ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੈਪਟਿਕ ਅਲਸਰ ਤੋਂ ਕਿਵੇਂ ਸੁਰੱਖਿਅਤ ਰਹੀਏ!


ਮੁੱਢ-ਕਦੀਮ ਤੋਂ ਹੀ ਵੰਨ-ਸੁਵੰਨੀ ਕਿਸਮ ਦੀਆਂ ਬਿਮਾਰੀਆਂ ਪ੍ਰਾਣੀ ਜਗਤ ਦੇ ਅੰਗ-ਸੰਗ ਰਹੀਆਂ ਹਨ। ਇਸ ਸੰਦਰਭ ਵਿਚ ਹਰ ਦੌਰ ਦੇ ਚਿਕਿਤਸਕ ਹੀ ਇਨ੍ਹਾਂ ਰੋਗਾਂ ਦੇ ਸਟੀਕ ਲੱਛਣਾਂ, ਉਤਪਤੀ ਦੇ ਅਸਲ ਕਾਰਨਾਂ ਅਤੇ ਰੋਗ-ਗ੍ਰਸਤ ਵਿਅਕਤੀਆਂ ਨੂੰ ਰੋਗ-ਮੁਕਤ ਕਰਨ ਬਾਰੇ ਆਪੋ-ਆਪਣੀ ਸੂਝ-ਬੂਝ ਅਨੁਸਾਰ ਕੋਸ਼ਿਸ਼ਾਂ ਕਰਦੇ ਆ ਰਹੇ ਹਨ, ਪ੍ਰੰਤੂ ਆਧੁਨਿਕ ਯੁੱਗ ਦੀ ਮੈਡੀਕਲ ਸਾਇੰਸ ਦੀਆਂ ਖੋਜਾਂ ਮੁਤਾਬਕ ਕਿਸੇ ਵੀ ਵਿਅਕਤੀ ਦੇ ਕਿਸੇ ਬਿਮਾਰੀ ਦੀ ਲਪੇਟ ਵਿਚ ਆ ਜਾਣ ਦਾ ਮੂਲ ਕਾਰਨ ਉਸ ਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਆਪਣੀ ਹੀ ਗਲਤੀ ਹੁੰਦੀ ਹੈ। ਲੇਕਿਨ ਪੇਟ ਰੋਗ ਮਾਹਰਾਂ ਦੇ ਤਲਖ, ਤਜਰਬਿਆਂ ਦੀ ਰੌਸ਼ਨੀ ਵਿਚ ਪੈਪਟਿੱਕ ਅਲਸਰ ਸਬੰਧੀ ਤਾਂ ਇਹ ਗੱਲ ਬਿਨਾਂ ਸ਼ੱਕ 100 ਪ੍ਰਤੀਸ਼ਤ ਸੱਚ ਹੀ ਮੰਨੀ ਜਾਂਦੀ ਹੈ।
ਪੇਟ ਰੋਗ ਮਾਹਰਾਂ ਦੇ ਤਜਰਬਿਆਂ ਅਨੁਸਾਰ ਪੈਪਟਿੱਕ ਅਲਸਰ ਦੀ ਸ਼ੁਰੂਆਤ ਬਦਹਜ਼ਮੀ ਤੋਂ ਹੁੰਦੀ ਹੈ, ਪ੍ਰੰਤੂ ਬਦਕਿਸਮਤੀ ਨਾਲ ਇਸ ਸਮੱਸਿਆ ਨੂੰ ਤਕਰੀਬਨ ਹਰ ਸ਼ਖਸ ਹੀ ਇਕ ਆਮ ਜਿਹੀ ਗੱਲ ਗਰਦਾਨਦੇ ਹੋਏ ਅਕਸਰ ਹੀ ਨਜ਼ਰਅੰਦਾਜ਼ ਕਰਦਾ ਰਹਿੰਦਾ ਹੈ। ਨਤੀਜੇ ਵਜੋਂ ਇਹ ਸਮੱਸਿਆ ਅਹਿਸਤਾ-ਅਹਿਸਤਾ ਪੇਟ ਗੈਸ ਵਿੱਚ ਬਦਲ ਜਾਂਦੀ ਹੈ। ਲੇਕਿਨ ਇਸ ਪੜਾਅ 'ਤੇ ਪਹੁੰਚ ਚੁੱਕੀ ਇਸ ਖਤਰਨਾਕ ਮਰਜ਼ ਪ੍ਰਤੀ ਵੀ ਬਹੁ-ਗਿਣਤੀ ਵਿਅਕਤੀ ਕੋਈ ਬਹੁਤੇ ਸੰਜੀਦਾ ਨਹੀਂ ਹੁੰਦੇ। ਇਸ ਸਮੱਸਿਆ ਦਾ ਮੂਲ ਕਾਰਨ ਸਮਝੇ ਬਗੈਰ ਹੀ ਇਸ ਤੋਂ ਨਿਜ਼ਾਤ ਹਾਸਲ ਕਰਨ ਲਈ ਇਧਰੋਂ-ਉਧਰੋਂ ਸੁਣੇ-ਸੁਣਾਏ ਟੋਟਕਿਆਂ ਜਾਂ ਦਵਾਈ-ਫਰੋਸ਼ਾਂ ਦੀਆਂ ਦੁਕਾਨਾਂ ਤੋਂ ਵਿੱਕੋ-ਲਿੱਤਰੀ ਕਿਸਮ ਦੀਆਂ ਬੇਲੋੜੀਆਂ ਦਵਾਈਆਂ ਖਰੀਦ ਕੇ ਕੇਵਲ ਆਪਣੀ ਪੱਧਰ 'ਤੇ ਹੀ ਓਹੜ-ਪੋਹੜ ਕਰਦੇ ਰਹਿੰਦੇ ਹਨ। ਲਿਹਾਜ਼ਾ ਉਨ੍ਹਾਂ ਦਾ ਇਸ ਕਿਸਮ ਦਾ ਰੁਝਾਨ ਉਨ੍ਹਾਂ ਨੂੰ ਸੰਗੀਨ ਕਿਸਮ ਦੇ ਪੈਪਟਿੱਕ ਅਲਸਰ ਦਾ ਮਰੀਜ਼ ਬਣਾ ਦਿੰਦਾ ਹੈ।
ਮਿਹਦੇ ਵਿੱਚ ਤੇਜ਼ਾਬੀ ਮਾਦੇ ਦੇ ਵਧ ਜਾਣ ਕਾਰਨ ਪੈਦਾ ਹੋਣ ਵਾਲੇ ਇਸ ਨਾਮੁਰਾਦ ਵਿਕਾਰ ਦਾ ਅਗਰ ਸਮੇਂ ਸਿਰ ਸਹੀ ਇਲਾਜ ਉਪਲਬਧ ਨਾ ਹੋ ਸਕੇ ਤਾਂ ਸਥਿਤੀ ਡਾਹਢੀ ਸੰਗੀਨ ਬਣ ਜਾਂਦੀ ਹੈ। ਇਸ ਕਿਸਮ ਦੀ ਸੰਕਟਮਈ ਹਾਲਤ ਵਿੱਚ ਖੂਨ ਵਹਿਣ ਅਥਵਾ ਪੈਰੀਟੋਨਾਇਟਿਸ ਕਾਰਨ ਰੋਗਗ੍ਰਸਤ ਸ਼ਖਸ ਬਿਨਾਂ ਸ਼ੱਕ ਬੜੀ ਜਲਦੀ ਪ੍ਰਮਾਤਮਾ ਨੂੰ ਪਿਆਰਾ ਹੋ ਜਾਂਦਾ ਹੈ। ਇਸ ਸੰਦਰਭ ਵਿੱਚ ਇਹ ਦੱਸ ਦੇਣਾ ਵੀ ਸ਼ਾਇਦ ਕੁਥਾਂ ਨਹੀਂ ਹੋਵੇਗਾ ਕਿ ਪੇਟ ਸਬੰਧੀ ਬਿਮਾਰੀਆਂ ਬਾਬਤ ਕੀਤੇ ਗਏ ਇਕ ਉੱਚ ਪੱਧਰੀ ਸਰਵੇਖਣ ਦੇ ਅੰਕੜਿਆਂ ਅਨੁਸਾਰ ਖਾਣ-ਪੀਣ ਸਬੰਧੀ ਗਲਤ ਆਦਤਾਂ ਅਤੇ ਆਧੁਨਿਕ ਦੌਰ ਦੀ ਗੈਰ-ਮਿਆਰੀ ਜੀਵਨ ਸ਼ੈਲੀ ਦੀ ਬਦੌਲਤ ਪੈਦਾ ਹੋ ਰਹੀਆਂ ਵੰਨ-ਸੁਵੰਨੀ ਕਿਸਮ ਦੀਆਂ ਖੌਫਨਾਕ ਬਿਮਾਰੀਆਂ ਵਿੱਚੋਂ ਬਾਕੀ ਬਿਮਾਰੀਆਂ ਦੀ ਬਨਿੱਸਬਤ ਅਜੋਕੇ ਸਮੇਂ ਵਿੱਚ ਬਹੁ-ਗਿਣਤੀ ਵਿਅਕਤੀ ਕੇਵਲ ਪੈਪਟਿੱਕ ਅਲਸਰ ਦੀ ਲਪੇਟ ਵਿੱਚ ਹੀ ਆ ਰਹੇ ਹਨ। ਲੇਕਿਨ ਇਸ ਮਰਜ਼ ਦੇ ਪ੍ਰਕੋਪ ਦਾ ਸ਼ਿਕਾਰ ਹੋ ਰਹੇ ਵਿਅਕਤੀਆਂ ਵਿੱਚੋਂ ਦਿਹਾਤੀ ਖੇਤਰਾਂ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਦੇ ਨਵ-ਧਨਾਢ ਤਬਕੇ ਦੇ ਲੋਕਾਂ ਦੀ ਗਿਣਤੀ ਔਸਤਨ 87 ਪ੍ਰਤੀਸ਼ਤ ਜ਼ਿਆਦਾ ਰਿਕਾਰਡ ਕੀਤੀ ਗਈ ਹੈ।
ਖੈਰ! ਤੇਜ਼ਾਬੀ ਬਦਹਜ਼ਮੀ ਦਾ ਵਾਰ-ਵਾਰ ਪੈਦਾ ਹੋਣਾ, ਭੱਸ-ਡਕਾਰ ਆਉਣੇ ਜਾਂ ਇਸ ਕਿਸਮ ਦੀ ਸਮੱਸਿਆ ਦੇ ਲੰਮੇ ਸਮੇਂ ਤੱਕ ਬਰਕਰਾਰ ਰਹਿਣ ਦੇ ਵਰਤਾਰੇ ਨੂੰ ਬਿਨਾਂ ਸ਼ੱਕ ਪੈਪਟਿੱਕ ਅਲਸਰ ਦੀ ਅਗੇਤਰੀ ਅਲਾਮਤ ਸਮਝਣਾ ਚਾਹੀਦਾ ਹੈ। ਇਸ ਤੋਂ ਇਲਾਵਾ ਧੁੰਨੀ ਦੇ ਇਰਦ-ਗਿਰਦ ਮੱਠੀ-ਮੱਠੀ ਜਾਂ ਕਈ ਵਾਰ ਬੜੀ ਤੇਜ਼ ਜਲਣ ਮਹਿਸੂਸ ਹੋਵੇ ਅਥਵਾ ਰਾਤ ਨੂੰ ਸੌਣ ਸਮੇਂ ਇਸ ਕਿਸਮ ਦੀ ਪ੍ਰੇਸ਼ਾਨੀ ਵਿੱਚ ਵਾਧਾ ਹੋ ਜਾਵੇ ਤਾਂ ਪੀੜਤ ਵਿਅਕਤੀ ਨੂੰ ਬਿਨਾਂ ਸਮਾਂ ਗੰਵਾਏ ਫੌਰਨ ਕਿਸੇ ਮਾਹਰ ਡਾਕਟਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।
ਲੇਕਿਨ ਕਈ ਕੇਸਾਂ ਵਿੱਚ ਇਹ ਬਿਮਾਰੀ ਬਿਲਕੁਲ ਹੀ ਖਾਮੋਸ਼ ਅਰਥਾਤ ਜਲਣ-ਰਹਿਤ ਵੀ ਹੋ ਸਕਦੀ ਹੈ। ਇਸ ਸਥਿਤੀ ਵਿੱਚ ਪੈਪਟਿੱਕ ਅਲਸਰ ਦੀ ਮੁੱਢਲੀ ਨਿਸ਼ਾਨੀ ਉਲਟੀ ਵਿੱਚ ਖੂਨ ਆਉਣਾ ਜਾਂ ਕਾਲਾ ਸਿਆਹ ਲੇਸਦਾਰ ਪਖਾਨਾ ਆਉਣਾ ਹੀ ਹੁੰਦੀ ਹੈ। ਇਸ ਕਿਸਮ ਦੇ ਪੈਪਟਿੱਕ ਅਲਸਰ ਤੋਂ ਪੀੜਤ ਵਿਅਕਤੀ ਵਧੇਰੇ ਖੂਨ ਵਹਿ ਜਾਣ ਕਾਰਨ ਬੜੀ ਜਲਦੀ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਲਿਹਾਜ਼ਾ ਅਜਿਹੀ ਸੰਕਟਮਈ ਸਥਿਤੀ ਵਿੱਚ ਮਰੀਜ਼ ਨੂੰ ਫੌਰਨ ਡਾਕਟਰੀ ਇਮਦਾਦ ਦਿਵਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਮਰਜ਼ ਦੀ ਸਹੀ ਸ਼ਨਾਖਤ ਫਿਲਹਾਲ ਕੇਵਲ ਐਂਡੀਸਕੋਪੀ ਟੈਸਟ ਜ਼ਰੀਏ ਮਿਹਦੇ ਦਾ ਮੁਆਇਨਾ ਕਰਕੇ ਹੀ ਕੀਤੀ ਜਾ ਸਕਦੀ ਹੈ।
ਇਸ ਰੋਗ ਦੇ ਇਲਾਜ ਲਈ ਫਿਲਹਾਲ ਮੈਗਨੇਸ਼ੀਅਮ ਟ੍ਰਾਈਸਿਲੀਕੇਟ ਅਤੇ ਐਲੂਮੀਨੀਅਮ ਆਕਸਾਈਡ ਹੀ ਵਧੇਰੇ ਸੁਰੱਖਿਅਤ ਅਤੇ ਕਾਰਗਰ ਔਸ਼ਧੀਆਂ ਗਰਦਾਨੀਆਂ ਗਈਆਂ ਹਨ। ਜ਼ਿਆਦਾ ਜਲਣ ਹੋਣ ਦੀ ਸੂਰਤ ਵਿੱਚ ਸਿਮੇਟਿਡੀਨ ਜਾਂ ਰੈਨੀਟਿਡੀਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਲੇਕਿਨ ਅਗਰ ਕਿਸੇ ਮਰੀਜ਼ ਨੂੰ ਮੈਗਨੇਸ਼ੀਅਮ ਟ੍ਰਾਈਸਿਲੀਕੇਟ ਨਾਲ ਰਾਹਤ ਨਸੀਬ ਹੁੰਦੀ ਨਾ ਜਾਪੇ ਤਾਂ ਉਸ ਨੂੰ ਐਲੂਮੀਨੀਅਮ ਗਲਾਈਸਿਨੇਟ ਅਤੇ ਐਲੂਮੀਨੀਅਮ ਹਾਈਡਰੋ ਆਕਸਾਈਡ ਦੇ ਸੁਮੇਲ ਨਾਲ ਤਿਆਰ ਕੀਤੀ ਦਵਾਈ ਐਲੂਸੀਨਾਲ ਦਿੱਤੀ ਜਾ ਸਕਦੀ ਹੈ।
ਡਾਕਟਰ ਅਨੁਸਾਰ ਇਲਾਜ ਅਧੀਨ ਸ਼ਖਸ ਨੂੰ ਸਾਫ-ਸੁਥਰੇ, ਤਾਜ਼ੇ ਪਾਣੀ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ। ਪਾਣੀ ਜ਼ਿਆਦਾ ਮਾਤਰਾ ਵਿੱਚ ਪ੍ਰਯੋਗ ਮਰੀਜ਼ ਨੂੰ ਮਿਹਦੇ ਦੀ ਜਲਣ ਤੋਂ ਰਾਹਤ ਦਿਵਾਉਣ ਤੋਂ ਇਲਾਵਾ ਪੈਪਟਿੱਕ ਅਲਸਰ ਦੇ ਇਲਾਜ ਲਈ ਵੀ ਇਕ ਆਲ੍ਹਾ ਕਿਸਮ ਦੀ ਔਸ਼ਧੀ ਵਜੋਂ ਅਹਿਮ ਰੋਲ ਅਦਾ ਕਰਦਾ ਹੈ। ਸੋ ਖਾਣਾ ਖਾਣ ਤੋਂ ਪਹਿਲਾਂ ਅਤੇ ਪਿੱਛੋਂ ਘੱਟੋ-ਘੱਟ ਦੋ-ਦੋ ਗਿਲਾਸ ਪਾਣੀ ਪੀਣਾ ਬਹੁਤ ਜ਼ਿਆਦਾ ਮੁਫੀਦ ਰਹਿੰਦਾ ਹੈ। ਇਸ ਤੋਂ ਇਲਾਵਾ ਦੋ ਵਕਤ ਦੇ ਖਾਣਿਆਂ ਦੇ ਵਿਚਕਾਰਲੇ ਵਕਫ਼ੇ ਦੌਰਾਨ ਵੀ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ, ਪ੍ਰੰਤੂ ਪੇਟ ਸਬੰਧੀ ਬਿਮਾਰੀਆਂ ਦੇ ਕਈ ਤਥਾ ਕਥਿਤ ਮਾਹਰ ਮਿਹਦੇ ਦੇ ਅਲਸਰ ਤੋਂ ਪੀੜਤ ਵਿਅਕਤੀ ਨੂੰ ਦੁੱਧ ਅਤੇ ਦੁੱਧ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਦਹੀਂ, ਲੱਸੀ, ਮੱਖਣ, ਪਨੀਰ ਆਦਿ ਦਾ ਚੋਖੀ ਮਾਤਰਾ ਵਿੱਚ ਸੇਵਨ ਕਰਨ ਦੀ ਸਲਾਹ ਦੇ ਰਹੇ ਹਨ। ਲੇਕਿਨ ਮੈਡੀਕਲ ਸਾਇੰਸ ਦੇ ਦ੍ਰਿਸ਼ਟੀਕੋਣ ਤੋਂ ਅਜਿਹੇ ਨੀਮ-ਹਕੀਮਾਂ ਦੀ ਇਸ ਕਿਸਮ ਦੀ ਬੇਤੁਕੀ ਸਲਾਹ 'ਤੇ ਅਮਲ ਕਰਨ ਸਦਕਾ ਇਹ ਬਿਮਾਰੀ ਵਧੇਰੇ ਵਿਕਰਾਲ ਰੂਪ ਅਖ਼ਤਿਆਰ ਕਰ ਲੈਂਦੀ ਹੈ। ਇਸ ਕਿਸਮ ਦੀ ਸੰਗੀਨ ਪ੍ਰਸਥਿਤੀ ਵਿੱਚ ਮਰੀਜ਼ ਦੀ ਕੀਮਤੀ ਜਾਨ ਬਚਾ ਸਕਣਾ ਸੰਭਵ ਨਹੀਂ ਕਿਹਾ ਜਾ ਸਕਦਾ।
ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਹੋਰ ਪਦਾਰਥਾਂ ਵਾਂਗ ਹੀ ਕੈਲਸ਼ੀਅਮ ਯੁਕਤ ਐਟਾਸਿਡਜ਼, ਐਲਕਾ ਸਾਲਟਜ਼ ਅਤੇ ਸੋਡੀਅਮ ਬਾਈਕਾਰਬੋਨੇਟਜ਼ ਦੀ ਵਰਤੋਂ ਕਰਨਾ ਵੀ ਪੈਪਟਿੱਕ ਅਲਸਰ ਦੇ ਮਰੀਜ਼ਾਂ ਲਈ ਖਤਰੇ ਤੋਂ ਖਾਲੀ ਨਹੀਂ ਕਿਹਾ ਜਾ ਸਕਦਾ। ਇਵੇਂ-ਜਿਵੇਂ ਹੀ ਕਈ ਹੋਰ ਦਵਾਈਆਂ ਜਿਵੇਂ ਕਾਰਟੀਸੋਨ, ਐਸਪ੍ਰੀਨ, ਕਾਰਟੀਕੋ ਸਟੀਰਾਇਡ ਅਤੇ ਆਇਰਨ ਸਾਲਟਜ਼ ਵੀ ਮਰੀਜ਼ ਨੂੰ ਰਾਹਤ ਦਿਵਾਉਣ ਦੀ ਬਜਾਏ ਇਸ ਬਿਮਾਰੀ ਨੂੰ ਹੋਰ ਵਧੇਰੇ ਵਿਗਾੜ ਦੇਣ ਦਾ ਸਬੱਬ ਬਣ ਜਾਂਦੇ ਹਨ। ਅਸਲ ਵਿੱਚ ਇਸ ਕਿਸਮ ਦੀਆਂ ਔਸ਼ਧੀਆਂ ਸਿਰਫ ਵਕਤੀ ਤੌਰ 'ਤੇ ਹੀ ਮਰੀਜ਼ ਨੂੰ ਰੋਗ ਦੀ ਤਕਲੀਫ ਤੋਂ ਨਿਜ਼ਾਤ ਦਿਵਾਉਣ ਵਿੱਚ ਸਹਾਈ ਹੁੰਦੀਆਂ ਹਨ। ਲੇਕਿਨ ਇਨ੍ਹਾਂ ਦਵਾਈਆਂ ਦੇ ਪ੍ਰਯੋਗ ਤੋਂ ਕੇਵਲ ਕੁਝ ਹੀ ਅਰਸੇ ਉਪਰੰਤ ਮਿਹਦੇ ਵਾਲਾ ਤੇਜ਼ਾਬੀ ਮਾਦਾ ਪਹਿਲਾਂ ਦੀ ਬਨਿੱਸਬਤ ਵਧੇਰੇ ਪ੍ਰਚੰਡ ਰੂਪ ਵਿੱਚ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਪੈਪਟਿੱਕ ਅਲਸਰ ਦੇ ਮਰੀਜ਼ ਨੂੰ ਇਨ੍ਹਾਂ ਔਸ਼ਧੀਆਂ ਵਿੱਚੋਂ ਕਿਸੇ ਵੀ ਔਸ਼ਧੀ ਦਾ ਕਿਸੇ ਵੀ ਨੀਮ-ਹਕੀਮ, ਕਥਿਤ ਪੇਟ ਰੋਗ ਮਾਹਰ ਜਾਂ ਖਾਨਦਾਨੀ ਵੈਦ ਦੇ ਮਸ਼ਵਰੇ ਮੁਤਾਬਕ ਕਦੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਸਿਹਤ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਚਿੰਤਾ, ਤਣਾਅ, ਘਬਰਾਹਟ, ਕ੍ਰੋਧ, ਸ਼ੱਕ, ਸਨਕਪੁਣਾ, ਡਰ ਆਦਿ ਨਕਾਰਾਤਮਕ ਭਾਵਨਾਵਾਂ ਵੀ ਮਿਹਦੇ ਵਿੱਚ ਤੇਜ਼ਾਬ ਪੈਦਾ ਕਰਨ ਦੀ ਪ੍ਰਕਿਰਿਆ ਤੋਂ ਇਲਾਵਾ ਇਸ ਬਿਮਾਰੀ ਵਿੱਚ ਬੇਪਨਾਹ ਵਾਧਾ ਕਰਨ ਦਾ ਸਬੱਬ ਬਣ ਸਕਦੀਆਂ ਹਨ। ਇਸ ਖਤਰਨਾਕ ਰੋਗ ਤੋਂ ਸੰਪੂਰਨ ਰੂਪ ਵਿੱਚ ਸੁਰੱਖਿਅਤ ਰਹਿਣ ਲਈ ਹਰ ਸ਼ਖਸ ਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਲੋੜੀਂਦਾ ਫੇਰ-ਬਦਲ ਕਰਨ ਤੋਂ ਇਲਾਵਾ ਆਪਣੀ ਜੀਵਨ ਸ਼ੈਲੀ ਵਿੱਚ ਵੀ ਲੋੜੀਂਦਾ ਸੁਧਾਰ ਕਰਨਾ ਚਾਹੀਦਾ ਹੈ। ਬਾਜ਼ਾਰੀ ਕਿਸਮ ਦੇ ਜੰਕ ਫੂਡ, ਕੋਲਡ ਡਰਿੰਕਸ, ਤੰਬਾਕੂ, ਸ਼ਰਾਬ ਅਤੇ ਵੰਨ-ਸੁਵੰਨੀ ਕਿਸਮ ਦੇ ਨਸ਼ੀਲੇ ਪਦਾਰਥਾਂ ਦੇ ਪ੍ਰਯੋਗ ਤੋਂ ਇਲਾਵਾ ਤੇਜ਼-ਤਰਾਰ ਮਿਰਚ-ਮਸਾਲਿਆਂ ਨਾਲ ਲਬਰੇਜ਼ ਅਤੇ ਤਲੇ ਹੋਏ ਭੋਜਨ ਪਦਾਰਥਾਂ ਦਾ ਇਸਤੇਮਾਲ ਕਰਨ ਤੋਂ ਵੀ ਪੂਰਨ ਤੌਰ 'ਤੇ ਕਿਨਾਰਾਕਸ਼ੀ ਕਰਨੀ ਚਾਹੀਦੀ ਹੈ। ਸਹੀ ਸਮੇਂ 'ਤੇ ਰਵਾਇਤੀ ਕਿਸਮ ਦਾ ਸਾਦਾ, ਸ਼ਾਕਾਹਾਰੀ ਅਤੇ ਪੌਸ਼ਟਿਕ ਆਹਾਰ ਸੇਵਨ ਕਰਨ ਦੇ ਨਾਲ-ਨਾਲ ਸਹਿਜਮਈ, ਸੰਜਮੀ, ਸ਼ਾਂਤਮਈ ਅਤੇ ਪ੍ਰਸੰਨਚਿਤ ਅਵਸਥਾ ਵਿੱਚ ਜੀਵਨ ਬਸਰ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
- ਕੰਵਰ ਵਿਕਰਮ ਪਾਲ ਸਿੰਘ