁੜ ਜਾਣ ਦਾ -ਅਗਾਹਾਂ ਕੂ ਤ੍ਰਾਂਘਿ ਪਿਛਾ ਫੇਰਿ ਨਾ ਮੋਹਡੜਾ£ (1096)
ਭਲਿਓ ਆਓ ਆਪਾਂ ਸਾਰੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਹੋ ਜਾਈਏ ਤਾਂ ਹੀ ਅਸੀਂ ਅੰਮ੍ਰਿਤਧਾਰੀ ਜਾਂ ਸਹਿਜਧਾਰੀ ਸਿੱਖ ਹਾਂ ਵਰਨਾ ਫੋਕੇ ਦਿਖਾਵੇ ਅਤੇ ਭੇਖ ਹਨ ਜਾਂ ਭੇਡਾ ਚਾਲ ਹੀ ਹੈ। ਦਾਸ ਨੂੰ ਪੂਰਨ ਵਿਸ਼ਵਾਸ ਹੈ ਕਿ ਜਦ ਸਿੱਖ “ਗੁਰੂ ਗ੍ਰੰਥ ਸਾਹਿਬ” ਵਿਚ ਦਰਸਾਏ ਗਏ ਅੰਮ੍ਰਿਤ ਦੇ ਧਾਰਨੀ ਭਾਵ ਅੰਮ੍ਰਿਤਧਾਰੀ ਬਣ ਜਾਣਗੇ, ਫਿਰ ਕੋਈ ਸਹਿਜਧਾਰੀ ਅਤੇ ਕੋਈ ਡੇਰਾਧਾਰੀ ਨਹੀਂ ਰਹਿ ਜਾਵੇਗਾ। ਫਿਰ “ਗੁਰੂ ਗੁਰੂ” ਅਤੇ “ਸਿੱਖ ਸਿੱਖ” ਹੀ ਹੋਵੇਗਾ ਅਤੇ ਕੋਈ ਵੱਖਰੇ-ਵੱਖਰੇ ਡੇਰੇ ਨਹੀਂ ਚਲਾਏਗਾ ਅਤੇ ਨਾਂ ਹੀ ਚੱਲੇ ਹੋਏ ਡੇਰਿਆਂ 'ਤੇ ਜਾਏਗਾ। ਭਲਿਓ ਜੇ ਸਿੱਖਾਂ ਦਾ ਰੱਬ ਇਕ, ਗ੍ਰੰਥ ਇਕ, ਪੰਥ ਇਕ, ਨਿਸ਼ਾਨ ਇਕ, ਵਿਧਾਨ ਇਕ, ਫਿਰ ਇਹ ਸਹਿਜਧਾਰੀ ਅਤੇ ਅੰਮ੍ਰਿਤਧਾਰੀ ਸਿੱਖ ਵਾਲਾ ਪਾੜਾ ਕਿੱਥੇ ਰਹਿ ਜਾਵੇਗਾ? ਗੁਰੂ ਭਲੀ ਕਰੇ ਅਸੀਂ ਰਾਜਨੀਤਕ ਲੋਕਾਂ ਅਤੇ ਪਾਖੰਡੀ ਸਾਧਾਂ ਦੀਆਂ ਬਦਨੀਤੀਆਂ ਦੀ ਚਾਲ ਸਮਝ ਕੇ ਇਉਂ ਇਕ-ਮਿਕ ਹੋਏ ਰਹੀਏ-ਸਾਧਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ£ (486)
ਉਪਰੋਕਤ ਵਿਚਾਰ-ਚਰਚਾ ਤੋਂ ਭਲੀ ਭਾਂਤ ਪਤਾ ਚੱਲ ਜਾਂਦਾ ਹੈ ਕਿ ਜੇ ਬਾਕੀ ਧਰਮਾਂ ਵਿਚ ਵੱਖਰੇ ਸਹਿਜਧਾਰੀ ਨਹੀਂ ਹਨ ਤਾਂ ਸਿੱਖ ਧਰਮ ਵਿਚ ਕਿਵੇਂ ਹੋ ਸਕਦੇ ਹਨ? ਇਉਂ ਗੁਰਮਤਿ ਅਤੇ ਰਾਜਨੀਤੀ ਵਿਚ ਸਹਿਜਧਾਰੀ ਦਾ ਬਹੁਤ ਵੱਡਾ ਫਰਕ ਹੈ ਅਤੇ ਇਸ ਨੂੰ ਸਮਝਣ ਦੀ ਲੋੜ ਹੈ। ਗਰਮਤਿ ਦੇ ਸਹਿਜਧਾਰੀ ਗੁਰੂ ਦੇ ਸਿੱਖ ਹਨ ਅਤੇ ਰਾਜਨੀਤੀ ਦੇ ਸਹਿਜਧਾਰੀ ਆਪੋ ਆਪਣੀ ਪਾਰਟੀ ਅਤੇ ਮਨੌਤਾਂ ਦੇ ਸਿੱਖ ਹਨ।  
- ਅਵਤਾਰ ਸਿੰਘ ਮਿਸ਼ਨਰੀ
510-432-5827