ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ਼੍ਰੋਮਣੀ ਕਮੇਟੀ ਦੀਆਂ ਇਹਨਾਂ ਚੋਣਾਂ ਤੋਂ ਬਾਅਦ ਕੀ ਕੀਤਾ ਜਾਵੇ?


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਹਨਾਂ ਚੋਣਾਂ ਦੇ ਨਤੀਜੇ ਦੇਖ ਕੇ ਉਹਨਾਂ ਗੁਰਸਿੱਖਾਂ ਨੂੰ ਨਿਰਾਸ਼ਤਾ ਹੀ ਹੋਵੇਗੀ ਜਿਨ੍ਹਾਂ ਨੂੰ ਇਹ ਆਸ ਸੀ ਕਿ ਇਸ ਵਾਰ ਗੁਰਦੁਆਰਾ ਪ੍ਰਬੰਧ 'ਚ ਕੁਝ ਨਾ ਕੁਝ ਸੁਧਾਰ ਜ਼ਰੂਰ ਹੋਵੇਗਾ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਚੁੱਕਿਆ ਹੈ ਇਹ ਹੀ ਕਾਰਨ ਹੈ ਕਿ ਇਸ ਦੇ ਸਾਰੇ ਪ੍ਰਬੰਧਕ ਹੁਣ ਆਪਣਾ ਮੁੱਖ ਮਕਸਦ ਗੁਰਦੁਆਰਾ ਪ੍ਰਬੰਧ 'ਚ ਸੁਧਾਰ ਬਾਰੇ ਸੋਚਣ ਦੀ ਥਾਂ ਇਹ ਸੋਚਣ ਲੱਗ ਪਏ ਹਨ ਕਿ ਉਹ ਅਗਲੀਆਂ ਚੋਣਾਂ 'ਚ ਫਿਰ ਕਿਸ ਤਰ੍ਹਾਂ ਇਸ ਗੱਦੀ 'ਤੇ ਬਰਕਰਾਰ ਰਹਿ ਸਕਦੇ ਹਨ। ਵੋਟ ਪ੍ਰਬੰਧ 'ਚ ਭਾਰੂ ਹੋਈ ਇਹ ਪ੍ਰਵਿਰਤੀ ਸਿੱਖ ਕੌਮ ਦਾ ਅਤਿਅੰਤ ਨੁਕਸਾਨ ਕਰ ਰਹੀ ਹੈ। ਜਾਗਰੂਕ ਸਿੱਖ ਸੰਸਥਾਵਾਂ ਸਦਾ ਹੀ ਇਹ ਚਾਹੁੰਦੀਆਂ ਹਨ ਕਿ ਜੇ ਘੱਟੋ-ਘੱਟ ਸ਼੍ਰੋਮਣੀ ਕਮੇਟੀ ਨੂੰ ਹੀ ਹਾਲ ਦੀ ਘੜੀ ਸਿਆਸਤ ਦੇ ਗਲਬੇ ਤੋਂ ਮੁਕਤ ਕਰਵਾ ਲਿਆ ਜਾਵੇ ਤਾਂ ਸਿੱਖਾਂ ਵਿਚ ਮੁੜ ਚੰਗੇ ਦਿਨ ਪਰਤਣ ਦੀ ਆਸ ਕੀਤੀ ਜਾ ਸਕਦੀ ਹੈ। ਅਜੇ ਤੱਕ ਇਹ ਸਿੱਖ ਸੰਸਥਾਵਾਂ ਆਪਣੇ ਪਵਿੱਤਰ ਮਨੋਭਾਵਾਂ ਨੂੰ ਅਮਲੀ ਰੂਪ ਦੇਣ 'ਚ ਕਾਮਯਾਬ ਨਹੀਂ ਹੋ ਸਕੀਆਂ। ਭਾਵੇਂ ਰਾਜਸੀ ਪਾਰਟੀਆਂ ਤੋਂ ਅਜੇ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਸਿਰਫ਼ ਤੇ ਸਿਰਫ਼ ਆਪਣੇ ਧਾਰਮਿਕ ਫਰਜ਼ਾਂ ਨੂੰ ਅੱਗੇ ਰੱਖ ਕੇ ਇਹ ਚੋਣਾਂ 'ਚ ਮੌਜੂਦਾ ਪ੍ਰਬੰਧ ਦਾ ਲੱਕ ਤੋੜਨ ਦਾ ਉਦਮ ਕਰਨ, ਪਰ ਫਿਰ ਵੀ ਕਿਸੇ ਹੱਦ ਤੱਕ ਗੈਰਬਾਦਲੀ ਸਿਆਸੀ ਪਾਰਟੀਆਂ ਹਰ ਚੋਣਾਂ ਸਮੇਂ ਅਜਿਹੇ ਉਦਮ ਕਰਨ ਦਾ ਯਤਨ ਜ਼ਰੂਰ ਕਰਦੀਆਂ ਹਨ।
ਪਿਛਲੇ ਸਾਲਾਂ ਵਿਚ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਨੇ ਕਈ ਅਜਿਹੇ ਗੈਰਜ਼ਿੰਮੇਵਾਰਾਨਾ ਕੰਮ ਕੀਤੇ ਜਿਨ੍ਹਾਂ ਨਾਲ ਸਿੱਖ ਕੌਮ ਨੂੰ ਲਾਭ ਦੀ ਥਾਂ ਨੁਕਸਾਨ ਵਧੇਰੇ ਹੋਇਆ ਹੈ। ਕਮੇਟੀ ਦੇ ਇਹਨਾਂ ਕਾਰਜਾਂ ਦਾ ਪੂਰੀ ਸਿੱਖ ਕੌਮ ਨੇ ਡਟਵਾਂ ਵਿਰੋਧ ਵੀ ਕੀਤਾ। ਖਾਸਕਰ ਇਸੇ ਸਦਨ ਵੱਲੋਂ ਸਿੱਖ ਕੌਮ ਦੀ ਵਿਲੱਖਣਤਾ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਬਿਕਰਮੀਕਰਨ ਕੀਤੇ ਜਾਣ ਦਾ ਵਿਆਪਕ ਵਿਰੋਧ ਹੋਇਆ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੇ ਗਏ ਸਿੱਖ ਇਤਿਹਾਸ (ਹਿੰਦੀ) ਵਿਚ ਧਰਮ ਵਿਰੋਧੀ ਅਤੇ ਸਿੱਖ ਗੁਰੂਆਂ ਵਿਰੋਧੀ ਲਿਖਤਾਂ ਨੇ ਵੀ ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਜਾਂ ਸਿੱਖ ਦੁਸ਼ਮਣ ਜਮਾਤਾਂ ਨਾਲ ਰਲੇ ਹੋਣ ਦੀ ਗੱਲ ਹੁਣ ਤੱਕ ਚਰਚਾ ਵਿਚ ਹੈ। 1984 ਦੇ ਸਿੱਖ ਕਤਲੇਆਮ ਸਬੰਧੀ ਚੱਲ ਰਹੇ ਅਦਾਲਤੀ ਕੇਸਾਂ ਵਿਚ ਇਹਨਾਂ ਪ੍ਰਬੰਧਕਾਂ ਦੀ ਰੂਚੀ ਨਾ ਹੋਣ ਕਰਕੇ ਇਹ ਕੇਸ ਪਿਛਲੇ 27 ਸਾਲਾਂ ਤੋਂ ਅੱਗੇ ਨਹੀਂ ਵਧ ਰਹੇ। ਇਹਨਾਂ ਕੇਸਾਂ ਵਿਚ ਜੋ ਆਪਣੇ ਆਪ ਕਾਰਵਾਈਆਂ ਹੋ ਰਹੀਆਂ ਹਨ ਉਹਨਾਂ ਤੋਂ ਪਤਾ ਲੱਗ ਸਕਦਾ ਹੈ ਕਿ ਸਿੱਖ ਪੀੜਤਾਂ ਨੂੰ ਆਪਣੇ ਹੋਏ ਨੁਕਸਾਨ ਜਾਂ ਗਵਾÂਂਆਂ ਗਈਆਂ ਜਾਨਾਂ ਦਾ ਇਨਸਾਫ਼ ਨਹੀਂ ਮਿਲ ਸਕੇਗਾ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਤੀ ਜਾ ਰਹੀ ਫਾਂਸੀ ਦੇ ਸਬੰਧ ਵਿਚ ਵੀ ਸ਼੍ਰੋਮਣੀ ਕਮੇਟੀ ਉਸ ਵੇਲੇ ਹੀ ਹਰਕਤ ਵਿਚ ਆਉਂਦੀ ਹੈ ਜਦੋਂ ਆਮ ਸਿੱਖ ਸੰਗਤਾਂ ਪੂਰੀ ਤਨਦੇਹੀ ਨਾਲ ਭੁੱਲਰ ਦੇ ਹੱਕ ਵਿਚ ਰੋਸ ਮੁਜ਼ਾਹਰੇ ਕਰਨ ਲੱਗਦੀਆਂ ਹਨ। ਸਿਰਫ਼ ਲੋਕਾਂ ਸਾਹਮਣੇ ਸੱਚੇ ਹੋਣ ਲਈ ਸ਼੍ਰੋਮਣੀ ਕਮੇਟੀ ਇਕ ਦੋ ਦਿਨ ਰੋਸ ਮੁਜ਼ਾਹਰੇ ਕਰਕੇ ਫਿਰ ਠੰਡੀ ਹੋ ਜਾਂਦੀ ਹੈ। ਹੋਂਦ ਚਿੱਲੜ ਕਾਂਡ ਅਤੇ ਇਸੇ ਤਰ੍ਹਾਂ ਦੇ ਹੋਰ ਦੇਸ਼ 'ਚ ਵਾਪਰੇ ਕਾਂਡਾਂ ਦੇ ਸਾਹਮਣੇ ਆ ਜਾਣ ਸਮੇਂ ਵੀ ਕਮੇਟੀ ਨੇ ਕੁਝ ਦਿਨ ਅਖ਼ਬਾਰੀ ਬਿਆਨਾਂ ਤੋਂ ਵੱਧ ਅਜੇ ਤੱਕ ਕੁਝ ਨਹੀਂ ਸੀ ਕੀਤਾ। ਹੋਂਦ ਚਿੱਲੜ ਕਾਂਡ ਅਤੇ ਸਾਕਾ ਦਰਬਾਰ ਸਾਹਿਬ ਦੀ ਯਾਦਗਾਰ ਬਣਾਉਣ ਦਾ ਕੰਮ ਵੀ ਅਜੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਦਰਵਾਜਿਆਂ ਨੂੰ ਮੁਰੰਮਤ ਤੋਂ ਬਾਅਦ ਅਜੇ ਤੱਕ ਇਥੇ ਮੁੜ ਕੇ ਨਹੀਂ ਲਗਾਇਆ ਗਿਆ ਅਤੇ ਇਹਨਾਂ ਦਰਵਾਜਿਆਂ ਦਾ ਕੀ ਬਣਿਆ ਇਹ ਵੀ ਅਜੇ ਭੇਦ ਹੀ ਹੈ। ਸ੍ਰੀ ਦਰਬਾਰ ਸਾਹਿਬ ਤੋਂ ਰਿਲੇਅ ਹੁੰਦੇ ਗੁਰਬਾਣੀ ਕੀਰਤਨ ਪ੍ਰੋਗਰਾਮਾਂ 'ਚ ਕਰੋੜਾਂ ਰੁਪਏ ਦੇ ਘਪਲੇ, ਸ੍ਰੀ ਦਰਬਾਰ ਸਾਹਿਬ ਦਾ 23 ਕਰੋੜ ਰੁਪਏ ਘਾਟੇ ਦਾ ਬਜਟ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਗੱਡੀ ਵੱਲੋਂ 1.64 ਕਰੋੜ ਰੁਪਏ ਦਾ ਤੇਲ ਖਾ ਜਾਣ ਦੀਆਂ ਖ਼ਬਰਾਂ ਨੇ ਭਾਵੇਂ ਮੌਜੂਦਾ ਸਦਨ ਵਿਚ ਹੋ ਰਹੀਆਂ ਹੇਰਾਫੇਰੀਆਂ ਅਤੇ ਗੈਰਜ਼ਿੰਮੇਵਾਰਾਨਾ ਹਰਕਤਾਂ ਨਾਲ ਸਿੱਖ ਸੰਗਤ ਦਾ ਧਿਆਨ ਜ਼ਰੂਰ ਖਿੱਚਿਆ ਹੈ ਪਰ ਫਿਰ ਵੀ ਪੰਜਾਬ ਵਾਸੀ ਸਿੱਖ ਸਭ ਕੁਝ ਜਾਣਦੇ ਹੋਏ ਵੀ ਇਸ ਪ੍ਰਬੰਧਕੀ ਨਿਜ਼ਾਮ ਤੋਂ ਖਹਿੜਾ ਛੁਡਵਾਉਣ ਲਈ ਤਿਆਰ ਨਹੀਂ ਜਾਪਦੇ। ਹੁਣ ਕੁਝ ਹੀ ਦਿਨਾਂ ਤੱਕ ਜਦੋਂ ਇਹਨਾਂ ਚੋਣਾਂ ਦੇ ਨਤੀਜੇ ਆਉਣੇ ਹਨ ਤਾਂ ਉਹਨਾਂ ਸਾਰੀਆਂ ਸਿੱਖ ਸੰਗਤਾਂ ਦੇ ਹੱਥ ਨਿਰਾਸ਼ਾ ਹੀ ਆਵੇਗੀ ਜੋ ਉਕਤ ਗੈਰਨਿਯਮੀਆਂ ਤੋਂ ਦੁਖੀ ਹੋ ਕੇ ਇਹਨਾਂ ਚੋਣਾਂ ਵਿਚ ਪੂਰੀ ਤਰ੍ਹਾਂ ਸਰਗਰਮ  ਰਹੇ ਹੋਣਗੇ। ਦੇਖਿਆ ਜਾਵੇ ਤਾਂ ਇਹ ਪਹਿਲੀ ਵਾਰ ਨਹੀਂ ਹੋਇਆ। ਹਰ ਚੋਣਾਂ ਸਮੇਂ ਬਾਦਲ ਦਲ ਨੂੰ ਟੱਕਰ ਦੇਣ ਲਈ ਕੋਈ ਸਾਂਝਾ ਮੋਰਚਾ ਜ਼ਰੂਰ ਹੋਂਦ ਵਿਚ ਆਉਂਦਾ ਹੈ ਪਰ ਹਰ ਸਾਲ ਹੀ ਬੁਰੀ ਤਰ੍ਹਾਂ ਫੇਲ ਹੋ ਜਾਣ ਤੋਂ ਬਾਅਦ ਬਦਲਾਅ ਚਾਹੁਣ ਵਾਲੇ ਸਿੱਖਾਂ ਦੇ ਹੌਂਸਲਿਆਂ ਨੂੰ ਘੱਟ ਕਰਨ ਦਾ ਕਾਰਨ ਹੀ ਬਣਦਾ ਹੈ। ਹਰ ਵਾਰੀ ਇਸ ਮੋਰਚੇ ਦਾ ਫੇਲ ਹੋ ਜਾਣ ਦਾ ਕਾਰਨ ਸਿੱਖ ਆਗੂਆਂ 'ਚ ਸਵਾਰਥ ਦਾ ਭਾਰੂ ਹੋਣਾ, ਵਿਰੋਧੀ ਧਿਰ ਵਿਚ ਇਮਾਨਦਾਰੀ ਦੀ ਥਾਂ ਲੋਟੂ ਬਿਰਤੀ, ਆਪਸੀ ਫੁੱਟ ਅਤੇ ਗੁਰਮਤਿ ਗਿਆਨ ਦੀ ਥੁੜ ਹੀ ਮੁੱਖ ਕਾਰਨ ਮੰਨੇ ਜਾਂਦੇ ਹਨ। ਆਮ ਸਿੱਖ ਵੋਟਰ ਵੀ ਇਹਨਾਂ ਚੋਣਾਂ ਨੂੰ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਤੋਂ ਵੱਖ ਕਰਕੇ ਨਹੀਂ ਦੇਖਦੇ। ਇਸ ਸਾਰੀ ਵਿਚਾਰ ਚਰਚਾ ਤੋਂ ਬਾਅਦ ਅਸੀਂ ਇਸ ਨਤੀਜੇ 'ਤੇ ਪੁੱਜਦੇ ਹਾਂ ਕਿ ਹਰ ਪੱਖੋਂ ਮਾੜਾ ਪ੍ਰਬੰਧਕੀ ਢਾਂਚਾ ਹੋਣ ਦੇ ਬਾਵਜੂਦ ਵੀ ਮੁੜ-ਮੁੜ ਉਹ ਪ੍ਰਬੰਧ ਹੀ ਗੁਰੂਘਰਾਂ 'ਤੇ ਹਾਵੀ ਹੋ ਰਿਹਾ ਹੈ ਜਿਹੜਾ ਕਿਸੇ ਪੱਖੋਂ ਵੀ ਇਸ ਪ੍ਰਬੰਧ ਦੇ ਕਾਬਲ ਨਹੀਂ ਹੈ।
ਹੁਣ ਕੀ ਕੀਤਾ ਜਾਵੇ? - ਜਦੋਂ ਸਾਨੂੰ ਹਰ ਵਾਰ ਇਹ ਤਜ਼ਰਬਾ ਹੋ ਰਿਹਾ ਹੈ ਕਿ ਅਸੀਂ ਸਾਰਾ ਜ਼ੋਰ ਦੇ ਬਾਵਜੂਦ ਵੀ ਇਹ ਨਿਜ਼ਾਮ ਨਹੀਂ ਬਦਲ ਸਕੇ ਤਾਂ ਸਾਨੂੰ ਆਪਣੀ ਕਾਮਯਾਬੀ ਲਈ ਨਵੇਂ ਰਾਹ ਚੁਣਨੇ ਪੈਣੇ ਹਨ। ਹਰੇਕ ਵਾਰ ਹਾਰ ਦਾ ਮੂੰਹ ਦੇਖਣ ਦੀ ਥਾਂ ਸਿੱਖ ਕੌਮ ਨੂੰ ਕੋਈ ਦਸ-ਪੰਦਰਾਂ ਸਾਲ ਲੰਮੀ ਵਿਉਂਤਬੰਦੀ ਬਣਾਉਣੀ ਪੈਣੀ ਹੈ। ਜਿਸ ਲਈ ਸਭ ਤੋਂ ਪਹਿਲਾਂ 'ਗੁਰਦੁਆਰਾ ਸੁਧਾਰ ਕਮੇਟੀ' ਦੀ ਸਥਾਪਨਾ ਕਰਨੀ ਬਹੁਤ ਜ਼ਰੂਰੀ ਹੈ ਇਸ ਕਮੇਟੀ ਵਿਚ ਉਹਨਾਂ ਸਾਰੀਆਂ ਸਿੱਖ ਸੰਸਥਾਵਾਂ ਅਤੇ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣ ਜੋ ਸੱਚੇ ਦਿਲੋਂ ਸਿੱਖ ਧਰਮ ਨੂੰ ਅੱਗੇ ਵਧਣਾ ਦੇਖਣ ਦੀਆਂ ਚਾਹਵਾਨ ਹਨ। ਇਹ ਗੁਰਦੁਆਰਾ ਸੁਧਾਰ ਕਮੇਟੀ ਆਪਣੇ ਮਿਥੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਦਸ ਸਾਲ ਇਕ ਮੁਹਿੰਮ ਚਲਾਵੇ ਜਿਸ ਵਿਚ ਸਿੱਖਾਂ ਨੂੰ ਗੁਰਮਤਿ ਗਿਆਨ ਦੇ ਨਾਲ-ਨਾਲ ਹਰ ਸਿੱਖ ਵੋਟਰ ਤੱਕ ਇਹ ਗੱਲ ਪੁੱਜਦੀ ਕਰੇ ਕਿ ਇਸ ਪ੍ਰਬੰਧ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਕਿਉਂ ਹੈ। ਇਹ ਗੱਲ ਪੂਰੀ ਤਰ੍ਹਾਂ ਸਾਰਥਿਕ ਹੈ ਕਿ ਜੇ ਪੰਜਾਬ ਦੇ ਬਹੁਗਿਣਤੀ ਸਿੱਖਾਂ ਨੂੰ ਗੁਰਮਤਿ ਗਿਆਨੀ ਦੀ ਸਮਝ ਆ ਜਾਵੇ, ਪੰਜਾਬ ਵਿਚ ਨਾ ਤਾਂ ਜਾਅਲੀ ਵੋਟਾਂ ਹੀ ਬਣ ਸਕਣਗੀਆਂ ਅਤੇ ਨਾ ਹੀ ਨਸ਼ਿਆਂ ਵੱਟੇ ਵੋਟ ਵਾਲੀ ਗੈਰਕਾਨੂੰਨੀ ਹੋ ਸਕੇਗੀ। ਗੁਰਸਿਧਾਂਤ ਦੇ ਸਮਝ ਆ ਸਕਣ ਕਰਕੇ ਹੀ ਸਿੱਖ ਗੁਰਦੁਆਰਾ ਪ੍ਰਬੰਧ ਵਿਚ ਸੁਧਾਰ ਬਾਰੇ ਸੋਚ ਸਕਣਗੇ। ਇਹਨਾਂ ਹੀ ਨਹੀਂ ਜੇ ਇਹ ਕਮੇਟੀ ਆਪਣੇ ਮਕਸਦ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਸਿਰਫ਼ ਗੁਰੂਘਰਾਂ ਦਾ ਸੁਧਾਰ ਹੀ ਨਹੀਂ ਹੋਵੇਗਾ ਸਗੋਂ ਪੰਜਾਬ ਦੀ ਸਿਆਸਤ ਵੀ ਉਹਨਾਂ ਹੱਥਾਂ 'ਚ ਆ ਜਾਵੇਗੀ ਜੋ ਸਿੱਖੀ ਨੂੰ ਹਰ ਸਮੇਂ ਪ੍ਰਫੁੱਲਤ ਦੇਖਣਾ ਚਾਹੁੰਦੇ ਹਨ। ਪਰ ਇਸ ਸਭ ਕੁਝ ਲਈ ਲੰਮੀ ਵਿਉਂਤਬੰਦੀ ਦੀ ਪਹਿਲੀ ਜ਼ਰੂਰਤ ਹੈ।