ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਰਹਿਤ ਮਰਿਯਾਦਾ ਦਾ ਪਿਛੋਕੜ ਅਤੇ ਭਵਿੱਖ


ਰਹਿਤ ਮਰਿਯਾਦਾ ਦਾ ਸਿੱਧਾ ਜਿਹਾ ਭਾਵ-ਅਰਥ ਹੈ ਜੀਵਨ-ਜਾਚ। ਸੋ ਰਹਿਤ ਮਰਿਯਾਦਾ ਇਕ ਅਜਿਹਾ ਅਨੁਸ਼ਾਸਨ (ਡਸਿਪਲਿਨ) ਹੁੰਦਾ ਹੈ ਜਿਸਦਾ ਪਾਲਣ ਕਰਦਿਆਂ ਅਸੀਂ ਜ਼ਿੰਦਗੀ ਜਿਊਣੀ ਹੁੰਦੀ ਹੈ। ਸਿੱਖ ਰਹਿਤ ਮਰਿਯਾਦਾ ਦਾ ਮਤਲਬ ਸਿੱਖ ਗੁਰੂਆਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਵਿਧੀ ਅਤੇ ਫਲਸਫੇ ਅਨੁਸਾਰ ਹੀ ਮਨੁੱਖਾ ਜੀਵਨ ਲਈ ਅਨੁਸ਼ਾਸਨ ਘੜਨਾ ਹੈ।
ਅਸੀਂ ਜਾਣਦੇ ਹਾਂ ਕਿ ਸਿੱਖ ਗੁਰੂਆਂ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੱਕ ਸਾਰਾ ਪੰਥ ਇਕ ਹੀ ਗੁਰਮਤਿ ਮਰਿਯਾਦਾ ਵਿਚ ਬੱਝਾ ਸੀ ਉਹ ਮਰਿਯਾਦਾ ਸੀ 'ਗੁਰ ਸ਼ਬਦ ਅਨੁਸਾਰੀ ਜੀਵਨ'। ਜਿਉਂ ਹੀ ਬੰਦਾ ਸਿੰਘ ਬਹਾਦਰ ਤੋਂ ਬਾਅਦ ਹਕੂਮਤ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਵਹਿਸ਼ੀਆਨਾ ਕਾਰਵਾਈ ਤੇ ਉੱਤਰੀ ਤਾਂ ਸਿੱਖਾਂ ਨੂੰ ਘਰ ਬਾਰ ਛੱਡਕੇ ਪਰਿਵਾਰਾਂ ਸਮੇਤ ਜੰਗਲਾਂ, ਬੇਲਿਆਂ ਅਤੇ ਮਾਰੂਥਲਾਂ ਵਿਚ ਸ਼ਰਨ ਲੈਣੀ ਪਈ। ਉਸ ਸਮੇ ਸਿੱਖਾਂ ਦੀਆਂ ਧਰਮਸ਼ਾਲਾਵਾਂ ਅਤੇ ਗੁਰਦਵਾਰਿਆਂ ਦਾ ਪ੍ਰਬੰਧ ਸਿੱਖਾਂ ਦੇ ਜਾਪ ਰਹੇ ਹਿਤੈਸ਼ੀ, ਉਦਾਸੀਆਂ, ਮਹੰਤਾਂ ਅਤੇ ਨਿਰਮਲਿਆਂ ਨੇ ਸਾਂਭ ਲਿਆ। ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਤਾਂ ਸਨ ਪਰ ਆਪ ਦੀ ਕਰਮ-ਕਾਂਡੀ ਸੋਚ ਵੀ ਛੱਡਣ ਲਈ ਤਿਆਰ ਨਹੀਂ ਸਨ। ਸੋ ਉਹਨਾਂ ਨੇ ਸਿੱਖਾਂ ਦੇ ਪਰਚਾਰ ਕੇਂਦਰਾਂ ਵਿਚ ਸਾਧਮੱਤੀ ਸੋਚ ਹਾਵੀ ਕਰ ਦਿੱਤੀ। ਜੰਗਲਾਂ ਵਿਚੋਂ ਕਦੇ ਕਦਾਈਂ ਸਿੰਘ ਅਜਿਹੀਆਂ ਥਾਵਾਂ ਤੇ ਹਕੂਮਤ ਅਤੇ ਗਦਾਰਾਂ ਤੋਂ ਬਚਦੇ-ਬਚਾਉਂਦੇ ਮੱਥਾ ਟੇਕ ਜਾਂਦੇ ਅਤੇ ਬਾਣੀ ਸੁਣ ਜਾਂਦੇ। ਅਜਿਹੇ ਕਾਹਲੀ ਭਰੇ ਮਾਹੌਲ ਵਿਚ ਹੀ ਬਾਣੀ ਦੇ ਲਗਾਤਾਰ ਪਾਠ ਅਰਥਾਤ ਅਖੰਡ ਪਾਠ ਹੋਂਦ ਵਿਚ ਆਏ ਕਿਉਂਕਿ ਜਲਦੀ ਸਮਾਪਤੀ ਤੋਂ ਬਾਅਦ ਸਿੱਖਾਂ ਨੇ ਸੁਰੱਖਿਅਤ ਟਿਕਾਣਿਆਂ 'ਤੇ ਪੁੱਜਣਾ ਹੁੰਦਾ ਸੀ। ਅਜਿਹੇ ਸਮਿਆਂ ਤੇ ਜ਼ਰੂਰਤ ਲਈ ਰੱਖੀਆਂ ਵਸਤਾਂ ਅਤੇ ਕਾਹਲੀ ਵਿਚ ਹੋਈਆਂ ਬੇ-ਧਿਆਨੀਆਂ ਅਜੋਕੀ ਕਰਮਕਾਂਡੀ ਮਰਿਯਾਦਾ ਦਾ ਆਧਾਰ ਬਣੀਆਂ ਹਨ। ਉਦਾਸੀਆਂ ਅਤੇ ਨਿਰਮਲਿਆਂ ਦੀ ਚਲਾਈ ਰਹਿਤ ਮਰਿਯਾਦਾ ਦਾ ਅਜੋਕੇ ਸਮੇਂ ਵੀ ਭਾਰੂ ਹੋਣਾ ਇਸੇ ਗੱਲ ਦਾ ਪ੍ਰਤੀਕ ਹੈ। ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸੋਚ ਅਧੀਨ ਵੱਖ-ਵੱਖ ਗਰੁੱਪਾਂ ਵੱਲੋਂ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਵਿਪਰੀਤ ਵੱਖ-ਵੱਖ ਮਰਿਯਾਦਾ ਨੂੰ ਪ੍ਰਚੱਲਤ ਕਰਨ ਦਾ ਆਧਾਰ ਤਿਆਰ ਹੋਣਾ ਉਸੇ ਸਮੇਂ ਵਿਚ ਸ਼ੁਰੂ ਹੋ ਗਿਆ ਸੀ। ਸਿੱਖ ਮਿਸਲਾਂ ਜਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਅੰਗਰੇਜ਼ਾਂ ਦੇ ਸਮੇਂ ਤਾਂ ਗੁਰਦਵਾਰਿਆਂ ਦਾ ਕੰਟਰੋਲ ਸਿੱਖੀ ਵਿਰੋਧੀਆਂ ਦੇ ਹੱਥਾਂ ਵਿਚ ਆ ਚੁੱਕਾ ਸੀ ਜਿਸ ਨੂੰ ਕਿ ਸੂਝਵਾਨ ਸਿੱਖਾਂ ਨੇ ਕੁਰਬਾਨੀਆਂ ਕਰਕੇ ਮੁੜ ਹਾਸਲ ਕਰ ਲਿਆ ਸੀ ਭਾਵੇਂ ਕਿ ਸਰਬਸਾਂਝੀ ਰਹਿਤ-ਮਰਿਯਾਦਾ ਦੀ ਘਾਟ ਕਾਰਨ ਹਰ ਗੁਰਦਵਾਰੇ ਦਾ ਪ੍ਰਬੰਧ ਵੱਖਰੇ ਵੱਖਰੇ ਤਰੀਕੇ ਨਾਲ ਹੀ ਚੱਲ ਰਿਹਾ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਨੇਕਾਂ ਡੇਰੇ, ਸੰਤ, ਬਾਬੇ ਸ਼ੁਰੂ ਹੋ ਚੁੱਕੇ ਸਨ ਜਿਸ ਨਾਲ ਸਿੱਖੀ ਦਾ ਟੁਕੜਿਆ ਵਿਚ ਵੰਡ ਹੋ ਜਾਣਾ ਕੁਦਰਤੀ ਸੀ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਗਠਨ ਬਾਅਦ ਸਿੱਖ ਗੁਰਦਵਾਰਿਆਂ ਨੂੰ ਇਕ ਸੂਤਰ ਵਿਚ ਪ੍ਰੋਣ ਦੀ ਚਾਹਨਾ ਨਾਲ ਇਕ ਸਰਬਸਾਂਝੀ ਰਹਿਤ ਮਰਿਯਾਦਾ ਬਣਾਉਣ ਦੀ ਲੋੜ ਨੂੰ ਮੁੱਖ ਰੱਖਦਿਆਂ ਸਿੱਖ ਪੰਥ ਦੇ ਵਿਦਵਾਨਾਂ ਨੇ 15 ਸਾਲਾਂ ਦੀ ਲੰਬੀ ਘਾਲਣਾ ਨਾਲ ਇਕ ਰਹਿਤ ਮਰਿਯਾਦਾ ਬਣਾਉਣ ਵਿਚ ਸਫਲਤਾ ਹਾਸਲ ਕੀਤੀ। ਨਾ ਚਾਹੁੰਦੇ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਇਸ ਮਰਿਯਾਦਾ ਨੂੰ ਬਣਾਉਣ ਦੀ ਸਹਿਮਤੀ ਦੇਣੀ ਪਈ। ਪਰ ਬਾਅਦ ਵਿਚ ਕਿਸੇ ਵੀ ਬੰਦੇ ਨੇ ਆਪਣੇ ਨਾਲ ਸਬੰਧਤ ਗੁਰਦਵਾਰੇ ਜਾਂ ਅਦਾਰੇ ਵਿਚ ਇਸ ਮਰਿਯਾਦਾ ਨੂੰ ਲਾਗੂ ਨਹੀਂ ਕੀਤਾ। ਇਹਨੀ ਲੰਬੀ ਮਿਹਨਤ ਨਾਲ ਬਣਾਈ ਮਰਿਯਾਦਾ ਨੂੰ ਕੇਵਲ ਖਰੜਾ ਆਖਦਿਆਂ, ਬਹਾਨੇ ਬਣਾਕੇ ਇਸਦੀ ਵਿਰੋਧਤਾ ਹੀ ਕੀਤੀ। ਇਸ ਸਰਬ ਸਾਂਝੀ ਰਹਿਤ ਮਰਿਯਾਦਾ ਨੂੰ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੀ ਜਾਂ ਅਕਾਲ ਤਖ਼ਤ ਤੋਂ ਪੰਥ ਪ੍ਰਮਾਣਿਤ ਰਹਿਤ ਮਰਿਯਾਦਾ ਦਾ ਨਾਮ ਦਿੱਤਾ ਗਿਆ। ਸ਼ਰੋਮਣੀ ਕਮੇਟੀ ਆਪ ਵੀ ਇਸ ਮਰਿਯਾਦਾ ਨੂੰ ਲਾਗੂ ਕਰਵਾਉਣ ਦੀ ਥਾਂ ਵੱਖ-ਵੱਖ ਡੇਰਿਆਂ ਦੀਆਂ ਵੋਟਾਂ ਗਿਣਦੀ ਰਾਜਨੀਤਕਾਂ ਦੀ ਪਿੱਛ-ਲੱਗ ਬਣ, ਬਣਦੀ ਜ਼ਿੰਮੇਵਾਰੀ ਤੋਂ ਭੱਜ ਗਈ। ਹਾਲਾਂਕਿ ਇਸ ਮਰਿਯਾਦਾ ਦੇ ਗਠਨ ਵੇਲੇ ਵੀ ਡੇਰੇਦਾਰਾਂ ਨੂੰ ਸਰਬ ਸਾਂਝੇ ਪੰਥ ਵਿਚ ਲਿਆਉਣ ਲਈ ਏਕਤਾ ਦੀ ਭਾਵਨਾ ਨਾਲ ਕੁਝ ਡੇਰੇਦਾਰਾਂ ਦੀਆਂ ਗੁਰੂ ਨਾਨਕ ਦੀ ਫਲਾਸਫੀ ਦੇ ਬਿਪਰੀਤ ਜਾਂਦੀਆਂ ਗੱਲਾਂ ਵੀ ਸ਼ਾਮਿਲ ਕਰਨੀਆਂ ਪਈਆਂ। ਪਰ ਗੁਰੂ ਨਾਨਕ ਦੀ ਸੋਚ ਦਾ ਵਿਰੋਧ ਕਰਨ ਵਾਲਿਆਂ ਨੂੰ ਇਨ੍ਹਾਂ ਕਾਫੀ ਨਾ ਲੱਗਾ ਸੋ ਉਹਨਾਂ ਨਾਲ ਦੀ ਨਾਲ ਆਪਣੀਆਂ ਵੱਖਰੀਆਂ ਮਰਿਆਯਾਵਾਂ ਬਣਾਕੇ ਚਾਲੂ ਵੀ ਰੱਖੀਆਂ। ਸੋ ਡੇਰੇਦਾਰ ਬਦਨੀਤੀ ਕਾਰਣ ਦੋਨੋ ਤਰ੍ਹਾਂ ਨਾਲ ਜੇਤੂ ਰਹੇ।
ਸਿੱਖ ਰਹਿਤ ਮਰਿਯਾਦਾ ਦਾ ਆਧਾਰ ਕੇਵਲ ਤੇ ਕੇਵਲ ਗੁਰਬਾਣੀ ਹੈ। ਸਿੱਖ ਲਈ ਗੁਰੂ ਗ੍ਰੰਥ ਸਾਹਿਬ ਇਕੋ ਇਕ ਗੁਰਬਾਣੀ ਦਾ ਸੋਮਾ ਅਤੇ ਸੰਪੂਰਨ ਗੁਰੂ ਹੈ। ਸੋ ਸੰਪੂਰਨ ਗੁਰੂ ਹੀ ਸੰਪੂਰਨ ਜੀਵਨ ਜਾਚ ਸਿਖਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਮਨੁੱਖ ਨੂੰ ਪਰੈਕਟੀਕਲ ਰਹਿਤ ਦਾ ਧਾਰਨੀ ਬਣਾਉਂਦਾ ਹੈ ਨਾ ਕਿ ਕਿਸੇ ਭੇਖ ਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤ੍ਰੈ ਕਾਲ ਸੱਚ ਹੈ ਜੋ ਕਿ ਕਦੇ ਵੀ ਨਹੀਂ ਬਦਲ ਸਕਦੀ। ਅਗਰ ਸਾਡੀ ਰਹਿਤ ਮਰਿਯਾਦਾ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਅਨਕੂਲ ਹੈ ਤਾਂ ਇਹ ਵੀ ਨਹੀਂ ਬਦਲ ਸਕਦੀ। ਕਿਉਂਕਿ ਮਨੁੱਖੀ ਮਨ ਜਾਣੇ ਅਣਜਾਣੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਸਮਝਦਾ ਉਕਾਈ ਕਰ ਜਾਂਦਾ ਹੈ ਜਿਸ ਕਾਰਨ ਰਹਿਤ ਮਰਿਯਾਦਾ ਨੂੰ ਇਕ ਕਰਨ ਵਰਗੇ ਸਵਾਲ ਅਕਸਰ ਪੈਦਾ ਹੁੰਦੇ ਹਨ।
       ਅਨੁਸ਼ਾਸਨ ਘੜਨ ਲਗਿਆਂ ਧਿਆਨ ਵਿਚ ਰੱਖਣਾ ਪੈਂਦਾ ਹੈ ਕਿ ਅਨੁਸ਼ਾਸਨ ਇਨਸਾਨ ਲਈ ਹੈ ਜਾਂ ਇਨਸਾਨ ਅਨੁਸ਼ਾਸਨ ਲਈ। ਜੇਕਰ ਕੋਈ ਆਪਣਾ ਅਨੁਸ਼ਾਸਨ ਤੋੜਕੇ ਜਾਣੇ ਜਾਂ ਅਣਜਾਣੇ ਸੜਕ ਤੇ ਗਲਤ ਪਾਸੇ ਚਲਦਾ, ਸਹੀ ਦਿਸ਼ਾ ਵੱਲ ਚੱਲਣ ਵਾਲਿਆਂ ਵੱਲ ਦੁਰਘਟਨਾ ਦੀ ਸਥਿਤੀ ਪੈਦਾ ਕਰਦਾ ਵਧਦਾ ਹੈ ਤਾਂ ਸਾਨੂੰ ਤੁਰੰਤ ਸੜਕ ਦੀ ਉਹ ਸਹੀ ਦਿਸ਼ਾ ਛੱਡਕੇ ਜਾਨ ਬਚਾਉਣ ਦੀ ਪਹਿਲ ਕਰਨੀ ਚਾਹੀਦੀ ਹੈ ਜਾਂ ਕਿਸੇ ਸੜਕ ਦੇ ਨਿਯਮ ਲਈ ਆਪਣੀ ਜਾਨ ਕੁਰਬਾਨ ਕਰ ਦੇਣੀ ਚਾਹੀਦੀ ਹੈ। ਸੋ ਸਪੱਸ਼ਟ ਹੋ ਜਾਂਦਾ ਹੈ ਕਿ ਅਨੁਸ਼ਾਸਨ ਮਨੁੱਖਾ ਜ਼ਿੰਦਗੀ ਨੂੰ ਸਾਵਾਂ ਬਣਾਉਣ ਲਈ ਹੈ।
ਪੁਸਤਕ ਸਿੱਖ ਰਹਿਤ ਮਰਿਯਾਦਾ ਵਿਚ ਪ੍ਰੋ. ਸੁਰਜੀਤ ਸਿੰਘ ਨਨੂੰਆਂ ਦਾ ਸਿੱਖ ਪੰਥ ਵਿਚ ਪ੍ਰਚੱਲਤ ਰਹਿਤ ਮਰਿਆਯਾਵਾਂ ਨੂੰ ਇਕ ਹੀ ਜਿਲਦ ਵਿਚ ਬੰਨਕੇ ਸੰਗਤ ਦੇ ਸਾਹਮਣੇ ਲਿਆਉਣ ਦਾ ਉਦੇਸ਼ ਇਹਨਾਂ ਵੱਖ-ਵੱਖ ਮਰਿਯਾਦਾਵਾਂ ਨੂੰ ਪਾਠਕਾਂ ਦੀ ਨਜ਼ਰ ਕਰਕੇ ਟੁਕੜਿਆਂ ਵਿਚ ਵੰਡੀ ਜਾ ਰਹੀ ਕੌਮ ਨੂੰ ਇਕ ਹੀ ਸਰਬ-ਸਾਂਝੀ ਸਿੱਖ ਰਹਿਤ ਮਰਿਯਾਦਾ ਦੇ ਤਹਿਤ ਇਕੱਠਿਆਂ ਕਰਨ ਲਈ ਆਧਾਰ ਦਰਸਾਉਣਾ ਹੈ। ਭਾਵੇਂ ਕਿ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਅਜਿਹੀ ਸੋਚ ਤਹਿਤ ਹੀ ਅਕਾਲ ਤਖ਼ਤ ਦੀ ਮੋਹਰ ਹੇਠ ਸਿੱਖ ਰਹਿਤ ਮਰਿਯਾਦਾ ਬਣਾਈ ਗਈ ਸੀ ਪਰ ਸਾਧਾਂ ਸੰਤਾਂ ਅਤੇ ਡੇਰਿਆਂ ਵੱਲੋਂ ਆਪਣੀਆਂ ਆਪਣੀਆਂ ਸਮਾਂਨੰਤਰ ਰਹਿਤ ਮਰਿਯਾਦਾਵਾਂ ਨੂੰ ਚੱਲਦਾ ਰੱਖਣ ਨਾਲ ਸਾਂਝੀ ਪੰਥਕ ਸ਼ਕਤੀ ਨੂੰ ਖੋਰਾ ਲੱਗਾ ਹੈ। ਅੱਜ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਹਰ ਸਿੱਖ ਗੁਰਮਤਿ ਦੀ ਕਸਵੱਟੀ ਤੇ ਹਰ ਮਰਿਯਾਦਾ ਨੂੰ ਪਰਖਕੇ ਦੁੱਧ ਅਤੇ ਪਾਣੀ ਨੂੰ ਵੱਖ ਵੱਖ ਕਰਨ ਦਾ ਚਾਹਵਾਨ ਹੈ। ਅੱਜ ਦਾ ਸਿੱਖ ਇੰਝ ਵੀ ਸੋਚਦਾ ਹੈ ਕਿ ਅਗਰ ਸਿੱਖ ਦੀ ਰਹਿਤ ਮਰਿਯਾਦਾ ਦਾ ਆਧਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ ਤਾਂ ਰਹਿਤ ਮਰਿਯਾਦਾ ਵੱਖ-ਵੱਖ ਹੋਣ ਦਾ ਤਾਂ ਸੁਆਲ ਪੈਦਾ ਹੀ ਨਹੀਂ ਹੋ ਸਕਦਾ। ਜੇ ਸਾਡੇ ਵਿਚਾਰ ਵੱਖ ਵੱਖ ਹਨ ਤਾਂ ਸਪੱਸ਼ਟ ਹੈ ਕਿ ਅਸੀਂ ਪੁਰਾਤਨ ਕਾਲ ਤੋਂ ਚਲੇ ਆ ਰਹੇ ਕਰਮ ਕਾਂਡਾਂ ਜਾਂ ਅਖੌਤੀ ਰਾਜਨੀਤੀ ਅਧੀਨ ਗੁਰੂ ਦਾ ਫਲਸਫਾ ਵਿਸਾਰ ਦਿੱਤਾ ਹੈ।
ਹੁਣ ਵੀ ਅਸੀਂ ਜੇਕਰ ਸ਼ਰੋਮਣੀ ਕਮੇਟੀ ਵਾਂਗ ਹੀ ਵੱਖ ਵੱਖ ਗਰੁੱਪਾਂ ਦੀ ਏਕਤਾ ਦੀ ਆੜ ਹੇਠ ਹਰ ਡੇਰੇ ਦੀ ਰਹਿਤ ਮਰਿਯਾਦਾ ਵਾਲੇ ਨੂੰ ਖੁਸ਼ ਕਰਨ ਲਈ ਉਸਦਾ ਕੁਝ ਨਾ ਕੁਝ ਸਰਬ ਸਾਂਝੀ ਰਹਿਤ ਮਰਿਯਾਦਾ ਵਿਚ ਜੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਦਾ ਸਿੱਧਾ ਸਪੱਸ਼ਟ ਮਤਲਬ ਗੁਰੂ ਦੇ 'ਇਕ' ਦੇ ਫਲਸਫੇ ਨੂੰ ਗੰਧਲਾ ਕਰਨ ਵੱਲ ਕਦਮ ਪੁੱਟਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਅਨੁਸਾਰ ਰੱਬ ਨੂੰ ਨਿਰਾਕਾਰ ਮੰਨਕੇ ਮਰਿਯਾਦਾ ਬਣਾਉਣ ਅਤੇ ਹੋਰ ਗ੍ਰੰਥਾਂ ਅਨੁਸਾਰ ਰੱਬ ਨੂੰ ਆਕਾਰ ਰੂਪ ਦੇ ਕੇ ਮਰਿਯਾਦਾ ਬਣਾਉਣ ਵਿਚ ਇਕਸੁਰਤਾ ਨਹੀਂ ਰਹਿ ਸਕਦੀ। ਸੋ ਆਉਣ ਵਾਲੇ ਵਿਗਿਆਨਕ ਸਮੇਂ ਲਈ ਭਵਿੱਖ-ਮੁਖੀ ਰਹਿਤ ਮਰਿਯਾਦਾ ਦਾ ਆਧਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੀ ਹੋ ਸਕਦਾ ਹੈ। ਪਿਛਲੇ ਸਮੇਂ ਦੌਰਾਨ ਤੱਤ ਗਰਮਤਿ ਪਰਿਵਾਰ ਵਰਗੀਆਂ ਕੁਝ ਜਾਗਰੂਕ ਅਗਾਂਹ ਵਧੂ ਪਰਚਾਰਕ ਸੰਸਥਾਵਾਂ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੇ ਅਧਾਰਿਤ ਰਹਿਤ ਮਰਿਯਾਦਾ ਤਿਆਰ ਕੀਤੀ ਹੈ ਜਿਸ ਨੂੰ ਇਸੇ ਸੰਦਰਭ ਵਿਚ ਵਾਚਣ ਦੀ ਅਤਿਅੰਤ ਜ਼ਰੂਰਤ ਹੈ।
         ਰਹਿਤ ਮਰਿਯਾਦਾ ਸਾਰੀ ਦੁਨੀਆਂ ਵਿਚ ਫੈਲੇ ਸਿੱਖਾਂ ਨੂੰ ਮੱਦੇਨਜ਼ਰ ਰੱਖਕੇ ਹੀ ਬਣਾਉਣੀ ਚਾਹੀਦੀ ਹੈ ਤਾਂ ਕਿ ਹਰ ਤਰ੍ਹਾਂ ਦੇ ਦੇਸ਼ ਇਲਾਕੇ ਵਿਚ ਵਸਦਾ ਕਿਰਤੀ ਸਿੱਖ ਸੌਖੀ ਤਰ੍ਹਾਂ ਹੀ ਇੱਕ ਸਰਬ ਸਾਂਝੇ ਕੇਂਦਰੀ ਕਾਨੂਨ ਵਿੱਚ ਪਰੋਇਆ ਜਾ ਸਕੇ। ਰਹਿਤ ਮਰਿਯਾਦਾ ਜਿੰਨੀ ਔਖੀ ਜਾਂ ਕਰਮ ਕਾਂਡੀ ਹੋਵੇਗੀ ਉਨ੍ਹਾਂ ਹੀ ਉਸਨੂੰ ਪਰਚਲਤ ਕਰਨਾ ਮੁਸ਼ਕਲ ਹੋਵੇਗਾ ਕਿਉਂਕਿ ਭਵਿੱਖ ਵਿਚਲੀ ਇਨਸਾਨੀ ਤਰੱਕੀ ਸਮੇਂ ਅਨੁਸਾਰ ਗੈਰ ਵਿਗਿਆਨਕ ਅਤੇ ਅੰਧ-ਵਿਸ਼ਵਾਸੀ ਤੱਥਾਂ ਨੂੰ ਨਜ਼ਰ ਅੰਦਾਜ ਕਰ ਦੇਵੇਗੀ। ਸਿੱਖ ਪੰਥ ਨੂੰ ਵਿਗਿਆਨਕ ਦ੍ਰਿਸ਼ਟੀ 'ਤੇ ਪੂਰਾ ਉਤਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਸਿੱਖ ਦੀ ਆਉਣ ਵਾਲੇ ਸਮੇਂ ਵਿਚ ਅਗਾਂਹ ਵਧੂ ਸਮਾਜ ਦੀ ਸਿਰਜਣਾ ਲਈ ਅਧਿਆਤਮਿਕ ਰਹਿਨੁਮਾਈ ਦੀ ਸਮਰੱਥਾ, ਸਿੱਖ ਜੀਵਨ ਜਾਚ ਰਾਹੀਂ ਹੀ ਪ੍ਰਗਟ ਕਰਨੀ ਪਵੇਗੀ। ਸੋ ਸਮਾਂ ਮੰਗ ਕਰਦਾ ਹੈ ਕਿ ਪਦਾਰਥ ਅਤੇ ਪਰਮਾਰਥ ਦਾ ਸਮਤੋਲ ਕਰਨ ਵਾਲੀ ਸਿੱਖ ਫਿਲਾਸਫੀ ਸੰਸਾਰ ਸਾਹਮਣੇ ਰੱਖਣ ਲਈ ਗੁਰਮਤਿ ਦ੍ਰਿਸ਼ਟੀਕੋਣ ਅਨੁਸਾਰ, ਸਿੱਖ ਦੀ ਜੀਵਨ ਜਾਚ ਦਰਸਾਉਂਦੀ, ਤੱਤ ਗੁਰਮਤਿ ਪ੍ਰਣਾਈ, ਹਰ ਤਰ੍ਹਾਂ ਦੇ ਕਰਮ ਕਾਂਡਾਂ ਤੋਂ ਮੁਕਤ, ਅਜੋਕੇ ਸਮੇਂ ਦੇ ਹਾਣ ਦੀ, ਹਰ ਕਿਰਤੀ ਸਿੱਖ ਦੇ ਅਪਣਾਉਣ ਯੋਗ, ਸਰਬ ਸਾਂਝੀ ਰਹਿਤ ਮਰਿਯਾਦਾ ਸਮੁੱਚੀ ਕੌਮ ਸਪੁਰਦ ਕੀਤੀ ਜਾਵੇ।
- ਡਾ. ਗੁਰਮੀਤ ਸਿੰਘ ਬਰਸਾਲ